ਦ੍ਰਿਸ਼ਟੀਕੋਣ (72)-ਜਤਿੰਦਰ ਪਨੂੰ

ਸੂਬਾਈ ਕਾਂਗਰਸੀ ਕਪਤਾਨਾਂ ਦਾ ਗੱਠਜੋੜ ਬਣਨ ਵੱਲ ਵਧ ਰਹੀ ਹੈ ਕਾਂਗਰਸ ਪਾਰਟੀ
ਆਪਣੀ ਹੋਂਦ ਦੇ ਪਹਿਲੇ ਛੇ ਕੁ ਦਹਾਕੇ ਕਾਂਗਰਸ ਪਾਰਟੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਨਾਲੋਂ ਵੱਧ ਇੱਕ ਸਾਂਝੀ ਭਾਰਤੀ ਲਹਿਰ ਸੀ, ਜਿਸ ਦਾ ਨਿਸ਼ਾਨਾ ਵਿਦੇਸ਼ੀ ਸਾਮਰਾਜ ਵਿਰੁੱਧ ਪਹਿਲਾਂ ਲੋਕਾਂ ਦੀਆਂ ਮੰਗਾਂ ਚੁੱਕਣਾ ਤੇ ਫਿਰ ਅਜ਼ਾਦੀ ਦੀ ਪ੍ਰਾਪਤੀ ਬਣਦਾ ਗਿਆ ਸੀ। ਬਹੁਤ ਸਾਰੇ ਲੋਕ ਇੱਕੋ ਵੇਲੇ ਕਮਿਊਨਿਸਟ ਪਾਰਟੀ ਜਾਂ ਅਕਾਲੀ ਦਲ ਦੇ ਵੀ ਅਹੁਦੇਦਾਰ ਹੁੰਦੇ ਸਨ ਤੇ ਕਾਂਗਰਸ ਪਾਰਟੀ ਦੇ ਵੀ। ਮੋਹਨ ਦਾਸ ਕਰਮ ਚੰਦ ਗਾਂਧੀ ਦਾ ਪਰਵਾਰਕ ਨਾਂਅ 'ਗਾਂਧੀ' ਲੋਕਾਂ ਵਿੱਚ ਇੱਕ ਆਗੂ ਦਾ ਨਾਂਅ ਨਾ ਰਹਿ ਕੇ ਇੱਕ ਸੰਘਰਸ਼ ਦਾ ਪ੍ਰਤੀਕ ਬਣ ਗਿਆ ਸੀ ਤੇ ਏਸੇ ਕਰ ਕੇ ਜਿੱਥੇ ਕੋਈ ਅੰਗਰੇਜ਼ ਦੇ ਖਿਲਾਫ ਸੰਘਰਸ਼ ਦਾ ਨਾਇਕ ਬਣ ਕੇ ਉੱਭਰਦਾ ਸੀ, ਉਸ ਨੂੰ ਓਥੋਂ ਦਾ 'ਗਾਂਧੀ' ਕਹਿ ਕੇ ਲੋਕ ਇੱਜ਼ਤ ਦੇਣ ਲੱਗ ਪੈਂਦੇ ਸਨ। ਪੰਜਾਬ ਦੇ ਦੋਆਬੇ ਦੇ ਇਲਾਕੇ ਵਿੱਚ ਮੂਲ ਰਾਜ ਨਾਂਅ ਦਾ ਆਜ਼ਾਦੀ ਘੁਲਾਟੀਆ ਓਦੋਂ ਹੀ 'ਦੋਆਬੇ ਦਾ ਗਾਂਧੀ' ਤੇ ਖਾਨ ਅਬਦੁਲ ਗੱਫਾਰ ਖਾਨ 'ਸਰਹੱਦੀ ਗਾਂਧੀ' ਵਜੋਂ ਲੋਕਾਂ ਵਿੱਚ ਪ੍ਰਵਾਨ ਹੁੰਦੇ ਗਏ ਸਨ। ਹੋਰ ਤਾਂ ਹੋਰ, ਨੂਰਮਹਿਲ ਦੇ ਕਾਮਰੇਡ ਗੰਧਰਵ ਸੈਨ ਨੂੰ ਕਈ ਲੋਕ 'ਨੂਰਮਹਿਲ ਦਾ ਗਾਂਧੀ' ਆਖ ਕੇ ਓਸੇ ਤਰ੍ਹਾਂ ਦਾ ਸਤਿਕਾਰ ਦੇਣ ਲੱਗ ਪਏ ਸਨ। ਸ਼ਹੀਦ ਭਗਤ ਸਿੰਘ ਦੇ ਨੇੜਲੇ ਸਾਥੀ ਕਾਮਰੇਡ ਸੋਹਨ ਸਿੰਘ ਜੋਸ਼ ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਵੀ ਪਹਿਲੀ ਪਾਲ ਦੇ ਲੀਡਰ ਹੁੰਦੇ ਸਨ ਅਤੇ ਕਾਂਗਰਸ ਪਾਰਟੀ ਦੀ ਪੰਜਾਬ ਕਮੇਟੀ ਦੇ ਜਨਰਲ ਸਕੱਤਰ ਵੀ ਹੁੰਦੇ ਸਨ। ਇਹ ਵਰਤਾਰਾ ਓਦੋਂ ਆਮ ਜਿਹਾ ਸੀ।
ਆਜ਼ਾਦੀ ਮਿਲਣ ਨਾਲ ਸਾਰਾ ਕੁਝ ਹੀ ਬਦਲ ਗਿਆ। ਮਹਾਤਮਾ ਗਾਂਧੀ ਵਰਗੇ ਬਿਨਾਂ ਅਹੁਦੇ ਤੋਂ ਕਾਂਗਰਸ ਦੇ ਸਰਪ੍ਰਸਤ ਤੇ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇ ਸਭ ਤੋਂ ਵੱਡੇ ਆਗੂ ਸਰਦਾਰ ਵੱਲਭ ਭਾਈ ਪਟੇਲ ਦੀ ਇਹ ਧਾਰਨਾ ਸੀ ਕਿ ਹੁਣ ਕਾਂਗਰਸ ਪਾਰਟੀ ਨੂੰ ਤੋੜ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦੋਵਾਂ ਦਾ ਖਿਆਲ ਸੀ ਕਿ ਕਾਂਗਰਸ ਪਾਰਟੀ ਦਾ ਮਕਸਦ ਵਿਦੇਸ਼ੀ ਹਕੂਮਤ ਦਾ ਖਾਤਮੇ ਤੱਕ ਦਾ ਸੀ, ਜਦੋਂ ਉਹ ਚਲੀ ਗਈ ਹੈ ਤਾਂ ਲੋਕ-ਤੰਤਰ ਦੀ ਪ੍ਰਕਿਰਿਆ ਵਿੱਚ ਇਸ ਪਾਰਟੀ ਬਹੁਤੀ ਲੋੜ ਨਹੀਂ ਰਹਿੰਦੀ। ਪੰਡਿਤ ਨਹਿਰੂ ਤੇ ਕਈ ਹੋਰ ਵੱਡੇ ਆਗੂਆਂ ਦੀ ਇਹ ਧਾਰਨਾ ਸੀ ਕਿ ਆਜ਼ਾਦੀ ਦੀ ਘੜੀ ਦੇਸ਼ ਦੀ ਵੰਡ ਹੋਣ ਨਾਲ ਜਿਹੜੇ ਹਾਲਾਤ ਪੈਦਾ ਹੋਏ ਹਨ, ਉਨ੍ਹਾਂ ਵਿੱਚ ਸਿਰਫ ਕਾਂਗਰਸ ਵਰਗੀ ਵੱਡੇ ਜਨਤਕ ਆਧਾਰ ਵਾਲੀ ਪਾਰਟੀ ਹੀ ਦੇਸ਼ ਦੀ ਅਗਵਾਈ ਕਰ ਸਕਦੀ ਹੈ। ਕੁਝ ਲੋਕਾਂ ਨੂੰ ਜਾਪਦਾ ਹੈ ਕਿ ਓਦੋਂ ਮਹਾਤਮਾ ਗਾਂਧੀ ਤੇ ਪਟੇਲ ਠੀਕ ਕਹਿੰਦੇ ਸਨ। ਸਮਾਂ ਪਾ ਕੇ ਇਸ ਪਾਰਟੀ ਦੇ ਕਈ ਆਗੂ ਮੁੱਖ ਧਾਰਾ ਤੋਂਂ ਨਿੱਖੜ ਜਾਂਦੇ ਰਹੇ ਤੇ ਹਰ ਚੋਣ ਪਿੱਛੋਂ ਏਨੀ ਟੁੱਟ-ਭੱਜ ਹੁੰਦੀ ਗਈ ਕਿ ਕਈ ਰਾਜਾਂ ਅੰਦਰ ਹੁਣ ਇਸ ਤੋਂ ਵੱਖਰੇ ਹੋਏ ਗਰੁੱਪ ਹੀ ਇਸ ਨੂੰ ਚੁਣੌਤੀ ਪੇਸ਼ ਕਰਨ ਵਾਲੇ ਬਣੇ ਪਏ ਹਨ।
ਮਹਾਰਾਸ਼ਟਰ ਵਿੱਚ ਕਿਸੇ ਸਮੇਂ ਸ਼ਰਦ ਪਵਾਰ ਨੂੰ ਕਾਂਗਰਸ ਦੇ ਆਗੂਆਂ ਨੇ ਆਪ ਹੀ 'ਮਰਾਠਾ ਸਰਦਾਰ' ਵਜੋਂ ਪੇਸ਼ ਕੀਤਾ ਤੇ ਪ੍ਰਚਾਰਿਆ ਸੀ। ਆਪਣੀਆਂ ਵੱਡੀਆਂ ਖਾਹਿਸ਼ਾਂ ਕਾਰਨ ਪਹਿਲਾਂ ਉਸ ਨੇ ਨਰਸਿਮਹਾ ਰਾਓ ਨਾਲ ਆਢਾ ਲਾ ਲਿਆ ਤੇ ਜਦੋਂ ਦੇਵਗੌੜਾ ਤੇ ਗੁਜਰਾਲ ਸਰਕਾਰਾਂ ਦੇ ਦੌਰ ਦੌਰਾਨ ਕਾਂਗਰਸ ਦੀ ਅਗਵਾਈ ਸੋਨੀਆ ਗਾਂਧੀ ਨੂੰ ਸੌਂਪੀ ਗਈ ਤਾਂ ਉਹ ਇਸ ਦੇ ਖਿਲਾਫ 'ਵਿਦੇਸ਼ੀ' ਵਾਲਾ ਝੰਡਾ ਚੁੱਕ ਕੇ ਵੱਖਰੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਉਣ ਤੁਰ ਪਿਆ। ਬਾਅਦ ਵਿੱਚ ਉਸ ਦੀ ਇਕੱਲੇ ਚੱਲਣ ਵਾਲੀ ਨੀਤੀ ਲਾਹੇਵੰਦੀ ਸਾਬਤ ਨਾ ਹੋਈ ਤਾਂ ਮੁੜ ਕੇ ਕਾਂਗਰਸ ਵੱਲ ਆ ਗਿਆ, ਪਰ 'ਵੱਲ' ਹੀ ਆਇਆ, ਕਾਂਗਰਸ ਦੇ ਵਿੱਚ ਨਹੀਂ ਆਇਆ ਅਤੇ ਬਾਹਰ ਫਿਰਨੀ ਉੱਤੇ ਬੈਠ ਕੇ ਕਾਂਗਰਸ ਨਾਲ ਹਰ ਪੜਾਅ ਉੱਤੇ ਰਾਜਸੀ ਸੌਦੇਬਾਜ਼ੀ ਕਰਨ ਵਾਲਾ ਵਪਾਰੀ ਬਣ ਗਿਆ। ਕਾਂਗਰਸ ਪਾਰਟੀ ਨਾ ਉਸ ਨੂੰ ਹੁਣ ਸੌਖਾ ਹਜ਼ਮ ਕਰ ਸਕਦੀ ਹੈ ਤੇ ਨਾ ਉਸ ਤੋਂ ਤੋੜ-ਵਿਛੋੜਾ ਕਰ ਸਕਦੀ ਹੈ।
ਪੱਛਮੀ ਬੰਗਾਲ ਦੀ ਬੀਬੀ ਮਮਤਾ ਬੈਨਰਜੀ ਕਦੇ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੀ ਪਾਰਟੀ ਦੇ ਲੀਡਰਾਂ ਵਿਰੁੱਧ ਵੀ ਲੜਦੀ ਸੀ ਤੇ ਓਥੇ ਰਾਜ ਕਰਦੇ ਖੱਬੇ ਮੋਰਚੇ ਵਿਰੁੱਧ ਵੀ, ਪਰ ਹੁਣ ਇੱਕ ਵੱਖਰੀ ਧਿਰ ਬਣ ਕੇ ਕਾਂਗਰਸ ਦੀ ਲੀਡਰਸ਼ਿਪ ਨੂੰ ਜ਼ਿੱਚ ਕਰਨ ਲਈ ਸਭ ਤੋਂ ਮੋਹਰੇ ਹੁੰਦੀ ਹੈ। ਜੇ ਕਾਂਗਰਸ ਪਾਰਟੀ ਨੇ ਉਸ ਨੂੰ ਵੇਲੇ ਸਿਰ ਸੰਭਾਲਿਆ ਹੁੰਦਾ ਤਾਂ ਇਹ ਨੌਬਤ ਨਾ ਆਉਂਦੀ। ਜਦੋਂ ਮਮਤਾ ਹਾਲੇ ਰਾਜਨੀਤੀ ਦੇ ਪਹਿਲੇ ਕਾਇਦੇ ਦੀ ਪੜ੍ਹਾਈ ਕਰਨ ਜੋਗੀ ਨਹੀਂ ਸੀ ਹੋਈ, ਓਦੋਂ ਓਸੇ ਪੱਛਮੀ ਬੰਗਾਲ ਰਾਜ ਵਿੱਚ ਇੱਕ ਵਾਰੀ ਕਾਂਗਰਸ ਪਾਰਟੀ ਤੋਂ ਟੁੱਟ ਕੇ ਇੱਕ 'ਬੰਗਲਾ ਕਾਂਗਰਸ' ਵੀ ਬਣੀ ਸੀ, ਜਿਸ ਦਾ ਲੀਡਰ ਅਜੋਏ ਮੁਕਰਜੀ ਹੁੰਦਾ ਸੀ। ਇੱਕ ਵਾਰੀ ਟੁੱਟ ਜਾਣ ਤੋਂ ਬਾਅਦ ਉਹ ਕਾਂਗਰਸ ਦੇ ਵਿਰੁੱਧ ਕਮਿਊਨਿਸਟਾਂ ਨਾਲ ਮਿਲ ਕੇ ਸਾਂਝੀ ਰਾਜਨੀਤੀ ਕਰ ਲੈਦਾ ਰਿਹਾ, ਕਾਂਗਰਸ ਪਾਰਟੀ ਦੇ ਵਾੜੇ ਫੇਰ ਨਹੀਂ ਸੀ ਵੜਿਆ। ਸ਼ਾਇਦ ਅਜੋਏ ਮੁਕਰਜੀ ਤੋਂ ਵੀ ਪਹਿਲਾਂ ਕੇਰਲਾ ਵਿੱਚ 'ਕੇਰਲਾ ਕਾਂਗਰਸ' ਨਾਂਅ ਦੀ ਇੱਕ ਪਾਰਟੀ ਖੜੀ ਹੋ ਗਈ ਸੀ, ਜਿਸ ਦਾ ਆਗੂ ਕੇæ ਐਮæ ਜਾਰਜ 1964 ਤੱਕ ਕਾਂਗਰਸ ਪਾਰਟੀ ਵਿੱਚ ਹੀ ਹੁੰਦਾ ਸੀ, ਪਰ ਓਦੋਂ ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਅਣਸੁਖਾਵੇਂ ਵਿਹਾਰ ਕਾਰਨ ਵਿਧਾਇਕਾਂ ਦਾ ਇੱਕ ਧੜਾ ਤੋੜ ਕੇ ਪਾਸੇ ਹੋ ਗਿਆ ਸੀ। ਅੱਗੋਂ ਇਸ ਪਾਰਟੀ ਵਿੱਚ ਪਾਟਕ ਪੈਂਦਾ ਤੇ ਇਸ ਦੇ ਕੇਰਲਾ ਕਾਂਗਰਸ (ਜੋਜ਼ਫ), ਕੇਰਲਾ ਕਾਂਗਰਸ (ਮਨੀ) ਆਦਿ ਕਈ ਗਰੁੱਪ ਬਣਦੇ ਗਏ, ਪਰ ਕਦੇ ਵਾਪਸ ਨਹੀਂ ਸੀ ਆਏ। ਫਿਰ 1969 ਵਿੱਚ ਕੇæ ਕਾਮਰਾਜ ਅਤੇ ਮੋਰਾਰਜੀ ਡਿਸਾਈ ਨੇ ਵੱਖਰੀ ਪਾਰਟੀ ਬਣਾਈ, ਜਿਸ ਨੂੰ ਸਿੰਡੀਕੇਟ ਕਾਂਗਰਸ ਜਾਂ ਕਾਂਗਰਸ (ਓ) ਕਿਹਾ ਗਿਆ ਸੀ। ਉਹ ਲੋਕ ਵੀ ਇੱਕ ਵਾਰੀ ਟੁੱਟ ਕੇ ਫਿਰ ਪਿੱਛੇ ਨਹੀਂ ਮੁੜੇ ਸਨ।
ਜਿਹੜੀ ਗੱਲ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਸਮਝਣ ਦੀ ਲੋੜ ਹੈ, ਉਹ ਇਹ ਕਿ ਜਿਸ ਵੀ ਰਾਜ ਵਿੱਚ ਕਾਂਗਰਸ ਪਾਰਟੀ ਵਿੱਚੋਂ ਨਿੱਖੜ ਕੇ ਨਵਾਂ ਧੜਾ ਬਣਿਆ, ਜੇ ਉਹ ਵਾਪਸ ਵੀ ਆਇਆ ਤਾਂ ਪਾਰਟੀ ਪਹਿਲੇ ਥਾਂ ਨਹੀਂ ਰਹਿ ਸਕੀ ਤੇ ਜਿੱਥੇ ਵਾਪਸ ਨਹੀਂ ਆਇਆ, ਓਥੇ ਚੁਣੌਤੀ ਖੜੀ ਕਰ ਦੇਂਦਾ ਰਿਹਾ ਹੈ। ਮਿਸਾਲਾਂ ਹੀ ਵੇਖਣੀਆਂ ਹੋਣ ਤਾਂ ਦੋ ਤਾਜ਼ਾ ਸਾਡੇ ਸਾਹਮਣੇ ਹਨ। ਇੱਕ ਤਾਂ ਹਰਿਆਣੇ ਦੀ ਤੇ ਦੂਸਰੀ ਆਂਧਰਾ ਪ੍ਰਦੇਸ਼ ਦੀ ਹੈ। ਹਰਿਆਣੇ ਦਾ ਚੌਧਰੀ ਭਜਨ ਲਾਲ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਹੁੰਦਿਆਂ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ, ਪਰ ਜਦੋਂ ਪਾਰਟੀ ਵਿੱਚ ਇੱਕ ਮੌਕੇ ਕਦਰ ਘਟ ਗਈ ਤਾਂ ਵੱਖਰੀ ਹਰਿਆਣਾ ਜਨਹਿਤ ਕਾਂਗਰਸ ਬਣਾ ਖੜੋਤਾ। ਉਸ ਦੀ ਮੌਤ ਦੇ ਬਾਅਦ ਉਸ ਦੇ ਪੁੱਤਰ ਨੇ ਪਿਛਲੇ ਸਾਲ ਜਿਵੇਂ ਪਾਰਲੀਮੈਂਟ ਦੀ ਉੱਪ ਚੋਣ ਵੀ ਜਿੱਤੀ ਅਤੇ ਵਿਧਾਨ ਸਭਾ ਦੀ ਉੱਪ ਚੋਣ ਵੀ ਜਿੱਤ ਗਿਆ, ਉਸ ਨੇ ਕਾਂਗਰਸ ਦੇ ਲੀਡਰਾਂ ਨੂੰ ਦਿਨੇ ਤਾਰੇ ਵਿਖਾ ਛੱਡੇ ਹਨ। ਓਧਰ ਆਂਧਰਾ ਪ੍ਰਦੇਸ਼ ਵਿੱਚ ਵਾਈ ਐੱਸ ਆਰ ਰੈਡੀ ਜਿੰਨਾ ਚਿਰ ਮੁੱਖ ਮੰਤਰੀ ਰਿਹਾ, ਬੜਾ ਇਮਾਨਦਾਰ ਕਿਹਾ ਜਾਂਦਾ ਸੀ ਤੇ ਜਦੋਂ ਉਹ ਨਾ ਰਿਹਾ, ਨਵੇਂ ਕਾਂਗਰਸੀ ਮੁੱਖ ਮੰਤਰੀ ਦੇ ਆਉਂਦੇ ਸਾਰੇ ਰੈਡੀ ਦੇ ਕਈ ਕਿੱਸੇ ਨਿਕਲਣ ਲੱਗ ਪਏ ਸਨ। ਉਸ ਦਾ ਪੁੱਤਰ ਜਗਨ ਮੋਹਨ ਰੈਡੀ ਇਸ ਤੋਂ ਤੜਿੰਗ ਹੋ ਕੇ ਬਾਗੀ ਹੋ ਖੜੋਤਾ। ਕਾਂਗਰਸ ਪਾਰਟੀ ਮੌਕਾ ਸੰਭਾਲਣ ਤੋਂ ਖੁੰਝ ਗਈ ਤੇ ਹੁਣ ਉਹ ਆਂਧਰਾ ਪ੍ਰਦੇਸ਼ ਵਿੱਚ ਇਹੋ ਜਿਹੀ ਤਾਕਤ ਬਣਿਆ ਪਿਆ ਹੈ ਕਿ ਅਗਲੀਆਂ ਚੋਣਾਂ ਤੱਕ ਸ਼ਾਇਦ ਤੇਲਗੂ ਦੇਸਮ ਤੇ ਕਾਂਗਰਸ ਦੀਆਂ ਦੋ ਧਿਰਾਂ ਦੇ ਮੁਕਾਬਲੇ ਵਿੱਚ ਇੱਕ ਬਰਾਬਰ ਦੀ ਟੱਕਰ ਦੇ ਸਕਣ ਵਾਲੀ ਤੀਸਰੀ ਸਿਆਸੀ ਧਿਰ ਬਣ ਕੇ ਉੱਭਰ ਆਵੇਗਾ। ਜੇ ਇਸ ਤਰ੍ਹਾਂ ਹੋ ਗਿਆ ਤਾਂ ਓਥੇ ਵੀ ਕਾਂਗਰਸ ਓਸੇ ਤਰ੍ਹਾਂ ਹਾਸ਼ੀਏ ਵੱਲ ਚਲੀ ਜਾਵੇਗੀ, ਜਿਵੇਂ ਉਹ ਉੱਤਰ ਪ੍ਰਦੇਸ਼, ਬਿਹਾਰ, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਵਿੱਚ ਚਲੀ ਗਈ ਹੈ ਤੇ ਕਈ ਹੋਰ ਥਾਂਈਂ ਚਲੀ ਜਾਣ ਦੇ ਸਾਫ ਸੰਕੇਤ ਨਜ਼ਰ ਆਉਣ ਲੱਗ ਪਏ ਹਨ।
ਅਗਲਾ ਖਤਰਾ ਇਸ ਪਾਰਟੀ ਨੂੰ ਇਹੋ ਜਿਹਾ ਭਾਣਾ ਪੰਜਾਬ ਵਿੱਚ ਵਾਪਰ ਜਾਣ ਦਾ ਮਹਿਸੂਸ ਹੋ ਰਿਹਾ ਹੈ। ਇਸ ਸਾਲ ਜਨਵਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਇਹ ਪਾਰਟੀ ਏਥੇ ਆਪੋ ਵਿੱਚ ਵੱਡੀ ਖਾਨਾ-ਜੰਗੀ ਵਿੱਚ ਉਲਝੀ ਹੋਈ ਹੈ, ਜਿਸ ਵਿੱਚ ਕੁਝ ਆਗੂ ਅਕਾਲੀ ਦਲ ਦੀ ਲੀਡਰਸ਼ਿਪ ਦੇ ਦਿੱਤੇ ਸਪੱਸ਼ਟ ਥਾਪੜੇ ਨਾਲ ਬਾਘੀਆਂ ਪਾ ਰਹੇ ਹਨ। ਜਿਹੜੇ ਪ੍ਰਾਂਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਇਹ ਸਾਰੇ ਜਣੇ ਝੰਡਾ ਚੁੱਕੀ ਖੜੇ ਹਨ, ਉਸ ਨੂੰ ਵੀ ਸਾਫ ਕੋਈ ਨਹੀਂ ਕਹਿ ਸਕਦਾ। ਆਮ ਕਿਹਾ ਜਾਂਦਾ ਹੈ ਕਿ ਬੰਦਾ ਜੇ ਪਿੰਡ ਵਿੱਚੋਂ ਨਿਕਲ ਵੀ ਜਾਵੇ ਤਾਂ ਪਿੰਡ ਬੰਦੇ ਵਿੱਚੋਂ ਨਹੀਂ ਨਿਕਲਦਾ। ਕੈਪਟਨ ਅਮਰਿੰਦਰ ਸਿੰਘ ਦੇ ਮਨ ਵਿੱਚੋਂ ਅਜੇ 'ਪਟਿਆਲੇ ਦਾ ਮਹਾਰਾਜਾ' ਹੋਣ ਦਾ ਖਿਆਲ ਹੀ ਨਹੀਂ ਨਿਕਲਦਾ ਅਤੇ ਏਸੇ ਕਰ ਕੇ ਉਹ ਆਪਣੇ ਨਾਲ 'ਚੋਬਦਾਰਾਂ' ਦੀ ਉਹ ਟੋਲੀ ਰੱਖਦਾ ਹੈ, ਜਿਹੜੀ ਉਸ ਦਾ ਦੂਸਰੇ ਪਾਰਟੀ ਆਗੂਆਂ ਨਾਲੋਂ ਫਾਸਲਾ ਵਧਾਈ ਜਾ ਰਹੀ ਹੈ। ਨਤੀਜਾ ਇਸ ਦਾ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ ਤੇ ਜੋ ਕੁਝ ਦੂਸਰੇ ਕਈ ਰਾਜਾਂ ਵਿੱਚ ਵਾਪਰ ਚੁੱਕਾ ਹੈ, ਉਹ ਹੁਣ ਕਿਸੇ ਵੀ ਸਮੇਂ ਪੰਜਾਬ ਵਿੱਚ ਵਾਪਰ ਜਾਣ ਦੀਆਂ ਕਨਸੋਆਂ ਦਿੱਲੀ ਤੱਕ ਸੁਣੀਆਂ ਜਾ ਰਹੀਆਂ ਹਨ।
ਅਪਰੈਲ ਦੇ ਪਹਿਲੇ ਹਫਤੇ ਦੇ ਇੱਕ ਦਿਨ ਕਾਂਗਰਸ ਪਾਰਟੀ ਦੀ ਕੇਂਦਰੀ ਕਮਾਨ ਨੇ ਪੰਜਾਬ ਦੇ ਆਗੂਆਂ ਦੀ ਖਹਿਬਾਜ਼ੀ ਮੁਕਾਉਣ ਅਤੇ ਚੋਣਾਂ ਦੀ ਹਾਰ ਦਾ ਲੇਖਾ-ਜੋਖਾ ਕਰਨ ਲਈ ਦਿੱਲੀ ਵਿੱਚ ਮੀਟਿੰਗ ਬੁਲਾਈ ਸੀ। ਓਸੇ ਦਿਨ ਤੇ ਓਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰਾਂ ਦੀ ਚੰਡੀਗੜ੍ਹ ਵਿੱਚ ਮੀਟਿੰਗ ਬੁਲਾ ਲਈ ਤੇ ਇਸ ਮੀਟਿੰਗ ਦਾ ਅਸਥਾਨ ਵੀ ਪੰਜਾਬ ਕਾਂਗਰਸ ਭਵਨ ਨਹੀਂ ਸੀ ਰੱਖਿਆ, ਭਾਵੇਂ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਕਰ ਕੇ ਉਹ ਭਵਨ ਉਸ ਦੇ ਆਪਣੇ ਕੰਟਰੋਲ ਵਿੱਚ ਹੈ। ਮੀਟਿੰਗ ਸੱਦ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਯੂ ਟੀ ਗੈੱਸਟ ਹਾਊਸ ਵਿੱਚ, ਤਾਂ ਕਿ ਸੱਦੇ ਗਏ ਬੰਦਿਆਂ ਤੋਂ ਬਿਨਾਂ ਕੋਈ ਹੋਰ ਸੀਨੀਅਰ ਪਾਰਟੀ ਆਗੂ ਆ ਜਾਵੇ ਤਾਂ ਮੀਟਿੰਗ ਵਿੱਚ ਵੜਨ ਤੋਂ ਰੋਕਿਆ ਜਾ ਸਕੇ। ਇਸ ਦਾ ਅਸਰ ਏਨੀ ਤੇਜ਼ੀ ਨਾਲ ਦਿੱਲੀ ਕਾਂਗਰਸ ਹਾਈ ਕਮਾਨ ਤੀਕ ਪੁੱਜਾ ਕਿ ਉਨ੍ਹਾਂ ਨੇ ਓਥੇ ਸੱਦੀ ਹੋਈ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਅੱਗੇ ਪਾ ਦਿੱਤੀ ਅਤੇ ਸਾਰਾ ਦਿਨ ਏਧਰ ਓਧਰ ਫੋਨ ਖੜਕਦੇ ਰਹੇ। ਪੁੱਛ ਸਿਰਫ ਦੋ ਗੱਲਾਂ ਦੀ ਹੋ ਰਹੀ ਸੀ। ਇੱਕ ਇਹ ਕਿ ਅਮਰਿੰਦਰ ਸਿੰਘ ਦੇ ਕੋਲ ਕਿੰਨੇ ਕੁ ਬੰਦੇ ਜਾ ਰਹੇ ਹਨ ਤੇ ਦੂਸਰੀ ਇਹ ਕਿ ਉਹ ਕਿਤੇ ਵੱਖਰੀ ਪਾਰਟੀ ਦਾ ਐਲਾਨ ਤਾਂ ਨਹੀਂ ਕਰਨ ਲੱਗਾ? ਚੰਡੀਗੜ੍ਹ ਦੇ ਖੋਜੀ ਪੱਤਰਕਾਰਾਂ ਵਿੱਚੋਂ ਕੁਝਨਾਂ ਦਾ ਕਹਿਣਾ ਹੈ ਕਿ ਉਸ ਦਿਨ ਹਰਿਆਣਾ ਜਨਹਿਤ ਕਾਂਗਰਸ ਵਾਲੇ ਕੁਲਦੀਪ ਬਿਸ਼ਨੋਈ ਤੇ ਆਂਧਰਾ ਪ੍ਰਦੇਸ਼ ਦੇ ਜਗਨ ਮੋਹਨ ਰੈਡੀ ਦੇ ਏਲਚੀ ਵੀ ਚੰਡੀਗੜ੍ਹ ਦੀ ਸਰਗਰਮੀ ਉੱਤੇ ਨਜ਼ਰਾਂ ਗੱਡੀ ਬੈਠੇ ਸਨ। ਸ਼ਾਇਦ ਇਹੋ ਗੱਲ ਸੀ ਕਿ ਅਗਲੇ ਹਫਤੇ ਪੰਜਾਬ ਦੇ ਅਮਰਿੰਦਰ ਵਿਰੋਧੀ ਆਗੂ ਜਦੋਂ ਦਿੱਲੀ ਜਾ ਕੇ ਰਾਹੁਲ ਗਾਂਧੀ ਮੂਹਰੇ ਉਸ ਦੇ ਖਿਲਾਫ ਚਿੱਠਾ ਖੋਲ੍ਹ ਕੇ ਬੈਠੇ ਤਾਂ ਉਸ ਨੇ ਇੱਕੋ ਗੱਲ ਨਾਲ ਚੁੱਪ ਕਰਵਾ ਦਿੱਤੇ ਕਿ ਕੀ ਸਾਰੀਆਂ ਗੱਲਾਂ ਲਈ ਸਿਰਫ ਅਮਰਿੰਦਰ ਸਿੰਘ ਦੋਸ਼ੀ ਹੈ? ਜੇ ਉਸ ਨੇ ਕੁਝ ਨਹੀਂ ਸੀ ਕੀਤਾ ਤਾਂ ਤੁਸੀਂ ਸਾਰਿਆਂ ਨੇ ਵੀ ਆਪੋ ਆਪਣੇ ਹਲਕੇ ਵਿੱਚ ਕਿਹੜਾ ਕੱਦੂ ਵਿੱਚ ਤੀਰ ਮਾਰ ਦਿੱਤਾ ਹੈ?
ਇਹ ਸਮੁੱਚੀ ਸਥਿਤੀ ਦਾ ਨਕਸ਼ਾ ਨਹੀਂ, ਨਕਸ਼ੇ ਦੀ ਇੱਕ ਨੁੱਕਰ ਦਾ ਨਜ਼ਾਰਾ ਹੋ ਸਕਦਾ ਹੈ, ਪਰ ਨੁੱਕਰ ਇਹੋ ਜਿਹੀ ਹੈ, ਜਿਹੜੀ ਰਾਜਸੀ ਸਥਿਤੀਆਂ ਦੇ ਵਿਸ਼ਲੇਸ਼ਣਕਾਰਾਂ ਲਈ ਅੱਖੋਂ ਪਰੋਖੀ ਕਰਨੀ ਔਖੀ ਹੈ। ਇਹੋ ਜਿਹੇ ਕੁਝ ਵਿਸ਼ਲੇਸ਼ਣਕਾਰ ਮੁੜ ਕੇ 1947 ਦੇ ਅਗਸਤ ਵਿੱਚ ਜਾ ਪਹੁੰਚਦੇ ਹਨ ਕਿ ਇਸ ਪਾਰਟੀ ਦੀ ਕੋਈ ਲੋੜ ਤਾਂ ਹੈ ਨਹੀਂ, ਇਸ ਨੂੰ ਆਜ਼ਾਦੀ ਲਹਿਰ ਦਾ ਦਸਤਾਵੇਜ਼ ਮੰਨ ਕੇ ਸਮੇਟ ਕਿਉਂ ਨਾ ਦਿੱਤਾ ਜਾਵੇ? ਅਸੀਂ ਇਸ ਸੋਚ ਵਾਲਿਆਂ ਦੇ ਹਮਾਇਤੀ ਨਹੀਂ, ਪਰ ਜੋ ਕੁਝ ਕਾਂਗਰਸ ਪਾਰਟੀ ਵਿੱਚ ਹੋਣ ਦੇ ਸੰਕੇਤ ਮਿਲਦੇ ਹਨ, ਉਸ ਤੋਂ ਜਾਪ ਰਿਹਾ ਹੈ ਕਿ ਜਿਹੜਾ ਕੰਮ ਓਦੋਂ ਪੰਡਿਤ ਨਹਿਰੂ ਨੇ ਨਹੀਂ ਸੀ ਹੋਣ ਦਿੱਤਾ, ਉਹ ਉਸ ਦੀ ਚੌਥੀ ਪੀੜ੍ਹੀ ਦੇ ਹੱਥੋਂ ਹੋਣ ਵਾਲੀ ਹਾਲਤ ਬਣ ਜਾਵੇ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਜੇ ਅਜਿਹਾ ਨਾ ਵੀ ਹੋਵੇ ਤਾਂ ਰਾਜਾਂ ਵਿਚ ਕਾਂਗਰਸ ਦੇ ਸੂਬੇਦਾਰ ਏਨੇ ਬਾਗੀ ਹੋ ਜਾਣਗੇ ਕਿ ਹਾਈ ਕਮਾਨ ਦਾ ਪ੍ਰਭਾਵ ਸਿਰਫ ਦਿੱਲੀ ਦਫਤਰ ਤੱਕ ਸੀਮਤ ਹੋ ਕੇ ਰਹਿ ਜਾਵੇਗਾ। ਇਸ ਵਕਤ ਅਮਰਿੰਦਰ ਸਿੰਘ ਦੀ ਚਰਚਾ ਚੱਲ ਰਹੀ ਹੈ, ਦਿੱਲੀ ਦੀ ਕਦੋਂ ਚੱਲ ਪਵੇਗੀ ਤੇ ਆਸਾਮ ਵਿੱਚ ਕਦੋਂ ਖਿਲਾਰਾ ਪੈ ਜਾਵੇਗਾ, ਹਾਲ ਦੀ ਘੜੀ ਕਹਿ ਸਕਣਾ ਮੁਸ਼ਕਲ ਹੈ। ਉਂਜ ਇਹ ਕਹਿਣਾ ਮੁਸ਼ਕਲ ਹੈ, ਅਸੰਭਵ ਨਹੀਂ। ਤਸੱਲੀ ਦੀ ਗੱਲ ਕਾਂਗਰਸ ਲਈ ਇਹ ਹੋਵੇਗੀ ਕਿ ਸਿਰ ਦੀ ਸੋਚ ਕਾਰਨ ਇਹ ਲੀਡਰ ਬਾਗੀ ਹੋ ਕੇ ਵੀ ਭਾਜਪਾ ਤੋਂ ਥੋੜ੍ਹਾ-ਬਹੁਤ ਫਾਸਲਾ ਰੱਖ ਕੇ ਚੱਲਣਾ ਠੀਕ ਸਮਝਣਗੇ, ਪਰ ਮਾੜੀ ਗੱਲ ਇਹ ਹੋਵੇਗੀ ਕਿ ਕਦੇ 'ਏਕਲਾ ਚਲੋ' ਦੀਆਂ ਗੱਲਾਂ ਕਰ ਚੁੱਕੀ ਕਾਂਗਰਸ ਪਾਰਟੀ ਕੋਲ ਸਮਝੌਤੇ ਕਰਨ ਉਹ ਨਹੀਂ ਆਉਣਗੇ, ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਿਰ ਝੁਕਾ ਕੇ ਪੇਸ਼ ਹੋਣ ਲਈ ਉਵੇਂ ਹੀ ਜਾਇਆ ਕਰੇਗੀ, ਜਿਵੇਂ ਅੱਜ ਕੱਲ੍ਹ ਮਮਤਾ ਬੈਨਰਜੀ ਨੂੰ ਮਨਾਉਣ ਵਾਸਤੇ ਦਿੱਲੀ ਤੋਂ ਕੋਲਕਾਤਾ ਵੱਲ ਮੁੜ-ਮੁੜ ਉਡਾਰੀਆਂ ਲਾਈਆਂ ਜਾ ਰਹੀਆਂ ਹਨ। ਓਦੋਂ ਇਹ ਕਾਂਗਰਸ ਪਾਰਟੀ ਨਹੀਂ, ਕਾਂਗਰਸ ਦੇ ਪੁਰਾਣੇ ਲੀਡਰਾਂ ਦਾ ਹਾਸੋਹੀਣਾ ਗੱਠਜੋੜ ਜਿਹਾ ਬਣ ਕੇ ਲੋਕਾਂ ਕੋਲ ਪੇਸ਼ ਹੋਇਆ ਕਰੇਗਾ।

No comments:

Post a Comment