ਨਿੰਦਰ ਘੁਗਿਆਣਵੀ
ਪਰਵਾਸੀ ਅੰਕਲਾਂ-ਅੰਟੀਆਂ ਤੇ ਮਿੱਤਰਾਂ-ਬੇਲੀਆਂ ਦੇ ਦੇਸ ਆਉਣ ਦੀ ਰੁੱਤ ਹੈ। ਕਈ ਅਪ੍ਰੈਲ-ਮਈ ਵਿੱਚ ਵਾਪਸੀ ਕਰਨਗੇ ਪਰਦੇਸ ਨੂੰ। ਕੁਝ ਦਸੰਬਰ ਮਹੀਨੇ ਆਏ ਹਨ, ਕੁਝ ਉਸ ਤੋਂ ਪਹਿਲਾਂ ਦੇ ਪਧਾਰੇ ਹੋਏ ਹਨ। ਕੁਝ ਆ ਰਹੇ ਹਨ। ਕੁਝ ਜਾ ਰਹੇ ਹਨ। ਇਹ ਰੁੱਤ ਉਹਨਾਂ ਨੂੰ ਮਸੀਂ ਆਉਂਦੀ ਹੈ। ਅਕਸਰ ਹੀ ਅਜਿਹੇ ਮੇਲੀਆਂ-ਗੇਲੀਆਂ ਤੇ ਬੇਲੀਆਂ ਨਾਲ ਏਧਰ ਵੀ ਤੇ ਓਧਰ ਵੀ ਮੇਲ-ਗੇਲ ਤੇ ਵਿਚਾਰ-ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤ ਘੱਟ ਅਜਿਹੇ ਭਾਗਸ਼ਾਲੀ ਮਿਲੇ ਹਨæææਜੋ ਆਪਣਾ ਦੇਸ ਛੱਡ ਕੇ ਪ੍ਰਸੰਨ ਦਿਸੇ ਹਨ ਪਰ ਬਹੁਤੇ ਝੂਰਦੇ ਹੀ ਦੇਖੇ ਹਨ। ਇੱਕ ਪਲ ਕੋਈ ਕਹਿੰਦਾ ਹੈ, " ਛੱਡ ਯਾਰ, ਇੰਡੀਆ ਵਿੱਚ ਕੀ ਪਿਐ? ਮਰਗੇ ਸੀ ਭੁੱਖ ਤੇ ਕੰਗਾਲੀ ਨਾਲ਼ææਚੰਗੇ ਰਹਿਗੇ ਆਂ ਇੰਡੀਆ ਛੱਡ ਆਏ ਆਂ।" ਪਰ ਦੂਜੇ ਪਲ ਹੀ ਹਉਕਾ ਜਿਹਾ ਲੈਂਦਾ ਹੈ ਤੇ ਕਹਿੰਦਾ ਹੈ, " ਪਰ ਯਾਰ, ਸੱਚੀ ਗੱਲ ਤਾਂ ਇਹ ਆ ਬਈ ਆਪਣਾ ਦੇਸ ਤਾਂ ਆਪਣਾ ਈ ਹੁੰਦੈæææਓਹ ਗੱਲ ਨ੍ਹੀ ਲਭਦੀ ਏਥੇ ਜਿਹੜੀ ਉਥੇ ਆ।"
ਮੈਂ ਦੇਖਿਆ ਹੈ ਕਿ ਜਦ ਉਹ ਆਪਣੇ ਵਤਨ ਵੱਲ ਆਉਂਦੇ ਨੇ ਤਾਂ ਬੜੇ ਭਰੇ-ਪੀਤੇ ਹੁੰਂਦੇ ਨੇ। ਉਹਨਾਂ ਦੇ ਮਨਾਂ ਅੰਦਰੀਂ ਕਈ-ਕਈ ਮਹੀਨਿਆਂ ਤੇ ਵਰ੍ਹਿਆਂ ਦਾ ਗੁੱਭ੍ਹ-ਗੁਭਾਟ ਭਰਿਆ ਪਿਆ ਹੁੰਦੈ। ਕਿਸਨੂੰ ਦੁੱਖ ਸੁਣਾਉਣ ਪਰਦੇਸਾਂ ਵਿੱਚ ਬੈਠੇ? ਕਿਸ ਕੋਲ ਵਿਹਲ ਹੈ ਉਹਨਾਂ ਨੂੰ ਸੁਣਨ ਦੀ ਜਾਂ ਸਮਝਣ ਦੀ ? ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ ਨੇæææਧੀ ਹੈ ਚਾਹੇ ਪੁੱਤ ਹੈæææਮਸ਼ੀਨ ਨਾਲ ਮਸ਼ੀਨ ਹੋਇਆ ਮਨੁੱਖ ਹੈ। ਘੜੀ ਦੀ ਟਿਕ-ਟਿਕ ਨਾਲ ਧੜਕਦੀ ਦਿਲ ਦੀ ਧੜਕਨ। ਵੱਡੇ ਸਾਰੇ ਫਰੀਜ਼ਰ ਦੀ ਬੇਰੋਕ ਘੀਂ-ਘੀਂæææ। ਮੋਟਰ ਵੇਅ 'ਤੇ ਦੌੜਦੀ ਤੇਜ਼ ਰਫ਼ਤਾਰ ਜ਼ਿੰਦਗੀ ਦੀ ਛੂਕਰ। ਕਿਸਨੂੰ ਦੁੱਖ ਦੱਸਣ ਅੰਕਲ-ਅੰਟੀਆਂ? ਦਰੱਖਤਾਂ ਨੂੰ? ਸੁੰਨੇ ਘਰਾਂ ਦੀਆਂ ਚਿੱਟੀਆਂ ਕੰਧਾਂ ਨੂੰ? ਵੰਨ-ਸੁਵੰਨੇ ਦੁੱਖਾਂ ਦੇ ਲਿਤਾੜੇ ਲੋਕ ਕੋਈ ਥੰਮ੍ਹਣਾਂ ਭਾਲਦੇ ਹਨ, ਜਿਹਦੇ ਗਲ ਲਗ ਕੇ ਰੋ ਲੈਣæææਦੁੱਖ ਦੱਸ ਕੇ ਹੌਲੇ ਹੋ ਲੈਣ। ਕਹਿੰਦੇ ਹਨ, "ਅਸੀਂ ਏਥੇ ਵੀ ਪਰਦੇਸੀ ਤੇ ਅਸੀਂ ਉਥੇ ਵੀ ਪਰਦੇਸੀæææਨਾ ਸਾਡਾ ਇੰਡੀਆ ਦੇਸ ਬਣਿਆæææਨਾ ਏਹ ਬਣਿਆ।"
ਮੈਨੂੰ ਅਕਸਰ ਹੀ ਅਜਿਹੇ ਲੋਕਾਂ ਦੇ ਦੁੱਖੜੇ ਹਲੂਣ ਜਾਂਦੇ ਹਨ। ਫਿਰ ਮੈਂ ਕਈ-ਕਈ ਦਿਨ ਬੇਚੈਨ ਰਹਿੰਨਾ ਤੇ ਸੋਚਦਾ ਹਾਂ ਕਿ ਇੰਨ੍ਹਾਂ ਨੇ ਜ਼ਿੰਦਗੀ ਵਿੱਚ ਕੀ ਪਾਇਆ ਤੇ ਕੀ ਗੁਵਾਇਆ? ਜਾਂ ਗੁਵਾਇਆ ਹੀ ਗੁਵਾਇਆ? ਕੁਝ ਪਾਇਆ ਵੀ ਜਾਂ ਨਹੀਂ? ਨਾ ਏਹ ਉਥੇ ਸੰਤੁਸ਼ਟ ਨੇ, ਨਾ ਏਥੇ। ਇੰਡੀਆ ਆਉਂਦੇ ਨੇ ਵਲੈਤ ਨੂੰ ਝੂਰੀ ਜਾਂਦੇ ਨੇ æææਵਲੈਤ ਬੈਠੇ ਹੁੰਦੇ ਨੇ ਤਾਂ ਇੰਡੀਆ ਦੀ ਯਾਦ ਖਹਿੜਾ ਨਹੀਂ ਛੱਡਦੀ। ਪਹਿਲਾਂ ਸਮੇਤ ਸਾਰੇ ਟੱਬਰ ਦੇ ਬਾਹਰ ਜਾਣ ਦੀ ਲਲ੍ਹਕ ਸੀæææਉਹ ਪੂਰੀ ਹੋ ਗਈ ਪਰ ਫਿਰ ਵੀ ਅਧੂਰੇ ਦੇ ਅਧੂਰੇ। ਖਾਲੀ-ਖਾਲੀ। ਭੈਅ ਦਾ ਸਾਇਆ ਨਾਲ-ਨਾਲ। ਉਥੇ ਬੈਠਿਆਂ ਨੂੰ ਏਧਰਲੀ ਜਾਇਦਾਦ ਦੱਬ ਜਾਣ ਦਾ ਫ਼ਿਕਰ। ਜਿੰਦਰੇ ਮਾਰੀ ਕੋਠੀ ਨੂੰ ਪੂੰਝਣ-ਝਾੜਨ ਲਈ ਵਾਰ-ਵਾਰ ਗੁਆਂਢੀਆਂ ਨੂੰ ਫੋਨ ਕਰਨ ਦਾ ਪੰਗਾ। ਰਿਸ਼ਤੇਦਾਰਾਂ ਦੇ ਨਾ ਮੁੱਕਣ ਵਾਲੇ ਝਮੇਲੇ ਤੇ ਵੰਗਾਰਾਂ ਤੇ ਫਿਰ ਖੂਨੀ ਰਿਸ਼ਤਿਆਂ ਦੀ ਟੁੱਟ-ਭੱਜ। ਮੁਕੱਦਮੇ ਤੇ ਦੁਸ਼ਮਣੀਆਂ। ਆਪਣਿਆਂ ਵਿੱਚ ਬੈਠੇ ਹੋਏ ਵੀ ਓਪਰੇਪਣ ਦਾ ਅਹਿਸਾਸ। ਕਦੋਂ ਸੈੱਟ ਹੋਣਗੇ ਦੇਸ ਵਿੱਚ ਬਾਕੀ ਰਹਿ ਗਏ ਧੀਆਂ-ਪੁੱਤ? ਅਨੇਕ ਤਰਾਂ ਦੇ ਮੁੱਦੇ ਤੇ ਮੁਸੀਬਤਾਂ ਹਨ ਹਰ ਇੱੱਕ ਦੇ। ਅਜਿਹੇ ਦੁੱਖ ਦੱਸਣ ਵਾਲੇ ਲੋਕ ਮੈਨੂੰ 'ਆਪਣੇ-ਆਪਣੇ' ਲੱਗਣ ਲਗਦੇ ਹਨ। ਅਜੀਬ ਜ਼ਿੰਦਗੀ ਹੈ ਇਹਨਾਂ ਲੋਕਾਂ ਦੀ, ਉਧਰੋਂ ਆਉਣ ਲੱਗੇ ਵੀ ਰੋਂਦੇ ਆਉਂਦੇ ਨੇ ਤੇ ਇੱਧਰੋਂ ਜਾਂਦੇ ਵੀ ਰੋਂਦੇ ਨੇ। ਦੋਵੇਂ ਦੇਸਾਂ ਦੇ ਦੁੱਖ। ਆਪਣੇ ਵਤਨ ਮਨ ਹੌਲਾ ਕਰਨ ਆਏ ਸਾਂ। ਆਪਣਿਆਂ ਨੂੰ ਗਲੇ ਮਿਲਣ ਪਰਤੇ ਸਾਂ ਪਰ ਆਪਣਿਆਂ ਤੋ ਧੱਕੇ ਖਾ ਕੇ ਜਾ ਰਹੇ ਹਾਂ। ਉਧਰੋਂ ਆਇਆਂ ਨਾਲ ਜਿਹੜਾ ਵਿਵਹਾਰ ਏਧਰਲੇ ਬੈਠੇ ਉਹਨਾਂ ਦੇ (ਆਪਣੇ ਸੱਕੇ) ਕਰਦੇ ਹਨæææਇਹ ਵੀ ਇੱਕ ਦਿਲਚਸਪ ਪ੍ਰੰਤੂ ਗੰਭੀਰ ਵਿਸ਼ਾ ਹੈ, ਜਿਸ 'ਤੇ ਗੱਲ ਕਰਨੀ ਸੌਖਾ ਕੰਮ ਨਹੀਂ। ਆਏ ਓ, ਤਾਂ ਕੀ ਲੈ ਕੇ ਆਏ ਓ? ਚੱਲੇ ਓ, ਤਾਂ ਕੀ ਦੇ ਕੇ ਚੱਲੇ ਓ? ਸਾਡੇ ਵੀ ਕਿਸੇ ਦਾ ਸਾਕ ਕਰਵਾ ਦਿਓ ਓਧਰ? ਬੜਾ ਚਿਰ ਹੋ ਗਿਆ ਐ ਲਾਰੇ ਲਾਉਂਦਿਆਂ ਨੂੰæææਆਪਣਾ ਸਾਰਾ ਟੱਬਰ ਤਾਂ ਲੈ ਗਏ ਓæææਸਾਡੀ ਕਿਸਮਤ ਕਦੋਂ ਖੁੱਲੂæææਅਜਿਹੇ ਰਿਸ਼ਤੇਦਾਰਾਂ ਦਾ ਕੀ ਅਚਾਰ ਪਾਉਣਾ ਐਂ? ਕੈਨੇਡਾ ਤੋਂ ਲਿਆਂਦੇ ਡਾਲਰ ਤਾਂ ਕੀ ਦੇਣੇ ਸੀæææਉਲਟਾ ਪੈਲੀ ਦਾ ਠੇਕਾ ਮੰਗਣ ਡਹਿ ਪਏ ਜੇ ਆਣ ਕੇ? ਟੂਰਨਾਂਮੈਂਟ ਕਰਵਾ ਲਿਆ ਆਣਕੇæææਅਖੰਡ ਪਾਠ ਕਰਵਾਈ ਜਾਂਦੇ ਓæææਪਾਰਟੀਆਂ ਕਰੀ ਜਾਂਦੇ ਓ ਸਾਡਾ ਹਿੱਸਾ-ਪੱਤੀ ਕਿੱਥੇ ਆ? ਸਾਡਾ ਕਰਜ਼ਾ ਕੌਣ ਲਾਹੂ? ਖਾ ਗਏ ਬੈਂਕਾਂ ਵਾਲੇ ਤੋੜ-ਤੋੜ ਕੇ!
ਅੰਕਲ ਜਵੰਧਾ ਸਿੰਓ ਤਾਂ ਓਸ ਦਿਨ ਫੁੱਟ-ਫੁੱਟ ਕੇ ਰੋਇਆ ਸੀ। ਤਿੰਨ ਪੈੱਗ ਅੰਕਲ ਦੇ ਅੰਦਰ ਗਏ ਤਾਂ ਦਿਲ ਦੀ ਗੱਲ ਝੱਟ ਬਾਹਰ ਆ ਗਈ ਸੀ। ਕਹਿੰਦਾ ਰਿਹਾ ਸੀ, "ਆਪਣਾ ਦੇਸ ਛੱਡ ਦਿੱਤਾ ਏ ਪੁੱਤਰ ਤੇ ਓਸ ਮੁਲਕ ਨੂੰ ਅਸੀਂ ਆਪਣਾ ਸਮਝਿਆ ਨਹੀਂ ਏਂæææਸਿਰਫ਼ ਤੇ ਸਿਰਫ ਡਾਲਰਾਂ ਦਾ ਰਿਸ਼ਤਾ ਏ ਓਸ ਮੁਲਕ ਨਾਲ ਸਾਡਾæææਅਸੀਂ ਭਾਵਨਾਤਮਿਕ ਤੌਰ ਤੇ ਜੁੜ ਈ ਨਹੀਂ ਸਕੇ ਆਂ ਓਸ ਮੁਲਕ ਨਾਲ਼ææਜੇਕਰ ਅਸੀਂ ਓਸ ਮੁਲਕ ਨੂੰ ਆਪਣੀ ਮਾਂ ਨਹੀਂ ਸਮਝਣਾ ਏਂæææ( ਜਿੱਥੇ ਅਸੀਂ ਵੱਸ ਗਏ ਆਂ ਪੱਕੇ ਤੌਰ 'ਤੇ) ਤਾਂ ਘੱਟੋ-ਘੱਟ ਅਸੀਂ ਉਸਨੂੰ ਆਪਣੀ ਮਾਸੀ ਈ ਸਮਝ ਲੈਂਦੇ ਪੁੱਤਰਾæææਅਸੀਂ ਤੇ ਸੈਲਫਿਸ਼ ਹੋਏ ਪੁੱਤਰਾ।"
ਕਈ ਦਿਨ ਮੈਂ ਜਵੰਧਾ ਸਿੰਘ ਅੰਕਲ ਦੀ ਕਹੀਆਂ ਇਹਨਾਂ ਗੱਲਾਂ ਬਾਰੇ ਸੋਚਦਾ ਰਿਹਾ ਸਾਂ। ਅੱਜ ਦਾ ਕਾਲਮ ਲਿਖਦਿਆਂ ਜਵੰਧੇ ਅੰਕਲ ਦੇ ਨਾਲ-ਨਾਲ ਇੱਕ ਬੇਬੇ ਵੀ ਚੇਤੇ ਆ ਗਈ ਹੈ। ਪਿਛਲੇ ਤੋਂ ਪਿਛਲੇ ਸਾਲ ਜਦ ਲੰਡਨ ਦੀ ਯਾਤਰਾ 'ਤੇ ਜਾਣ ਲਈ ਅੰਮ੍ਰਿਤਸਰੋਂ ਜਹਾਜੇæ ਬੈਠਾ ਸਾਂ (ਤਾਂ ਜਲੰਧਰ ਕੋਲ ਆਦਮਪੁਰ ਦੀ ਬੇਬੇ ਸਾਊਥਾਲ ਆਪਣੇ ਆਪਣੇ ਪੁੱਤਰ ਕੋਲ ਜਾ ਰਹੀ ਸੀ), ਉਸਨੂੰ ਮੇਰੇ ਨਾਲ ਸੀਟ ਅਲਾਟ ਹੋ ਗਈ ਸੀ। ਰੱਬ ਨੂੰ ਬਾਹਲਾ ਮੰਨਣ ਵਾਲੀ ਬੇਬੇ ਜਹਾਜ਼ ਚੜ੍ਹਨ ਦੇ ਚਾਅ ਤੇ ਆਪਣੇ ਪੁੱਤ ਦੇ ਪਰਿਵਾਰ ਵਿੱਚ ਜਾ ਰਹੀ ਹੋਣ ਕਾਰਨ ਅੱਖਾਂ ਮੁੰਦ ਕੇ, ਦੋਵੇਂ ਹੱਥ ਜੋੜੀ, ਰੱਬ ਦਾ ਸ਼æੁਕਰਾਨਾ ਕਰਦੀ ਵਾਰ-ਵਾਰ ਗਾਉਂਦੀ ਰਹੀ ਸੀ:
ਕਈ ਤਰਗੇ ਕਈਆਂ ਨੇ ਤਰ ਜਾਣਾ
ਜਿੰਨ੍ਹਾਂ ਨੇ ਤੇਰਾ ਨਾਮ ਜਪਿਆæææ
ਬੈਠੇ-ਬੈਠੇ ਬੇਬੇ ਦੇ ਗਾਏ ਇਸ ਭਜਨ ਦੇ ਬੋਲ ਆਪ ਮੁਹਾਰੇ ਹੀ ਇੰਝ ਤਬਦੀਲ ਹੋ ਗਏ ਸਨ, ਤੇ ਮੇਰਾ ਦਿਲ ਕਰਦਾ ਸੀ ਕਿ ਬੇਬੇ ਚੁੱਪ ਹੋਵੇ ਤੇ ਮੈਂ ਇਹ ਗਾਵਾਂ:
ਕਈ ਤੁਰਗੇ ਕਈਆਂ ਨੇ ਤੁਰ ਜਾਣਾ
ਇੰਡੀਆ 'ਚ ਕੀ ਰੱਖਿਆ?
94174-21700
No comments:
Post a Comment