ਇੱਕ ਅਫਸਰ ਇੱਕ ਵਜ਼ੀਰ,ਜਾਪਣ ਦੋਵੇਂ ਪੀਰ-ਫਕੀਰ !

-ਤਰਲੋਚਨ ਸਿੰਘ ਦੁਪਾਲ ਪੁਰ
'ਨ੍ਰਿਪਇੰਦਰ ਰਤਨ'—ਸਾਢੇ ਕੁ ਅੱਠ ਅੱਖਰਾਂ ਦੇ ਜੋੜ ਨਾਲ਼ ਬਣਿਆ ਹੋਇਆ, ਆਮ ਨਾਲ਼ੋਂ ਅਲਹਿਦਾ ਜਿਹਾ ਇਹ ਨਾਮ ਅੱਖਾਂ ਸਾਹਮਣੇ ਆਉਂਦਿਆਂ ਹੀ ਮੈਂ ਆਪਣੇ ਆਪ ਨੂੰ ਉਸੇ ਡੈਪੂਟੇਸ਼ਨ ਵਿੱਚ ਸ਼ਾਮਿਲ ਹੋਇਆ ਮਹਿਸੂਸ ਕਰਨ ਲੱਗਾ ਜੋ ਚੰਡੀਗੜ੍ਹ ਸਥਿਤ ਪੰਜਾਬ ਦੇ ਸਿਵਲ ਸੈਕਟਰੀਏਟ ਦੀ ਬਹੁ-ਮੰਜਲੀ ਇਮਾਰਤ ਵਿੱਚ ਇੱਕ ਲਿਫਟ ਚੜ੍ਹ ਕੇ ਕਿਸੇ ਉਤਲੀ ਮੰਜ਼ਿਲ ਵੱਲ ਜਾ ਰਿਹਾ ਸੀ।
"ਜਿਸ ਅਫਸਰ ਨੂੰ ਆਪਾਂ ਅੱਜ ਮਿਲਣ ਜਾ ਰਹੇ ਹਾਂ, ਕੀ ਤੁਸੀਂ ਉਸਦੇ ਪਿਛੋਕੜ ਬਾਰੇ ਕੁੱਛ ਜਾਣਦੇ ਹੋ?" ਮੈਂ ਆਪਣੇ ਸਾਥੀਆਂ ਨੂੰ ਪੁੱਛਦਾ ਹਾਂ। ਉਹ ਸਾਰੇ ਜਣੇ 'ਨਹੀਂ' ਕਹਿਕੇ ਮੇਰੇ ਚਿਹਰੇ 'ਤੇ ਸਵਾਲੀਆ ਨਜ਼ਰਾਂ ਗੱਡਦਿੰਦੇ ਹਨ।
"ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਪੁਰਾਣੀਆਂ ਬੀੜਾਂ ਦੇ ਪਹਿਲੇ ਸਫੇ ਉੱਪਰ ਇਹ ਲਿਖਿਆ ਹੁੰਦਾ ਸੀ- "ਇਸ ਪਾਵਨ ਸਰੂਪ ਦਾ ਅੱਖਰ, ਲਗ-ਕੰਨਾਂ ਮਾਤ੍ਰ ਪੰਥ ਦੇ ਲਾਸਾਨੀਂ ਸੋਧਕ ਗਿਆਨੀ ਮਹਿੰਦਰ ਸਿੰਘ ਜੀ ਰਤਨ ਨੇ ਚੈੱਕ ਕੀਤਾ ਹੋਇਆ ਹੈ!' ਇਹ ਅਫਸਰ ਉਸੇ ਗਿਆਨੀ ਰਤਨ ਜੀ ਦਾ ਲੜਕਾ ਹੈ !" ਮੇਰੇ ਮੂੰਹੋਂ ਇਹ ਜਾਣਕਾਰੀ ਸੁਣ ਕੇ ਮੇਰੇ ਸਾਥੀਆਂ ਦੇ ਚਿਹਰਿਆਂ ਉੱਤੇ ਸ਼ਰਧਾ-ਸਤਿਕਾਰ ਵਾਲ਼ੀ ਭਾਵਨਾ ਦੇ ਚਿਹਨ ਉੱਭਰ ਆਏ ਸਨ।
ਸੰਨ ੧੯੯੮-੯੯ ਦੇ ਅੱਗੜ ਪਿੱਛੜ ਕਿਸੇ ਵਰ੍ਹੇ ਦੀ ਗੱਲ ਹੈ। ਨਵਾਂਸ਼ਹਿਰ ਜ਼ਿਲ੍ਹੇ ਦੇ ਗਰੂ ਨਾਨਕ ਮਿਸ਼ਨ ਨਰਸਿੰਗ ਕਾਲਜ ਦੇ ਕਿਸੇ ਅੜੇ ਹੋਏ ਕੰਮ ਲਈ ਕਾਲਜ ਦੇ ਬਾਨੀ ਪ੍ਰਧਾਨ ਸ੍ਰ. ਬੁੱਧ ਸਿੰਘ ਢਾਹਾਂ , ਆਪਣੇ ਟ੍ਰਸਟੀ ਸਾਥੀਆਂ ਦੇ ਇੱਕ ਡੈਪੂਟੇਸ਼ਨ ਨਾਲ਼ ਚੰਡੀਗੜ੍ਹ ਆਏ ਹੋਏ ਸਨ। ਬਾ-ਹੈਸੀਅਤ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਮੈਂ ਵੀ ਉਸ ਜਥੇ ਵਿੱਚ ਸ਼ਾਮਿਲ ਸਾਂ। ਕੁਰਾਲ਼ੀ-ਖਰੜ ਵਿਚਾਲ਼ੇ ਕੋਈ ਰੋਡ ਐਕਸੀਡੈਂਟ ਹੋਣ ਕਾਰਨ ਤਕੜਾ ਲੰਮਾਂ ਜਾਮ ਲੱਗ ਗਿਆ।ਅਸੀਂ ਢਾਈ ਵਜੇ ਦਾ ਸਮਾਂ ਲਿਆ ਹੋਇਆ ਸੀ ਸੈਕਟਰੀਏਟ ਵਿੱਚ ਅਫਸਰ ਨੂੰ ਮਿਲਣ ਦਾ। ਰਸਤੇ 'ਚੋਂ ਇੱਕ ਐੱਸ.ਟੀ. ਡੀ. ਤੋਂ ਚੰਡੀਗੜ੍ਹ ਵਾਲ਼ੇ ਦਫਤਰ ਕਾਲ ਕਰਕੇ ਅਸੀਂ ਲੇਟ ਆਉਣ ਦਾ ਕਾਰਨ ਦੱਸਿਆ। ਪਰ ਅੱਗਿਉਂ ਅਫਸਰ ਦੇ ਪੀ.ਏ. ਨੇ ਕਿ ਸਾ੍ਹ'ਬ ਕਹਿੰਦੇ ਨੇ ਕਿ –"ਤੁਸੀਂ ਤਸੱਲੀ ਨਾਲ਼ ਆਉ, ਮੈਂ ਤੁਹਾਡੀ ਸ਼ਾਮ ਤੱਕ ਵੇਟ ਕਰ ਕੇ ਜਾਵਾਂਗਾ।"
ਕਾਹਲ਼ੀ ਕਾਹਲ਼ੀ ਨੱਠ ਭੱਜ ਕਰਕੇ ਅਸੀਂ ਸ਼ਾਮ ਦੇ ਸਾਢੇ ਚਾਰ ਵਜੇ ਸੈਕਟਰੀਏਟ ਪਹੁੰਚੇ। ਲਿਫਟ ਵਿੱਚ ਖੜ੍ਹਿਆਂ ਖੜ੍ਹਿਆਂ ਸਾਡੇ ਵਿਚੱੋਂ ਕਈ ਸੱਜਣ ਸ਼ੰਕਾ ਕਰਨ ਲੱਗੇ ਕਿ ਵੱਡੇ ਅਫਸਰ ਤਾਂ ਲੰਚ ਟਾਈਮ ਤੋਂ ਬਾਅਦ ਹੀ ਦਫਤਰਾਂ ਚੋਂ ਉਡੰਤਰ ਹੋ ਜਾਂਦੇ ਨੇ। ਸਾਡੀ ਅੱਜ ਦੀ ਗੇੜੀ ਵਿਅਰਥ ਹੀ ਜਾਣੀ ਹੈ। ਇਸੇ ਸ਼ੰਕੇ ਦੀ ਨਵਿਰਤੀ ਵਜੋਂ ਹੀ ਮੈਂ ਉਕਤ ਅਫਸਰ ਦੇ ਧਾਰਮਿਕ ਪਿਛੋਕੜ ਦਾ ਖਿਆਲ ਕਰਦਿਆਂ ਯਕੀਨ ਬਨ੍ਹਾਇਆ ਸੀ ਕਿ ਉਹ ਅਵੱਸ਼ ਦਫਤਰ ਵਿੱਚ ਮੌਜੂਦ ਹੋਵੇਗਾ!
ਘੜੀ ਦੀ ਸੂਈ ਪੰਜ ਤੋਂ ਅਗਾਂਹ ਲੰਘ ਚੁੱਕੀ ਸੀ ਜਦ ਅਸੀਂ ਸਬੰਧਿਤ ਦਫਤਰ ਦੇ ਦਰਵਾਜੇ ਅੱਗੇ ਪਹੁੰਚੇ। ਦਰਵਾਜਾ ਖੋਹਲਿਆ- ਸਾਡੇ ਅੱਗੇ ਸਾਂਵਲੇ ਜਿਹੇ ਰੰਗ ਦਾ , ਮਧਰੇ ਕੱਦ ਵਾਲ਼ਾ ਪੇਂਡੂ ਜਿਹੀ ਸ਼ਕਲੋ ਸੂਰਤ ਅਤੇ ਨਿਵੇਕਲ਼ੇ ਅੰਦਾਜ਼ ਨਾਲ਼ ਬੰਨ੍ਹੀ ਨਿੱਕੀ ਜਿਹੀ ਦਸਤਾਰ ਵਾਲ਼ਾ 'ਅਫਸਰ' ਵੱਡੇ ਸਾਰੇ ਮੇਜ਼ 'ਤੇ ਫਾਈਲਾਂ ਵਿੱਚ ਖੁੱਭਿਆ ਦਿਖਾਈ ਦਿੱਤਾ। ਕਿਸੇ ਸਟੈਨੋ-ਪੀ.ਏ. ਜਾਂ ਕਿਸੇ ਹੋਰ ਅਮਲੇ-ਫੈਲੇ ਦੇ ਬਿਨਾਂ ਹੀ ਉਸ ਨੂੰ ਇਕੱਲਿਆਂ ਬੈਠਾ ਦੇਖ ਕੇ ਸਾਨੂੰ ਯਕੀਨ ਹੀ ਨਾ ਆਵੇ ਕਿ ਮੈਡੀਕਲ ਦੀ ਉਚੇਰੀ ਸਿੱਖਿਆ ਦੇ ਮਹਿਕਮੇ ਦਾ ਸਕੱਤਰ ਐਨ. ਐਸ.ਰਤਨ 'ਆਈ.ਏ.ਐਸ. ਇਹੀ ਹੋਵੇਗਾ। ਮੈਂ ਕੇਵਲ ਕੰਨੋਂ ਕੰਨੀਂ ਹੀ ਸੁਣਿਆ ਹੋਇਆ ਸੀ ਕਿ ਉਹ ਅਗਾਧ ਬੋਧ ਗੁਰਬਾਣੀ ਦੇ ਮਹਾਨ ਗਿਆਤਾ ਭਾਈ ਰਤਨ ਜੀ ਦੇ 'ਰਤਨ' ਹਨ। ਉਨਾਂ੍ਹ ਦੇ ਦਰਸ਼ਨ ਮੈਂ ਵੀ ਪਹਿਲੀ ਵਾਰੀ ਕਰ ਰਿਹਾ ਸਾਂ। ਚਿਹਰੇ-ਮੁਹਰੇ ਤੋਂ ਬੇਹੱਦ ਸਾਦ- ਮੁਰਾਦੇ ਪਰ ਦਾਰਸ਼ਨਿਕ ਨਜ਼ਰ ਵਾਲ਼ੇ ਇਸ 'ਸਕੱਤਰ' ਨੇ ਸ਼ਾਮ ਸਾਢੇ ਸੱਤ ਵਜੇ ਤੱਕ ਬੈਠ ਕੇ ਡੈਪੂਟੇਸ਼ਨ ਦੀਆਂ ਮੁਸ਼ਕਿਲਾਂ ਸੁਣੀਆਂ। ਸਾਰਿਆਂ ਨੂੰ ਚਾਹ ਬਿਸਕੁਟ ਛਕਾ ਕੇ , ਇੱਕ ਹਫਤੇ ਦੇ ਵਿੱਚ ਵਿੱਚ ਸਾਰੇ ਕੰਮ ਪੂਰੇ ਕਰ ਦੇਣ ਦਾ ਭਰੋਸਾ ਦੁਆਇਆ। ਸੱਚ ਮੁੱਚ ਇਹ 'ਭਰੋਸਾ' ਮਿੱਥੇ ਸਮੇਂ ਵਿੱਚ ਹੀ ਅਮਲੀ ਰੂਪ ਧਾਰਨ ਕਰ ਗਿਆ ਸੀ।
ਤਕਰੀਬਨ ਦੋ ਦਹਾਕਿਆਂ ਬਾਅਦ , ਬਹੁਤ ਹੀ ਘੱਟ ਛਪਣ-ਗਿਣਤੀ ਵਾਲ਼ੇ ਇੱਕ ਸਧਾਰਨ ਸਮਾਚਾਰ ਪੱਤਰ ਵਿੱਚ 'ਨ੍ਰਿਪਇੰਦਰ ਰਤਨ' ਨਾਂ ਦੇਖ ਕੇ ਮੈਂ ਚੌਂਕਿਆ! ਉਨਾਂ੍ਹ ਆਪਣੀ ਇੱਕ ਹੱਡ-ਬੀਤੀ ਲਿਖੀ ਹੋਈ ਸੀ।ਉਨਾਂ੍ਹ ਦੀ ਮਾਖਿਉਂ ਜਿਹੀ ਸੁਆਦਲੀ ਲਿਖਤ ਨੂੰ ਵੱਧ ਤੋਂ ਵੱਧ ਪਾਠਕਾਂ ਦੀ ਨਜ਼ਰ ਕਰਨਦੀ ਮਨਸ਼ਾ ਨਾਲ਼ ਇਹ ਸਤਰਾਂ ਲਿਖੀਆਂ ਨੇ। ਲਉ ਰਤਨ ਜੀ ਦੀ ਹੱਡ ਬੀਤੀ ਉਨਾਂ੍ਹ ਦੀ ਆਪਣੀ ਲਿਖਣ-ਸ਼ੈਲੀ ਵਿੱਚ ਪੜ੍ਹੋ-
"---ਮੈਂ ਲੁਧਿਆਣਾ ਜ਼ਿਲ੍ਹੇ ਵਿੱਚ ਡੀ.ਸੀ. ਨਿਯੁਕਤ ਹੋਇਆ। ਰਾਜ ਦਾ ਮਹੱਤਵਪੂਰਨ ਜ਼ਿਲ੍ਹਾ ਹੋਣ ਕਰਕੇ ਦੋਸਤਾਂ ਅਤੇ ਸਹਿਕਰਮੀਆਂ ਵਲੋਂ ਵਧਾਈਆਂ ਮਿਲ਼ ਰਹੀਆਂ ਸਨ।ਸੰਨ ੧੯੭੭ ਵਿੱਚ ਬਾਦਲ ਸਾਹਿਬ ਦੀ ਸਰਕਾਰ ਵੇਲ਼ੇ , ਅਫੀਮ ਦੀ ਤਸਕਰੀ ਤੇ ਹੋਰ ਭ੍ਰਿਸ਼ਟਾਚਾਰ ਭਰਪੂਰ ਕਾਰਵਾਈਆਂ ਕਰਕੇ 'ਤਲਵੰਡੀ' ਸ਼ਬਦ ਬਹੁਤ ਚਰਚਿਤ ਬਣ ਗਿਆ ਸੀ।ਲੇਕਿਨ ਉਸ ਸਮੇਂ ਲੁਧਿਆਣਾ ਜ਼ਿਲ੍ਹੇ ਵਿਚ ਹੀ ਇੱਕ ਹੋਰ 'ਤਲਵੰਡੀ' ਵੀ ਉਭਰਿਆ ਜੋ ਸਾਫ, ਸਵੱਛ , ਬਹੁਤ ਸਧਾਰਨ , ਸੱਚਾ ਸੁੱਚਾ , ਈਮਾਨਦਾਰ ਅਤੇ ਸਚਿਆਰਾ ਪੁਰਸ਼ ਸੀ (ਪਰ ਬਦਕਿਸਮਤੀ ਨਾਲ਼ ਉਹ ਭ੍ਰਿਸ਼ਟਾਚਾਰ ਦੇ ਮਾਹੌਲ ਵਿੱਚ ਹੀ ਰੁਲ਼ ਗਿਆ ਸੀ) ਉਨਾਂ੍ਹ ਦਾ ਨਾਮ ਸੀ ਬਾਬਾ ਦਲੀਪ ਸਿੰਘ 'ਤਲਵੰਡੀ' –ਜਿਨਾਂ੍ਹ ਨੂੰ ਕੈਬਨਿਟ ਮੰਤਰੀ ਬਣਾ ਕੇ ਸ੍ਰ. ਬਾਦਲ ਨੇ ਉਨਾਂ੍ਹ ਦੀ ਪੂਰੀ ਕਦਰ ਕੀਤੀ ਸੀ।
ਸ੍ਰ. ਦਲੀਪ ਸਿੰਘ ਮੰਤਰੀ ਬਣ ਕੇ ਪਹਿਲੀ ਵਾਰ ਆਪਣੇ ਜ਼ਿਲ੍ਹੇ ਵਿੱਚ ਆਏ ਤਾਂ ਮੈਂ ਉਨਾਂ੍ਹ ਦੇ ਸਵਾਗਤ ਹਿੱਤ ਪੁਰਾਣੇ ਕੈਨਾਲ ਰੈਸਟ ਹਾਊਸ ਵਿੱਚ ਚਲਾ ਗਿਆ। ਹਾਲੇ ਮੈਂ ਦਰਵਾਜੇ ਦੇ ਬਾਹਰ ਹੀ ਸੀ ਕਿ ਅੰਦਰੋਂ ਬਹੁਤ ਹੀ ਹਲੀਮੀ ਭਰੀ ਅਵਾਜ਼ ਸੁਣਾਈ ਦਿੱਤੀ-" ਬੇਇਨਸਾਫੀ ਤਾਂ ਗੁਰਮੁਖੋ ਬੇਇਨਸਾਫੀ ਈ ਹੁੰਦੀ ਹੈ। ਭਾਵੇਂ 'ਉਹ' ਕਰਨ ਜਾਂ 'ਅਸੀਂ' ਕਰੀਏ । ਸਾਡੇ ਕਰਨ ਨਾਲ਼ ਬੇਇਨਸਾਫੀ , ਇਨਸਾਫ ਤਾਂ ਨਹੀਂ ਬਣ ਜਾਣੀ ?" ਐਸੀ ਤਰਕ ਤੇ ਨਿਆਂ ਦੀ ਗੱਲ ਸੁਣ ਕੇ ਮੈਂ ਬਿੰਦ ਦੀ ਬਿੰਦ ਠਿਠਕ ਗਿਆ ! 'ਕੌਣ ਬੋਲ ਰਿਹਾ ਹੋਵੇਗਾ ਇਹ?' ਅੰਦਰ ਲੰਘ ਕੇ ਦੇਖਿਆ ਕਿ ਪਲੰਘ ਉੱਪਰ ਇੱਕ ਬਜ਼ੁਰਗ ਚੌਕੜਾ ਮਾਰੀ ਬੈਠੇ ਸਨ। ਮੇਰੇ ਜੀ.ਏ. ਨੇ ਉਸ ਬਜ਼ੁਰਗ ਨਾਲ਼ ਮੇਰੀ ਜਾਣ ਪਛਾਣ ਕਰਾਉਂਦਿਆਂ ਮੈਂਨੂੰ ਦੱਸਿਆ ਕਿ ਇ ਜਥੇਦਾਰ ਦਲੀਪ ਸਿੰਘ ਤਲਵੰਡੀ ਜੀ ਹਨ। ਮੈਂ ਉਨਾਂ੍ਹ ਬਾਰੇ ਸੁਣਿਆ ਤਾਂ ਹੋਇਆ ਸੀ ਪਰ ਪ੍ਰਤੱਖ ਦੀਦਾਰ ਪਹਿਲੀ ਵਾਰ ਹੀ ਕਰ ਰਿਹਾ ਸਾਂ।
ਮੈਂਨੂੰ ਉਨਾਂ੍ਹ ਦੀ ਸਹਿਜ ਸਾਦਗੀ ਨੇ ਬਹੁਤ ਪ੍ਰਭਾਵਿਤ ਕੀਤਾ। ਕਿਉਂਕਿ ਇਸ ਤੋਂ ਪਹਿਲਾਂ ਮੈਂ ਦੋ ਤਿੰਨ ਹੋਰ ਮੰਤਰੀਆਂ ਦੀ ਤੜਕ ਭੜਕ , ਅਵਾਜ਼ ਵਿੱਚ ਰ੍ਹੋਅਬ ਅਤੇ ਹਉਮੈ ਦੇ ਸੁਰ ਦੇਖ-ਸੁਣ ਚੁੱਕਾ ਸਾਂ। ਪਰ ਮੈਂ ਉੱਥੇ ਤਲਵੰਡੀ ਜੀ ਦੇ ਅਮਲੇ ਫੈਲੇ 'ਚ ਸ਼ਾਮਿ ਲਇੱਕ ਐਸੇ ਸਾਬਕਾ ਡੀ.ਐਸ.ਪੀ. ਨੂੰ ਦੇਖ ਕੇ ਬਹੁਤ ਹੈਰਾਨ ਹੋਇਆ । ਜੋ ਕਿ ਰਿਸ਼ਵਤਖੋਰੀ ਅਤੇ ਹੇਰਾਫੇਰੀਆਂ ਦੇ ਮਾਮਲੇ ਵਿੱਚ ਬਹੁਤ ਬਦਨਾਮ ਸੀ। ਮੇਰੀ ਅੰਮ੍ਰਿਤਸਰ ਵਿਖੇ ਹੋਈ ਟ੍ਰੇਨਿੰਗ ਤੋਂ ਹੀ ਮੈਂ ਉਸ ਨੂੰ ਜਾਣਦਾ ਸਾਂ। ਉਸ ਮੌਕੇ ਮੈਂ ਉਸਨੂੰ ਪਛਾਣ ਲਿਆ ਸੀ ਤੇ ਸ਼ਾਇਦ ਉਸਨੇ ਮੈਂਨੂੰ ਵੀ। ਮੰਤਰੀ ਜੀ ਦੀ ਦੂਜੀ ਜਾਂ ਤੀਜੀ ਲੁਧਿਆਣਾ ਫੇਰੀ ਮੌਕੇ ਮੈਂ ਪਰਦੇ ਨਾਲ਼ ਉਸ ਬਦਨਾਮ ਬੰਦੇ ਬਾਰੇ ਉਨਾਂ੍ਹ ਨਾਲ਼ ਗੱਲ ਕੀਤੀ ਕਿ ਤੁਸੀਂ ਅਜਿਹੇ ਬੰਦੇ ਨੂੰ 'ਰਾਜਨੀਤਿਕ ਸਹਾਇਕ' ਕਿਵੇਂ ਨਿਯੁਕਤ ਕਰ ਲਿਆਂ ? ਸ੍ਰ. ਦਲੀਪ ਸਿੰਘ ਦੀ ਨਿਰਮਲ ਤੇ ਨਿਰਛਲ ਸ਼ਖਸ਼ੀਅਤ ਹੋਰ ਚਮਕ ਪਈ, ਜਦ ਉਹ ਬੋਲੇ,
"ਉਹ ਗੁਰਮੁਖੋ ! ਹੁਣ ਇਹ 'ਉਹ' ਨਹੀਂ ਰਿਹਾ!!—ਇਸ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਪੰਜ ਵਾਰ ਇਸ਼ਨਾਨ ਕੀਤੇ ਹਨ, ਪੰਜੇ ਵਾਰ ਜਪੁ ਜੀ ਸਾਹਿਬ ਦੇ ਪਾਠ ਕਰਕੇ ਕਸਮਾਂ ਖਾਧੀਆਂ ਹਨ ਕਿ ਉਹ ਪਹਿਲਾਂ ਵਾਲ਼ੀਆਂ ਕਰਤੂਤਾਂ ਨਹੀਂ ਕਰੇਗਾ।"
ਉਨਾਂ੍ਹ ਮੂੰਹੋਂ ਇਹ ਭਰੋਸੇ ਭਰੇ ਵਾਕ ਸੁਣ ਕੇ ਮੈਂ ਚੁੱਪ ਕਰ ਗਿਆ।
ਇਸ ਗੱਲ ਤੋਂ ਤਿੰਨ-ਚਾਰ ਮਹੀਨਿਆਂ ਬਾਅਦ ਮੈਂ ਖੰਨਾਂ-ਪਾਇਲ ਹਲਕਿਆਂ ਦਾ ਦੌਰਾ ਕਰ ਰਿਹਾ ਸਾਂ। ਜਿਹੜੇ ਪਿੰਡ ਵੀ ਮੈ ਜਾਵਾਂ , ਉੱਥੋਂ ਇਹੀ ਸੁਨੇਹਾ ਮਿਲ਼ੇ ਕਿ ਤਲਵੰਡੀ ਸਾਹਿਬ ਮੈਂਨੂੰ ਲੱਭਦੇ ਫਿਰਦੇ ਨੇ। ਸੁਣ ਕੇ ਬੜਾ ਹੈਰਾਨ ਹੋਇਆ ਕਿ ਉਨਾਂ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਆਉਣ ਦੀ ਕੋਈ ਅਗਾਊਂ ਸੂਚਨਾ ਮੇਰੇ ਦਫਤਰ ਵਿੱਚ ਕੋਈ ਨਹੀਂ ਸੀ ਆਈ ! ਮੋਬਾਈਲ ਫੋਨ ਉਦੋਂ ਹੁੰਦੇ ਨਹੀਂ ਸਨ ਕਿ ਤੁਰੰਤ ਗੱਲ ਹੋ ਸਕਦੀ। ਸ਼ਾਮ ਤੱਕ ਮੈਂਨੂੰ ਹਰੇਕ ਪਿੰਡੋਂ ਏਹੀ ਸੁਨੇਹੇ ਮਿਲ਼ਦੇ ਰਹੇ। ਆਖਿਰ ਮੈਂ ਪਾਇਲ ਦੇ ਗੈਸਟ ਹਾਊਸ ਵਿੱਚ ਆਣ ਪੜਾਅ ਕੀਤਾ। ਕੁੱਝ ਹੀ ਮਿੰਟਾਂ ਮਗਰੋਂ ਸਾਡਾ ਸੇਵਾਦਾਰ ਬਾਹਰੋਂ ਭੱਜਾ ਭੱਜਾ ਆਇਆ—" ਸਰ, ਮੰਤਰੀ ਜੀ ਆ ਪੁੱਜੇ ਨੇ !" ਫਟਾਫਟ ਮੈਂ ਬਾਹਰ ਆਇਆ।ਮੰਤਰੀ ਜੀ ਕਾਰ 'ਚੋਂ ਉੱਤਰਦਿਆਂ ਹੀ ਹੱਥ ਜੋੜ ਕੇ ਮੇਰੇ ਵੱਲ ਤੁਰੇ ਆਏ-
"ਓ ਭਾਈ ਗੁਰਮੁਖਾ ! ਓ ਭਾਈ, ਮੈਂ ਤੈਂਨੂੰ ਸਵੇਰ ਦਾ ਹੀ ਟ੍ਹੋਲ਼ਦਾ ਫਿਰਦਾਂ!! ਓ ਭਾਈ ਮੈਂ ਤਾਂ ਤੇਰਾ ਸ਼ੁਕਰਗੁਜ਼ਾਰ ਹਾਂ—ਤੇਰਾ ਧੰਨਵਾਦ ਕਰਨ ਲਈ ਤੈਂਨੂੰ ਲੱਭਦਾ ਫਿਰਦਾਂ---ਤੂੰ ਮੈਂਨੁੰ ਬਚਾਅ ਲਿਆ ਗੁਰਮੁਖਾ--- ਉਹ ਬੰਦਾ ਤਾਂ ਸੱਚ ਮੁੱਚ ਖਤਰਨਾਕ ਨਿਕਲ਼ਿਆ। ਮੈਂ ਉਸਨੂੰ ਡਿਸਮਿਸ ਕਰਕੇ ਤੈਂਨੁੰ ਦੱਸਣ ਆਇਆਂ!!!"
ਕੁੱਝ ਹੀ ਦਿਨਾਂ ਪਿੱਛੋਂ ਇੱਕ ਹੋਰ ਅਜੀਬ ਘਟਨਾ ਵਾਪਰ ਗਈ। ਜਿਸਨੂੰ ਪੜ੍ਹ ਕੇ ਕਿਸੇ ਨੂੰ ਤਾਂ ਕੀ ਯਕੀਨ ਆਉਣੈ ! ਮੈਂਨੂੰ ਖੁਦ ਨੂੰ ਅੱਜ ਤੱਕ ਵਿਸ਼ਵਾਸ਼ ਨਹੀਂ ਹੋ ਰਿਹਾ !! ਲੇਕਿਨ ਬੇ ਯਕੀਨੀ ਕਿਵੇਂ ਕਰਾਂ ? ਕਿਉਂ ਕਿ ਮੇਰੇ ਨਾਲ਼ ਤੇ ਮੇਰੇ ਸਾਹਮਣੇ ਉਹ ਵਾਕਿਆ ਹੋਇਆ। ਗੱਲ ਇਉਂ ਹੋਈ ਕਿ ਉਨਾਂ੍ਹ ਦਿਨਾਂ ਵਿੱਚ ਸੀਮੈਂਟ ਦੀ ਸਖਤ ਕਿੱਲਤ ਚੱਲ ਰਹੀ ਸੀ। ਸੀਮੈਂਟ ਦੇ ਕੰਟਰੋਲ ਅਤੇ ਵੰਡ ਵੰਡਾਈ ਦੀ ਸਾਰੀ ਜ਼ਿੰਮੇਂਵਾਰੀ ਜ਼ਿਲ੍ਹੇ ਦਾ ਡੀ.ਸੀ. ਦੀ ਹੁੰਦੀ ਸੀ ।
ਉਸ ਦੇ ਹੁਕਮ ਮੁਤਾਬਿਕ ਹੀ ਜ਼ਿਲ੍ਹਾ ਖੁਰਾਕ ਅਫਸਰ ਪ੍ਰਮਿਟ ਜਾਰੀ ਕਰਦਾ ਸੀ। ਮੈਂ ਹਫਤੇ ਵਿੱਚ ਇੱਕ ਦਿਨ ਸੀਮੈਂਟ ਵੰਡਣ ਵਾਸਤੇ ਖੁੱਲ੍ਹਾ ਦਰਬਾਰ ਲਗਾਇਆ ਕਰਦਾ ਸਾਂ। ਲੋੜ ਮੁਤਾਬਿਕ ਹਰੇਕ ਨੂੰ ਵੱਧ ਤੋਂ ਪੰਜ ਬੋਰੀਆਂ ਹੀ ਦਿੱਤੀਆਂ ਜਾਂਦੀਆਂ ਸਨ।
ਅਜਿਹੇ ਹੀ ਇੱਕ ਮੌਕੇ ਮੈਂ ਹਰ ਬਿਨੈਕਾਰ ਨੂੰ ਦੇਖ ਕੇ ਅਤੇ ਪੁੱਛ-ਪੜਤਾਲ਼ ਕਰ ਕੇ ਪਰਮਿਟਾਂ ਉਤੇ ਦਸਖਤ ਕਰੀ ਜਾ ਰਿਹਾ ਸਾਂ। ਮੇਰੇ ਕੋਲ਼ ਬੈਠੇ ਸਨ ਜਗਰਾਉਂ ਦੇ ਤਤਕਾਲੀ ਅੇਸ. ਡੀ. ਐਮ. ਗਿਆਨੀ ਜਤਿੰਦਰ ਸਿੰਘ ਜੀ। ਬਾਹਰ ਬਿਨੈਕਾਰਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ।ਇੱਕ ਇੱਕ ਜਣਾ ਵਾਰੀ ਸਿਰ ਸਾਡੇ ਸਾਹਮਣੇ ਪੇਸ਼ ਹੋ ਕੇ ਅਰਜ਼ੀਆਂ ਦੇਈ ਜਾ ਰਹੇ ਸਨ। ਇੰਨੇਂ ਨੂੰ ਇੱਕ ਪੇਂਡੂ ਬਜ਼ੁਰਗ ਮਾਤਾ ਹੱਥ ਵਿੱਚ ਅਰਜ਼ੀ ਫੜੀ ਕਮਰੇ 'ਚ ਦਾਖਿਲ ਹੋਈ। ਉਸ ਮਾਈ 'ਤੇ ਨਜ਼ਰ ਪੈਂਦਿਆਂ ਸਾਰ ਐਸ.ਡੀ.ਐਮ. ਜਤਿੰਦਰ ਸਿੰਘ ਇੱਕ ਦਮ ਕੁਰਸੀ ਛੱਡ ਕੇ ਖੜ੍ਹੇ ਹੋ ਗਏ! ਹੱਥ ਜੋੜ ਕੇ ਕਹਿੰਦੇ-
" ਓ-------ਮਾਤਾ ਜੀ ਤੁਸੀਂ ?---ਤੁਸੀਂ ਕਿਉਂ ਆਏ ?---ਤੁਸੀਂ ਮੈਨੂੰ ਹੁਕਮ ਕਰਦੇ!"
ਮੇਰੇ ਚਿਹਰੇ ਤੇ ਫੈਲੀ ਪ੍ਰਸ਼ਨ-ਭਰੀ ਤੱਕਣੀ ਭਾਂਪ ਕੇ ਗਿਆਨੀ ਜੀ ਮੈਨੂੰ ਦੱਸਣ ਲੱਗੇ—
"---ਸਰ ਇਹ ਮਾਤਾ ਜੀ ਹਨ---ਆਪਣੇ ਮੰਤਰੀ ਜੀ ਤਲਵੰਡੀ ਸਾਹਿਬ ਦੇ ਘਰੋਂ!" ਸੁਣ ਕੇ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ! ਮੈਂ ਵੀ ਉੱਠ ਕੇ ਹੱਥ ਜੋੜਦਿਆਂ ਮਾਤਾ ਜੀ ਨੂੰ ਫਤਹਿ ਬੁਲਾਈ। ਉਨ੍ਹਾਂ ਨੂੰ ਕੁਰਸੀ 'ਤੇ ਬਿਠਾ ਕੇ ਮੈਂ ਐਸ. ਡੀ. ਐਮ. ਨੂੰ ਕਿਹਾ-"ਜਤਿੰਦਰ ਸਿੰਘ , ਇਹ ਬਹੁਤ ਜ਼ਿਆਦਤੀ ਹੈ। ਏਡੀ ਵੱਡੀ ਗਲਤੀ ਕਿਵੇਂ ਹੋ ਗਈ ?" ਪਰ ਉਸ ਮਾਤਾ ਨੇ ਮੈਂਨੂੰ ਸ਼ਾਂਤ ਚਿੱਤ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਦੀ ਮੁਰੰਮਤ ਵਾਸਤੇ ਪੰਜ ਬੋਰੀਆਂ ਸੀਮੈਂਟ ਦੀਆਂ ਲੈਣ ਆਈ ਹੈ। "ਪਰ ਮਾਂ ਜੀ ਤੁਸੀਂ ਆਪ ਕਾਹਨੂੰ ਤਕਲੀਫ ਕੀਤੀ --- ਸਾਨੂੰ ਸੁਨੇਹਾ ਭੇਜਦੇ ?" ਸਾਡਾ ਇਹ ਸਵਾਲ ਸੁਣ ਕੇ ਸ਼ਾਂਤ-ਚਿੱਤ ਮਾਤਾ ਜੀ ਨੇ ਜੋ ਦੱਸਿਆ , ਉਹ ਮੈਂਨੂੰ ਕੱਲ੍ਹ ਦੀਆਂ ਗੱਲਾਂ ਵਾਂਗ ਯਾਦ ਹੈ-
"ਵੇ ਪੁੱਤ---" ਸਿਰ 'ਤੇ ਦੁਪੱਟਾ ਸਵਾਰ ਕੇ ਚਸ਼ਮਦੀਦ ਗਵਾਹੀ ਦੇਣ ਵਾਂਗ ਮਾਤਾ ਜੀ ਨੇ ਆਪਣੇ ' ਮੰਤਰੀ ਪਤੀ' ਦੀਆਂ 'ਸਿਫਤਾਂ ਕਰਨ ਲੱਗ ਪਈ—"ਤੇਰਾ ਉਹ 'ਜਥੇਦਾਰ' ਤਾਂ ਹੈ ਈ ਇਹੋ ਜਿਹਾ ! ਮੇਰੀ ਤਾਂ ਕਦੀ ਸੁਣਦਾ ਈ ਨਈਂ । ਬਰਸਾਤ ਸਿਰ 'ਤੇ ਆਈ ਖੜ੍ਹੀ ਐ, ਕੋਠੇ ਢਹਿਣ ਵਾਲ਼ੇ ਹੋਏ ਪਏ ਐ । ਮੈਂ ਕਿਹਾ ਤੂੰ ਕੋਈ ਵੀਹ-ਪੱਚੀ ਬੋਰੀਆਂ ਸੀਮੈਂਟ ਤਾਂ ਲਿਆਦੇ ਕਿਸੇ ਐਸ.ਡੀ.ਓ. ਨੂੰ ਕਹਿ ਕੇ , ਤੇ ਉਹ ਅੱਗੋਂ ਮੈਂਨੂੰ ਖਾਣ ਨੂੰ ਪਿਆ! ਅਖੇ, ਮੈਂ ਨਹੀਂ ਕਹਿਣਾ ਕਿਸੇ ਅਫਸਰ ਨੂੰ, ਮੈਂ ਨਹੀਂ ਮੰਗਣਾ ਕਿਸੇ ਕੋਲ਼ੋਂ ਸੀਮੈਂਟ –ਤੇ ਖਬਰਦਾਰ !ਜੇ ਤੂੰ ਵੀ ਕਿਸੇ ਨੂੰ ਕੁੱਝ ਕਿਹਾ ਜਾਂ ਮੇਰਾ ਕਿਤੇ ਨਾਮ ਲਿਆ !!---ਕਤਾਰ ਵਿੱਚ ਲੱਗ ਜਾਈਂ ਜਾ ਕੇ, ਜਿੰਨਾ ਉਹ ਦਿੰਦੇ ਐ, ਲੈ ਆ---ਆਪੇ ਜਾ ਕੇ ਲਿਆ ਸਕਦੀ ਐਂ ਤਾਂ ਲੈ ਆ--!!!"
ਮੈਂਨੂੰ ਇਹ ਵੀ ਪੱਕੀ ਤਰ੍ਹਾਂ ਯਾਦ ਹੈ ਕਿ ਇਹ ਗੱਲਾਂ ਕਰਦਿਆਂ ਉਸ ਮਾਤਾ ਦੇ ਚਿਹਰੇ ਉੱਪਰ ਕਿਸੇ ਤਰਾਂ੍ਹ ਦੀ ਪ੍ਰੇਸ਼ਾਨੀ, ਸ਼ਰਮਿੰਦਗੀ ਜਾਂ ਪਛਤਾਵੇ ਦੇ ਹਾਵ-ਭਾਵ ਬਿਲਕੁਲ ਨਹੀਂ ਸਨ। ਕੋਈ ਅਣਕਿਆਸਿਆ ਤੇ ਅਚੰਭਿਤ ਦ੍ਰਿਸ਼ ਅਚਾਨਕ ਦਿਸ ਪੈਣ ਵਾਂਗ , ਮੈਂਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਸੀ ਆ ਰਿਹਾ ! ਕਿ ਜਿਸਦੇ ਪਤੀ ਦੇ ਇੱਕ ਇਸ਼ਾਰੇ 'ਤੇ ਸੀਮੈਂਟ ਦੀਆਂ ਬੋਰੀਆਂ ਤਾਂ ਕੀ, ਟਰੱਕਾਂ ਦੇ ਟਰੱਕ ਘਰੇ ਆ ਸਕਦੇ ਨੇ, ਉਹ ਅੱਜ ਕਤਾਰ 'ਚ ਲੱਗ ਕੇ ਪੰਜ ਬੋਰੀਆਂ ਮੰਗਣ ਆਈ ਹੈ?

No comments:

Post a Comment