ਨਿੰਦਰ ਘੁਗਿਆਣਵੀ
ਲੰਘੇ ਵਰ੍ਹੇ ਦੇ ਵੀਹ ਦਸੰਬਰ ਦੀ ਆਥਣ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ ਦੇ ਹਾਲ ਵਿੱਚੋਂ ਆਵਾਜ਼ ਗੂੰਜ ਰਹੀ ਸੀ:
ਭੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀਂ
ਚਾਰੇ ਕੂੰਟ ਹਨੇਰਾ
ਜੋਤ ਜਗਾ ਜਾਵੀ
ਬਾਣੀ ਦੀ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏæææ
ਵਿਦਿਆਰਥੀਆਂ ਨੇ ਹਾਲ ਵੱਲ ਕੰਨ ਚੁੱਕ ਲਏ ਸਨ। ਡਾæਨਰਿੰਦਰ ਸਿੰਘ ਕਪੂਰ, ਕਿਰਪਾਲ ਕਜ਼ਾਕ, ਦਲੀਪ ਸਿੰਘ ਉੱਪਲ, ਡਾæਜੋਧ ਸਿੰਘ, ਡਾæਗੁਰਭਜਨ ਗਿੱਲ ਤੇ ਡਾæਭੀਮਇੰਦਰ ਜਿਹੇ ਵਿਦਵਾਨਾਂ ਦੀ ਟੋਲੀ ਰਮਤੇ-ਰਮਤੇ ਕਲਾ ਭਵਨ ਵੱਲ ਨੂੰ ਜਾ ਰਹੀ ਸੀ। ਯੁਵਕ ਭਲਾਈ ਵਿਭਾਗ ਦਾ ਮੁਖੀ ਡਾæ ਸਤੀਸ਼ ਵਰਮਾ ਸਾਰੇ ਪ੍ਰਬੰਧ ਦੇਖ ਰਿਹਾ ਤੇ ਸੱਦੇ ਮਹਿਮਾਨਾਂ ਨੂੰ ਥਾਂ-ਸਿਰ ਬਿਠਾ ਰਿਹਾ ਸੀ। ਲੱਗਭਗ ਵੀਹ ਸਾਲ ਦਾ ਅਰਸਾ ਹੋ ਗਿਆ ਉਸਤਾਦ ਯਮਲਾ ਜੀ ਨੂੰ ਵਿਛੜਿਆਂ ਤੇ ਓਦਣ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਪੰਜਾਬ ਦੀ ਕੋਈ ਯੂਨੀਵਰਸਿਟੀ ਆਪਣੇ ਮਹਿਬੂਬ ਤੇ ਫ਼ੱਕਰ ਫ਼ਨਕਾਰ ਨੂੰ ਯਾਦ ਕਰ ਰਹੀ ਸੀ। ਉਸਤਾਦ ਜੀ ਦਾ ਪਰਿਵਾਰ ਵੀ ਇਸ ਗੱਲੋਂ ਸੰਤੁਸ਼ਟ ਤੇ ਪ੍ਰਸੰਨ ਸੀ ਕਿ ਪੰਜਾਬੀ ਯੂਨੀਵਰਸਿਟੀ ਨੇ ਉਹਨਾ ਦੇ ਪਿਤਾ ਦੀ ਯਾਦ ਵਿੱਚ ਇੱਕ ਸ਼ਾਮ ਉਹਨਾਂ ਦੀ ਬਰਸੀ ਵਾਲੇ ਦਿਨ ਮਨਾਉਣ ਦਾ ਫੈਸਲਾ ਕੀਤਾ ਸੀ। ਮੇਰੇ ਲਈ ਵੀ ਇਹ ਨਿੱਜੀ ਤੌਰ 'ਤੇ ਸੰਤੁਸ਼ਟੀ ਵਾਲੀ ਗੱਲ ਸੀ। ਅਮਰੀਕਾ ਤੋਂ ਉਸਤਾਦ ਜੀ ਦਾ ਚੇਲਾ ਰਾਜ ਐੱਸ ਬਰਾੜ, ਉਸਤਾਦ ਦੇ ਪੁੱਤਰ, ਪੋਤੇ ਤੇ ਆਂਢੀ-ਗੁਆਂਢੀ, ਉਸਤਾਦ ਜੀ ਦੇ ਪੱਗਵੱਟ ਭਰਾ ਪ੍ਰੋ ਕਿਰਪਾਲ ਸਿੰਘ ਕਸੇਲ ਤੇ ਉਸਤਾਦ ਨਾਲ ਪੈਂਤੀ ਸਾਲ ਤੱਕ ਦਾ ਅਰਸਾ ਗਾਇਕੀ ਵਿੱਚ ਸਾਥ ਨਿਭਾਉਣ ਵਾਲੀ ਅੰਟੀ ਮਹਿੰਦਰਜੀਤ ਕੌਰ ਸੇਖੋਂ ਦੀ ਧੀ ਡਾæ ਨਵਜੋਤ ਕਸੇਲ ਤੇ ਪੰਜਾਬੀ ਵਿਭਾਗ ਦੇ ਮੁਖੀ ਡਾæ ਰਜਿੰਦਰਪਾਲ ਸਿੰਘ ਨੇ ਉਸ ਸ਼ਾਮ ਉਸਤਾਦ ਜੀ ਨੂੰ ਹੁੱਭ ਕੇ ਚੇਤੇ ਕੀਤਾ ਸੀ। ਮੇਰੀ ਵਾਰੀ ਆਈ ਤਾਂ ਮੈਂ ਵੀ ਆਪਣਾ ਗੁੱਭ-ਗੁਭਾਟ ਕੱਢ ਲਿਆ। ਡਾæ ਵਰਮਾ ਦੇ ਯਤਨਾਂ ਸਦਕਾ ਉਸ ਸ਼ਾਮ ਸਬੱਬ ਬਣਿਆ ਸੀ ਨਵਲਪ੍ਰੀਤ ਰੰਗੀ ਵੱਲੋਂ ਉਸਤਾਦ ਜੀ ਦੇ ਜੀਵਨ ਬਾਰੇ ਬਣਾਈ ਗਈ ਡਾਕੂਮੈਂਟਰੀ ਫਿਲਮ ਵਿਖਾਉਣ ਦਾ। ਉਸਤਾਦ ਦੇ ਪੁੱਤਰ ਤੇ ਨੂੰਹ ਜਸਦੇਵ ਯਮਲਾ ਤੇ ਸਰਬਜੀਤ ਨੇ ਉਸਤਾਦ ਦੇ ਰੰਗ ਵਿੱਚ ਗੀਤ ਗਾ ਕੇ ਚੰਗਾ ਸਮਾਂ ਬੰਨ੍ਹਿਆ ਤਾਂ ਵਾਈਸ ਚਾਂਸਲਰ ਡਾæਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਐਲਾਨ ਕਰ ਦਿੱਤਾ ਕਿ ਅਪ੍ਰੈਲ ਮਹੀਨੇ ਵਿੱਚ ਆਉਣ ਵਾਲੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਵਿੱਚ ਉਸਤਾਦ ਜੀ ਦੇ ਸਮੁੱਚੇ ਪਰਿਵਾਰ ਦਾ ਲੋਕ-ਸੰਗੀਤ ਨੂੰ ਦਿੱਤੀ ਵੱਡੀ ਦੇਣ ਬਦਲੇ ਸਨਮਾਨ ਕੀਤਾ ਜਾਏਗਾ ਤੇ ਨਾਲ ਹੀ ਡਾæ ਵਰਮਾ ਨੇ ਉਸਤਾਦ ਜੀ ਦੇ ਪੋਤੇ ਵਿਜੈ ਯਮਲਾ ਨੂੰ ਯੂਨੀਵਰਸਿਟੀ ਦੇ ਭਲਾਈ ਵਿਭਾਗ ਵਿੱਚ ਨੌਕਰੀ ਦੇਣ ਦੀ ਹਾਂ ਵੀ ਵਾਈਸ ਚਾਂਸਲਰ ਸਾਹਿਬ ਤੋਂ ਕਰਵਾ ਹੀ ਲਈ।
ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਸਰਬ ਭਾਰਤੀ ਪੰਜਾਬੀ ਕਾਨਫਰੰਸ ਆ ਗਈ ਤਾਂ ਸੱਚਮੁੱਚ ਹੀ, ਉਸਤਾਦ ਜੀ ਦੀ ਸ਼ਖ਼ਸੀਅਤ ਤੇ ਸੰਗੀਤ ਨੂੰ ਪਿਆਰਨ-ਸਤਿਕਾਰਨ ਵਾਲੇ ਲੋਕਾਂ ਲਈ ਇਹ ਖ਼ੁਸ਼ੀ ਦਾ ਸੁਭਾਗ ਸੀ ਕਿ ਕਾਨਫਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਦੇ ਮੁੱਖ-ਮੰਤਰੀ ਹੱਥੋਂ ਉਹਨਾਂ ਦੇ ਪਰਿਵਾਰ ਦਾ ਸਨਮਾਨ ਹੋ ਰਿਹਾ ਸੀ ਤੇ ਮੇਰੇ ਪਾਸੋਂ ਉਸਤਾਦ ਜੀ ਦੇ ਜੀਵਨ ਤੇ ਕਲਾ ਬਾਰੇ ਯੂਨੀਵਰਸਿਟੀ ਵੱਲੋਂ ਲਿਖਵਾਈ ਗਈ ਪੁਸਤਕ ਵੀ ਰਿਲੀਜ਼ ਹੋ ਰਹੀ ਸੀ। ਸਟੇਜ ਦੇ ਬਰਾਬਰ ਕਰਕੇ ਖੱਬੇ ਪਾਸੇ ਲੱਗੀ ਵੱਡੀ ਸਕਰੀਨ ਵਿੱਚੋਂ ਜਦ ਉਸਤਾਦ ਜੀ ਦੇ ਦਰਸ਼ਨ ਹੋਏ ਤੇ ਨਾਲ ਹੀ ਬੋਲ ਕੰਨੀਂ ਪਏ:
ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆæææ
ਸਾਰਾ ਪੰਡਾਲ ਤਾੜੀਆਂ ਮਾਰ-ਮਾਰ ਝੂਮ ਰਿਹਾ ਸੀ ਤੇ ਉਸਤਾਦ ਜੀ ਦਾ ਪਰਿਵਾਰ ਮੰਚ 'ਤੇ ਜਾ ਰਿਹਾ ਸੀ। ਮੁੱਖ-ਮੰਤਰੀ ਸ੍ਰæਬਾਦਲ ਉਸਤਾਦ ਜੀ ਦੇ ਸਪੁੱਤਰ ਜਸਦੇਵ ਯਮਲੇ ਵੱਲ ਦੇਖ ਕੇ ਮੁਸਕਰਾਉਣ ਲੱਗੇ ਤੇ ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ,"ਅੱਜ ਯਮਲਾ ਜੀ ਦੇ ਬੇਟੇ ਨੂੰ ਬਿਲਕੁਲ ਹੂਬਹੂ ਉਨਾਂ੍ਹ ਦੇ ਅੰਦਾਜ਼ ਤੇ ਰੂਪ ਵਿੱਚ ਦੇਖ ਕੇ ਮਨ ਬਹੁਤ ਖੁਸ਼ ਹੋਇਐæææਇਉਂ ਲੱਗਿਆ ਐ ਜਿਵੇਂ ਯਮਲਾ ਜੱਟ ਆਪ ਹੀ ਆ ਗਿਆ ਹੋਵੇæææਅਸੀਂ ਤਾਂ ਉਹਨਾਂ ਦੇ ਹਾਣੀ ਸੀ ਤੇ ਉਹਨਾਂ ਦੇ ਗੀਤ ਆਮ ਹੀ ਸੁਣਦੇ ਹੁੰਦੇ ਸੀæææਆਹ ਮੁੰਡੇ ਨੇ ਉਹਨਾਂ ਦਾ ਪਹਿਰਾਵਾ ਤੁਰਲ੍ਹੇ ਵਾਲੀ ਪੱਗ ਤੇ ਚਾਦਰਾ ਜੀਵੰਤ ਰੱਖਿਆ ਐæææਅੱਜ ਪੰਜਾਬ ਵਿੱਚੋਂ ਇਹ ਪਹਿਰਾਵਾ ਵੀ ਅਲੋਪ ਹੋ ਗਿਐæææ।"
ਯੂਨੀਵਰਸਿਟੀ ਪੱਧਰ 'ਤੇ ਪੰਜਾਬ ਦੇ ਇੱਕ ਮਹਾਨ ਫ਼ਨਕਾਰ ਨੂੰ ਯਾਦ ਕਰਨਾ ਤੇ ਉਸਦੇ ਪਰਿਵਾਰ ਨੂੰ ਮਾਣ-ਸਨਮਾਨ ਦੇਣਾ, ਹੌਸਲਾ ਢਾਹ ਕੇ ਘਰੀਂ ਬੈਠੇ ਪੁਰਾਣੇ ਤੇ ਉਸਤਾਦ ਕਲਾਕਾਰਾਂ ਦੇ ਮਾਣ ਤੇ ਹੌਸਲੇ ਵਿੱਚ ਵਾਧਾ ਕਰਨ ਵਾਲਾ ਉਪਰਾਲਾ ਹੈ। ਕੋਈ ਹੋਰ ਅਦਾਰਾ ਅਜਿਹਾ ਉੱਦਮ ਕਰੇ, ਨਾ ਕਰੇæææਪਰ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅਜਿਹੇ ਉੱਦਮ ਜਾਰੀ ਰੱਖਣੇ ਚਾਹੀਦੇ ਹਨ, ਜਿਸ ਨਾਲ ਯੂਨੀਵਰਸਟੀ ਦਾ ਮਾਣ ਵੀ ਵਧੇਗਾ।
****************
ਲਗਦੇ ਹੱਥ ਮੈਂ ਉਸਤਾਦ ਜੀ ਬਾਰੇ ਆਪਣੀ ਇਸ ਕਿਤਾਬ ਬਾਰੇ ਵੀ ਗੱਲ ਕਰ ਹੀ ਲਵਾਂ! ਕਿਤਾਬ ਰਿਲੀਜ਼ ਹੋਣ ਬਾਰੇ ਜਿੱਦਣ ਦੀ ਮੀਡੀਆ ਵਿੱਚ ਖ਼ਬਰ ਆਈ ਹੈ, ਓਦਣ ਦੇ ਬਹੁਤ ਸਾਰੇ ਲੋਕਾਂ ਦੇ ਫ਼ੋਨ ਆ ਚੁੱਕੇ ਤੇ ਆ ਰਹੇ ਹਨ ਕਿ ਮੈਂ ਉਹਨਾਂ ਨੂੰ ਇਹ ਕਿਤਾਬ ਘਰੋਂ-ਘਰੀਂ ਭੇਜਾਂ। ਸੱਚੀ ਗੱਲ ਹੈ, ਮੈਥੋਂ ਇਹ ਵਗਾਰ ਪੂਰੀ ਨਹੀ ਜੇ ਹੋਣੀ। ਮੈਂ ਇਹ ਵਗਾਰ ਪੂਰਨ ਦੇ ਸਮਰੱਥ ਉੱਕਾ ਹੀ ਨਹੀ। ਯੂਨੀਵਰਸਿਟੀ ਨੇ ਲਿਖਵਾ ਲਈ ਤੇ ਮੈਂ ਲਿਖ ਦਿੱਤੀ। ਪਹਿਲਾਂ ਕਿੰਨਾ ਚਿਰ ਤਾਂ ਮੈਂ ਇਸ ਕਿਤਾਬ ਨਾਲ ਸਬੰਧਿਤ ਸਮੱਗਰੀ ਏਧਰ-ਓਧਰ ਤੁਰ-ਫਿਰ ਕੇ ਇਕੱਤਰ ਕਰਦਾ ਰਿਹਾ ਹਾਂ। ਦੁਰਲੱਭ ਤਸਵੀਰਾਂ ਤੇ ਲੇਖਣ-ਸਮੱਗਰੀ ਬਹੁਤ ਔਖ ਨਾਲ ਇਕੱਠੀ ਕੀਤੀ ਸੀ। ਫਿਰ ਉਸਨੂੰ ਕੱਚਾ-ਪੱਕਾ ਲਿਖਿਆ। ਮੁੜ ਟਾਈਪ ਵੀ ਆਪਣੇ ਕੰਪਿਊਟਰ 'ਤੇ ਆਪੇ ਕੀਤਾ। ਖਰੜਾ ਤਿਆਰ ਕਰਨ ਬਾਅਦ ਯੂਨੀਵਰਸਿਟੀ ਨੂੰ ਸੌਂਪਿਆ। ਯੂਨੀਵਰਸਿਟੀ ਦੀਆਂ ਕੁਝ ਸ਼ਰਤਾਂ ਤੇ ਨਿਯਮ ਹੁੰਦੇ ਹਨ, ਜਿੰਨ੍ਹਾਂ ਨੂੰ ਪੂਰੇ ਹੋਣ 'ਤੇ ਵਕਤ ਲੱਗਦਾ ਹੈ ਤੇ ਉਹ ਪੂਰੇ ਕਰਨ ਬਾਅਦ ਹੀ ਕਿਤਾਬ ਛਪਦੀ ਹੈ। ਖ਼ੈਰ, ਇਹਨਾਂ ਸਭਨਾਂ ਮਰਹੱਲਿਆਂ ਦੇ ਬਾਅਦ ਜਦ ਕਿਤਾਬ ਛਪ ਆਈ ਹੈ ਤਾਂ ਮੈਥੋਂ ਹੀ ਮੰਗੀ ਜਾ ਰਹੀ ਹੈ, ਨਾ ਕਿ ਕਿਸੇ ਕਿਤਾਬਾਂ ਦੀ ਦੁਕਾਨ ਤੋਂ। ਪਤਾ ਨਹੀਂ ਸਾਡੇ ਲੋਕਾਂ ਨੂੰ ਕਦੋਂ ਸੋਝੀ ਆਵੇਗੀ? ਲੇਖਕ ਤਾਂ ਲੇਖਕ ਹੁੰਦੈæææ(ਹੋਰਨਾਂ ਕਈਆਂ ਲੇਖਕਾਂ ਵਾਂਗ) ਹਟਵਾਣੀਆਂ ਨਹੀਂ। ਯੂਨੀਵਰਸਿਟੀ ਲੇਖਕ ਨੂੰ ਇਵਜ਼ਾਨੇ ਵਜੋਂ ਪੱਚੀ ਕਿਤਾਬਾਂ ਦਿੰਦੀ ਹੈ। ਮੈਂ ਹੁਣ ਯੂਨੀਵਰਸਿਟੀ ਤੋਂ ਮੁੱਲ ਕਿਤਾਬਾਂ ਕਿੱਦਾਂ ਖ੍ਰੀਦਾਂ ਤੇ ਲੋਕਾਂ ਨੂੰ ਘਰ-ਘਰ ਜਾ ਕੇ ਭੇਟ ਕਰਦਾ ਫਿਰਾਂ…ਜਾਂ ਆਪ ਖ੍ਰੀਦ ਕਰਕੇ ਡਾਕ 'ਚ ਪਾਵਾਂ ਜਾਂ ਕੋਰੀਅਰ ਕਰ-ਕਰ ਭੇਜਾਂ ? ਬਹੁਤ ਹੈਰਾਨੀ ਹੁੰਦੀ ਹੈ। ਸੁਆਲ ਇਹ ਹੈ ਕਿ ਜੇਕਰ ਸ਼ਾਮਾਂ ਨੂੰ ਅਸੀਂ ਪੰਜ ਸੌ ਰੁਪਏ ਦੀ ਵਿਸਕੀ ਦੀ ਬੋਤਲ ਖ੍ਰੀਦਣ ਠੇਕੇ 'ਤੇ ਖ਼ੁਦ ਜਾਂਦੇ ਹਾਂ ਤਾਂ ਸੌ ਰੁਪਏ ਦੀ ਕਿਤਾਬ ਖ੍ਰੀਦਣ ਖੁæਦ ਕਿਉਂ ਨਹੀਂ ਜਾਂਦੇ?
ਉਸਤਾਦ ਜੀ ਦੀ ਯਾਦ ਵਿੱਚ ਦੇਸ਼-ਬਦੇਸ਼ ਵਿੱਚ ਮੇਲੇ ਲਗਦੇ ਰਹਿੰਦੇ ਹਨ। ਇਹ ਮੇਲਿਆਂ ਵਾਲੇ ਸਿਰਫ਼ ਤੇ ਸਿਰਫ਼ ਗੀਤ-ਸੰਗੀਤ ਤੱਕ ਹੀ ਸੀਮਤ ਹਨ। ਗਾਣੇ-ਵਜਾਣੇ ਕੀਤੇ ਤੇ ਚਲੋ ਘਰੋਂ-ਘਰੀਂ। ਆਰਥਿਕ ਪੱਖੋਂ ਉਸਤਾਦ ਦੇ ਕਮਜ਼ੋਰ ਪਰਿਵਾਰ ਦੀ ਮੱਦਦ ਵੀ ਇਹ ਨਹੀਂ ਕਰਦੇ। ਮੈਂ ਇਹਨਾਂ ਨੂੰ ਸੁਝਾਵ ਦਿੰਦਾ ਹਾਂ ਕਿ ਮੇਲੇ ਵਾਲੇ ਦਿਨ ਇਹ ਯਾਦ-ਨਿਸ਼ਾਨੀ ਵਜੋਂ ਸਨਮਾਨਿਤ ਹਸਤੀਆਂ ਨੂੰ ਹਜ਼ਾਰ ਜਾਂ ਪੰਜ-ਸੌ ਰੁਪਏ ਦਾ ਮੋਮੈਟੋ ਭੇਟ ਕਰਦੇ ਨੇ ਤਾਂ ਨਾਲ ਸੌ ਰੁਪਏ ਦੀ ਅਜਿਹੀ ਕਿਤਾਬ ਵੀ ਭੇਟ ਕਰਿਆ ਕਰਨ ਤਾਂ ਕਿ ਮੇਲੇ ਜਾਂ ਸਮਾਗਮ ਨਾਲ ਸਬੰਧਤ ਸ਼ਖ਼ਸੀਅਤ ਦੀ ਯਾਦ ਤਾਂ ਕਾਇਮ ਰਹੇ ਤੇ ਸਨਮਾਨਿਤ ਹਸਤੀ ਘੱਟੋ-ਘੱਟ ਉਸ ਹਸਤੀ ਦਾ ਇਤਿਹਾਸ ਤਾਂ ਪੜ੍ਹੇæææਜਿਸ ਦੇ ਨਾਂ 'ਤੇ ਉਸਨੂੰ ਪੁਰਸਕਾਰ ਦਿੱਤਾ ਗਿਆ ਹੁੰਦਾ ਹੈ? ਖ਼ਾਸ ਕਰਕੇ, ਅਮਰੀਕਾ ਵਿੱਚ ਉਸਤਾਦ ਜੀ ਦੀ ਯਾਦ ਵਿੱਚ ਮੇਲਾ ਲਾਉਣ ਵਾਲੇ ਆਰæਐੱਸ ਬਰਾੜ ਤੇ ਲੋਹਾਰੇ ਵਿੱਚ ਹਰੇਕ ਸਾਲ ਵੱਡਾ ਮੇਲਾ ਲਾਉਣ ਵਾਲੇ ਬਲਵਿੰਦਰ ਸਿੰਘ (ਅਮਰੀਕਾ ਨਿਵਾਸੀ) ਤੇ ਬਰਮਿੰਘਮ ਵਿੱਚ ਮੇਲਾ ਲਾਉਣ ਵਾਲੇ ਨਿਰਮਲ ਬੱਲ ਤੇ ਕਰਨੈਲ ਚੀਮੇ ਦੇ ਸਾਥੀਆਂ ਨੂੰ ਇਹ ਮੇਰਾ ਸੁਝਾਵ ਤੇ ਬੇਨਤੀ ਹੈ। ਪਿੱਛੇ ਜਿਹੇ ਇਹ ਗੱਲ ਵੀ ਚੱਲੀ ਸੀ ਕਿ ਸਾਹਿਤਕ ਤੇ ਸਭਿਆਚਾਰਕ ਮੰਚਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਮੋਮੈਟੋ ਕਲਚਰ ਖ਼ਤਮ ਕਰਕੇ ਨਰੋਈਆਂ-ਨਵੀਆਂ ਤੇ ਮਹੱਤਵਪੂਰਨ ਕਿਤਾਬਾਂ ਭੇਟ ਕਰਨ ਦੀ ਰਵਾਇਤ ਪਾਈ ਜਾਵੇ,ਤਾਂ ਇਸ ਨਾਲ ਪੁਸਤਕ ਸਭਿਆਚਾਰ ਨੂੰ ਹੁਲਾਰਾ ਤੇ ਹੁੰਗਾਰਾ ਮਿਲੇਗਾ।
94174-21700
No comments:
Post a Comment