ਆਪ ਦੀਆਂ ਕੁਝ ਬਾਪ ਦੀਆਂ…(3)

ਮਾ: ਜੀ ਸਿੱਧੂ ਹਿੰਮਤਪੁਰਾ
ਜੰਟਾ ਪਿੰਡ ਦਾ ਇੱਕ ਸਧਾਰਣ ਮੁੰਡਾ ਸੀ। ਨਾ ਬਹੁਤਾ ਚਲਾਕ ਨਾ ਬਹੁਤਾ ਸਿੱਧਾ। ਗਰੀਬ ਕਿਰਸਾਣੀ 'ਚ ਜੰਮਿਆ ਪੱਲਿਆ ਵੱਡਾ ਹੋਇਆ, ਠੀਕ ਉਮਰ ਵਿੱਚ ਹੀ ਵਿਆਹ ਹੋ ਗਿਆ। ਉਪਰੋ ਥਲੀ ਤਿੰਨ ਜੁਆਕ। ਜਮੀਨ ਥੋੜੀ, ਟੱਬਰ ਵੱਡਾ ਹੁੰਦਾ ਗਿਆ ਅਤੇ ਗੁਜ਼ਾਰਾ ਵੀ ਦਿਨੋ ਦਿਨ ਮੁਸ਼ਕਲ ਹੁੰਦਾ ਗਿਆ। ਵਾਹੀ ਤੋਂ ਬਿਨਾ ਕੰਮ ਕੋਈ ਆਵੇ ਨਾ, ਵਾਹੀ 'ਚੋਂ ਵਧਦੀ ਮਹਿੰਗਾਈ ਕਾਰਣ ਬਚਣ-ਬਚਾਉਣ ਨੂੰ ਕੁੱਝ ਨਾ। ਰਾਤ ਦਿਨ ਪਿਆ ਸਕੀਮਾ ਲੜਾਂਉਦਾ ਰਹਿੰਦਾ, ਪਰ ਸਕੀਮਾਂ ਵੀ ਰੁਪਏ ਪੈਸੇ ਨਾਲ ਹੀ ਸਿਰੇ ਚੜਦੀਆਂ। ਇੱਕ ਦਿਨ ਪਏ ਪਏ ਨੇ ਸੋਚਿਆ ਬੀਰ੍ਹੇ ਬਲੈਕੀਏ ਨਾਲ ਮਿਲਕੇ ਵੇਖੀਏ ਕੀ ਕਹਿੰਦਾ। ਭਾਵੇ ਇਹੋ ਜਿਹੇ ਕੰਮ ਦਾ ਨਾ ਉਹਨੂੰ ਕੋਈ ਤਜਰਬਾ ਸੀ ਨਾ ਉਸਦਾ ਮਨ ਮੰਨਦਾ ਸੀ, ਪਰ ਮਰਦਾ ਕੀ ਨੀ ਕਰਦਾ। ਜੁਆਕਾਂ ਦੀ ਭੁੱਖ ਵੀ ਵੇਖਣੀ ਮੁਸਕਲ ਸੀ। 'ਹਾਰਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਕ ਚੱਬਿਆ' ਵਾਲੀ ਗੱਲ ਸੀ।
'ਤਾਇਆ ਘਰੇ ਈ ਐ?'
'ਲੰਘਿਆ ਵਈ ਕਿਹੜਾ? ਘਰੇ ਈ ਆਂ। ਹਾਂ ਦੱਸ ਕੀ ਕੰਮ ਐ।'
'ਮੈ ਵਿਹਲਾ ਸੀ ਸੋਚਿਆ ਤਾਏ ਦੇ ਦਰਸ਼ਨ ਹੀ ਕਰ ਆਈਏ'
'ਚੰਗਾ ਕੀਤਾ ਸ਼ੇਰਾ, ਹੋਰ ਸੁਣਾ ਮਹੈਣ ਸਾਰਾ ਤਕੜਾ, ਬੱਚੇ ਰਾਜੀ ਖੁਸ਼ ਐ'
'ਸਭ ਠੀਕ ਐ ਰੱਬ ਦੀ ਮੇਹਰ ਐ' ਕਹਿਣ ਨੂੰ ਤਾਂ ਜੰਟਾ ਕਹਿ ਗਿਆ ਪਰ ਉਸਦਾ ਲੰਬਾ ਹੌਂਕਾ ਨਿਕਲ ਗਿਆ
ਤੁਰੇ ਫਿਰੇ ਵੈਲੀ ਬੰਦੇ ਤਾਂ ਦੂਰੋਂ ਤੁਰੇ ਆਉਦੇ ਬੰਦੇ ਦੀ ਤੋਰ ਪਛਾਣਕੇ ਹੀ ਦੱਸ ਦੇਣ ਬੰਦਾ ਕਿੱਧਰੋਂ ਆਇਆ ਕਿੱਧਰ ਨੂੰ ਜਾਣਾ ਪਰ ਜੰਟੇ ਦੀ ਤਾਂ ਰਗ ਰਗ ਕਹਾਣੀਆਂ ਪਾਈ ਜਾਂਦੀ ਸੀ
'ਤਾਇਆ ਯਾਰ ਮੇਰਾ ਵੀ ਕੋਈ ਕੰਮ ਦਾ ਜੁਗਾੜ ਕਰਦੇ, ਜੁਆਕ ਭੁੱਖੇ ਮਰਦੇ ਐ'
'ਭਾਰ ਭੂਰ ਚੱਕ ਲਿਆ ਕਰੇਂਗਾ ਤਾਂ ਆਪਣੇ ਇੱਕ ਆੜੀ ਦੀ ਪਸ਼ੂਆਂ ਦੀ ਖੁਰਾਕ ਬਣਾਉਣ ਦੀ ਫੈਕਟਰੀ ਐ ਬਰਨਾਲੇ, ਵੇਖ ਲੈ ਅੱਜ ਈ ਗੱਲ ਕਰ ਲੈਨੇ ਆਂ'
'ਤਾਇਆ ਭਾਰ ਚੁੱਕਣ ਵਾਲਾ ਸਰੀਰ ਕਿਥੇ ਐ ਕੋਈ ਹੌਲਾ ਜਿਹਾ ਕੰਮ ਵੇਖ, ਮਾਰਕੇ ਨਿਗ੍ਹਾ'
ਬੀਰ੍ਹਾ ਬਲੈਕੀਆ ਤਾਂ ਪਹਿਲੀ ਨਜਰੇ ਹੀ ਤਾੜ ਗਿਆ ਸੀ, ਇਹ ਆਇਆ ਕਿਹੜੇ ਕੰਮ ਐ। ਉਹ ਤਾਂ ਉਹਦੇ ਮੂੰਹਂੋ ਕਹਾਉਣਾ ਚਾਹੁੰਦਾ ਸੀ।
'ਤੇਰਾ, ਤੋਰੇ ਫੇਰੇ ਜੇ ਵਾਲਾ ਕੰਮ ਕਰਦਿਆ ਕਰੂੰ'
'ਵੇਖ ਲੈ ਸ਼ੇਰਾ ਇਹ ਕੰਮ ਐਨਾ ਸੁਖਾਲਾ ਨੀ ਜਿਨਾ ਤੂੰ ਸਮਝੀ ਬੈਠਾ ਹੋਵਂ।ੇ ਇਹ ਤਾਂ ਅਣ-ਸਰਦੇ ਦਾ ਸਾਰ ਐ'
'ਪਰ ਤਾਇਆ ਹੋਰ ਕਰਾਂ ਵੀ ਕੀ, ਮੈਂਨੂੰ ਤਾਂ ਕੁੱਝ ਸਮਝ ਜਿਹੀ ਨਹੀ ਆਉਂਦੀ'
'ਵੇਖ ਲੈ ਫੇਰ ਮੇਰੇ ਜੁਆਕਾਂ ਨੂੰ ਪਿੱਟੀ ਜਾਵੇਂ ਕਿ ਕਿੱਥੇ ਤਾਏ ਨੇ ਫਸਾਤੇ'
'ਤਾਇਆ ਜਦੋਂ ਉਖਲੀ ਵਿੱਚ ਸਿਰ ਦੇਤਾ ਫਿਰ ਮੋਲ੍ਹਿਆਂ ਦਾ ਕੀ ਡਰ'
'ਤੇਰੀ ਮਰਜੀ ਐ। ਫਿਰ ਵੀ ਸਾਡੇ ਪੁਰਾਣੇ ਬੇਲੀ ਦਾ ਮੁੰਡਾ, ਜੁਆਬ ਤਾਂ ਤੈਨੂੰ ਦੇ ਨੀ ਸਕਦੇ'
'ਕੱਲ ਆਜੀ ਤੈਨੂੰ ਕੰਮ ਸਮਝਾ ਦਿਊਂ, ਥਾਂ ਠਕਾਣੇ ਦੱਸ ਦਿਊਂ, ਚੰਗੀਆਂ ਮੰਦੀਆਂ ਸਾਮੀਆਂ ਬਾਰੇ ਚਾਨਣ ਪਾਦੂੰ, ਤੂੰ ਕੰਮ ਸਟਾਟ ਕਰਦੀਂ। ਰੱਬ ਭਲੀ ਕਰੂ'
'ਚੰਗਾ ਫਿਰ ਤਾਇਆ ਚਲਦਾਂ ਅੱਜ, ਕੱਲ ਮਿਲਦੇ ਆਂ, ਸੱਚ ਕਦੋਂ ਕੁ ਆਵਾਂ'
'ਸਾਝਰੇ ਹੀ। ਸੱਚ, ਚੰਗੇ ਕਪੜੇ ਲੱਤੇ ਪਾਕੇ ਆਈ। ਚੰਗੀ ਪੋਚਵੀ ਜੀ ਪੱਗ ਬੰਨ ਕੇ, ਐਂ ਲੱਗੇ ਜਿਵੇਂ ਸਹੁਰੀਂ ਚੱਲਿਆਂ ਹੋਵੇ।
ਦੂਸਰੇ ਹੀ ਦਿਨ ਜੰਟਾ ਚੰਗੇ ਲੀੜੇ ਲੱਤੇ ਪਾਕੇ ਬੀਰ੍ਹੇ ਬਲੈਕੀਏ ਦੇ ਘਰ ਚਲਾ ਗਿਆ। ਉਸਦੇ ਘਰ ਵਾਲੀ ਨੇ ਪੁੱਛਿਆ ਵੀ ਪਰ ਟਾਲ ਮਟੋਲਾ ਕਰ ਗਿਆ। 'ਐਥੇ ਹੀ ਚੱਲਿਆਂ। ਹੁਣੇ ਆ ਜਾਨਾ ਤੂੰ ਮਾਲ ਡੰਗਰ ਦਾ ਖਿਆਲ ਰੱਖੀਂ, ਪੱਠੇ ਮੈਂ ਆਕੇ ਵੱਢ ਲਿਆਉਂ'
'ਆ ਗਿਆ ਵਈ ਜੰਟਿਆ, ਬੜਾ ਟੈਮ ਸਿਰ ਤਿਆਰ ਹੋ ਗਿਆ।'
'ਬੱਸ ਬਜੁਰਗੋ ਤੁਹਾਥੋਂ ਹੀ ਸਿੱਖਿਆ, ਕੰਮ ਜਿਹੜਾ ਟਇਮ ਸਿਰ ਹੋਜੇ ਓਹਦੇ ਵਰਗੀ ਰੀਸ ਨੀ, ਮੈਂ ਕਿਹਾ ਤਾਇਆ ਕਿਤੇ ਪਹਿਲੇ ਦਿਨ ਹੀ ਗੁੱਸੇ ਨਾ ਹੋਜੇ'
'ਆਜਾ ਫਿਰ ਲੰਘਿਆ ਸਬ੍ਹਾਤ ਵਿੱਚ ਕਰੀਏ ਤਿਆਰੀਆਂ।'
ਉਸਨੇ ਅਫੀਮ ਦੇ ਬਣਾਏ ਹੋਏ ਕੁੱਝ ਪੈਕਟ ਇੱਕ ਝੋਲੇ 'ਚ ਪਾਏ ਅਤੇ ਉਪਰ ਕੁੱਝ ਪਤਾਸਿਆਂ ਦੇ ਲਫਾਫੇ ਰੱਖ ਲਏ, ਆਹ ਸਾਂਭ ਤੇ ਪੱਗ ਲਾਹ। ਉਸਨੇ ਜੰਟੇ ਦੀ ਪੱਗ ਦੀ ਪੂਣੀ ਕਰਨ ਲਈ ਇੱਕ ਪਾਸਿਓ ਫੜ ਲਈ ਤੇ ਦੋ ਕੁ ਗੇੜੇ ਦੇਕੇ ਉਸ ਵਿੱਚ ਵੀ ਲੰਮੇ ਲੋਟ ਬਣਾਈ ਹੋਈ ਅਫੀਮ ਦੀ ਪੈਕਿੰਗ ਨੂੰ ਲਪੇਟ ਦਿੱਤਾ ਤੇ ਜੰਟੇ ਨੂੰ ਦੁਬਾਰਾ ਆਪਣੇ ਮੁਤਾਬਕ ਪੱਗ ਬੰਨਣ ਲਈ ਕਿਹਾ। ਜਿਹੜੀ ਜੰਟੇ ਨੇ ਬੜੀ ਸਾਵਧਾਨੀ ਨਾਲ ਬੀਰ੍ਹੇ ਦੀ ਮੱਦਦ ਨਾਲ ਬੰਨ੍ਹ ਲਈ।
'ਲੈ ਭਾਗਮਾਨੇ ਕੈੜੀ ਜਿਹੀ ਚਾਹ ਬਣਾਦੇ,' ਬੀਰ੍ਹੇ ਨੇ ਆਪਣੇ ਘਰ ਵਾਲੀ ਨੂੰ ਕਿਹਾ।
'ਲੈ ਵਈ ਜੰਟਿਆ ਅਬਲ ਤਾਂ ਰੱਬ ਦੀ ਕਿਰਪਾ ਨਾਲ ਕੋਈ ਮਿਲਦਾ ਨੀ। ਚਾਣ ਚੱਕ ਮਿਲਜੇ ਘਬਰਾਉਣਾ ਨੀ, ਕਹਿਣਾ ਰੱਬ ਨੇ ਮਸਾ ਤਿੰਨ ਕੁੜੀਆਂ ਬਾਅਦ ਮੁੰਡਾ ਦਿੱਤਾ। ਕੁੜੀਆਂ ਨੂੰ ਸਗਨ ਦੇਣ ਚੱਲੇ ਆਂ'।
ਏਨੇ ਨੂੰ ਚਾਹ ਆ ਗਈ ਬੀਰ੍ਹੇ ਨੇ ਅਫੀਮ ਦਾ ਮਾਵਾ ਤੋੜਕੇ ਮੂੰਹ 'ਚ ਪਾਲਿਆ ਤੇ ਓਸਤੋਂ ਅੱਧਾ ਜੰਟੇ ਵੱਲ ਨੂੰ ਵਧਾ ਦਿੱਤਾ। 'ਨਹੀ ਤਾਇਆ ਮੈਂ ਤਾਂ ਕਿਤੇ ਖਾਧਾ ਨੀ। ਕੀ ਕਹਿਣਾ; ਕਦੇ ਕਹੀ ਕੁਹੀ ਦੇ ਕੰਮ ਵਾਲੇ ਦਿਨ ਮੂੰਹ 'ਚ ਪਾ ਲਿਆ ਹੋਵੇ'
'ਓਏ ਖਾਲੈ, ਐਨੇ ਨਾਲ ਸਫਰ ਚੰਗਾ ਲੰਘ ਜੂ, ਨਹੀ ਪਿੱਛੇ ਊਂਘੀ ਜਾਵੇਗਾ'
'ਲਿਆ ਤਾਇਆ ਤੂੰ ਕਿਹੜਾ ਨਿੱਤ ਨਿੱਤ ਕਹਿਣਾ, ਫੇਰ ਕਹੇਗਾ ਮੁੰਡਾ ਆਖੇ ਨੀ ਲੱਗਦਾ। ਉਸਨੇ ਚਾਹ ਦੀ ਘੁੱਟ ਨਾਲ ਅਫੀਮ ਅੰਦਰ ਲੰਘਾ ਲੀ'
'ਸਮਾਨ ਆਪਣਾ ਸਕੂਟਰ ਦੀ ਟੋਕਰੀ 'ਚ ਰੱਖ ਲੈ, ਪੂਰੇ ਧਿਆਨ ਨਾਲ ਬੈਠੀਂ। ਸਾਰੇ ਪਿੰਡਾਂ ਦਾ ਖਿਆਲ ਰੱਖੀਂ। ਫਿਰ ਹਰੇਕ ਬੀਹੀ ਦਾ ਤੇ ਘਰ ਦਾ, ਊਂ ਥੋਡੀਆਂ ਏਧਰ ਸਕੀਰੀਆਂ ਵੀ ਕਈ ਨੇ'
'ਤੂੰ ਫਿਕਰ ਨਾ ਮੰਨ। ਜਿਥੋਂ ਦੀ ਆਪਾ ਇੱਕ ਵਾਰੀ ਲੰਘ ਗੇ ਉਹ ਨਾ ਭੁੱਲਗੇ ਭਾਵੇਂ ਦਸਾਂ ਸਾਲਾਂ ਬਾਅਦ ਅੱਖਾਂ ਬੰਨਕੇ ਲੰਘਾ ਦੀਂ।'
ਉਹ ਸਾਰਾ ਦਿਨ ਮਾਲ ਵੰਡਦ,ੇ ਪੈਸੇ ਉਗਰਾਉਂਦੇ, ਚਾਹਾਂ ਪੀਦੇ ਅਮਲੀਆਂ ਦੀਆਂ ਚੱਕਵੀਆਂ ਤੋਂ ਚੱਕਵੀਆਂ ਗੱਲਾਂ ਸੁਣਦੇ ਸਾਰਾ ਕੰਮ ਨਿਪਟਾਕੇ ਆਥਣ ਨੂੰ ਘਰ ਆ ਗਏ।
ਥੋੜੇ ਦਿਨਾ ਵਿੱਚ ਹੀ ਜੰਟਾ ਪੂਰਾ ਸੂਹਾਂ ਹੋ ਗਿਆ। ਨਵੀਆਂ ਸਾਮੀਆਂ ਬਣਾਉਣ ਵਿੱਚ ਵੀ ਚੰਗੀ ਚੁਸਤੀ ਵਿਖਾਣ ਲੱਗ ਪਿਅ। ਬੀਰ੍ਹੇ ਤੋਂ ਬਾਹਰੇ ਬਾਹਰ ਇੱਕ ਰੋਡਵੇਜ ਦੇ ਡਰਾਇਵਰ ਨਾਲ ਆੜੀ ਪਾ ਲਈ। ਓਹਤੋਂ ਰਾਜਸਥਾਨ 'ਚੋ ਅਫੀਮ ਦਾ ਦੁੱਧ ਮੰਗਾ ਲਿਆ ਕਰੇ ਵਿੱਚ ਬੌਰਨਵੀਟਾ 'ਤੇ ਹੋਰ ਨਿੱਕ-ਸੁਕ ਪਾਕੇ ਅਫੀਮ ਬਣਾਕੇ ਆਪਣੇ ਨਵੇਂ ਬਣਾਏ ਗਾਹਕਾਂ ਨੂੰ ਸਪਲਾਈ ਕਰਨੀ ਸਰੂ ਕਰ ਦਿੱਤੀ। ਉਹ ਸਾਰਾ ਮੁਨਾਫਾ ਸਿੱਧਾ ਉਸਦੇ ਆਪਣੇ ਕੋਲ ਆਉਣ ਕਰਕੇ ਉਹ ਜਲਦੀ ਚੰਗੀ ਰੋਟੀ ਖਾਣ ਲੱਗ ਿਪਆ, ਪਰ ਇਸ ਸਾਰੇ ਕੁਝ ਦੀ ਉਸਨੇ ਬੀਰ੍ਹੇ ਨੂੰ ਭਿਣਕ ਨਾ ਪੈਣ ਦਿੱਤੀ। ਛੇਤੀ ਹੀ ਉਸਨੇ ਸਕੂਟਰ ਲੈ ਲਿਆ ਤੇ ਬੱਸਾਂ ਤੇ ਜਾਣ ਵਾਲਾ ਫਾਹਾ ਵੱਢ ਦਿੱਤਾ, ਇਸ ਨਾਲ ਕੰਮ ਛੇਤੀ ਨਿਬੜ ਜਾਂਦਾ ਤੇ ਵੱਧ ਤੌਂ ਚੱਧ ਗਾਹਕ ਭੁਗਤਾਉਣ ਲੱਗ ਪਿਆ। ਪਰ ਬੀਰ੍ਹੇ ਦੀ ਇੱਕ ਗੱਲ ਉਸਨੇ ਪੱਲੇ ਬੰਨੀ ਰੱਖੀ ਕਿ ਪਿੰਡ 'ਚ ਕਿਸੇ ਨੂੰ ਅਫੀਮ ਨਾ ਵੇਚੀਂ। ਉਸਨੇ ਦੋ ਕੁ ਸਾਲਾਂ ਵਿੱਚ ਹੀ ਚੰਗੀ ਕਮਾਈ ਕਰ ਲਈ। ਪੈਸੇ ਭਾਵੇਂ ਉਸ ਕੋਲ ਸਨ ਪਰ ਉਸਨੇ ਉਹਨਾ ਨੂੰ ਕਿਸੇ ਨੂੰ ਸੋæ ਨਹੀ ਹੋਣ ਦਿੱਤਾ। ਉਸਨੇ ਘਰ ਵੀ ਪਾ ਲਿਆ ਪਰ ਬੀਰ੍ਹੇ ਦੇ ਆੜਤੀਏ ਤੋਂ ਪੈਸੇ ਵਿਆਜੂ ਫੜਕੇ। ਘਰ ਵਾਲੀ ਤੇ ਜੁਆਕਾਂ ਦੇ ਰਹਿਣ ਸਹਿਣ ਵਿੱਚ ਕਾਫੀ ਅੰਤਰ ਆ ਗਿਆ ਸੀ। ਬੱਚੇ ਚੰਗੇ ਅੰਗਰੇਜੀ ਸਕੂਲ ਜਾਣ ਲੱਗ ਪਏ। ਪਸੂਆਂ ਨੂੰ ਵੇਚ ਵੱਟਕੇ ਉਸਨੇ ਮੁੱਲ ਦਾ ਦੁੱਧ ਪੀਣਾ ਸਰੂ ਕਰ ਦਿੱਤੇ। ਇਸ ਤਰਾਂ ਕਰਨ ਨਾਲ ਬਾਹਰ ਜਾਣ ਆਉਣ ਦੀ ਸਹੂਲਤ ਵੱਧਗੀ 'ਤੇ ਪੱਠੇ ਦੱਥੇ ਲਿਆਉਣ ਦਾ ਝੰਜਟ ਮੁੱਕ ਗਿਆ।
ਵੋਟਾਂ ਦਾ ਰੌਲਾ ਪਿਆ, ਜੰਟੇ ਵਰਗਿਆਂ ਦੀ ਹੋਰ ਚਾਂਦੀ ਬਣਗੀ। ਪਰ ਸਰਕਾਰ ਬਦਲ ਗਈ, ਅਫਸਰ ਬਦਲ ਗਏ। ਇੱਕ ਦਿਨ ਬੀਰ੍ਹੇ ਨੇ ਜੰਟੇ ਨੂੰ ਘਰ ਸੱਦਿਆ।
'ਵੇਖ ਸਾਰੇ ਖਸ਼ਮ ਨਵੇ ਆ ਗਏ। ਹੁਣ ਜਿੰਨਾ ਚਿਰ ਕੋਈ ਜਾਣ ਪਹਿਚਾਣ ਵਾਲਾ ਅਫਸਰ ਨੀ ਮਿਲਦਾ ਓਨਾ ਚਿਰ ਚੁੱਪ ਕਰਕੇ ਰੁੱਖੀ ਮਿੱਸੀ ਖਾ ਕੇ ਗੁਜਾਰਾ ਕਰ, ਫਿਰ ਜਦੋਂ ਕੋਈ ਗੱਲ ਥੈ ਸਿਰ ਬੈਠ ਗਈ, ਫਿਰ ਸਰੂ ਕਰਲਾਂ ਗੇ। ਉਹਨਾ ਚਿਰ ਜਿਹੜਾ ਮਾਲ ਪਿਆ ਖਾਣ ਕੁ ਜੋਗਾ, ਕਿਸੇ ਡੂੰਘੀ ਥਾਂ ਤੇ ਰੱਖ ਦੇ।'
ਜੰਟੇ ਨੇ ਤਾਏ ਦੀ ਕਹੀ ਗੱਲ ਪੱਲੇ ਬੰਨ੍ਹ ਲਈ, ਤੇ ਚੁੱਪ ਕਰਕੇ ਘਰ ਬੈਠ ਗਿਆ। ਘਰ ਦਾ ਗੁਜਾਰਾ ਚੱਲੀ ਜਾਦਾਂ ਸੀ। ਕੁੱਝ ਜਮੀਨ ਦਾ ਠੇਕਾ ਆਈ ਜਾਂਦਾ ਸੀ, ਕੁੱਝ ਪਹਿਲਾਂ ਦੀ ਬਚੀ ਪੂੰਜੀ; ਜਿਹੜੀ ਜੰਟੇ ਦੀ ਕੰਜੂਸੀ ਨੇ ਬਚਾਈ ਸੀ ਕਿ ਔਖੇ ਵੇਲੇ ਵਾਸਤੇ ਕੁੱਝ ਤਾਂ ਕੋਲੇ ਹੋਣਾ ਚਾਹੀਦਾ। ਸੱਤ ਅੱਠ ਮਹੀਨੇ ਲੰਘ ਗਏ ਪਰ ਤਾਏ ਨੇ ਕੋਈ ਚੱਜ ਦਾ ਸੁਨੇਹਾ ਨਾ ਭੇਜਿਆ ਜਦੋਂ ਵੀ ਗੱਲ ਚਲਦੀ ਤਾਇਆ ਇਹ ਆਖ ਦਿੰਦਾ,'ਸਾਲਾ ਕੋਈ ਅਫਸਰ ਹੱਥ ਹੀ ਨਹੀਂ ਫੜਾਉਂਦਾ। '
ਇੱਕ ਦਿਨ ਜੰਟਾ ਸਵੇਰੇ ਜਾਗੋ ਮੀਟੀ ਜਿਹੀ ਵਿੱਚ ਪਿਆ ਸੀ ਇਕਦਮ ਦਗੜ ਦਗੜ ਦੀ ਅਵਾਜ ਆਈ। ਜਦੋਂ ਨੂੰ ਉਸਨੂੰ ਕੁੱਝ ਸਮਝ ਪੈਂਦੀ ਉਸ ਵੇਲੇ ਨੂੰ ਤਾਂ ਪੁਲਸ ਨੇ ਉਸ ਨੂੰ ਬਿਸਤਰੇ 'ਚੋਂ ਬਾਹਰ ਧੂਹ ਲਿਆ। ਜਦੋਂ ਨੂੰ ਉਸਦੇ ਘਰ ਵਾਲੀ ਤੇ ਜੁਆਕਾਂ ਨੂੰ ਪਤਾ ਲੱਗਿਆ ਓਦੋ ਨੂੰ ਤਾਂ ਪੁਲਸ ਨੇ ਉਸਨੂੰ ਰੂੰਅ ਵਾਂਗੂੰ ਪਿੰਜਤਾ। ਘਰ ਦੇ ਵਿਹੜੇ ੇਵਿੱਚਲੀ ਤਾਜੀ ਹਵਾ ਵਿੱਚ ਪੁਲਸ ਦੇ ਮੂੰਹ 'ਚੋਂ ਆਉਦੀ ਸ਼ਰਾਬ ਦੀ ਬਦਬੂ ਮਿਲ ਚੁੱਕੀ ਸੀ। ਜਿੱਧਰ ਵੇਖੋ ਚਾਰ ਚੁਫੇਰੇ ਪੁਲਸ ਹੀ ਪੁਲਸ ਫਿਰਦੀ ਸੀ ਉਹਨਾਂ ਨੇ ਸਾਰੇ ਭਾਂਡੇ-ਟੀਂਡੇ, ਬੱਠਲ-ਬਾਲਟੀਆਂ, ਪੇਟੀਆਂ-ਸੰਦੂਕ ਸਭ ਫਰੋਲਤੇ ਪਰ ਕਿਧਰੋਂ ਕੁੱਝ ਨਾ ਲੱਭਿਆ। ਇਸ ਚੀਜ ਨੇ ਵੱਡੇ ਥਾਣੇਦਾਰ ਨੂੰ ਹੋਰ ਗੁੱਸਾ ਚੜਾ ਦਿੱਤਾ,'ਮਾਲ ਕਿੱਥੇ ਐ ਓਏ ਭੈਣ ਦਿਆ ਯਾ... ।'
ਉਸਨੇ ਐਨੀ ਗੱਲ ਕਹਿੰਦਿਆਂ ਹੀ ਜੰਟੇ ਨੂੰ ਫਿਰ ਸਿੱਟ ਲਿਆ ਤੇ ਉਹ ਗਿੱਦੜ ਕੁੱਟ ਕੀਤੀ ਕਿ ਜੰਟੇ ਨੂੰ ਨਾਨੀ ਯਾਦ ਆ ਗਈ। ਪਰ ਫਿਰ ਵੀ ਉਹ ਕੋਈ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਉਸਨੇ ਇੱਕੋ ਹੀ ਰੱਟ ਲਾਈ ਰੱਖੀ,'ਮਾਪਿਓ ਮੈਂ ਕੋਈ ਗੱਲਤ ਕੰਮ ਨਹੀ ਕਰਦਾ ਮੈਂ ਥੋਨੂੰ ਮਾਲ ਕਿਥੋਂ ਦੇਵਾ'। ਜਦੋਂ ਪੁਲਸ ਦੇ ਹੱਥ ਕੁੱਝ ਨਾਂ ਲੱਗਾ ਤਾਂ ਉਹਨਾ ਨੇ ਧੱਕਾ ਮਾਰਕੇ ਉਸਨੂੰ ਜੀਪ ਵਿੱਚ ਸੁੱਟ ਲਿਆ। 'ਕੋਈ ਨਾ ਚੱਲ ਟਕਾਣੇ ਤੇ, ਤੂੰ ਤਾਂ ਕੀ, ਮਾਲ ਤਾਂ ਤੇਰੇ ਵੱਡ-ਵਡੇਰੇ ਵੀ ਚੱਕੀ ਫਿਰਨਗੇ।'
ਘਰਾਂ ਦੇ ਆਦਮੀ ਔਰਤਾਂ ਇਕੱਠੀਆਂ ਹੋ ਗਈਆਂ। ਜੰਟੇ ਦੇ ਘਰ ਵਾਲੀ ਨੇ ਪਜਾਮਾ ਤੇ ਸਾਫਾ ਜੀਪ ਵਿੱਚ ਹੀ ਸੁੱਟ ਦਿੱਤਾ। ਇੱਕ ਸਿਪਾਹੀ ਨੇ ਲੱਤ ਤੋਂ ਫੜਕੇ ਜੰਟੇ ਨੂੰ ਫਿਰ ਜੀਪ ਵਿਚੋਂ ਬਾਹਰ ਸਿੱਟ ਦਿੱਤਾ।
'ਸਾਲਿਆ ਪਜਾਮਾ ਪਾ ਲੈ। ਉਥੇ ਤੈਥੋਂ ਅਸੀਂ ਕੀ ਜਿੰਦਾ ਡਾਂਸ ਕਰਾਉਣਾ'।
ਜੰਟੇ ਨੇ ਕੰਬਦੇ ਹੱਥਾਂ ਨਾਲ ਪਜਾਮਾ ਪਾ ਲਿਆ ਤੇ ਸਾਫੇ ਨੂੰ ਸਿਰ ਉਤੇ ਲਪੇਟ ਲਿਆ। ਦੋ ਸਿਪਾਹੀਆਂ ਨੇ ਫਿਰ ਧੱਕਾ ਦੇਕੇ ਉਸਨੂੰ ਜੀਪ ਵਿੱਚ ਸੁੱਟ ਦਿੱਤਾ। ਆਪ ਸਾਰੇ ਕਾਹਲੀ ਨਾਲ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਗਏ। ਜੀਪ ਪਿੱਛੇ ਖੜੇ ਇਕੱਠ ਤੇ ਧੂੜ ਸਿਟਦੀ ਅੱਖਾਂ ਤੋਂ ਓਹਲੇ ਹੋ ਗਈ। ਜੰਟੇ ਦੇ ਘਰ ਵਾਲੀ ਇਧਰ ਓਧਰ ਭੱਜੀ ਪਰ ਕਿਸੇ ਨੇ ਉਸਦੀ ਬਾਂਹ ਨਾ ਫੜੀ। ਅਖੀਰ ਨੂੰ ਉਹ ਆਪਣੇ ਜੁਆਕਾਂ ਨੂੰ ਗੁਆਂਢਣ ਦੇ ਹਵਾਲੇ ਕਰਕੇ ਆਪਣੀ ਛੋਟੀ ਨਨਾਣ ਦੇ ਸੌਹਰੀਂ ਚਲੀ ਗਈ। ਉਸਦੇ ਨਣਦੋਈਏ ਦੇ ਰਾਜ ਕਰ ਰਹੀ ਪਾਰਟੀ ਨਾਲ ਕਾਫੀ ਚੰਗੇ ਸਬੰਧ ਸੀ। ਉਸਨੇ ਚੰਗੇ ਲੀਡਰ ਨੂੰ ਫੜਿਆ ਅਤੇ ਇੱਕ ਦੋ ਪੁਲਸ ਵਾਲਿਆਂ ਦੀਆਂ ਸਿਫ਼ਾਰਸ਼ਾਂ ਪੁਆਈਆ। ਕੁੱਝ ਮਾਇਆ ਮਾਤਾ ਨੇ ਅਸਰ ਕੀਤਾ। ਜੰਟਾ ਪੰਜਾਂ ਕੁ ਦਿਨਾ ਪਿਛੋਂ ਘਰ ਆ ਗਿਆ ਪਰ ਉਸਦੀ ਹਾਲਤ ਦਰਦਨਾਕ ਸੀ। ਉਹ ਬਿਨਾ ਸਹਾਰੇ ਤੋਂ ਚੱਲ ਫਿਰ ਵੀ ਨਹੀਂ ਸਕਦਾ ਸੀ। ਕੁੱਝ ਘਰੇਲੂ ਤੇ ਦੇਸੀ ਇਲਾਜ ਕੀਤੇ। ਕੁੱਝ ਡਾਕਟਰੀ ਸਹਾਇਤਾ ਨਾਲ ਉਹ ਦਸ ਬਾਰਾਂ ਦਿਨਾ ਵਿੱਚ ਚੱਲਣ ਫਿਰਨ ਲੱਗ ਪਿਆ। ਦੋਸਤ, ਮਿੱਤਰ, ਸਾਕ ਸਬੰਧੀ ਪਤਾ ਸੁਤਾ ਲੈਣ ਆਉਦੇ ਰਹਿੰਦੇ, ਬੀਰ੍ਹਾ ਬਲੈਕੀਆ ਵੀ ਪਤਾ ਲੈਣ ਆਇਆ:
'ਮੇਰੇ ਯਾਰ ਤੂੰ ਪਾਸੇ ਆਸੇ ਟਲ ਜਾਣਾ ਸੀ ਤੈਨੂੰ ਪਤਾ ਤਾਂ ਸੀ, ਬਲਦੇ ਸੜਦੇ ਦਿਨ ਐ। ਮੈਂ ਵੀ ਉਸ ਦਿਨ ਕੁਦਰਤੀਂ ਬਾਹਰ ਗਿਆ ਹੋਇਆ ਸੀ। ਪੁਲਸ ਤਾਂ ਪਹਿਲਾਂ ਸਾਡੇ ਘਰ ਗਈ ਸੀ ਸਾਰਾ ਘਰ ਛਾਣਿਆ ਪਿਆ ਸੀ। ਂਓਧਰੋਂ ਕੁੱਝ ਨੀ ਮਿਲਿਆ ਤੇਰੇ ਵੱਲੀਂ ਆ ਗਏ, ਸਾਡੀਆਂ ਬੁੜੀਆਂ ਦਸਦੀਆਂ ਸੀ। ਉਹ ਤਾਂ ਸਾਲੇ ਹਲਕੇ ਕੁੱਤਿਆਂ ਵਾਗੂੰ ਝੱਈਆਂ ਲੈ ਲੈ ਪੈਂਦੇ ਸੀ। ਚਲ ਕੋਈ ਨਾ ਚੰਗੇ ਮੰਦੇ ਦਿਨ ਆਦਮੀਆਂ 'ਤੇ ਆਉਂਦੇ ਐ। ਬਾਹਰ ਅੰਦਰ ਨਿਕਲਿਆ ਕਰ। ਲੋਕਾਂ ਦੇ ਮੂੰਹ ਮੱਥੇ ਲੱਗੇ ਤੋ ਮਨ ਕੁੱਝ ਟਹਿਕਰ 'ਚ ਰਹਿੰਦਾ। ਨਾਲੇ ਪੁਲਸ ਦੇ ਝਿੱੜਕੇ ਦਾ ਤੇ ਮੀਂਹ ਦੇ ਤਿਲਕੇ ਦਾ ਕਾਹਦਾ ਗੁੱਸਾ। ਚੰਗਾ ਫਿਰ ਮੈ ਚਲਦਾ ਜੇ ਕਿਸੇ ਤਰਾਂ ਦੀ ਲੋੜ ਪਏ ਤਾਂ ਦੱਸੀ' ਕਹਿੰਦਿਆਂ ਬੀਰ੍ਹਾ ਆਪਦੇ ਘਰ ਨੂੰ ਮੋੜੇ ਪਾ ਗਿਆ।
ਜੰਟਾ ਹੁਣ ਸੋਟੀ ਦੇ ਸਹਾਰੇ ਤੋਂ ਬਿਨਾ ਵੀ ਹੌਲੀ ਹੌਲੀ ਤੁਰਨ ਲੱਗ ਪਿਆ ਸੀ ਉਹ ਬਾਹਰ ਅੰਦਰ ਸੱਥ ਵਿੱਚ ਵੀ ਜਾਣ ਲੱਗ ਿਪਆ। ਸੱਥ ਵਿੱਚ ਕੁੱਝ ਉਸਦੇ ਹਮਦਰਦ ਹੁੰਦੇ, ਕੁੱਝ ਚਸਕਾ ਲੈਣ ਵਾਲੇ ਹੁੰਦੇ।
'ਆ ਸੀ. ਏ ਸਟਾਫ ਵਾਲਿਆਂ ਦੀ ਕੁੱਟ ਤਾਂ ਕਹਿੰਦੇ ਬਾਹਲੀ ਭੈੜੀ ਐ। ਸਾਰੀ ਉਮਰ ਦਾ ਸਰੀਰ ਨੂੰ ਘੁਣ ਲੱਗ ਜਾਂਦਾ' ਭੀੜ 'ਚੋ ਕਿਸੇ ਨੇ ਸਰਸਰੀ ਕਿਹਾ।
'ਬਸ ਪੁਛੋ ਨਾ ਭਰਾਵੋ ਜਿਦੇ ਮੈਨੂੰ ਲੈ ਕੇ ਗਏ, ਜੀਪ ਦੀਆਂ ਪਿਛਲੀਆਂ ਸੀਟਾਂ ਦੇ ਵਿੱਚ ਸਿੱਟ ਲਿਆ, ਮੈਂ ਪੂਰਾ ਔਖਾ, ਸਾਫਾ ਮੇਰਾ ਖੁਲ੍ਹ ਗਿਆ। ਬੱਧਨੀ ਦੇ ਕੋਲੇ ਜੇ ਜਾ ਕੇ ਮੈ ਕਿਹਾ ਸੂਤ ਜੇ ਹੋ ਲਈਏ। ਮੈਂ ਥੋੜਾ ਜਿਹਾ ਬੈਠਕੇ ਸਾਫਾ ਬੰਨਣ ਲੱਗਿਆ। ਪਤਾ ਨੀ ਮੇਰੇ ਸਾਲੇ ਦੇ ਕਿਸੇ ਦੇ ਸਰੀਰ ਨੂੰ ਲੱਗਿਆ ਜਾਂ ਨਾ ਲੱਗਿਆ ਮੈਂਨੂੰ ਕਹਿੰਦੇ ਸਾਲਿਆ ਸਾਡੀਆ ਅੱਖਾਂ ਕੱਢਦਾਂ; ਤੈਨੂੰ ਬਨ੍ਹਾਉਨੇ ਐ ਟਸਰੀ। ਬਸ ਫਿਰ ਸਿੱਟ ਲਿਆ। ਘਸੁੰਨ, ਮੁੱਕੀਆਂ, ਰਫਲਾਂ ਦੇ ਬੱਟ, ਮੋਗੇ ਤੱਕ ਮੇਰੀ ਬਹਿਜਾ ਬਹਿਜਾ ਕਰਾਤੀ।
ਮੈਂ ਤਾਂ ਉਂਸ ਵੇਲੇ ਨੂੰ ਪਛਤਾਵਾਂ ਬਈ ਕਾਹਨੂੰ ਸਾਫਾ ਬੰਨਣ ਦਾ ਪੰਗਾ ਲੈਣਾ ਸੀ। ਇਹਨਾ ਮੂਹਰੇ ਨੀ ਚੂੰ ਚਾਂ ਚਲਦੀ। ਜੇ ਮਾੜਾ ਜਿਹਾ ਇਹਨਾ ਵੱਲ ਵੇਖ ਲੈ ਤਾਂ ਫਿਰ ਸਿੱਟ ਲੈਂਦੇ ਐ, 'ਅਖੇ ਸਾਲਿਆ ਤੂੰ ਸਾਡੇ ਵੱਲ ਅੱਖਾਂ ਕੱਢਦਾਂ' ਜੰਟੇ ਦੀ ਗੱਲ ਸੁਣਕੇ ਸੱਥ ਵਿੱਚ ਹਾਸੜ ਮੱਚ ਗਈ। ਬੀਰ੍ਹੇ ਦੇ ਸੀਰੀ ਨੇ ਉਸਨੂੰ ਅਵਾਜ ਮਾਰਕੇ ਕੋਲ ਸੱਦਿਆ ਤੇ ਉਸਨੂੰ ਕੋਈ ਸੁਨੇਹਾ ਦਿੱਤਾ ਤੇ ਜੰਟਾ ਉਸੇ ਵੇਲੇ ਬੀਰ੍ਹੇ ਦੇ ਘਰ ਨੂੰ ਚਲਾ ਗਿਆ।
'ਹੁਣ ਤਾਂ ਸਰੀਰ ਟਹਿਕਰ 'ਚ ਲੱਗਦਾ ਜੰਟਿਆ। ਜਿੱਦੇ ਪਹਿਲੇ ਦਿਨ ਤੈਂਨੂੰ ਵੇਖਿਆ ਉਸ ਦਿਨ ਹਾਲਤ ਬਾਹਲੀ ਮਾੜੀ ਸੀ'
'ਬੱਸ ਦਿਨੋ ਦਿਨੀ ਫਰਕ ਪਈ ਜਾਂਦਾ, ਅੱਜ ਹੋਰ ਭਲਕ ਹੋਰ, ਹੋਰ ਤੂੰ ਸੁਣਾ ਤਾਇਆ, ਕਿਵੇਂ ਯਾਦ ਕੀਤਾ'
'ਕਰ ਲੈ ਤਿਆਰੀਆਂ, ਚੱਕ ਲੈ ਤੱਕੜੀ ਵੱਟੇ, ਹੋਗੀ ਗੱਲ ਧੁਰ ਤੱਕ, ਬੱਸ ਤੇਰੇ ਕਰਮਾ ਵਿੱਚ ਹੀ ਮਾੜਾ ਜਿਹਾ ਝਟਕਾ ਜਿਹਾ ਲਿਖਿਆ ਸੀ। ਉਹ ਕਹਿਦੇ ਕੰਮ ਸੁਰੂ ਕਰੋ ਸਾਥੋਂ ਉਪਰਲੇ ਹਿੱਸਾ ਭਾਲਦੇ ਐ। ਤੁਸੀ ਸਾਨੂੰ ਮਹੀਨਾ ਦਿਓ ਤੇ ਅਸੀਂ ਅਗਾਂਹ ਆਪਤੋਂ ਵੱਡਿਆਂ ਦੇ ਢਿੱਡ ਭਰੀ.'
'ਊਂ ਤਾਇਆ ਉਹਨਾ ਦੀਆਂ ਗੱਲਾਂ ਤੋਂ ਲੱਗਦਾ ਮੈਨੂੰ ਵੀ ਅਈ ਸੀ ਵਈ ਇਹ ਆਪਣਾ ਕੰਮ ਬੰਦ ਕਰਨ ਤੇ ਔਖੇ ਐ'
'ਔਖੇ ਹੋਣ ਨਾ। ਪਾਪ ਦੀ ਕਮਾਈ ਬਿਨਾ ਇਹਨਾ ਦਾ ਕਿਵੇਂ ਸਰੇ? ਐਨੇ ਐਨੇ ਖਰਚੇ ਕਰੀ ਜਾਂਦੇ ਐ। ਜਾਇਦਾਦਾ ਬਣਾਈ ਜਾਂਦੇ ਐ"
'ਫੇਰ ਨਾ ਤਾਇਆ ਰਗੜਾ ਫਿਰਵਾ ਦੀਂ, ਗੱਲ ਪੂਰੀ ਪੱਕੀ ਕਰ ਲਈਂ'
'ਮੈ ਕਿਹਾ ਫਿਕਰ ਨਾ ਕਰ ਜਿਹੜਾ ਕੁੱਝ ਹੋਣਾ ਸੀ ਹੋ ਗਿਆ, ਅਗੇ ਕੁੱਝ ਹੋਇਆ ਸੀ ਦੋ ਸਾਲ ਚਿੜੀ ਨੀ ਫਰਕੀ ਸੀ। ਕੱਲ੍ਹ ਨੂੰ ਚੱਲ ਤੈਂਨੂੰ ਉਸੇ ਡਿਪਟੀ ਨਾਲ ਚਾਹ ਪਿਲਾ ਕੇ ਲਿਆਵਾਂ'
'ਨਾ ਓਏ ਤਾਇਆ ਰੱਬ ਕਾਹਨੂੰ ਕਿਸੇ ਨੂੰ ਇਹੋ ਜਿਹੇ ਥਾਂ ਲੈ ਕੇ ਜਾਵੇ, ਉਹ ਤਾਂ ਬੁੱਚੜਖਾਨਾ ਸੀ ਬੁੱਚੜਖਾਨਾ' 'ਚੰਗਾ ਫਿਰ ਕੱਲ੍ਹ ਨੂੰ ਕਿਸੇ ਵੇਲੇ ਵੀ ਮਾਲ ਆ ਸਕਦਾ। ਫਿਰ ਪੁਰਾਣੇ ਬੇਲੀਆਂ ਨੂੰ ਮਿਲਣਾ ਸੁਰੂ ਕਰਦੇ' 'ਤੇਰੀ ਮਰਜੀ ਐ ਤਾਇਆ, ਕੇਰਾਂ ਤਾਂ ਹੁਣ ਹੀਚਾਂ ਹੋਈਆਂ ਪਈਆਂ'
'ਓਏ ਕੁੱਝੇ ਨੀ ਹੁੰਦਾ ਬਣ ਬੱਗਾ ਸ਼ੇਰ। ਇਸੇ 'ਚ ਹੀ ਭਲਾ, ਹੁਣ ਤਾਂ ਜੇ ਨਾ ਕਰਾਂਗੇ ਫਿਰ ਕੁੱਟਾਂ ਖਾਵਾਂ ਗੇ' ਬੀਰ੍ਹੇ ਨੇ ਉਸਦੀ ਕੰਡ ਤੇ ਹੱਥ ਫੇਰਿਆ, ਉਸਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਗੁੱਝਾ ਮੁਸਕਰਾਇਆ।

No comments:

Post a Comment