ਦ੍ਰਿਸ਼ਟੀਕੋਣ (66)-ਜਤਿੰਦਰ ਪਨੂੰ

-ਨਵੇਂ ਤੋਂ ਨਵੇਂ ਵਿਵਾਦਾਂ ਵਿੱਚ ਉਲਝਦੀ ਜਾ ਰਹੀ ਹੈ ਪਾਕਿਸਤਾਨ ਦੀ ਰਾਜਨੀਤੀ
ਸਾਡਾ ਗਵਾਂਢੀ ਦੇਸ਼ ਪਾਕਿਸਤਾਨ ਇਸ ਵਕਤ ਆਪਣੀ ਹੋਂਦ ਦੇ ਹੁਣ ਤੱਕ ਦੇ ਸ਼ਾਇਦ ਸਭ ਤੋਂ ਵੱਡੇ ਘੁੰਮਣਘੇਰ ਵਿੱਚ ਫਸਿਆ ਨਜ਼ਰ ਆਉਂਦਾ ਹੈ। ਦੋ ਮਹੀਨੇ ਪਹਿਲਾਂ ਜਿਵੇਂ ਲੱਗਦਾ ਸੀ ਕਿ ਕਿਸੇ ਵੀ ਪਲ ਓਥੇ ਫੌ ਜ ਮੁੜ ਕੇ ਰਾਜ ਦੀ ਵਾਗਡੋਰ ਆਪਣੇ ਹੱਥ ਲੈ ਸਕਦੀ ਹੈ, ਹੁਣ ਉਵੇਂ ਨਹੀਂ ਹੈ। ਏਦਾਂ ਦਾ ਕੰਮ ਤੱਤੇ ਘਾਹ ਹੋ ਜਾਵੇ ਤਾਂ ਹੋ ਜਾਂਦਾ ਹੈ, ਜੇ ਗੱਲ ਥੋੜ੍ਹੀ ਜਿਹੀ ਸੋਚ-ਵਿਚਾਰ ਵਿੱਚ ਉਲਝ ਜਾਵੇ, ਫਿਰ ਸੰਭਾਵਨਾ ਓਨੀ ਨਹੀਂ ਰਹਿੰਦੀ। ਸੁਪਰੀਮ ਕੋਰਟ, ਸਰਕਾਰ ਤੇ ਫੌਜ ਵਿਚਾਲੇ ਤਿੰਨ ਧਿਰੀ ਖਿੱਚੋਤਾਣ ਦਾ ਮਾਹੌਲ ਬਣ ਜਾਣ ਪਿੱਛੋਂ ਫੌਜ ਤੋਂ ਇਹੋ ਜਿਹੀ ਦਿਲ-ਵਧੀ ਦੀ ਆਸ ਹੁਣ ਘੱਟ ਹੈ। ਫਿਰ ਵੀ ਇਹ ਸਵਾਲ ਹਰ ਪਾਸੇ ਤੋਂ ਪੁੱਛਿਆ ਜਾ ਰਿਹਾ ਹੈ ਕਿ ਇਸ ਦੇਸ਼ ਦਾ ਬਣੇਗਾ ਕੀ?
ਪਹਿਲੀ ਉਲਝਣ ਤਾਂ ਫੌਜ ਦੇ ਪੱਖ ਤੋਂ ਹੈ। ਉਹ ਪਿਛਲੇ ਦਿਨੀਂ ਬਹੁਤ ਤੇਜ਼ੀ ਨਾਲ ਸਰਗਰਮ ਹੁੰਦੀ ਦਿਖਾਈ ਦੇ ਰਹੀ ਸੀ, ਜਿਸ ਤੋਂ ਇੱਕ ਵਾਰ ਫਿਰ ਰਾਜ-ਪਲਟੇ ਦਾ ਝਾਉਲਾ ਪੈਣ ਲੱਗ ਪਿਆ ਸੀ। ਬਾਅਦ ਦੀਆਂ ਖਬਰਾਂ ਇਹ ਹਨ ਕਿ ਜਿਵੇਂ ਓਸਾਮਾ ਬਿਨ ਲਾਦੇਨ ਨੂੰ ਰਾਤ ਦੇ ਵਕਤ ਅਮਰੀਕਾ ਨੇ ਕਮਾਂਡੋ ਕਾਰਵਾਈ ਕਰ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਵੀ ਪਾਕਿਸਤਾਨ ਤੋਂ ਬਾਹਰ ਕੱਢ ਲਈ ਸੀ, ਉਸ ਨਾਲ ਫੌਜ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਇੱਕ ਤਰ੍ਹਾਂ ਕਟਹਿਰੇ ਵਿੱਚ ਖੜੀ ਸੀ ਕਿ ਇਹ ਆਪਣੀ ਛਾਉਣੀ ਤੋਂ ਇੱਕ ਕਿਲੋਮੀਟਰ ਉੱਤੇ ਹੁੰਦੇ ਭੇੜ ਬਾਰੇ ਵੀ ਕੁਝ ਨਹੀਂ ਜਾਣ ਸਕੀ। ਨਮੋਸ਼ੀ ਤੋਂ ਬਚਣ ਲਈ ਫੌਜ ਨੇ ਪਹਿਲਾਂ ਇਹ ਬਹਾਨਾ ਬਣਾਇਆ ਕਿ ਉਸ ਨੂੰ ਪਤਾ ਨਹੀਂ ਲੱਗਾ, ਫਿਰ ਇਹ ਕਿਹਾ ਕਿ ਪਤਾ ਲੱਗ ਗਿਆ ਸੀ, ਪਰ ਇਹ ਸਮਝ ਕੇ ਕਿ ਅਮਰੀਕਾ ਦੇ ਹੈਲੀਕਾਪਟਰ ਰੋਜ਼ ਉੱਡਦੇ ਹੀ ਰਹਿੰਦੇ ਹਨ, ਇਹ ਵੀ ਆਮ ਜਿਹੀ ਕਾਰਵਾਈ ਹੋਵੇਗੀ, ਇਸ ਲਈ ਕੁਝ ਨਹੀਂ ਸੀ ਕੀਤਾ। ਇਸ ਦੇ ਬਾਵਜੂਦ ਜਦੋਂ ਲੋਕਾਂ ਵਿੱਚ ਆਪਣੇ ਬਾਰੇ ਉੱਠ ਰਹੇ ਕਿੰਤੂ ਦਿਨੋਂ ਦਿਨ ਵਧਦੇ ਵੇਖੇ ਤਾਂ ਅਮਰੀਕਾ ਬੈਠੇ ਪਾਕਿਸਤਾਨੀ ਮੂਲ ਦੇ ਇੱਕ ਕਾਰੋਬਾਰੀ ਦੀ ਇੱਕ ਚਿੱਠੀ ਨੂੰ ਬਹਾਨਾ ਬਣਾ ਕੇ ਆਪਣੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਵਿਰੁੱਧ ਮਾਮਲੇ ਨੂੰ ਵੱਡਾ ਬਣਾ ਦਿੱਤਾ ਸੀ। ਚਿੱਠੀ ਇਹ ਕਹਿੰਦੀ ਸੀ ਕਿ ਇਨ੍ਹਾਂ ਦੋਵਾਂ ਨੇ ਓਸਾਮਾ ਬਿਨ ਲਾਦੇਨ ਦੇ ਕਤਲ ਪਿੱਛੋਂ ਆਪਣੀ ਫੌਜ ਤੋਂ ਰਾਜ ਪਲਟੇ ਦਾ ਡਰ ਮਹਿਸੂਸ ਕਰਦੇ ਹੋਏ ਅਮਰੀਕੀ ਫੌਜ ਦੇ ਕਮਾਂਡਰ ਕੋਲੋਂ ਮਦਦ ਦੀ ਮੰਗ ਕੀਤੀ ਸੀ। ਆਪਣੀ ਫੌਜ ਦੇ ਖਿਲਾਫ ਵਿਦੇਸ਼ੀ ਫੌਜ ਦੇ ਕਮਾਂਡਰ ਤੋਂ ਮਦਦ ਦੀ ਮੰਗ ਕਰਨਾ ਦੇਸ਼ ਧਰੋਹ ਮੰਨਿਆ ਜਾ ਸਕਦਾ ਸੀ ਤੇ ਇਸ ਹਾਲਤ ਵਿੱਚ ਸਰਕਾਰ ਦੇ ਨਾਲ ਲੋਕਾਂ ਦੀ ਕਿਉਂਕਿ ਹਮਦਰਦੀ ਨਹੀਂ ਸੀ ਰਹਿਣੀ, ਇਸ ਲਈ ਫੌਜ ਨੇ ਆਪਣੀ ਪ੍ਰਚਾਰ ਮਸ਼ੀਨਰੀ ਰਾਹੀਂ ਸਾਰਾ ਜ਼ੋਰ ਇਸੇ ਗੱਲ ਉੱਤੇ ਲਾ ਦਿੱਤਾ।
ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਉਸ ਚਿੱਠੀ ਬਾਰੇ ਆਪਣਾ ਪੱਖ ਅੱਜ ਤੱਕ ਸਾਫ ਨਹੀਂ ਕਰ ਸਕੇ ਤੇ ਜਿਸ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਨੇ ਇਸ ਚਿੱਠੀ ਨੂੰ ਲਿਜਾ ਕੇ ਪੁਚਾਉਣ ਜਾਂ ਆਪਣੇ ਕੋਲੋਂ ਲਿਖ ਕੇ ਪੁਆੜਾ ਖੜਾ ਕਰ ਦੇਣ ਦਾ ਕੰਮ ਕੀਤਾ, ਉਹ ਇਨ੍ਹਾਂ ਸਾਰਿਆਂ ਤੋਂ ਵੱਧ ਖੁਰਾਫਾਤੀ ਸੁਭਾਅ ਵਾਲਾ ਜਾਪਦਾ ਹੈ। ਵਾਰ-ਵਾਰ ਬਿਆਨ ਬਦਲਦਾ ਉਹ ਬੰਦਾ ਇਹ ਵੀ ਕਹੀ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਰਾਜ ਪਲਟਾ ਹੋਣ ਬਾਰੇ ਉਸ ਨੂੰ ਤਿੰਨ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਨੇ ਦੱਸਿਆ ਸੀ। ਉਹ ਏਜੰਸੀਆਂ ਉਸ ਨੂੰ ਇਹ ਕਿਉਂ ਦੱਸਦੀਆਂ ਸਨ ਅਤੇ ਉਸ ਦੇ ਏਨੇ ਗੂੜ੍ਹੇ ਸੰਬੰਧ ਉਨ੍ਹਾਂ ਨਾਲ ਕਿਉਂ ਸਨ? ਇਸ ਦੇ ਵੀ ਕਈ ਅਰਥ ਕੱਢੇ ਜਾ ਸਕਦੇ ਹਨ, ਅਤੇ ਕੱਢੇ ਵੀ ਜਾ ਰਹੇ ਹਨ।
ਮਾਮਲਾ ਤਾਂ ਭਾਵੇਂ ਇਹ ਵੀ 'ਮੀਮੋਗੇਟ' ਦੇ ਨਾਂਅ ਹੇਠ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਪੁੱਜ ਚੁੱਕਾ ਸੀ, ਇਸ ਤੋਂ ਵੱਡਾ ਮੁੱਦਾ ਓਥੇ ਇਹ ਬਣ ਗਿਆ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਕੀ ਕੀਤਾ ਜਾਣਾ ਹੈ? ਆਪਣੀ ਮਰਹੂਮ ਪਤਨੀ ਬੇਨਜ਼ੀਰ ਭੁੱਟੋ ਦੇ ਪ੍ਰਧਾਨ ਮੰਤਰੀ ਹੁੰਦਿਆਂ ਤੋਂ ਹਰ ਮਾਮਲੇ ਵਿੱਚ ਦਸ ਫੀਸਦੀ ਕਮਿਸ਼ਨ ਖਾਣ ਦਾ ਆਦੀ ਹੋਣ ਕਰ ਕੇ 'ਮਿਸਟਰ ਟੈੱਨ ਪਰਸੈਂਟ' ਵਜੋਂ ਬਦਨਾਮ ਹੋ ਚੁੱਕੇ ਇਸ ਬੰਦੇ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਜੇਲ੍ਹ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਤੇ ਉਸ ਦੇ ਬਾਅਦ ਫੌਜੀ ਰਾਜ ਪਲਟੇ ਨਾਲ ਦੇਸ਼ ਦੇ ਮੁਖੀ ਬਣੇ ਜਨਰਲ ਪਰਵੇਜ਼ ਮੁਸ਼ੱਰਫ ਨੇ ਵੀ ਅੰਦਰ ਹੀ ਤਾੜੀ ਰੱਖਿਆ ਸੀ। ਰਿਹਾਈ ਜ਼ਰਦਾਰੀ ਨੂੰ ਓਦੋਂ ਮਿਲੀ ਸੀ, ਜਦੋਂ ਹਾਲਾਤ ਹੱਥੋਂ ਨਿਕਲਦੇ ਜਾਂਦੇ ਵੇਖ ਕੇ ਮੁਸ਼ੱਰਫ ਨੇ ਡੁਬੱਈ ਜਾ ਕੇ ਬੇਨਜ਼ੀਰ ਨਾਲ ਗੁਪਤ ਬੈਠਕ ਕੀਤੀ, ਜਿਸ ਬਾਰੇ ਹੁਣ ਉਹ ਆਪ ਵੀ ਮੰਨਣ ਲੱਗ ਪਿਆ ਹੈ। ਉਸ ਮੀਟਿੰਗ ਦਾ ਕੇਂਦਰੀ ਨੁਕਤਾ ਹੀ ਇਹ ਸੀ ਕਿ ਚੋਣਾਂ ਕਰਵਾ ਕੇ ਤਾਕਤ ਬੇਨਜ਼ੀਰ ਨੂੰ ਸੌਂਪਣ ਤੋਂ ਪਹਿਲਾਂ ਉਸ ਦੇ ਪਤੀ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੇ ਬੇਨਜ਼ੀਰ ਸਰਕਾਰ ਬਣਾ ਕੇ ਜਨਰਲ ਮੁਸ਼ੱਰਫ ਦੇ ਖਿਲਾਫ ਕੇਸ ਨਾ ਬਣਾਵੇ, ਇਸ ਸੌਦੇਬਾਜ਼ੀ ਦੇ ਹਿੱਸੇ ਵਜੋਂ ਉਹ ਗੱਦੀ ਛੱਡਣ ਤੋਂ ਪਹਿਲਾਂ ਬੇਨਜ਼ੀਰ ਦੇ ਪਤੀ ਦੇ ਵਿਰੁੱਧ ਚੱਲਦੇ ਕੇਸਾਂ ਉੱਤੇ ਰਾਸ਼ਟਰਪਤੀ ਵਜੋਂ ਕਾਟਾ ਮਾਰ ਜਾਵੇਗਾ। ਮਕਸਦ ਇਹ ਸੀ ਕਿ ਜੇ ਬੇਨਜ਼ੀਰ ਨੇ ਆ ਕੇ ਆਪ ਇਹ ਕੰਮ ਕੀਤਾ ਤਾਂ ਲੋਕ ਰੌਲਾ ਪਾਉਣਗੇ, ਇਸ ਲਈ ਮੁਸ਼ੱਰਫ ਹੀ ਇਹ ਕੰਮ ਕਰ ਜਾਵੇ, ਤਾਂ ਕਿ ਬੀਬੀ ਆਪਣਾ ਪੱਲਾ ਸਾਫ ਹੋਣ ਦਾ ਦਾਅਵਾ ਕਰਦੀ ਰਹਿ ਸਕੇ। ਏਨਾ ਕੰਮ ਮੁਸ਼ੱਰਫ ਨੇ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਉਹ ਪੁਰਾਣੇ ਸਾਰੇ ਕੇਸ ਦੋਬਾਰਾ ਖੋਲ੍ਹਣ ਦਾ ਹੁਕਮ ਕਰ ਦਿੱਤਾ ਹੈ, ਜਿਸ ਨੂੰ ਓਥੋਂ ਦੀ ਸਰਕਾਰ ਨਹੀਂ ਮੰਨ ਰਹੀ।
ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਇਸ ਕੁਰਸੀ ਉੱਤੇ ਆਸਿਫ ਅਲੀ ਜ਼ਰਦਾਰੀ ਨੇ ਬਿਠਾਇਆ ਸੀ ਤੇ ਬੇਨਜ਼ੀਰ ਦੇ ਕਤਲ ਪਿੱਛੋਂ ਜਿਸ ਜਨਾਬ ਫਾਹੀਮ ਨੂੰ ਪਾਰਟੀ ਨੇ ਇਸ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ, ਗਿਲਾਨੀ ਨੂੰ ਅੱਗੇ ਕਰਨ ਵੇਲੇ ਉਸ ਨਾਲ ਵਾਅਦਾ ਖਿਲਾਫੀ ਵੀ ਕੀਤੀ ਸੀ। ਹੁਣ ਗਿਲਾਨੀ ਉਸ ਮਿਹਰਬਾਨੀ ਦਾ ਮੁੱਲ ਤਾਰਨਾ ਚਾਹੁੰਦਾ ਹੈ। ਉਸ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਕਹਿ ਦਿੱਤਾ ਕਿ ਕਿਸੇ ਵੀ ਦੇਸ਼ ਵਿੱਚ ਓਥੋਂ ਦੇ ਮੁਖੀ ਦੇ ਖਿਲਾਫ ਮੁਕੱਦਮਾ ਨਹੀਂ ਚੱਲਦਾ ਹੁੰਦਾ ਤੇ ਇਹ ਕੰਮ ਪਾਕਿਸਤਾਨ ਦੀ ਗਿਲਾਨੀ ਸਰਕਾਰ ਵੀ ਕਦੇ ਨਹੀਂ ਕਰੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਇਸ ਸਰਕਾਰ ਨੇ ਇਸ ਮਾਮਲੇ ਵਿੱਚ ਉਸ ਦਾ ਹੁਕਮ ਨਹੀਂ ਮੰਨਣਾ ਤਾਂ ਪ੍ਰਧਾਨ ਮੰਤਰੀ ਗਿਲਾਨੀ ਦੇ ਖਿਲਾਫ ਅਦਾਲਤ ਦੀ ਮਾਣ-ਹਾਨੀ ਦਾ ਮੁਕੱਦਮਾ ਚਲਾਇਆ ਜਾਵੇਗਾ। ਗਿਲਾਨੀ ਇਸ ਦਾ ਸਾਹਮਣਾ ਕਰਨ ਨੂੰ ਤਿਆਰ ਹੋ ਗਿਆ।
ਕਈ ਲੋਕ ਇਸ ਨੂੰ ਪਾਕਿਸਤਾਨ ਦੀ ਬਹੁਤ ਵੱਡੀ ਸਿਆਸੀ ਉਲਝਣ ਮੰਨ ਰਹੇ ਹਨ, ਪਰ ਇਹ ਬਹੁਤ ਵੱਡੀ ਨਹੀਂ, ਕਿਉਂਕਿ ਇਸ ਦੇ ਵਿੱਚ ਹੀ ਇਸ ਨਾਟਕ ਦਾ ਅੰਤਲਾ ਦ੍ਰਿਸ਼ ਵੀ ਛੁਪਿਆ ਹੋਇਆ ਹੈ। ਸਜ਼ਾ ਹੋਣ ਦੀ ਸੂਰਤ ਵਿੱਚ ਗਿਲਾਨੀ ਇਹ ਸੋਚੀ ਬੈਠਾ ਹੈ ਕਿ ਉਹ ਲੋਕਾਂ ਕੋਲ ਜਾ ਕੇ ਲੋਕਤੰਤਰ ਦੇ ਉਸ ਸ਼ਹੀਦ ਵਜੋਂ ਪੇਸ਼ ਹੋਵੇਗਾ, ਜਿਸ ਨੇ ਮੁਲਕ ਦੇ ਮੁਖੀ ਦੇ ਸਤਿਕਾਰ ਦੇ ਸੰਬੰਧ ਵਿੱਚ ਸੰਵਿਧਾਨ ਦੀ ਰਾਖੀ ਕਰਦਿਆਂ ਸਜ਼ਾ ਲਵਾ ਲਈ, ਪਰ ਝੁਕਿਆ ਨਹੀਂ ਸੀ, ਅਤੇ ਆਸਿਫ ਅਲੀ ਜ਼ਰਦਾਰੀ ਇਹ ਸੋਚ ਕੇ ਚੱਲਦਾ ਹੈ ਕਿ ਜਿਵੇਂ ਫਾਹੀਮ ਨੂੰ ਪਾਸੇ ਕੀਤਾ ਸੀ, ਮੌਕਾ ਆਏ ਤੋਂ ਗਿਲਾਨੀ ਨੂੰ ਵੀ ਖੂੰਜੇ ਬਿਠਾ ਦੇਵਾਂਗੇ। ਆਪ ਉਹ ਏਨਾ ਐਲਾਨ ਵੀ ਕਰ ਸਕਦਾ ਹੈ ਕਿ 'ਜੇ ਅਦਾਲਤ ਮੁਕੱਦਮਾ ਚਲਾਉਣਾ ਚਾਹੁੰਦੀ ਹੈ ਤਾਂ ਚਲਾ ਲਵੇ, ਮੈਂ ਰਾਜਨੀਤੀ ਤੋਂ ਪਾਸੇ ਹੋ ਜਾਂਦਾ ਹਾਂ', ਏਨਾ ਕਹਿ ਕੇ ਹੁਣ ਤੱਕ ਤਿਆਰ ਕੀਤੇ ਜਾ ਰਹੇ ਆਪਣੇ ਪੁੱਤਰ ਬਿਲਾਵਲ ਨੂੰ ਅੱਗੇ ਕਰ ਕੇ ਪਰਦੇ ਪਿੱਛੋਂ ਰਾਜਨੀਤੀ ਕਰ ਲਵੇਗਾ।
ਇਸ ਸੰਵਿਧਾਨਕ ਅੜਾਉਣੀ ਨਾਲੋਂ ਵੱਡੀ ਉਲਝਣ ਅਗਲੇ ਦਿਨਾਂ ਵਿੱਚ ਜਨਰਲ ਮੁਸ਼ੱਰਫ ਦੇ ਖਿਲਾਫ ਜਾਰੀ ਹੋ ਚੁੱਕੇ ਵਾਰੰਟਾਂ ਨਾਲ ਬਣ ਸਕਦੀ ਹੈ। ਜਨਰਲ ਮੁਸ਼ੱਰਫ ਕੋਈ ਦੁੱਧ-ਧੋਤਾ ਬੰਦਾ ਨਹੀਂ, ਉਸ ਦੇ ਪੱਲੇ ਉੱਤੇ ਬਹੁਤ ਸਾਰੇ ਦਾਗ ਹਨ, ਜਿਨ੍ਹਾਂ ਵਿੱਚ ਕਤਲਾਂ ਦੇ ਦੋਸ਼ ਵੀ ਹਨ। ਨਵਾਬ ਬੁਗਤੀ ਦਾ ਕਤਲ ਵੀ ਉਸ ਦੇ ਨਾਂਅ ਲੱਗਦਾ ਹੈ। ਜਦੋਂ ਨਵਾਜ਼ ਸ਼ਰੀਫ ਦੇ ਖਿਲਾਫ ਰਾਜ ਪਲਟਾ ਕੀਤਾ ਸੀ, ਹੁਣ ਉਹ ਕੇਸ ਵੀ ਇਸ ਪੱਖ ਤੋਂ ਅਦਾਲਤ ਵਿੱਚ ਚਲਾ ਗਿਆ ਹੈ ਕਿ ਇਸ ਨੇ ਚੁਣੀ ਹੋਈ ਸੰਵਿਧਾਨਕ ਸਰਕਾਰ ਦਾ ਤਖਤਾ ਪਲਟ ਕੇ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਉੱਤੇ ਕਬਜ਼ਾ ਕੀਤਾ, ਸੰਵਿਧਾਨ ਦੀ ਤੌਹੀਨ ਕੀਤੀ ਅਤੇ ਏਨੇ ਸਾਲ ਨਾਜਾਇਜ਼ ਹਕੂਮਤ ਚਲਾਈ ਸੀ। ਉਸ ਨੂੰ ਇਨ੍ਹਾਂ ਗੱਲਾਂ ਦੀ ਵੀ ਕੋਈ ਪ੍ਰਵਾਹ ਨਹੀਂ।
ਜਿਹੜੇ ਮੁਸ਼ੱਰਫ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਪ੍ਰਵਾਹ ਨਹੀਂ ਸੀ ਤੇ ਉਹ ਇਨ੍ਹਾਂ ਬਾਰੇ ਕੋਈ ਟਿਪਣੀ ਕਰਨ ਦੀ ਥਾਂ ਹੱਸ ਕੇ ਟਾਲ ਦੇਂਦਾ ਸੀ, ਉਸ ਨੇ ਪਿਛਲੇ ਦਿਨੀਂ ਇੱਕ ਮਾਮਲੇ ਵਿੱਚ ਟਿਪਣੀ ਕੀਤੀ ਤੇ ਸਾਰੀ ਖੇਡ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਪਲਟ ਦਿੱਤੀ ਹੈ। ਜ਼ਰਦਾਰੀ ਦੀ ਪਤਨੀ ਬੇਨਜ਼ੀਰ ਭੁੱਟੋ ਦਾ ਕਤਲ ਮੁਸ਼ੱਰਫ ਦੀ ਹਕੂਮਤ ਦੇ ਵਕਤ ਹੋਇਆ ਸੀ ਤੇ ਉਸ ਦੀ ਪੜਤਾਲ ਦੌਰਾਨ ਮੁਸ਼ੱਰਫ਼ ਆਪਣੇ ਆਪ ਜਲਾਵਤਨੀ ਸਹੇੜ ਕੇ ਇੰਗਲੈਂਡ ਚਲਾ ਗਿਆ ਸੀ, ਜਿੱਥੋਂ ਅਜੇ ਤੱਕ ਉਹ ਪਰਤਿਆ ਨਹੀਂ। ਏਧਰ ਬੇਨਜ਼ੀਰ ਦੇ ਕਤਲ ਦੀ ਜਿਹੜੀ ਪੜਤਾਲ ਹੋਈ, ਉਸ ਦੀ ਰਿਪੋਰਟ ਆਈ ਤਾਂ ਉਸ ਦੇ ਆਧਾਰ ਉੱਤੇ ਮੁਸ਼ੱਰਫ ਨੂੰ ਇਸ ਗੁਨਾਹ ਦਾ ਦੋਸ਼ੀ ਠਹਿਰਾ ਦਿੱਤਾ ਗਿਆ ਕਿ ਬੇਨਜ਼ੀਰ ਨੂੰ ਦਰਪੇਸ਼ ਖਤਰੇ ਬਾਰੇ ਪਤਾ ਹੋਣ ਦੇ ਬਾਵਜੂਦ ਉਸ ਨੇ ਉਸ ਨੂੰ ਲੋੜੀਂਦੀ ਸੁਰੱਖਿਆ ਨਹੀਂ ਸੀ ਦਿੱਤੀ। ਇਸ ਗੱਲ ਵਾਸਤੇ ਜਦੋਂ ਮੁਸ਼ੱਰਫ਼ ਦੇ ਵਾਰੰਟ ਜਾਰੀ ਹੋਣ ਅਤੇ ਇੰਟਰਪੋਲ ਨੂੰ ਇਹ ਬੇਨਤੀ ਕਰਨ ਦੀ ਨੌਬਤ ਆਈ ਕਿ ਉਸ ਨੂੰ ਪਾਕਿਸਤਾਨ ਦੇ ਹਵਾਲੇ ਕਰਨ ਵਿੱਚ ਮਦਦ ਕਰੇ, ਓਦੋਂ ਮੁਸ਼ੱਰਫ ਨੇ ਚੁੱਪ ਤੋੜ ਦਿੱਤੀ। ਉਸ ਨੇ ਕਿਹਾ ਕਿ ਮੇਰੇ ਕੋਲੋਂ ਇਨ੍ਹਾਂ ਨੇ ਕੀ ਪੁੱਛਣਾ ਹੈ, ਬੇਨਜ਼ੀਰ ਨੂੰ ਕਿਸ ਨੇ ਮਾਰਿਆ ਤੇ ਕਿਸ ਨੇ ਮਰਵਾਇਆ, ਇਸ ਬਾਰੇ ਜ਼ਰਦਾਰੀ ਨੂੰ ਖੁਦ ਸਭ ਤੋਂ ਵੱਧ ਪਤਾ ਹੈ। ਇਹ ਇੱਕ ਤਰ੍ਹਾਂ ਦਾ ਸਿੱਧਾ ਦੋਸ਼ ਹੈ ਕਿ ਜ਼ਰਦਾਰੀ ਨੂੰ ਆਪਣੀ ਬੀਵੀ ਦੇ ਕਾਤਲਾਂ ਅਤੇ ਕਤਲ ਦੇ ਪਿੱਛੇ ਖੜੀਆਂ ਤਾਕਤਾਂ ਬਾਰੇ ਪਤਾ ਹੈ, ਪਰ ਉਹ ਲੁਕਾ ਰਿਹਾ ਹੈ। ਸਮਝਿਆ ਜਾਂਦਾ ਸੀ ਕਿ ਹੁਣ ਜ਼ਰਦਾਰੀ ਨੂੰ ਖੁਦ ਜਾਂ ਉਸ ਦੇ ਪੁੱਤਰ ਤੇ ਧੀਆਂ ਵਿੱਚੋਂ ਕਿਸੇ ਨਾ ਕਿਸੇ ਨੂੰ ਸਾਹਮਣੇ ਆ ਕੇ ਕਹਿਣਾ ਪਵੇਗਾ ਕਿ ਮੁਸ਼ੱਰਫ ਆਪਣੇ ਬਚਾਅ ਲਈ ਐਵੇਂ ਊਜਾਂ ਲਾਉਂਦਾ ਹੈ, ਪਰ ਉਨ੍ਹਾਂ ਦੇ ਦੰਦ ਜੁੜੇ ਰਹਿਣ ਨੇ ਕਈ ਹੋਰ ਕਿਆਫੇ ਸ਼ੁਰੂ ਕਰ ਦਿੱਤੇ ਹਨ।
ਜਦੋਂ ਬੇਨਜ਼ੀਰ ਦਾ ਕਤਲ ਹੋਇਆ ਸੀ, ਉਸ ਵਕਤ ਇੱਕ ਗੱਲ ਬੜੀ ਹੈਰਾਨੀ ਨਾਲ ਨੋਟ ਕੀਤੀ ਗਈ ਸੀ ਕਿ ਫੋਰਿੰਸਕ ਟੀਮਾਂ ਵੱਲੋਂ ਆ ਕੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਪਹਿਲਾਂ ਉਸ ਸਾਰੀ ਥਾਂ ਦੀ ਸਫਾਈ ਕਰ ਦਿੱਤੀ ਗਈ ਸੀ। ਫਾਇਰ ਬਰਗੇਡ ਦੀਆਂ ਗੱਡੀਆਂ ਆਈਆਂ ਅਤੇ ਪਾਣੀ ਦੀਆਂ ਧਾਰਾਂ ਮਾਰ ਕੇ ਨਾਲ ਦੀ ਨਾਲ ਬੁਰਸ਼ ਫੇਰ ਕੇ ਸਫਾਈ ਕੀਤੀ ਗਈ ਸੀ। ਆਖਰ ਉਹ ਕੌਣ ਸੀ, ਜਿਹੜਾ ਹਰ ਸਬੂਤ ਮਿਟਾ ਦੇਣਾ ਚਾਹੁੰਦਾ ਸੀ? ਮੁਸ਼ੱਰਫ ਉਸ ਵਕਤ ਹਕੂਮਤ ਚਲਾ ਰਿਹਾ ਸੀ, ਉਸ ਨੂੰ ਇਸ ਹਰਕਤ ਦੀ ਪੜਤਾਲ ਦਾ ਹੁਕਮ ਦੇਣਾ ਚਾਹੀਦਾ ਸੀ, ਪਰ ਉਸ ਨੇ ਨਹੀਂ ਸੀ ਦਿੱਤਾ ਅਤੇ ਜ਼ਰਦਾਰੀ ਨੂੰ ਇਸ ਗੱਲ ਨੂੰ ਮੁੱਦਾ ਬਣਾਉਣਾ ਚਾਹੀਦਾ ਸੀ, ਉਸ ਨੇ ਵੀ ਨਹੀਂ ਸੀ ਬਣਾਇਆ। ਆਖਰ ਇਹੋ ਜਿਹੀ ਕਿਹੜੀ ਸ਼ਕਤੀ ਸੀ, ਜਿਹੜੀ ਇਨ੍ਹਾਂ ਦੋਵਾਂ ਨੂੰ ਬੇਨਜ਼ੀਰ ਦੇ ਕਤਲ ਦੀ ਪੜਤਾਲ ਦੇ ਸਬੂਤ ਮਿਟਾ ਦੇਣ ਦਾ ਵਿਰੋਧ ਵੀ ਕਰਨ ਤੋਂ ਏਨੀ ਸਖਤੀ ਨਾਲ ਵਰਜ ਰਹੀ ਸੀ ਕਿ ਦੋਵਾਂ ਦੇ ਦੰਦ ਜੁੜੇ ਰਹੇ ਸਨ?
ਇਸ਼ਾਰੇ ਬੜੇ ਸਾਫ ਕੀਤੇ ਗਏ ਸਨ। ਕੁਝ ਲੋਕਾਂ ਦਾ ਖਿਆਲ ਸੀ ਕਿ ਕਤਲ ਮੁਸ਼ੱਰਫ ਦੀ ਸਲਾਹ ਨਾਲ ਕੀਤਾ ਗਿਆ ਹੋ ਸਕਦਾ ਹੈ ਤੇ ਕੁਝ ਲੋਕ ਇਹ ਕਹਿਣ ਤੱਕ ਚਲੇ ਜਾਂਦੇ ਸਨ, ਅਤੇ ਅੱਜ ਵੀ ਇਹ ਚਰਚੇ ਕਰੀ ਜਾਂਦੇ ਹਨ, ਕਿ ਜ਼ਰਦਾਰੀ ਇਸ ਸਾਜ਼ਿਸ਼ ਪਿੱਛੇ ਲੁਕੇ ਚਿਹਰਿਆਂ ਤੋਂ ਅਣਜਾਣ ਨਹੀਂ ਹੋ ਸਕਦਾ। ਇਸ ਪਿੱਛੋਂ ਇਹ ਸ਼ੱਕ ਪੈਦਾ ਹੋ ਜਾਣਾ ਸਧਾਰਨ ਹੈ ਕਿ ਜ਼ਰਦਾਰੀ ਕਿਧਰੇ ਭੁੱਟੋ ਪਰਵਾਰ ਦੇ ਇੱਕ ਹੋਰ ਮੈਂਬਰ ਦੇ ਕਤਲ ਦੀ ਸਾਜ਼ਿਸ਼ ਬਾਰੇ ਜਾਣ-ਬੁੱਝ ਕੇ ਚੁੱਪ ਤਾਂ ਨਹੀਂ ਵੱਟ ਰਿਹਾ? ਇਸ ਸੰਬੰਧ ਵਿੱਚ ਭੁੱਟੋ ਪਰਵਾਰ ਦਾ ਪਿਛਲਾ ਗੈਰ-ਕੁਦਰਤੀ ਮੌਤਾਂ ਦਾ ਇਤਿਹਾਸ ਵੇਖਣਾ ਪੈਂਦਾ ਹੈ। ਗੈਰ-ਕੁਦਰਤੀ ਮੌਤ ਸਿਰਫ ਜ਼ੁਲਫਕਾਰ ਅਲੀ ਭੁੱਟੋ ਦੀ ਨਹੀਂ ਸੀ ਹੋਈ, ਜਿਸ ਨੂੰ ਫੌਜੀ ਹਾਕਮ ਜਨਰਲ ਜ਼ਿਆ ਉਲ ਹੱਕ ਨੇ ਫਾਂਸੀ ਟੰਗਵਾ ਦਿੱਤਾ ਸੀ, ਸਗੋਂ ਭੁੱਟੋ ਦੇ ਦੋ ਪੁੱਤਰਾਂ ਦੇ ਕਤਲ ਵੀ ਹੋਏ ਸਨ। ਬੇਨਜ਼ੀਰ ਦੇ ਇੱਕ ਛੋਟੇ ਭਰਾ ਸ਼ਾਹਨਵਾਜ਼ ਦੀ ਮੌਤ ਜਦੋਂ ਹੋਈ ਤਾਂ ਉਹ ਵੀ ਗੈਰ-ਕੁਦਰਤੀ ਸੀ ਤੇ ਸਮਝਿਆ ਜਾਂਦਾ ਸੀ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਹੈ, ਪਰ ਇਹ ਗੱਲ ਸਾਬਤ ਨਹੀਂ ਸੀ ਹੋਈ। ਓਦੋਂ ਰਾਜ ਜਨਰਲ ਜ਼ਿਆ ਉਲ ਹੱਕ ਦਾ ਸੀ ਤੇ ਮੌਤ ਪਾਕਿਸਤਾਨ ਤੋਂ ਬਾਹਰ ਹੋਈ ਸੀ। ਫਿਰ ਬੇਨਜ਼ੀਰ ਭੁੱਟੋ ਜਦੋਂ ਪਾਕਿਸਤਾਨ ਦੀ ਦੂਸਰੀ ਵਾਰੀ ਪ੍ਰਧਾਨ ਮੰਤਰੀ ਬਣੀ, ਓਦੋਂ ਦੂਸਰੇ ਛੋਟੇ ਭਰਾ ਮੁਰਤਜ਼ਾ ਦਾ ਕਤਲ ਹੋ ਗਿਆ। ਉਹ ਇਸ ਗੱਲ ਲਈ ਮੁਹਿੰਮ ਚਲਾ ਰਿਹਾ ਸੀ ਕਿ ਪਾਕਿਸਤਾਨ ਪੀਪਲਜ਼ ਪਾਰਟੀ ਵਿੱਚ ਲੀਡਰ ਦੀ ਚੋਣ ਦਾ ਤਰੀਕਾ ਜਮਹੂਰੀ ਹੋਣਾ ਚਾਹੀਦਾ ਹੈ, ਜਿਸ ਲਈ ਬੇਨਜ਼ੀਰ ਸਹਿਮਤ ਨਹੀਂ ਸੀ। ਬੇਨਜ਼ੀਰ ਨੇ ਇੱਕ ਵਾਰੀ ਇਹ ਵਿਵਾਦ ਭਰਿਆ ਬਿਆਨ ਵੀ ਦੇ ਦਿੱਤਾ ਕਿ ਪਾਕਿਸਤਾਨ ਨੂੰ ਇੱਕੋ ਭੁੱਟੋ ਦੀ ਲੋੜ ਹੈ, ਦੋਂਹ ਦੀ ਲੋੜ ਨਹੀਂ। ਉਸ ਤੋਂ ਕੁਝ ਦਿਨਾਂ ਦੇ ਅੰਦਰ ਇੱਕ ਪੁਲਸ ਮੁਕਾਬਲੇ ਵਿੱਚ ਮੁਰਤਜ਼ਾ ਭੁੱਟੋ ਨੂੰ ਮਾਰ ਦਿੱਤਾ ਗਿਆ। ਦੋਵਾਂ ਦੀ ਮਾਂ ਨੁਸਰਤ ਭੁੱਟੋ ਕਿਉਂਕਿ ਪੁੱਤਰ ਮੁਰਤਜ਼ਾ ਦੇ ਨਾਲ ਖੜੀ ਸੀ, ਉਸ ਨੇ ਇਸ ਕਤਲ ਲਈ ਆਪਣੀ ਧੀ ਬੇਨਜ਼ੀਰ ਤੇ ਜਵਾਈ ਆਸਿਫ ਅਲੀ ਜ਼ਰਦਾਰੀ ਨੂੰ ਸਿੱਧੇ ਤੌਰ ਉੱਤੇ ਦੋਸ਼ੀ ਦੱਸਿਆ ਸੀ।
ਹੁਣ ਜਦੋਂ ਪਾਕਿਸਤਾਨ ਇੱਕ ਅਜਿਹੇ ਚੌਰਾਹੇ ਉੱਤੇ ਖੜਾ ਹੈ, ਜਿੱਥੋਂ ਉਸ ਨੂੰ ਅਗਲਾ ਰਾਹ ਨਹੀਂ ਸੁੱਝ ਰਿਹਾ, ਉਸ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਮੁਸ਼ੱਰਫ ਨੇ ਮੌਜੂਦਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਬਾਰੇ ਇਹ ਇਸ਼ਾਰਾ ਕਰ ਕੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਵਿਸਵਿਸੇ ਹੋਰ ਵਧਾ ਦਿੱਤੇ ਹਨ। ਇਸ ਹਾਲਤ ਵਿੱਚ ਪਾਕਿਸਤਾਨ ਦੇ ਕਿਸੇ ਵੱਡੇ ਤੋਂ ਵੱਡੇ ਰਾਜਸੀ ਮਾਹਿਰ ਲਈ ਵੀ ਇਹ ਦੱਸਣਾ ਔਖਾ ਹੈ ਕਿ ਇਸ ਦੇਸ਼ ਦਾ ਹੁਣ ਬਣੇਗਾ ਕੀ?

No comments:

Post a Comment