ਦ੍ਰਿਸ਼ਟੀਕੋਣ (19)-ਜਤਿੰਦਰ ਪਨੂੰ

ਚੁਫੇਰਿਓਂ ਘਿਰੀ ਪਈ ਆਰ ਐਸ ਐਸ ਲੀਡਰਸ਼ਿਪ ਦੀ ਮਾਸੂਮੀਅਤ ਦੀ ਦੁਹਾਈ ਤੋਂ ਲੋਕ ਪ੍ਰਭਾਵਤ ਨਹੀਂ ਹੋਣ ਲੱਗੇ
ਬੀਤੇ ਹਫਤੇ ਦੇ ਇੱਕ ਦਿਨ ਇਹ ਖਬਰ ਪੜ੍ਹਨ ਨੂੰ ਮਿਲੀ ਕਿ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਦੇ ਆਗੂਆਂ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਸਾਨੂੰ ਇਸ ਉੱਤੇ ਕੋਈ ਹੈਰਾਨੀ ਨਹੀਂ ਹੋਈ। ਇਸ ਜਥੇਬੰਦੀ ਦਾ ਪਿਛਲਾ ਇਤਹਾਸ ਵੇਖਦੇ ਹੋਏ ਸਗੋਂ ਅਸੀਂ ਇੰਜ ਹੋਣ ਦਾ ਕਿਆਸ ਚੋਖੇ ਚਿਰ ਤੋਂ ਲਾ ਰਹੇ ਸਾਂ ਤੇ ਇਸ ਚਿੱਠੀ ਦਾ ਲਿਖਿਆ ਜਾਣਾ ਸਾਡੇ ਲਈ ਆਸ ਤੋਂ ਵਾਹਵਾ ਵੱਧ ਪਛੇਤੀ ਘਟਨਾ ਹੈ। ਜਦੋਂ-ਜਦੋਂ ਵੀ ਆਰ ਐੱਸ ਐੱਸ ਲੀਡਰਸ਼ਿਪ ਨੇ ਖੁਦ ਨੂੰ ਘਿਰਿਆ ਹੋਇਆ ਵੇਖਿਆ, ਬੀਤੇ ਸਮੇਂ ਵਿੱਚ ਵੀ ਉਹ ਇਹੋ ਕੁਝ ਕਰਦੀ ਰਹੀ ਹੈ।
ਸਾਨੂੰ ਉਹ ਵੇਲਾ ਯਾਦ ਕਰਨਾ ਚਾਹੀਦਾ ਹੈ, ਜਦੋਂ ਮਹਾਤਮਾ ਗਾਂਧੀ ਦਾ ਕਤਲ ਹੋਇਆ ਅਤੇ ਉਸ ਕਤਲ ਦੀ ਸਾਜ਼ਿਸ਼ ਦਾ ਇਲਜ਼ਾਮ ਆਰ ਐੱਸ ਐੱਸ ਦੀ ਲੀਡਰਸ਼ਿਪ ਤੱਕ ਪਹੁੰਚ ਰਿਹਾ ਸੀ। ਓਦੋਂ ਵੀ ਮੌਕੇ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਵੱਲ ਏਦਾਂ ਹੀ ਵਿੰਗੀ-ਟੇਢੀ ਪਹੁੰਚ ਕੀਤੀ ਗਈ ਸੀ। ਫਿਰ ਜਦੋਂ ਐਮਰਜੈਂਸੀ ਦੀ ਘੜੀ ਆਈ, ਓਦੋਂ ਜੇਲ੍ਹ ਦੇ ਅੰਦਰੋਂ ਆਰ ਐੱਸ ਐੱਸ ਦੇ ਉਸ ਵਕਤ ਦੇ ਮੁਖੀ ਬਾਲਾ ਸਾਹਿਬ ਦੇਵਰਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅੱਗੇ ਵਾਸਤੇ ਪਾਉਣੇ ਸ਼ੁਰੂ ਕੀਤੇ ਸਨ। ਇਸ ਵਾਰੀ ਜਦੋਂ ਸਾਧਵੀ ਪ੍ਰਗਿਆ ਸਿੰਘ ਠਾਕਰ ਤੋਂ ਤੁਰੀ ਜਾਂਚ ਦੀ ਆਂਚ ਆਰ ਐੱਸ ਐੱਸ ਦੇ ਦਫਤਰ ਵਿੱਚ ਬੈਠੇ ਵੱਡੇ ਅਹੁਦੇਦਾਰਾਂ ਤੱਕ ਪੁੱਜਦੀ ਜਾਪੀ ਤਾਂ ਸਾਨੂੰ ਇਹ ਉਡੀਕ ਸੀ ਕਿ ਅੱਜ ਨਹੀਂ ਤਾਂ ਕੱਲ੍ਹ, ਫਿਰ ਓਹੋ ਪੈਂਤੜਾ ਅਪਣਾਇਆ ਜਾਣਾ ਹੈ।
ਕਿਸ ਗੱਲ ਲਈ ਇਹ ਰੁਖ ਧਾਰਨ ਕੀਤਾ ਹੈ ਆਰ ਐੱਸ ਐੱਸ ਦੇ ਆਗੂਆਂ ਨੇ? ਪ੍ਰਧਾਨ ਮੰਤਰੀ ਨੂੰ ਇਹ ਦੱਸਣ ਲਈ ਕਿ ਆਰ ਐੱਸ ਐੱਸ ਦੀ ਲੀਡਰਸ਼ਿਪ ਦੀ ਬਦਨਾਮੀ ਹੋ ਰਹੀ ਹੈ। ਬਦਨਾਮੀ ਹੋਵੇ ਜਾਂ ਨੇਕ-ਨਾਮੀ, ਬੰਦਾ ਜਿਹੋ ਜਿਹੇ ਅਮਲ ਕਰੇਗਾ, ਉਸੇ ਮੁਤਾਬਕ ਹੋਣੀ ਹੁੰਦੀ ਹੈ। ਆਰ ਐੱਸ ਐੱਸ ਨਾਲ ਜੁੜੇ ਲੋਕਾਂ ਨੇ ਜਿੱਦਾਂ ਦੇ ਚਾਲੇ ਪਿਛਲੇ ਸਮੇਂ ਵਿੱਚ ਫੜੇ ਹੋਏ ਹਨ, ਉਨ੍ਹਾਂ ਨਾਲ ਇਹੋ ਸਥਿਤੀ ਬਣਨੀ ਹੀ ਸੀ। ਜਦੋਂ ਗੱਲ ਤੁਰੀ ਸੀ, ਪਹਿਲੇ ਪੜਾਅ ਉੱਤੇ ਆਰ ਐੱਸ ਐੱਸ ਦੀ ਲੀਡਰਸ਼ਿਪ ਦਾ ਹੁਣ ਵਾਲਾ ਸਫਾਈ ਦੇਣ ਦਾ ਪੈਂਤੜਾ ਨਹੀਂ ਸੀ। ਲੋਕਾਂ ਨੇ ਪਿਛਲੇ ਸਾਲ ਦੇ ਇੱਕ ਦਿਨ ਆਰ ਐੱਸ ਐੱਸ ਦੇ ਵਰਕਰਾਂ ਨੂੰ ਦਿੱਲੀ ਵਿੱਚ ਇੱਕ ਟੀ ਵੀ ਚੈਨਲ ਦੇ ਦਫਤਰ ਦੀ ਭੰਨ-ਤੋੜ ਕਰਦੇ ਵੀ ਵੇਖਿਆ ਸੀ ਤੇ ਜਦੋਂ ਉਹ ਏਦਾਂ ਕਰ ਰਹੇ ਸਨ, ਆਰ ਐੱਸ ਐੱਸ ਦੇ ਮੁੱਖ ਦਫਤਰ ਵਿੱਚ ਬੈਠਾ ਬੁਲਾਰਾ ਇਹ ਕਹੀ ਜਾ ਰਿਹਾ ਸੀ ਕਿ ਉਨ੍ਹਾਂ ਦੇ ਆਦਮੀ 'ਸ਼ਾਂਤਮਈ' ਰੋਸ ਪ੍ਰਗਟ ਕਰ ਰਹੇ ਹਨ। ਫਿਰ ਇੱਕ ਮੌਕਾ ਉਹ ਵੀ ਆ ਗਿਆ, ਜਦੋਂ ਉਸ ਨੇ ਸਾਫ ਹੀ ਕਹਿ ਦਿੱਤਾ ਕਿ ਜੇ ਕੋਈ ਆਰ ਐੱਸ ਐੱਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਸੰਘ ਨਾਲ ਜੁੜੇ ਲੋਕਾਂ ਦੇ ਗੁੱਸੇ ਦਾ ਉਸ ਨੂੰ ਸਾਹਮਣਾ ਵੀ ਕਰਨਾ ਪਵੇਗਾ।
ਹੁਣ ਜਦੋਂ ਹਮਲਾਵਰੀ ਕਰ ਸਕਣ ਦੀ ਹਾਲਤ ਨਹੀਂ ਰਹੀ ਤਾਂ ਆਰ ਐੱਸ ਐੱਸ ਆਗੂ ਆਪਣੇ ਬਚਾਅ ਲਈ ਪ੍ਰਧਾਨ ਮੰਤਰੀ ਦੀ ਓਟ ਭਾਲਣ ਤੁਰ ਪਏ ਹਨ। ਹਾਲਾਤ ਵਿੱਚ ਏਨਾ ਮੋੜਾ ਆਖਰ ਕਿਵੇਂ ਆ ਗਿਆ?
ਇੱਕ ਮੌਕਾ ਉਹ ਸੀ, ਜਦੋਂ ਮਾਲੇਗਾਓਂ ਦੇ ਧਮਾਕਿਆਂ ਦੀ ਜਾਂਚ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕਰ ਨੂੰ ਫਸ ਰਹੀ ਵੇਖ ਕੇ ਆਰ ਐੱਸ ਐੱਸ ਦੀ ਲੀਡਰਸ਼ਿਪ ਇੱਕੋ ਵਕਤ ਦੋ ਗੱਲਾਂ ਕਹਿੰਦੀ ਸੀ। ਪਹਿਲੀ ਇਹ ਕਿ ਇੱਕ ਹਿੰਦੂ ਸਾਧਵੀ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਤੇ ਦੂਜੀ ਇਹ ਕਿ ਜੇ ਸਾਧਵੀ ਨੇ ਕੁਝ ਗਲਤ ਵੀ ਕੀਤਾ ਹੋਵੇ ਤਾਂ ਉਸ ਦਾ ਆਰ ਐੱਸ ਐੱਸ ਨਾਲ ਕੋਈ ਸੰਬੰਧ ਨਹੀਂ ਜੁੜਦਾ। ਫਿਰ ਜਦੋਂ ਫੌਜ ਦਾ ਕਰਨਲ ਸ੍ਰੀਕਾਂਤ ਪ੍ਰੋਹਿਤ ਅਤੇ ਆਪੇ ਬਣਿਆ ਫਿਰਦਾ 'ਜਗਦ ਗੁਰੂ' ਦਇਆ ਨੰਦ ਪਾਂਡੇ ਫੜੇ ਗਏ ਤਾਂ ਆਰ ਐੱਸ ਐੱਸ ਲੀਡਰਸ਼ਿਪ ਨੇ ਜਾਂਚ ਕਰਨ ਵਾਲੀ ਟੀਮ ਉੱਤੇ ਹਰ ਘਟੀਆ ਤੋਂ ਘਟੀਆ ਊਜ ਲਾਈ ਸੀ। ਕੁਝ ਦਿਨ ਬਾਅਦ ਮੁੰਬਈ ਉੱਤੇ ਹੋਏ ਹਮਲੇ ਵੇਲੇ ਜਦੋਂ ਓਸੇ ਜਾਂਚ ਟੀਮ ਦਾ ਮੁਖੀ ਹੇਮੰਤ ਕਰਕਰੇ ਦਹਿਸ਼ਤਗਰਦਾਂ ਨਾਲ ਲੜਦਾ ਮਾਰਿਆ ਗਿਆ ਤਾਂ ਇਹ ਉਸ ਨੂੰ 'ਵਤਨ ਦਾ ਸ਼ਹੀਦ' ਆਖ ਕੇ ਉਸ ਦੇ ਘਰ ਨੂੰ ਤੁਰ ਪਏ, ਪਰ ਉਸ ਦੀ ਪਤਨੀ ਦਾ ਸਾਹਮਣਾ ਨਹੀਂ ਸਨ ਕਰ ਸਕੇ। ਇਸ ਦੇ ਬਾਵਜੂਦ ਉਹ ਸਾਧਵੀ ਪ੍ਰਗਿਆ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬੇਗੁਨਾਹ ਦੱਸਣ ਲੱਗੇ ਰਹੇ ਸਨ, ਜਦ ਕਿ ਸਾਰੇ ਸਬੂਤ ਮਿਲਣ ਪਿੱਛੋਂ ਕੜੀਆਂ ਅੱਗੇ ਅਜਮੇਰ ਦੇ ਧਮਾਕਿਆਂ ਤੱਕ ਜਾ ਜੁੜੀਆਂ ਸਨ।
ਆਰ ਐੱਸ ਐੱਸ ਦੀ ਲੀਡਰਸ਼ਿਪ ਨੇ ਨਾ ਕਦੇ ਮਾਲੇਗਾਓਂ ਦਾ ਕੌੜਾ ਸੱਚ ਪ੍ਰਵਾਨ ਕੀਤਾ, ਨਾ ਹੈਦਰਾਬਾਦ ਦੀ ਹਕੀਕਤ ਨੂੰ ਆਪਣੇ ਨਾਲ ਜੁੜੇ ਹੋਏ ਜਾਂ ਜੁੜੇ ਰਹਿ ਚੁੱਕੇ ਬੰਦਿਆਂ ਦੀ ਕਰਤੂਤ ਮੰਨਿਆ ਅਤੇ ਨਾ ਅਜਮੇਰ ਦੇ ਧਮਾਕੇ ਦੀ ਜਾਂਚ ਨੂੰ ਠੀਕ ਕਿਹਾ। ਬਦਕਿਸਮਤੀ ਉਨ੍ਹਾਂ ਦੀ ਇਹ ਕਿ ਸੱਚ ਸੌ ਪੜਦੇ ਪਾੜ ਕੇ ਬਾਹਰ ਆ ਗਿਆ। ਉਨ੍ਹਾਂ ਦੇ ਆਪਣੇ ਇੱਕ ਸੀਨੀਅਰ ਪ੍ਰਚਾਰਕ ਸੁਨੀਲ ਜੋਸ਼ੀ ਦੇ ਕਤਲ ਦੀ ਜਾਂਚ ਦੌਰਾਨ ਉਸ ਦੀ ਇੱਕ ਡਾਇਰੀ ਜਾਂਚ ਏਜੰਸੀਆਂ ਦੇ ਹੱਥ ਲੱਗ ਗਈ, ਜਿਸ ਨੇ ਅਜਮੇਰ ਤੱਕ ਦੀ ਅਗਲੀ ਫੋਲਾ-ਫਾਲੀ ਦਾ ਰਾਹ ਸੌਖਾ ਕਰ ਦਿੱਤਾ। ਇਹ ਮੌਕਾ ਸੀ, ਜਦੋਂ ਸੱਚ ਕਬੂਲ ਲੈਣਾ ਚਾਹੀਦਾ ਸੀ, ਪਰ ਆਰ ਐੱਸ ਐੱਸ ਲੀਡਰਸ਼ਿਪ ਨੇ ਓਦੋਂ ਵੀ ਇਹ ਜ਼ਿਮੇਵਾਰੀ ਨਹੀਂ ਵਿਖਾਈ। ਸੱਚ ਦਾ ਸਾਹਮਣਾ ਕਰਨ ਦੀ ਥਾਂ ਉਸ ਦੇ ਆਗੂ ਓਦੋਂ ਵੀ ਉਹ ਇਹੋ ਕਹਿੰਦੇ ਰਹੇ ਕਿ ਮਹਾਰਾਸ਼ਟਰ ਅਤੇ ਰਾਜਸਥਾਨ ਦੋਵੇਂ ਥਾਂ ਕਾਂਗਰਸੀ ਸਰਕਾਰਾਂ ਹਨ ਤੇ ਉਹ ਜਾਂਚ ਦੇ ਬਹਾਨੇ ਸਾਡੇ ਵਿਰੁੱਧ ਝੂਠਾ ਪ੍ਰਚਾਰ ਕਰਵਾ ਰਹੀਆਂ ਹਨ। ਜਿਹੜੀ ਗੱਲ ਉਨ੍ਹਾਂ ਨੇ ਅੱਖੋਂ ਪਰੋਖੇ ਕਰੀ ਛੱਡੀ, ਉਹ ਇਹ ਹਕੀਕਤ ਸੀ ਕਿ ਜਿੱਥੇ ਸੁਨੀਲ ਜੋਸ਼ੀ ਦਾ ਕਤਲ ਹੋਇਆ, ਉਸ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਨਹੀਂ, ਉਨ੍ਹਾਂ ਦੇ ਆਪਣੇ ਫਰਮਾਬਰਦਾਰ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਹੈ ਤੇ ਜਿਸ ਡਾਇਰੀ ਨੇ ਪੁਆੜਾ ਪਾਇਆ ਹੈ, ਉਹ ਕਾਂਗਰਸੀ ਰਾਜ ਦੀ ਨਹੀਂ, ਮੱਧ ਪ੍ਰਦੇਸ਼ ਦੇ ਭਾਜਪਾ ਰਾਜ ਦੀ ਪੁਲਸ ਨੇ ਲੱਭੀ ਅਤੇ ਬਾਕੀ ਰਾਜਾਂ ਦੀ ਪੁਲਸ ਨੂੰ ਉਸ ਦੀਆਂ ਨਕਲਾਂ ਓਸੇ ਤੋਂ ਮਿਲੀਆਂ ਸਨ। ਉਸ ਡਾਇਰੀ ਦੇ ਆਸਰੇ ਹੀ ਬਾਕੀ ਦੀ ਜਾਂਚ ਅੱਗੇ ਵਧੀ ਅਤੇ ਆਰ ਐੱਸ ਐੱਸ ਦੇ ਕੇਂਦਰੀ ਆਗੂ ਇੰਦਰੇਸ਼ ਕੁਮਾਰ ਤੱਕ ਪਹੁੰਚੀ ਸੀ, ਜਿਸ ਦੇ ਬਚਾਅ ਲਈ ਹੁਣ ਸਾਰੀ ਲੀਡਰਸ਼ਿਪ ਸਿਰ ਪਰਨੇ ਹੋ ਗਈ ਹੈ।
ਜਾਂਚ ਦਾ ਸਾਰ-ਤੱਤ ਇਹ ਹੈ ਕਿ ਜਦੋਂ ਆਰ ਐੱਸ ਐੱਸ ਦੇ ਆਗੂ ਸੁਨੀਲ ਜੋਸ਼ੀ ਨੂੰ ਕਤਲ ਕੀਤਾ ਗਿਆ, ਉਸ ਤੋਂ ਇੱਕ ਰਾਤ ਪਹਿਲਾਂ ਸਾਧਵੀ ਪ੍ਰਗਿਆ ਉਸ ਦੇ ਘਰ ਤੋਂ ਇੱਕ ਬੈਗ ਚੁੱਕ ਕੇ ਲੈ ਗਈ ਸੀ। ਇਹ ਗੱਲ ਕਿਸੇ ਓਪਰੇ ਨੇ ਨਹੀਂ, ਮਾਰੇ ਗਏ ਆਰ ਐੱਸ ਐੱਸ ਪ੍ਰਚਾਰਕ ਸੁਨੀਲ ਜੋਸ਼ੀ ਦੀ ਭਤੀਜੀ ਨੇ ਪੁਲਸ ਨੂੰ ਦੱਸੀ ਹੈ। ਕਤਲ ਕੇਸ ਵਿੱਚ ਮੱਧ ਪ੍ਰਦੇਸ਼ ਦੀ ਪੁਲਸ ਵੱਲੋਂ ਫੜੇ ਮੁਲਜ਼ਮਾਂ ਨੇ ਇਹ ਬਿਆਨ ਵੀ ਦੇ ਦਿੱਤੇ ਕਿ ਸੁਨੀਲ ਜੋਸ਼ੀ ਦਾ ਕਤਲ ਕਰਨ ਵਾਸਤੇ ਆਰ ਐੱਸ ਐੱਸ ਦੇ ਕੇਂਦਰੀ ਆਗੂ ਇੰਦਰੇਸ਼ ਕੁਮਾਰ ਨੇ ਆਖਿਆ ਸੀ, ਕਿਉਂਕਿ ਉਸ ਨੂੰ ਸ਼ੱਕ ਸੀ ਕਿ ਡਰਾਕਲ ਜਿਹਾ ਇਹ ਬੰਦਾ ਨਾਲ ਦਿਆਂ ਸਾਰਿਆਂ ਨੂੰ ਫਸਾ ਦੇਵੇਗਾ। ਆਰ ਐੱਸ ਐੱਸ ਦੀ ਬਦਕਿਸਮਤੀ ਹੀ ਹੈ ਕਿ ਇਹ ਭੇਦ ਵੀ ਮੱਧ ਪ੍ਰਦੇਸ਼ ਦੀ ਪੁਲਸ ਨੇ ਬਾਹਰ ਲਿਆਂਦਾ ਹੈ, ਜਿਹੜੀ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਦੀ ਕਮਾਨ ਹੇਠ ਹੈ ਤੇ ਇਹ ਸਾਰਾ ਕੁਝ ਅਦਾਲਤ ਦੀਆਂ ਫਾਈਲਾਂ ਤੱਕ ਜਾ ਚੁੱਕਾ ਹੋਣ ਕਰ ਕੇ ਇਸ ਤੋਂ ਮੁੱਕਰ ਸਕਣ ਦੀ ਗੁੰਜਾਇਸ਼ ਵੀ ਨਹੀਂ ਰਹਿ ਗਈ। ਅੱਗੋਂ ਇਸ ਰਿਕਾਰਡ ਨੂੰ ਕਿਸੇ ਵੀ ਰਾਜ ਦੀ ਪੁਲਸ ਜੇ ਵਰਤਣਾ ਚਾਹੇ ਤਾਂ ਉਹ ਵਰਤ ਹੀ ਸਕਦੀ ਹੈ, ਇਸ ਵਿੱਚ ਅਦਲਾ-ਬਦਲੀ ਨਹੀਂ ਕਰ ਸਕਦੀ।
ਐਨ ਓਦੋਂ ਜਦੋਂ ਆਰ ਐੱਸ ਐੱਸ ਲੀਡਰਸ਼ਿਪ ਆਪਣੇ ਦੁਆਲੇ ਕੱਸਦੇ ਜਾ ਰਹੇ ਸ਼ਿਕੰਜੇ ਨੂੰ ਮਹਿਸੂਸ ਕਰ ਰਹੀ ਸੀ, ਓਧਰ ਸਵਾਮੀ ਅਸੀਮਾਨੰਦ ਫੜਿਆ ਗਿਆ। ਇਸ ਬੰਦੇ ਦੀ ਪੁਲਸ ਨੂੰ ਕਾਫੀ ਚਿਰ ਤੋਂ ਤਲਾਸ਼ ਸੀ ਤੇ ਤਲਾਸ਼ ਦੀ ਜਾਣਕਾਰੀ ਹੋਣ ਕਰ ਕੇ ਉਹ ਭੇਸ ਅਤੇ ਟਿਕਾਣੇ ਬਦਲਦਾ ਰਹਿੰਦਾ ਸੀ। ਅਸੀਮਾਨੰਦ ਦੇ ਫੜੇ ਜਾਣ ਨੇ ਕਈ ਗੁੰਝਲਾਂ ਹੋਰ ਖੋਲ੍ਹ ਦਿੱਤੀਆਂ। ਦਿੱਲੀ ਤੋਂ ਅਟਾਰੀ ਬਾਰਡਰ ਤੱਕ ਜਾਂਦੀ ਰੇਲ ਗੱਡੀ, ਜਿਸ ਨੂੰ ਆਮ ਬੋਲੀ ਵਿੱਚ ਲੋਕ 'ਸਮਝੌਤਾ ਐਕਸਪ੍ਰੈੱਸ' ਕਹਿ ਦੇਂਦੇ ਹਨ, ਵਿੱਚ 2007 ਵਿੱਚ ਜਿਹੜਾ 68 ਲੋਕਾਂ ਦੀ ਜਾਨ ਲੈਣ ਵਾਲਾ ਧਮਾਕਾ ਹੋਇਆ ਸੀ, ਉਸ ਦਾ ਖੁਲਾਸਾ ਵੀ ਅਸੀਮਾਨੰਦ ਦੀ ਗ੍ਰਿਫਤਾਰੀ ਨਾਲ ਹੋ ਗਿਆ ਕਿ ਇਹ ਵੀ ਓਸੇ ਟੋਲੇ ਦਾ ਕੰਮ ਸੀ, ਜਿਸ ਨੇ ਮਾਲੇਗਾਓਂ ਤੋਂ ਖੇਡ ਸ਼ੁਰੂ ਕੀਤੀ ਸੀ। ਕੁਝ ਦਿਨ ਆਰ ਐੱਸ ਐੱਸ ਆਗੂਆਂ ਨੇ ਫਿਰ ਓਹੋ ਮੁਹਾਰਨੀ ਪੜ੍ਹੀ ਕਿ ਐਵੇਂ ਵਿਚਾਰੇ ਸਾਧੂ ਨੂੰ ਖੱਜਲ ਕੀਤਾ ਜਾ ਰਿਹਾ ਹੈ, ਪਰ ਜਦੋਂ ਅਸੀਮਾਨੰਦ ਇਕਬਾਲੀਆ ਬਿਆਨ ਦੇਣ ਲੱਗ ਪਿਆ ਅਤੇ ਉਸ ਦੇ ਪਿੱਛੋਂ ਕੁਝ ਹੋਰ ਵੀ ਚਿਰਾਂ ਦੇ ਭਗੌੜੇ ਹੋਏ ਲੋਕ ਫੜੇ ਜਾਣ ਲੱਗੇ, ਆਪਣੇ ਆਪ ਨੂੰ ਦੁੱਧ-ਧੋਤੇ ਕਹਿਣ ਵਾਲਿਆਂ ਦੇ ਪੈਰ ਉੱਖੜ ਗਏ। ਇਹ ਭੁੱਲ ਕੇ ਕਿ ਹਾਲੇ ਪਿਛਲੇ ਹਫਤੇ ਉਨ੍ਹਾਂ ਅਸੀਮਾਨੰਦ ਦੀ ਪੈਰਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਹਿਲਾਂ ਉਹ ਇਹ ਕਹਿਣ ਤੁਰੇ ਕਿ ਉਸ ਤੋਂ ਪੁਲਸ ਏਦਾਂ ਦੇ ਬਿਆਨ ਦਿਵਾ ਰਹੀ ਹੈ ਤੇ ਫਿਰ ਉਸ ਨਾਲ ਆਪਣੇ ਸੰਬੰਧਾਂ ਤੋਂ ਮੁੱਕਰਨ ਲੱਗ ਪਏ। ਸੰਬੰਧਾਂ ਤੋਂ ਮੁੱਕਰਨਾ ਏਨਾ ਸੌਖਾ ਨਹੀਂ ਹੁੰਦਾ, ਜਿੰਨਾ ਕੁਝ ਲੋਕ ਸਮਝਦੇ ਹਨ। ਜਦੋਂ ਅਸੀਮਾਨੰਦ ਸ਼ੁੱਧੀ ਲਹਿਰ ਚਲਾ ਕੇ ਕਈ ਚਿਰ ਪਹਿਲਾਂ ਹਿੰਦੂ ਧਰਮ ਦਾ ਤਿਆਗ ਚੁੱਕੇ ਲੋਕਾਂ ਨੂੰ ਆਪਣੇ ਧਰਮ ਵਿੱਚ ਵਾਪਸ ਲਿਆਉਣ ਦੇ ਸਮਾਗਮ ਕਰਦਾ ਸੀ, ਓਦੋਂ ਆਰ ਐੱਸ ਐੱਸ ਦੇ ਲੀਡਰ ਉਸ ਦੇ ਸੱਦੇ ਉੱਤੇ ਜਾਂਦੇ ਹੁੰਦੇ ਸਨ। ਇਹ ਗੱਲ ਸਭ ਨੂੰ ਪਤਾ ਹੈ। ਹੁਣ ਜਦੋਂ ਉਹ ਕਹਿੰਦਾ ਹੈ ਕਿ ਉਹ ਆਤਮਾ ਦੀ ਆਵਾਜ਼ ਉੱਤੇ ਸਾਰਾ ਕੁਝ ਦੱਸ ਦੇਣਾ ਚਾਹੁੰਦਾ ਹੈ ਤਾਂ ਉਹ ਆਪਣੇ ਸੰਬੰਧਾਂ ਤੋਂ ਮੁੱਕਰਨ ਲੱਗ ਪਏ ਹਨ।
ਏਦਾਂ ਦੀਆਂ ਪਲਟੀਆਂ ਆਰ ਐੱਸ ਐੱਸ ਲੀਡਰਸ਼ਿਪ ਨੇ ਕੋਈ ਪਹਿਲੀ ਵਾਰੀ ਨਹੀਂ ਮਾਰੀਆਂ, ਕਈ ਵਾਰੀ ਪਹਿਲਾਂ ਵੀ ਮਾਰ ਚੁੱਕੀ ਹੈ। ਜਦੋਂ ਕਦੇ ਮਹਾਤਮਾ ਗਾਂਧੀ ਦੇ ਕਤਲ ਦੀ ਗੱਲ ਆਪਣੇ ਮੱਥੇ ਕਲੰਕ ਵਾਂਗ ਲੱਗੀ ਜਾਪੀ, ਉਹ ਇਸ ਨਾਲ ਸੰਬੰਧ ਨਾ ਹੋਣ ਦੀ ਦੁਹਾਈ ਪਾਉਂਦੇ ਸਨ, ਪਰ ਅੱਗੋਂ ਪਿੱਛੋਂ ਉਹ ਕਾਤਲਾਂ ਨਾਲ ਸਾਂਝ ਵੀ ਨਿਭਾਉਂਦੇ ਰਹੇ ਹਨ। ਕੇਂਦਰ ਵਿੱਚ ਨਰਸਿਮਹਾ ਰਾਓ ਸਰਕਾਰ ਵੇਲੇ ਜਦੋਂ ਰਾਜਾਂ ਵਿੱਚ ਭਾਜਪਾ ਚੜ੍ਹਤ ਵਿੱਚ ਆਉਣੀ ਸ਼ੁਰੂ ਹੋਈ ਅਤੇ ਬਾਬਰੀ ਮਸਜਿਦ ਢਾਹੇ ਜਾਣ ਦਾ ਜ਼ਿਕਰ ਵੀ ਮੋਰਚਾ ਤੋੜਨ ਵਾਂਗ ਕਰਦੀ ਸੀ, ਓਦੋਂ ਮਹਾਰਾਸ਼ਟਰ ਦੀ ਪਹਿਲੀ ਸ਼ਿਵ ਸੈਨਾ-ਭਾਜਪਾ ਸਰਕਾਰ ਬਣਨ ਉੱਤੇ ਨਾਗਪੁਰ ਵਿੱਚ ਇੱਕ ਸਮਾਗਮ ਕਰ ਕੇ ਗੋਪਾਲ ਗੌਡਸੇ ਨੂੰ ਸਨਮਾਨਤ ਕੀਤਾ ਗਿਆ ਸੀ। ਗੋਪਾਲ ਗੌਡਸੇ ਉਸ ਨੱਥੂ ਰਾਮ ਗੌਡਸੇ ਦਾ ਭਰਾ ਸੀ, ਜਿਸ ਨੂੰ ਗਾਂਧੀ ਦਾ ਮੁੱਖ ਕਾਤਲ ਹੋਣ ਕਰ ਕੇ 1949 ਵਿੱਚ ਫਾਂਸੀ ਟੰਗਿਆ ਗਿਆ ਸੀ ਤੇ ਗੋਪਾਲ ਗੌਡਸੇ ਦਾ ਇਹ ਸਨਮਾਨ ਇਸ ਦੀ ਆਪਣੇ 'ਧਰਮ ਲਈ ਸੇਵਾ' ਦੇ ਨਾਂਅ ਹੇਠ ਕੀਤਾ ਗਿਆ ਸੀ। ਆਖਰ ਉਹ 'ਸੇਵਾ' ਕਿਹੜੀ ਸੀ, ਜਿਸ ਲਈ ਉਸ ਨੂੰ ਸਨਮਾਨਤ ਕੀਤਾ ਗਿਆ ਸੀ, ਸਿਰਫ ਇਹੋ ਕਿ ਉਸ ਨੇ ਆਪਣੇ ਭਰਾ ਨਾਲ ਮਿਲ ਕੇ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਹਿੱਸਾ ਲਿਆ ਸੀ ਤੇ ਫਿਰ ਦੋ ਦਹਾਕੇ ਦੇ ਕਰੀਬ ਕੈਦ ਕੱਟਣ ਮਗਰੋਂ ਵੀ ਗਲਤੀ ਮੰਨਣ ਦੀ ਥਾਂ ਉਸ ਖੂਨੀ ਕਾਰੇ ਨੂੰ ਜਾਇਜ਼ ਠਹਿਰਾਉਣ ਲੱਗਾ ਰਿਹਾ ਸੀ, ਜਿਸ ਨਾਲ ਆਪਣੇ ਸੰਬੰਧਾਂ ਤੋਂ ਉਨ੍ਹਾਂ ਨੂੰ ਇਸ ਰਾਹ ਤੋਰਨ ਵਾਲੀ ਆਰ ਐੱਸ ਐੱਸ ਦੇ ਆਗੂ ਮੁੱਕਰਦੇ ਰਹਿੰਦੇ ਸਨ। ਜਿਹੜੀ ਆਰ ਐੱਸ ਐੱਸ ਗੋਪਾਲ ਗੌਡਸੇ ਅਤੇ ਨੱਥੂ ਰਾਮ ਗੌਡਸੇ ਦੇ ਸੰਬੰਧ ਵਿੱਚ ਮੌਕੇ ਮੁਤਾਬਕ ਬਦਲਵੇਂ ਪੈਂਤੜੇ ਮੱਲ ਸਕਦੀ ਹੈ, ਉਹ ਅੱਜ ਸਾਧਵੀ ਪ੍ਰਗਿਆ ਸਿੰਘ ਜਾਂ ਸਵਾਮੀ ਅਸੀਮਾਨੰਦ ਦੇ ਸਵਾਲ ਉੱਤੇ ਪਲਟੀਆਂ ਕਿਉਂ ਨਾ ਮਾਰੇਗੀ?
ਸਵਾਲ ਅੱਜ ਦੇਸ਼ ਦੇ ਸਾਹਮਣੇ ਇਹ ਹੈ ਕਿ ਆਰ ਐੱਸ ਐੱਸ ਲੀਡਰ ਆਖਰ ਕਰਨਾ ਕੀ ਚਾਹੁੰਦੇ ਹਨ? ਉਨ੍ਹਾਂ ਨੂੰ ਕਚੀਚੀਆਂ ਬਹੁਤ ਆਉਂਦੀਆਂ ਹਨ, ਜਦੋਂ ਕੋਈ ਦਿਗਵਿਜੇ ਸਿੰਘ ਕਹਿ ਦੇਵੇ ਕਿ ਭਗਵਾ ਅੱਤਵਾਦ ਵੀ ਭਾਰਤੀ ਸਮਾਜ ਅੰਦਰ ਜ਼ਹਿਰ ਫੈਲਾ ਰਿਹਾ ਹੈ, ਪਰ ਸੱਚ ਤਾਂ ਸੱਚ ਹੀ ਰਹਿਣਾ ਹੈ। ਆਰ ਐੱਸ ਐੱਸ ਨਾਲ ਜੁੜੇ ਰਹੇ ਲੋਕ ਜਦੋਂ ਮਾਲੇਗਾਓਂ, ਹੈਦਰਾਬਾਦ ਅਤੇ ਅਜਮੇਰ ਦੇ ਬਾਅਦ ਸਮਝੌਤਾ ਐਕਸਪ੍ਰੈੱਸ ਦੇ ਧਮਾਕੇ ਵਿੱਚ ਵੀ ਦੋਸ਼ੀ ਨਿਕਲ ਰਹੇ ਹਨ ਤਾਂ ਇਹ ਕਹਿਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਕਿ ਇਸ ਵਿੱਚ ਇਸ ਸੰਗਠਨ ਦਾ ਕੋਈ ਹੱਥ ਨਹੀਂ। ਜੇ ਹੱਥ ਨਹੀਂ ਵੀ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਇਹ ਕੰਮ ਕਰਨ ਵੇਲੇ ਸੰਗਠਨ ਤੋਂ ਵੱਖ ਹੋ ਚੁੱਕੇ ਵੀ ਮੰਨ ਲਈਏ ਤਾਂ ਸਵਾਲ ਫਿਰ ਖੜਾ ਹੈ ਕਿ ਹੋਰ ਵੀ ਕਈ ਹਿੰਦੂ ਸੰਗਠਨ ਹਨ, ਏਦਾਂ ਦੇ ਕਾਰੇ ਕਰਨ ਵਾਲੇ ਸਾਰੇ ਮੁਲਜ਼ਮ ਸਿਰਫ ਆਰ ਐੱਸ ਐੱਸ ਨਾਲ ਕਦੇ ਨਾ ਕਦੇ ਜੁੜੇ ਰਹੇ ਹੀ ਕਿਉਂ ਨਿਕਲਦੇ ਹਨ? ਕੀ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਅੰਦਰ ਆਪਣੇ ਕੇਡਰ ਨੂੰ ਜਨੂੰਨ ਦੀ ਪੁੱਠ ਚਾੜ੍ਹੀ ਜਾਂਦੀ ਹੈ, ਜਿਹੜੀ ਅੱਗੇ ਜਾ ਕੇ ਉਨ੍ਹਾਂ ਨੂੰ ਕੁਝ ਇਹੋ ਜਿਹਾ ਕਰਨ ਨੂੰ ਉਕਸਾਉਂਦੀ ਹੈ, ਜਿਸ ਦੇ ਨਤੀਜੇ ਵਜੋਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ।
ਅਜੇ ਤਾਂ ਇੱਕ ਸਵਾਲ ਹੋਰ ਵੀ ਹੈ, ਜਿਸ ਦਾ ਜਵਾਬ ਕਿਸੇ ਨੇ ਮੰਗਿਆ ਨਹੀਂ ਤੇ ਉਹ ਇਹ ਕਿ ਜਸਵੰਤ ਸਿੰਘ ਨੇ ਜਦੋਂ ਇੱਕ ਕਿਤਾਬ ਦੋ ਸਾਲ ਪਹਿਲਾਂ ਮੁਹੰਮਦ ਅਲੀ ਜਿਨਾਹ ਬਾਰੇ ਲਿਖੀ ਅਤੇ ਜਿਸ ਨੂੰ ਪੜ੍ਹਨ ਬਗੈਰ ਹੀ ਉਸ ਨੂੰ ਭਾਜਪਾ ਵਿੱਚੋਂ ਕੱਢ ਦਿੱਤਾ ਗਿਆ ਸੀ, ਉਸ ਪਿੱਛੇ ਕਹਾਣੀ ਕੀ ਸੀ? ਜਸਵੰਤ ਸਿੰਘ ਸਾਰੀ ਉਮਰ ਭਾਜਪਾ ਦਾ ਫਰਮਾ-ਬਰਦਾਰ ਰਿਹਾ ਸੀ, ਪਰ ਓਦੋਂ ਉਸ ਨੂੰ ਪਾਰਟੀ ਵਿੱਚੋਂ ਤਾਂ ਕੱਢਿਆ ਹੀ ਗਿਆ, ਪਾਰਲੀਮੈਂਟ ਵਿੱਚ ਉਸ ਦੀ ਚੇਅਰਮੈਨੀ ਵਾਲੀ ਕਮੇਟੀ ਵਿੱਚ ਜਾਣ ਤੋਂ ਵੀ ਭਾਜਪਾ ਆਗੂਆਂ ਨੂੰ ਰੋਕ ਦਿੱਤਾ ਗਿਆ ਸੀ। ਅੱਜ ਉਹ ਫਿਰ ਓਸੇ ਪਾਰਟੀ ਵਿੱਚ ਨਾ ਸਿਰਫ ਲੀਡਰ ਹੈ, ਸਗੋਂ ਦੂਜੀਆਂ ਪਾਰਟੀਆਂ ਨਾਲ ਤਾਲਮੇਲ ਦਾ ਇੰਚਾਰਜ ਬਣਾਇਆ ਗਿਆ ਹੈ। ਆਖਰ ਉਸ ਨੂੰ ਕੱਢਿਆ ਕਿਉਂ ਗਿਆ ਅਤੇ ਫਿਰ ਉਸ ਨੂੰ ਵਾਪਸ ਕਿਉਂ ਲਿਆ ਗਿਆ? ਸਾਰੀ ਕਿਤਾਬ ਜਦੋਂ ਹਾਲੇ ਆਰ ਐੱਸ ਐੱਸ ਲੀਡਰਾਂ ਨੇ ਵੀ ਨਹੀਂ ਸੀ ਪੜ੍ਹੀ, ਓਦੋਂ ਉਸ ਨੂੰ ਪੜ੍ਹ ਕੇ ਸਭ ਤੋਂ ਪਹਿਲਾਂ ਅਸੀਂ ਹੀ ਲਿਖਿਆ ਸੀ ਕਿ ਉਸ ਨੂੰ ਕੱਢੇ ਜਾਣ ਦਾ ਕਾਰਨ ਇਹ ਹੈ ਕਿ ਉਸ ਨੇ ਅੰਗਰੇਜ਼ ਰਾਜ ਦੌਰਾਨ ਹੋਏ ਉਨ੍ਹਾਂ ਹਿੰਦੂ-ਮੁਸਲਿਮ ਫਸਾਦਾਂ ਦੀ ਪੋਲ ਖੋਲ੍ਹ ਦਿੱਤੀ ਸੀ, ਜਿਹੜੇ ਪਿੱਛੋਂ ਪਾਕਿਸਤਾਨ ਦੀ ਕਾਇਮੀ ਦਾ ਆਧਾਰ ਬਣੇ ਸਨ। ਹਿਦੂ ਮਹਾਂ ਸਭਾ ਦੇ ਜਿਸ ਆਗੂ ਨੂੰ ਦਿੱਲੀ ਦੀ ਜਾਮਾ ਮਸਜਿਦ ਵਿੱਚ ਬੁਲਾ ਕੇ ਬੋਲਣ ਦਾ ਮੌਕਾ ਦਿੱਤਾ ਗਿਆ ਸੀ, ਅਤੇ ਇਹ ਮੌਕਾ ਪ੍ਰਾਪਤ ਕਰਨ ਵਾਲਾ ਉਹ ਇਕੱਲਾ ਗੈਰ ਮੁਸਲਿਮ ਆਗੂ ਸੀ, ਉਸ ਨੇ ਦੋ ਸਾਲ ਵੀ ਨਾ ਲੰਘਣ ਦਿੱਤੇ ਤੇ ਅਜੋਕੇ ਪਾਕਿਸਤਾਨ ਵਾਲੇ ਇਲਾਕੇ ਵਿੱਚ ਜਾ ਕੇ ਮੁਸਲਮਾਨਾਂ ਨੂੰ 'ਸ਼ੁੱਧ' ਕਰ ਕੇ ਹਿੰਦੂ ਬਣਾਉਣ ਦੀ ਮੁਹਿੰਮ ਵਿੱਢ ਦਿੱਤੀ ਤੇ ਦੰਗੇ ਹੋਣ ਦਾ ਰਾਹ ਪੱਧਰਾ ਕੀਤਾ ਸੀ। ਜਸਵੰਤ ਸਿੰਘ ਤੋਂ ਜਾਣੇ-ਅਣਜਾਣੇ ਇਹ ਭੇਦ ਵੀ ਸਬੂਤਾਂ ਸਮੇਤ ਆਪਣੀ ਕਿਤਾਬ ਵਿੱਚ ਜ਼ਾਹਰ ਹੋ ਗਿਆ ਕਿ ਇਹ ਲੋਕ ਆਪਣੇ ਮੁੱਢਲੇ ਦਿਨਾਂ ਤੋਂ ਅੰਗਰੇਜ਼ ਦਾ ਸਾਹ ਸੌਖਾ ਕਰਨ ਲਈ ਆਹ ਕੁਝ ਕਰਦੇ ਰਹੇ ਹਨ। ਇਸ ਦੀ ਉਸ ਨੂੰ ਸਜ਼ਾ ਦਿੱਤੀ ਗਈ, ਪਰ ਗੱਲ ਠੰਢੀ ਪਈ ਤੋਂ ਜਦੋਂ ਉਹ ਇਹ ਰਾਗ ਮੁੜ ਕੇ ਨਾ ਛੇੜਨਾ ਮੰਨ ਗਿਆ ਤਾਂ ਸਿਰਫ ਇੱਕ ਸਾਲ ਦੇ ਅੰਦਰ ਉਸ ਨੂੰ ਫਿਰ ਪਾਰਟੀ ਦਾ ਮੁਹਰੈਲ ਬਣਾ ਦਿੱਤਾ ਗਿਆ।
ਹੁਣ ਜਦੋਂ ਆਰ ਐੱਸ ਐੱਸ ਦੀ ਲੀਡਰਸ਼ਿਪ ਆਪਣੇ ਆਪ ਨੂੰ ਬੇਦੋਸ਼ਾ ਸਾਬਤ ਕਰਨ ਲਈ ਮਜਬੂਰ ਹੋਈ ਪਈ ਹੈ, ਉਸ ਲਈ ਇਹ ਕੰਮ ਏਨਾ ਸੌਖਾ ਨਹੀਂ ਹੋਣਾ। ਆਪਣੇ ਜਨਮ ਦੇ ਵਕਤ ਤੋਂ ਆਰ ਐੱਸ ਐੱਸ ਦਾ ਰਿਕਾਰਡ ਜਦੋਂ 'ਹਰ ਮੱਸਿਆ ਬਦਨਾਮੀ' ਵਾਲਾ ਰਿਹਾ ਹੈ ਤਾਂ ਸਦੀਆਂ ਤੋਂ ਆਪਣੀਆਂ ਵਿਲੱਖਣ ਕਦਰਾਂ-ਕੀਮਤਾਂ ਲਈ ਜਾਣੇ ਜਾਂਦੇ ਇਸ ਦੇਸ਼ ਦੇ ਲੋਕ ਉਸ ਦੀ ਮਾਸੂਮੀਅਤ ਦੇ ਪ੍ਰਗਟਾਵੇ ਤੋਂ ਪ੍ਰਭਾਵਤ ਕਿਵੇਂ ਹੋ ਜਾਣਗੇ

No comments:

Post a Comment