ਦ੍ਰਿਸ਼ਟੀਕੋਣ (77)-ਜਤਿੰਦਰ ਪਨੂੰ

ਕ੍ਰਿਕਟ ਤੇ ਕਾਰਪੋਰੇਟ ਘਰਾਣਿਆਂ ਦੇ ਕੁਚੱਕਰ ਵਿੱਚ ਉਲਝ ਗਿਆ ਹੈ ਕੰਗਾਲੀ ਦਾ ਮਾਰਿਆ ਮੁਲਕ
ਸੁਰੇਸ਼ ਕਲਮਾਡੀ ਕਾਂਗਰਸ ਪਾਰਟੀ ਦਾ ਪਾਰਲੀਮੈਂਟ ਮੈਂਬਰ ਹੋਣ ਦੇ ਨਾਲ-ਨਾਲ ਕਾਮਨਵੈੱਲਥ ਖੇਡਾਂ ਕਰਾਉਣ ਵਾਲੀ ਕਮੇਟੀ ਦਾ ਮੁਖੀ ਹੁੰਦਾ ਸੀ। ਮਣੀ ਸ਼ੰਕਰ ਅਈਅਰ ਵੀ ਕਾਂਗਰਸ ਪਾਰਟੀ ਦਾ ਪਾਰਲੀਮੈਂਟ ਮੈਂਬਰ ਸੀ। ਖੇਡਾਂ ਦੇ ਨੇੜੇ ਆਉਣ ਉੱਤੇ ਵੀ ਜਦੋਂ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹਰ ਹੋਰ ਮਸਲੇ ਵਾਂਗ ਚੁੱਪ ਰਹਿ ਕੇ ਸਾਰਿਆਂ ਨੂੰ ਖੁਸ਼ ਰੱਖਣ ਦਾ ਯਤਨ ਕਰ ਰਿਹਾ ਸੀ, ਓਦੋਂ ਮਣੀ ਸ਼ੰਕਰ ਅਈਅਰ ਨੇ ਪਾਰਲੀਮੈਂਟ ਵਿੱਚ ਕਹਿ ਦਿੱਤਾ ਸੀ ਕਿ ਕਾਮਨਵੈੱਲਥ ਖੇਡਾਂ ਵਿੱਚ ਜਿੰਨੀ ਭ੍ਰਿਸ਼ਟਾਚਾਰ ਦੀ ਬਦਬੂ ਫੈਲ ਗਈ ਹੈ, ਜੇ ਇਹ ਫੇਲ੍ਹ ਹੋ ਜਾਣ ਤਾਂ ਬੜੀ ਖੁਸ਼ੀ ਦੀ ਗੱਲ ਹੋਵੇਗੀ, ਤਾਂ ਕਿ ਅੱਗੇ ਲਈ ਇਸ ਦੇਸ਼ ਦੇ ਲੋਕਾਂ ਨੂੰ ਸਬਕ ਮਿਲ ਜਾਵੇ। ਬਹੁਤ ਸਾਰੇ ਲੋਕਾਂ ਨੂੰ ਉਸ ਦਾ ਇਹ ਕਹਿਣਾ ਰੜਕਿਆ ਸੀ, ਕਈ ਪਿੱਟਣ ਵੀ ਲੱਗ ਪਏ, ਪਰ ਉਹ ਆਪਣੀ ਗੱਲ ਉੱਤੇ ਅੜਿਆ ਰਿਹਾ ਤੇ ਅੰਤ ਨੂੰ ਰੌਲਾ ਵਧਣ ਪਿੱਛੋਂ ਪ੍ਰਧਾਨ ਮੰਤਰੀ ਨੂੰ ਪ੍ਰਬੰਧ ਦੀ ਕਮਾਨ ਆਪਣੇ ਹੱਥ ਲੈਣੀ ਪਈ ਸੀ। ਖੇਡਾਂ ਮੁੱਕਣ ਪਿੱਛੋਂ ਪ੍ਰਬੰਧਕੀ ਕਮੇਟੀ ਦਾ ਮੁਖੀ ਸੁਰੇਸ਼ ਕਲਮਾਡੀ ਹੱਥਕੜੀ ਲਾ ਕੇ ਜੇਲ੍ਹ ਨੂੰ ਤੋਰਨਾ ਪਿਆ ਸੀ। ਜੇ ਮਣੀ ਸ਼ੰਕਰ ਦੀ ਦੁਹਾਈ ਪਹਿਲਾਂ ਸੁਣੀ ਹੁੰਦੀ ਤਾਂ ਇਹ ਨੌਬਤ ਨਹੀਂ ਸੀ ਆਉਣੀ। ਹੁਣ ਇਹੋ ਕੁਝ ਆਈ ਪੀ ਐੱਲ ਕ੍ਰਿਕਟ ਬਾਰੇ ਕਿਹਾ ਜਾ ਰਿਹਾ ਹੈ।
ਕ੍ਰਿਕਟ ਦੇ ਕੁਝ ਪੁਰਾਣੇ ਪ੍ਰਸੰਸਕ ਹੁਣ ਆਈ ਪੀ ਐੱਲ ਕ੍ਰਿਕਟ ਨੂੰ 'ਕ੍ਰਿਕਟ ਦੀ ਖੇਡ ਦਾ ਹਰਾਮੀ ਬੱਚਾ' ਆਖਦੇ ਹਨ। ਇਸ ਦੀ ਸ਼ੁਰੂਆਤ ਦੇ ਦਿਨੋਂ ਹੀ ਇਸ ਦੇ ਵਿਵਾਦ ਮੁੱਕ ਨਹੀਂ ਸਕੇ। ਪਹਿਲੀ ਲੜੀ ਖੇਡਣ ਵੇਲੇ ਹੀ ਪੈਸਿਆਂ ਦਾ ਝਗੜਾ ਪੈਣ ਲੱਗ ਪਿਆ ਸੀ। ਲਲਿਤ ਮੋਦੀ ਨਾਂਅ ਦਾ ਗਲਤ ਬੰਦਾ ਸਰਬ ਸੰਮਤੀ ਨਾਲ ਨੇਤਾ ਬਣਾ ਲਿਆ ਤੇ ਉਸ ਦਾ ਪਿਛੋਕੜ ਵੀ ਨਾ ਵੇਖਿਆ ਕਿ ਸਕੂਲੀ ਦਿਨਾਂ ਤੋਂ ਉਹ ਹਿਸਟਰੀ-ਸ਼ੀਟਰ ਹੈ। ਕ੍ਰਿਕਟ ਮੈਦਾਨ ਵਿੱਚ ਉਹ ਇੰਜ ਤੁਰਦਾ ਹੁੰਦਾ ਸੀ, ਜਿਵੇਂ ਫੌਜ ਦਾ ਕੋਈ ਕਮਾਂਡਰ ਪਰੇਡ ਦਾ ਮੁਆਇਨਾ ਕਰਨ ਤੁਰਿਆ ਜਾਂਦਾ ਹੋਵੇ। ਜੁਰਅੱਤ ਉਸ ਦੀ ਏਨੀ ਸੀ ਕਿ ਮੌਕੇ ਦੇ ਮੰਤਰੀਆਂ ਨੂੰ ਵੀ ਅੰਗੂਠਾ ਵਿਖਾਉਣ ਲੱਗ ਪਿਆ। ਅੰਦਰੋਂ ਕਾਣੇ ਹੋਣ ਕਰ ਕੇ ਮੰਤਰੀ ਉਸ ਦੀ ਜੁਰਅੱਤ ਦੇ ਮੂਹਰੇ ਨੀਵੀਂ ਪਾਉਣ ਲੱਗ ਪਏ ਤੇ ਜਿਹੜਾ ਇੱਕ ਸਿਰ ਚੁੱਕਣ ਲੱਗਾ, ਉਸ ਦੀ ਕਮਜ਼ੋਰੀ ਵਰਤ ਕੇ ਮੱਖਣ ਵਿੱਚੋਂ ਵਾਲ਼ ਵਾਂਗ ਕੱਢ ਕੇ ਖੇਡ ਵਿੱਚੋਂ ਵੀ ਬਾਹਰ ਕਰ ਦਿੱਤਾ ਅਤੇ ਵਜ਼ੀਰੀ ਵੀ ਉਸ ਦੀ ਜਾਂਦੀ ਰਹੀ ਸੀ। ਖੇਡਾਂ ਦੇ ਖੇਤਰ ਦੇ ਲੋਕ ਆਖਦੇ ਸਨ ਕਿ ਲਲਿਤ ਮੋਦੀ ਦੇ ਚੱਟੇ ਤਾਂ ਰੁੱਖ ਵੀ ਹਰੇ ਨਹੀਂ ਹੁੰਦੇ। ਸ਼ਸ਼ੀ ਥਰੂਰ ਨਾਂਅ ਦਾ ਉਹ ਮੰਤਰੀ ਸ਼ੱਕੀ ਬਣ ਕੇ ਰਾਜਨੀਤੀ ਦੇ ਪਿਛਵਾੜੇ ਜਾ ਕੇ ਏਦਾਂ ਗਵਾਚਾ ਕਿ ਅਜੇ ਤੱਕ ਕਿਤੇ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ। ਆਪ ਲਲਿਤ ਮੋਦੀ ਦਾ ਕੀ ਬਣਿਆ ਸੀ? "ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚੋਂ ਤੇਰਾ ਯਾਰ ਬੋਲਦਾ" ਵਾਂਗ ਲਲਿਤ ਮੋਦੀ ਆਪ ਨਹੀਂ ਸੀ ਬੋਲਦਾ, ਉਸ ਦੇ ਪਿੱਛੇ ਕਾਲੇ ਪੈਸੇ ਵਾਲੇ ਵਪਾਰੀਆਂ ਦੀ ਪੂਰੀ ਧਾੜ ਬੋਲਦੀ ਸੀ, ਜਿਸ ਨੇ ਉਸ ਨੂੰ ਓਨੀ ਦੇਰ ਵਰਤਿਆ, ਜਦੋਂ ਤੱਕ ਵਰਤ ਸਕਦੇ ਸਨ ਤੇ ਫਿਰ ਬਾਹਰ ਭਜਾ ਦਿੱਤਾ ਕਿ ਕੋਈ ਰਾਹ ਲੱਭ ਕੇ ਮੋੜ ਲਿਆਵਾਂਗੇ। ਦੂਜਿਆਂ ਨੂੰ ਵਰਤਣ ਵਾਲਾ ਮੋਦੀ ਅੱਜ ਖੁਦ ਨੂੰ ਵਰਤਿਆ ਗਿਆ ਮੰਨਦਾ ਤੇ ਵਿਦੇਸ਼ ਵਿੱਚ ਬੈਠਾ ਕਿਸਮਤ ਨੂੰ ਕੋਸਦਾ ਹੈ, ਪਰ ਉਸ ਦੀ ਥਾਂ ਜਿਹੜੇ ਹੋਰ ਅੱਗੇ ਕੀਤੇ, ਮੋਦੀ ਦੇ ਹਸ਼ਰ ਤੋਂ ਸਿੱਖਣ ਦੀ ਥਾਂ ਓਸੇ ਵਾਂਗ ਵੱਡੇ ਮਾਇਆਧਾਰੀਆਂ ਦੇ ਪਿਆਦੇ ਬਣ ਬੈਠੇ ਹਨ। ਕੁਝ ਚਿਰ ਠਹਿਰ ਕੇ ਇਹ ਵੀ ਭੁਗਤਣਗੇ।
ਆਈ ਪੀ ਐੱਲ ਕ੍ਰਿਕਟ ਦੀ ਖੇਡ ਤੋਂ ਪਹਿਲਾਂ ਇਹ ਸਮਝ ਲਈਏ ਕਿ ਇਸ ਵਕਤ ਸੰਸਾਰ ਭਰ ਦੀਆਂ ਖੇਡਾਂ ਵਿੱਚੋਂ ਸ਼ਾਇਦ ਸਭ ਤੋਂ ਵੱਧ ਬਦਨਾਮ ਖੇਡ ਕ੍ਰਿਕਟ ਦੀ ਹੈ। ਇਸ ਵਿੱਚ ਬਦਨਾਮੀ ਭਾਰਤ ਨੇ ਵੀ ਚੋਖੀ ਖੱਟੀ ਹੋਈ ਹੈ, ਪਰ ਜਿਨ੍ਹਾਂ ਦੇ ਕਾਰਨ ਕਾਲਖ ਪੱਲੇ ਪਵਾਈ, ਉਨ੍ਹਾਂ ਦਾ ਬਹੁਤਾ ਕੁਝ ਵਿਗੜਿਆ ਨਹੀਂ। ਜਿਹੜੇ ਪੰਜ ਖਿਡਾਰੀ ਪਿਛਲੇ ਦਿਨਾਂ ਵਿੱਚ ਟੀ ਵੀ ਸਕਰੀਨਾਂ ਉੱਤੇ ਇਸ ਖੇਡ ਦਾ ਸਾਰਾ ਕਾਲਾ ਸੱਚ ਆਰਾਮ ਨਾਲ ਦੱਸਦੇ ਵੇਖੇ ਗਏ ਸਨ, ਉਨ੍ਹਾਂ ਦਾ ਵੀ ਅਗਲੇ ਦਿਨਾਂ ਵਿੱਚ ਪਾਰ-ਉਤਾਰਾ ਹੋ ਜਾਣਾ ਹੈ। ਈਮਾਨਦਾਰੀ ਦੇ ਪੱਖ ਤੋਂ ਜਿਹੜਾ ਭਾਰਤ ਦੇਸ਼ ਸੰਸਾਰ ਦੇ ਦੇਸ਼ਾਂ ਵਿੱਚ ਇਸ ਵੇਲੇ ਇਕਾਨਵੇਂ ਨੰਬਰ ਉੱਤੇ ਖੜਾ ਹੈ, ਉਸ ਵਿੱਚ ਪੈਸਾ ਹੋਣਾ ਚਾਹੀਦਾ ਹੈ, ਸਾਰੇ ਐਬ ਢੱਕੇ ਜਾਂਦੇ ਹਨ।
ਅਸੀਂ ਉਨ੍ਹਾਂ ਦਿਨਾਂ ਨੂੰ ਯਾਦ ਕਰੀਏ, ਜਦੋਂ 1995 ਦਾ ਸੰਸਾਰ ਕੱਪ ਹੋਇਆ ਸੀ ਤੇ ਕਲਕੱਤੇ ਵਿੱਚ ਭਾਰਤ ਦੀ ਟੀਮ ਸੈਮੀ ਫਾਈਨਲ ਵਿੱਚ ਸ੍ਰੀਲੰਕਾ ਤੋਂ ਜਿੱਤੀ ਪਈ ਸਮਝੀ ਜਾਂਦੀ ਸੀ, ਪਰ ਬੁਰੀ ਤਰ੍ਹਾਂ ਹਾਰ ਗਈ ਸੀ। ਟਾਸ ਜਿੱਤਣ ਵੇਲੇ ਹੀ ਰੌਲਾ ਪੈ ਗਿਆ ਸੀ ਕਿ ਮੈਚ ਜਿੱਤਿਆ ਨਹੀਂ ਜਾਣਾ, ਕਿਉਂਕਿ ਭਾਰਤੀ ਕਪਤਾਨ ਅਜ਼ਹਰੂਦੀਨ ਨੇ ਬੱਲੇਬਾਜ਼ੀ ਨਾ ਚੁਣ ਕੇ ਗੇਂਦਬਾਜ਼ੀ ਨੂੰ ਚੁਣ ਲਿਆ ਹੈ। ਹੋਇਆ ਵੀ ਇਹੋ ਸੀ। ਅਗਲੇ ਦਿਨ ਤੱਕ ਓਸੇ ਅਜ਼ਹਰੂਦੀਨ ਦੇ ਖਿਲਾਫ ਲੋਕ ਇਹ ਕਹੀ ਜਾਣ ਕਿ ਉਸ ਨੇ ਬੇੜਾ ਗਰਕ ਕਰ ਦਿੱਤਾ ਹੈ, ਜਿਸ ਨੂੰ ਹਾਲੇ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਖਿਲਾਫ ਕੁਆਰਟਰ ਫਾਈਨਲ ਜਿੱਤਣ ਕਰ ਕੇ ਉਹ ਆਪਣਾ ਹੀਰੋ ਬਣਾਈ ਫਿਰਦੇ ਸਨ। ਬਾਲ ਠਾਕਰੇ ਵਰਗੇ ਬੰਦੇ ਨੇ ਵੀ ਪਾਕਿਸਤਾਨ ਵਿਰੁੱਧ ਜਿੱਤ ਲਈ ਅਜ਼ਹਰੂਦੀਨ ਦੇ ਮੁਸਲਮਾਨ ਹੋਣ ਦੇ ਬਾਵਜੂਦ ਇਹ ਲਿਖ ਦਿੱਤਾ ਸੀ ਕਿ ਉਸ ਨੇ 'ਧਰਮ ਦੀ ਜੰਗ ਜਿੱਤੀ ਹੈ'। ਕਲਕੱਤੇ ਦੀ ਹਾਰ ਨੇ ਉਸ ਉੱਤੇ ਦੂਸ਼ਣਾਂ ਦੀ ਝੜੀ ਲੱਗਵਾ ਦਿੱਤੀ। ਦੱਬੀ ਜ਼ਬਾਨ ਵਿੱਚ ਇਹ ਚਰਚਾ ਵੀ ਹੋਣ ਲੱਗ ਪਈ ਕਿ ਏਦਾਂ ਦੀ ਹਾਰ-ਜਿੱਤ ਪਿੱਛੇ ਸੱਟਾ ਲਾਉਣ ਵਾਲਿਆਂ ਦਾ ਦਿਮਾਗ ਕੰਮ ਕਰਦਾ ਹੈ, ਕਿਉਂਕਿ ਉਨ੍ਹਾਂ ਦੀ ਕਮਾਈ ਸਿਰਫ ਓਦੋਂ ਵਧਦੀ ਹੈ, ਜਦੋਂ ਅਣਹੋਣੀ ਵਾਪਰ ਜਾਵੇ। ਸ੍ਰੀਲੰਕਾ ਦਾ ਹਾਰਨਾ ਆਮ ਗੱਲ ਹੋ ਜਾਣੀ ਸੀ ਤੇ ਕਮਾਈ ਨਹੀਂ ਸੀ ਵਧਣੀ, ਸਭ ਨੇ ਭਾਰਤ ਦੀ ਜਿੱਤ ਦੇ ਦਾਅ ਲਾਏ ਹੋਏ ਸਨ, ਪਰ ਭਾਰਤ ਦੀ ਹਾਰ ਕਿਸੇ ਨੇ ਸੋਚੀ ਨਹੀਂ ਸੀ, ਇਸ ਕਰ ਕੇ ਉਸ ਦੀ ਹਾਰ ਨੇ ਸੱਟਾ ਬਾਜ਼ਾਰ ਵਾਲਿਆਂ ਨੂੰ ਮਾਲਾ-ਮਾਲ ਕਰ ਦੇਣਾ ਸੀ।
ਜਿਹੜੀ ਗੱਲ ਓਦੋਂ ਨਾ ਆਖੀ ਗਈ, ਉਹ ਕੁਝ ਸਾਲ ਬਾਅਦ ਕਿਸੇ ਹੋਰ ਪਾਸੇ ਤੋਂ ਆ ਗਈ ਕਿ ਅਜ਼ਹਰੂਦੀਨ ਵੀ ਸੱਟੇ ਵਾਲਿਆਂ ਨਾਲ ਸੌਦੇ ਮਾਰ ਕੇ ਮੈਚ ਫਿਕਸਿੰਗ ਕਰਨ ਵਿੱਚ ਸ਼ਾਮਲ ਹੈ। ਉਸ ਮੈਚ ਫਿਕਸਿੰਗ ਲਈ ਦੱਖਣੀ ਅਫਰੀਕਾ ਦਾ ਕ੍ਰਿਕਟ ਕੈਪਟਨ ਹੈਂਸੀ ਕਰੋਨੀਏ, ਜਿਹੜਾ ਉਸ ਵਕਤ ਸੰਸਾਰ ਦਾ ਸਭ ਤੋਂ ਵੱਧ ਨਾਮਣੇ ਵਾਲਾ ਖਿਡਾਰੀ ਸੀ, ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਕੇ ਵੀ ਇਹ ਜ਼ਾਹਰ ਕਰ ਗਿਆ ਕਿ ਉਸ ਨੇ ਗਲਤੀ ਕੀਤੀ ਹੈ, ਪਰ ਉਸ ਦੀ ਜ਼ਮੀਰ ਹਾਲੇ ਨਹੀਂ ਮਰੀ। ਸਾਡੇ ਭਾਰਤ ਦਾ ਕਪਤਾਨ ਅਜ਼ਹਰੂਦੀਨ ਮੰਨਿਆ ਹੀ ਨਹੀਂ ਸੀ। ਉਸ ਨਾਲ ਫਸਣ ਵਾਲਾ ਦੂਸਰਾ ਵੀ ਨਹੀਂ ਸੀ ਮੰਨਿਆ, ਪਰ ਸਾਰਾ ਕੁਝ ਸਾਫ ਹੋ ਜਾਣ ਪਿੱਛੋਂ ਦੋਵਾਂ ਨੂੰ ਖੇਡ ਦੇ ਮੈਦਾਨ ਵਿੱਚੋਂ ਬਾਹਰ ਕਰ ਦਿੱਤਾ ਗਿਆ। ਜਿਸ ਬੰਦੇ ਨੇ ਏਨੀ ਲਾਹਨਤ ਖੱਟ ਲਈ ਸੀ, ਉਸ ਨਾਲ ਫਿਰ ਕਿਸੇ ਨੂੰ ਕੋਈ ਹੇਜ ਨਹੀਂ ਸੀ ਹੋਣਾ ਚਾਹੀਦਾ, ਪਰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੇ ਉਸ ਨੂੰ ਟਿਕਟ ਦੇ ਕੇ ਪਾਰਲੀਮੈਂਟ ਦਾ ਮਾਣਯੋਗ ਮੈਂਬਰ ਬਣਾ ਦਿੱਤਾ। ਉਸ ਦਾ ਦੂਸਰਾ ਸਾਥੀ ਅੱਜ ਕੱਲ੍ਹ ਟੀ ਵੀ ਸਕਰੀਨਾਂ ਉੱਤੇ ਆ ਕੇ ਲੋਕਾਂ ਨੂੰ ਇਹ ਦੱਸਦਾ ਹੈ ਕਿ ਫਲਾਣਾ ਖਿਡਾਰੀ ਸੱਟੇ ਵਾਲਿਆਂ ਨਾਲ ਮਿਲਿਆ ਹੋ ਸਕਦਾ ਹੈ ਤੇ ਫਲਾਣਾ ਨਹੀ, ਪਰ ਆਪਣੇ ਬਾਰੇ ਕਦੇ ਕੁਝ ਨਹੀਂ ਬੋਲਦਾ।
ਜਿਹੜੇ ਕਲਕੱਤੇ ਵਾਲੇ ਮੈਚ ਦੀ ਅਸੀਂ ਉੱਪਰ ਗੱਲ ਕੀਤੀ ਹੈ ਕਿ ਜਿੱਤਿਆ ਜਾਪਦਾ ਵੀ ਹਰਾ ਦਿੱਤਾ ਸੀ, ਉਸ ਬਾਰੇ ਅਜ਼ਹਰੂਦੀਨ ਦੇ ਪਾਰਲੀਮੈਂਟ ਮੈਂਬਰ ਬਣਨ ਪਿੱਛੋਂ ਵਿਨੋਦ ਕਾਂਬਲੀ ਬੋਲਿਆ। ਉਸ ਨੇ ਕਿਹਾ ਕਿ ਕਲਕੱਤੇ ਵਿੱਚ ਟੀਮ ਦਾ ਫੈਸਲਾ ਸੀ ਕਿ ਜੇ ਟਾਸ ਜਿੱਤ ਜਾਈਏ ਤਾਂ ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ, ਕਿਉਂਕਿ ਰਾਤ ਨੂੰ ਤਰੇਲ ਨੇ ਖੇਡਣ ਨਹੀਂ ਦੇਣਾ, ਪਰ ਸਾਡੇ ਕਪਤਾਨ ਅਜ਼ਹਰੂਦੀਨ ਨੇ ਜਾ ਕੇ ਗੇਂਦਬਾਜ਼ੀ ਚੁਣ ਲਈ। ਅੱਧਾ ਮੈਚ ਅਸੀਂ ਓਦੋਂ ਹੀ ਹਾਰ ਗਏ ਸਾਂ। ਕਾਂਬਲੀ ਦੀ ਇਸ ਗੱਲ ਬਾਰੇ ਅਜ਼ਹਰੂਦੀਨ ਨੇ ਕਿਹਾ ਸੀ ਕਿ ਉਹ ਮਾਣ-ਹਾਨੀ ਦਾ ਕੇਸ ਕਰੇਗਾ, ਪਰ ਕੀਤਾ ਕਦੇ ਨਹੀਂ ਸੁਣਿਆ ਗਿਆ। ਹੁਣ ਨਵੇਂ ਅਜ਼ਹਰੂਦੀਨ ਜੰਮਣ ਲੱਗ ਪਏ ਹਨ।
ਪਿਛਲੇ ਦਿਨੀਂ ਜਿਹੜੇ ਪੰਜ ਮੁੰਡੇ ਇਸ ਖੇਡ ਦੀ ਸੱਟੇਬਾਜ਼ੀ ਕਰਦੇ ਫਸ ਗਏ, ਉਨ੍ਹਾਂ ਨੇ ਇੱਕ ਗੱਲ ਬਹੁਤ ਠੋਕ ਕੇ ਆਖੀ ਕਿ ਉਨ੍ਹਾਂ ਨੂੰ ਟੀਮਾਂ ਦੇ ਮਾਲਕ ਜ਼ਾਹਰਾ ਬੋਲੀ ਦੇ ਹਿਸਾਬ ਨਾਲ ਜਿੰਨਾ ਪੈਸਾ ਦੇਂਦੇ ਹਨ, ਉਹ ਜਾਇਜ਼ ਹੁੰਦਾ ਹੈ, ਪਰ ਉਸ ਤੋਂ ਤਿੱਗੁਣਾ-ਚੌਗੁਣਾ ਕਾਲਾ ਪੈਸਾ ਪਰਦੇ ਪਿੱਛੇ ਦਿੱਤਾ ਜਾਂਦਾ ਹੈ। ਆਈ ਪੀ ਐੱਲ ਕ੍ਰਿਕਟ ਦੇ ਪ੍ਰਬੰਧਕਾਂ ਨੇ ਉਨ੍ਹਾਂ ਮੁੰਡਿਆਂ ਨੂੰ ਸਸਪੈਂਡ ਕਰ ਦਿੱਤਾ, ਪਰ ਟੀਮਾਂ ਦੇ ਮਾਲਕਾਂ ਉੱਤੇ ਖਿਡਾਰੀਆਂ ਨੂੰ ਪਰਦੇ ਪਿੱਛੇ ਕਾਲੀ ਕਮਾਈ ਵਿੱਚੋਂ ਅਣ-ਐਲਾਨੇ ਪੈਸੇ ਦੇਣ ਦਾ ਜਿਹੜਾ ਦੋਸ਼ ਲੱਗਾ, ਉਸ ਬਾਰੇ ਕੋਈ ਪੁੱਛ-ਪੜਤਾਲ ਨਹੀਂ ਕੀਤੀ ਗਈ। ਕਾਰਨ ਸਾਫ ਹੈ ਕਿ ਉਹ ਪੁੱਛ-ਪੜਤਾਲ ਹੋਵੇ ਤਾਂ ਵਜ਼ਾਰਤੀ ਗਲਿਆਰਿਆਂ ਵਿੱਚ ਬੈਠਿਆਂ ਤੱਕ ਪਹੁੰਚ ਸਕਦੀ ਹੈ, ਜਿਹੜੇ ਤਨਖਾਹਾਂ ਤਾਂ ਸਰਕਾਰ ਤੋਂ ਆਪਣੇ ਵਿਭਾਗਾਂ ਦਾ ਕੰਮ ਵੇਖਣ ਲਈ ਲੈਂਦੇ ਹਨ, ਪਰ ਸਮਾਂ ਕ੍ਰਿਕਟ ਦੀ ਖੇਡ ਵੇਖਣ ਜਾਂ ਪਰਦੇ ਪਿੱਛੇ ਦੀਆਂ ਕੋਝੀਆਂ ਖੇਡਾਂ ਖੇਡਣ ਵਿੱਚ ਲਾਉਂਦੇ ਹਨ। ਸਿਰਫ ਮੰਤਰੀ ਹੀ ਇਸ ਪਾਸੇ ਲੱਗੇ ਹੋਏ ਨਹੀਂ ਸਮਝੇ ਜਾਣੇ ਚਾਹੀਦੇ, ਜਿਸ ਵਿਰੋਧੀ ਧਿਰ ਨੇ ਸਰਕਾਰ ਵਿਚਲੇ ਇਹੋ ਜਿਹੇ ਲੋਕਾਂ ਦੀ ਖਿਚਾਈ ਕਰਨੀ ਹੁੰਦੀ ਹੈ, ਰਾਜ ਸਭਾ ਦਾ ਉਸ ਵਿਰੋਧੀ ਧਿਰ ਦਾ ਆਗੂ ਵੀ ਕ੍ਰਿਕਟ ਕਮੇਟੀਆਂ ਨਾਲ ਜੁੜਿਆ ਹੋਇਆ ਹੈ। ਕਿਸੇ ਰਾਜ ਦਾ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਅਤੇ ਕਿਸੇ ਰਾਜ ਦੇ ਮੁੱਖ ਮੰਤਰੀ ਦਾ ਪੁੱਤਰ ਖੇਡ ਦੇ ਪਰਦੇ ਪਿੱਛੇ ਚੱਲਦੇ ਇਸ ਕਾਰੋਬਾਰ ਨਾਲ ਜੁੜਿਆ ਹੁੰਦਾ ਹੈ, ਜਿਹੜੇ ਰਾਜਨੀਤੀ ਵਿੱਚ ਲੜਦੇ ਹਨ, ਏਥੇ ਆਪੋ ਵਿੱਚ ਘਿਓ-ਖਿਚੜੀ ਨਜ਼ਰ ਆਉਂਦੇ ਹਨ।
ਕਿਹਾ ਜਾਂਦਾ ਹੈ ਕਿ ਇਸ ਖੇਡ ਵਿੱਚ ਸਭ ਤੋਂ ਵੱਧ ਘਾਲੇ-ਮਾਲੇ ਇਸ ਲਈ ਹੁੰਦੇ ਹਨ ਕਿ ਇਸ ਵਿੱਚ ਪੈਸੇ ਦੀ ਬਹੁਤਾਤ ਹੈ, ਪਰ ਪੈਸੇ ਦੀ ਬਹੁਤਾਤ ਸਿਰਫ ਏਸੇ ਖੇਡ ਵਿੱਚ ਕਿਉਂ ਹੋ ਗਈ ਹੈ? ਇਸ ਲਈ ਕਿ ਖਪਤਵਾਦ ਦੇ ਯੁੱਗ ਵਿੱਚ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਆਪਣਾ ਮਾਲ ਵੇਚਣਾ ਹੁੰਦਾ ਹੈ, ਉਨ੍ਹਾਂ ਦੀਆਂ ਵਪਾਰਕ ਲੋੜਾਂ ਹਰ ਹੋਰ ਖੇਡ ਤੋਂ ਵੱਧ ਕ੍ਰਿਕਟ ਪੂਰੀਆਂ ਕਰਦੀ ਹੈ। ਮਾਲ ਵੇਚਣ ਲਈ ਇਸ਼ਤਿਹਾਰਬਾਜ਼ੀ ਹੁੰਦੀ ਹੈ। ਇਸ਼ਤਿਹਾਰਬਾਜ਼ੀ ਲਈ ਫਿਲਮਾਂ ਦੀ ਕਿਸੇ ਕੁੜੀ ਨੂੰ ਵਰਤਿਆ ਜਾਵੇ ਜਾਂ ਕਿਸੇ ਸਾਨੀਆ ਮਿਰਜ਼ਾ ਵਰਗੀ ਹੋਰ ਖੇਡ ਦੀ ਖਿਡਾਰਨ ਨੂੰ, ਮਕਸਦ ਤਦੇ ਹੀ ਹੱਲ ਹੋਵੇਗਾ, ਜਦੋਂ ਦਰਸ਼ਕ ਉਸ ਨੂੰ ਆਰਾਮ ਨਾਲ ਬੈਠ ਕੇ ਵੇਖਣਗੇ। ਅਭਿਸ਼ੇਕ ਬੱਚਨ ਵਰਗੇ ਫਿਲਮਾਂ ਵਿੱਚ ਫਲਾਪ ਹੋ ਰਹੇ ਕਲਾਕਾਰ ਦੀ ਇਸ਼ਤਿਹਾਰਬਾਜ਼ੀ ਵੇਖਣ ਲਈ ਕਿਸੇ ਨੇ ਨਹੀਂ ਬੈਠਣਾ, ਉਸ ਮੌਕੇ ਲੋਕਾਂ ਨੂੰ ਬਿਠਾਈ ਰੱਖਣ ਦਾ ਬਹਾਨਾ ਚਾਹੀਦਾ ਹੈ ਤੇ ਉਹ ਬਹਾਨਾ ਕ੍ਰਿਕਟ ਸਭ ਤੋਂ ਵੱਧ ਬਣਦੀ ਹੈ। ਕੋਈ ਵੀ ਖੇਡ ਏਦਾਂ ਦੀ ਨਹੀਂ, ਜਿਹੜੀ ਦੋ ਘੰਟੇ ਤੋਂ ਵੱਧ ਲੋਕਾਂ ਨੂੰ ਟੀ ਵੀ ਸਕਰੀਨ ਮੂਹਰੇ ਬਿਠਾ ਸਕੇ, ਪਰ ਕ੍ਰਿਕਟ ਦਾ ਵੰਨ-ਡੇਅ ਮੈਚ ਪੂਰਾ ਦਿਨ ਉੱਠਣ ਨਹੀਂ ਦੇਂਦਾ। ਜਦੋਂ ਵੇਖਿਆ ਕਿ ਵਾਰ-ਵਾਰ ਵੰਨ-ਡੇਅ ਕਰਾਉਣੇ ਹਾਸੋਹੀਣੇ ਹਨ ਤਾਂ ਵਿਚਲਾ ਸਮਾਂ ਵਰਤਣ ਲਈ ਟਵੰਟੀ-ਟਵੰਟੀ ਕਰਵਾ ਲਏ ਤੇ ਉਸ ਵਿੱਚੋਂ ਬਚਿਆ ਸਮਾਂ ਵੱਖ-ਵੱਖ ਦੇਸ਼ਾਂ ਵਿੱਚ ਆਈ ਪੀ ਐੱਲ ਵਰਗੀਆਂ ਖੇਡ ਲੜੀਆਂ ਚਲਾਉਣ ਲਈ ਵਰਤ ਲਿਆ ਹੈ। ਮਕਸਦ ਤਾਂ ਲੋਕਾਂ ਨੂੰ ਟੀ ਵੀ ਮੂਹਰੇ ਨੂੜ ਕੇ ਬਿਠਾਈ ਰੱਖਣ ਦਾ ਹੈ।
ਕਾਰਪੋਰੇਟ ਘਰਾਣੇ ਏਦਾਂ ਦਾ ਮਕਸਦ ਪੂਰਾ ਕਰਨ ਲਈ ਕਿੱਥੋਂ ਤੱਕ ਜਾਂਦੇ ਹਨ, ਇਸ ਦੀ ਮਿਸਾਲ ਕੁਝ ਸਾਲ ਪਹਿਲਾਂ ਦੀਵਾਲੀ ਦੀ ਸ਼ਾਮ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਮੌਕੇ ਟੀ ਵੀ ਚੈਨਲਾਂ ਦੀ ਪੇਸ਼ਕਾਰੀ ਤੋਂ ਮਿਲ ਗਈ ਸੀ। ਅਸੀਂ ਪਾਠਕਾਂ ਨੂੰ ਯਾਦ ਕਰਵਾ ਦੇਈਏ ਕਿ ਉਸ ਸਾਲ ਦਿੱਲੀ ਵਿੱਚ ਜਦੋਂ ਸ਼ਾਮ ਨੂੰ ਧਮਾਕੇ ਹੋਏ ਤਾਂ ਚੈਨਲਾਂ ਨੇ ਇਹ ਦੁਹਾਈ ਇੱਕ ਦਮ ਪਾ ਦਿੱਤੀ ਕਿ ਇਹੋ ਜਿਹੇ ਖਤਰੇ ਦੇ ਮਾਹੌਲ ਵਿੱਚ ਲੋਕ ਬਜ਼ਾਰਾਂ ਵਿੱਚ ਨਹੀਂ ਆਉਣਗੇ ਤੇ ਦੀਵਾਲੀ ਫਿੱਕੀ ਪੈ ਜਾਵੇਗੀ। ਲੋਕਾਂ ਦੇ ਮੂਹਰੇ ਮਾਈਕ ਕਰ ਕੇ ਕਹਾਇਆ ਜਾ ਰਿਹਾ ਸੀ ਕਿ ਤੁਹਾਨੂੰ ਡਰ ਲੱਗ ਰਿਹਾ ਹੋਵੇਗਾ। ਸਿਰਫ ਡੇਢ ਜਾਂ ਦੋ ਘੰਟੇ ਬਾਅਦ ਉਹੋ ਟੀ ਵੀ ਚੈਨਲ ਲੋਕਾਂ ਤੋਂ ਇਹ ਅਖਵਾ ਰਹੇ ਸਨ ਕਿ ਜੀਵਣ-ਮਰਨ ਪ੍ਰਮਾਤਮਾ ਦੇ ਹੱਥ ਹੈ, ਕੁਝ ਲੋਕਾਂ ਦੇ ਮਾਰੇ ਜਾਣ ਦੇ ਦੁੱਖ ਦੇ ਬਾਵਜੂਦ ਅਸੀਂ ਇਹ ਦਿਨ ਮਨਾਉਣ ਦਾ ਮੌਕਾ ਨਹੀਂ ਛੱਡ ਸਕਦੇ। ਜਿਸ ਬਾਜ਼ਾਰ ਵਿੱਚ ਕੁਝ ਘੰਟੇ ਪਹਿਲਾਂ ਮੌਤ ਨੱਚ ਰਹੀ ਸੀ, ਓਥੇ ਲੋਕਾਂ ਦੇ ਹਜੂਮ ਟਹਿਕਦੇ ਨਜ਼ਰ ਆਉਣ ਲੱਗ ਪਏ। ਇਹ ਸਹਿਜ-ਸੁਭਾਅ ਨਹੀਂ ਸੀ ਹੋਇਆ। ਜਦੋਂ ਟੀ ਵੀ ਚੈਨਲਾਂ ਨੇ ਦਹਿਸ਼ਤ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਤਾਂ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਹਜ਼ਾਰਾਂ ਕਰੋੜ ਰੁਪਏ ਦਾ ਮਾਲ ਬਜ਼ਾਰ ਵਿੱਚ ਦੀਵਾਲੀ ਦੀ ਸੇਲ ਦੀ ਉਡੀਕ ਵਿੱਚ ਪਿਆ ਹੋਇਆ ਸੀ, ਉਹ ਫਟਾਫਟ ਹਰਕਤ ਵਿੱਚ ਆਏ ਤੇ ਚੈਨਲਾਂ ਦੀ ਇਸ਼ਤਿਹਾਰਬਾਜ਼ੀ ਦੇ ਰੇਟ ਵਧਾ ਕੇ ਨਵੀਂਆਂ ਖੁਸ਼ਗਵਾਰ ਰਿਪੋਰਟਾਂ ਪੇਸ਼ ਕਰਨ ਲਈ ਮਨਾ ਲਿਆ। ਚੈਨਲਾਂ ਵਾਲਿਆਂ ਨੇ ਵੀ ਪਹਿਲੀਆਂ ਦਹਿਸ਼ਤ ਦੀਆਂ ਰਿਪੋਰਟਾਂ ਵਧਾ-ਚੜ੍ਹਾ ਕੇ ਏਸੇ ਮਕਸਦ ਲਈ ਪੇਸ਼ ਕੀਤੀਆਂ ਸਨ ਕਿ ਇਸ਼ਤਿਹਾਰਬਾਜ਼ੀ ਦੇ ਰੇਟ ਚੜ੍ਹਨ ਨਾਲ ਇਸ ਮੜ੍ਹੀਆਂ ਵਾਲੇ ਮਾਹੌਲ ਦਾ ਮੁੱਲ ਵੀ ਵੱਟਿਆ ਜਾ ਸਕੇ। ਜਿਹੜੀ ਖੇਡ ਕਾਰਪੋਰੇਟ ਘਰਾਣਿਆਂ ਨੇ ਓਦੋਂ ਦਿੱਲੀ ਦੇ ਧਮਾਕਿਆਂ ਪਿੱਛੋਂ ਸਿਰਫ ਦੋ ਘੰਟਿਆਂ ਦੇ ਅੰਦਰ ਖੇਡ ਕੇ ਸਾਰਾ ਮਾਹੌਲ ਬਦਲ ਕੇ ਆਪਣੇ ਹੱਕ ਵਿੱਚ ਕਰ ਲਿਆ ਸੀ, ਉਸ ਲਈ ਸਭ ਤੋਂ ਸਾਜ਼ਗਾਰ ਜੇ ਕੋਈ ਖੇਡ ਹੈ ਤਾਂ ਉਹ ਕ੍ਰਿਕਟ ਹੀ ਹੈ।
ਜੀ ਹਾਂ, ਇਸ ਮਾਹੌਲ ਲਈ ਕ੍ਰਿਕਟ ਹੀ ਸਭ ਤੋਂ ਸਾਜ਼ਗਾਰ ਹੈ, ਜਿਸ ਬਾਰੇ ਭਾਰਤ ਦਾ ਕਾਨੂੰਨ ਮੰਤਰੀ ਕਹਿੰਦਾ ਹੈ ਕਿ ਮੈਂ ਆਪ ਆਈ ਪੀ ਐੱਲ ਕ੍ਰਿਕਟ ਨੂੰ ਪਸੰਦ ਨਹੀਂ ਕਰਦਾ, ਪਰ ਲੋਕ ਪਸੰਦ ਕਰਦੇ ਹਨ, ਇਸ ਲਈ ਚੱਲਣ ਦਾ ਵਿਰੋਧ ਵੀ ਨਹੀਂ ਕਰ ਸਕਦਾ। ਉਸ ਦੀ ਗੱਲ ਅੱਧੀ ਠੀਕ ਹੈ। ਜਿਨ੍ਹਾਂ ਦੇ ਘਰ ਦੋ ਡੰਗ ਦੀ ਰੋਟੀ ਦਾ ਆਟਾ ਨਹੀਂ, ਉਹ ਵੀ ਕਦੇ ਬਜ਼ਾਰ ਜਾਂਦੇ ਹੋਏ ਟੀ ਵੀ ਲੱਗਾ ਹੋਇਆ ਅਤੇ ਕ੍ਰਿਕਟ ਦਾ ਮੈਚ ਚੱਲਦਾ ਵੇਖ ਲੈਣ ਤਾਂ ਢਿੱਡ ਦੀ ਚਿੰਤਾ ਭੁੱਲ ਕੇ ਕਿਸੇ ਖਿਡਾਰੀ ਦੀਆਂ ਦੌੜਾਂ ਬਾਰੇ ਜਾਣਨ ਲੱਗ ਪੈਂਦੇ ਹਨ। ਏਨੀ ਗੱਲ ਠੀਕ ਹੈ, ਪਰ ਅੱਧੀ ਠੀਕ ਇਸ ਲਈ ਕਿ ਲੋਕਾਂ ਨੂੰ ਇਹ ਚਸਕਾ ਲੱਗਾ ਨਹੀਂ, ਜਾਣ-ਬੁੱਝ ਕੇ ਲਾਇਆ ਗਿਆ ਹੈ ਤੇ ਉਹ ਇਸ ਵਿੱਚ ਗਲਤਾਨ ਹੋਏ ਇਹ ਸੋਚ ਕੇ ਖੁਸ਼ ਹੋ ਜਾਂਦੇ ਹਨ ਕਿ ਫਲਾਣੇ ਖਿਡਾਰੀ ਨੂੰ ਐਨੇ ਕਰੋੜ ਮਿਲ ਗਿਆ ਹੈ। ਜਿਨ੍ਹਾਂ ਦੇ 'ਘਰ ਖਾਣ ਨੂੰ ਨਹੀਂ, ਮਾਂ ਪੀਹਣ ਗਈ' ਦਾ ਹਾਲ ਹੈ, ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਕ੍ਰਿਕਟ ਦੇ ਖਿਡਾਰੀਆਂ ਨੂੰ ਮਿਲਦੇ ਕਰੋੜਾਂ ਰੁਪਏ ਤੁਹਾਡਾ ਸਿਰ ਮੁੰਨ ਕੇ ਦਿੱਤੇ ਜਾ ਰਹੇ ਹਨ। ਕ੍ਰਿਕਟ ਦੇ ਕੁਚੱਕਰ ਵਿੱਚ ਬਹੁਤ ਬੁਰੀ ਤਰ੍ਹਾਂ ਉਲਝ ਕੇ ਰਹਿ ਗਿਆ ਹੈ ਕੰਗਾਲੀ ਦਾ ਮਾਰਿਆ ਉਹ ਮੁਲਕ, ਜਿਸ ਦੀ ਸਰਕਾਰ ਅਜੇ ਤੱਕ ਇਹ ਵੀ ਨਹੀਂ ਦੱਸ ਸਕੀ ਕਿ ਗਰੀਬੀ ਤੋਂ ਹੇਠਾਂ ਵੱਸਦੇ ਲੋਕਾਂ ਦੀ ਗਿਣਤੀ ਕਿੰਨੀ ਹੈ? ਜਿਸ ਘਰ ਦੀਆਂ ਮੱਝਾਂ-ਗਾਂਵਾਂ ਦੇ ਹਿੱਸੇ ਦਾ ਗੁਤਾਵਾ ਵੀ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਭੱਜਣ ਵਾਲੇ ਚਾਰ ਕੁ ਬਲਦਾਂ ਨੇ ਚਰ ਜਾਣਾ ਹੈ, ਉਹ ਘਰ ਦੁੱਧ ਦੀ ਆਸ ਵੀ ਕਿੱਥੋਂ ਕਰ ਸਕਦਾ ਹੈ?

No comments:

Post a Comment