ਤਰਲੋਚਨ ਸਿੰਘ ਦੁਪਾਲ ਪੁਰ
ਜਿਹੜੇ ਵਿਅਕਤੀ ਕੱਦ-ਕਾਠ ਵਿੱਚ ਔਸਤਨ ਲੰਬਾਈ ਨਾਲ਼ੋਂ ਕੁਝ ਵਧੇਰੇ ਹੀ ਲੰਮੇਂ ਹੋਣ, ਉਨਾਂ੍ਹ ਲਈ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੀ ਅੱਧੀ ਸਮੱਸਿਆ ਰੱਬੋਂ ਹੀ ਹੱਲ ਹੋ ਗਈਉ ਹੁੰਦੀ ਹੈ। ਵਿਆਹ ਸ਼ਾਦੀਆਂ ਮੌਕੇ ਜਾਂ ਆਮ ਸਮਾਜਿਕ ਇਕੱਠਾਂ ਵਿੱਚ , ਬਿਨਾਂ ਕਿਸੇ ਨੂੰ ਪੁਛਿਆਂ-ਦੱਸਿਆਂ , ਉਨਾਂ੍ਹ ਦੀ ਹਾਜ਼ਰੀ ਦਾ ਖੁਦ–ਬ-ਖੁਦ ਸਭ ਨੂੰ ਪਤਾ ਲੱਗ ਜਾਂਦਾ ਹੈ। ਖਾਸ ਕਰਕੇ ਅਜਿਹੇ ਸਮਾਗਮਾਂ ਵਿੱਚ ਫੋਟੋ ਖਿਚਾਉਣ ਵੇਲ਼ੇ ਲੰਮ-ਸਲੰਮਿਆਂ ਨੂੰ ਕੋਈ ਔਕੜ ਨਹੀਂ ਆਉਂਦੀ। ਉਹ ਜਿੱਥੇ ਮਰਜ਼ੀ ਖੜ੍ਹੇ ਰਹਿਣ, ਕੈਮਰੇ ਦੀ ਰੇਂਜ ਵਿੱਚ ਹੀ ਰਹਿਣਗੇ। ਅਜਿਹੇ ਰੱਬੀ ਤੋਹਫੇ ਨਾਲ਼ ਮਾਲਾ-ਮਾਲ ਸੀ ਸਾਡੇ ਇਲਾਕੇ ਦਾ ਸਿਰਕੱਢ ਅਕਾਲੀ ਜਥੇਦਾਰ ਜੈਕਾਰਾ ਸਿੰਘ , ਜੋ ਖਜੂਰ ਜਿੱਡੇ ਲੰਮੇਂ ਕੱਦ ਦਾ ਮਾਲਕ ਸੀ।
ਜਿਵੇਂ ਪੰਜਾਬੀ ਸਾਹਿਤਕਾਰ 'ਕਮਲਾ ਅਕਾਲੀ ' ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸਦਾ ਨਾਂ 'ਲਾਲ ਸਿੰਘ' ਸੀ । ਇਵੇਂ ਸਾਡੇ ਪਿੰਡ ਤੋਂ ਇਲਾਵਾ ਬਾਹਰਲੇ ਇਲਾਕੇ ਵਾਲਿਆਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਜਥੇਦਾਰ ਜੈਕਾਰਾ ਸਿੰਘ ਦਾ ਅਸਲ ਨਾ ਮਹਿੰਦਰ ਸਿੰਘ ਹੈ। ਲੋਕਾਂ ਵੱਲੋਂ ਬਖਸ਼ੇ ਗਏ ਇਸ ਤਖੱਲੁਸ ਨੇ ਉਸ ਦਾ ਅਸਲ ਨਾਂ ਢੱਕ ਹੀ ਦਿੱਤਾ ਸੀ। ਸਿੱਖ ਸੱਭਿਆਚਾਰ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਇਹ 'ਉਪ-ਨਾਮ' ਉਸ ਨੂੰ ਸਹਿਜੇ ਹੀ ਪ੍ਰਾਪਤ ਹੋ ਜਾਣ ਪਿੱਛੇ ਕਾਰਨ ਇਹ ਸੀ ਕਿ ਮਿਲਣ-ਗਿਲਣ ਮੌਕੇ ਜਾਂ ਅਰਦਾਸ ਦੀ ਸਮਾਪਤੀ ਸਮੇਂ, ਉਹ ਪੁਰਾਤਨ ਸਿੰਘਾਂ ਵਾਂਗ ਪੂਰੇ ਜੋਸ਼ ਨਾਲ਼ 'ਬੋਲੇ ਸੋ ਨਿਹਾਲ' ਦਾ ਜੈਕਾਰਾ ਗਜਾਉਂਦਾ ਹੁੰਦਾ ਸੀ। ਪਾਠਾਂ ਦੇ ਭੋਗਾਂ ਜਾਂ ਅਨੰਦ-ਕਾਰਜਾਂ ਸਮੇਂ ਅੱਵਲ ਤਾਂ ਉਹ ਖੁਦ ਹੀ ਸਮਾਪਤੀ ਦੀ ਅਰਦਾਸ ਕਰਦਾ ਹੁੰਦਾ ਸੀ। ਨਹੀਂ ਤਾਂ ਕਿਸੇ ਭਾਈ ਵੱਲੋਂ ਕੀਤੀ ਜਾ ਰਹੀ ਅਰਦਾਸ ਜਦੋਂ 'ਨਾਨਕ ਨਾਮ ਚੜ੍ਹਦੀ ਕਲਾ' ਵਾਲ਼ੀ ਅਖੀਰਲੀ ਪੰਕਤੀ 'ਤੇ ਪਹੁੰਚਦੀ, ਤਦੇ ਹੀ ਜਥੇਦਾਰ ਧੁਸ ਦਿੰਦਾ ਹੋਇਆ ਅਰਦਾਸੀਏ ਕੋਲ਼ ਪਹੁੰਚ ਜਾਂਦਾ। ਮਾਈਕ ਨੂੰ ਆਪਣੇ ਮੂੰਹ ਵੱਲ ਘੁਮਾਉਂਦਿਆਂ ਉਹ ਗੱਜ ਵੱਜ ਕੇ ਜੈਕਾਰਾ ਛੱਡਦਾ । ਉਹ ਹਾਲੇ 'ਬੋ—ਲੇ—ਏ—ਏ—ਏ—ਏ—ਏ—ਏ—ਏ—' ਹੀ ਕਹਿ ਰਿਹਾ ਹੁੰਦਾ , ਤਾਂ ਲੋਕਾਂ ਦਾ ਦਮ ਮੁੱਕ ਜਾਂਦਾ। ਸਾਰੀ ਸੰਗਤ ਆਮ ਵਾਂਗ ਹੀ '---ਸੋ ਨਿਹਾਲ---ਸਤਿ ਸ੍ਰੀ ਅਕਾਲ' ਕਹਿ ਕੇ ਆਲ਼ੇ ਦੁਆਲ਼ੇ ਨੂੰ ਦੇਖਣ ਲੱਗ ਜਾਂਦੀ। ਪਰ ਜਥੇਦਾਰ ਸਾਰਿਆਂ ਤੋਂ ਮਗਰੋਂ ਪੂਰੇ ਵਜਦ ਵਿੱਚ ਆਇਆ ' ਅਕਾ---ਲ—ਅ—ਅ---' ਸ਼ਬਦ ਨੂੰ ਲਕਮਾਅ ਕੇ ਉਚਾਰਦਾ। ਜੈਕਾਰਾ ਗਜਾਉਣ ਦੀ ਇਸ ਅਨੋਖੀ ਮੁਹਾਰਤ ਸਦਕਾ ਉਸਨੂੰ 'ਜੈਕਾਰਾ ਸਿੰਘ' ਦੀ ਅਣ-ਐਲਾਨੀ ਉਪਾਧੀ ਮਿਲ਼ੀ ਹੋਈ ਸੀ।
ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਾਚੀਨ ਕਸਬੇ ਰਾਹੋਂ ਤੋਂ ਰੋਪੜ ਨੂੰ ਜਾਣ ਵਾਲ਼ੀ ਸੜਕ 'ਤੇ ਬਿਸਤ ਦੁਆਬ ਨਹਿਰ ਟੱਪਦਿਆਂ ਹੀ ਦੋ ਮਜਾਰੇ (ਪਿੰਡ) ਆਉਂਦੇ ਨੇ। ਇੱਕ ਕਲਾਂ ਤੇ ਦੂਜਾ ਖੁਰਦ। ਸੜਕ ਦੇ ਉੱਤਰ ਤੇ ਦੱਖਣ ਵੱਲ ਦੋਵੇਂ ਪਿੰਡ ਇੱਕੋ ਜਿੰਨੀਂ ਅਬਾਦੀ ਵਾਲ਼ੇ । ਮਜਾਰਾ ਕਲਾਂ ਨੂੰ ਬੱਬਰਾਂ ਦਾ ਮਜਾਰਾ ਵੀ ਕਿਹਾ ਜਾਂਦਾ ਹੈ। ਕਿਉਂਕਿ ਬਬਰ ਅਕਾਲੀ ਲਹਿਰ ਵੇਲੇ ਇਹ ਪਿੰਡ ਦੇਸ਼ ਭਗਤਾਂ ਦੀ ਠਾਹਰ ਵਜੋਂ ਮਸ਼ਹੂਰ ਸੀ। ਬਬਰਾਂ ਦੀਆਂ ਗੱਲਾਂ ਸੁਣਾਉਣ ਵਾਲ਼ਾ ਜਥੇਦਾਰ ਸੰਸਾਰ ਸਿੰਘ , ਇਨਾਂ੍ਹ ਸਤਰਾਂ ਦੇ ਲਿਖਾਰੀ ਨੇ ਆਪਣੀ ਡਾਟਾਂ ਵਾਲ਼ੀ ਹਵੇਲੀ ਬੈਠਾ ਦੇਖਿਆ ਹੋਇਆ ਹੈ। ਅਕਾਲੀਆਂ ਦਾ ਗੜ੍ਹ ਮੰਨੇਂ ਜਾਂਦੇ ਇਸ ਪਿੰਡ ਦੇ (ਸਾਡੇ ਸਮਿਆਂ ਦੇ) ਦੋ ਜਥੇਦਾਰ ਬੜੇ ਪ੍ਰਸਿੱਧ ਹੋਏ । ਇੱਕ ਮੇਰਾ ਸਰਨਾਮੀਆਂ ਤਰਲੋਚਨ ਸਿੰਘ ਅਤੇ ਦੂਜਾ ਜੈਕਾਰਾ ਸਿੰਘ(ਮਹਿੰਦਰ ਸਿੰਘ)। ਕੱਦ ਕਾਠ ਪੱਖੋਂ ਭਾਵੇਂ ਦੋਵੇਂ ਹੀ ਸਿਰਕੱਢ ਸਨ ਪਰ ਜੈਕਾਰਾ ਸਿੰਘ ਏਡਾ ਲੰਮਾਂ ਸੀ ਕਿ ਸਟੇਜ 'ਤੇ ਬੋਲਣ ਸਮੇਂ ਮਾਈਕ ਸਟੈਂਡ ਪੂਰਾ 'ਤਾਂਹ ਚੁੱਕਿਆ ਹੋਣ ਦੇ ਬਾਵਜੂਦ ਉਸ ਨੂੰ ਕੋਡਾ ਹੋਣਾ ਪੈਂਦਾ । ਉਸ ਦੇ ਬੋਲਣ ਤੋਂ ਪਹਿਲਾਂ ਤੇ ਬਾਅਦ ਵਿੱਚ ਸਟੇਜ-ਸਕੱਤਰ ਨੂੰ ਮਾਈਕ ਸਟੈਂਡ aੁੱਚਾ ਨੀਂਵਾਂ ਕਰਨਾ ਪੈਂਦਾ ਸੀ। ਛੇ ਫੁੱਟ ਲੰਮਾਂ ਹੁੰਦਿਆਂ ਵੀ ਮੈਨੂੰ ਉਹਦੇ ਨਾਲ਼ ਗੱਲ ਬਾਤ ਕਰਨ ਸਮੇਂ ਕੁਤਬ-ਮਿਨਾਰ ਦੇਖਣ ਵਾਂਗ ਮੂੰਹ ਉਤਾਂਹ ਨੂੰ ਚੁੱਕਣਾ ਪੈਂਦਾ। ਜਦ ਕਦੇ ਉਹ ਮੈਂਨੂੰ ਕਲ਼ਾਵੇ 'ਚ ਲੈਂਦਾ ਤਾਂ ਮੈਂ ਉਸਦੀ ਕੁੱਛੜ ਦਾ ਬੱਚਾ ਜਿਹਾ ਹੀ ਬਣ ਜਾਂਦਾ ਸਾਂ।
ਤਰਲੋਚਨ ਸਿੰਘ ਕੁੱਝ ਚੁਸਤ ਹੋਣ ਕਾਰਨ ਅਕਾਲੀ ਹਾਈ ਕਮਾਂਡ ਵਿੱਚ ਉੱਘਾ ਰੋਲ ਨਿਭਾਉਂਦਾ ਰਿਹਾ। ਅਕਾਲੀ ਦਲ ਦਾ ਪ੍ਰਾਪੇਗੰਡਾ ਸੈਕਟਰੀ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਵੀ ਮੈਂਬਰ ਰਿਹਾ। ਪਰ ਜੈਕਾਰਾ ਸਿੰਘ ਲੋਕਲ ਪੱਧਰ ਦੀ ਸਿੱਖ ਸਿਆਸਤ ਵਿੱਚ ਹੀ ਸਰਗਰਮ ਰਿਹਾ। ਵੱਖ ਵੱਖ ਮੋਰਚਿਆਂ ਵਿੱਚ ਜੇਲ੍ਹਾਂ ਕੱਟਣ ਕਰਕੇ ਵੱਡੇ ਆਗੂਆਂ ਨਾਂਲ ਨੇੜਤਾ ਵੀ ਰਹੀ , ਪਰ ਮੁਸ਼ਕਿਲ ਨਾਲ਼ ਜ਼ਿਲ੍ਹਾ ਜਥੇਦਾਰੀ ਤੱਕ ਹੀ ਪਹੁੰਚ ਸਕਿਆ । ਉਹ ਵੀ ਥੋੜ੍ਹੇ ਚਿਰ ਲਈ । ਕਿਉਂਕਿ ਉਹਦੇ ਵਿੱਚ ਸਿਆਸਤਦਾਨਾਂ ਵਾਲ਼ਾ ਅਖੌਤੀ 'ਲਚਕੀਲਾਪਣ' ਬਿਲਕੁਲ ਨਹੀਂ ਸੀ। ਸਗੋਂ ਉਸ 'ਤੇ ਹੇਠ ਲਿਖਿਆ ਸ਼ਿਅਰ ਪੂਰਾ ਢੁਕਦਾ ਸੀ-
ਮੇਰੀ ਫਿਤਰਤ ਮੇਂ ਲਿਖੀ ਥੀ ਸਾਫ ਗੋਈ,
ਹਮ ਇਸੀ ਲੀਏ ਕਿਸੀ ਕੋ ਭਾਏ ਨਹੀਂ ਹੈਂ!
ਜੈਕਾਰਾ ਸਿੰਘ ਦੇ ਮੂੰਹ ਫੱਟ ਸੁਭਾਅ ਅਤੇ ਜਟਕੇ ਅੰਦਾਜ਼ ਵਾਲ਼ੀਆਂ ਗੱਲਾਂ ਸਾਡੇ ਇਲਾਕੇ ਦੇ ਘਰ ਘਰ ਹੁੰਦੀਆਂ ਰਹੀਆਂ। ਉਸਨੂੰ ਲੈਕਚਰ ਕਰਦਿਆਂ , ਸਭ ਤੋਂ ਪਹਿਲਾਂ ਮੈਂ ਦੁਆਬਾ ਸਿੱਖ ਨੈਸ਼ਨਲ ਸਕੂਲ, ਨਵਾਂਸ਼ਹਿਰ ਵਿਖੇ ਦੇਖਿਆ, ਜਿੱਥੇ ਮੈਂ ਮੈਟ੍ਰਿਕ ਕੀਤੀ । ਸਕੂਲ ਦੇ ਸਾਲਾਨਾ ਫੰਕਸ਼ਨ ਮੌਕੇ ਕੋਈ ਐਮ.ਐਲ.ਏ ਹਲਕੇ ਜਿਹੇ ਨੀਲੇ ਰੰਗ ਦੀ ਪੱਗ ਬੰਨ੍ਹ ਕੇ ਆਇਆ ਹੋਇਆ ਸੀ। ਜੈਕਾਰਾ ਸਿੰਘ ਸਟੇਜ 'ਤੇ ਉਸਦੇ ਵੱਲ ਇਸ਼ਾਰਾ ਕਰਕੇ ਕਹਿੰਦਾ-" ਰਾਜ ਲੈਣ ਲਈ ਗੂੜ੍ਹੀਆਂ ਨੀਲੀਆਂ ਵਾਲ਼ੇ ਢੂੰਡਰ ਕੁਟਵਾਉਂਦੇ ਰਹਿੰਦੇ ਐ। ਕੁਰਸੀਆਂ ਸਾਂਭ ਲੈਂਦੇ ਆ ਫਿੱਕੀਆਂ ਨੀਲੀਆਂ ਪੱਗਾਂ ਵਾਲ਼ੇ੧---ਫੇ' ਇਨਾਂ੍ਹ ਨੂੰ ਗੂੜ੍ਹੀਆਂ ਨੀਲੀਆਂ ਵਾਲ਼ਿਆਂ ਕੋਲੋਂ ਮੁਸ਼ਕ ਆਉਣ ਲੱਗ ਪੈਂਦਾ ਐ!!"
ਪਿੰਡ ਵਿੱਚ ਇੱਕ ਭੋਲ਼ੀ ਭਾਲ਼ੀ ਜਿਹੀ ਕੁੜੀ ਦਾ ਅਨੰਦ ਕਾਰਜ ਹੋ ਰਿਹਾ ਸੀ। ਰਾਗੀ ਨੇ ਵੈਰਾਗ ਮਈ ਸੁਰਾਂ 'ਚ ਧੀਆਂ ਦੀ ਡੋਲ਼ੀ ਤੁਰਨ ਵੇਲ਼ੇ ਦਾ ਗੀਤ ਗਾ ਦਿੱਤਾ- 'ਛੱਡ ਚੱਲੀ ਬਾਬਲਾ ਮੈਂ ਤੈਂਡੜੇ ਚੁਬਾਰੇ—।' ਫੇਰਿਆਂ 'ਤੇ ਬੈਠੀ ਕੁੜੀ ਦਾ ਰੋਣ ਨਾ ਥੰਮ੍ਹਿਆ ਜਾਵੇ। ਜਦ ਉਹ ਹੁਬਕੀਆਂ ਲੈ ਲੈ ਰੋਣ ਲੱਗ ਪਈ ਤਾਂ ਜਥੇਦਾਰ ਮਾਈਕ 'ਤੇ ਜਾ ਖੜ੍ਹਾ ਹੋਇਆ। ਕੁੜੀ ਵੱਲ ਨੂੰ ਘੂਰੀ ਜਿਹੀ ਵੱਟ ਕੇ ਕਹਿੰਦਾ—
" ਕੁੜੇ ਕੁੜੀਏ ! ਹੁਣ ਤੂੰ ਡੁਸ੍ਹਕੀ ਜਾਨੀਂ ਐਂ, ਹੋਰ ਮਹੀਨੇ –ਖੰਡ ਨੂੰ ਤੈਂਨੂੰ ਮਿਲਣ ਆਈ ਨੂੰ ਜਦ ਅਸੀਂ ਦੋ ਦਿਨ ਹੋਰ ਪੇਕੀਂ ਰਹਿਣ ਲਈ ਕਿਹਾ ਕਰਨੈ, ਤੈਂ ਅੱਗਿਉਂ ਛੱਤੀ ਗੱਲਾਂ ਬਣਾਇਆ ਕਰਨੀਐਂ--!" ਜਨਾਨੀਆਂ ਵਾਂਗ ਮੂੰਹ ਬਣਾਉਂਦਿਆਂ ਜਥੇਦਾਰ ਨੇ ਸਾਂਗਾਂ ਲਾਈਆਂ-
"---ਨਹੀਂ ਬੀਬੀ, ਮੈਂ ਚਲੇ ਜਾਣੈ, ---ਸਾਡੀ ਮੱਝ ਮੇਰੇ 'ਹੱਥ ਪਈ' ਹੋਈ ਐ ---ਮੇਰਾ ਸਹੁਰਾ ਕੁਛ ਢਿੱਲਾ ਰਹਿੰਦੈ—ਕਿਤੇ ਫੇਰ ਗੇੜਾ ਮਾਰ'ਜੂੰਗੀ---।' ਜਥੇਦਾਰ ਦਾ ਲੈਕਚਰ ਸੁਣ ਕੇ ਸਾਰਾ ਪੰਡਾਲ ਹੱਸ ਹੱਸ ਲੋਟ ਪੋਟ ਹੋ ਗਿਆ। ਕੁੜੀ ਵੀ ਰੋਣੋ ਹਟ ਗਈ।
ਫੇਰਿਆਂ ਮੌਕੇ ਦਾੜ੍ਹੀ-ਕਟੇ ਵਿਆਂਦ੍ਹੜ ਮੁੰਡਿਆਂ ਨੂੰ ਤਾਂ ਉਹ 'ਲੰਮੇਂ ਹੱਥੀਂ' ਲੈਂਦਾ ਹੁੰਦਾ ਸੀ। ਅੱਜ ਕੱਲ੍ਹ ਨਾਲ਼ੋਂ ਉਹ ਸਮੇਂ ਕਿਤੇ ਚੰਗੇ ਸਨ। ਹੁਣ ਤਾਂ ਕੋਈ ਕਿਸੇ ਦੀ ਗੱਲ ਹੀ ਸੁਣ ਕੇ ਰਾਜ਼ੀ ਨਹੀਂ ਹੁੰਦਾ। ਖਾਸ ਕਰਕੇ ਧਾਰਮਿਕ ਨਸੀਹਤਾਂ ਹਰੇਕ ਨੂੰ ਕੌੜੀਆਂ ਲਗਦੀਆਂ ਹਨ। ਪਰ ਉਦੋਂ ਵਿਆਂਦ੍ਹੜ ਮੁੰਡਿਆਂ ਨੇ ਗੁਨਾਹਗਾਰਾਂ ਵਾਂਗੂ ਜਥੇਦਾਰ ਪਾਸੋਂ ਮਾਫੀਆਂ ਮੰਗਣੀਆਂ। ਅਨੰਦ ਕਾਰਜਾਂ 'ਤੇ ਸਿਹਰੇ ਸਿੱਖਿਆ ਪੜ੍ਹਨ ਵਾਲ਼ਿਆਂ ਨੂੰ ਵੀ ਉਹ ਟੁੱਟ ਕੇ ਪੈ ਜਾਂਦਾ ਹੁੰਦਾ ਸੀ-" ਅਸਲ ਸਿੱਖਿਆ ਗੁਰੁ ਮਹਾਰਾਜ ਦੀ ਬਾਣੀ ਐ। ਏਦੂੰ ਵਧਕੇ ਚੰਗੀ ਸਿੱਖਿਆ ਹੋਰ ਕਿਹੜੀ ਹੋ ਸਕਦੀ ਹੈ?---ਨਾਲ਼ੇ ਸਾਰੇ ਥਾਈਂ ਕੁੜੀਆਂ ਨੂੰ ਹੀ ਸਿੱਖਿਆ ਕਿਉਂ ਦੇਈ ਜਾਨੇ ਐਂ, ਮੁੰਡੇ ਸਾਰੇ ਭਲਾਂ ਸੋਲ਼ਾਂ ਕਲਾਂ ਸੰਪੂਰਨ ਹੁੰਦੇ ਐ?" ਜੇ ਉਸ ਨੂੰ ਪਤਾ ਲਗਦਾ ਕਿ ਫਲਾਣੇ ਬੰਦੇ ਨੇ ਸਿਗਰਟ-ਤੰਬਾਕੂ ਜਾਂ ਸ਼ਰਾਬ ਛੱਡ ਦਿੱਤੀ ਹੈ, ਤਾਂ ਉਹ ਖੁਸ਼ ਹੋ ਕੇ ਕਿੱਲੋ ਦੇਸੀ ਘਿਉ ਅਤੇ ਸਿਰੋਪਾ ਉਹਦੇ ਘਰ ਦੇ ਕੇ ਆਉਂਦਾ। ਨਸ਼ੇ ਛੱਡਣ ਦੀ ਪ੍ਰੇਰਨਾਂ ਉਹ ਹਰੇਕ ਥਾਂ ਹੀ ਕਰਦਾ ਰਹਿੰਦਾ।
ਜਥੇਦਾਰ ਦੀਆਂ ਨਸੀਹਤ ਭਰੀਆਂ ਵਿਅੰਗ-ਮਈ ਯਾਦਾਂ ਬਾਰੇ ਤਾਂ ੱਿeਕ ਪੋਥਾ ਲਿਖਿਆ ਜਾ ਸਕਦਾ ਹੈ। ਪਰ ਇੱਥੇ ਕੁੱਝ ਕੁ ਅੱਖੀਂ ਦੇਖੀਆਂ ਤੇ ਕੰਨੀਂ ਸੁਣੀਆਂ ਘਟਨਾਵਾਂ ਦਾ ਵਰਣਨ ਕਰਨਾਂ ਜ਼ਰੂਰੀ ਸਮਝਦਾ ਹਾਂ। ਸੰਨ ੧੯੯੬ ਦੇ ਅੱਧ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗਲ ਵੱਜ ਗਿਆ। ਅਕਾਲੀ ਦਲ ਵਲੋਂ ਉਮੀਦਵਾਰ ਬਣਨ ਲਈ ਖੁੱਲ੍ਹੇ ਰੂਪ ਵਿੱਚ ਦਰਖਾਸਤਾਂ ਮੰਗੀਆਂ ਗਈਆਂ। ਤਿੰਨ ਵੱਖ ਵੱਖ ਸਥਾਨਾਂ 'ਤੇ ਅਲੱਗ ਅਲੱਗ ਤਰੀਕਾਂ ਨੂੰ ਬਿਨੈਕਾਰਾਂ ਨੂੰ ਇੰਟਰਵਿਊ ਦੇਣ ਲਈ ਸੱਦਿਆ ਗਿਆ। ਸਾਨੂੰ ਨਵਾਂਸ਼ਹਿਰ-ਜਲੰਧਰ ਤੇ ਹੁਸ਼ਿਆਰਪੁਰੀਆਂ ਨੂੰ ਗੋਰਾਇਆਂ ਲਾਗੇ ਦੇ ਗੁਰਦੁਅਰਾ ਸੰਗ ਢੇਸੀਆਂ ਵਿਖੇ ਬੁਲਾਇਆ ਗਿਆ।
ਇਸ ਗੁਰਦੁਆਰੇ ਦੇ ਖੁੱਲ੍ਹੇ ਡੁਲ੍ਹੇ ਮੀਟਿੰਗ ਰੂਮ ਦੇ ਬਾਹਰ ਵਾਰ ਬਿਨੈਕਾਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਾਰੇ ਜਣੇ ਆਪੋ ਆਪਣੇ ਸਰਟੀਫੀਕੇਟ ਜਾਂ ਹੋਰ ਕੋਈ ਪ੍ਰਮਾਣ ਪੱਤਰ ਹੱਥਾਂ 'ਚ ਲੈ ਕੇ ਇੰਟਰਵਿਊ ਦੇਣ ਲਈ ਲਾਈਨ 'ਚ ਲੱਗੇ ਹੋਏ ਸਨ। ਪਰ ਜੈਕਾਰਾ ਸਿੰਘ ਸਿਰਫ ਤਿੰਨ ਫੁੱਟੀ ਕ੍ਰਿਪਾਨ ਹੱਥ 'ਚ ਫੜਕੇ ਮੈਥੋਂ ਮੋਹਰੇ ਤੀਸਰੇ ਸਥਾਨ 'ਤੇ ਖੜ੍ਹਾ ਸੀ। ਲੰਘਦੇ ਵੜਦੇ ਸਾਰੇ ਉਸਨੂੰ ਮਖੌਲ-ਟਿੱਚਰਾਂ ਕਰੀ ਜਾਣ। ਸ਼ੀਸ਼ਿਆਂ ਥਾਣੀਂ ਸਾਨੂੰ ਅੰਦਰਲੀ ਕਾਰਵਾਈ ਦਿਸ ਰਹੀ ਸੀ ਤੇ ਦਰਵਾਜ਼ੇ ਦੇ ਨੇੜੇ ਜਾ ਕੇ ਸੁਣਨ ਵੀ ਲੱਗ ਪਈ। ਆਪਣੀ ਵਾਰੀ ਸਿਰ ਜਥੇਦਾਰ ਨੇ ਅੰਦਰ ਜਾਂਦਿਆਂ ਹੀ ਜੋਸ਼ੀਲੇ ਅੰਦਾਜ਼ ਨਾਲ਼ ਜੈਕਾਰਾ ਛੱਡਿਆ। ਇੰਟਰਵਿਊ ਲੈਣ ਵਾਲ਼ਿਆਂ ਨਾਲ਼ ਉਸਦਾ ਵਾਰਤਾ ਲਾਪ ਇਸ ਤਰ੍ਹਾਂ ਹੋਇਆ-
ਉਸਦੇ ਪੁਰਾਣੇ ਭੇਤੀ ਟੌਹੜਾ ਸਾਹਿਬ ਨੇ ਮੁਸ਼ਕੜੀਏਂ ਹੱਸਦਿਆਂ ਜੈਕਾਰਾ ਸਿੰਘ ਨੂੰ ਪੁੱਛਿਆ-" ਬਈ ਜਥੇਦਾਰਾ, ਬਾਣੀਂ ਕਿੰਨੀਂ ਕੁ ਕੰਠ ਹੈ ਤੈਂਨੂੰ ?" ਟੌਹੜਾ ਜੀ ਦੇ ਲਾਗੇ ਹੀ ਬੈਠੇ ਸ੍ਰੀ ਬਾਦਲ ਵੱਲ ਹੱਥ ਕਰ ਕੇ ਜੈਕਾਰਾ ਸਿੰਘ ਨੇ ਉਲਟਾ ਟੌਹੜਾ ਸਾਹਬ ਨੂੰ ਈ ਸਵਾਲ ਕਰ ਦਿੱਤਾ-
" ਹਾਅ ਸਵਾਲ ਤੈਂ ਕਦੇ ਬਾਦਲ ਨੂੰ ਵੀ ਪੁੱਛਿਆ ਐ ?" ਅੰਦਰ ਹਾਸਾ ਮੱਚ ਗਿਆ ! ਸਾਰਿਆਂ ਦੇ ਖਿੜ ਖਿੜ ਹੱਸਦਿਆਂ ਜਥੇਦਾਰ ਨੇ ਇੱਕ 'ਸ਼ੁਰ੍ਹਲੀ' ਹੋਰ ਛੱਡ ਦਿੱਤੀ-"---ਬਾਦਲ ਸਾ'ਬ ਨਾਲ਼ੋਂ ਤਾਂ ਭੋਰਾ ਵੱਧ ਹੀ ਬਾਣੀਂ ਆਉਂਦੀ ਹੁਊ ਮੈਂਨੂੰ , ਘੱਟ ਨੀ੍ਹ !!"
"ਜਥੇਦਾਰਾ ਤੈਂਨੂੰ ਟਿਕਟ ਨਹੀਂ ਦੇਣੀਂ ਅਸੀਂ" ਟੌਹੜਾ ਜੀ ਨੇ ਫਿਰ ਹੱਸਦਿਆਂ ਹੋਇਆਂ ਕਹਿ ਦਿੱਤਾ।
"ਨਾ ਦਿਉ! ਮੈਂ ਕਿਹੜਾ ਥੁਆਂਤੋਂ ਟਿਕਟ ਮੰਗਣ ਆਇਆਂ ਵਾਂ !"
"ਫੇਰ ਅੱਜ ਇੱਥੇ ਕੀ ਕਰਨ ਆਇਆ ਹੋਇਐਂ?"
"ਮੈਂ--?" ਜੈਕਾਰਾ ਸਿੰਘ ਨੇ ਖੰਘੂਰਾ ਮਾਰ ਕੇ ਕੁਰਸੀਆਂ ਉੱੱਤੇ ਇੱਕੋ ਕਤਾਰ ਵਿੱਚ ਸਜੇ ਬੈਠੇ ਸ੍ਰ. ਸੁਰਜੀਤ ਸਿੰਘ ਬਰਨਾਲ਼ਾ, ਸੁਖਦੇਵ ਸਿੰਘ ਢੀਂਡਸਾ, ਪ੍ਰਕਾਸ਼ ਸਿੰਘ ਬਾਦਲ, ਜਗਦੇਵ ਸਿੰਘ ਤਲਵੰਡੀ ਅਤੇ ਜਥੇਦਾਰ ਟੌਹੜਾ ਵੱਲ੍ਹ ਨੂੰ ਆਪਣੀਂ ਤਿੰਨ ਫੁੱਟੀ ਕ੍ਰਿਪਾਨ ਘੁਮਾਉਂਦਿਆਂ ਆਖਿਆ-
"ਅੱਜ ਥੁਆਨੂੰ ਇਹ ਕਹਿਣ ਆਇਆਂ ਕਿ ਦੇਖੋ, ਤੁਸੀਂ ਸਾਰੇ ਜਣੇ 'ਕੱਠੇ ਬੈਠੇ ਕਿੰਨੇਂ ਸੋਹਣੇ ਲਗਦੇ ਓ ! ਜਦ ਤੁਸੀਂ ਆਪੋ ਵਿੱਚੀਂ ਪਾਟ ਪਾ ਕੇ ਬਰਨਾਲ਼ਾ-ਦਲ, ਟੌਹੜਾ-ਦਲ, ਫਲਾਣਾ-ਦਲ ਬਣਾ ਲੈਨੇ ਆਂ, ਤਾਂ ਸਾਡੇ ਵਰਗੇ ਵਰਕਰ ਭੰਬਲ਼-ਭੁਸੇ 'ਚ ਪੈ ਜਾਂਦੇ ਆ ਕਿ ਕਿਹਨੂੰ ਛੱਡੀਏ ਤੇ ਕਿਹਦੇ ਮਗਰ ਤੁਰੀਏ?---ਸੋ ਇਸੇ ਤਰਾਂ੍ਹ 'ਕੱਠੇ ਈ ਰਿਹਾ ਕਰੋ ਰੱਬ ਕਰਕੇ!" ਜਥੇਦਾਰ ਨੇ ਹੱਥ ਜੋੜ ਦਿੱਤੇ।
"ਚੰਗਾ ਫਿਰ ਜਥੇਦਾਰਾ, ਇੱਕ ਜੈਕਾਰਾ ਬਾਹਰ ਜਾਣ ਦਾ ਵੀ ਛੱਡ ਦੇਹ!"
ਸ਼ਾਇਦ ਢੀਂਡਸਾ ਜੀ ਜਾਂ ਜਥੇਦਾਰ ਤਲਵੰਡੀ ਨੇ 'ਗੱਲ ਮੁਕਾਉਣ' ਲਈ ਉਸ ਨੂੰ ਬਾਹਰ ਚਲੇ ਜਾਣ ਦੇ ਇਸ਼ਾਰੇ ਵਜੋਂ ਆਖਿਆ।
"ਜੈਕਾਰਾ ਥੁਆਡਾ ਨਹੀਂ , ਮੇਰੇ ਗੁਰੂ ਦਾ ਬਖਸ਼ਿਆ ਹੋਇਐ--! ਜੈਕਾਰਾ ਗਜਾਉਣ ਲਈ ਮੈਂਨੂੰ ਕਿਸੇ ਦੀਆਂ ਸਿਫਾਰਸ਼ਾਂ ਦੀ ਲੋੜ ਨੀ੍ਹਂ!!"
ਅਜਿਹੀ 'ਖਾੜਕੂ ਇੰਟਰਵਿਊ' ਦੇ ਕੇ ਕਮਰੇ ਤੋਂ ਬਾਹਰ ਆਉਂਦਿਆਂ ਉਸ ਨੇ ਫੇਰ ਅਕਾਸ਼ ਗੁੰਜਾਊ ਜੈਕਾਰਾ ਛੱਡ ਦਿੱਤਾ। ਬਾਬਾ ਸੰਗ ਗੁਰਦੁਆਰਾ ਕੰਪਲੈਕਸ ਵਿੱਚ ਉਸ ਦਿਨ ਜੈਕਾਰਾ ਸਿੰਘ ਦੀ ਇੰਟਰਵਿਊ ਦੀਆਂ ਗੱਲਾਂ ਕਰ ਕਰ ਹੱਸਦਿਆਂ ਲੋਕਾਂ ਦੇ ਢਿੱਡ ਪੱਕ ਗਏ।
ਖੈਰ ਮੈਂਨੂੰ ਟਿਕਟ ਨਵਾਂਸ਼ਹਿਰ ਹਲਕੇ ਤੋਂ ਮਿਲ਼ ਗਈ। ਅਖਬਾਰਾਂ ਵਿੱਚ ਛਪੀ ਉਮੀਦਵਾਰ-ਸੂਚੀ ਵਿੱਚ ਮੇਰਾ ਨਾਂ ਆ ਗਿਆ। ਪਰ ਬੰਗੇ ਹਲਕੇ ਦੇ ਅਕਾਲੀ ਮੇਰਾ ਵਿਰੋਧ ਕਰਨ ਲੱਗ ਪਏ । ਕਿਉਂਕਿ ਮੇਰਾ ਆਪਣਾ ਪਿੰਡ ਨਵਾਂਸ਼ਹਿਰ ਹਲਕੇ ਵਿੱਚ ਨਹੀਂ ਸੀ ਪੈਂਦਾ। ਉਹ ਮੈਂਨੂੰ 'ਬਾਹਰਲਾ ਉਮੀਦਵਾਰ' ਗਰਦਾਨਣ ਲੱਗ ਪਏ । ਇਸ ਮਸਲੇ ਦੇ ਹੱਲ ਲਈ ਨਵਾਂਸ਼ਹਿਰ ਵਿਖੇ ਹੋਈ ਹੰਗਾਮੀਂ ਮੀਟਿੰਗ ਵਿੱਚ ਮੇਰੇ ਵਿਰੋਧੀਆਂ ਨੇ ਇਹ ਮਤਾ ਪਾਸ ਕਰਨਾ ਚਾਹਿਆ ਕਿ ਮੇਰੀ ਟਿਕਟ ਕੈਂਸਲ ਕਰਵਾਉਣ ਲਈ , ਹਾਈ ਕਮਾਂਡ ਕੋਲ਼ ਇੱਕ ਡੈਲੀਗੇਸ਼ਨ ਭੇਜਿਆ ਜਾਵੇ। ਇੰਨੀਂ ਗੱਲ ਸੁਣਦਿਆਂ ਸਾਰ ਜਥੇਦਾਰ ਧੱਕਾ ਮਾਰ ਕੇ ਸਟੇਜ 'ਤੇ ਜਾ ਚੜ੍ਹਿਆ-
"ਮੁੰਡੇ ਦੇ ਗਾਨਾ ਬੰਨ੍ਹਿਆਂ ਹੋਵੇ, ਗਲ਼ 'ਚ ਹਾਰ ਪਾਏ ਹੋਣ, ਸਿਰ 'ਤੇ ਕਲਗੀ ਲੱਗੀ ਹੋਵੇ ਤੇ ਬੈਂਡ ਵਾਜਾ ਵੱਜਣ ਲੱਗ ਪਵੇ---ਫਿਰ ਕੋਈ ਉਸ ਨੂੰ ਕਹੇ ਕਿ ਕਾਕਾ, ਅਹਿ ਕਲਗੀ ਲਾਹ ਕੇ ਫਲਾਣੇ ਦੇ ਲਾ ਦੇ!----ਇਹ ਕੰਮ ਨੀਂ ਮੈਂ ਹੋਣ ਦੇਣਾ। ਜੇ ਤੁਸੀਂ ਨਾ ਹਟੇ ਤਾਂ ਮੈਂ 'ਕੱਲੇ ਨੇ ਮੋਰਚਾ ਲਾ ਦੇਣੈ!!"
ਸ੍ਰੀ ਬਾਦਲ ਦੇ ਪਹਿਲੇ ਜਾਂ ਦੂਜੇ ਮੁਖ-ਮੰਤਰੀ ਰਾਜ-ਕਾਲ ਸਮੇਂ , ਉਹ ਕਿਸੇ ਕੰਮ ਕਾਜ ਦੇ ਸਿਲਸਿਲੇ 'ਚ ਚੰਡੀਗੜ੍ਹ ਚਲਾ ਗਿਆ। ਮੁਖ ਮੰਤਰੀ ਚੰਡੀਗੜ੍ਹੋਂ ਕਿਤੇ ਬਾਹਰ ਗਏ ਹੋਏ ਸਨ। ਖਾਲੀ ਦਫਤਰ ਪਹੁੰਚ ਕੇ ਜਥੇਦਾਰ ਹੁਣਾਂ ਦੇ ਡੈਪੂਟੇਸ਼ਨ ਨੂੰ ਇਸ ਗੱਲ ਦਾ ਪਤਾ ਲੱਗਾ। ਜੈਕਾਰਾ ਸਿੰਘ ਨੇ 'ਆ ਦੇਖਿਆ ਨਾ 'ਤਾ, ਸਿੱਧਾ ਪਥੱਲ੍ਹਾ ਮਾਰ ਕੇ ਸੀ. ਐੱਮ. ਦੀ ਕੁਰਸੀ 'ਤੇ ਜਾ ਬੈਠਾ!
ਮਗਰੋਂ ਕਿੰਨਾਂ ਈ ਚਿਰ ਉਹ ਖੁੰਢਾਂ 'ਤੇ ਜੁੜੇ ਇਕੱਠਾਂ ਵਿੱਚ ਜਾਂ ਆਮ ਸਮਾਗਮਾਂ ਮੌਕੇ , ਸ੍ਰੀ ਬਾਦਲ ਵਾਲ਼ੀ ਕੁਰਸੀ 'ਤੇ ਬੈਠਣ ਦਾ ਆਪਣਾ 'ਅਨੋਖਾ ਅਨੁਭਵ' ਦੁਹਰਾਉਂਦਾ ਰਿਹਾ-
"ਓ ਜੀ ਕਿਆ ਰੀਸਾਂ ਨੇ ਉਸ ਕੁਰਸੀ ਦੀਆਂ !---ਮਖਮਲੀ ਸੇਜ ਵਰਗੀ ਗੁਦ-ਗੁਦੀ---ਬੈਠੇ ਬੰਦੇ ਨੂੰ ਈ ਝੂਟੇ ਦੇਈ ਜਾਂਦੀ ਐ!! ---ਮੈਂ ਬੈਠਾ ਸੋਚਾਂ, ਪਈ ਤਾਂਹੀ ਲੀਡਰ ਲੋਕ ਇਸ ਕੁਰਸੀ ਪਿੱਛੇ ਦੀਨ-ਇਮਾਨ ਸੱਭ ਕੁੱਝ ਭੁੱਲ ਜਾਂਦੇ ਐ!!!"
'ਭੋਲ਼ੇ ਜਥੇਦਾਰ ਨੂੰ ਕੀ ਪਤਾ ਸੀ ਕਿ ਇਸ ਕੁਰਸੀ ਦਾ ਗੁਦ-ਗੁਦੀ ਜਾਂ ਮਖਮਲੀ ਹੋਣਾ 'ਵੱਡਾ ਗੁਣ' ਨਹੀਂ , ਸਗੋਂ ਅਸਲ ਤੇ ਮੀਰੀ ਗੁਣ ਇਹ ਹੈ ਕਿ ਇਹਦੇ 'ਤੇ ਬਹਿਣ ਵਾਲ਼ਾ ਆਮ ਸਧਾਰਨ ਬੰਦਾ, ਸਭ ਦੇ ਦੇਖਦਿਆਂ , ਇੱਕ ਦਿਨ ਚਾਲ਼ੀ ਗੰਜ ਦਾ ਮਾਲਕ 'ਕਾਰੂੰ ਬਾਦਸ਼ਾਹ' ਬਣ ਜਾਂਦਾ ਹੈ। ਇਹ ਕੁਰਸੀ ਉਦੋਂ ਉਸਨੂੰ ਦੀਨ-ਧਰਮ-ਕੌਮ, ਸਭ ਕੁੱਝ ਭੁਲਾ ਦਿੰਦੀ ਹੈ।"
ਦੁਨਿਆਵੀ ਲੋਭ-ਲਾਲਚਾਂ ਤੋਂ ਉਚਾ, ਬੇਖੌਫ, ਬੇਗਰਜ਼, ਬੇਬਾਕ ਤੇ ਨਿਧੜਕ ਜੀਵਨ ਗੁਜ਼ਾਰ ਕੇ ਪ੍ਰਲੋਕ ਗਮਨ ਕਰ ਗਏ ਇਸ ਜਥੇਦਾਰ ਦੇ ਪਿੰਡ ਨੂੰ ਜਾਂਦੀ ਲਿੰਕ ਰੋਡ 'ਤੇ , ਪੀ.ਡਬਲਯੂ.ਡੀ. ਵਾਲ਼ਿਆਂ ਵੱਲੋਂ ਲਗਾਏ ਗਏ ਬੋਰਡ ਉੱਤੇ ਲਿਖਿਆ ਹੋਇਐ- "ਜਥੇਦਾਰ ਜੈਕਾਰਾ ਸਿੰਘ ਮਾਰਗ!@' ਇਸ ਸੜਕ ਤੋਂ ਹਜਾਰਾਂ ਲੱਖਾਂ ਲੋਕ ਲੰਘ ਗਏ ਹੋਣਗੇ। ਪਰ ਜਿੰਦਗੀ ਦੇ ਜਿਸ 'ਮਾਰਗ' ਉੱਪਰ ਜੈਕਾਰਾ ਸਿੰਘ ਆਖਰੀ ਸਾਹਾਂ ਤੱਕ ਤੁਰਦਾ ਰਿਹਾ, ਉਹ ਸੁੰਨ-ਮ-ਸਾਨ ਨਜ਼ਰ ਆ ਰਿਹਾ ਹੈ!
No comments:
Post a Comment