ਨਕਲੀ ਬਣੇ ਸੰਤਾਂ ਦੀ ਚੜ੍ਹਾਈ

ਪਰਸ਼ੋਤਮ ਲਾਲ ਸਰੋਏ
ਤੁਸੀਂ ਸਾਰੇ ਭਲੀ ਭਾਂਤੀ ਜਾਣਦੇ ਹੀ ਹੋ ਕਿ ਭਾਈ ਕੋਈ ਵੀ ਕੰਮ-ਕਾਰ ਕਰਨ ਤੋਂ ਬਗੈਰ ਏਥੇ ਕੋਈ ਵੀ ਗੁਜ਼ਾਰਾ ਨਹੀਂ ਹੈ। ਜੀਵਨ ਜਿਊਣ ਲਈ ਰੁਜ਼ਗਾਰ ਦੀ ਜ਼ਰੂਰਤ ਤਾਂ ਮਹਿਸੂਸ ਹੁੰਦੀ ਹੀ ਹੈ। ਚਲ ਭਾਈ ਤੁਹਾਨੂੰ ਮਜ਼ੇਦਾਰ ਜ਼ਿੰਦਗੀ ਜਿਊਣ ਦਾ ਇੱਕ ਵਧੀਆਂ ਤਰੀਕਾ ਦੱਸ ਹੀ ਦੇਈਏ। ਇਸ ਤਰੀਕੇ ਵਾਸਤੇ ਸਾਨੂੰ ਕੋਈ ਬਹੁਤੀ ਮੇਹਨਤ-ਮੁਸ਼ੱਕਤ ਕਰਨ ਦੀ ਵੀ ਲੋੜ ਮਹਿਸੂਸ ਨਹੀਂ ਹੋਣੀ। ਕਿਸੇ ਡਿਗਰੀ ਦੀ, ਕਿਸੇ ਵੀ ਪੜ੍ਹਾਈ ਵੀ ਲੋੜ ਨਹੀਂ ਹੈ। ਨਾ ਤਾਂ ਤੁਹਾਨੂੰ ਹਫ਼ਤੇ ਦੇ ਰਾਸ਼ਨ ਦਾ ਪ੍ਰਬੰਧ ਕਿਵੇਂ ਕਰਨਾ ਹੈ ਦੀ ਚਿੰਤਾ ਵੱਢ ਖਾਏਗੀ ਤੇ ਨਾ ਹੀ ਆਪਣੀ ਪੀੜੀ ਭਾਵ ਬਾਲ- ਬੱਚਿਆਂ ਦਾ ਪਾਲਣ ਕਰਨਾ ਦੀ ਚਿੰਤਾ ਸਤਾਏਗੀ। ਤੁਸੀਂ ਸਾਰੇ ਹੀ ਇਹ ਗੱਲ ਭਲੀ-ਭਾਂਤੀ ਜਾਣਦੇ ਹੀ ਹੋਵੋਗੇ ਕਿ ਚਿੰਤਾ ਚਿਤਾ ਸਮਾਨ ਹੁੰਦੀ ਹੈ।
ਇਸ ਚਿੰਤਾ ਨੂੰ ਦੂਰ ਕਰਨ ਦਾ ਇੱਕੋ ਇੱਕ ਤਰੀਕਾ ਸੰਤ ਬਣਨਾ ਹੈ। ਭਾਈ ਸੰਤ ਬਣਨਾ ਕੋਈ ਘਾਟੇ ਦਾ ਸੌਦਾ ਨਹੀਂ ਹੈ ਇਸ ਦੇ ਕਈ ਫਾਇਦੇ ਹਨ। ਉਹ ਫਾਇਦੇ ਤੁਸੀਂ ਉੱਚ ਸਿੱਖਿਆ ਹਾਸਲ ਕਰ ਕੇ ਵੀ ਪ੍ਰਾਪਤ ਨਹੀਂ ਕਰ ਸਕਦੇ ਜੋ ਤੁਹਾਨੂੰ ਸੰਤ ਬਣਨ 'ਤੇ ਨਸ਼ੀਬ ਹੋ ਜਾਣੇ ਨੇ। ਇੱਕ ਫਾਇਦਾ ਤਾਂ ਇਹ ਹੈ ਕਿ ਤੁਹਾਨੂੰ ਪੇਟ ਦੀ ਭੁੱਖ ਨਹੀਂ ਸਤਾਉਂਦੀ। ਇਸ ਪੇਟ ਦੀ ਅੱਗ ਨੂੰ ਬੁਝਾਉਣ ਲਈ ਤੁਹਾਨੂੰ ਕਿਸੇ ਰੁਜ਼ਗਾਰ ਦੀ ਭਾਲ 'ਚ ਦਰ-ਬ-ਦਰ ਨਹੀਂ ਘੁੰਮਣਾ ਪਵੇਗਾ। ਰੁਜ਼ਗਾਰ ਖੁਦ-ਬ-ਖੁਦ ਚੱਲ ਕੇ ਤੁਹਾਡੇ ਦਰ ਆ ਜਾਣਾ ਹੈ।

ਹੋਰ ਤਾਂ ਹੋਰ ਭਾਈ ਜੇਕਰ ਤੁਸੀਂ ਕੁਆਰੇ ਹੋ ਤਾ ਤੁਹਾਨੂੰ ਅਖ਼ਬਾਰਾਂ 'ਚ ਇਸ਼ਤਿਹਾਰ ਦੇਣ ਦੀ ਜਾਂ ਕਿਸੇ ਵਿਚੋਲੇ ਆਦਿ ਦੇ ਮਗਰ ਘੁੰਮਣ ਦੀ ਲੋੜ ਨਹੀਂ ਹੈ। ਕੁੜੀ ਵਾਲੇ ਆਪ ਹੀ ਕੁੜੀ ਲੈ ਕੇ ਤੁਹਾਡੇ ਦਰ ਭਟਕਣਗੇ। ਫਿਰ ਹੋਰ ਤੁਹਾਨੂੰ ਕੀ ਚਾਹੀਦਾ ਹੈ, ਤੁਹਾਡੀਆਂ ਦਾ ਵੈਸੇ ਹੀ ਪੌਂਅ ਬਾਰਾਂ ਹੋ ਜਾਣੀਆਂ ਨੇ। ਫਿਰ ਕੀ ਹੈ ਕੋਈ ਨਾ ਕੋਈ ਉਲਟਾ-ਸਿੱਧਾ ਮੰਤਰ ਮਾਰ ਕੇ ਕੁੜੀ ਜਾਂ ਕੁੜੀ ਦੇ ਘਰ ਵਾਲਿਆਂ ਨੂੰ ਆਪਣੇ ਮਗਰ ਲਗਾ ਲੈਣਾ।

ਜੇਕਰ ਕੋਈ ਕੁੜੀ ਚਾਰੇ ਪਾਸਿਓਂ ਨਿਰਾਸ਼ ਹੋ ਕੇ ਤੁਹਾਡੇ ਕੋਲ ਆਈ ਹੈ ਤਾਂ ਕੁੜੀ ਨੂੰ ਕੋਈ ਆਪਣੀ ਗਿੱਦੜਸਿੰਗੀ ਸੁਘਾ ਦੇਣਾ ਤੇ ਘਰ ਦਿਆਂ ਨੂੰ ਜ਼ੋਰ ਪਾ ਕੇ ਕਹਿਣਾ ਕਿ ਕੁੜੀ ਦਾ ਵਿਆਹ ਕਰ ਦਿਓ। ਜੇਕਰ ਕਿਸੇ ਹੋਰ ਪਾਸੇ ਗੱਲ ਨਹੀਂ ਬਣਦੀ ਦਿਸਦੀ ਤਾਂ ਆਪਣੀ ਵੱਲ ਇਸ਼ਾਰਾ ਕਰ ਕੇ ਕਹਿਣਾ ਕਿ ਇਧਰ ਹੀ ਝਾਤੀ ਮਾਰ ਕੇ ਦੇਖ ਲਓ। ਜੇਕਰ ਕੁੜੀ ਦੇ ਘਰ ਵਾਲੇ ਨਾ ਮੰਨਣ ਤਾਂ ਕੁੜੀ ਲੈ ਕੇ ਰਫੂ-ਚੱਕਰ। ਵਸ ਫਿਰ ਕੀ ਦੂਜੀ ਜਗ੍ਹਾ ਜਾ ਕੇ ਵਿਆਹ ਕਰਾ ਲਓ।

ਫਿਰ ਭਾਈ ਇੱਕ ਫਾਇਦਾ ਹੋਰ ਹੋਣਾ ਹੈ ਕਿ ਮਿਡੀਆ ਨੇ ਆਪੇ ਹੀ ਤੁਹਾਡੀ ਮਸ਼ਹੂਰੀ ਦੇ ਚਾਰ ਚੰਨ ਲਗਾ ਹੀ ਦੇਣੇ ਹਨ। ਫਿਰ ਇੱਕ ਮੋਟੀ ਜਿਹੀ ਹੈਡ ਲਾਇਨ 'ਸੰਤ ਨੇ ਆਪਣੀ ਮਨਆਈ ਕਰ ਹੀ ਲਈ' ਮਿਡੀਆ ਨੇ ਤਾਂ ਛਾਪ ਹੀ ਦੇਣੀ ਹੈ ਤੇ ਨਾਲ ਹੀ ਸੰਤ ਮਹਾਰਾਜ ਜੀ ਦੀ ਐਮ.ਬੀ.ਏ. ਕੀਤੀ ਹੋਈ ਕੁੜੀ ਨਾਲ ਵਿਆਹ ਕਰਾਉਂਦੇ ਦੀ ਗੁਪਤ ਖਿੱਚੀ ਹੋਈ ਇੱਕ ਫੋਟੋ ਵੀ ਲੱਗ ਜਾਣੀ ਹੈ ਤੇ ਇਹ ਵੀ ਖ਼ਬਰ ਲੱਗ ਜਾਣੀ ਹੈ ਸੰਤ ਦੀ ਭਾਲ ਜ਼ੋਰਾਂ-ਸ਼ੋਰਾਂ ਨਾ ਕੀਤੀ ਜਾ ਰਹੀ ਹੈ।

ਫਿਰ ਭਾਲ ਕਰ ਕੇ ਸ਼ਾਇਦ ਖ਼ੁਸ਼ਰੇ ਵਧਾਈ ਲੈਣ ਲਈ ਭੇਜਣੇ ਹੋਣਗੇ। ਭਾਈ ਇਹ ਤਾਂ ਇੱਕ ਸੰਤ ਦੀ ਗੱਲ ਹੋਈ ਜਿਸਦਾ ਇੱਕ ਨਾਲ ਹੀ ਵਿਆਹ ਹੋਇਆ ਹੈ। ਇੱਥੇ ਤਾਂ ਭਾਈ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਮੈਂ ਸੰਤ ਬਣ ਕੇ ਕਈਆਂ ਦਾ ਕੰਤ ਬਣ ਸਕਦਾ ਹਾਂ। ਦੇਖੋ ਭਾਈ ਜਿੱਥੇ ਕਈ ਵਾਰ ਇੱਕ ਲੱਭਣੀ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਦੂਜੇ ਪਾਸੇ ਇੱਕ ਕਵੀ ਸੰਤ ਬਣ ਕੇ ਕਈਆਂ ਦਾ ਕੰਤ ਬਣਨ ਦਾ ਸੁਭਾਗ ਪ੍ਰਾਪਤ ਕਰ ਲੈਂਦਾ ਹੈ।

ਗੱਲ ਕੀ ਜੀ ਸੰਤ ਬਣਨ ਨਾਲ ਇੱਕ ਆਮ ਆਦਮੀਂ ਦੀ ਵੀ ਅਲੱਗ ਹੀ ਗੁੱਡੀ ਚੜ੍ਹ ਜਾਂਦੀ ਹੈ ਤੇ ਬਹਿ ਜਾ ਬਹਿ ਜਾ ਵੀ ਹੋ ਜਾਂਦੀ ਹੈ। ਭਾਈ ਸੰਗਤ ਬਹੁਤ ਆਉਣ ਲੱਗ ਜਾਂਦੀ ਹੈ ਤੇ ਅਸਲ ਸੰਤ ਵਿਰਤੀ ਨੂੰ ਭੁਲਾ ਦਿੱਤਾ ਜਾਂਦਾ ਹੈ। ਨਕਲੀ ਬਣੇ ਸੰਤ ਦੇ ਚੜਾਵਾ ਵੀ ਚੜ੍ਹਨ ਲੱਗ ਜਾਂਦਾ ਹੈ। ਫਿਰ ਤਾਂ ਭਾਈਂ ਗੱਡੀਆਂ ਵੀ ਨਾਲ ਨਾਲ ਘੁੰਮਣ ਲੱਗ ਜਣਗੀਆਂ। ਅਸਲ ਸੰਤ ਵੀ ਵਿਚਾਰੇ ਇਨ੍ਹਾਂ ਦੇ ਅੱਗੇ ਫਿੱਕੇ ਜਿਹੇ ਲੱਗਣ ਲੱਗ ਜਾਣਗੇ। ਸੋ ਸੰਤ ਬਣਨ ਦਾ ਇੱਕ ਹੋਰ ਫਾਇਦਾ ਇਹ ਹੋਵੇਗਾ ਕਿ ਰਾਜਨੇਤਾ ਵੀ ਤੁਹਾਡੇ ਅੱਗੇ ਪਿੱਛੇ ਘੁੰਮਣ ਲੱਗ ਜਾਣਗੇ ਤੇ ਤੁਹਾਡੇ ਚਰਨਾਂ 'ਤੇ ਨਤਮਸ਼ਤਕ ਹੋਣ ਲੱਗ ਜਾਣਗੇ। ਫਿਰ ਗੱਲ ਕੀ ਸੰਤ ਬਣਨ ਨਾਲ ਫਿਰ ਕਿਸ ਕਿਸਮ ਦੀ ਘਾਟ ਈ ਨਹੀਂ ਰਹਿ ਜਾਣੀ।

ਭਾਈ ਸੰਤ ਬਣਨ ਦੇ ਨਾਲ ਇੱਕ ਹੋਰ ਸੁਭਾਗ ਵਾਲੀ ਗੱਲ ਇਹ ਵੀ ਹੋ ਜਾਣੀ ਹੈ ਕਿ ਕਈ ਕਈ ਕੋਠੀਆਂ ਕਾਰਾਂ ਦੀ ਮਲਕੀਅਤ ਵੀ ਹੱਥ ਲੱਗ ਜਾਣੀ ਹੈ। ਵਿਦੇਸ਼ਾਂ ਦਾ ਦੌਰਾ ਕਰਨ ਦਾ ਮੌਕਾ ਵੀ ਹਾਸਲ ਹੋ ਜਾਣਾ ਹੈ। ਇਸ ਨਾਲ ''ਅੱਨੇ ਹੱਥ ਬਟੇਰਾ ਲੱਗ ਜਾਣਾ'' ਵਾਲੀ ਗੱਲ ਤਾਂ ਆਪੇ ਹੋ ਨਿਬੜਨੀ ਹੈ। ਫਿਰ ਦੁਨੀਆਂ ਇਸ ਗੱਲ ਤੇ ਪਹਿਰਾ ਵੀ ਦਿੰਦੀ ਹੈ ਕਿ ''ਸੰਤਨ ਕੀ ਸੇਵਾ ਸਫਲ ਹੈ'' ਫਿਰ ਇਸ ਗੱਲ ਵਿੱਚ ''ਸੰਤ ਅਸਲ ਹੈ ਜਾਂ ਨਕਲੀ।'' ਦੀ ਪਰਖ ਥੋੜਾ ਹੋਣੀ ਹੈ।

ਭਾਈ ਗੱਲ ਕੀ ਤੁਸੀਂ ਮੇਰੀ ਕਹੀ ਹੋਈ ਗੱਲ 'ਤੇ ਅਮਲ ਕਰ ਕੇ ਦੇਖੋ ਤਾਂ ਸਹੀ। ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹੈ ਕਿ ਕਿਵੇਂ ਤੁਹਾਡੀ ਪੁਛ-ਪੜਤਾਲ ਹੁੰਦੀ ਹੈ। ਦੁਨੀਆਂ ਤਾਂ ਹਰ ਕੰਮ ਤੁਹਾਥੋਂ ਪੁੱਛ ਕੇ ਕਰਨ ਲੱਗ ਜਾਵੇਗੀ। ਭਾਵ ਕਿ ਜੇਕਰ ਕਿਸੇ ਨੇ ਆਪਣੇ ਨਿਆਣੇ ਨੂੰ ਪੋਟੀ ਵੀ ਕਰਾਉਣ ਲੱਗਣਾ ਹੈ ਤਾਂ ਤੁਹਾਥੋਂ ਜ਼ਰੂਰ ਪੁੱਛਿਆ ਜਾਵੇਗਾ ਕਿ ਸੰਤ ਜੀ ਨਿਆਣੇ ਨੂੰ ਪੋਟੀ ਕਰਾਉਣ ਲਈ ਕਿਹੜੀ ਥਾਂ ਜਾਂ ਜਗ੍ਹਾ ਢੁਕਵੀਂ ਹੋ ਸਕਦੀ ਹੈ। ਦੇਖਿਆ ਫਿਰ ਨਕਲੀ ਸੰਤ ਬਣਨ ਦੇ ਕਿੰਨੇ ਕੁ ਫਾਇਦੇ ਹਨ ਫਿਰ ਪਿੱਛੇ ਕਿਵੇਂ ਰਿਹਾ ਜਾਵੇ।

ਪਰਸ਼ੋਤਮ ਲਾਲ ਸਰੋਏ
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ-ਬਸਤੀ-ਗੁਜ਼ਾਂ,
ਜਲੰਧਰ-144002

No comments:

Post a Comment