ਮਿੰਟੂ ਖੁਰਮੀਂ ਹਿੰਮਤਪੁਰਾ
ਸੁਣਿਆਂ ਵੀਰਾ ਗੀਤ ਬੜੇ ਹੀ,
ਗਾਉਣ ਲੱਗ ਪਿਆ ਤੂੰ|
ਹੁਣ ਲੋਕਾਂ ਦੀਆਂ
ਇਜ਼ਤਾਂ ਨੂੰ,
ਹੱਥ ਪਾਉਣ ਲੱਗ ਪਿਆ ਤੂੰ|
ਆਪਣੀ ਭੈਣ ਦੀ ਵੀ ਇੱਕ ਗੱਲ,
ਕੰਨ ਪਾ ਲੈ ਵੇ ਵੀਰਾ|
ਅੱਜ ਮੇਰੇ ਤੇ ਵੀ ਕੋਈ,
ਗੀਤ ਬਣਾ ਲੈ ਵੇ ਵੀਰਾ|
ਹੋਰਾਂ ਵਾਗੂੰ ਮੈਂ ਵੀ,
ਨਿੱਤ ਕਾਲਜ ਨੂੰ ਜਾਂਦੀ ਹਾਂ|
ਵਿੱਚ ਕਨਟੀਨ ਦੇ ਮੈਂ ਵੀ,
ਨਿੱਤ ਬਰਫ਼ੀਆਂ ਖਾਂਦੀ ਹਾਂ|
ਮੈਂ ਵੀ ਹਾਂ ਮੁਟਿਆਰ,
ਤੇ ਗੁੱਤ ਵੀ ਲੰਬੀ ਹੈ ਮੇਰੀ|
ਕਿਹੜੀ ਗੱਲੋਂ ਰੁਕ ਗਈ ਏ,
ਹੁਣ ਕਲਮ ਏਹੇ ਤੇਰੀ|
ਏਸ ਕਲਮ ਨੂੰ ਮੇਰੇ ਲਈ,
ਘਸਾ ਲੈ ਵੇ ਵੀਰਾ|
ਅੱਜ ਮੇਰੇ ਤੇ.......!
ਕਿਸੇ ਨੂੰ ਬੱਸਾਂ ਦੱਸੇਂ,
ਆਖੇਂ ਨੱਢੀਆਂ ਧੀਆਂ ਨੂੰ|
ਲਗਦੈ ਓਹੀ ਬੇਅਣਖੇ
ਜਿਨਾਂ ਦੀਆਂ ਪਰਖੇਂ ਧੀਆਂ ਤੂੰ|
ਹੱਡ ਮਾਸ ਦੀਆਂ ਓਹ ਵੀ,
ਮੈਂ ਵੀ ਓਹਨਾਂ ਵਰਗੀ ਹਾਂ|
ਲਿਖਦੇ ਭੈਣੇ ਤੂੰ ਵੀ,
ਬਹੁਤ ਕਲੋਲਾਂ ਕਰਦੀ ਆਂ|
ਤੋਰ ਮੇਰੀ ਤੇ ਲਿਖਦੇ,
ਨੱਚ ਲੈ, ਗਾ ਲੈ ਵੇ ਵੀਰਾ|
ਅੱਜ ਮੇਰੇ ਤੇ........!
ਆਪਾਂ ਵੀ ਨੈੱਟ ਲਵਾਇਆ,
ਗੀਤ ਕੋਈ ਗਾ ਦੇ ਨੈੱਟ ਦਾ ਤੂੰ|
ਜਾਂ ਆਜਾ ਫਿਰ ਲਿਖਦੇ,
ਮੇਰੀ ਕੁੜਤੀ ਫਿੱਟ ਦਾ ਤੂੰ|
ਜੀ ਸਦਕੇ ਤੂੰ ਗਾ ਲੈ,
ਗੱਲ ਇੱਕ ਮੰਨੀ ਮੇਰੀ ਵੇ|
ਜਿੰਨ੍ਹਾਂ ਤੇ ਤੂੰ ਗਾਵੇਂ,
ਉਹਨਾਂ ਵਿੱਚ ਭੈਣ ਵੀ ਤੇਰੀ ਵੇ|
ਚੇਤੇ ਰੱਖੀਂ ਗੱਲ ਮੇਰੀ,
ਚਾਅ ਲਾਹ ਲੈ ਵੇ ਵੀਰਾ|
ਅੱਜ ਮੇਰੇ ਤੇ........!
ਮੰਨੀਂ ਜਾਨੈ ਸ਼ਰਮ ਤੂੰ,
ਕਿਉਂ ਲਕੋਵੇਂ ਮੁੱਖੜੇ ਨੂੰ|
ਕਿਉਂ ਨੀ ਲਿਖਦਾ ਦੁਖੀ,
ਧੀਆਂ ਦੇ 'ਮਿੰਟੂ' ਦੁਖੜੇ ਤੂੰ|
'ਹਿੰਮਤਪੁਰੀਆ' ਦੁਖੜੇ ਲਿਖ,
ਮਰ ਰਹੀਆਂ ਧੀਆਂ ਦੇ|
ਕਰਜ਼ੇ ਬਦਲੇ ਮਰ ਗਏ,
ਜਿਹੜੇ ਉਹਨਾਂ ਜੀਆਂ ਦੇ|
ਥੋੜੀ ਜਿਹੀ ਜੇ ਹੈਗੀ,
ਅਣਖ਼ ਜਗਾ ਲੈ ਵੇ ਵੀਰਾ|
ਅੱਜ ਮੇਰੇ ਤੇ ਵੀ ਕੋਈ ਗੀਤ ਬਣਾਂ ਲੈ ਵੇ ਵੀਰਾ|
ਅੱਜ ਮੇਰੇ ਤੇ.......!
boht khub likhya...
ReplyDelete