ਦ੍ਰਿਸ਼ਟੀਕੋਣ (70)-ਜਤਿੰਦਰ ਪਨੂੰ

ਮੁੱਦਾ ਜਗੀਰ ਕੌਰ ਦਾ ਮੁਕੱਦਮਾ ਨਹੀਂ, ਪੰਜਾਬੀਅਤ ਦੇ ਮਾਨਸਿਕ ਵਿਕਾਰ ਨੂੰ ਮੰਨ ਕੇ ਚੱਲਣਾ ਪਵੇਗਾ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਰੋਕਣੀ ਮੰਨ ਲੈਣ ਦੇ ਬਾਵਜੂਦ ਦੂਸਰੇ ਦਿਨ ਗੁਰਦਾਸਪੁਰ ਵਿੱਚ ਦੋ ਧਿਰਾਂ ਦੀ ਝੜਪ ਹੋ ਗਈ, ਜਿਸ ਵਿੱਚ ਕਾਲਜ ਤੋਂ ਪੜ੍ਹ ਕੇ ਮੁੜਦਾ ਇੱਕ ਨੌਜਵਾਨ ਰਾਹ ਜਾਂਦਾ ਮਾਰਿਆ ਗਿਆ। ਇਹ ਇੱਕ ਦੁਖਦਾਈ ਘਟਨਾ ਸੀ, ਜਿਸ ਕਰ ਕੇ ਗੁਰਦਾਸਪੁਰ ਵਿੱਚ ਕਰਫਿਊ ਲਾਉਣਾ ਪੈ ਗਿਆ। ਸਮਝਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਹੁਣ ਹਾਲਾਤ ਨੂੰ ਸੰਭਾਲ ਲਵੇਗੀ। ਇਸ ਦੀ ਥਾਂ ਪੰਜਾਬ ਸਰਕਾਰ ਦੇ ਮੁਖੀ ਲਈ ਵੱਡੀ ਪਰੇਸ਼ਾਨੀ ਦਾ ਮਸਲਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਆਪਣੀ ਸਕੀ ਧੀ ਦੀ ਮੌਤ ਦੇ ਕੇਸ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਹੋਣ ਦਾ ਹੈ। ਬੀਬੀ ਕੋਲ ਅਜੇ ਹਾਈ ਕੋਰਟ ਵਿੱਚ ਜਾਣ ਦਾ ਮੌਕਾ ਹੈ, ਜਿੱਥੇ ਜਾ ਕੇ ਉਸ ਨੂੰ ਰਾਹਤ ਵੀ ਮਿਲ ਸਕਦੀ ਹੈ ਤੇ ਸਜ਼ਾ ਵਧ ਜਾਣ ਦਾ ਡਰ ਵੀ ਰਹੇਗਾ। ਉਹ ਸ਼ੰਕੇ ਪਾਸੇ ਰੱਖਦੇ ਹੋਏ ਅਸੀਂ ਉਨ੍ਹਾਂ ਹਾਲਾਤ ਦੀ ਗੱਲ ਕਰਨੀ ਚਾਹਾਂਗੇ, ਜੋ ਸਾਡੇ ਸਾਹਮਣੇ ਇਸ ਵੇਲੇ ਮੌਜੂਦ ਹਨ।
ਬੀਬੀ ਜਗੀਰ ਕੌਰ ਮੁੱਢ ਤੋਂ ਹੁਣ ਵਰਗੀ ਧੜੱਲੇਦਾਰ ਨਹੀਂ ਸੀ। ਜਿਹੜੀ ਵਿਧਾਨ ਸਭਾ ਚੋਣ 1991 ਵਿੱਚ ਹੋਣ ਲੱਗੀ ਤੇ ਹੋ ਨਹੀਂ ਸੀ ਸਕੀ, ਉਸ ਮੌਕੇ ਬੀਬੀ ਨੂੰ ਮਾਨ ਅਕਾਲੀ ਦਲ ਨੇ ਆਪਣੀ ਉਮੀਦਵਾਰ ਬਣਾਇਆ ਸੀ ਤੇ ਉਸ ਚੋਣ ਪ੍ਰਚਾਰ ਵਿੱਚ ਉਹ ਬਾਦਲ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਰੱਜਵੀਂ ਕੌੜ ਛਾਂਟਦੀ ਰਹੀ ਸੀ। ਅਗਲੇ ਸਾਲ ਚੋਣਾਂ ਹੋਈਆਂ ਤਾਂ ਅਕਾਲੀਆਂ ਨੇ ਬਾਈਕਾਟ ਕਰ ਦਿੱਤਾ। ਜਦੋਂ ਸ਼੍ਰੋਮਣੀ ਕਮੇਟੀ ਚੋਣ ਆਈ ਤਾਂ ਇੱਕ ਦਿਨ ਸ: ਪ੍ਰਕਾਸ਼ ਸਿੰਘ ਬਾਦਲ ਦਾ ਫੋਨ ਆ ਗਿਆ, 'ਬੀਬੀ ਜੀ, ਤੁਸੀਂ ਇਸ ਚੋਣ ਵਿੱਚ ਸਾਡੇ ਵੱਲੋਂ ਉਮੀਦਵਾਰ ਬਣ ਜਾਵੋ।' ਮਾਨ ਅਕਾਲੀ ਦਲ ਨੂੰ ਬੜੇ ਲੋਕ ਬਾਦਲ ਅਕਾਲੀ ਦਲ ਵਿੱਚ ਜਾਣ ਦੀ ਘੜੀ ਉਡੀਕਣ ਵਾਲਾ ਵੇਟਿੰਗ ਰੂਮ ਮੰਨਦੇ ਹਨ। ਬੀਬੀ ਵੀ ਇਹੋ ਸਮਝ ਰਹੀ ਸੀ, ਫੋਨ ਆਉਂਦੇ ਸਾਰ 'ਚਲੋ ਬੁਲਾਵਾ ਆਇਆ ਹੈ, ਬਾਦਲ ਨੇ ਬੁਲਾਇਆ ਹੈ' ਗਾਉਂਦੀ ਓਧਰ ਚਲੀ ਗਈ। ਬੋਲ-ਬਾਣੀ ਵਿੱਚ ਤੇਜ਼ ਬੀਬੀ ਓਧਰ ਜਾ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤਣ ਮਗਰੋਂ ਵਿਧਾਨ ਸਭਾ ਚੋਣ ਵੀ ਅਗਲੇ ਸਾਲ ਜਿੱਤ ਗਈ ਤੇ ਜਦੋਂ ਪੰਜਾਬ ਦੀ ਵਜ਼ੀਰ ਵੀ ਬਣ ਗਈ ਤਾਂ ਕੁਰਸੀ ਦਾ ਨਸ਼ਾ ਉਸ ਦੇ ਸਿਰ ਨੂੰ ਚੜ੍ਹ ਗਿਆ। ਆਦਮਪੁਰ ਦੀ ਵਿਧਾਨ ਸਭਾ ਉੱਪ ਚੋਣ ਦੀ ਹਾਰ ਮਗਰੋਂ ਜਦੋਂ ਬਾਦਲ-ਟੌਹੜਾ ਟਕਰਾਓ ਸ਼ੁਰੂ ਹੋ ਗਿਆ ਤਾਂ ਬੀਬੀ ਲਈ ਇਹ ਸਥਿਤੀ 'ਸ਼ਰੀਕ ਮਰਿਆ, ਥਾਂ ਵਿਹਲਾ ਹੋਇਆ' ਵਾਲੀ ਹੋ ਗਈ ਤੇ ਉਸ ਦਾ ਗੁਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਲਈ ਪੈ ਗਿਆ। ਪਹਿਲਾਂ ਵਜ਼ੀਰ ਬਣ ਕੇ ਅਸਮਾਨੀਂ ਭੌਣ ਲੱਗ ਚੁੱਕੀ ਬੀਬੀ ਨਵਾਂ ਰੁਤਬਾ ਸੰਭਾਲ ਕੇ ਇਹ ਆਖਣ ਤੱਕ ਪਹੁੰਚ ਗਈ ਕਿ 'ਪਹਿਲਾਂ ਮੈਂ ਸਿੱਖ ਪੰਥ ਦੀ ਸੇਵਾਦਾਰ ਸਾਂ, ਹੁਣ ਸਿੱਖ ਪੰਥ ਦੀ ਮਾਂ ਬਣਨ ਦਾ ਮਾਣ ਹਾਸਲ ਹੋ ਗਿਆ ਹੈ।' ਕਈ ਸਿੱਖ ਵਿਦਵਾਨਾਂ ਨੇ ਓਦੋਂ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਬੀਬੀ ਹੱਦਾਂ ਲੰਘੀ ਜਾਂਦੀ ਹੈ, ਜੇ ਇਸ ਨੂੰ ਕਿਸੇ ਬੰਧੇਜ ਵਿੱਚ ਨਾ ਬੰਨ੍ਹਿਆ ਗਿਆ ਤਾਂ ਇੱਕ ਦਿਨ ਇਹ ਕੋਈ ਵੱਡਾ ਭੜਾਕਾ ਪਾ ਦੇਵੇਗੀ, ਪਰ ਕਿਸੇ ਨੇ ਇਸ ਦੀ ਚਿੰਤਾ ਨਹੀਂ ਸੀ ਕੀਤੀ, ਜਿਸ ਦਾ ਨਤੀਜਾ ਅਗਲੇ ਸਾਲ ਹੀ ਮਿਲ ਗਿਆ।
ਜਦੋਂ ਜਥੇਦਾਰ ਟੌਹੜਾ ਨੂੰ ਪਾਸੇ ਕੀਤਾ ਗਿਆ, ਉਸ ਦੇ ਥਾਪੇ ਹੋਏ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਣਜੀਤ ਸਿੰਘ ਨੂੰ ਵੀ ਕੱਢ ਕੇ ਉਸ ਦੀ ਥਾਂ ਗਿਆਨੀ ਪੂਰਨ ਸਿੰਘ ਨੂੰ ਉਹ ਪਦਵੀ ਸੌਂਪੀ ਗਈ ਸੀ। ਬੀਬੀ ਉਸ ਨਾਲ ਬਹੁਤਾ ਚਿਰ ਨਾ ਨਿਭਾ ਸਕੀ ਤੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਤੇ ਝਗੜਾ ਏਨਾ ਵਧਾ ਲਿਆ ਕਿ ਜਥੇਦਾਰ ਵੱਲੋਂ ਦਸਵੇਂ ਗੁਰੂ ਸਾਹਿਬ ਦੇ ਗੁਰਪੁਰਬ ਲਈ ਕੱਢੇ ਗਏ ਨਗਰ ਕੀਰਤਨ ਮੌਕੇ ਪਾਲਕੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਫਿਰ ਦੋਵਾਂ ਨੇ ਇੱਕ ਦੂਸਰੇ ਨੂੰ ਸਿੱਖੀ ਵਿੱਚੋਂ ਕੱਢਣ ਦੇ ਹੁਕਮਨਾਮੇ ਜਾਰੀ ਕਰ ਦਿੱਤੇ, ਪਰ ਸ਼੍ਰੋਮਣੀ ਕਮੇਟੀ ਨੂੰ ਬਾਹਰੋਂ ਕੰਟਰੋਲ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਿਬ ਵਗਦੇ ਵਹਿਣ ਵਿੱਚੋਂ ਭਾਰੂ ਧਾਰਾ ਨਾਲ ਵਗਦੇ ਰਹੇ। ਉਨ੍ਹਾ ਨੇ ਬੀਬੀ ਨੂੰ ਸ਼੍ਰੋਮਣੀ ਕਮੇਟੀ ਤੋਂ ਓਦੋਂ ਲਾਂਭੇ ਕੀਤਾ, ਜਦੋਂ ਅਗਲੀ ਚੋਣ ਵਿੱਚ ਸਾਰੇ ਵੱਡੇ ਅਕਾਲੀ ਲੀਡਰ ਉਸ ਦੇ ਵਿਰੋਧ ਵਿੱਚ ਆਣ ਖੜੋਤੇ। ਇਨ੍ਹਾਂ ਅਕਾਲੀ ਲੀਡਰਾਂ ਵੱਲੋਂ ਬੀਬੀ ਦੇ ਵਿਰੁੱਧ ਡਟਵਾਂ ਸਟੈਂਡ ਲੈਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਤਾਂ ਬੀਬੀ ਦੇ ਅੱਖੜਪੁਣੇ ਦੀ ਇਹ ਹੱਦ ਸੀ ਕਿ ਉਹ ਕਿਸੇ ਵੱਡੇ-ਛੋਟੇ ਆਗੂ ਨੂੰ ਟਕੇ ਸੇਰ ਨਹੀਂ ਸੀ ਸਮਝਦੀ। ਸ਼੍ਰੋਮਣੀ ਕਮੇਟੀ ਵਿੱਚ ਜਿਹੜੀਆਂ ਮਨ-ਆਈਆਂ ਉਸ ਨੇ ਕੀਤੀਆਂ, ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪ੍ਰਧਾਨ ਬਣਨ ਮਗਰੋਂ ਆਮ ਦਰਬਾਰ ਲਾ ਕੇ ਕਮੇਟੀ ਦੇ ਵਿਹੜੇ ਵਿੱਚ ਉਨ੍ਹਾਂ ਦੀ ਫੋਲਾ-ਫਾਲੀ ਸਾਰਾ ਦਿਨ ਹੁੰਦੀ ਰਹੀ ਸੀ। ਦੂਸਰਾ ਮਾਮਲਾ ਬੀਬੀ ਵੱਲੋਂ ਆਪਣੀ ਧੀ ਦੇ ਕੇਸ ਵਿੱਚ ਉਲਝਣ ਦਾ ਸੀ ਅਤੇ ਬਹੁਤੇ ਸਿੱਖ ਵਿਦਵਾਨ ਤੇ ਆਗੂ ਇਸ ਨੂੰ ਰਹਿਤਨਾਮੇ ਮੁਤਾਬਕ 'ਕੁੜੀ-ਮਾਰ' ਦੇ ਖਾਤੇ ਦੀ ਬੱਜਰ ਭੁੱਲ ਆਖਦੇ ਸਨ। ਬਾਦਲ ਸਾਹਿਬ ਇਸ ਬਾਰੇ ਸ਼ਾਇਦ ਉਨ੍ਹਾਂ ਨਾਲ ਸਹਿਮਤ ਨਹੀਂ ਸਨ। ਇਹੋ ਕਾਰਨ ਸੀ ਕਿ ਉਹ ਇਸ ਤੋਂ ਬਾਅਦ ਵੀ ਬੀਬੀ ਨੂੰ ਸ਼੍ਰੋਮਣੀ ਕਮੇਟੀ ਤੇ ਵਿਧਾਨ ਸਭਾ ਲਈ ਉਮੀਦਵਾਰ ਬਣਾ ਲੈਂਦੇ ਰਹੇ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਉਸ ਦਾ ਇੱਕ 'ਧੜੱਲੇਦਾਰ' ਆਗੂ ਹੋਣਾ ਵੱਧ ਅਰਥ ਰੱਖਦਾ ਸੀ।
'ਧੜੱਲੇਦਾਰ' ਬੀਬੀ ਦੇ ਕਿਰਦਾਰ ਦਾ ਇਹ ਮਾੜਾ ਪੱਖ ਸੀ ਕਿ ਉਸ ਨੂੰ ਆਪਣੀ ਸਕੀ ਧੀ ਵੱਲੋਂ ਮਰਜ਼ੀ ਦਾ ਵਰ ਚੁਣਨ ਦੀ ਇੱਛਾ ਰੱਖਣਾ ਪਸੰਦ ਨਹੀਂ ਸੀ ਆਇਆ। ਉਹ ਪਹਿਲਾਂ ਵਰਜਦੀ ਰਹੀ। ਕੁੜੀ ਵੀ ਇਹ ਧਾਰ ਚੁੱਕੀ ਸੀ ਕਿ 'ਵਾਰਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ'। ਬਾਪ ਤਾਂ ਹੈ ਨਹੀਂ ਸੀ, ਮਾਂ ਦੇ ਸੁਭਾਅ ਬਾਰੇ ਕੁੜੀ ਜਾਣਦੀ ਸੀ, ਇਸ ਲਈ ਉਹ ਇੱਕ ਦਿਨ ਖਿਸਕ ਗਈ ਅਤੇ ਦੂਜੇ ਸ਼ਹਿਰ ਜਾ ਕੇ ਮਰਜ਼ੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਮਾਂ ਨੇ ਫਿਰ ਬਹਾਨੇ ਨਾਲ ਬੁਲਾਇਆ ਅਤੇ ਕਿਸੇ ਲਿਹਾਜੂ ਦੀ ਕੋਠੀ ਵਿੱਚ ਲਿਜਾ ਕੇ ਉਹ ਕੁਝ ਕਰ ਦਿੱਤਾ, ਜਿਸ ਲਈ ਅੱਜ ਤੱਕ ਵੀ ਉਸ ਨੂੰ ਪਛਤਾਵਾ ਨਹੀਂ ਜਾਪਦਾ।
ਕਿਸੇ ਨੂੰ ਨਹੀਂ ਸੀ ਪਤਾ ਕਿ ਕਦੋਂ ਕੀ ਹੋਇਆ ਤੇ ਕਿਵੇਂ ਹੋਇਆ, 21 ਅਪਰੈਲ 2000 ਦੀ ਦੁਪਹਿਰ ਢਲੀ ਤੋਂ ਅਚਾਨਕ ਹਰ ਪਾਸੇ ਫੋਨ ਖੜਕਣ ਲੱਗ ਪਏ ਕਿ ਬੇਗੋਵਾਲ ਵਿੱਚ ਬੀਬੀ ਜਗੀਰ ਕੌਰ ਦੀ ਵੱਡੀ ਧੀ ਦਾ ਭੇਦ ਭਰੇ ਹਾਲਾਤ ਵਿੱਚ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ। ਸੰਸਕਾਰ ਹੋਣ ਤੱਕ ਕੁੜੀ ਦੀ ਲਾਸ਼ ਲਗਾਤਾਰ ਢੱਕ ਕੇ ਰੱਖੀ ਗਈ, ਕਿਸੇ ਨੂੰ ਉਸ ਦੇ ਅੰਤਮ ਦਰਸ਼ਨ ਵੀ ਨਾ ਕਰਨ ਦਿੱਤੇ ਗਏ ਤੇ ਚਿਖਾ ਨੂੰ ਅਗਨੀ ਦੇਣ ਤੋਂ ਇੱਕ ਘੰਟੇ ਅੰਦਰ ਭੀੜ ਘਟਦੇ ਸਾਰ ਅੱਧੀ ਸੜੀ ਲਾਸ਼ ਬੋਰੀਆਂ ਵਿੱਚ ਭਰ ਕੇ ਗੋਇੰਦਵਾਲ ਸਾਹਿਬ ਦੇ ਪੁਲ ਕੋਲ ਘਾਟ ਬਾਬਾ ਖੜਕ ਸਿੰਘ ਵਿਖੇ ਜਲ ਪ੍ਰਵਾਹ ਕਰ ਕੇ ਉਸ ਦੀ ਯਾਦ ਵਿੱਚ ਬੀਬੀ ਇੱਕ ਬੂਟਾ ਲਾ ਕੇ ਘਰ ਨੂੰ ਮੁੜ ਆਈ। ਏਨੀ ਛੇਤੀ ਅੱਧੀ ਸੜੀ ਲਾਸ਼ ਨੂੰ ਚੁੱਕ ਕੇ ਜਲ ਪ੍ਰਵਾਹ ਕਰਨ ਬਾਰੇ ਦਲੀਲ ਇਹ ਦਿੱਤੀ ਗਈ ਕਿ ਕੁਆਰੀ ਕੁੜੀ ਦੇ ਮਰਨ ਉੱਤੇ ਇੰਜ ਹੀ ਕੀਤਾ ਜਾਂਦਾ ਹੈ, ਪਰ ਅਸਲ ਗੱਲ ਇਹ ਸੀ ਕਿ ਹਰ ਵੇਲੇ ਕਿਸੇ ਕੋਰਟ ਦਾ ਕੋਈ ਹੁਕਮ ਆ ਜਾਣ ਅਤੇ ਲਾਸ਼ ਦਾ ਹੁੰਦਾ ਸੰਸਕਾਰ ਰੋਕੇ ਜਾਣ ਦਾ ਧੁੜਕੂ ਮੁੱਖ ਮੰਤਰੀ ਦੀ ਓਥੇ ਹਾਜ਼ਰੀ ਦੇ ਬਾਵਜੂਦ ਲੱਗਾ ਰਿਹਾ ਸੀ। ਲੱਖ ਯਤਨਾਂ ਦੇ ਬਾਵਜੂਦ ਇਹ ਕਹਾਣੀ ਭੇਦ ਨਾ ਰਹਿ ਸਕੀ ਤੇ ਅੰਤ ਨੂੰ ਹਾਈ ਕੋਰਟ ਦਾ ਦਰਵਾਜ਼ਾ ਠਕੋਰਨ ਦੇ ਬਾਅਦ ਸੀ ਬੀ ਆਈ ਦੇ ਅਹਾਤੇ ਵਿੱਚ ਜਾ ਪਹੁੰਚੀ। ਬੀਬੀ ਦੇ ਵਿਰੁੱਧ ਪਰਚਾ ਦਰਜ ਹੋਇਆ ਤੇ ਉਹ ਕਿਸੇ ਗੁਪਤ ਥਾਂ ਜਾ ਕੇ ਬੈਠ ਗਈ। ਫਿਰ ਉਸ ਦੀ ਜ਼ਮਾਨਤ ਹੋ ਗਈ ਤੇ ਓਦੋਂ ਦੇ ਚੱਲ ਰਹੇ ਕੇਸ ਦਾ ਫੈਸਲਾ ਹੁਣ ਹੋਇਆ ਹੈ।
ਉਸ ਕੁੜੀ ਨਾਲ ਜੋ ਕੁਝ ਵਾਪਰਿਆ, ਉਹ ਕਿਸੇ ਪੱਖੋਂ ਵੀ ਠੀਕ ਨਹੀਂ ਸੀ। ਸਾਡੇ ਸਮਾਜ ਵਿੱਚ ਹੁਣ ਬਹਿਸ ਇਸ ਗੱਲ ਉੱਤੇ ਚੱਲੇਗੀ ਕਿ ਬੀਬੀ ਨੂੰ ਏਦਾਂ ਕਰਨਾ ਚਾਹੀਦਾ ਸੀ ਕਿ ਨਹੀਂ, ਪਰ ਇਹ ਬਹਿਸ ਦਾ ਮੁੱਖ ਮੁੱਦਾ ਨਹੀਂ। ਮੁੱਖ ਮੁੱਦਾ ਤਾਂ ਇਹ ਹੈ ਕਿ ਅਜਿਹਾ ਹੁੰਦਾ ਕਿਉਂ ਹੈ? ਧੀ ਦੀ ਮੌਤ ਦੇ ਹਾਲਾਤ ਪੈਦਾ ਕਰਨ ਦਾ ਪਾਪ ਬੀਬੀ ਇਕੱਲੀ ਨੇ ਨਹੀਂ ਕੀਤਾ, ਕਈ ਹੋਰ ਵੀ ਏਦਾਂ ਕਰ ਚੁੱਕੇ ਹਨ। ਇਹ ਸਾਡੇ ਕੁਝ ਪੰਜਾਬੀਆਂ ਦੀ ਮਾਨਸਿਕਤਾ ਦਾ ਵਿਕਾਰ ਹੈ।
ਸਾਡੇ ਪੰਜਾਬ ਵਿੱਚ ਇਹ ਬਿਮਾਰੀ ਮਿਸਲਾਂ ਦੇ ਵਕਤ ਤੋਂ ਹੈ ਅਤੇ ਇੱਕ ਮਿਸਲ ਦੇ ਸਰਦਾਰ ਨੂੰ ਸਿੱਖ ਪੰਥ ਵਿੱਚੋਂ ਸਿਰਫ ਇਸ ਦੋਸ਼ ਬਦਲੇ ਖਾਰਜ ਕੀਤਾ ਗਿਆ ਸੀ ਕਿ ਉਸ ਨੇ ਕੁੜੀ ਮਾਰਨ ਦਾ ਪਾਪ ਕਮਾਇਆ ਸੀ। ਜਦੋਂ ਅੰਗਰੇਜ਼ ਆਏ, ਓਦੋਂ ਵੀ ਪੰਜਾਬ ਵਿੱਚ ਇਹ ਬਿਮਾਰੀ ਇੱਕ ਰਿਵਾਜ ਵਾਂਗ ਸੀ ਤੇ ਉਨ੍ਹਾਂ ਨੂੰ ਸਖਤੀ ਨਾਲ ਇਸ ਦਾ ਰਾਹ ਰੋਕਣ ਦੇ ਕੁਝ ਪ੍ਰਬੰਧ ਕਰਨੇ ਪਏ ਸਨ। ਫਿਰ ਵੀ ਕੁਝ ਰਾਜ ਘਰਾਣਿਆਂ ਵਿੱਚ ਸਿਰਫ ਰਾਜਕੁਮਾਰ ਜੰਮਦੇ ਰਹੇ, ਰਾਜਕੁਮਾਰੀਆਂ ਕਿਉਂ ਨਹੀਂ ਸਨ ਜੰਮਦੀਆਂ, ਇਸ ਬਾਰੇ ਬਹੁਤਾ ਸੋਚਣ ਦੀ ਪੰਜਾਬ ਦੇ ਲੋਕਾਂ ਨੇ ਕਦੇ ਲੋੜ ਨਹੀਂ ਸੀ ਸਮਝੀ, ਕਿਉਂਕਿ ਉਹ ਅੰਦਰਲੀ ਗੱਲ ਜਾਣਦੇ ਸਨ। ਸਾਡੇ ਸਮਿਆਂ ਵਿੱਚ ਸਮਾਜ ਨੂੰ ਸੇਧ ਦੇਣ ਵਾਲੇ ਇੱਕ ਲੇਖਕ ਦੇ ਸਿਰ ਜਦੋਂ ਇਹੋ ਇਲਜ਼ਾਮ ਲੱਗਾ ਤਾਂ ਉਸ ਨੇ ਇੱਕ ਸਾਹਿਤਕ ਰਸਾਲੇ ਵਿੱਚ ਲੇਖ ਲਿਖ ਕੇ ਧੀ ਦੇ ਕਤਲ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਕੋਈ ਦੋ ਦਹਾਕੇ ਪਹਿਲਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦਾ ਕੇਸ ਸੁਪਰੀਮ ਕੋਰਟ ਤੱਕ ਜਾ ਪਹੁੰਚਿਆ ਸੀ, ਜਿਸ ਨੇ ਮਰਜ਼ੀ ਨਾਲ ਵਿਆਹ ਕਰਨ ਦਾ ਇਰਾਦਾ ਰੱਖਦੀ ਆਪਣੀ ਧੀ ਨੂੰ ਪੁਲਸ ਦੀ ਮਦਦ ਨਾਲ ਲੱਭਣ ਤੇ ਕੁਝ ਕਰ ਗੁਜ਼ਰਨ ਦੀ ਕੋਸ਼ਿਸ਼ ਕੀਤੀ ਸੀ। ਕੁੜੀ ਦੀ ਮਦਦ ਲਈ ਕੋਈ ਪਾਰਲੀਮੈਂਟ ਮੈਂਬਰ ਬਹੁੜ ਪਿਆ, ਪਰ ਹੀਰ ਜਾਂ ਸਾਹਿਬਾਂ ਬਣਨ ਦੀ ਇੱਛਾ ਰੱਖਦੀ ਪੰਜਾਬ ਦੀ ਹਰ ਧੀ ਨੂੰ ਏਦਾਂ ਦੀ ਮਦਦ ਨਹੀਂ ਮਿਲ ਸਕਦੀ, ਇਸ ਕਰ ਕੇ ਉਹ ਹੁਣ ਵੀ ਮਾਰੀਆਂ ਜਾ ਰਹੀਆਂ ਹਨ।
ਹੀਰ ਹੋਵੇ ਜਾਂ ਸਾਹਿਬਾਂ, ਦੋਵੇਂ ਇੱਕੋ ਖਾਨਦਾਨ ਦੀਆਂ ਸਨ ਤੇ ਇਸ ਰਿਸ਼ਤੇ ਤੋਂ ਕੁਝ ਲੋਕ ਉਨ੍ਹਾਂ ਨੂੰ ਭੂਆ-ਭਤੀਜੀ ਆਖ ਦੇਂਦੇ ਹਨ। ਦੋਵਾਂ ਦੇ ਕਿੱਸੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਹਾਸਲ ਗਿਣੇ ਜਾਂਦੇ ਹਨ। ਪੰਜਾਬ ਦਾ ਕੋਈ ਅਖਾੜਾ ਇਹੋ ਜਿਹਾ ਨਹੀਂ, ਜਿਸ ਵਿੱਚ ਇਨ੍ਹਾਂ ਦੀ ਗੱਲ ਨਾ ਹੁੰਦੀ ਹੋਵੇ ਅਤੇ ਲੋਕ ਇਸ ਉੱਤੇ ਖੁਸ਼ੀ ਵਿੱਚ ਝੂਮਦੇ ਨਾ ਹੋਣ। ਪਿਛਲੇ ਦਿਨੀਂ ਪਾਕਿਸਤਾਨ ਤੋਂ ਹੋ ਕੇ ਆਏ ਭਾਰਤੀ ਪੰਜਾਬ ਦੇ ਇੱਕ ਲੇਖਕ ਨੇ ਦੱਸਿਆ ਕਿ ਉਹ ਹੀਰ ਦਾ ਪਿੰਡ ਵੇਖਣ ਗਿਆ ਸੀ, ਪਰ ਇਹ ਵੇਖ ਕੇ ਨਿਰਾਸ਼ਾ ਹੋਈ ਕਿ ਜਿਸ ਹੀਰ ਨੂੰ ਸੰਸਾਰ ਭਰ ਵਿੱਚ ਪੰਜਾਬੀ ਏਨਾ ਮਾਣ ਦੇਂਦੇ ਹਨ, ਉਸ ਦਾ ਨਾਂਅ ਲੈਣ ਉੱਤੇ ਉਸ ਦੇ ਪਿੰਡ ਦੇ ਕਈ ਲੋਕ ਨੱਕ ਮਰੋੜਦੇ ਹਨ। ਇਸ ਦਾ ਕਾਰਨ ਸਮਝਣਾ ਚਾਹੀਦਾ ਹੈ। ਭਗਤ ਸਿੰਘ ਦੀ ਕੁਰਬਾਨੀ ਬਹੁਤ ਹੈ, ਪਰ ਕੋਈ ਵੀ ਆਪਣਾ ਪੁੱਤ ਸ਼ਹੀਦ ਹੋਇਆ ਨਹੀਂ ਵੇਖਣਾ ਚਾਹੁੰਦਾ, ਸਗੋਂ ਬਿਨਾਂ ਕਹਿਣ ਤੋਂ ਵੀ ਆਮ ਆਦਮੀ ਇਹ ਇੱਛਾ ਰੱਖਦਾ ਹੈ ਕਿ ਜੇ ਭਗਤ ਸਿੰਘ ਨੇ ਦੋਬਾਰਾ ਜੰਮਣਾ ਤੇ ਫਿਰ ਸ਼ਹੀਦੀ ਵੀ ਪਾਉਣੀ ਹੈ ਤਾਂ ਗਵਾਂਢੀਆਂ ਦੇ ਹੀ ਘਰ ਜੰਮ ਪਵੇ। ਹੀਰ ਹੋਵੇ ਜਾਂ ਸਾਹਿਬਾਂ, ਉਨ੍ਹਾਂ ਦੇ ਮਾਮਲੇ ਵਿੱਚ ਵੀ ਇਹੋ ਧਾਰਨਾ ਹੈ। ਪੰਜਾਬ ਦੇ ਲੋਕ ਇਹ ਤਾਂ ਚਾਹੁੰਦੇ ਹਨ ਕਿ ਪਿਆਰ ਹੋਣਾ ਚਾਹੀਦਾ ਹੈ, ਇਸ਼ਕ ਦੇ ਕਿੱਸੇ ਜਿਵੇਂ ਕਦੇ ਝਨਾਂ ਦੇ ਪਾਣੀ ਦੀਆਂ ਲਹਿਰਾਂ ਬਣ ਕੇ ਵਗਦੇ ਹੁੰਦੇ ਸਨ, ਉਵੇਂ ਹੁਣ ਵੀ ਵਹਿਣੇ ਚਾਹੀਦੇ ਹਨ, ਪਰ ਸਾਡੇ ਖਾਨਦਾਨ ਦਾ ਨਾਂਅ ਇਸ ਨਾਲ ਨਹੀਂ ਜੁੜਨਾ ਚਾਹੀਦਾ।
ਸਾਡਾ ਪੰਜਾਬ ਉਹੋ ਪੁਰਾਣਾ ਸਪਤ-ਸਿੰਧੂ ਹੈ, ਜਿੱਥੇ ਕਦੇ 'ਸਵੰਬਰ' ਰਚਣ ਦੀ ਰੀਤ ਹੁੰਦੀ ਸੀ। 'ਸਵੰਬਰ' ਦਾ ਭਾਵ ਹਿੰਦੀ ਜਾਂ ਸੰਸਕ੍ਰਿਤ ਦੇ ਸ਼ਬਦਾਂ 'ਸਵਿਅਮ' ਅਤੇ 'ਵਰ' ਦਾ ਜੋੜ ਹੁੰਦਾ ਸੀ, ਜਿਸ ਵਿੱਚ ਕੁੜੀ ਨੂੰ ਆਪਣਾ ਵਰ ਆਪ ਚੁਣਨ ਦੀ ਖੁੱਲ੍ਹ ਦਿੱਤੀ ਜਾਂਦੀ ਸੀ। ਰਾਮ ਨੇ ਸਵੰਬਰ ਨਹੀਂ ਸੀ ਰਚਿਆ, ਸੀਤਾ ਵੱਲੋਂ ਰਚਿਆ ਗਿਆ ਸੀ, ਜਿਸ ਵਿੱਚ ਕਈ ਰਾਜਕੁਮਾਰ ਆਏ ਤੇ ਉਨ੍ਹਾਂ ਵਿੱਚੋਂ ਇੱਕ ਨੂੰ ਚੁਣਨ ਲਈ ਧਨੁੱਖ ਤੋੜਨ ਦੀ ਸ਼ਰਤ ਸੀਤਾ ਨੇ ਰੱਖੀ ਸੀ। ਅਰਜਨ ਵੀ ਜਦੋਂ ਮੱਛੀ ਦੀ ਅੱਖ ਵਿੱਚ ਤੀਰ ਮਾਰ ਕੇ ਦਰੋਪਦੀ ਨੂੰ ਵਿਆਹ ਕੇ ਲਿਆਇਆ ਸੀ, ਉਹ ਸਵੰਬਰ ਦਰੋਪਦੀ ਨਾਂਅ ਦੀ ਕਿਸੇ ਦੀ ਧੀ ਨੇ ਰਚਿਆ ਸੀ। ਪਤੀ ਦੀ ਚੋਣ ਦਾ ਹੱਕ ਧੀਆਂ ਕੋਲ ਹੁੰਦਾ ਸੀ, ਪੁੱਤਰਾਂ ਨੂੰ ਕਤਾਰ ਵਿੱਚ ਲੱਗ ਕੇ ਉਨ੍ਹਾਂ ਮੂਹਰੇ ਉਮੀਦਵਾਰ ਵਜੋਂ ਪੇਸ਼ ਹੋਣਾ ਪੈਂਦਾ ਸੀ।
ਅੱਜ ਦੇ ਪੰਜਾਬ ਵਿੱਚ ਧੀਆਂ ਤੋਂ 'ਸਵੰਬਰ ਰਚਣ', ਖੁਦ ਫੈਸਲਾ ਕਰਨ, ਦਾ ਹੱਕ ਖੋਹ ਕੇ ਮਰਜ਼ੀ ਕਰਨ ਦਾ ਮੌਕਾ ਪੁੱਤਰਾਂ ਨੂੰ ਦੇ ਦਿੱਤਾ ਗਿਆ ਹੈ, ਜਿਸ ਵਿੱਚ ਕਈ ਵਿਗੜੇ ਹੋਏ ਕਾਕਿਆਂ ਨੇ ਇੱਕ ਕੁੜੀ ਚੁਣੀ, ਵਿਆਹ ਕੇ ਮਾਰ ਦਿੱਤੀ ਜਾਂ ਚਾਰ ਦਿਨਾਂ ਦਾ ਮੇਲਾ ਮਨਾ ਕੇ ਵਿਸਾਰ ਦਿੱਤੀ ਤੇ ਦੂਸਰੀ ਤੇ ਫਿਰ ਤੀਸਰੀ ਲੱਭਣ ਦਾ ਬਦਮਾਸ਼ੀ ਭਰਿਆ ਸ਼ੁਗਲ ਬਣਾ ਲਿਆ ਹੈ। ਇਸ ਕੁਚੱਜ ਦੀ ਅਸੀਂ ਸਾਰੇ ਨਿੰਦਾ ਕਰਦੇ ਹਾਂ, ਪਰ ਰੋਗ ਦੀ ਜੜ੍ਹ ਨਹੀਂ ਫੜਦੇ। ਜੜ੍ਹ ਫੜਾਂਗੇ ਤਾਂ ਇਸ ਦਾ ਇਲਾਜ ਸਾਨੂੰ ਇਸ ਗੱਲ ਵਿੱਚ ਦਿਖਾਈ ਦੇਣ ਲੱਗੇਗਾ ਕਿ ਵਰ ਦੇ ਹੱਥ ਵਿੱਚ ਮਰਜ਼ੀ ਦਾ ਹੱਕ ਦੇਣ ਤੇ ਉਸ ਦੀ ਦੁਰਵਰਤੋਂ ਦੇ ਮੌਕੇ ਪੈਦਾ ਕਰਨ ਦੀ ਥਾਂ ਧੀਆਂ ਨੂੰ 'ਸਵਿਅਮ-ਵਰ' ਦੀ ਚੋਣ ਕਰਨ ਦਾ ਮੌਕਾ ਦੇਣ ਲਈ 'ਸਵੰਬਰ' ਵਰਗੀ ਵਿਰਾਸਤੀ ਰੀਤ ਨੂੰ ਮੁੜ ਸੁਰਜੀਤ ਕੀਤਾ ਜਾਵੇ। ਜਦੋਂ ਤੱਕ ਅਸੀਂ ਰੋਗ ਦੀ ਜੜ੍ਹ ਨਹੀਂ ਫੜਨੀ, ਉਸ ਦਾ ਅਸਲੀ ਇਲਾਜ ਨਹੀਂ ਕਰਨਾ, ਓਦੋਂ ਤੱਕ ਕਿਸੇ ਜਗੀਰ ਕੌਰ ਦੇ ਕੇਸ ਦੀ ਚਰਚਾ ਕਰ ਲੈਣੀ ਕਾਫੀ ਹੈ, ਮਾਨਸਿਕਤਾ ਦੇ ਵਿਕਾਰ ਵਾਲੇ ਉਸ ਵਰਤਾਰੇ ਦੀ ਕਦੇ ਨਹੀਂ ਕੀਤੀ ਜਾ ਸਕਣੀ, ਜਿਸ ਦੀ ਕਰਨ ਦੀ ਲੋੜ ਇਸ ਵਕਤ ਪੰਜਾਬ ਦੇ ਸੱਭਿਆਚਾਰਕ ਏਜੰਡੇ ਉੱਤੇ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ।

No comments:

Post a Comment