ਦ੍ਰਿਸ਼ਟੀਕੋਣ (79)-ਜਤਿੰਦਰ ਪਨੂੰ

ਬ੍ਰਹਮੇਸ਼ਵਰ ਮੁਖੀਆ ਦੇ ਕਤਲ ਨਾਲ ਜੁੜੇ ਵਰਤਾਰੇ ਨੂੰ ਸਮਝਣ ਦੀ ਲੋੜ
ਮੁਕਾਬਲਤਨ ਸੁਥਰੀ ਦਿੱਖ ਵਾਲਾ ਮੁੱਖ ਮੰਤਰੀ ਮੰਨੇ ਜਾਂਦੇ ਨਿਤੀਸ਼ ਕੁਮਾਰ ਦੇ ਰਾਜ ਬਿਹਾਰ ਵਿੱਚ ਬ੍ਰਹਮੇਸ਼ਵਰ ਮੁਖੀਆ ਨਾਂਅ ਦੇ ਬੰਦੇ ਨੂੰ ਪਹਿਲੀ ਜੂਨ ਦੀ ਸਵੇਰ ਨੂੰ ਕਤਲ ਕਰ ਦਿੱਤਾ ਗਿਆ ਹੈ। ਉਹ ਨਾਂਅ ਵਜੋਂ ਤਾਂ ਬ੍ਰਹਮੇਸ਼ਵਰ ਸੀ, ਕਾਰਜਾਂ ਦੇ ਪੱਖ ਤੋਂ ਨਹੀਂ। ਹਿੰਦੂ ਧਾਰਨਾ ਮੁਤਾਬਕ ਈਸ਼ਵਰ ਦੇ ਤਿੰਨ ਪਹਿਲੇ ਸਰੂਪਾਂ ਬ੍ਰਹਮਾ, ਸ਼ਿਵ ਅਤੇ ਵਿਸ਼ਣੂ ਵਿੱਚੋਂ ਬ੍ਰਹਮਾ ਨੂੰ ਜਨਮ ਦਾ ਦੇਵਤਾ ਮੰਨਿਆ ਜਾਂਦਾ ਹੈ, ਪਰ ਇਹ ਬ੍ਰਹਮੇਸ਼ਵਰ, ਅਰਥਾਤ ਬ੍ਰਹਮ-ਈਸ਼ਵਰ, ਜ਼ਿੰਦਗੀ ਦੇਣ ਦੀ ਥਾਂ ਜ਼ਿੰਦਗੀ ਖੋਹਣ ਦਾ ਕੰਮ ਕਰਨ ਲਈ ਬਿਹਾਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਬਦਨਾਮ 'ਰਣਵੀਰ ਸੈਨਾ' ਦਾ ਮੁਖੀਆ ਸੀ। ਉਸ ਦੀ ਮੌਤ ਮਗਰੋਂ ਬਿਹਾਰ ਵਿੱਚ ਕਾਫੀ ਗੜਬੜ ਹੋਈ ਹੈ, ਜੋ ਕਿ ਇਹੋ ਜਿਹੇ ਬੰਦੇ ਦੇ ਮਰਨ ਉੱਤੇ ਹੋ ਜਾਣੀ ਆਮ ਜਿਹੀ ਗੱਲ ਹੈ, ਪਰ ਉਸ ਗੜਬੜ ਤੋਂ ਪਾਸੇ ਹਟ ਕੇ ਇੱਕ ਹਲਚਲ ਸਿਆਸੀ ਖੇਤਰ ਵਿੱਚ ਵੀ ਹੋਈ ਹੈ। ਜਿਨ੍ਹਾਂ ਆਗੂਆਂ ਨੇ ਹਮੇਸ਼ਾ ਇਸ ਦੇ ਨਾਲ ਆਪਣਾ ਕੋਈ ਸੰਬੰਧ ਹੋਣ ਤੋਂ ਇਨਕਾਰ ਕੀਤਾ ਸੀ, ਜਿਹੜੇ ਇਸ ਦੀ ਕਤਲੋ-ਗਾਰਤ ਕਰਨ ਵਾਲੀ ਸੈਨਾ ਨੂੰ ਗਲਤ ਵੀ ਕਹਿਣ ਤੱਕ ਕਦੇ-ਕਦੇ ਚਲੇ ਜਾਂਦੇ ਸਨ, ਉਨ੍ਹਾਂ ਨੇ ਬ੍ਰਹਮੇਸ਼ਵਰ ਦੇ ਮਾਰੇ ਜਾਣ ਉੱਤੇ 'ਦੁੱਖ ਪ੍ਰਗਟ' ਕੀਤਾ ਹੈ। ਇੱਕ ਮਨੁੱਖ ਦੇ ਮਾਰੇ ਜਾਣ ਦਾ ਦੁੱਖ ਹੋਰ ਗੱਲ ਹੈ, ਨਾਲ ਉਸ ਵਰਗੇ ਬਦਨਾਮ ਬੰਦੇ ਦੇ ਪੱਖ ਵਿੱਚ ਵੀ ਕਈ ਕੁਝ ਕਿਹਾ ਗਿਆ ਹੈ, ਜੋ ਸਾਨੂੰ ਠੀਕ ਨਹੀਂ ਲੱਗਾ।
ਕੋਈ ਵੀਹ ਕੁ ਸਾਲ ਪਹਿਲਾਂ ਬਣੀ ਇਸ ਰਣਵੀਰ ਸੈਨਾ ਨੂੰ ਕਈ ਲੋਕ ਪਿਛਲੇਰੀ ਸਦੀ, ਜਦੋਂ ਬਰਤਾਨਵੀ ਰਾਜ ਹੁੰਦਾ ਸੀ, ਦੇ ਵਕਤ ਫੌਜ ਵਿੱਚੋਂ ਨੌਕਰੀ ਛੱਡ ਕੇ ਆਏ ਅਤੇ ਅੰਗਰੇਜ਼ੀ ਰਾਜ ਦੇ ਵਿਰੁੱਧ ਜ਼ਿਮੀਦਾਰਾਂ ਅਤੇ ਰਾਜਪੂਤਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਲੇ ਰਣਵੀਰ ਬਾਬਾ ਨਾਲ ਜੋੜਦੇ ਹਨ। ਉਹ ਏਦਾਂ ਦਾ ਬੰਦਾ ਹੋਵੇਗਾ ਜਾਂ ਸਿਰਫ਼ ਖਿਆਲ ਸੀ, ਇਸ ਬਾਰੇ ਕਿਸੇ ਨੂੰ ਪੱਕਾ ਪਤਾ ਨਹੀਂ, ਪਰ ਇੱਕ ਗੱਲ ਪੱਕੀ ਹੈ ਕਿ ਉਹ ਵੀ ਜ਼ਿਮੀਦਾਰ, ਜ਼ਮੀਨਾਂ ਦੇ ਮਾਲਕਾਂ, ਵਾਸਤੇ ਲੜਿਆ ਸੀ ਤੇ ਵੀਹ ਸਾਲ ਪਹਿਲਾਂ ਬਣੀ ਰਣਵੀਰ ਸੈਨਾ ਦਾ ਨਿਸ਼ਾਨਾ ਵੀ ਇਹੋ ਸੀ। ਏਨੀ ਕੁ ਗੱਲ ਨਾਲ ਕੋਈ ਨਾੜੂਏ ਦਾ ਸੰਬੰਧ ਨਹੀਂ ਜੁੜ ਸਕਦਾ। ਉਹ ਜ਼ਮਾਨੇ ਹੋਰ ਸਨ ਤੇ ਲੜਾਈ ਦਾ ਰੂਪ ਵੀ ਪਤਾ ਨਹੀਂ ਕਿਹੋ ਜਿਹਾ ਸੀ, ਪਰ ਇਸ ਵਾਰੀ ਜਿਸ ਰਣਵੀਰ ਸੈਨਾ ਨੂੰ ਬ੍ਰਹਮੇਸ਼ਵਰ ਮੁਖੀਆ ਨੇ ਖੜੀ ਕੀਤਾ, ਇਹ ਮਾੜੇ-ਧੀੜੇ ਕਿਸਾਨਾਂ ਨੂੰ ਆਪਣੇ ਨਾਲ 'ਭੂਮੀਹਾਰ' ਦੇ ਨਾਂਅ ਹੇਠ ਜੋੜ ਕੇ ਆਪਣੇ ਇਲਾਕੇ ਦੇ ਦੱਬੇ-ਕੁਚਲੇ ਲੋਕਾਂ, ਖਾਸ ਕਰ ਕੇ ਦਲਿਤਾਂ ਨੂੰ ਨਿਸ਼ਾਨਾ ਬਣਾ ਰਹੀ ਸੀ। ਵੱਡੇ ਜਗੀਰਦਾਰ ਆਪਣੀ ਲੜਾਈ ਵਿੱਚ ਗਰੀਬ ਕਿਸਾਨਾਂ ਦੇ ਪੁੱਤਰਾਂ ਨੂੰ ਅੱਗੇ ਕਰ ਕੇ ਲੜਦੇ ਅਤੇ ਇਸ ਨੂੰ ਉਹ 'ਜ਼ਿਮੀਦਾਰਾਂ ਦੀ ਲੜਾਈ' ਆਖਦੇ ਸਨ, ਜਦ ਕਿ ਲੜਾਈ ਦਾ ਅਸਲੀ ਮਨੋਰਥ ਕੁਝ ਜਾਤੀ ਅਤੇ ਕੁਝ ਜਮਾਤੀ ਦੋਵੇਂ ਤਰ੍ਹਾਂ ਦਾ ਮਿਲਗੋਭਾ ਸੀ। ਕਹਿਣ ਨੂੰ ਤਾਂ ਇਹ ਲੋਕ ਨਕਸਲੀਆਂ ਨਾਲ ਆਢਾ ਲਾਉਣ ਦਾ ਦਾਅਵਾ ਕਰਦੇ ਸਨ, ਤੇ ਕੁਝ ਹੱਦ ਤੱਕ ਇਹ ਸੱਚ ਵੀ ਸੀ, ਪਰ ਬਹੁਤਾ ਕਰ ਕੇ ਇਨ੍ਹਾਂ ਦੇ ਨਿਸ਼ਾਨੇ ਉੱਤੇ ਆਪਣੀ ਮਿਹਨਤ ਦਾ ਮੁੱਲ ਮੰਗਣ ਵਾਲੇ ਉਹ ਲੋਕ ਹੁੰਦੇ ਸਨ, ਜਿਹੜੇ ਰਾਜਨੀਤੀ ਨਹੀਂ ਜਾਣਦੇ।
ਨਕਸਲੀ ਜਾਂ ਮਾਓਵਾਦੀ ਲਹਿਰ ਦੇ ਬੰਦੂਕਬਾਜ਼ ਪੱਖ ਦੇ ਅਸੀਂ ਕਿਸੇ ਤਰ੍ਹਾਂ ਵੀ ਹਮਾਇਤੀ ਨਹੀਂ, ਪਰ ਜਦੋਂ ਇਸ ਲਹਿਰ ਦਾ ਆਗਾਜ਼ ਅਤੇ ਅੱਜ ਫੋਲਣ ਬੈਠਦੇ ਹਾਂ ਤਾਂ ਨਜ਼ਰ ਆਉਂਦਾ ਹੈ ਕਿ ਇਹ ਲਹਿਰ ਵੀ 'ਤੰਗ ਆਮਦ, ਬਜੰਗ ਆਮਦ' ਦੀ ਗੰਗੋਤਰੀ ਵਿੱਚੋਂ ਹੀ ਨਿਕਲਦੀ ਹੈ। ਜਦੋਂ ਦੱਬੇ-ਕੁਚਲੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁਲਾ ਕੇ ਦੇਸ਼ ਦਾ ਕਾਨੂੰਨ ਰਾਠਾਂ ਅਤੇ ਜ਼ੋਰਾਵਰਾਂ ਦਾ ਪੱਖ ਪਾਲਣ ਲੱਗ ਪੈਂਦਾ ਹੈ ਤਾਂ 'ਚੂੰ ਕਾਰ ਅਜ਼ ਹਮ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ' ਦੇ ਰਾਹ ਨਾ ਚਾਹੁੰਦੇ ਹੋਏ ਵੀ ਪੈਣਾ ਪੈਂਦਾ ਹੈ। ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਅਟਲ ਬਿਹਾਰੀ ਵਾਜਪਾਈ ਨੂੰ ਪਾਸੇ ਕਰ ਕੇ ਕੁਰਸੀ ਸੰਭਾਲੀ ਤਾਂ ਪਹਿਲੀ ਤਕਰੀਰ ਵਿੱਚ ਨਕਸਲੀਆਂ ਦੀ ਸਮੱਸਿਆ ਦੀ ਵਿਆਖਿਆ ਉਸ ਨੇ ਵੀ ਇਸੇ ਤਰ੍ਹਾਂ ਕੀਤੀ ਸੀ ਕਿ ਜਦੋਂ ਤੀਕ ਭੁੱਖ ਦਾ ਦੁੱਖ ਦੂਰ ਨਾ ਹੋਇਆ, ਹਿੰਸਾ ਉੱਤੇ ਪੱਕੇ ਤੌਰ ਉੱਤੇ ਕਾਬੂ ਨਹੀਂ ਪਾਇਆ ਜਾ ਸਕਣਾ। ਪਿੱਛੋਂ ਇਸ ਪ੍ਰਧਾਨ ਮੰਤਰੀ ਨੂੰ 'ਸਿਸਟਮ' ਨੇ ਆਪਣੀ ਉਂਗਲ ਲਾ ਕੇ ਆਪਣੇ ਮਤਲਬ ਦੀਆਂ ਗਲੀਆਂ ਵਿੱਚ ਇਹੋ ਜਿਹਾ ਤੋਰ ਲਿਆ ਕਿ ਉਸ ਨੂੰ ਓਦੋਂ ਦੇ ਕਹੇ ਲਫਜ਼ ਵੀ ਅੱਜ ਯਾਦ ਨਹੀਂ ਰਹਿ ਗਏ ਹੋਣੇ। ਫਿਰ ਵੀ ਸਮੱਸਿਆ ਦਾ ਅਸਲ ਹੱਲ ਕਦੇ ਨਾ ਕਦੇ ਤਾਂ ਕਰਨਾ ਹੀ ਪਵੇਗਾ।
ਜੇ ਅਸੀਂ ਨਕਸਲੀ ਜਾਂ ਮਾਓਵਾਦੀ ਹਿੰਸਾ ਦੀ ਹਮਾਇਤ ਨਹੀਂ ਕਰਦੇ ਤਾਂ ਚੰਬਲ ਜਾਂ ਕਿਸੇ ਹੋਰ ਘਾਟੀ ਵਿੱਚ ਡੇਰੇ ਲਾ ਕੇ ਵਾਰਦਾਤਾਂ ਕਰਦੇ ਕਿਸੇ ਡਾਕੂ ਟੋਲੇ ਦੀ ਹਮਾਇਤ ਵੀ ਨਹੀਂ ਕਰ ਸਕਦੇ, ਪਰ ਜੇ ਤੋਲ-ਤੁਲਾਵਾ ਕਰਨਾ ਹੋਵੇ ਤਾਂ ਸ਼ਹਿਰਾਂ ਵਿੱਚ ਬੈਠੇ ਕਈ ਲੋਕਾਂ ਨਾਲੋਂ ਉਹ ਡਾਕੂ ਵੀ ਕਿਰਦਾਰ ਦੇ ਪੱਖੋਂ ਉੱਨੀ ਦੀ ਥਾਂ ਇੱਕੀ ਜਾਪਣ ਲੱਗ ਪੈਂਦੇ ਹਨ। ਹੈਰੋਇਨ ਦੀ ਸਮੱਗਲਿੰਗ ਕਰ ਕੇ ਲੋਕਾਂ ਦੇ ਖਾਨਦਾਨ ਤਬਾਹ ਕਰਨ ਵਾਲਾ ਬੰਦਾ ਕਮੀਨਾ ਹੁੰਦਾ ਹੈ, ਚੰਦ ਟਕੇ ਕਮਾਉਣ ਲਈ ਇਹ ਰਸਤਾ ਫੜਦਾ ਹੈ, ਪਰ ਡਾਕੂ ਇਸ ਰਸਤੇ ਪੈਂਦਾ ਨਹੀਂ, ਉਸ ਨੂੰ ਪੈਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਇਸ ਰਾਹੇ ਪੈ ਕੇ ਵੀ ਉਹ ਅਣਖ ਅਤੇ ਕੁਝ ਅਸੂਲ ਆਪਣੇ ਪੱਲੇ ਰੱਖ ਲੈਂਦਾ ਹੈ। ਫੂਲਾਂ ਦੇਵੀ ਡਾਕੂ ਬਣੀ ਨਹੀਂ, ਬਣਨ ਲਈ ਮਜਬੂਰ ਕੀਤੀ ਗਈ ਸੀ। ਉਹ ਦਲਿਤ ਪਰਵਾਰ ਦੀ ਕੁੜੀ ਸੀ। ਜਿਹੜਾ ਕਹਿਰ ਉਸ ਵਿਚਾਰੀ ਨਾਲ ਸਰੇ-ਆਮ ਗੁਜ਼ਾਰਿਆ ਗਿਆ ਸੀ, ਉਸ ਦੇ ਬਾਅਦ ਜਦੋਂ ਕਾਨੂੰਨ ਨੇ ਵੀ ਬਾਂਹ ਨਾ ਫੜੀ, ਉਸ ਕੋਲ ਖੁਦਕੁਸ਼ੀ ਕਰਨ ਜਾਂ ਆਪਣਾ ਇਨਸਾਫ ਆਪ ਕਰਨ ਦੇ ਇਲਾਵਾ ਕੋਈ ਚੋਣ ਨਹੀਂ ਸੀ ਰਹਿ ਗਈ। ਉਹ ਅੱਤ ਦੀ ਪਛੜੀ ਮਲਾਹ ਜਾਤੀ ਵਿੱਚ ਜਨਮੀ ਸੀ। ਆਪਣੇ ਆਪ ਨੂੰ ਉੱਚੀ ਜਾਤੀ ਦੇ ਸਮਝਣ ਵਾਲਿਆਂ ਨੇ ਉਸ ਨਾਲ ਚਿੱਟੇ ਦਿਨ ਸਮੂਹਕ ਬਲਾਤਕਾਰ ਕੀਤਾ ਤੇ ਉਸ ਨੂੰ ਹਰੀਜਨ ਕਹਿਣ ਵਾਲੇ ਕਾਨੂੰਨ ਦੇ ਰਾਖਿਆਂ ਨੇ ਇਹ ਸਮਝਿਆ ਕਿ ਹਰੀਜਨ ਤਾਂ ਹਰੀ ਦੇ ਜਨ ਹਨ, ਆਪੇ ਹਰੀ ਜਾਂ ਭਗਵਾਨ ਆ ਕੇ ਇਨ੍ਹਾਂ ਦੀ ਮਦਦ ਕਰਦਾ ਰਹੇਗਾ, ਸਾਨੂੰ ਕਰਨ ਦੀ ਲੋੜ ਨਹੀਂ। ਉਹ ਬੰਦੂਕ ਚੁੱਕ ਤੁਰੀ ਤੇ ਫਿਰ ਉਹ ਕੁਝ ਵਾਪਰ ਗਿਆ, ਜਿਸ ਦਾ ਕਿਸੇ ਨੇ ਕਿਆਸ ਨਹੀਂ ਸੀ ਕੀਤਾ। ਆਪਣੇ ਨਾਲ ਜ਼ਿਆਦਤੀ ਕਰਨ ਵਾਲੇ ਬਾਈ ਬੰਦੇ ਮਾਰ ਕੇ ਉਹ ਉਸ ਰਾਹੇ ਪੈ ਗਈ, ਜਿੱਥੋਂ ਨਿਕਲਣਾ ਸੌਖਾ ਨਹੀਂ ਹੁੰਦਾ, ਪਰ ਉਹ ਆਪ ਉਸ ਰਾਹ ਨਹੀਂ ਸੀ ਪਈ, ਉਸ ਸਮਾਜ ਨੇ ਪਾਇਆ ਸੀ, ਜਿਹੜਾ ਕਹਿਣ ਨੂੰ 'ਹਰ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ' ਦੇਂਦਾ ਹੈ। ਏਦਾਂ ਦੇ ਪਤਾ ਨਹੀਂ ਕਿੰਨੇ ਲੋਕ ਸਮਾਜ ਨੇ ਇਸ ਲੀਹੇ ਪਾਏ, ਪਰ ਉਨ੍ਹਾਂ ਦਾ ਦਰਦ ਮਨਾਉਣ ਦੀ ਥਾਂ ਸਮਾਜ 'ਸੱਤੀਂ ਵੀਹੀਂ ਸੌ' ਵਾਲੇ ਜ਼ੋਰਾਵਰਾਂ ਦਾ ਪੱਖ ਲੈਂਦਾ ਰਿਹਾ ਹੈ।
ਬ੍ਰਹਮੇਸ਼ਵਰ ਮੁਖੀਆ ਵੀ 'ਸੱਤੀਂ ਵੀਹੀਂ ਸੌ' ਵਾਲੇ ਜ਼ੋਰਾਵਰਾਂ ਦਾ ਯੋਧਾ ਬਣ ਕੇ ਉੱਭਰਿਆ ਸੀ। ਉਸ ਨੇ ਕਹਿਣ ਨੂੰ ਇਹ ਗੱਲ ਚੁੱਕੀ ਕਿ 'ਜ਼ਮੀਨ ਵਾਹੀਕਾਰ ਦੀ' ਕਹਿਣ ਵਾਲੇ ਨਕਸਲੀ ਅੰਦੋਲਨ ਤੋਂ ਜ਼ਮੀਨਾਂ ਦੇ ਮਾਲਕਾਂ ਨੂੰ ਖਤਰਾ ਹੈ ਤੇ ਉਨ੍ਹਾਂ ਦੀ ਰਾਖੀ ਕਰਨੀ ਹੈ, ਪਰ ਅਮਲ ਵਿੱਚ ਉਹ ਨਕਸਲੀਆਂ ਨਾਲ ਸਿੱਧੀ ਝੜਪ ਤੋਂ ਕੰਨੀ ਕਤਰਾ ਕੇ ਇਲਾਕੇ ਦੀ ਦਲਿਤ ਜਾਤੀਆਂ ਦੀ ਆਬਾਦੀ ਨੂੰ ਹੋਰ ਦਬਾ ਕੇ ਰੱਖਣ ਦਾ ਹਥਿਆਰ ਬਣ ਗਿਆ। ਸਾਡੇ ਪੰਜਾਬ ਵਿੱਚ ਵੀ ਕਈ ਵਾਰੀ ਕਈ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਦੀ ਦਿਹਾੜੀ ਦੇ ਸਵਾਲ ਉੱਤੇ ਹਿੰਸਕ ਝੜਪਾਂ ਹੋ ਜਾਂਦੀਆਂ ਹਨ ਅਤੇ ਇੱਕ ਵਾਰ ਇਹੋ ਜਿਹੀ ਝੜਪ ਵਿੱਚ ਤਰਨ ਤਾਰਨ ਤਸੀਲ ਦੇ ਬਾਠ ਪਿੰਡ ਵਿੱਚ ਚਾਰ ਮਜ਼ਦੂਰਾਂ ਨੂੰ ਕਤਲ ਵੀ ਕਰ ਦਿੱਤਾ ਗਿਆ ਸੀ, ਪਰ ਇਹ ਲੜਾਈ ਪੱਕੀ ਦੁਪਾਸੜ ਜੰੰਗ ਨਹੀਂ ਸੀ ਬਣੀ। ਛੇਤੀ ਹੀ ਹਾਲਾਤ ਆਮ ਵਰਗੇ ਹੋ ਗਏ ਸਨ। ਬਿਹਾਰ ਵਿੱਚ ਇਹ ਪਾੜਾ ਵਧੀ ਗਿਆ ਤੇ ਜਿੱਥੇ ਕਿਤੇ ਕਿਸੇ ਨੇ ਦਿਹਾੜੀ ਵਿੱਚ ਵਾਧੇ ਦੀ ਮੰਗ ਕੀਤੀ, ਉਸ ਨੂੰ ਨਕਸਲੀ ਜਾਂ ਮਾਓਵਾਦੀ ਕਹਿ ਕੇ ਮਾਰ ਦੇਣ ਦਾ ਕੰਮ ਰਣਵੀਰ ਸੈਨਾ ਕਰਨ ਜਾਂਦੀ ਰਹੀ। ਜਿਹੜੇ ਵੱਡੇ ਕਤਲੰਮੇ ਇਸ ਰਣਵੀਰ ਸੈਨਾ ਨੇ ਕੀਤੇ ਸਨ, ਉਨ੍ਹਾਂ ਨੂੰ ਪੜ੍ਹ ਕੇ ਬੰਦਾ ਦੰਗ ਰਹਿ ਜਾਂਦਾ ਹੈ ਕਿ ਇਹ ਕੁਝ ਅੱਜ ਦੇ ਯੁੱਗ ਵਿੱਚ ਵੀ ਭਾਰਤ ਵਿੱਚ ਹੋਈ ਜਾ ਰਿਹਾ ਹੈ।
ਮਿਸਾਲ ਵਜੋਂ ਜਿਹੜੀ ਵੱਡੀ ਵਾਰਦਾਤ ਨਾਲ ਇਹ ਸੈਨਾ ਪਹਿਲੀ ਵਾਰੀ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ, ਉਹ 1995 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਇੱਕੋ ਥਾਂ ਪੰਜਾਹ ਲੋਕਾਂ ਨੂੰ ਕਤਲ ਕਰਨ ਦੀ ਸੀ। ਕਿਹਾ ਤਾਂ ਇਹ ਗਿਆ ਕਿ ਇਹ ਨਕਸਲੀਆਂ ਦੀ ਹਿੰਸਾ ਦੇ ਵਿਰੁੱਧ ਰਣਵੀਰ ਸੈਨਾ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਹੈ, ਪਰ ਲੋਕ ਜਾਣਦੇ ਸਨ ਕਿ ਅਸਲ ਵਿੱਚ ਇਹ ਵਿਧਾਨ ਸਭਾ ਚੋਣਾਂ ਤੋਂ ਦਲਿਤ ਲੋਕਾਂ ਨੂੰ ਡਰਾ ਕੇ ਦੂਰ ਰੱਖਣ ਲਈ ਮਿਥ ਕੇ ਕੀਤਾ ਗਿਆ ਕਤਲੇਆਮ ਹੈ। ਫਿਰ 1996 ਵਿੱਚ ਇਹ ਸੂਚਨਾ ਕਿਸੇ ਪਿੰਡ ਪਹੁੰਚੀ ਕਿ ਏਥੇ ਰਣਵੀਰ ਸੈਨਾ ਆਉਣ ਵਾਲੀ ਹੈ। ਮਰਦ ਲੋਕ ਪਾਸਾ ਵੱਟ ਗਏ ਕਿ ਔਰਤਾਂ ਤੇ ਬੱਚਿਆਂ ਨੂੰ ਕੋਈ ਖਤਰਾ ਨਹੀਂ, ਪਰ ਰਣਵੀਰ ਸੈਨਾ ਨੇ ਇੱਕੀ ਜਣਿਆਂ ਦਾ ਕਤਲ ਕਰ ਦਿੱਤਾ, ਜਿਨ੍ਹਾਂ ਵਿੱਚ ਗਿਆਰਾਂ ਔਰਤਾਂ, ਛੇ ਬੱਚੇ ਅਤੇ ਤਿੰਨ ਦੁੱਧ ਚੁੰਘਦੇ ਜਵਾਕਾਂ ਦੇ ਨਾਲ ਇੱਕ ਬਜ਼ੁਰਗ ਵੀ ਸੀ। ਉਸ ਦੇ ਅਗਲੇ ਸਾਲ 23 ਮਾਰਚ 1997 ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਉੱਤੇ ਇੱਕ ਪਿੰਡ ਵਿੱਚ ਦਸ ਜਣਿਆਂ ਨੂੰ ਮਾਰ ਦਿੱਤਾ, ਜਿਹੜੇ ਇੱਕ ਖੱਬੇ ਪੱਖੀ ਧਿਰ ਦੇ ਕਹੇ ਉੱਤੇ ਸ਼ਹੀਦੇ ਆਜ਼ਮ ਦੇ ਸਮਾਗਮ ਵਿੱਚ ਜਾਣ ਵਾਸਤੇ ਤਿਆਰ ਹੋ ਰਹੇ ਸਨ। ਓਸੇ ਸਾਲ ਦਸੰਬਰ ਵਿੱਚ ਇੱਕ ਦਿਨ ਉਨ੍ਹਾਂ ਨੇ ਇੱਕ ਥਾਂ ਇਕੱਠੇ ਕਰ ਕੇ ਇਕਾਹਠ ਦਲਿਤਾਂ ਨੂੰ ਕਤਲ ਕਰ ਦਿੱਤਾ, ਜਿਨ੍ਹਾਂ ਵਿੱਚ ਸਤਾਈ ਔਰਤਾਂ ਅਤੇ ਸੋਲਾਂ ਬੱਚੇ ਸਨ। ਸਿਰਫ ਸਵਾ ਸਾਲ ਬਾਅਦ ਉਨ੍ਹਾਂ ਨੇ ਇੱਕ ਹੋਰ ਪਿੰਡ ਵਿੱਚ ਬਾਈ ਦਲਿਤ ਲੋਕ ਮਾਰ ਦਿੱਤੇ ਤੇ ਦੋ ਹਫਤੇ ਬਾਅਦ ਨਾਲ ਦੇ ਪਿੰਡ ਵਿੱਚ ਦਸਾਂ ਹੋਰਨਾਂ ਨੂੰ ਕਤਲ ਕਰ ਦਿੱਤਾ ਸੀ। ਇਹ ਸਾਰੇ ਕਤਲ ਕਾਂਡ ਉਸ ਬ੍ਰਹਮੇਸ਼ਵਰ ਮੁਖੀਆ ਦੇ ਹੁਕਮ ਉੱਤੇ ਕੀਤੇ ਗਏ, ਜਿਸ ਦੇ ਕਤਲ ਉੱਤੇ ਵੱਖ-ਵੱਖ ਰਾਜਸੀ ਰੰਗਾਂ ਦੇ ਆਗੂ ਆਪੋ ਆਪਣੇ ਢੰਗ ਨਾਲ ਦੁੱਖ ਪ੍ਰਗਟ ਕਰ ਰਹੇ ਹਨ, ਕਿਉਂਕਿ ਉਸ ਦੀਆਂ ਸੇਵਾਵਾਂ ਉਹ ਵੀ ਵੇਲੇ-ਕੁਵੇਲੇ ਲੈਂਦੇ ਰਹੇ ਸਨ।
ਇਨ੍ਹਾਂ ਉੱਪਰ ਦੱਸੀਆਂ ਮੌਤਾਂ ਲਈ ਜ਼ਿੰਮੇਵਾਰ ਬ੍ਰਹਮੇਸ਼ਵਰ ਮੁਖੀਆ ਨੂੰ ਇੱਕ ਵਾਰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਖਿਲਾਫ ਸਤਾਰਾਂ ਕੇਸ ਬਣਾਏ ਗਏ ਸਨ, ਸਾਰੇ ਇੱਕ ਤੋਂ ਇੱਕ ਸੰਗੀਨ ਜੁਰਮਾਂ ਵਾਲੇ ਸਨ। ਉਹ ਕਈ ਸਾਲ ਜੇਲ੍ਹ ਵਿੱਚ ਸੀਖਾਂ ਦੇ ਪਿੱਛੇ ਰਹਿ ਕੇ ਹਾਲੇ ਪਿਛਲੇ ਅਪਰੈਲ ਮਹੀਨੇ ਵਿੱਚ ਜ਼ਮਾਨਤ ਉੱਤੇ ਬਾਹਰ ਆਇਆ ਤੇ ਹੁਣ ਉਸ ਦਾ ਕਤਲ ਹੋ ਗਿਆ ਹੈ। ਕੀ ਇਹ ਕਤਲ ਉਸ ਰਾਜ ਵਿੱਚ ਕਤਲਾਂ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਵਾਲਾ ਸਾਬਤ ਹੋਵੇਗਾ ਜਾਂ ਕਤਲਾਂ ਦੀ ਰਾਜਨੀਤੀ ਵਿੱਚ ਕੋਈ ਨਵਾਂ ਉਛਾਲਾ ਆ ਜਾਵੇਗਾ? ਇਹ ਉਹ ਸਵਾਲ ਹੈ, ਜਿਹੜਾ ਹਰ ਪਾਸੇ ਪੁੱਛਿਆ ਜਾਣ ਦੇ ਬਾਵਜੂਦ ਇਸ ਦਾ ਸਪੱਸ਼ਟ ਜਵਾਬ ਦੇਣ ਤੋਂ ਆਮ ਕਰ ਕੇ ਗੁਰੇਜ਼ ਕੀਤਾ ਜਾ ਰਿਹਾ ਹੈ।
ਅਸੀਂ ਇਸ ਦਾ ਜਵਾਬ ਦੇਣ ਦਾ ਦਾਅਵਾ ਨਹੀਂ ਕਰਦੇ, ਪਰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਸੰਸਾਰ ਅੰਦਰ ਜਿਹੜੀ ਵੰਡ ਲੋਕਾਂ ਅਤੇ ਜੋਕਾਂ ਦਰਮਿਆਨ ਜਮਾਤਾਂ ਦੇ ਆਧਾਰ ਉੱਤੇ ਹੈ, ਉਸ ਨੂੰ ਭਾਰਤ ਦੇ ਪ੍ਰਸੰਗ ਵਿੱਚ ਵੇਖਣਾ ਹੋਵੇ ਤਾਂ ਏਥੇ ਕਈ ਵਾਰੀ ਜਾਤੀ ਜੰਗ ਅਤੇ ਜਮਾਤੀ ਜੰਗ ਆਪੋ ਵਿੱਚ ਰਲਗੱਡ ਹੋਈਆਂ ਮਿਲਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 'ਚਿੜੀਆਂ ਤੋਂ ਮੈਂ ਬਾਜ ਤੁੜਾਊਂ' ਦੀ ਗੱਲ ਕੀਤੀ ਸੀ ਤਾਂ ਸਹਿਜ-ਭਾਅ ਨਾ ਕਰ ਕੇ ਇਸ ਤੋਂ ਪਹਿਲਾਂ ਇਹ ਵਿਆਖਿਆ ਕੀਤੀ ਸੀ ਕਿ 'ਜਿਨ ਕੇ ਜਾਤ, ਜਨਮ, ਕੁਲ ਮਾਹੀਂ, ਸਰਦਾਰੀ ਨਾ ਭਈ ਕਿਨਾਹੀ'। ਇਸ ਦਾ ਅਰਥ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਜਾਤ, ਜਨਮ ਅਤੇ ਕੁਲਾਂ-ਪੀੜ੍ਹੀਆਂ ਵਿੱਚ ਕਦੇ ਸਰਦਾਰੀ ਦਾ ਸੁਫਨਾ ਤੱਕ ਨਹੀਂ ਆਇਆ, ਉਨ੍ਹਾਂ ਨੂੰ ਕਦੇ ਨਾ ਕਦੇ ਬਾਜਾਂ ਨਾਲ ਚਿੜੀਆਂ ਦੇ ਲੜਨ ਵਾਲੀ ਲੜਾਈ ਲੜਨੀ ਪੈ ਸਕਦੀ ਹੈ। ਏਸੇ ਹਫਤੇ ਇੱਕ ਖਬਰ ਅਸੀਂ ਰੋਹਤਕ ਤੋਂ ਪੜ੍ਹੀ ਹੈ, ਜਿੱਥੇ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝਣ ਵਾਲਿਆਂ ਨੇ ਇੱਕ ਦਲਿਤ ਨੌਜਵਾਨ ਦੇ ਮੂੰਹ ਉੱਤੇ ਪੇਸ਼ਾਬ ਕੀਤਾ ਹੈ। ਏਦਾਂ ਦਾ ਜੀਵਨ ਜਿਨ੍ਹਾਂ ਨੂੰ ਜਿਊਣਾ ਪੈਂਦਾ ਹੈ, ਜਦੋਂ ਉਨ੍ਹਾਂ ਨੂੰ ਕਾਨੂੰਨ ਕੋਈ ਇਨਸਾਫ ਨਹੀਂ ਦੇਂਦਾ ਤਾਂ ਉਨ੍ਹਾਂ ਵਿੱਚੋਂ ਕਿਸੇ ਨੂੰ ਫੂਲਾਂ ਦੇਵੀ ਬਣਨਾ ਪੈ ਜਾਂਦਾ ਹੈ ਅਤੇ ਕਈ ਹੋਰ ਨਕਸਲੀਆਂ ਨਾਲ ਜਾ ਜੁੜਦੇ ਹਨ, ਜਿਹੜੇ ਜਾਤ ਦੀ ਥਾਂ ਜਮਾਤ ਦੀ ਗੱਲ ਕਰ ਕੇ ਵੀ ਲੜਾਈ ਏਦਾਂ ਦੀ ਲੜ ਰਹੇ ਹਨ। ਬ੍ਰਹਮੇਸ਼ਵਰ ਮੁਖੀਆ ਦਾ ਕਤਲ ਭਾਰਤ ਦੀ ਸਰਕਾਰ ਕੋਲ ਇੱਕ ਮੌਕਾ ਪੇਸ਼ ਕਰ ਸਕਦਾ ਹੈ ਕਿ ਜੇ ਭਵਿੱਖ ਵਿੱਚ ਹਿੰਸਕ ਵਰਤਾਰੇ ਰੋਕਣੇ ਹਨ ਤਾਂ ਉਹ ਇਹੋ ਜਿਹੀਆਂ ਉੱਚੀ ਜਾਤ ਦੇ ਘੁਮੰਡ ਵਾਲਿਆਂ ਦੀਆਂ ਸੈਨਾਵਾਂ ਉੱਤੇ ਪਾਬੰਦੀ ਲਾ ਕੇ ਉਹ ਹਾਲਾਤ ਕਾਬੂ ਵਿੱਚ ਕਰਨ ਦਾ ਤਾਣ ਲਾਵੇ, ਜਿਨ੍ਹਾਂ ਵਿੱਚੋਂ ਲੋਕ ਹਥਿਆਰ ਚੁੱਕਦੇ ਨਹੀਂ, ਚੁੱਕਣ ਲਈ ਮਜਬੂਰ ਹੋ ਜਾਂਦੇ ਹਨ। ਸਾਨੂੰ ਲੱਗਦਾ ਨਹੀਂ ਕਿ ਸਰਕਾਰ ਕਦੇ ਇਹ ਕਰ ਵੀ ਸਕੇਗੀ।

No comments:

Post a Comment