ਦ੍ਰਿਸ਼ਟੀਕੋਣ (69)-ਜਤਿੰਦਰ ਪਨੂੰ

ਇਹ ਹਾਲਾਤ ਜ਼ਿੰਮੇਵਾਰ ਹਨ ਭਾਰਤ ਵਿੱਚ ਲਗਾਤਾਰ ਵਧੀ ਜਾਂਦੇ ਅਪਰਾਧਾਂ ਲਈ
ਕਿਸੇ ਇੱਕ ਜਾਂ ਦੂਸਰੇ ਰਾਜ ਦੀ ਗੱਲ ਨਹੀਂ, ਅੱਜ ਦੇ ਭਾਰਤ ਵਿੱਚ ਲੱਗਭੱਗ ਹਰ ਰਾਜ ਵਿੱਚ ਜੁਰਮਾਂ ਦੀ ਗਿਣਤੀ ਵਿੱਚ ਵਾਧਾ ਹੋਈ ਜਾ ਰਿਹਾ ਹੈ। ਇਸ ਦੀਆਂ ਖਬਰਾਂ ਅਖਬਾਰਾਂ ਵਿੱਚ ਛਪਦੀਆਂ ਹਨ ਤਾਂ ਲੋਕ ਹੁਣ ਬਹੁਤੇ ਗੌਰ ਨਾਲ ਨਹੀਂ ਪੜ੍ਹਦੇ। ਉਹ ਇਹ ਸੋਚ ਕੇ ਸਿਰਲੇਖ ਪੜ੍ਹ ਕੇ ਛੱਡ ਦੇਂਦੇ ਹਨ ਕਿ ਇਹ ਤਾਂ ਨਿੱਤ ਦੀ ਗੱਲ ਹੈ। ਜਿਸ ਦੇ ਆਪਣੇ ਨਾਲ ਕੁਝ ਵਾਪਰ ਜਾਂਦਾ ਹੈ, ਉਹ ਚੀਕਾਂ ਮਾਰਦਾ ਹੈ, ਪਰ ਉਸ ਦੇ ਗਵਾਂਢੀ ਵੀ ਹਮਦਰਦੀ ਪ੍ਰਗਟ ਕਰਨ ਤੋਂ ਅੱਗੇ ਵਧ ਕੇ ਕੁਝ ਕਰਨ ਦੀ ਲੋੜ ਨਹੀਂ ਸਮਝਦੇ। ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਅਪਰਾਧਾਂ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਮੁੰਬਈ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਤੇ ਅਪਰਾਧਾਂ ਪੱਖੋਂ ਵੀ ਹਾਜੀ ਮਸਤਾਨ ਦੇ ਵਕਤ ਤੋਂ ਲੈ ਕੇ ਮਾਫੀਆ ਗਰੋਹਾਂ ਲਈ ਇਹ ਚੰਬਲ ਦੀ ਘਾਟੀ ਨਾਲੋਂ ਵੱਧ ਸੁਰੱਖਿਅਤ ਬਣਿਆ ਪਿਆ ਹੈ।
ਕੰਡੇ ਨਾਲ ਕੰਡਾ ਕੱਢਣ ਦੀ ਨੀਤੀ ਅਧੀਨ ਪੁਲਸ ਤੇ ਸੁਰੱਖਿਆ ਫੋਰਸਾਂ ਨੇ ਕਈ ਅਪਰਾਧੀ ਗੈਂਗ ਆਪ ਵੀ ਪੈਦਾ ਕੀਤੇ ਹੋਏ ਹਨ। ਪੁਲਸ ਅਫਸਰਾਂ ਦੀ ਆਪੋ ਵਿੱਚ ਕਿੜ ਹੁੰਦੀ ਹੈ। ਇੱਕ-ਦੂਸਰੇ ਦੇ ਬੰਦੇ ਫੜਨ ਤੇ ਆਪਣਿਆਂ ਨੂੰ ਫੜੇ ਹੋਇਆਂ ਨੂੰ ਛੁਡਾ ਦੇਣ ਦਾ ਚਾਰਾ ਕੀਤਾ ਜਾਂਦਾ ਹੈ। ਨਤੀਜੇ ਵਜੋਂ ਦੇਸ਼ ਭਰ ਵਿੱਚ ਅਪਰਾਧੀਆਂ ਦੀ ਗਿਣਤੀ ਏਨੀ ਵਧ ਗਈ ਹੈ ਕਿ ਹੁਣ ਉਹ ਪੁਰਾਣਾ ਮੁਹਾਵਰਾ ਬੇਲੋੜਾ ਹੋ ਗਿਆ ਹੈ ਕਿ 'ਇੱਟ ਪੁੱਟਿਆਂ ਬਦਮਾਸ਼ ਨਿਕਲਦੇ ਹਨ।' ਹੁਣ ਇੱਟਾਂ ਪੁੱਟਣ ਦੀ ਲੋੜ ਨਹੀਂ, ਬਜ਼ਾਰਾਂ ਵਿੱਚ ਵੀ ਸਰੇਆਮ ਅਪਰਾਧੀ ਘੁੰਮ ਰਹੇ ਹਨ, ਧਰਮ ਅਸਥਾਨਾਂ ਵਿੱਚ ਵੀ ਅਤੇ ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਅੰਦਰ ਵੀ ਪੁੱਜਣ ਲੱਗ ਪਏ ਹਨ।
ਇਹ ਗੱਲ ਅਕਸਰ ਪੁੱਛੀ ਜਾਂਦੀ ਹੈ ਕਿ ਕੀ ਕੋਈ ਇਹੋ ਜਿਹਾ ਪ੍ਰਬੰਧ ਹੋ ਸਕਦਾ ਹੈ ਕਿ ਅਪਰਾਧੀਆਂ ਨੂੰ ਨਕੇਲ ਪਾਈ ਜਾ ਸਕੇ? ਹੋ ਤਾਂ ਸਕਦਾ ਹੈ, ਪਰ ਇਸ ਲਈ ਪਹਿਲਾਂ ਸਮੱਸਿਆ ਨੂੰ ਸਮਝਣਾ ਪਵੇਗਾ। ਅਸੀਂ ਪਿਛਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਇੱਕ ਵੱਖਰੇ ਪੱਖ ਤੋਂ ਵੇਖਿਆ ਹੈ। ਹਰ ਖਬਰ ਦੱਸਦੀ ਹੈ ਕਿ ਬਿਮਾਰੀ ਦਾ ਇਲਾਜ ਨਹੀਂ ਕੀਤਾ ਜਾ ਰਿਹਾ, ਜੋ ਕੁਝ ਹੋ ਰਿਹਾ ਹੈ, ਉਹ ਇਲਾਜ ਨਾ ਹੋ ਕੇ ਸਿਰਫ ਓਹੜ-ਪੋਹੜ ਜਾਪਦਾ ਹੈ। ਜਿਹੜੀ ਗੱਲ ਅੱਜ ਮਾਮੂਲੀ ਜਾਪਦੀ ਹੈ, ਜੇ ਉਹ ਅੱਗੇ ਵਧਣ ਤੋਂ ਰੋਕਣ ਦੀ ਥਾਂ ਅੱਖੋਂ-ਪਰੋਖੇ ਕਰਨ ਦਾ ਰਾਹ ਫੜ ਲਿਆ ਜਾਵੇ ਤਾਂ ਕੱਲ੍ਹ ਨੂੰ ਵੱਡੀ ਬਿਮਾਰੀ ਦਾ ਰੂਪ ਧਾਰ ਕੇ ਸਮਾਜ ਲਈ ਸਮੱਸਿਆ ਬਣ ਸਕਦੀ ਹੈ।
ਪਿਛਲੇ ਦਿਨੀਂ ਇੱਕ ਥਾਂ ਤੋਂ ਇਹ ਖਬਰ ਆਈ ਕਿ ਜੰਮੂ-ਕਸ਼ਮੀਰ ਵਿੱਚ ਇੱਕ ਬੀਬੀ ਓਦੋਂ ਗ੍ਰਿਫਤਾਰ ਕਰ ਲਈ ਗਈ, ਜਦੋਂ ਉਹ ਇੱਕ ਹਸਪਤਾਲ ਵਿੱਚੋਂ ਕਿਸੇ ਦਾ ਬੱਚਾ ਚੋਰੀ ਕਰ ਕੇ ਖਿਸਕਣ ਲੱਗੀ ਸੀ। ਪੁੱਛਣ ਉੱਤੇ ਉਸ ਨੇ ਮੰਨਿਆ ਕਿ ਉਹ ਇਸ ਬੱਚੇ ਨੂੰ ਅੱਗੇ ਵੇਚਣਾ ਚਾਹੁੰਦੀ ਸੀ। ਅਗਲੀ ਖਬਰ ਇਸ ਕੇਸ ਦੇ ਸੰਬੰਧ ਵਿੱਚ ਇਹ ਆ ਗਈ ਕਿ ਬੀਬੀ ਦੇ ਕਹਿਣ ਮੁਤਾਬਕ ਉਹ ਇੱਕ ਗਰੋਹ ਲਈ ਕੰਮ ਕਰਦੀ ਹੈ, ਜਿਹੜਾ ਇਸ ਤਰ੍ਹਾਂ ਹਸਪਤਾਲਾਂ ਵਿੱਚੋਂ ਬੱਚੇ ਚੁੱਕ ਕੇ ਵੇਚਣ ਦਾ ਕੰਮ ਕਰਦਾ ਹੈ। ਭਾਰਤ ਦੇ ਸਾਰੇ ਟੀ ਵੀ ਚੈਨਲਾਂ ਉੱਤੇ ਇਹ ਖਬਰ ਆ ਗਈ, ਨਾਲ ਕੁਝ ਪੁਲਸ ਅਫਸਰਾਂ ਦੇ ਚਿਹਰੇ ਵੀ ਵੇਖਣ ਨੂੰ ਮਿਲ ਗਏ। ਆਮ ਲੋਕਾਂ ਨੂੰ ਇਹ ਗੱਲ ਬਾਹਲੀ ਦੇਰ ਚੇਤੇ ਰੱਖਣ ਦੀ ਲੋੜ ਭਾਵੇਂ ਨਾ ਹੋਵੇ, ਸਾਡੇ ਵਰਗੇ ਕੁਝ ਲੋਕ ਇਸ ਪੱਖ ਤੋਂ ਸੋਚਣ ਲੱਗ ਪੈਂਦੇ ਹਨ ਕਿ ਜੇ ਉਹ ਔਰਤ ਬੱਚੇ ਵੇਚਣ ਦਾ ਕੰਮ ਕਰਦੀ ਸੀ ਤਾਂ ਉਸ ਤੋਂ ਇਹ ਕਿਉਂ ਨਾ ਪੁੱਛਿਆ ਗਿਆ ਕਿ ਹੁਣ ਤੱਕ ਉਸ ਨੇ ਕਿੰਨੇ ਬੱਚੇ ਕਿੱਥੇ-ਕਿੱਥੇ ਵੇਚੇ ਹਨ ਤੇ ਉਸ ਦੇ ਗਰੋਹ ਦੇ ਹੋਰ ਲੋਕ ਕਿਹੜੇ ਹਨ? ਇਹ ਮੰਨਿਆ ਜਾ ਸਕਦਾ ਹੈ ਕਿ ਔਰਤ ਏਨਾ ਕੁਝ ਨਹੀਂ ਜਾਣਦੀ ਹੋਵੇਗੀ, ਪਰ ਉਸ ਤੋਂ ਇਹ ਵੀ ਨਾ ਪੁੱਛਿਆ ਗਿਆ ਕਿ ਉਸ ਨੇ ਆਪ ਹੁਣ ਤੱਕ ਕਿੰਨੇ ਬੱਚੇ ਕਿੱਥੋਂ-ਕਿੱਥੋਂ ਚੁੱਕ ਕੇ ਆਪਣੇ ਗਰੋਹ ਨੂੰ ਦਿੱਤੇ ਸਨ? ਜੇ ਇਹ ਸਾਰਾ ਕੁਝ ਨਾ ਪਤਾ ਕੀਤਾ ਜਾਵੇ ਤਾਂ ਦੋ ਗੱਲਾਂ ਬਾਰੇ ਸੋਚਣ ਦਾ ਕਿਸੇ ਨੂੰ ਵੀ ਹੱਕ ਹੈ। ਪਹਿਲੀ ਇਹ ਕਿ ਉਸ ਔਰਤ ਨੇ 'ਬੱਚਾ' ਚੁੱਕਿਆ ਸੀ, ਪਰ 'ਬੱਚੇ' ਚੁੱਕਣ ਦੀ ਗੱਲ ਪੁਲਸ ਦੀ ਕਾਮਯਾਬੀ ਨੂੰ ਵੱਧ ਵਿਖਾਉਣ ਲਈ ਕਹੀ ਗਈ ਸੀ। ਜਾਂ ਫਿਰ ਦੂਸਰੀ ਇਹ ਕਿ ਬੀਬੀ ਨੂੰ ਬਲੀ ਦਾ ਬੱਕਰਾ ਬਣਾ ਕੇ ਪੇਸ਼ ਕਰਨ ਪਿੱਛੋਂ ਉਸ ਤੋਂ ਇਹ ਕੰਮ ਕਰਾਉਣ ਵਾਲਾ ਗਰੋਹ ਬਚ ਕੇ ਨਿਕਲ ਗਿਆ ਅਤੇ ਉਸ ਦਾ ਪਿੱਛਾ ਨਾ ਕਰਨ ਦੀ ਕਿਸੇ ਨਾ ਕਿਸੇ ਨੇ ਕੀਮਤ ਵਸੂਲ ਲਈ ਹੈ। ਦੋਵੇਂ ਗੱਲਾਂ ਵਿੱਚੋਂ ਜਿਹੜੀ ਵੀ ਹੋਈ ਹੋਵੇ, ਉਹ ਗਲਤ ਹੈ।
ਐਨ ਇਹੋ ਜਿਹਾ ਕਿੱਸਾ ਗੱਡੀਆਂ ਚੋਰੀ ਕਰਨ ਦੇ ਧੰਦੇ ਦਾ ਹੈ। ਗੱਡੀਆਂ ਮਹਿੰਗੀਆਂ ਵੀ ਚੋਰੀ ਹੁੰਦੀਆਂ ਹਨ ਅਤੇ ਥੋੜ੍ਹੇ ਮੁੱਲ ਵਾਲੀਆਂ ਵੀ। ਪਿਛਲੇ ਦਿਨੀਂ ਜਲੰਧਰ ਦੇ ਨੇੜੇ ਇੱਕ ਫਾਰਮ ਹਾਊਸ ਵਿੱਚ ਪੁਲਸ ਨੇ ਛਾਪਾ ਮਾਰ ਕੇ ਇੱਕ ਚੋਰੀ ਕੀਤਾ ਹੋਇਆ ਟਰੱਕ ਉਧੇੜਿਆ ਜਾਂਦਾ ਵੇਖ ਲਿਆ। ਪਤਾ ਲੱਗਾ ਕਿ ਇਹ ਗਰੋਹ ਗੱਡੀਆਂ ਚੋਰੀ ਕਰਨ ਮਗਰੋਂ ਉਨ੍ਹਾਂ ਨੂੰ ਉਧੇੜ ਕੇ ਵੱਖੋ-ਵੱਖ ਚੀਜ਼ਾਂ ਕਬਾੜੀਆਂ ਨੂੰ ਰਾਤੋ-ਰਾਤ ਵੇਚ ਦੇਣ ਦਾ ਕੰਮ ਕਰਦਾ ਸੀ। ਇਸ ਪਿੱਛੋਂ ਉਨ੍ਹਾਂ ਦੀ ਪੁੱਛਗਿੱਛ ਤੋਂ ਹੁਣ ਤੱਕ ਚੋਰੀ ਕਰ ਕੇ ਉਧੇੜ ਕੇ ਵੇਚੇ ਗਏ ਟਰੱਕਾਂ ਆਦਿ ਦੀ ਵੱਡੀ ਗਿਣਤੀ ਦਾ ਪਤਾ ਲੱਗਣ ਦੀ ਉਡੀਕ ਸੀ, ਪਰ ਇਹੋ ਜਿਹੀ ਕੋਈ ਵੀ ਖਬਰ ਫਿਰ ਨਹੀਂ ਸੁਣੀ ਗਈ।
ਚੋਰਾਂ ਦੇ ਹੱਥ ਕਾਨੂੰਨ ਦੇ ਹੱਥਾਂ ਤੋਂ ਬਹੁਤ ਲੰਮੇ ਹਨ। ਇਸ ਦੀ ਮਿਸਾਲ ਪਿਛਲੇ ਦਿਨੀਂ ਹਰਿਆਣੇ ਤੋਂ ਪਤਾ ਲੱਗੀ ਹੈ। ਸੂਚਨਾ ਅਧਿਕਾਰ ਕਾਨੂੰਨ ਦੀ ਵਰਤੋਂ ਕਰਨ ਵਾਲੇ ਇੱਕ ਬੰਦੇ ਨੂੰ ਪਤਾ ਲੱਗਾ ਕਿ ਇੱਕ ਟਰੱਕ ਅਤੇ ਇੱਕ ਸਕੂਟਰ ਇੱਕੋ ਨੰਬਰ ਲਾ ਕੇ ਘੁੰਮ ਰਹੇ ਹਨ। ਉਸ ਨੇ ਜ਼ਿਲਾ ਟਰਾਂਸਪੋਰਟ ਦਫਤਰ ਤੋਂ ਉਸ ਨੰਬਰ ਬਾਰੇ ਜਾਣਕਾਰੀ ਮੰਗ ਲਈ। ਜਦੋਂ ਦਫਤਰ ਨੇ ਉਹ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਬਾਕਾਇਦਾ ਸ਼ਿਕਾਇਤ ਕਰ ਕੇ ਇਹ ਕੰਮ ਕਰਵਾ ਲਿਆ ਤੇ ਪਤਾ ਇਹ ਲੱਗਾ ਕਿ ਇੱਕੋ ਨੰਬਰ ਇੱਕ ਸਕੂਟਰ ਤੇ ਇੱਕ ਟਰੱਕ ਨੂੰ ਹੀ ਨਹੀਂ, ਇੱਕ ਕਾਰ ਨੂੰ ਵੀ ਜਾਰੀ ਕੀਤਾ ਗਿਆ ਸੀ। ਉਸ ਨੇ ਤਿੰਨਾਂ ਦੇ ਇੰਜਣ ਨੰਬਰ ਤੇ ਚੈਸੀਜ਼ ਨੰਬਰ ਲੈ ਕੇ ਉਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਤੋਂ ਪਤਾ ਕੀਤਾ ਕਿ ਇਹ ਕਿਸ ਵਿਅਕਤੀ ਨੂੰ ਵੇਚੇ ਗਏ ਸਨ ਤੇ ਅਗਲੀ ਪੁੱਛ-ਪੜਤਾਲ ਵਿੱਚ ਇਹ ਭੇਦ ਖੁੱਲ੍ਹ ਗਿਆ ਕਿ ਉਨ੍ਹਾਂ ਵਿੱਚੋਂ ਦੋ ਗੱਡੀਆਂ ਚੋਰੀ ਦੀਆਂ ਸਨ ਤੇ ਜਿਸ ਨੂੰ ਪਹਿਲਾ ਨੰਬਰ ਜਾਰੀ ਕੀਤਾ ਗਿਆ ਸੀ, ਸਿਰਫ ਉਹੋ ਅਸਲੀ ਮਾਲਕ ਦੇ ਕੋਲ ਸੀ। ਸਾਫ ਹੈ ਕਿ ਚੋਰ ਗੱਡੀਆਂ ਚੋਰੀ ਕਰ ਕੇ ਜ਼ਿਲਾ ਟਰਾਂਸਪੋਰਟ ਦਫਤਰ ਤੋਂ ਕਿਸੇ ਉਤਲੇ ਜਾਂ ਹੇਠਲੇ ਅਧਿਕਾਰੀ ਨਾਲ ਮਿਲ ਕੇ ਜਾਲ੍ਹੀ ਨੰਬਰ ਜਾਰੀ ਕਰਵਾ ਲੈਂਦੇ ਸਨ ਤੇ ਫਿਰ ਅੱਗੇ ਵੇਚ ਦੇਂਦੇ ਸਨ। ਇਹ ਚਰਚਾ ਆਮ ਹੈ ਕਿ ਪੰਜਾਬ ਤੋਂ ਮਹਿੰਗੀਆਂ ਗੱਡੀਆਂ ਚੋਰੀ ਕਰ ਕੇ ਅਸਾਮ, ਬੰਗਾਲ ਜਾਂ ਤਾਮਿਲ ਨਾਡੂ ਵਿੱਚ ਜਾ ਕੇ ਵੇਚੀਆਂ ਜਾਂਦੀਆਂ ਹਨ ਤੇ ਓਥੋਂ ਲਿਆਂਦੀਆਂ ਗੱਡੀਆਂ ਨੂੰ ਲੁਧਿਆਣਾ, ਜਲੰਧਰ ਜਾਂ ਅੰਮ੍ਰਿਤਸਰ ਵਿੱਚ ਬੈਠੇ ਕੁਝ ਡੀਲਰ ਅੱਗੇ ਕਿਸੇ ਦੇ ਪੇਟੇ ਪਾ ਕੇ ਪੈਸੇ ਕਮਾ ਲੈਂਦੇ ਹਨ।
ਚੋਰੀ ਤੋਂ ਲੈ ਕੇ ਅਗਵਾ ਕਰਨ ਤੱਕ ਦਾ ਧੰਦਾ ਕਰਨ ਵਾਲੇ ਗਰੋਹ ਹੁਣ ਇੱਕ ਰਾਜ ਵਿੱਚ ਰਹਿ ਕੇ ਕੰਮ ਕਰਨ ਦੀ ਥਾਂ ਕਈ-ਕਈ ਰਾਜਾਂ ਵਿੱਚ ਤਾਣਾ ਤਣ ਕੇ ਕੰਮ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਲਈ ਬਚਣਾ ਸੌਖਾ ਹੋ ਜਾਂਦਾ ਹੈ। ਕਈ ਸਾਲ ਪਹਿਲਾਂ ਸਾਡੇ ਧਿਆਨ ਵਿੱਚ ਇੱਕ ਅਜੀਬ ਕੇਸ ਆਇਆ ਸੀ, ਜਿਸ ਵਿੱਚ ਇੱਕੋ ਜੁਰਮ ਕਈ ਰਾਜਾਂ ਵਿੱਚ ਖਿਲਾਰ ਕੇ ਕੀਤਾ ਗਿਆ ਤੇ ਉਨ੍ਹਾਂ ਸਾਰੇ ਰਾਜਾਂ ਦੀ ਪੁਲਸ ਨੂੰ ਪਤਾ ਹੋਣ ਦੇ ਬਾਵਜੂਦ ਕੇਸ ਕਿਸੇ ਥਾਂ ਵੀ ਦਰਜ ਨਹੀਂ ਸੀ ਕੀਤਾ ਗਿਆ। ਚੰਡੀਗੜ੍ਹ ਵਿੱਚ ਪੜ੍ਹਦੇ ਪੰਜਾਬ ਦੇ ਕੁਝ ਵੱਡੇ ਘਰਾਂ ਦੇ ਕਾਕਿਆਂ ਨੇ ਗੈਂਗ ਬਣਾ ਕੇ ਹਰਿਆਣੇ ਤੋਂ ਇੱਕ ਕਾਰੋਬਾਰੀ ਬੰਦਾ ਅਗਵਾ ਕੀਤਾ। ਉਸ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰੱਖਿਆ ਗਿਆ। ਸੌਦਾ ਦਿੱਲੀ ਵਿੱਚ ਬੈਠ ਕੇ ਸਿਰੇ ਚਾੜ੍ਹਿਆ ਗਿਆ ਤੇ ਪੈਸੇ ਦਾ ਲੈਣ-ਦੇਣ ਕਰਨਾਟਕਾ ਵਿੱਚ ਕਰਨ ਪਿੱਛੋਂ ਬੰਦਾ ਬਿਹਾਰ ਵਿੱਚ ਜਾ ਕੇ ਛੱਡਿਆ ਗਿਆ। ਇੰਜ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਕਰਨਾਟਕਾ ਅਤੇ ਬਿਹਾਰ ਦੇ ਸੱਤ ਰਾਜਾਂ ਦੀ ਪੁਲਸ ਇਸ ਗੱਲ ਵਿੱਚ ਉਲਝ ਗਈ ਕਿ ਕੇਸ ਕੌਣ ਦਰਜ ਕਰੇ? ਜਿਸ ਰਾਜ ਦੀ ਪੁਲਸ ਕੇਸ ਦਰਜ ਕਰਦੀ, ਉਸ ਦੇ ਅਪਰਾਧਾਂ ਦੇ ਸਾਲਾਨਾ ਖਾਤੇ ਵਿੱਚ ਇੱਕ ਵਾਰਦਾਤ ਹੋਰ ਵਧ ਜਾਣੀ ਸੀ, ਇਸ ਲਈ ਹਰ ਕਿਸੇ ਨੇ ਦੂਸਰੇ ਦੇ ਸਿਰ ਜ਼ਿੰਮੇਵਾਰੀ ਸੁੱਟੀ ਤੇ ਨਤੀਜੇ ਵਜੋਂ ਸਾਰਿਆਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਉਸ ਦਾ ਕੇਸ ਦਰਜ ਨਹੀਂ ਸੀ ਹੋਇਆ। ਜਿਨ੍ਹਾਂ ਨੇ ਉਹ ਕੰਮ ਕੀਤਾ ਸੀ, ਬਾਅਦ ਵਿੱਚ ਉਹ ਆਪੋ ਵਿੱਚ ਲੜਨ ਲੱਗ ਪਏ ਤੇ ਗੈਂਗ ਦੇ ਤਿੰਨਾਂ ਵਿੱਚੋਂ ਦੋ ਬੰਦੇ ਪੰਜਾਬ ਤੋਂ ਬਾਹਰ ਜਾ ਕੇ ਵੱਖ-ਵੱਖ ਥਾਂਈਂ ਮਾਰੇ ਗਏ ਸਨ। ਜੋ ਕੁਝ ਉਸ ਅਗਵਾ ਦੇ ਕੇਸ ਵਿੱਚ ਓਦੋਂ ਹੋਇਆ ਸੀ, ਓਹੋ ਕੁਝ ਹੁਣ ਵੀ ਹੁੰਦਾ ਹੈ ਤੇ ਚਰਚਾ ਏਥੋਂ ਤੱਕ ਚੱਲਦੀ ਹੈ ਕਿ ਹੁਣ ਪੈਸੇ ਦਾ ਲੈਣ-ਦੇਣ ਕਰਨ ਲਈ ਦੁੱਬਈ ਤੱਕ ਜਾ ਕੇ ਸੌਦੇ ਵੱਜਣ ਲੱਗ ਪਏ ਹਨ।
ਇਹੋ ਜਿਹੇ ਅਪਰਾਧਾਂ ਨੂੰ ਰੋਕਣ ਲਈ ਪੁਲਸ ਜਾਂ ਸੁਰੱਖਿਆ ਏਜੰਸੀਆਂ ਦੀ ਮੁਸਤੈਦੀ ਨਾਲੋਂ ਵੱਧ ਰਾਜ ਚਲਾਉਣ ਵਾਲਿਆਂ ਦੀ ਇੱਛਾ-ਸ਼ਕਤੀ ਦੀ ਲੋੜ ਹੁੰਦੀ ਹੈ। ਜਿਨ੍ਹਾਂ ਨੇ ਇਹ ਇੱਛਾ-ਸ਼ਕਤੀ ਵਿਖਾਉਣੀ ਹੈ, ਓਥੇ ਵੀ ਸਭ ਠੀਕ ਨਹੀਂ। ਇੱਕ-ਦੂਸਰੇ ਨੂੰ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਹਨ, ਪਰ ਜਦੋਂ ਇਹ ਕਿਹਾ ਜਾਵੇ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਇੱਕ ਸੌ ਤਿਰਵੰਜਾ ਮੈਂਬਰ ਅਪਰਾਧਕ ਪਿਛੋਕੜ ਵਾਲੇ ਹਨ ਤਾਂ ਸਭਨਾਂ ਵੱਡੀਆਂ ਪਾਰਟੀਆਂ ਦੇ ਆਗੂਆਂ ਦੀ ਧੌਣ ਨੀਵੀਂ ਹੋਣ ਲੱਗਦੀ ਹੈ। ਭਾਰਤੀ ਜਨਤਾ ਪਾਰਟੀ ਦਾ ਇੱਕ ਐੱਮ ਪੀ ਬੇਗਾਨੀ ਔਰਤ ਨੂੰ ਆਪਣੀ ਪਤਨੀ ਤੇ ਬੇਗਾਨੇ ਬੱਚੇ ਨੂੰ ਆਪਣਾ ਪੁੱਤਰ ਕਹਿ ਕੇ ਕਨੇਡਾ ਪੁਚਾਉਣ ਜਾਂਦਾ ਦਿੱਲੀ ਦੇ ਹਵਾਈ ਅੱਡੇ ਉੱਤੇ ਫੜਿਆ ਗਿਆ ਸੀ। ਡਾਕਟਰ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਦੇ ਵਕਤ ਕਾਂਗਰਸ ਪਾਰਟੀ ਦੇ ਇੱਕ ਐੱਮ ਪੀ ਉੱਤੇ ਇਹ ਦੋਸ਼ ਲੱਗਾ ਕਿ ਉਹ ਭਾਰਤ ਦਾ ਜੰਮ-ਪਲ ਹੀ ਨਹੀਂ, ਨੇਪਾਲ ਵਿੱਚ ਜੰਮਿਆ ਅਤੇ ਗਲਤ ਤਰੀਕੇ ਨਾਲ ਭਾਰਤ ਵਿੱਚ ਆ ਕੇ ਉਸ ਨੇ ਰਾਸ਼ਨ ਕਾਰਡ ਸਮੇਤ ਸਾਰੇ ਦਸਤਾਵੇਜ਼ ਝੂਠੇ ਬਣਵਾ ਕੇ ਚੋਣ ਲੜੀ ਤੇ ਜਿੱਤੀ ਹੈ। ਫੋਲਾ-ਫਾਲੀ ਵਿੱਚ ਪਤਾ ਲੱਗਾ ਕਿ ਉਸ ਦਾ ਅਸਲੀ ਨਾਂਅ ਮੋਨੀ ਰਾਜ ਲਿੰਬੋ ਸੀ ਤੇ ਸਮਾਂ ਪਾ ਕੇ ਉਸ ਨੇ ਆਪਣਾ ਨਾਂਅ ਮੋਨੀ ਕੁਮਾਰ ਸੁਬਾ ਬਣਾ ਲਿਆ ਸੀ। ਉਸ ਦੇ ਕੇਸ ਦੀ ਪੜਤਾਲ ਸ਼ੁਰੂ ਹੋ ਗਈ। ਜਦੋਂ ਨੂੰ ਪੜਤਾਲ ਦੀ ਰਿਪੋਰਟ ਆਉਣੀ ਸੀ, ਓਦੋਂ ਨੂੰ ਪਾਰਲੀਮੈਂਟ ਦੀ ਮਿਆਦ ਪੁੱਗ ਗਈ। ਅਗਲੀ ਵਾਰੀ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਪਿੱਛੋਂ ਉਹ ਬਲਾਤਕਾਰ ਦੇ ਇੱਕ ਕੇਸ ਵਿੱਚ ਭਗੌੜਾ ਹੋ ਗਿਆ ਤੇ ਅਜੇ ਤੱਕ ਉਸ ਦਾ ਪਤਾ ਨਹੀਂ ਲੱਗਾ। ਜੇ ਉਹ ਸੱਚਾ ਸੀ ਤਾਂ ਰਾਜਨੀਤਕ ਮੰਚ ਤੋਂ ਪਾਸੇ ਕਿਉਂ ਕੀਤਾ ਗਿਆ ਤੇ ਜੇ ਉਸ ਨੇ ਦੇਸ਼ ਦੇ ਕਾਨੂੰਨ ਨੂੰ ਧੋਖਾ ਦਿੱਤਾ ਸੀ ਤਾਂ ਸੁੱਕਾ ਕਿਉਂ ਜਾਣ ਦਿੱਤਾ ਗਿਆ? ਇਸ ਬਾਰੇ ਦੇਸ਼ ਦੇ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਸਕਿਆ।
ਭਾਰਤ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਮੇ ਹਨ, ਪਰ ਇਹ ਆਮ ਅਪਰਾਧੀਆਂ ਲਈ ਹੋ ਸਕਦੇ ਹਨ, ਜਿਨ੍ਹਾਂ ਦੀ ਪਿੱਠ ਉੱਤੇ ਕੋਈ ਹੁੰਦਾ ਹੈ, ਉਨ੍ਹਾਂ ਲਈ ਕਾਨੂੰਨ ਦੇ ਹੱਥ ਟੁੰਡੇ ਤੇ ਲੁੰਜੇ ਹੋ ਜਾਂਦੇ ਹਨ। ਪਿਛਲੇ ਦਿਨੀਂ ਸਾਨੂੰ ਅਮਨ-ਕਾਨੂੰਨ ਨਾਲ ਸੰਬੰਧਤ ਇੱਕ ਸੈਮੀਨਾਰ ਵਿੱਚ ਜਾਣਾ ਪਿਆ। ਓਥੇ ਵਧ ਰਹੇ ਅਪਰਾਧਾਂ ਬਾਰੇ ਚਰਚਾ ਹੋਣੀ ਸੀ। ਹਰ ਕੋਈ ਆਪਣਾ ਨਿਸ਼ਾਨਾ ਪੁਲਸ ਵਾਲਿਆਂ ਉੱਤੇ ਦਾਗ ਰਿਹਾ ਸੀ। ਕੁਝ ਇੱਕ ਨੇ ਇਹ ਵੀ ਕਿਹਾ ਕਿ ਪੁਲਸ ਨਿਕੰਮੀ ਨਹੀਂ, ਪਰ ਉਸ ਨੂੰ ਕੰਮ ਹੀ ਕਿਸੇ ਰਾਜ ਵਿੱਚ ਨਹੀਂ ਕਰਨ ਦਿੱਤਾ ਜਾਂਦਾ ਤੇ ਪੈਰ-ਪੈਰ ਉੱਤੇ ਅਪਰਾਧੀਆਂ ਦੇ ਪੱਖ ਵਿੱਚ ਦਖਲ ਦਿੱਤਾ ਜਾਂਦਾ ਹੈ। ਇੱਕ ਸੀਨੀਅਰ ਪੁਲਸ ਅਫਸਰ ਨੇ ਆਪਣੀ ਕਹਾਣੀ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾ ਕਿਹਾ ਕਿ ਇੱਕ ਦਿਨ ਇੱਕ ਵੱਡੇ ਆਗੂ ਦਾ ਫੋਨ ਆਇਆ ਕਿ ਫਲਾਣੇ ਥਾਣੇ ਦੀ ਪੁਲਸ ਨੇ 'ਫਲਾਣਾ ਬੰਦਾ' ਫੜਿਆ ਹੈ, ਉਸ ਦਾ ਖਿਆਲ ਰੱਖਣਾ ਹੈ, ਕਿਉਂਕਿ ਉਹ 'ਆਪਣਾ ਬੰਦਾ' ਹੈ। ਅੱਗੋਂ ਥਾਣੇ ਤੋਂ ਪਤਾ ਲੱਗਾ ਕਿ ਉਸ ਬੰਦੇ ਦੇ ਵਿਰੁੱਧ ਕਤਲ ਦਾ ਕੇਸ ਸੀ। ਫੋਨ ਕਰਨ ਵਾਲੇ ਆਗੂ ਨੂੰ ਜਵਾਬੀ ਫੋਨ ਕਰ ਕੇ ਇਸ ਪੁਲਸ ਅਫਸਰ ਨੇ ਦੱਸਿਆ ਕਿ 'ਤੁਸੀਂ ਜਿਸ ਬੰਦੇ ਦੀ ਸਿਫਾਰਸ਼ ਕੀਤੀ ਹੈ, ਉਸ ਦੇ ਖਿਲਾਫ ਕਿਸੇ ਨੂੰ ਕਤਲ ਕਰਨ ਦਾ ਕੇਸ ਹੈ।' ਹੈਰਾਨੀ ਵਾਲੀ ਅਗਲੀ ਗੱਲ ਇਹ ਸੀ ਕਿ ਉਸ ਆਗੂ ਨੇ ਆਪਣੇ ਫੋਨ ਕਰਨ ਉੱਤੇ ਸ਼ਰਮਿੰਦਾ ਹੋਣ ਦੀ ਥਾਂ ਉਸ ਅਫਸਰ ਨੂੰ ਇਹ ਕਹਿ ਦਿੱਤਾ: 'ਫੇਰ ਕੀ ਹੋ ਗਿਆ, ਬੰਦਾ ਹੀ ਮਾਰਿਆ ਹੈ, ਹੋਰ ਤਾਂ ਕੁਝ ਨਹੀਂ ਕਰ ਦਿੱਤਾ।'
ਜਿਸ ਦੇਸ਼ ਵਿੱਚ ਰਾਜਸੀ ਆਗੂ ਅਮਨ-ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇਹ ਕਹਿਣ ਤੋਂ ਵੀ ਸ਼ਰਮ ਨਾ ਕਰਦੇ ਹੋਣ ਕਿ 'ਬੰਦਾ ਹੀ ਮਾਰਿਆ ਹੈ, ਹੋਰ ਤਾਂ ਕੁਝ ਨਹੀਂ ਕਰ ਦਿੱਤਾ', ਓਥੇ ਅਮਨ-ਕਾਨੂੰਨ ਦੀ ਹਾਲਤ ਸੁਧਰ ਕਿਵੇਂ ਸਕਦੀ ਹੈ?

No comments:

Post a Comment