ਦ੍ਰਿਸ਼ਟੀਕੋਣ (76)-ਜਤਿੰਦਰ ਪਨੂੰ

ਤੱਥਾਂ ਨਾਲ ਮੇਲ ਨਹੀਂ ਖਾਂਦੀ ਨਰਿੰਦਰ ਮੋਦੀ ਦੇ ਰਾਜ ਵਿੱਚ ਵਿਕਾਸ ਦੀ ਫੱਟੇ ਚੱਕ ਕਹਾਣੀ
ਨਰਿੰਦਰ ਮੋਦੀ ਅੱਜ ਕੱਲ੍ਹ ਕਈ ਲੋਕਾਂ ਦੀ ਨਜ਼ਰ ਵਿੱਚ ਹੀਰੋ ਬਣਿਆ ਪਿਆ ਜਾਂ ਬਣਾਇਆ ਜਾ ਰਿਹਾ ਜਾਪਦਾ ਹੈ। ਅਸਲ ਸਥਿਤੀ ਸਮਝਣੀ ਹੋਵੇ ਤਾਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਉਸ ਨੂੰ ਹੀਰੋ ਬਣਾਉਣ ਵਾਲੇ ਹਨ ਕੌਣ?
ਇੱਕ ਤਾਂ ਗੁਰੂ ਗੋਲਵਾਲਕਰ ਦੇ ਉਹ ਚੇਲੇ ਉਸ ਦੇ ਸਭ ਤੋਂ ਵੱਡੇ ਢੰਡੋਰਚੀ ਹਨ, ਜਿਹੜੇ ਚਾਹੁਣ ਤਾਂ ਸਦੀਆਂ ਤੋਂ ਲੱਡੂਆਂ ਦਾ ਪ੍ਰਸ਼ਾਦ ਸਵੀਕਾਰ ਕਰਦੇ ਆਏ ਗਣੇਸ਼ ਦੀਆਂ ਮੂਰਤੀਆਂ ਨੂੰ ਰਾਤੋ-ਰਾਤ ਸਾਰੇ ਹਿੰਦੁਸਤਾਨ ਵਿੱਚ ਨਹੀਂ, ਦੁਨੀਆ ਭਰ ਵਿੱਚ ਦੁੱਧ ਪੀਣ ਲਾ ਸਕਦੇ ਹਨ। ਪੌਣੇ ਦੋ ਮਹੀਨਿਆਂ ਵਿੱਚ ਕੋਈ ਐਟਮ ਬੰਬ ਨਹੀਂ ਬਣਾ ਸਕਦਾ। ਅਟਲ ਬਿਹਾਰੀ ਵਾਜਪਾਈ ਨੇ 19 ਮਾਰਚ 1998 ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਅਤੇ 11 ਮਈ ਨੂੰ ਐਟਮੀ ਧਮਾਕੇ ਕਰਵਾ ਦਿੱਤੇ ਅਤੇ ਇਹੋ ਪ੍ਰਚਾਰ ਮਸ਼ੀਨ ਉਸ ਨੂੰ ਇਹ ਸਿਹਰਾ ਦੇਣ ਤੁਰ ਪਈ ਸੀ ਕਿ ਜਿਹੜਾ ਕੰਮ ਇਕਵੰਜਾ ਸਾਲਾਂ ਵਿੱਚ ਕੋਈ ਨਹੀਂ ਕਰ ਸਕਿਆ, ਉਹ ਵਾਜਪਾਈ ਨੇ ਚਰਵੰਜਾ ਦਿਨਾਂ ਵਿੱਚ ਕਰ ਵਿਖਾਇਆ ਹੈ। ਉਹ ਇਹ ਵੀ ਭੁੱਲ ਗਏ ਕਿ ਐਟਮੀ ਸਮਰੱਥਾ ਤਾਂ ਭਾਰਤ ਨੇ ਇੰਦਰਾ ਗਾਂਧੀ ਦੇ ਵਕਤ ਹਾਸਲ ਕਰ ਲਈ ਸੀ ਅਤੇ ਪਹਿਲਾ ਧਮਾਕਾ 1974 ਵਿੱਚ ਕੀਤਾ ਜਾ ਚੁੱਕਾ ਸੀ। ਉਹੋ ਪ੍ਰਚਾਰ ਮਸ਼ੀਨ ਇਸ ਵਕਤ ਨਰਿੰਦਰ ਮੋਦੀ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਧੂਤੂ ਬਣੀ ਪਈ ਹੈ।
ਦੂਸਰਾ ਨਰਿੰਦਰ ਮੋਦੀ ਨੂੰ ਚੁੱਕਣ ਵਾਲਾ ਅਮਰੀਕਾ ਦਾ 'ਟਾਈਮ' ਮੈਗਜ਼ੀਨ ਹੈ, ਜਿਸ ਦਾ ਨਾਂਅ ਉੱਚਾ, ਪਰ ਉਸ ਦੀ ਪੇਸ਼ਕਾਰੀ ਨੂੰ 'ਉੱਚੀ ਦੁਕਾਨ ਤੇ ਫਿੱਕਾ ਪਕਵਾਨ' ਕਿਹਾ ਜਾ ਸਕਦਾ ਹੈ। ਕੁਝ ਹਫਤੇ ਪਹਿਲਾਂ ਉਸ ਦੇ ਪਹਿਲੇ ਸਫੇ ਉੱਤੇ ਨਰਿੰਦਰ ਮੋਦੀ ਦੀ ਫੋਟੋ ਛਾਪ ਦਿੱਤੀ ਗਈ ਤਾਂ ਨਰਿੰਦਰ ਮੋਦੀ ਨੇ ਉਸ ਦੀ ਅੱਗੋਂ ਫੋਟੋ ਕਰਵਾ ਕੇ ਗੁਜਰਾਤ ਵਿੱਚ ਸਾਰੇ ਸ਼ਹਿਰਾਂ ਦੇ ਵੱਡੇ ਚੌਕਾਂ ਵਿੱਚ ਲਾ ਕੇ ਦਾਅਵਾ ਕਰ ਦਿੱਤਾ ਕਿ ਉਸ ਵੱਲੋਂ ਕੀਤੇ ਵਿਕਾਸ ਨੂੰ ਅਮਰੀਕਾ ਵੀ ਮੰਨ ਗਿਆ ਹੈ। ਜਿਹੜੀ 'ਟਾਈਮ' ਮੈਗਜ਼ੀਨ ਨੇ ਉਸ ਦੀ ਫੋਟੋ ਪਹਿਲੇ ਸਫੇ ਉੱਤੇ ਛਾਪੀ ਹੈ, ਓਸੇ ਨੇ 2004 ਵਿੱਚ ਗੌਤਮ ਗੋਸਵਾਮੀ ਦੀ ਫੋਟੋ ਵੀ ਪਹਿਲੇ ਸਫੇ ਉੱਤੇ ਛਾਪੀ ਸੀ। ਆਈ ਏ ਐਸ ਅਫਸਰ ਗੌਤਮ ਗੋਸਵਾਮੀ ਓਦੋਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸ ਨੇ ਪਾਰਲੀਮੈਂਟ ਚੋਣਾਂ ਵਿੱਚ ਰਾਤ ਨੂੰ ਪ੍ਰਚਾਰ ਦਾ ਸਮਾਂ ਸਮਾਪਤ ਹੁੰਦੇ ਸਾਰ ਸਟੇਜ ਉੱਤੇ ਜਾ ਕੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਤਕਰੀਰ ਕਰਨ ਤੋਂ ਰੋਕਿਆ ਤੇ ਲਾਲੂ ਪ੍ਰਸਾਦ ਤੋਂ ਥਾਪੜਾ ਹਾਸਲ ਕਰ ਲਿਆ ਸੀ। ਹਾਲੇ ਤਿੰਨ ਸਾਲ ਦੀ ਸੇਵਾ ਵਾਲੇ ਉਸ ਅਫਸਰ ਨੂੰ ਅਮਰੀਕਾ ਦੇ 'ਟਾਈਮ' ਮੈਗਜ਼ੀਨ ਨੇ ਉਸ ਦੀ ਫੋਟੋ ਪਹਿਲੇ ਸਫੇ ਉੱਤੇ ਛਾਪ ਕੇ 'ਏਸ਼ੀਅਨ ਹੀਰੋ' ਬਣਾ ਦਿੱਤਾ, ਪਰ ਇੱਕੋ ਸਾਲ ਦੇ ਅੰਦਰ ਉਹ ਇੱਕ ਸਕੈਂਡਲ ਵਿੱਚ ਫਸ ਗਿਆ। ਬਿਹਾਰ ਵਿੱਚ ਹੜ੍ਹ ਆਏ ਸਨ ਤੇ ਅਮਰੀਕੀ ਮੈਗਜ਼ੀਨ ਆਖਦਾ ਸੀ ਕਿ ਗੋਸਵਾਮੀ ਨੇ ਲੋਕਾਂ ਦੀ ਸੇਵਾ ਬੜੀ ਕੀਤੀ ਸੀ, ਪਰ ਪਿੱਛੋਂ ਪਤਾ ਲੱਗਾ ਕਿ ਉਸ ਨੇ ਸਾਢੇ ਅਠਾਰਾਂ ਕਰੋੜ ਰੁਪਏ ਦਾ ਘਪਲਾ ਕਰ ਕੇ ਅਚਾਨਕ ਅਸਤੀਫਾ ਦੇ ਕੇ ਇੱਕ ਬੜੀ ਵੱਡੀ ਭਾਰਤੀ ਕੰਪਨੀ ਵਿੱਚ ਅਹੁਦਾ ਜਾ ਸੰਭਾਲਿਆ ਹੈ। ਉਸ ਕੰਪਨੀ ਵਿੱਚ ਪੈਰ ਨਹੀਂ ਸੀ ਲੱਗ ਸਕੇ ਤੇ ਏਧਰ ਅਸਤੀਫਾ ਦੇਣ ਦੇ ਬਾਵਜੂਦ ਅਦਾਲਤ ਦੇ ਹੁਕਮ ਉੱਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਫਿਰ ਉਸ ਨੂੰ ਜਾਂਚ ਦਾ ਸਾਹਮਣਾ ਕਰਨਾ ਪੈ ਗਿਆ ਤੇ ਜ਼ਮਾਨਤ ਦੀ ਅਰਜ਼ੀ ਉਸ ਦੀ ਰੱਦ ਹੋ ਗਈ ਸੀ।
ਨਾ ਤਾਂ ਅਸੀਂ ਅਮਰੀਕਾ ਦੇ ਰਾਤੋ-ਰਾਤ ਕਿਸੇ ਨੂੰ 'ਏਸ਼ੀਅਨ ਹੀਰੋ' ਬਣਾ ਦੇਣ ਵਾਲੇ ਮੈਗਜ਼ੀਨ ਤੋਂ ਪ੍ਰਭਾਵਤ ਹਾਂ ਤੇ ਨਾ ਗਣੇਸ਼ ਦੀਆਂ ਮੂਰਤੀਆਂ ਨੂੰ ਦੁੱਧ ਪਿਆਉਣ ਵਾਲਿਆਂ ਤੋਂ, ਇਸ ਲਈ ਹਕੀਕਤਾਂ ਵੇਖ ਕੇ ਗੱਲ ਕਰਦੇ ਹਾਂ। ਹਕੀਕਤ ਇਹ ਹੈ ਕਿ ਨਰਿੰਦਰ ਮੋਦੀ ਨੇ ਕੁਝ ਲੋਕਾਂ ਨੂੰ ਚਾਟ ਉੱਤੇ ਲਾ ਰੱਖਿਆ ਹੈ ਤੇ ਕੁਝ ਉਸ ਤੋਂ ਏਨੇ ਤ੍ਰਹਿਕਦੇ ਹਨ ਕਿ ਉਸ ਦੀ ਹਰ ਗੱਲ ਨੂੰ ਸੱਚ ਵੀ ਆਖਦੇ ਹਨ ਤੇ ਉਸ ਨੂੰ ਖੁਸ਼ ਕਰਨ ਲਈ ਆਪ ਵੀ ਘਾੜਤਾਂ ਘੜਨ ਤੱਕ ਚਲੇ ਜਾਂਦੇ ਹਨ।
ਹੁਣੇ ਆਈ ਅਹਿਸਾਨ ਜਾਫਰੀ ਕੇਸ ਦੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੇ ਵੀ ਇਹ ਸਾਬਤ ਕੀਤਾ ਹੈ। ਦੋ ਮੈਂਬਰੀ ਟੀਮ ਦੀ ਰਿਪੋਰਟ ਬਾਰੇ ਇਹ ਪ੍ਰਚਾਰਿਆ ਗਿਆ ਕਿ ਇਹ ਸਾਰੀ ਮੋਦੀ ਦੇ ਪੱਖ ਵਿੱਚ ਹੈ। ਜਦੋਂ ਉਹ ਰਿਪੋਰਟ ਜਾਰੀ ਹੋਈ ਤਾਂ ਪਤਾ ਲੱਗਾ ਕਿ ਦੋ ਮੈਂਬਰਾਂ ਦੀ ਰਿਪੋਰਟ ਵਿੱਚ ਦੋਵਾਂ ਦੀ ਵੱਖੋ-ਵੱਖ ਰਾਏ ਸੀ। ਇੱਕ ਜਣਾ ਮੋਦੀ ਨੂੰ ਦੋਸ਼ੀ ਦੱਸ ਰਿਹਾ ਸੀ ਤੇ ਦੂਸਰਾ ਮੋਦੀ ਦਾ ਏਨਾ ਭਗਤ ਸੀ, ਜਾਂ ਏਨਾ ਬੱਚੂ ਬਣਾਇਆ ਪਿਆ ਸੀ, ਕਿ ਉਹ ਮੋਦੀ ਨੂੰ ਦੋਸ਼ੀ ਦੱਸਣ ਦੀ ਥਾਂ ਮਰਨ ਵਾਲੇ ਜਾਫਰੀ ਨੂੰ ਗੁਨਾਹਗਾਰ ਦੱਸ ਰਿਹਾ ਸੀ। ਉਸ ਨੇ ਇਹ ਗੱਲ ਲਿਖਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ ਕਿ ਦੰਗਿਆਂ ਵਿੱਚ ਮਾਰੇ ਗਏ ਸਾਬਕਾ ਐਮ ਪੀ ਅਹਿਸਾਨ ਜਾਫਰੀ ਨੇ ਭੀੜ ਨੂੰ ਹਮਲਾ ਕਰਨ ਵਾਸਤੇ ਆਪ ਉਕਸਾਇਆ ਸੀ। ਅਦਾਲਤ ਦੇ ਐਮੀਕਸ ਕਿਊਰੀ ਨੇ ਓਸੇ ਰਿਪੋਰਟ ਨੂੰ ਪੜ੍ਹ ਕੇ ਜਦੋਂ ਕਾਨੂੰਨੀ ਰਾਏ ਦਿੱਤੀ ਤਾਂ ਪਤਾ ਲੱਗਾ ਕਿ ਨਰਿੰਦਰ ਮੋਦੀ ਦੇ ਖਿਲਾਫ ਕੇਸ ਚਲਾਇਆ ਜਾਣ ਲਈ ਯੋਗ ਆਧਾਰ ਬਣਦਾ ਹੈ।
ਸੀਨੀਅਰ ਪੁਲਸ ਅਫਸਰ ਸੰਜੀਵ ਭੱਟ ਨੇ ਲਿਖਤੀ ਬਿਆਨ ਦਿੱਤਾ ਸੀ ਕਿ ਗੋਧਰਾ ਕਾਂਡ ਤੋਂ ਪਿੱਛੋਂ ਨਰਿੰਦਰ ਮੋਦੀ ਨੇ ਮੀਟਿੰਗ ਲਾ ਕੇ ਪੁਲਸ ਅਫਸਰਾਂ ਨੂੰ ਇਹ ਕਿਹਾ ਸੀ ਕਿ ਹਿੰਦੂ ਭਾਈਚਾਰਾ ਪ੍ਰਤੀਕਿਰਿਆ ਦੇ ਰਿਹਾ ਹੈ, ਉਸ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਾ। ਮੋਦੀ ਦੀ ਪ੍ਰਚਾਰ ਮਸ਼ੀਨ ਨੇ ਕਿਹਾ ਕਿ ਸੰਜੀਵ ਭੱਟ ਉਸ ਮੀਟਿੰਗ ਵਿੱਚ ਹੀ ਨਹੀਂ ਸੀ। ਸ਼ੁਕਰ ਹੈ ਕਿ ਇਹ ਨਹੀਂ ਕਹਿ ਦਿੱਤਾ ਕਿ ਮੀਟਿੰਗ ਹੀ ਨਹੀਂ ਸੀ ਹੋਈ। ਅਹਿਸਾਨ ਜਾਫਰੀ ਕੇਸ ਦੀ ਜਿਹੜੀ ਰਿਪੋਰਟ ਆਈ ਹੈ, ਉਸ ਦੇ ਮੁਤਾਬਕ ਜਦੋਂ ਇਹ ਪੁੱਛਿਆ ਗਿਆ ਕਿ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਕਿ ਨਹੀਂ , ਤਾਂ ਬਹੁਤੇ ਅਫਸਰਾਂ ਨੇ ਇਹ ਕਿਹਾ ਕਿ 'ਸਾਡੀ ਯਾਦਦਾਸ਼ਤ ਕੰਮ ਨਹੀਂ ਕਰ ਰਹੀ।' ਇਹ ਵੀ ਦਾਬੇ ਦਾ ਸਬੂਤ ਹੈ।
ਨਰਿੰਦਰ ਮੋਦੀ ਦਾ ਹਰ ਪਾਸੇ ਇਹੋ ਜਿਹਾ ਦਾਬਾ ਹੈ ਕਿ ਕੋਈ ਉਸ ਦੇ ਸਾਹਮਣੇ ਸਿਰ ਚੁੱਕਣ ਦੀ ਜੁਰਅੱਤ ਕਰਨ ਤੋਂ ਪਹਿਲਾਂ ਦਸ ਵਾਰ ਸੋਚਦਾ ਹੈ। ਹਿੰਦੂ ਸੰਤਾਂ ਦੀ ਇੱਕ ਸੰਪਰਦਾ ਨੇ ਨਰਿੰਦਰ ਮੋਦੀ ਬਾਰੇ ਜ਼ਰਾ ਕੁ ਸਿਰ ਚੁੱਕਿਆ ਸੀ, ਉਨ੍ਹਾਂ ਦੇ ਆਸ਼ਰਮ ਉੱਤੇ ਛਾਪਾ ਮਾਰ ਕੇ ਪੁਲਸ ਨੇ ਕਿਹਾ ਕਿ ਓਥੋਂ ਅਸ਼ਲੀਲ ਸਾਹਿਤ ਮਿਲਿਆ ਹੈ। ਹੋਰ ਗੱਲਾਂ ਇਹੋ ਜਿਹੀਆਂ ਕਹੀਆਂ ਕਿ ਉਹ ਫਿਰ ਬੋਲਣ ਜੋਗੇ ਨਹੀਂ ਸੀ ਰਹੇ। ਭਾਜਪਾ ਦੀ ਹਰ ਪੱਧਰ ਦੀ ਕਮੇਟੀ ਵਿੱਚ ਇੱਕ ਪ੍ਰਤੀਨਿਧ ਆਰ ਐਸ ਐਸ ਦਾ ਹੁੰਦਾ ਹੈ। ਇੱਕ ਸਮੇਂ ਭਾਜਪਾ ਦੀ ਹਾਈ ਕਮਾਂਡ ਵਿੱਚ ਬੈਠਾ ਆਰ ਐਸ ਐਸ ਦਾ ਪ੍ਰਤੀਨਿਧ ਨਰਿੰਦਰ ਮੋਦੀ ਵੱਲ ਅੱਖ ਚੁੱਕ ਕੇ ਵੇਖ ਬੈਠਾ, ਅਗਲੇ ਦਿਨਾਂ ਵਿੱਚ ਉਸ ਦੀ ਇੱਕ ਸੀ ਡੀ ਚਰਚਿਤ ਹੋ ਗਈ ਤੇ ਉਹ ਅਹੁਦਾ ਛੱਡ ਕੇ ਗੁੰਮ-ਨਾਮੀ ਦੀ ਜ਼ਿੰਦਗੀ ਵਿੱਚ ਚਲਾ ਗਿਆ ਸੀ। ਹੁਣ ਦੀ ਭਾਜਪਾ ਲੀਡਰਸ਼ਿਪ ਵਿਚਲੇ ਕਈ ਆਗੂ ਵੀ ਦਿਲੋਂ ਨਾਰਾਜ਼ ਹੋਣ ਦੇ ਬਾਵਜੂਦ ਜਨਤਕ ਤੌਰ ਉੱਤੇ 'ਮੋਦੀ ਚਾਲੀਸਾ' ਪੜ੍ਹਨ ਦਾ ਯਤਨ ਇਹੋ ਸੋਚ ਕੇ ਕਰਦੇ ਹਨ ਕਿ ਮੋਦੀ ਨਾਲ ਨਾਰਾਜ਼ਗੀ ਤੋਂ ਬਚਿਆ ਜਾਵੇ ਤਾਂ ਠੀਕ ਰਹੇਗਾ।
ਇਹੋ ਜਿਹੇ ਦਬਦਬੇ ਵਾਲਾ ਨਰਿੰਦਰ ਮੋਦੀ ਜਦੋਂ ਛੜੱਪੇ ਮਾਰ ਕੇ ਵਿਕਾਸ ਕਰਦੇ ਗੁਜਰਾਤ ਦਾ ਦਾਅਵਾ ਕਰ ਦੇਂਦਾ ਹੈ ਤਾਂ ਦੇਸ਼ ਭਰ ਵਿੱਚ ਉਸ ਦੀ ਧੁੰਮ ਪੈ ਜਾਂਦੀ ਹੈ, ਕੋਈ ਕਾਟ ਕਰਨ ਦੀ ਜੁਰਅੱਤ ਨਹੀਂ ਕਰਦਾ। ਅਸਲ ਵਿੱਚ ਇਹੋ ਜਿਹੀ ਕੋਈ ਖਾਸ ਗੱਲ ਨਹੀਂ ਹੈ। ਅੰਕੜੇ ਬੜੇ ਬੇਰਹਿਮ ਹੁੰਦੇ ਹਨ ਤੇ ਉਹ ਸਾਰਾ ਕੁਝ ਜ਼ਾਹਰ ਕਰ ਦੇਂਦੇ ਹਨ। ਅਸੀਂ ਉਹ ਅੰਕੜੇ ਵੇਖੇ ਹਨ, ਜਿਹੜੇ ਇਸ ਦੇਸ਼ ਦੇ ਯੋਜਨਾ ਕਮਿਸ਼ਨ ਕੋਲ ਹਨ ਤੇ ਜਿਨ੍ਹਾਂ ਨੂੰ ਨਰਿੰਦਰ ਮੋਦੀ ਨੇ ਕਦੇ ਗਲਤ ਨਹੀਂ ਕਿਹਾ।
ਨਰਿੰਦਰ ਮੋਦੀ ਦੇ ਗੁਜਰਾਤ ਦਾ ਮੁੱਖ ਮੰਤਰੀ ਬਣੇ ਨੂੰ ਦਹਾਕੇ ਤੋਂ ਵੱਧ ਦਾ ਸਮਾਂ ਗੁਜ਼ਰ ਚੁੱਕਾ ਹੈ ਤੇ ਜਿਹੜੇ ਅੰਕੜੇ ਸਾਹਮਣੇ ਹਨ, ਉਨ੍ਹਾਂ ਵਿੱਚ ਗੁਜਰਾਤ ਪਿਛਲੇ 'ਇੱਕ ਦਹਾਕੇ ਦੇ ਵਿਕਾਸ' ਦੇ ਪੱਖ ਤੋਂ ਤੇਰਵੇਂ ਥਾਂ ਹੈ। ਸਾਰਿਆਂ ਤੋਂ ਉੱਪਰ ਮੇਘਾਲਿਆ ਦਾ ਦਰਜਾ ਹੈ, ਜਿਸ ਨੇ ਇਸ ਸਮੇਂ ਦੌਰਾਨ 27æ80 ਫੀਸਦੀ ਵਿਕਾਸ ਕੀਤਾ ਹੈ, ਪਿੱਛੋਂ ਆ ਕੇ ਬਿਹਾਰ ਵੀ ਗੁਜਰਾਤ ਤੋਂ ਅੱਗੇ ਲੰਘ ਗਿਆ ਅਤੇ 25æ10 ਫੀਸਦੀ ਨਾਲ ਦੇਸ਼ ਵਿੱਚ ਤੀਸਰੇ ਨੰਬਰ ਉੱਤੇ ਚਲਾ ਗਿਆ ਹੈ, ਪਰ ਤੇਰਵੇਂ ਥਾਂ ਖੜੇ ਮੋਦੀ ਦੇ ਗੁਜਰਾਤ ਵਿੱਚ ਇੱਕ ਦਹਾਕੇ ਦਾ ਵਿਕਾਸ 19æ20 ਫੀਸਦੀ ਬਣਦਾ ਹੈ। ਜੀਅ ਪ੍ਰਤੀ ਵਿਕਾਸ ਵਾਲਾ ਖਾਤਾ ਵੇਖਿਆ ਜਾਵੇ ਤਾਂ ਪਹਿਲੇ ਥਾਂ ਖੜੇ ਸਿੱਕਮ ਦਾ 46 ਫੀਸਦੀ ਹੈ, ਅੱਠਵੇਂ ਥਾਂ ਖੜੇ ਗੁਜਰਾਤ ਦਾ 15æ9 ਫੀਸਦੀ ਬਣਦਾ ਹੈ। ਮਨੁੱਖੀ ਵਸੀਲਿਆਂ ਦੇ ਵਿਕਾਸ ਦੇ ਕਈ ਪੱਖ ਹੁੰਦੇ ਹਨ। ਉਨ੍ਹਾਂ ਸਾਰਿਆਂ ਨੂੰ ਜੋੜ ਕੇ ਸਿੱਟਾ ਕੱਢਿਆ ਜਾਵੇ ਤਾਂ ਸਭ ਤੋਂ ਉੱਪਰ 920 ਦੇ ਅੰਕੜੇ ਨਾਲ ਕੇਰਲਾ ਦਾ ਨਾਂਅ ਹੈ ਤੇ ਚੌਦਵੀਂ ਥਾਂ ਗੁਜਰਾਤ ਦੇ ਸਾਹਮਣੇ 621 ਨੰਬਰ ਲਿਖੇ ਹੋਏ ਹਨ। ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਰ ਭਾਰਤੀ ਨਾਗਰਿਕ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਅੰਗੂਠਾ ਟੇਕ ਲੋਕਾਂ ਦਾ ਜ਼ਮਾਨਾ ਹੁਣ ਨਹੀਂ ਰਿਹਾ। ਦੇਸ਼ ਦੇ ਰਾਜਾਂ ਵਿੱਚ ਸਾਖਰਤਾ (ਅੱਖਰਾਂ ਦਾ ਗਿਆਨ) ਦੇ ਪੱਖੋਂ ਗੁਜਰਾਤ ਦਾ ਨੰਬਰ ਦਸਵਾਂ ਹੈ ਤੇ ਓਥੇ ਅਜੇ ਤੱਕ 79æ3 ਫੀਸਦੀ ਇਸ ਕਾਬਲ ਹੋ ਸਕੇ ਹਨ। ਪੰਜਾਬ ਵਿੱਚ 96æ6 ਫੀਸਦੀ ਘਰਾਂ ਵਾਸਤੇ ਬਿਜਲੀ ਸਪਲਾਈ ਦਾ ਪ੍ਰਬੰਧ ਹੈ। ਸਾਨੂੰ ਦੇਸ਼ ਵਿੱਚੋਂ ਇਸ ਪੱਖੋਂ ਸੱਤਵੀਂ ਥਾਂ ਖੜੇ ਪੰਜਾਬ ਵਿੱਚ ਬਾਕੀ ਦੇ 3æ4 ਫੀਸਦੀ ਬਿਜਲੀ ਤੋਂ ਵਾਂਝੇ ਘਰਾਂ ਦਾ ਹੋਣਾ ਵੀ ਰੜਕਦਾ ਹੈ, ਪਰ ਮੋਦੀ ਦਾ ਗੁਜਰਾਤ ਇਸ ਪੱਖੋਂ ਪੰਦਰਵੇਂ ਥਾਂ ਖੜਾ ਹੈ ਤੇ ਓਥੇ ਸਿਰਫ਼ 90æ4 ਫੀਸਦੀ ਘਰਾਂ ਨੂੰ ਬਿਜਲੀ ਨਸੀਬ ਹੋ ਸਕੀ ਹੈ। ਔਰਤ-ਮਰਦ ਵਿਚਾਲੇ ਪਾੜਾ ਵੀ ਇੱਕ ਬਦਨਸੀਬੀ ਹੈ। ਸਾਡਾ ਪੰਜਾਬ ਸਾਰੇ ਦੇਸ਼ ਵਿੱਚ 'ਕੁੜੀ-ਮਾਰ' ਦੀ ਬਦਨਾਮੀ ਖੱਟ ਰਿਹਾ ਹੈ ਤੇ ਸਾਨੂੰ ਪੰਜਾਬੀਆਂ ਨੂੰ ਇਸ ਉੱਤੇ ਜਾਇਜ਼ ਤੌਰ ਉੱਤੇ ਸ਼ਰਮ ਆਉਂਦੀ ਹੈ। ਗੁਜਰਾਤ ਵਿੱਚ ਔਰਤਾਂ ਨੂੰ ਬਹੁਤ ਸਤਿਕਾਰ ਦੇਣ ਦੀਆਂ ਗੱਲਾਂ ਹੁੰਦੀਆਂ ਹਨ। ਅੰਕੜੇ ਇਹ ਕਹਿੰਦੇ ਹਨ ਕਿ ਪੰਜਾਬ ਵਿੱਚ ਇੱਕ ਹਜ਼ਾਰ ਮਰਦਾਂ ਪਿੱਛੇ 921 ਔਰਤਾਂ ਹਨ ਤੇ ਉਹ ਦੇਸ਼ ਵਿੱਚੋਂ ਸਤਾਈਵੇਂ ਥਾਂ ਖੜਾ ਹੈ, ਪਰ ਗੁਜਰਾਤ ਵੀ ਸਾਡੇ ਤੋਂ ਬਹੁਤਾ ਵਧੀਆ ਨਹੀਂ, ਇੱਕ ਹਜ਼ਾਰ ਮਰਦਾਂ ਪਿੱਛੇ 933 ਔਰਤਾਂ ਨਾਲ ਸਾਡੇ ਤੋਂ ਸਿਰਫ ਤਿੰਨ ਥਾਂ ਉੱਤੇ ਚੌਵੀਵੇਂ ਨੰਬਰ ਉੱਤੇ ਹੈ। ਸਾਡੇ ਲਈ ਇਹ ਸਮਝ ਸਕਣਾ ਔਖਾ ਹੈ ਕਿ ਆਖਰ ਉਹ ਪੱਖ ਕਿਹੜੇ ਹਨ, ਜਿਨ੍ਹਾਂ ਨਾਲ ਨਰਿੰਦਰ ਮੋਦੀ ਨੂੰ ਵਿਕਾਸ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ?
ਪ੍ਰਚਾਰ ਦਾ ਅਸਰ ਜਾਂ ਨਰਿੰਦਰ ਮੋਦੀ ਨਾਲ ਕਿਸੇ ਖਾਸ ਬਣੀ-ਬਣਾਈ ਮੋਹ ਦੀ ਧਾਰਨਾ ਦੇ ਕਾਰਨ ਜਿਹੜੇ ਲੋਕ ਉਸ ਦੇ ਉਪਾਸ਼ਕ ਹਨ, ਉਹ ਇਹ ਕਹਿੰਦੇ ਹਨ ਕਿ ਹੋਰ ਜੋ ਵੀ ਹੋਵੇ, ਉਹ ਰਾਜ-ਕਾਜ ਦਾ ਪ੍ਰਸ਼ਾਸਕ ਏਨਾ ਕਮਾਲ ਦਾ ਹੈ ਕਿ ਉਸ ਦੇ ਰਾਜ ਵਿੱਚ ਕੋਈ ਗਲਤ ਕੰਮ ਕਰਨ ਦੀ ਜੁਰਅੱਤ ਨਹੀਂ ਕਰ ਸਕਦਾ। ਇਹ ਪੱਖ ਵੀ ਵੇਖਿਆ ਜਾ ਸਕਦਾ ਹੈ। ਯੋਜਨਾ ਕਮਿਸ਼ਨ ਨੇ ਦੇਸ਼ ਭਰ ਵਿੱਚ ਬਿਜਲੀ ਦੀ ਸਪਲਾਈ ਦੌਰਾਨ ਲੀਕੇਜ ਦੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਦੇ ਪੱਖ ਤੋਂ ਸਭ ਤੋਂ ਘੱਟ ਲੀਕੇਜ ਪਾਂਡੀਚਰੀ ਵਿੱਚ 13æ5 ਫੀਸਦੀ ਹੁੰਦੀ ਹੈ, ਚੌਥੇ ਥਾਂ ਖੜੇ ਸਾਡੇ ਪੰਜਾਬ ਵਿੱਚ 16æ8 ਫੀਸਦੀ ਹੋ ਜਾਂਦੀ ਹੈ ਤੇ 22æ3 ਫੀਸਦੀ ਲੀਕੇਜ ਨਾਲ ਨਰਿੰਦਰ ਮੋਦੀ ਦਾ ਗੁਜਰਾਤ ਬਾਰਵੇਂ ਥਾਂ ਖੜਾ ਹੈ। ਕਿਹਾ ਜਾਂਦਾ ਹੈ ਕਿ ਉਹ ਕਿਸਾਨਾਂ ਨੂੰ ਸਹੂਲਤਾਂ ਦੇਣ ਵਿੱਚ ਬਹੁਤ ਅੱਗੇ ਹੈ, ਪਰ ਇਹ ਪੱਖ ਵੀ ਬੇਪਰਦ ਹੋ ਸਕਦਾ ਹੈ। ਖੇਤੀ ਲਈ ਦਿੱਤੀ ਜਾਂਦੀ ਬਿਜਲੀ ਲਈ ਉੜੀਸਾ, ਤਾਮਿਲ ਨਾਡੂ ਤੇ ਹਿਮਾਚਲ ਪ੍ਰਦੇਸ਼ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ, ਛੇਵੇਂ ਨੰਬਰ ਉੱਤੇ ਲਿਖੇ ਸਾਡੇ ਪੰਜਾਬ ਵਿੱਚ ਕਈ ਮੁਆਫੀਆਂ ਦੇ ਬਾਵਜੂਦ ਔਸਤਨ 65 ਪੈਸੇ ਪ੍ਰਤੀ ਯੂਨਿਟ ਲਏ ਜਾਂਦੇ ਬਣਦੇ ਹਨ, ਪਰ ਤੇਰਵੇਂ ਥਾਂ ਲਿਖੇ ਮੋਦੀ ਦੇ ਗੁਜਰਾਤ ਵਿੱਚ ਕਿਸਾਨਾਂ ਤੋਂ 1 ਰੁਪਈਆ 76 ਪੈਸੇ ਲਏ ਜਾਣ ਦੀ ਗੱਲ ਮੰਨੀ ਗਈ ਹੈ।
ਬੇਰਹਿਮ ਅੰਕੜੇ ਮੋਦੀ ਵੱਲ ਬਹੁਤ ਹੀ ਬੇਰਹਿਮ ਜਾਪਦੇ ਹਨ। ਦੇਸ਼ ਭਰ ਵਿੱਚ ਗਰੀਬੀ ਦਾ ਬਹੁਤ ਜ਼ਿਆਦਾ ਰੌਲਾ ਮੋਦੀ ਦੀ ਪਾਰਟੀ ਪਾਉਂਦੀ ਤੇ ਵਧਦੀ ਗਰੀਬੀ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦੀ ਹੈ। ਤੇਂਦੁਲਕਰ ਕਮੇਟੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ 15æ9 ਫੀਸਦੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਵੱਸਦੇ ਹਨ ਤੇ ਸਾਡਾ ਦੇਸ਼ ਵਿੱਚ ਛੇਵਾਂ ਥਾਂ ਹੈ। ਨਰਿੰਦਰ ਮੋਦੀ ਦੇ ਗੁਜਰਾਤ ਵਿੱਚ 23 ਫੀਸਦੀ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਹਨ ਤੇ ਉਸ ਰਾਜ ਦਾ ਨੰਬਰ ਪੰਦਰਵਾਂ ਨੰਬਰ ਬਣਦਾ ਹੈ। ਬੱਚਿਆਂ ਦੀ ਜਨਮ ਵੇਲੇ ਮੌਤ ਦੇ ਪੰਜੇ ਤੋਂ ਬਚਣ ਦੀ ਗਿਣਤੀ ਵੇਖੀ ਜਾਵੇ ਤਾਂ ਕੇਰਲਾ ਵਿੱਚ 74 ਫੀਸਦੀ ਬੱਚੇ ਬਚ ਜਾਂਦੇ ਹਨ, ਭਾਵੇਂ 26 ਫੀਸਦੀ ਦਾ ਨਾ ਬਚਣਾ ਵੀ ਮਾੜੀ ਗੱਲ ਹੈ, ਪਰ ਉਹ ਦੇਸ਼ ਵਿੱਚੋਂ ਪਹਿਲੇ ਥਾਂ ਗਿਣਿਆ ਜਾਂਦਾ ਹੈ। ਪੰਜਾਬ ਦੂਸਰੀ ਥਾਂ ਹੈ, ਜਿੱਥੇ 69æ4 ਫੀਸਦੀ ਬੱਚੇ ਬਚ ਜਾਂਦੇ ਹਨ। ਗੁਜਰਾਤ ਦਾ ਦਸਵਾਂ ਨੰਬਰ ਹੈ ਤੇ ਓਥੇ ਮਸਾਂ 64 ਫੀਸਦੀ ਬੱਚੇ ਬਚਦੇ ਹਨ। ਕੇਰਲਾ ਵਿੱਚ ਲੋਕਾਂ ਦੀ ਔਸਤ ਉਮਰ 73æ9 ਸਾਲ ਹੈ ਤੇ ਉਸ ਦੇ ਮੁਕਾਬਲੇ ਗੁਜਰਾਤ ਦੀ ਉਸ ਤੋਂ ਦਸ ਸਾਲ ਘੱਟ ਮਸਾਂ 64 ਸਾਲ ਬਣ ਸਕੀ ਹੈ। ਇਸ ਦੇ ਬਾਵਜੂਦ ਕਿਹਾ ਜਾਂਦਾ ਹੈ ਕਿ ਨਰਿੰਦਰ ਮੋਦੀ ਦੇ ਗੁਜਰਾਤ ਨੇ 'ਤਰੱਕੀ ਬੜੀ ਕੀਤੀ ਹੈ'।
ਨਰਿੰਦਰ ਮੋਦੀ ਦੇ ਰਾਜ ਵਿੱਚ ਤਰੱਕੀ ਨਹੀਂ ਹੋ ਰਹੀ, ਤਰੱਕੀ ਦੀ ਪੇਸ਼ਕਾਰੀ ਵਾਸਤੇ ਪ੍ਰਚਾਰ ਮਸ਼ੀਨ ਵਰਤੀ ਜਾ ਰਹੀ ਹੈ। ਜਦੋਂ ਤੱਕ ਮੁੱਠ ਘੁੱਟੀ ਹੋਈ ਹੋਵੇ, ਹਕੀਕਤ ਪਤਾ ਨਹੀਂ ਲੱਗ ਸਕਦੀ, ਜਿਸ ਦਿਨ ਮੁੱਠ ਖੁੱਲ੍ਹ ਗਈ, ਸਾਰਾ ਚਾਨਣ ਹੋ ਜਾਵੇਗਾ। ਜਿਹੜੇ ਲੋਕ ਅੱਜ ਉਸ ਰਾਜ ਦੇ ਢੰਡੋਰਚੀ ਬਣੇ ਫਿਰਦੇ ਹਨ, ਜਿਸ ਦਿਨ ਮੋਦੀ-ਰਾਜ ਦੀ ਸਫ ਵਲ੍ਹੇਟੀ ਗਈ, ਉਹ ਹੀ ਸਭ ਤੋਂ ਪਹਿਲਾਂ ਉਸ ਦੇ ਪਾਜ ਉਧੇੜ ਦੇਣਗੇ। ਐਮਰਜੈਂਸੀ ਦੇ ਦੌਰ ਵਿੱਚ 'ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ' ਕਹਿਣ ਵਾਲੇ ਲੋਕ ਅਗਲੇ ਸਾਲ ਉਸ ਦੇ ਪਰਦੇ ਫੋਲਦੇ ਫਿਰਦੇ ਸਨ। ਗੁਜਰਾਤ ਅੰਦਰ ਵੀ ਕਿਸੇ ਦਿਨ ਪਲਟੀ ਵੱਜ ਗਈ ਤਾਂ ਇਹੋ ਕੁਝ ਵਾਪਰ ਜਾਵੇਗਾ। ਹਾਲੇ ਤੱਕ ਗੁਜਰਾਤ ਦੇ ਅੰਦਰੋਂ ਹਰ ਬੁਰਾਈ ਉੱਤੇ ਪਰਦਾ ਪਾ ਕੇ ਸਿਰਫ ਛਾਣੀਆਂ-ਪੁਣੀਆਂ ਗੱਲਾਂ ਬਾਹਰ ਕੱਢੀਆਂ ਜਾ ਰਹੀਆਂ ਹਨ, ਪਰ ਮੋਦੀ ਨੂੰ ਗੋਰਬਾਚੇਵ ਦੀ ਕਹੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਘਰ ਦਾ ਗੰਦ ਲੋਕਾਂ ਤੋਂ ਲੁਕਾਉਣ ਲਈ ਦਰੀ ਦੇ ਹੇਠ ਲੁਕਾਈ ਜਾਈਏ ਤਾਂ ਇੱਕ ਦਿਨ ਦਰੀ ਦੇ ਹੇਠ ਕੀੜੇ ਚੱਲ ਜਾਂਦੇ ਹੁੰਦੇ ਹਨ। ਗੁਜਰਾਤ ਦੇ ਅੰਦਰ ਦੀ ਹਾਲਤ ਬਾਰੇ ਵੀ ਜਿਹੜੀਆਂ ਕਨਸੋਆਂ ਆ ਰਹੀਆਂ ਹਨ, ਉਹ ਇਸ ਤੋਂ ਵੱਖਰੀਆਂ ਨਹੀਂ। ਇਹ ਛੋਟੀ ਜਿਹੀ ਗੱਲ ਨਹੀਂ ਕਿ ਸ਼ਰਾਬ-ਬੰਦੀ ਵਾਲੇ ਗੁਜਰਾਤ ਵਿੱਚ ਹਰ ਸਾਲ ਹਜ਼ਾਰਾਂ ਬੋਤਲਾਂ ਸ਼ਰਾਬ ਫੜ ਕੇ ਉਨ੍ਹਾਂ ਉੱਤੇ ਬੁਲਡੋਜ਼ਰ ਚਲਾਏ ਜਾਂਦੇ ਹਨ ਤੇ ਜਦੋਂ ਵੀ ਸ਼ਰਾਬ ਫੜੀ ਜਾਂਦੀ ਹੈ, ਉਸ ਨਾਲ ਨਾਂਅ ਕਿਸੇ ਨਾ ਕਿਸੇ ਭਾਜਪਾ ਆਗੂ ਦਾ ਜੁੜਿਆ ਹੁੰਦਾ ਹੈ। ਲੋਕ ਆਖਦੇ ਹਨ ਕਿ ਏਦਾਂ ਦਾ ਕਾਰੋਬਾਰ ਜਦੋਂ ਚੱਲਦਾ ਹੈ, ਪਤਾ ਓਦੋਂ ਵੀ ਹੁੰਦਾ ਹੈ, ਪਰ ਰੋਕਿਆ ਨਹੀਂ ਜਾਂਦਾ ਤੇ ਜਿਸ ਦੇ ਖੰਭ ਨਿਕਲਦੇ ਜਾਪਣ, ਉਸ ਦੇ ਖੰਭ ਕੁਤਰ ਦੇਣ ਲਈ ਕਾਰਵਾਈ ਕੀਤੀ ਜਾਂਦੀ ਹੈ। ਏਦਾਂ ਦੀ ਰਾਜਕੀ ਦਹਿਸ਼ਤ ਵਿੱਚ ਜੇ ਅਫਸਰਾਂ ਨੂੰ ਇਹ ਕਹਿਣ ਦੀ ਲੋੜ ਪੈਂਦੀ ਹੈ ਕਿ ਉਨ੍ਹਾਂ ਦੀ 'ਯਾਦਦਾਸ਼ਤ ਕੰਮ ਨਹੀਂ ਕਰਦੀ' ਤਾਂ ਕਈ ਹੋਰ ਲੋਕ ਇਹ ਵੀ ਕਹਿ ਸਕਦੇ ਹਨ ਕਿ 'ਅੰਕੜਿਆਂ ਦਾ ਸਾਨੂੰ ਪਤਾ ਨਹੀਂ, ਨਰਿੰਦਰ ਮੋਦੀ ਦੇ ਰਾਜ ਵਿੱਚ ਵਿਕਾਸ ਵਾਲੇ ਫੱਟੇ ਚੱਕੇ ਪਏ ਹਨ'।

No comments:

Post a Comment