ਜਦੋਂ ਤੱਕ ਬਘਿਆੜਾਂ ਦੀ ਧਾੜ ਵਿਚਾਲੇ ਇੱਕ ਵੀ ਮਨੁੱਖ ਭੁੱਖਾ ਸੌਣ ਲਈ ਮਜਬੂਰ ਹੋਵੇਗਾ
ਹੁਣੇ ਲੰਘੀ ਪੰਜ ਅਪਰੈਲ ਦੇ ਦਿਨ ਭਾਰਤੀ ਰਾਜਨੀਤੀ ਅਤੇ ਭਾਰਤੀ ਸਮਾਜ ਨੇ ਇੱਕ ਨਵੀਂ ਉਠਾਣ ਵੇਖੀ ਹੈ, ਜਿਸ ਨੂੰ ਕੁਝ ਲੋਕਾਂ ਨੇ ਮਿਸਰ ਦੇ 'ਤਹਿਰੀਰ ਚੌਕ' ਦੀ ਘਟਨਾ ਨਾਲ ਜੋੜ ਕੇ ਪੇਸ਼
ਕੀਤਾ ਹੈ। ਦਿੱਲੀ ਦੇ ਜੰਤਰ-ਮੰਤਰ ਵਾਲੇ ਜਿਸ ਟਿਕਾਣੇ ਉੱਤੇ ਆਮ ਕਰ ਕੇ ਸਰਕਾਰ ਵਿਰੋਧੀ ਰੋਸ ਪ੍ਰਗਟਾਵੇ ਹੁੰਦੇ ਹਨ, ਓਸੇ ਥਾਂ ਭੁੱਖ ਹੜਤਾਲ ਰੱਖੀ ਬੈਠੇ ਪ੍ਰਸਿੱਧ ਸਮਾਜ ਸੇਵੀ ਬਜ਼ੁਰਗ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਲੋਕਾਂ ਨੇ ਇੱਕ ਪੱਕਾ ਧਰਨਾ ਲਾਇਆ ਸੀ, ਪਰ ਇਹ ਤਹਿਰੀਰ ਚੌਕ ਨਾਲ ਮੇਲ ਕੇ ਨਹੀਂ ਵੇਖਿਆ ਜਾ ਸਕਦਾ। ਤਹਿਰੀਰ ਚੌਕ ਵਿੱਚ ਪਿਛਲੇ ਤੀਹ ਸਾਲਾਂ ਤੋਂ ਮਿਸਰ ਦੇ ਰਾਜ ਦੀ ਕਮਾਨ ਧੱਕੇ ਨਾਲ ਸਾਂਭੀ ਬੈਠੇ ਡਿਕਟੇਟਰ ਨੂੰ ਭਜਾਉਣ ਲਈ ਇਕੱਠ ਹੋਇਆ ਸੀ, ਜਦ ਕਿ ਦਿੱਲੀ ਦਾ ਇਕੱਠ ਭ੍ਰਿਸ਼ਟਾਚਾਰ ਦੇ ਵਿਰੁੱਧ ਕਦਮ ਚੁੱਕਣ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਹੋਇਆ ਸੀ, ਸਰਕਾਰ ਨੂੰ ਭਜਾ ਦੇਣ ਜਾਂ ਨਿਜ਼ਾਮ ਨੂੰ ਬਦਲ ਦੇਣ ਦਾ ਕਿਸੇ ਨੇ ਕੋਈ ਐਲਾਨ ਨਹੀਂ ਸੀ ਕੀਤਾ।
ਅੰਨਾ ਹਜ਼ਾਰੇ ਸਾਬਕਾ ਫੌਜੀ ਹੈ। ਕਦੇ ਉਹ ਭਾਰਤੀ ਫੌਜ ਦਾ ਜਵਾਨ ਹੁੰਦਾ ਸੀ, ਪਰ ਦੋ ਜੰਗਾਂ ਮੌਕੇ ਦੇਸ਼ ਦੀ ਸੇਵਾ ਕਰਨ ਪਿੱਛੋਂ ਨੌਕਰੀ ਛੱਡ ਆਇਆ ਤੇ ਆਪਣੀ ਪੈਨਸ਼ਨ ਹੀ ਨਹੀਂ, ਆਪਣੀ ਜਾਇਦਾਦ ਵੀ ਲੋਕ ਭਲੇ ਦੇ ਕਾਰਜਾਂ ਲਈ ਦਾਨ ਕਰ ਕੇ ਸਮਾਜ ਸੇਵਾ ਵਿੱਚ ਰੁੱਝ ਗਿਆ ਸੀ। ਜਿੱਥੇ ਕਿਤੇ ਉਸ ਨੂੰ ਭ੍ਰਿਸ਼ਟਾਚਾਰ ਹੁੰਦਾ ਨਜ਼ਰ ਪਿਆ, ਉਸ ਨੇ ਉਸ ਦੇ ਵਿਰੁੱਧ ਮੱਥਾ ਲਾਇਆ ਅਤੇ ਆਪਣੇ ਸ਼ਾਂਤਮਈ ਸੱਤਿਆਗ੍ਰਹਿ ਨਾਲ ਹੁਣ ਤੱਕ ਵੱਖ-ਵੱਖ ਸਰਕਾਰਾਂ ਦੇ ਛੇ ਵਜ਼ੀਰਾਂ ਅਤੇ ਚਾਰ ਸੌ ਅਫਸਰਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕਰ ਚੁੱਕਾ ਹੈ। ਪਿਛਲੇ ਦਿਨੀਂ ਉਸ ਨੇ ਜਦੋਂ ਇਹ ਮੰਗ ਚੁੱਕੀ ਕਿ ਭਾਰਤ ਸਰਕਾਰ ਨੂੰ ਇੱਕ ਲੋਕ-ਪਾਲ ਬਣਾਉਣਾ ਚਾਹੀਦਾ ਹੈ, ਜਿਸ ਕੋਲ ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਤੱਕ ਦੀ ਜਾਂਚ ਕਰਨ ਦਾ ਅਧਿਕਾਰ ਹੋਵੇ ਤਾਂ ਜਨਤਾ ਦਾ ਸਮੱਰਥਨ ਉਸ ਨੂੰ ਮਿਲ ਗਿਆ, ਪਰ ਸਰਕਾਰ ਸਿਰਫ ਵਾਅਦੇ ਕਰਦੀ ਰਹੀ ਸੀ। ਮੰਗ ਵੀ ਮੰਨੀ ਜਾਣ ਲੱਗੀ ਤਾਂ ਇਹ ਸਵਾਲ ਖੜਾ ਹੋ ਗਿਆ ਕਿ ਇਹੋ ਜਿਹਾ ਲੋਕ-ਪਾਲ ਬਣਾਉਣ ਸਮੇਂ ਸਰਕਾਰ ਆਪਣੀ ਪਸੰਦ ਦਾ ਬੰਦਾ ਹੀ ਲਾਵੇਗੀ, ਜੋ ਈਮਾਨਦਾਰ ਸ਼ਾਇਦ ਨਾ ਹੋਵੇ, ਜਿਵੇਂ ਚੀਫ ਵਿਜੀਲੈਂਸ ਕਮਿਸ਼ਨਰ ਪੀ ਜੇ ਥਾਮਸ ਦੇ ਸੰਬੰਧ ਵਿੱਚ ਹੋ ਚੁੱਕਾ ਹੈ, ਜਿਸ ਨੂੰ ਸੁਪਰੀਮ ਕੋਰਟ ਦੇ ਹੁਕਮ ਨਾਲ ਹਟਾਉਣਾ ਪਿਆ ਹੈ। ਇਸ ਖੇਡ ਨੂੰ ਰੋਕਣ ਲਈ ਅੰਨਾ ਹਜ਼ਾਰੇ ਨੇ ਇਹ ਮੰਗ ਚੁੱਕ ਦਿੱਤੀ ਕਿ ਲੋਕ-ਪਾਲ ਵਾਸਤੇ ਬੰਦੇ ਦੀ ਚੋਣ ਕਰਨ ਵਾਲੀ ਕਮੇਟੀ ਵਿੱਚ ਸਰਕਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚੋਂ ਵੀ ਬਰਾਬਰ ਦੇ ਲੋਕ ਪਾਏ ਜਾਣ। ਸਰਕਾਰ ਦੀ ਇਸ ਬਾਰੇ ਸਹਿਮਤੀ ਨਾ ਹੋਣ ਕਰ ਕੇ ਉਸ ਨੇ ਲੰਮੀ ਭੁੱਖ ਹੜਤਾਲ ਰੱਖ ਕੇ ਮੋਰਚਾ ਲਾ ਦਿੱਤਾ। ਬੜੀ ਲਾਮਿਸਾਲ ਹਮਾਇਤ ਮਿਲੀ ਉਸ ਨੂੰ ਸਾਰੇ ਦੇਸ਼ ਦੇ ਲੋਕਾਂ ਵਿੱਚੋਂ।
ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਸ ਮੌਕੇ ਅੰਨਾ ਹਜ਼ਾਰੇ ਨੂੰ ਜਿਹੜੀ ਹਮਾਇਤ ਮਿਲੀ, ਉਹ ਸਾਰੀ ਵੀ ਨੇਕ ਲੋਕਾਂ ਦੀ ਨਹੀਂ ਸੀ। ਅੰਨਾ ਹਜ਼ਾਰੇ ਦਾ ਮਕਸਦ ਬੜਾ ਨੇਕ ਸੀ, ਪਰ ਉਸ ਦੀ ਹਮਾਇਤ ਵਿੱਚ ਅੰਨ ਛੱਡਣ ਦਾ ਐਲਾਨ ਜਿਸ ਬੰਦੇ ਨੇ ਸਭ ਤੋਂ ਪਹਿਲਾਂ ਕੀਤਾ, ਉਹ ਬਿਹਾਰ ਦੀ ਇੱਕ ਜੇਲ੍ਹ ਵਿੱਚ ਬੈਠਾ ਪਾਰਲੀਮੈਂਟ ਦਾ ਸਾਬਕਾ ਮੈਂਬਰ ਅਤੇ ਮੰਨਿਆ ਹੋਇਆ ਅਪਰਾਧੀ ਰਾਜੀਵ ਰੰਜਨ ਉਰਫ ਪੱਪੂ ਯਾਦਵ ਸੀ, ਜਿਸ ਦੇ ਖਿਲਾਫ ਹਰ ਕਿਸਮ ਦੇ ਦੋਸ਼ ਲੱਗ ਰਹੇ ਹਨ। ਏਦਾਂ ਦੇ ਕਈ ਹੋਰ ਲੋਕਾਂ ਅਤੇ ਸੰਸਥਾਵਾਂ ਨੇ ਵੀ ਅੰਨਾ ਹਜ਼ਾਰੇ ਦੀ ਹਮਾਇਤ ਦਾ ਐਲਾਨ ਜਾ ਕੀਤਾ। ਕੁਝ ਇਹੋ ਜਿਹੇ ਪਬਲਿਕ ਸਕੂਲਾਂ ਵਾਲੇ ਵੀ ਆਪਣੇ ਵਿਦਿਆਰਥੀ ਲੈ ਕੇ ਓਥੇ ਹਮਾਇਤ ਕਰਨ ਜਾ ਪਹੁੰਚੇ, ਜਿਨ੍ਹਾਂ ਨੇ ਬੇਹਿਸਾਬੀਆਂ ਫੀਸਾਂ ਨਾਲ ਲੋਕਾਂ ਦੀ ਹਮੇਸ਼ਾਂ ਜੇਬ ਕੱਟੀ ਹੈ ਅਤੇ ਜਿੱਥੇ ਸਕੂਲ ਬਣਾਏ ਹਨ, ਉਹ ਜ਼ਮੀਨ ਸਰਕਾਰ ਤੋਂ ਸਸਤੇ ਭਾਅ ਲੈਣ ਵੇਲੇ ਲਿਖ ਕੇ ਦਿੱਤਾ ਸੀ ਕਿ ਪੰਝੀ ਫੀਸਦੀ ਗਰੀਬ ਬੱਚੇ ਮੁਫਤ ਪੜ੍ਹਾਏ ਜਾਣਗੇ, ਪਰ ਪਿੱਛੋਂ ਇੱਕ ਵੀ ਗਰੀਬ ਬੱਚੇ ਨੂੰ ਮੁਫਤ ਦਾਖਲਾ ਦੇਣ ਤੋਂ ਮੁੱਕਰ ਗਏ ਸਨ। ਜਦੋਂ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਵੀ ਓਥੇ ਆਏ ਹੋਏ ਸਨ ਤਾਂ ਵੱਖੋ-ਵੱਖ ਬੋਲੀਆਂ ਬੋਲਣ ਵਾਲੇ ਕਈ ਲੋਕ ਵੀ ਓਥੇ ਤੁਰੇ ਫਿਰਦੇ ਸਨ। ਮਿਸਾਲ ਵਜੋਂ ਬਾਬਾ ਰਾਮਦੇਵ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ ਜਾਂਦਾ ਸੀ ਕਿ ਭ੍ਰਿਸ਼ਟਾਚਾਰ ਇਸ ਕਰ ਕੇ ਹੈ ਕਿ ਅਸੀਂ ਆਪਣੇ ਸੱਭਿਆਚਾਰ ਅਤੇ ਆਪਣੇ ਭਾਰਤੀ ਪਹਿਰਾਵੇ ਨੂੰ ਛੱਡ ਕੇ ਪੱਛਮੀ ਪਹਿਰਾਵੇ ਦੇ ਪਿੱਛੇ ਤੁਰ ਪਏ ਹਾਂ ਤੇ ਉਸ ਦੇ ਨਾਲ ਖੜੇ ਪੱਛਮੀ ਤਰਜ਼ ਦੀ ਜੀਨ ਪਾਉਣ ਵਾਲੇ ਮੁੰਡੇ-ਕੁੜੀਆਂ ਇਹ ਆਖ ਰਹੇ ਸਨ ਕਿ 'ਆਬਵੀਅਸਲੀ, ਅਵਰ ਡਰੈੱਸ ਹੈਜ਼ ਨਾਊ ਬਿਕੰਮ ਏ ਪਾਰਟ ਆਫ ਦ ਇੰਡੀਅਨ ਕਲਚਰ' (ਆਹ ਸਾਡਾ ਪਹਿਰਾਵਾ ਵੀ ਹੁਣ ਭਾਰਤੀ ਸੱਭਿਆਚਾਰ ਦਾ ਹਿੱਸਾ ਬਣ ਚੁੱਕਾ ਹੈ)। ਜਦੋਂ ਉਹ ਨੌਜਵਾਨ ਟੀ ਵੀ ਚੈਨਲ ਉੱਤੇ ਇਹ ਕਹਿੰਦੇ ਸੁਣ ਰਹੇ ਸਨ ਕਿ 'ਬਾਬਾ ਇਜ਼ ਨਾਟ ਕਾਮੈਂਟਿੰਗ ਆਨ ਅਵਰ ਡਰੈੱਸਿਜ਼', ਓਦੋਂ ਬਾਬਾ ਰਾਮਦੇਵ ਦੀ ਅਗਲੀ ਗੱਲ ਵੀ ਨਾਲ ਸੁਣਾਈ ਦੇ ਰਹੀ ਸੀ ਕਿ 'ਹਮਾਰੇ ਲੋਗ ਤੋ ਅਪਨੀ ਰਾਸ਼ਟਰ ਭਾਸ਼ਾ ਬੋਲਨਾ ਭੀ ਛੋੜਤੇ ਜਾ ਰਹੇ ਹੈਂ, ਹਰ ਬਾਤ ਮੇਂ ਅੰਗਰੇਜ਼ੋਂ ਕੀ ਨਕਲ ਕਰ ਕੇ ਖੁਸ਼ ਹੋਤੇ ਹੈਂ। ਇਸ ਸੇ ਹਮਾਰੇ ਭਾਰਤ ਦੇਸ਼ ਕੀ ਆਜ਼ਾਦੀ ਭੀ ਖਤਰੇ ਮੇਂ ਪੜਤੀ ਜਾ ਰਹੀ ਹੈ।' ਇੱਕ ਭਾਸ਼ਣ ਓਥੇ ਇਹ ਹੋ ਰਿਹਾ ਸੀ ਕਿ 'ਲੋਕ ਧਰਮ ਛੱਡਦੇ ਜਾਂਦੇ ਹਨ, ਇਸ ਲਈ ਭ੍ਰਿæਸਟਾਚਾਰ ਵਧ ਰਿਹਾ ਹੈ', ਪਰ ਇੱਕ ਹੋਰ ਸੱਜਣ ਓਥੇ ਟੀ ਵੀ ਕੈਮਰੇ ਮੂਹਰੇ ਇਹ ਗਾਈ ਜਾਂਦਾ ਸੀ ਕਿ 'ਝਗੜਾ ਕਰਵਾਤੇ ਮੰਦਿਰ ਮਸਜਿਦ, ਮੇਲ ਕਰਾਤੀ ਮਧੂ-ਸ਼ਾਲਾ'। ਕਿਸੇ ਵੀ ਇੱਕ ਜਣੇ ਦੀ ਦੂਜੇ ਨਾਲ ਸੁਰ ਨਹੀਂ ਸੀ ਮਿਲਦੀ, ਪਰ ਇਸ ਗੱਲ ਲਈ ਸਾਰੇ ਇੱਕ ਰਾਏ ਸਨ ਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦਾ ਕੋਹੜ ਖਤਮ ਕਰਨਾ ਚਾਹੀਦਾ ਹੈ।
ਸਰਕਾਰ ਨੂੰ ਆਖਰ ਝੁਕਣਾ ਪੈ ਗਿਆ ਤੇ ਮੰਗ ਮੰਨੀ ਗਈ ਕਿ ਭਾਰਤ ਦੇ ਪੱਧਰ ਦਾ ਇੱਕ 'ਲੋਕ-ਪਾਲ' ਹੋਇਆ ਕਰੇਗਾ, ਜਿਹੜਾ ਪ੍ਰਧਾਨ ਮੰਤਰੀ ਤੱਕ ਦੀ ਜਾਚ ਕਰ ਸਕੇਗਾ। ਇਹ ਕਾਮਯਾਬੀ ਦਾ ਇੱਕ ਅਲੋਕਾਰ ਨਮੂਨਾ ਹੈ। ਫਿਰ ਵੀ ਇਹ ਕੋਈ ਅੰਤਮ ਜਿੱਤ ਨਹੀਂ ਕਹੀ ਜਾ ਸਕਦੀ। ਲੋਕਾਂ ਨੂੰ ਪਿਛਲੇ ਕੁਝ ਮੌਕੇ ਵੀ ਯਾਦ ਰੱਖਣੇ ਪੈਣਗੇ ਤੇ ਉਨ੍ਹਾਂ ਦੇ ਆਧਾਰ ਉੱਤੇ ਹੀ ਕੋਈ ਅਗਲੀ ਆਸ ਰੱਖਣੀ ਚਾਹੀਦੀ ਹੈ, ਜਿਸ ਦਾ ਹਾਲੇ ਭਰੋਸਾ ਨਹੀਂ ਬੱਝ ਰਿਹਾ।
ਸਾਡੇ ਕੋਲ ਇੱਕ ਮਿਸਾਲ ਹੈ ਵਿਨੋਬਾ ਭਾਵੇ ਦੀ। ਉਹ ਆਜ਼ਾਦੀ ਘੁਲਾਟੀਏ ਸਨ। ਆਜ਼ਾਦੀ ਮਿਲਣ ਮਗਰੋਂ ਇਹ ਮੁਹਿੰਮ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਪਈ ਕਿ ਜਗੀਰਦਾਰ ਗੁਲਾਮੀ ਦੇ ਦਿਨਾਂ ਵਿੱਚ ਬਰਤਾਨਵੀ ਹਾਕਮਾਂ ਦੇ ਟੋਡੀ ਬਣ ਕੇ ਆਪਣੇ ਲੋਕਾਂ ਉੱਤੇ ਤਸ਼ੱਦਦ ਕਰਦੇ ਰਹੇ ਸਨ, ਇਸ ਕਰ ਕੇ ਜਗੀਰਾਂ ਤੋੜ ਕੇ ਜ਼ਮੀਨਾਂ ਕਿਸਾਨਾਂ ਨੂੰ ਦੇ ਦੇਣੀਆਂ ਚਾਹੀਦੀਆਂ ਹਨ। ਪੰਜਾਬ ਦੇ ਮਾਲਵੇ ਇਲਾਕੇ ਵਿੱਚ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਵੀ ਕਈ ਥਾਂ ਇਹ ਲਹਿਰ ਚੱਲੀ ਸੀ। ਕਈ ਪੁਰਾਣੇ ਬਾਬੇ ਉਸ ਇਲਾਕੇ ਵਿੱਚ ਮਿਲ ਜਾਣਗੇ, ਜਿਹੜੇ ਦੱਸਦੇ ਹਨ ਕਿ ਇੱਕ ਚਾਨਣੀ ਰਾਤ ਨੂੰ ਬਿੱਲੀਆਂ ਜਿਹੀਆਂ ਅੱਖਾਂ ਵਾਲਾ ਸਰਦਾਰ ਪਿੰਡ ਦੇ ਨੇੜੇ ਥੇਹ ਉੱਤੇ ਬੈਠ ਕੇ ਸਾਨੂੰ ਜ਼ਮੀਨ ਦੀ ਮਾਲਕੀ ਦੇ ਕਾਗਜ਼ ਦੇ ਗਿਆ ਸੀ ਤੇ ਜਗੀਰਦਾਰ ਵੇਖਦੇ ਰਹਿ ਗਏ ਸਨ। ਜਦੋਂ ਇਹ ਲਹਿਰ ਸਾਰੇ ਦੇਸ਼ ਵਿੱਚ ਚੱਲ ਪਈ ਤੇ ਕਈ ਥਾਂ ਝੜੱਪਾਂ ਵੀ ਹੋਈਆਂ, ਓਦੋਂ ਆਜ਼ਾਦੀ ਘੁਲਾਟੀਆ ਵਿਨੋਬਾ ਭਾਵੇ ਇੱਕ ਸ਼ਾਂਤਮਈ ਲਹਿਰ ਦੇ ਆਗੂ ਵਜੋਂ ਜਗੀਰਦਾਰਾਂ ਦਾ ਹਿਰਦੇ ਪ੍ਰੀਵਰਤਨ ਕਰਨ ਤੇ ਇਹ ਕਹਿਣ ਤੁਰ ਪਿਆ ਕਿ ਉਹ ਆਪ ਹੀ ਕੁਝ ਜ਼ਮੀਨਾਂ ਛੱਡ ਦੇਣ, ਜੋ ਕਿਸਾਨਾਂ ਨੂੰ ਵੰਡੀਆਂ ਜਾ ਸਕਣ। ਦੂਜੇ ਸ਼ਬਦਾਂ ਵਿੱਚ ਥੋੜ੍ਹੀ ਜਿਹੀ ਜ਼ਮੀਨ ਛੱਡ ਕੇ ਬਾਕੀ ਦੀ ਖੁੱਸ ਜਾਣ ਤੋਂ ਜਗੀਰਦਾਰਾਂ ਦਾ ਬਚਾਅ ਹੋ ਜਾਵੇ। ਜਿੰਨੀਆਂ ਕੁ ਜ਼ਮੀਨਾਂ ਮਿਲੀਆਂ, ਵੰਡ ਦਿੱਤੀਆਂ, ਪਰ ਉਸ ਨਾਲ ਜਗੀਰਦਾਰੀ ਦਾ ਖਾਤਮਾ ਨਹੀਂ ਸੀ ਹੋ ਗਿਆ, ਸਗੋਂ ਅੱਜ ਦੇ ਯੁੱਗ ਵਿੱਚ ਵੀ ਬਾਦਲਾਂ, ਚੌਟਾਲਿਆਂ ਤੋਂ ਇਲਾਵਾ ਜਸਟਿਸ ਦਿਨਾਕਰਨ ਵਰਗੇ ਕਈ ਭ੍ਰਿਸ਼ਟਾਚਾਰੀਆਂ ਨੇ ਹੇਰਾਫੇਰੀ ਨਾਲ ਬੇਗਾਨੀਆਂ ਜ਼ਮੀਨਾਂ ਹੜੱਪ ਕੇ ਹਜ਼ਾਰਾਂ ਏਕੜਾਂ ਵਾਲੇ ਫਾਰਮ ਬਣਾ ਲਏ ਹਨ। ਬਹੁਤ ਸਾਰੇ ਕਾਰਖਾਨੇਦਾਰ ਵੀ ਜਗੀਰਦਾਰੀ ਕਰੀ ਜਾਂਦੇ ਹਨ, ਕਈ ਫੌਜੀ ਤੇ ਪੁਲਸ ਅਫਸਰ ਵੀ ਜਿੱਥੇ ਕਿਤੇ ਦਾਅ ਲੱਗਾ, ਅੱਡਾ ਜਮਾ ਕੇ ਪੁਰਾਣੇ ਨਵਾਬਾਂ ਦੀ ਯਾਦ ਤਾਜ਼ਾ ਕਰਾਈ ਜਾ ਰਹੇ ਹਨ।
ਫਿਰ ਸਾਡੇ ਕੋਲ ਜੈ ਪ੍ਰਕਾਸ਼ ਨਾਰਾਇਣ ਦੀ 'ਸੰਪੂਰਨ ਕ੍ਰਾਂਤੀ' ਦਾ ਤਜਰਬਾ ਵੀ ਮੌਜੂਦ ਹੈ। ਉਸ ਦੀ ਕ੍ਰਾਂਤੀ ਨਾਲ ਕੇਂਦਰ ਵਿੱਚ ਸਿਰਫ ਕਾਂਗਰਸ ਦੀਆਂ ਸਰਕਾਰਾਂ ਬਣਨ ਦੀ ਪ੍ਰੰਪਰਾ ਤਾਂ ਟੁੱਟ ਗਈ, ਪਰ ਦੇਸ਼ ਕੋਈ ਚੰਗਾ ਮੋੜਾ ਨਾ ਕੱਟ ਕੇ ਜਿਨ੍ਹਾਂ ਨੀਵਾਣਾਂ ਦੇ ਰਾਹੇ ਪਿਆ ਹੋਇਆ ਸੀ, ਓਧਰ ਹੀ ਰਿੜ੍ਹਦਾ ਗਿਆ ਸੀ। ਸਮਗਲਿੰਗ ਲਈ ਸੰਸਾਰ ਭਰ ਵਿੱਚ ਬਦਨਾਮ ਹੋ ਚੁੱਕੇ ਹਾਜੀ ਮਸਤਾਨ ਵਰਗੇ ਕੁਝ ਲੋਕਾਂ ਨੇ ਮਾੜੇ ਧੰਦੇ ਤੋਂ ਤੌਬਾ ਕਰਨ ਲਈ ਜੈ ਪ੍ਰਕਾਸ਼ ਦੇ ਪੈਰਾਂ ਉੱਤੇ ਸਿਰ ਰੱਖ ਕੇ ਆਪਣੇ ਹਿਰਦੇ ਪ੍ਰੀਵਰਤਨ ਦਾ ਪ੍ਰਣ ਕੀਤਾ ਸੀ, ਪਰ ਤਜਰਬਾ ਉਹ ਵੀ ਕਾਮਯਾਬ ਨਹੀਂ ਸੀ ਰਿਹਾ। ਮੌਕੇ ਦੀ ਮੁਰਾਰਜੀ ਡਿਸਾਈ ਸਰਕਾਰ ਵੇਲੇ ਹਾਜੀ ਮਸਤਾਨ ਦੀ ਅਗਵਾਈ ਹੇਠ ਸਮਗਲਿੰਗ ਵਿਰੋਧੀ ਟੀਮਾਂ ਵੀ ਖੜੀਆਂ ਕਰ ਦਿੱਤੀਆਂ, ਪਰ ਸਬਕ ਫਿਰ ਇਹੋ ਨਿਕਲਿਆ ਕਿ ਬਿੱਲੀ ਨੂੰ ਦੁੱਧ ਦੀ ਰਾਖੀ ਬਿਠਾਉਣ ਦਾ ਨਾ ਕਦੇ ਫਾਇਦਾ ਹੋਇਆ ਹੈ ਤੇ ਨਾ ਹੋ ਸਕਦਾ ਹੈ। ਜਿਨ੍ਹਾਂ ਨੇ ਤੌਬਾ ਕੀਤੀ ਸੀ, ਜੇ ਉਹ ਅੱਗੇ ਤੋਂ ਪੁਰਾਣੇ ਧੰਦੇ ਵਿੱਚ ਕਦੇ ਵੀ ਪੈਰ ਨਾ ਪਾਉਂਦੇ ਤਾਂ ਇਹ ਵੀ ਅਧੂਰੀ ਕਾਮਯਾਬੀ ਹੋਣੀ ਸੀ। ਮਕਸਦ ਪੂਰਾ ਹੋਇਆ ਤਦੇ ਮੰਨ ਸਕਦੇ ਸਾਂ, ਜੇ ਅੱਗੇ ਤੋਂ ਕੋਈ ਹੋਰ ਹਾਜੀ ਮਸਤਾਨ ਪੈਦਾ ਨਾ ਹੁੰਦਾ, ਪਰ ਸਾਡੇ ਕੋਲ ਤਾਂ ਦਾਊਦ ਇਬਰਾਹੀਮ, ਛੋਟਾ ਰਾਜਨ ਅਤੇ ਕਈ ਹੋਰ ਵੀ ਉਸ ਪਿੱਛੋਂ ਉੱਠਦੇ ਰਹੇ ਹਨ, ਜਿਹੜੇ ਹਾਜੀ ਮਸਤਾਨ ਦੇ ਕੁਝ ਨਾ ਲੱਗਦੇ ਹੋਣ ਦੇ ਬਾਵਜੂਦ ਉਸ ਦੀ ਅਗਲੀ ਪੀੜ੍ਹੀ ਮੰਨੇ ਜਾ ਸਕਦੇ ਹਨ। ਢੰਗ ਭਾਵੇਂ ਵੱਖਰਾ ਹੈ, ਪਰ ਹਸਨ ਅਲੀ ਵਰਗੇ ਬੰਦੇ ਵੀ ਅੰਗਲੀ-ਸੰਗਲੀ ਦਾ ਕੁੰਡਾ ਫੋਲਿਆਂ ਉਨ੍ਹਾਂ ਦੇ ਕੋੜਮੇ ਨਾਲ ਹੀ ਜੋੜ ਕੇ ਗਿਣਨੇ ਪੈਂਦੇ ਹਨ।
ਹੁਣ ਬਣਨ ਲੱਗਾ ਹੈ ਇੱਕ ਲੋਕ-ਪਾਲ, ਜਿਸ ਕੋਲ ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਵੀ ਜਾਂਚ ਕਰਨ ਦਾ ਅਧਿਕਾਰ ਹੋਵੇਗਾ। ਜਦੋਂ ਬਣ ਜਾਵੇਗਾ ਤਾਂ ਇਸ ਦੀ ਕਾਮਯਾਬੀ ਦਾ ਪੱਧਰ ਪਤਾ ਲੱਗੇਗਾ, ਪਰ ਹਾਲੇ ਤੱਕ ਦਾ ਰਿਕਾਰਡ ਸਾਡੇ ਕੋਲ ਬਾਹਲਾ ਚੰਗਾ ਨਹੀਂ। ਸਾਡੇ ਪੰਜਾਬ ਵਿੱਚ ਇੱਕ ਲੋਕ-ਪਾਲ ਨੇ ਇੱਕ ਵਾਰੀ ਬੇਅੰਤ ਸਿੰਘ ਵਾਲੀ ਸਰਕਾਰ ਦੇ ਪੰਜ ਮੰਤਰੀਆਂ ਦੇ ਖਿਲਾਫ ਫੈਸਲੇ ਦਿੱਤੇ ਸਨ, ਪਰ ਉਹ ਸਾਰੇ ਹੀ ਇੱਕ ਜਾਂ ਦੂਜੀ ਦਲੀਲ ਹੇਠ ਬਚਣ ਦਾ ਰਾਹ ਲੱਭ ਕੇ ਨਿਕਲਣ ਵਿੱਚ ਕਾਮਯਾਬ ਰਹੇ ਸਨ। ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਿਛਲੀ ਸਰਕਾਰ ਨੇ ਇੱਕ ਲੋਕ-ਪਾਲ ਲਾਇਆ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਲਿਹਾਜਦਾਰੀ ਵਾਲੇ ਉਸ ਬੰਦੇ ਨੂੰ ਉਹ ਕੁਰਸੀ ਇਸ ਲਈ ਦਿੱਤੀ ਗਈ ਹੈ ਕਿ ਜੇ ਸਰਕਾਰ ਬਦਲ ਜਾਵੇ ਤਾਂ ਸਾਡੇ ਬੰਦਿਆਂ ਦਾ ਬਚਾਅ ਵੀ ਹੋ ਸਕੇਗਾ, ਪਰ ਚਾਲ ਸਿਰੇ ਨਹੀਂ ਸੀ ਚੜ੍ਹੀ ਤੇ ਉਸ ਦੀ ਛੁੱਟੀ ਹੋਣ ਪਿੱਛੋਂ ਕਈ ਸਾਲ ਉਹ ਕੁਰਸੀ ਖਾਲੀ ਰਹੀ ਸੀ। ਕਰਨਾਟਕਾ ਵਿੱਚ ਭਾਜਪਾ ਦੀ ਹੁਣ ਵਾਲੀ ਸਰਕਾਰ ਨੇ ਇੱਕ ਮੰਨੇ ਹੋਏ ਇਮਾਨਦਾਰ ਬੰਦੇ ਸੰਤੋਸ਼ ਹੇਗੜੇ ਨੂੰ ਰਾਜ ਦਾ ਲੋਕ-ਪਾਲ ਬਣਾ ਕੇ ਭੱਲ ਖੱਟ ਲਈ, ਪਰ ਓਸੇ ਸਰਕਾਰ ਨੂੰ ਜਦੋਂ ਓਸੇ ਲੋਕ-ਪਾਲ ਦੇ ਫੈਸਲੇ ਦਾ ਸਾਹਮਣਾ ਕਰਨਾ ਪਿਆ ਤਾਂ ਭੱਜ ਗਈ। ਹੇਗੜੇ ਨੇ ਅਸਤੀਫਾ ਦੇਣ ਦਾ ਮਨ ਬਣਾ ਲਿਆ ਤਾਂ ਕੇਂਦਰ ਤੋਂ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪ ਉਸ ਨੂੰ ਮਨਾਉਣ ਦੀ ਪਹਿਲ ਕੀਤੀ, ਜਿਸ ਪਿੱਛੋਂ ਉਹ ਮੰਨ ਗਿਆ, ਪਰ ਕਾਰਵਾਈ ਕਰਨ ਦਾ ਜਿਹੜਾ ਵਿਸ਼ਵਾਸ ਅਡਵਾਨੀ ਸਾਹਿਬ ਨੇ ਦਿੱਤਾ ਸੀ, ਉਸ ਨੂੰ ਭਾਜਪਾ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਤੋੜ ਦਿੱਤਾ ਤੇ ਪਾਰਟੀ ਕੁਝ ਵੀ ਨਾ ਕਰ ਸਕੀ। ਲੋਕ-ਪਾਲ ਕੋਲ ਕਿਸੇ ਦੇ ਗਲ਼ ਰੱਸਾ ਪਾਉਣ ਜਾਂ ਉਸ ਨੂੰ ਜੇਲ੍ਹ ਭੇਜਣ ਦੀ ਤਾਕਤ ਨਹੀਂ ਹੁੰਦੀ, ਉਹ ਸਿਰਫ ਕਿਸੇ ਦੇ ਖਿਲਾਫ ਕਾਰਵਾਈ ਦੀ ਸਿਫਾਰਸ਼ ਹੀ ਕਰ ਸਕਦਾ ਹੈ, ਅਗਲਾ ਹੱਕ ਮੁੱਖ ਮੰਤਰੀ ਕੋਲ ਹੁੰਦਾ ਹੈ ਤੇ ਉਹ ਆਪਣੇ ਬੰਦਿਆਂ ਵਿਰੁੱਧ ਕਦੇ ਕੁਝ ਕਰਦਾ ਹੀ ਨਹੀਂ। ਜੋ ਕੁਝ ਰਾਜਾਂ ਵਿੱਚ ਹੁੰਦਾ ਹੈ, ਰਾਜਾਂ ਵਿੱਚੋਂ ਕੇਂਦਰ ਦੀਆਂ ਕੁਰਸੀਆਂ ਤੱਕ ਗਏ ਆਗੂ ਓਥੇ ਜਾ ਕੇ ਵੀ ਓਹੋ ਕੁਝ ਕਰਦੇ ਹਨ, ਜਿਸ ਦੀ ਮਿਸਾਲ ਸਾਬਕਾ ਮੰਤਰੀ ਏæ ਰਾਜਾ ਦਾ ਕੇਸ ਹੈ। ਉਸ ਦੇ ਵਿਰੁੱਧ ਕਾਰਵਾਈ ਦਾ ਰਾਹ ਤਾਮਿਲ ਨਾਡੂ ਦੇ ਮੁੱਖ ਮੰਤਰੀ ਕਰੁਣਾਨਿਧੀ ਨੇ ਓਦੋਂ ਤੱਕ ਰੋਕਣਾ ਜਾਰੀ ਰੱਖਿਆ, ਜਿੰਨੀ ਦੇਰ ਤੱਕ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਚੁਫੇਰਿਓਂ ਘੇਰ ਨਹੀਂ ਸੀ ਲਿਆ।
ਫਿਰ ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਤੇ ਉਹ ਇਹ ਕਿ ਸਮੱਸਿਆਵਾਂ ਦੇ ਹੱਲ ਦੇ ਯਤਨ ਸਿਰਫ ਸ਼ਾਂਤੀ ਦੇ ਮੁਥਾਜ ਨਹੀਂ ਹੁੰਦੇ। ਮਹਾਤਮਾ ਗਾਂਧੀ ਦੀ ਲਹਿਰ ਸ਼ਾਂਤਮਈ ਸੀ ਤੇ ਜਦੋਂ ਉਸ ਦੇ ਸ਼ਾਂਤਮਈ ਅੰਦੋਲਨ ਵਿੱਚ ਕੁਝ ਲੋਕ ਹਿੰਸਾ ਦੇ ਰਾਹੇ ਪਏ, ਉਸ ਨੇ ਅੰਦੋਲਨ ਵਾਪਸ ਲੈ ਲਿਆ ਸੀ, ਪਰ ਇਸ ਨਾਲ ਵੀ ਨਾ ਅੰਦੋਲਨ ਖਤਮ ਹੋਇਆ ਤੇ ਨਾ ਸਿਰਫ ਸ਼ਾਂਤਮਈ ਤੱਕ ਸੀਮਤ ਹੋ ਸਕਿਆ ਸੀ। ਇੱਕ ਪਾਸੇ ਗਾਂਧੀ ਜੀ ਦੇ ਮਰਨ-ਵਰਤ ਦਾ ਚੱਕਰ ਚੱਲੀ ਜਾਂਦਾ ਸੀ, ਦੂਜੇ ਪਾਸੇ ਭਗਤ ਸਿੰਘ ਹੁਰੀਂ ਦੇਸ਼ ਦੀ ਅਸੈਂਬਲੀ ਵਿੱਚ ਬੰਬ ਸੁੱਟਣ ਤੱਕ ਜਾ ਪਹੁੰਚੇ ਸਨ, ਭਾਵੇਂ ਉਹ ਬੰਬ ਮਾਰੂ ਨਾ ਹੋ ਕੇ ਸਿਰਫ ਪਟਾਕੇ ਵਾਲਾ ਸੀ। ਜਿਸ ਦਿਨ ਕਾਂਗਰਸ ਪਾਰਟੀ ਨੇ ਗਰਮ ਸੁਭਾਅ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨ ਚੁਣਿਆ ਅਤੇ ਸ਼ਾਂਤੀ ਦੇ ਪੁਜਾਰੀ ਗਾਂਧੀ ਜੀ ਨੇ ਉਸ ਨਾਲ ਮਿਲ ਕੇ ਚੱਲਣ ਤੋਂ ਨਾਂਹ ਕੀਤੀ ਸੀ, ਸੁਭਾਸ਼ ਕਾਂਗਰਸ ਦੀ ਪ੍ਰਧਾਨਗੀ ਤਾਂ ਛੱਡ ਗਿਆ, ਲੜਾਈ ਲੜਨ ਦਾ ਆਪਣਾ ਢੰਗ ਉਸ ਨੇ ਨਹੀਂ ਸੀ ਛੱਡਿਆ ਅਤੇ ਵਿਦੇਸ਼ੀ ਧਰਤੀ ਤੋਂ ਜਾ ਕੇ 'ਆਜ਼ਾਦ ਹਿੰਦ ਫੌਜ' ਖੜੀ ਕਰ ਕੇ ਜੰਗ ਛੇੜ ਦਿੱਤੀ ਸੀ। ਗਾਂਧੀ ਜੀ ਦਾ ਦੇਸ਼ ਆਜ਼ਾਦ ਕਰਾਉਣ ਵਿੱਚ ਬਹੁਤ ਵੱਡਾ ਯੋਗਦਾਨ ਸੀ, ਪਰ ਸਿਰਫ ਓਸੇ ਨਾਲ ਦੇਸ਼ ਆਜ਼ਾਦ ਨਹੀਂ ਸੀ ਹੋ ਗਿਆ। ਗਦਰ ਪਾਰਟੀ, ਭਗਤ ਸਿੰਘ, ਨੇਤਾ ਜੀ ਸੁਭਾਸ਼ ਆਦਿ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਅਮਿਣਵਾਂ ਯੋਗਦਾਨ ਪਾਇਆ ਸੀ। ਉਹ ਹਿੰਸਾ ਦੇ ਰਾਹੇ ਜ਼ਰੂਰ ਪਏ ਸਨ, ਪਰ ਇਹ ਉਨ੍ਹਾਂ ਦਾ ਸ਼ੌਕ ਨਹੀਂ ਸੀ। ਭਗਤ ਸਿੰਘ ਬਾਰੇ ਗੁਰਸ਼ਰਨ ਸਿੰਘ ਦੇ ਨਾਟਕ ਵਿੱਚ ਗਾਂਧੀ ਜੀ 'ਸ਼ਾਂਤੀ-ਸ਼ਾਂਤੀ' ਕੂਕਦੇ ਹਨ ਤਾਂ ਭਗਤ ਸਿੰਘ ਵੀ ਅੱਗੋਂ ਲੋਕਾਂ ਦੀ ਰਾਏ ਕਹਿੰਦਾ ਹੈ ਕਿ 'ਸ਼ਾਂਤੀ ਸੇ ਸਰਕਾਰ ਨਹੀਂ ਮਾਨਤੀ'। ਜੇ ਸਰਕਾਰਾਂ ਸ਼ਾਂਤੀ ਨਾਲ ਹੀ ਹਰ ਗੱਲ ਮੰਨ ਲੈਂਦੀਆਂ ਤਾਂ ਕਿਸੇ ਅੰਨਾ ਹਜ਼ਾਰੇ ਨੂੰ ਅੰਨ ਛੱਡ ਕੇ ਆਪ ਦਿੱਲੀ ਜਾ ਕੇ ਬਹਿਣ ਤੋਂ ਇਲਾਵਾ ਸਾਰੇ ਮੁਲਕ ਦੇ ਲੋਕਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਪੈਣੀ ਕਿ ਹੁਣ ਸੜਕਾਂ ਉੱਤੇ ਨਿਕਲਣ ਦਾ ਵਕਤ ਆ ਗਿਆ ਹੈ।
ਇਸ ਇੱਕੋ ਲੋਕ-ਹੱਲੇ ਨਾਲ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਤੇ ਦੇਸ਼ ਦੀ ਸਰਕਾਰ ਲੋਕਾਂ ਮੂਹਰੇ ਝੁਕਣ ਲਈ ਮਜਬੂਰ ਹੋਈ ਹੈ, ਪਰ ਇਸ ਨਾਲ ਸਾਰੇ ਮਸਲੇ ਹੱਲ ਨਹੀਂ ਹੋ ਜਾਣੇ। ਜਿਵੇਂ ਫੂਲਾਂ ਦੇਵੀ ਨੇ ਡਾਕੂ ਬਣਨ ਬਾਰੇ ਕਦੇ ਨਹੀਂ ਸੀ ਸੋਚਿਆ, ਪਰ ਹਾਲਾਤ ਨੇ ਉਸ ਨੂੰ ਬਣਾ ਦਿੱਤਾ ਸੀ, ਉਵੇਂ ਹੀ ਅੱਜ ਕਿੰਨੇ ਲੋਕ ਹੋਰ ਹਨ, ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਉਹ ਸਹਿਕ-ਸਹਿਕ ਕੇ ਮਰ ਜਾਣ ਜਾਂ ਖੁਦ ਮਰਨ ਤੋਂ ਪਹਿਲਾਂ ਕੁਝ ਨਾ ਕੁਝ ਕਰ ਜਾਣ ਦੀਆਂ ਸੋਚਾਂ ਸੋਚ ਰਹੇ ਹਨ। ਇਹੋ ਜਿਹੇ ਸਾਰੇ ਲੋਕਾਂ ਦੀ ਬਾਂਹ ਫੜਨ ਨੂੰ ਅੰਨਾ ਹਜ਼ਾਰੇ ਨੇ ਨਹੀਂ ਪਹੁੰਚ ਸਕਣਾ। ਪਿੱਛੇ ਜਿਹੇ ਇੱਕ ਜੈਨ ਮੁਨੀ ਨੂੰ ਪੁੱਛਿਆ ਗਿਆ ਸੀ ਕਿ ਪੁਰਾਣੇ ਵਕਤ ਦੇ ਮੁਨੀ ਜੰਗਲਾਂ ਵਿੱਚ ਜਾ ਕੇ ਤਪ ਕਰਿਆ ਕਰਦੇ ਸਨ, ਅੱਜ ਦੇ ਮੁਨੀ ਸ਼ਹਿਰਾਂ ਵਿੱਚ ਹੀ ਕਿਉਂ ਰਹਿੰਦੇ ਹਨ? ਉਸ ਨੇ ਕਿਹਾ ਸੀ ਕਿ ਪੁਰਾਣੇ ਸਮੇਂ ਵਿੱਚ ਜੰਗਲ ਵਿੱਚ ਜਿਹੜੇ ਖੂੰਖਾਰ ਜਾਨਵਰਾਂ ਵਿਚਾਲੇ ਵੀ ਅਡੋਲ ਰਹਿ ਕੇ ਮੁਨੀ ਲੋਕ ਸਮਾਧੀ ਲਾਉਂਦੇ ਸਨ, ਉਹ ਜਾਨਵਰ ਹੁਣ ਓਥੇ ਨਹੀਂ ਲੱਭਦੇ, ਮਨੁੱਖੀ ਜਾਮੇ ਵਿੱਚ ਸ਼ਹਿਰਾਂ ਵਿੱਚ ਆ ਗਏ ਹਨ, ਇਸ ਕਰ ਕੇ ਅਸੀਂ ਵੀ ਉਨ੍ਹਾਂ ਦੇ ਪਿੱਛੇ ਸ਼ਹਿਰ ਵਿੱਚ ਆ ਗਏ ਹਾਂ। ਇਹ ਗੱਲ ਉਸ ਨੇ ਸ਼ਹਿਰਾਂ ਵਿੱਚ ਸੌਖਾ ਜੀਵਨ ਬਤੀਤ ਕਰਦਿਆਂ ਸਾਧ ਬਣੇ ਰਹਿਣ ਦਾ ਆਪਣਾ ਪਾਖੰਡ ਜਾਇਜ਼ ਠਹਿਰਾਉਣ ਲਈ ਕਹੀ ਹੋਵੇਗੀ, ਪਰ ਇਸ ਦਾ ਪਹਿਲਾ ਹਿੱਸਾ ਠੀਕ ਹੈ ਕਿ ਜੰਗਲਾਂ ਵਾਲੇ ਖੂੰਖਾਰ ਜਾਨਵਰਾਂ ਤੋਂ ਵੱਧ ਖਤਰਨਾਕ ਕੁਝ ਬੰਦੇ ਅੱਜ ਸਾਡੇ ਸੱਭਿਅਕ ਸਮਾਜ ਦੇ ਸ਼ਹਿਰਾਂ ਵਿੱਚ ਤੁਰੇ ਫਿਰਦੇ ਹਨ। ਭ੍ਰਿਸ਼ਟਾਚਾਰ ਤੇ ਭੁੱਖ ਦਾ ਆਪੋ ਵਿੱਚ ਬੜਾ ਨੇੜੇ ਦਾ ਸੰਬੰਧ ਹੁੰਦਾ ਹੈ, ਤੇ ਜਦੋਂ ਤੱਕ ਭ੍ਰਿਸ਼ਟਾਚਾਰ ਕਰਨ ਵਾਲੇ ਇਨ੍ਹਾਂ ਬਘਿਆੜਾਂ ਦੀ ਧਾੜ ਵਿਚਾਲੇ ਇੱਕ ਵੀ ਬੰਦਾ ਰਾਤ ਨੂੰ ਭੁੱਖਾ ਸੌਂਵੇਗਾ, ਦੇਸ਼ ਵਿੱਚ ਸੁੱਖ-ਸਾਂਦ ਦੀ ਗਾਰੰਟੀ ਨਾ ਕੋਈ ਸਰਕਾਰ ਦੇ ਸਕਦੀ ਹੈ ਤੇ ਨਾ ਕੋਈ ਸੰਸਥਾ ਹੀ, ਭਾਵੇਂ ਉਹ ਕਿੰਨੇ ਵੀ ਨਾਮਣੇ ਵਾਲੀ ਕਿਉਂ ਨਾ ਹੋਵੇ।
No comments:
Post a Comment