ਜਾਂਦਾ ਸਾਲ ਚੰਗਾ ਨਹੀਂ ਰਿਹਾ, ਹੁਣ ਕਾਮਨਾ ਕਰੀਏ ਕਿ ਆਉਂਦਾ ਵਰ੍ਹਾ ਇਸ ਤੋਂ ਵੀ ਮਾੜਾ ਨਾ ਆ ਜਾਂਦਾ ਹੋਵੇ
ਜਦੋਂ ਇਹ ਸਾਲ ਸਾਡੇ ਕੋਲੋਂ ਕੰਨੀਂ ਛੁਡਾਉਣ ਵਾਲਾ ਤੇ ਅਗਲਾ ਬਰੂੰਹਾਂ ਅੱਗੇ ਖੜਾ ਹੈ, ਸਾਡਾ ਮਨ ਜਾਂਦੇ ਸਾਲ ਦੇ ਸਿਰਫ ਕੁਝ ਮੁੱਦਿਆਂ ਅਤੇ ਕੁਝ ਕੁ ਹੀ ਘਟਨਾਵਾਂ ਬਾਰੇ ਪਾਠਕਾਂ ਨਾਲ ਮੁੜ ਕੇ ਸਾਂਝ ਪਾਉਣ ਨੂੰ ਕਰਦਾ ਹੈ।
ਸਾਡੇ ਪਿੰਡਾਂ ਦੇ ਪੁਰਾਣੇ ਬਜ਼ੁਰਗ ਇਹ ਗੱਲ ਆਮ ਕਿਹਾ ਕਰਦੇ ਸਨ, 'ਨਗਰ ਸੁਖ ਤਾਂ ਖੇੜੇ ਸੁਖ, ਖੇੜੇ ਸੁਖ ਤਾਂ ਵਿਹੜੇ ਸੁਖ।' ਕਹਿਣ ਤੋਂ ਭਾਵ ਇਹ ਸੀ ਕਿ ਜੇ ਪਿੰਡ ਵਿੱਚ ਸੁੱਖ ਹੈ ਤਾਂ ਸੰਸਾਰ ਵਿੱਚ ਸੁੱਖ ਜਾਪਦੀ ਹੈ ਤੇ ਜਦੋਂ ਸੰਸਾਰ ਵਿੱਚ ਸੁੱਖ ਹੋਵੇ ਤਾਂ ਘਰ-ਪਰਵਾਰ ਦੀ ਸੁੱਖ ਦੀ ਆਸ ਵੀ ਵਧ ਜਾਂਦੀ ਹੈ। ਇਸ ਕਹਾਵਤ ਤੇ ਆਪਣੇ ਸੁਭਾਅ ਮੁਤਾਬਕ ਅਸੀਂ ਵੀ ਸੰਸਾਰ ਦੇ ਚੌਖਟੇ ਤੋਂ ਗੱਲ ਸ਼ੁਰੂ ਕਰਨੀ ਚਾਹਾਂਗੇ। ਇਸ ਮੱਦ ਵਿੱਚ ਪਹਿਲਾਂ ਥਾਂ ਪਾਕਿਸਤਾਨ ਦਾ ਹੈ।
ਜਦੋਂ ਇਹ ਸਾਲ ਸ਼ੁਰੂ ਹੋਇਆ ਸੀ, ਓਦੋਂ ਹੀ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦਾ ਕਤਲ ਹੋ ਗਿਆ ਸੀ। ਉਸ ਨੂੰ ਉਸ ਦੇ ਆਪਣੇ ਸਰਕਾਰੀ ਸੁਰੱਖਿਆ ਗਾਰਡ ਦੇ ਹੱਥੋਂ ਇਹ ਕਹਿ ਕੇ ਕਤਲ ਕਰਵਾਇਆ ਗਿਆ ਕਿ ਸਲਮਾਨ ਤਾਸੀਰ ਧਰਮ ਦੀ ਨਿੰਦਾ ਬਦਲੇ ਸਿਰਫ ਮੌਤ ਦੀ ਸਜ਼ਾ ਦਾ ਕਾਨੂੰਨ ਬਦਲਣ ਦੀ ਮੰਗ ਕਰ ਕੇ ਕਾਫਰਾਂ ਦਾ ਪੱਖ ਲੈਂਦਾ ਤੇ ਇਸਲਾਮ ਦਾ ਦੋਖੀ ਬਣ ਰਿਹਾ ਹੈ, ਇਸ ਲਈ ਇਸ ਨੂੰ ਮਾਰ ਦੇਣਾ ਜਾਇਜ਼ ਕਾਰਵਾਈ ਹੋਵੇਗੀ। ਜਦੋਂ ਕਾਤਲ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕਾਨੂੰਨ ਦੀ ਪੈਰੋਕਾਰੀ ਕਰਨ ਲਈ ਜਾਣੇ ਜਾਂਦੇ ਵਕੀਲਾਂ ਨੇ ਉਸ ਉੱਤੇ ਫੁੱਲਾਂ ਦੀ ਵਰਖਾ ਕਰ ਕੇ ਨਵਾਂ ਇਤਹਾਸ ਸਿਰਜ ਦਿੱਤਾ ਅਤੇ ਉਸ ਨੂੰ ਸਜ਼ਾ ਦੇਣ ਵਾਲੇ ਜੱਜ ਦੀ ਅਦਾਲਤ ਵਿੱਚ ਜਾ ਕੇ ਏਨੀ ਭੰਨ ਤੋੜ ਕੀਤੀ ਸੀ ਕਿ ਜੱਜ ਨੂੰ ਜਾਨ ਬਚਾ ਕੇ ਪਰਵਾਰ ਸਮੇਤ ਦੇਸ਼ ਤੋਂ ਭੱਜ ਜਾਣ ਬਾਰੇ ਸੋਚਣਾ ਪੈ ਗਿਆ ਸੀ। ਸਲਮਾਨ ਤਾਸੀਰ ਦਾ ਕਤਲ ਸ਼ੁਰੂਆਤ ਸੀ, ਉਸ ਪਿੱਛੋਂ ਇੱਕ ਕੇਂਦਰੀ ਮੰਤਰੀ ਸ਼ਾਹਬਾਜ਼ ਭੱਟੀ, ਜਿਸ ਕੋਲ ਘੱਟ ਗਿਣਤੀ ਲੋਕਾਂ ਦਾ ਵਿਭਾਗ ਸੀ, ਕਤਲ ਕਰ ਦਿੱਤਾ ਗਿਆ ਤੇ ਕਈ ਹੋਰ ਲੋਕਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਸਨ। ਅਸੀਂ ਓਦੋਂ ਹੀ ਕਿਹਾ ਸੀ ਕਿ ਪਾਕਿਸਤਾਨ ਹੁਣ ਮੜ੍ਹੀਆਂ ਦੇ ਰਾਹ ਪੈ ਗਿਆ ਹੈ।
ਪਾਕਿਸਤਾਨ ਦੀ ਹਕੂਮਤ ਭਾਵੇਂ ਰਾਸ਼ਟਰਪਤੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਗਿਲਾਨੀ ਚਲਾ ਰਹੇ ਜਾਪਦੇ ਹਨ, ਅਸਲ ਵਿੱਚ ਹੁਕਮ ਓਥੇ ਫੌਜ ਅਤੇ ਖੁਫੀਆ ਏਜੰਸੀ ਆਈ ਐੱਸ ਆਈ ਦਾ ਚੱਲਦਾ ਹੈ। ਸੰਸਾਰ ਭਰ ਦੇ ਸਭ ਤੋਂ ਵੱਧ ਚਰਚਿਤ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੇ ਇੱਕ ਫੌਜੀ ਛਾਉਣੀ ਦੀ ਹੱਦ ਨੇੜੇ ਅੱਡਾ ਬਣਾ ਕੇ ਲੁਕੇ ਹੋਣ ਅਤੇ ਅਮਰੀਕੀ ਕਮਾਂਡੋਜ਼ ਵੱਲੋਂ ਮਾਰ ਦਿੱਤੇ ਜਾਣ ਪਿੱਛੋਂ ਫੌਜ ਨੇ ਆਪਣੀ ਕਮਜ਼ੋਰੀ ਲੁਕਾਉਣ ਲਈ ਰਾਜਸੀ ਲੀਡਰਸ਼ਿਪ ਨੂੰ ਨਿਸ਼ਾਨੇ ਉੱਤੇ ਰੱਖ ਲਿਆ। ਫਿਰ ਅਮਰੀਕਾ ਨਾਲ ਸੰਬੰਧ ਵਿਗੜਦੇ ਹੋਏ ਏਨੇ ਵਿਗੜ ਗਏ ਕਿ ਉਸ ਤੋਂ ਫੌਜੀ ਅੱਡਾ ਵੀ ਖਾਲੀ ਕਰਵਾ ਲਿਆ ਗਿਆ ਅਤੇ ਉਸ ਦੀ ਅਫਗਾਨਿਸਤਾਨ ਵਿੱਚ ਬੈਠੀ ਫੌਜ ਦੀ ਰਾਸ਼ਣ ਪਾਣੀ ਦੀ ਸਪਲਾਈ ਵੀ ਰੋਕ ਦਿੱਤੀ ਗਈ। ਜਿਹੜੇ ਜ਼ਰਦਾਰੀ ਅਤੇ ਗਿਲਾਨੀ ਤੋਂ ਅਮਰੀਕਾ ਨੂੰ ਆਸ ਸੀ, ਉਹ ਅਮਰੀਕੀ ਫੌਜ ਦੇ ਕਮਾਂਡਰ ਨੂੰ ਲਿਖੀ ਮਦਦ ਮੰਗਦੀ ਚਿੱਠੀ ਦੇ ਜ਼ਾਹਰ ਹੋਣ ਪਿੱਛੋਂ ਆਪੋ ਆਪਣੀ ਜਾਨ ਦੀ ਸਲਾਮਤੀ ਮੰਗਦੇ ਫਿਰਦੇ ਹਨ। ਇੱਕ ਪਾਸੇ ਉਹ ਸੁਪਰੀਮ ਕੋਰਟ ਨੂੰ ਕਹਿ ਰਹੇ ਹਨ ਕਿ ਫੌਜ ਤੇ ਖੁਫੀਆ ਏਜੰਸੀ ਸਾਡੇ ਕੰਟਰੋਲ ਵਿੱਚ ਨਹੀਂ ਅਤੇ ਦੂਜੇ ਪਾਸੇ ਫੌਜ ਤੇ ਖੁਫੀਆ ਏਜੰਸੀ ਨੇ ਸੁਪਰੀਮ ਕੋਰਟ ਨੂੰ ਕਹਿ ਦਿੱਤਾ ਹੈ ਕਿ ਇਹ ਚਿੱਠੀ ਲਿਖਣ ਦਾ ਕਾਰਾ ਜਿਨ੍ਹਾਂ ਨੇ ਕੀਤਾ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਤ ਅੰਤਾਂ ਦੇ ਖਤਰਨਾਕ ਹਨ, ਪਰ ਅਮਰੀਕਾ ਜਿਵੇਂ ਮਿਸਰ ਦੇ ਹੋਸਨੀ ਮੁਬਾਰਕ ਦਾ ਸਾਥ ਔਖੀ ਘੜੀ ਛੱਡ ਗਿਆ ਸੀ, ਉਵੇਂ ਹੀ ਇਨ੍ਹਾਂ ਨਾਲ ਕਰ ਰਿਹਾ ਜਾਪਦਾ ਹੈ। ਇਰਾਕ ਦੇ ਹਾਕਮਾਂ ਨੂੰ ਵੀ ਉਸ ਨੇ ਕਸੂਤੇ ਵਕਤ ਛੱਡ ਕੇ ਮੌਤ ਦੇ ਮੂੰਹ ਧੱਕ ਦਿੱਤਾ ਹੈ, ਅਫਗਾਨਿਸਤਾਨ ਵਿੱਚ ਵੀ ਖਤਰੇ ਖੜੇ ਕਰ ਕੇ ਹੁਣ ਉਨ੍ਹਾਂ ਨੂੰ ਭੁਗਤਣ ਦੀ ਜ਼ਿਮੇਵਾਰੀ ਹਾਮਿਦ ਕਰਜ਼ਈ ਦੇ ਸਿਰ ਪਾ ਕੇ ਤੁਰ ਚੱਲਿਆ ਹੈ।
ਸੰਸਾਰ ਦੇ ਚੌਖਟੇ ਦੀਆਂ ਕਈ ਖਬਰਾਂ ਹਨ, ਪਰ ਸਾਰੀਆਂ ਨੂੰ ਛੱਡ ਕੇ ਸਿਰਫ ਇਹ ਜ਼ਿਕਰ ਕਰਨਾ ਰਹਿ ਜਾਂਦਾ ਹੈ ਕਿ ਸੰਸਾਰ ਦੀ ਸਰਦਾਰੀ ਦਾ ਦਾਅਵੇਦਾਰ ਅਮਰੀਕਾ ਆਰਥਿਕ ਪੱਖੋਂ ਆਪ ਵੀ ਫਸਿਆ ਹੈ ਅਤੇ ਉਸ ਦੇ ਜੋੜੀਦਾਰ ਵੀ। ਯੂਰਪੀ ਦੇਸ਼ਾਂ ਦਾ ਹਾਲ ਅੰਤਾਂ ਦਾ ਮਾੜਾ ਹੋਇਆ ਪਿਆ ਹੈ। ਇਸ ਦੇ ਬਾਵਜੂਦ ਅਮਰੀਕਾ ਦਾ ਧਿਆਨ ਆਪਣੇ ਦੇਸ਼ ਦੇ ਹਾਲਾਤ ਸੁਧਾਰਨ ਵੱਲ ਘੱਟ ਤੇ ਬਹੁਤਾ ਰੂਸ ਤੱਕ ਜਾ ਕੇ ਪੁਆੜੇ ਪਾਉਣ ਵੱਲ ਲੱਗਾ ਪਿਆ ਹੈ। ਰਾਸ਼ਟਰਪਤੀ ਓਬਾਮਾ ਦੀ ਹਕੂਮਤ ਦਾ ਆਖਰੀ ਸਾਲ ਚੜ੍ਹਨ ਵਾਲਾ ਹੈ ਤੇ ਜਿਵੇਂ ਆਮ ਹੁੰਦਾ ਹੈ, ਇਸ ਵਾਰ ਉਹ ਵੀ ਆਪਣੇ ਅੰਤਲੇ ਸਾਲ ਵਿੱਚ ਲੋਕਾਂ ਦੀਆਂ ਵੋਟਾਂ ਖਿੱਚਣ ਲਈ ਕੋਈ ਮਾਅਰਕੇਬਾਜ਼ੀ ਕਰਨ ਤੁਰ ਸਕਦਾ ਹੈ।
ਹੁਣ ਆਈਏ ਅਸੀਂ ਆਪਣੇ ਉਸ ਦੇਸ਼ ਵੱਲ, ਜਿਹੜਾ ਕਦੇ 'ਸੋਨੇ ਦੀ ਚਿੜੀ' ਹੁੰਦਾ ਸੀ ਤੇ ਹੁਣ ਇਸ ਦੀ ਹਾਲਤ 'ਘਰ ਖਾਣ ਨੂੰ ਨਹੀਂ, ਮਾਂ ਪੀਹਣ ਗਈ' ਵਾਲੀ ਬਣੀ ਪਈ ਹੈ। ਜਦੋਂ ਇਹ 'ਸੋਨੇ ਦੀ ਚਿੜੀ' ਹੁੰਦਾ ਸੀ, ਓਦੋਂ ਵੀ ਸਾਰੀ ਜਨਤਾ ਸੋਨੇ ਦੀ ਸੇਜ਼ ਉੱਤੇ ਨਹੀਂ ਸੀ ਸੌਂਦੀ, ਨਵਾਬ ਅਤੇ ਰਜਵਾੜੇ ਖੁਸ਼ਹਾਲ ਹੁੰਦੇ ਸਨ ਜਾਂ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਵਾਲੇ ਧਾਰਮਿਕ ਆਗੂਆਂ ਦੇ ਕੇਂਦਰਾਂ ਵਿੱਚ ਦੌਲਤ ਦੇ ਢੇਰ ਹੁੰਦੇ ਸਨ। ਸ੍ਰੀ ਪਦਮਨਾਭ ਮੰਦਰ ਦਾ ਖਜ਼ਾਨਾ ਖੁੱਲ੍ਹ ਜਾਣ ਨੇ ਸਭ ਨੂੰ ਦੱਸ ਦਿੱਤਾ ਹੈ ਕਿ ਗੌਰੀ ਅਤੇ ਗਜ਼ਨਵੀ ਨੂੰ ਕਿਹੜੀ ਚੀਜ਼ ਏਧਰ ਖਿੱਚ ਕੇ ਲਿਆਉਂਦੀ ਹੁੰਦੀ ਸੀ। ਏਦਾਂ ਦੇ ਖਜ਼ਾਨੇ ਜਿੱਥੇ ਵੀ ਹੋਣਗੇ, ਉਨ੍ਹਾਂ ਵੱਲ ਲੁਟੇਰੇ ਆਉਣਗੇ ਹੀ, ਪਰ ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਨੇ ਰਾਖੀ ਕਰਨੀ ਹੁੰਦੀ ਸੀ, ਉਹ ਕੀ ਕਰਦੇ ਸਨ? ਇਸ ਦਾ ਜਵਾਬ ਇਸ ਗੱਲ ਵਿੱਚ ਹੈ ਕਿ ਜਿਵੇਂ ਅੱਜ ਕਰਨਾਟਕਾ ਅਤੇ ਕਈ ਹੋਰਨੀਂ ਥਾਂਈਂ ਜ਼ਮੀਨ ਪੋਲੀ ਕਰ-ਕਰ ਕੇ ਦੇਸ਼ ਦੀ ਦੌਲਤ ਪੁੱਟਣ ਮਗਰੋਂ ਵਿਦੇਸ਼ ਭੇਜਣ ਦਾ ਜਾਇਜ਼ ਤੋਂ ਵੱਧ ਨਾਜਾਇਜ਼ ਧੰਦਾ ਹੋਈ ਜਾਂਦਾ ਹੈ ਤੇ ਕੁਝ 'ਦੇਸ਼ ਭਗਤ' ਅਖਵਾਉਂਦੇ ਲੋਕ ਲੁਟੇਰਿਆਂ ਨਾਲ ਹਿੱਸਾ-ਪੱਤੀ ਕਰੀ ਫਿਰਦੇ ਹਨ, ਗੌਰੀ ਤੇ ਗਜ਼ਨਵੀ ਦੇ ਵੇਲੇ ਵੀ ਇਨ੍ਹਾਂ ਦੇ ਕੁਝ ਵਡੇਰੇ ਉਨ੍ਹਾਂ ਲਈ ਰਾਹ-ਦਸੇਰੇ ਬਣ ਗਏ ਹੋਣਗੇ। ਅੰਗਰੇਜ਼ਾਂ ਦੀ ਆਮਦ ਵੇਲੇ ਵੀ ਕਈਆਂ ਨੇ ਉਨ੍ਹਾਂ ਦਾ ਟੋਡੀਪੁਣਾ ਕੀਤਾ ਸੀ। ਉਹ ਆਮ ਲੋਕ ਨਹੀਂ, ਖਾਂਦੀ-ਪੀਂਦੀ ਖੁਸ਼ਹਾਲ ਜਮਾਤ ਵਿੱਚੋਂ ਸਨ। ਦਲਾਲੀਆਂ ਦਾ ਧੰਦਾ ਜਦੋਂ ਵੀ ਕੀਤਾ ਹੈ, ਖੁਸ਼ਹਾਲ ਖਾਨਦਾਨਾਂ ਨੇ ਕੀਤਾ ਹੈ, ਆਮ ਲੋਕ ਗਦਾਰੀਆਂ ਨਹੀਂ ਕਰਦੇ ਹੁੰਦੇ।
ਪਿਛਲੇ ਸਾਲ ਵਿੱਚ ਜਿਵੇਂ ਭਾਰਤ ਵਿੱਚ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਬਾਹਰ ਆਈ ਹੈ, ਉਸ ਤੋਂ ਖਿਝੇ ਲੋਕਾਂ ਹੋਏ ਨੇ ਕਿਸੇ ਨਾ ਕਿਸੇ ਰੂਪ ਵਿੱਚ ਉੱਠਣਾ ਹੀ ਸੀ ਅਤੇ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਨਾਲ ਨਿਕਲ ਆਏ ਹਨ। ਇਹ ਪ੍ਰੈਸ਼ਰ ਕੁੱਕਰ ਵਿੱਚ ਬਣ ਗਏ ਦਬਾਅ ਕਾਰਨ ਵੱਜਣ ਵਾਲੀ ਸੀਟੀ ਹੈ, ਜੇ ਇਸ ਦਾ ਇਸ਼ਾਰਾ ਸਮਝਿਆ ਨਾ ਗਿਆ ਤਾਂ ਇੱਕ ਦਿਨ ਇਹੋ ਜਿਹਾ ਭੜਾਕਾ ਪਵੇਗਾ ਕਿ 'ਹੇਠਲੀ ਉੱਤੇ' ਆਉਣ ਵਾਲੀ ਹਾਲਤ ਹੋ ਜਾਵੇਗੀ।
ਸਾਰਿਆਂ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਭੜੋਲਾ ਟੈਲੀਕਾਮ ਦੇ ਸਪੈਕਟਰਮ ਦੀ ਟੂ-ਜੀ ਸਕੀਮ ਦੀ ਵੰਡ ਦਾ ਹੈ। ਇਸ ਵਿੱਚ ਪਿਛਲੇ ਟੈਲੀਕਾਮ ਮੰਤਰੀ ਨੇ ਜਿੰਨੀ ਲੁੱਟ ਮਚਾਈ ਤੇ ਕਾਰਪੋਰੇਟ ਸੈਕਟਰ ਜਿਵੇਂ ਇਸ ਵਿੱਚ ਹਿੱਸਾ-ਪੱਤੀ ਰੱਖ ਤੁਰਿਆ, ਉਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੱਤਰਕਾਰ ਭਾਈਚਾਰੇ ਦੇ ਕੁਝ ਲੋਕ ਵੀ ਸਪੈਕਟਰਮ ਦੀ ਸੌਦੇਬਾਜ਼ੀ ਵਿੱਚ ਹੀ ਨਹੀਂ, ਸਪੈਕਟਰਮ ਦੀ ਲੁੱਟ ਦਾ ਕੇਂਦਰੀ ਧੁਰਾ ਬਣ ਗਏ ਏæ ਰਾਜਾ ਨੂੰ ਪਹਿਲਾਂ ਮੰਤਰੀ ਬਣਾਉਣ ਤੇ ਫਿਰ ਟੈਲੀਕਾਮ ਮੰਤਰਾਲਾ ਦਿਵਾਉਣ ਵਿੱਚ ਸ਼ਾਮਲ ਨਿਕਲੇ। ਜਦੋਂ ਇਹ ਸਾਰਾ ਕੇਸ ਜੱਗ ਜ਼ਾਹਰ ਹੋਇਆ ਤਾਂ ਆਮ ਆਦਮੀ ਦੀ ਜ਼ਬਾਨ ਤੋਂ ਇੱਕੋ ਗੱਲ ਨਿਕਲਦੀ ਸੀ ਕਿ ਪਿਛਲਾ ਤਜਰਬਾ ਹੈ ਕਿ ਜਿਵੇਂ ਇਹ ਚੋਰ ਖਾਂਦੇ ਹਨ, ਉਵੇਂ ਹੀ ਖਰਚ ਕਰ ਕੇ ਬਚ ਜਾਣਗੇ, ਪਰ ਇਸ ਸਾਲ ਨੇ ਆਮ ਆਦਮੀ ਦੀ ਇਹ ਧਾਰਨਾ ਬਦਲਣ ਵਾਲਾ ਕੰਮ ਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਦੇ ਵਕਤ ਟੈਲੀਕਾਮ ਸਕੈਂਡਲਾਂ ਦੀ ਸ਼ੁਰੂਆਤ ਜਿਸ ਸੁਖਰਾਮ ਤੋਂ ਹੋਈ ਸੀ, ਜਿਸ ਦੇ ਘਰ ਵਿੱਚੋਂ ਸਿਰਹਾਣਿਆਂ ਵਿੱਚ ਨੋਟ ਭਰੇ ਹੋਏ ਮਿਲੇ ਸਨ, ਉਹ ਓਦੋਂ ਦਾ ਕੇਸ ਭੁਗਤ ਰਿਹਾ ਸੀ ਤੇ ਇਸ ਸਾਲ ਹੇਠਲੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾ ਦਿੱਤੀ ਸੀ। ਸੁਖਰਾਮ ਉਤਲੀ ਅਦਾਲਤ ਵਿੱਚ ਅਪੀਲ ਕਰਨ ਦੌੜਿਆ ਅਤੇ ਚੱਲਦੇ ਸਾਲ ਵਿੱਚ ਹੀ ਉਸ ਦੀ ਅਪੀਲ ਵੀ ਖਾਰਜ ਹੋ ਗਈ ਹੈ। ਨਾਲ ਹਾਈ ਕੋਰਟ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਜਾ ਕੇ ਜੇਲ੍ਹ ਵਿੱਚ ਆਤਮ ਸਮਰਪਣ ਕਰ ਦੇਵੇ ਅਤੇ ਆਪਣੀ ਸਜ਼ਾ ਭੁਗਤਣੀ ਸ਼ੁਰੂ ਕਰੇ। ਭਾਵੇਂ ਮਾਮਲਾ ਇਹ ਦੇਰੀ ਨਾਲ ਕੀਤੇ ਇਨਸਾਫ ਦਾ ਹੈ, ਫਿਰ ਵੀ ਅੱਗੋਂ ਲਈ ਬਾਕੀ ਚੋਰਾਂ ਨੂੰ ਕੁਝ ਨਾ ਕੁਝ ਡਰ ਤਾਂ ਰਹੇਗਾ ਹੀ, ਕਿ ਬੁੱਢੇ ਵਾਰੇ ਜੇਲ੍ਹ ਵਿੱਚ ਅੱਡੀਆਂ ਰਗੜਨੀਆਂ ਵੀ ਪੈ ਸਕਦੀਆਂ ਹਨ।
ਜਿੱਥੋਂ ਤੱਕ ਪੰਜਾਬ ਦਾ ਸੰਬੰਧ ਹੈ, ਇਸ ਵਿੱਚ ਕਈ ਖੇਤਰਾਂ ਵਿੱਚ ਕਈ ਕੁਝ ਗਿਣਨ ਯੋਗ ਰਿਹਾ, ਪਰ ਸਾਰਾ ਨਾ ਲਿਖ ਕੇ ਅਸੀਂ ਜਦੋਂ ਵੰਨਗੀ ਲਿਖਣੀ ਹੋਵੇ ਤਾਂ ਸਭ ਤੋਂ ਵੱਡਾ ਮੁੱਦਾ ਏਥੇ ਵੀ ਭ੍ਰਿਸ਼ਟਾਚਾਰ ਦਾ ਲੱਗਦਾ ਹੈ। ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਤਰੀਆਂ ਵਰਗੇ ਚੀਫ ਪਾਰਲੀਮੈਂਟਰੀ ਸੈਕਟਰੀ ਨੂੰ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਓਦੋਂ ਕੈਦ ਦੀ ਸਜ਼ਾ ਸੁਣਾ ਦਿੱਤੀ, ਜਦੋਂ ਉਹ ਵਜ਼ੀਰ ਵਾਲੀ ਝੰਡੀ ਵਾਲੀ ਕਾਰ ਵਿੱਚ ਪੇਸ਼ ਹੋਣ ਗਿਆ ਸੀ। ਪਿੱਛੋਂ ਭਾਵੇਂ ਉਤਲੀ ਅਦਾਲਤ ਤੋਂ ਉਹ ਬਰੀ ਹੋ ਗਿਆ ਤੇ ਉਸ ਦੀ ਪਾਰਟੀ ਨੇ ਫਿਰ ਉਸ ਨੂੰ ਟਿਕਟ ਵੀ ਦੇ ਦਿੱਤੀ ਹੈ, ਪਰ ਲੋਕਾਂ ਨੂੰ ਜੋ ਪਤਾ ਲੱਗਣਾ ਚਾਹੀਦਾ ਸੀ, ਉਹ ਲੱਗ ਚੁੱਕਾ ਹੈ। ਏਸੇ ਸਾਲ ਪੰਜਾਬ ਸਰਕਾਰ ਦੇ ਇੱਕ ਹੋਰ ਚੀਫ ਪਾਰਲੀਮੈਂਟਰੀ ਸੈਕਟਰੀ ਨੂੰ ਡੇਢ ਕਰੋੜ ਰੁਪੈ ਰਿਸ਼ਵਤ ਲੈਂਦੇ ਫੜਿਆ ਗਿਆ ਤੇ ਉਸ ਨੂੰ ਅਹੁਦੇ ਉੱਤੇ ਹੁੰਦਿਆਂ ਹੀ ਪੁਲੀਸ ਰਿਮਾਂਡ ਕੱਟਣਾ ਪਿਆ, ਜਿਸ ਦੀ ਪੁੱਛਗਿੱਛ ਨਾਲ ਉਸ ਦੀ ਪਾਰਟੀ ਦੇ ਦੋ ਹੋਰ ਮੰਤਰੀਆਂ ਨੂੰ ਵਜ਼ੀਰੀ ਤੋਂ ਅਸਤੀਫਾ ਦੇਣਾ ਪੈ ਗਿਆ। ਜਦੋਂ ਮੰਤਰੀਆਂ ਦੇ ਪੱਧਰ ਉੱਤੇ ਇਹ ਕੁਝ ਹੋ ਰਿਹਾ ਸੀ ਤਾਂ ਅਫਸਰਾਂ ਵਿੱਚੋਂ ਵੀ ਕਈਆਂ ਨੇ ਸ਼ਰਮ ਦਾ ਛਿੱਕਾ ਲਾਹ ਛੱਡਿਆ। ਪੁਲੀਸ ਦਾ ਇੱਕ ਏ ਆਈ ਜੀ ਚੰਡੀਗੜ੍ਹ ਵਿੱਚ ਰਿਸ਼ਵਤ ਲੈਂਦਾ ਕਾਬੂ ਆ ਗਿਆ। ਨਾਲ ਜੁੜਦੇ ਮੁਹਾਲੀ ਵਿੱਚ ਇੱਕ ਡੀ ਐੱਸ ਪੀ ਬੀਬੀ ਰਿਸ਼ਵਤ ਲੈਂਦੀ ਫੜੀ ਗਈ। ਉਸ ਦੇ ਘਰੋਂ ਨਾਜਾਇਜ਼ ਹਥਿਆਰ ਤੇ ਗੋਲੀ-ਸਿੱਕਾ ਇੱਕ ਪੁਲੀਸ ਚੌਕੀ ਜਿੰਨਾ ਨਿਕਲਿਆ ਅਤੇ ਉਸ ਦੇ ਘਰ ਤੋਂ ਸ਼ਰਾਬ ਵੀ ਕਿਸੇ ਛੋਟੇ ਠੇਕੇ ਜਿੰਨੀ ਨਿਕਲ ਆਈ। ਕੁਝ ਦਿਨ ਪਿੱਛੋਂ ਹੁਸ਼ਿਆਰਪੁਰ ਵਿੱਚ ਇੱਕ ਐੱਸ ਪੀ ਰਿਸ਼ਵਤ ਲੈਂਦਾ ਕਾਬੂ ਆ ਗਿਆ ਤਾਂ ਪਤਾ ਲੱਗਾ ਕਿ ਦੋ ਦਹਾਕੇ ਪਹਿਲਾਂ ਉਸ ਦੀ ਨੌਕਰੀ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਉਸ ਨੇ ਹਰ ਮੋੜ ਉੱਤੇ ਹੇਰਾਫੇਰੀ ਕੀਤੀ ਹੋਈ ਸੀ। ਥੋੜ੍ਹੇ ਦਿਨ ਹੋਰ ਗੁਜ਼ਰੇ ਤਾਂ ਸਿੱਖਿਆ ਵਿਭਾਗ ਦਾ ਇੱਕ ਡਾਇਰੈਕਟਰ ਫੜਿਆ ਗਿਆ ਤੇ ਬਠਿੰਡੇ ਜ਼ਿਲੇ ਵਿੱਚ ਉਸ ਦੇ ਘਰ ਦੀ ਤਲਾਸ਼ੀ ਵੇਲੇ ਉਸ ਦੇ ਨਿੱਜੀ ਕਮਰੇ ਵਿੱਚੋਂ ਅਫੀਮ ਫੜੀ ਗਈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੁਰਅੱਤ ਦੀ ਦਾਦ ਦੇਣੀ ਚਾਹੀਦੀ ਹੈ, ਜਿਨ੍ਹਾਂ ਨੇ ਇਹੋ ਜਿਹੀ ਸਰਕਾਰ ਚਲਾਉਂਦਿਆਂ ਵੀ ਇਹ ਕਹਿਣ ਵੇਲੇ ਝਿਜਕ ਨਹੀਂ ਰੱਖੀ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਬੰਦੇ ਨੂੰ ਤਾਂ ਫਾਂਸੀ ਦੇ ਦੇਣੀ ਚਾਹੀਦੀ ਹੈ।
ਜਦੋਂ ਇਹ ਸਾਰਾ ਕੁਝ ਹੋ ਚੁੱਕਾ ਹੈ ਅਤੇ ਪੰਜਾਬ ਇੱਕ ਵਾਰੀ ਹੋਰ ਚੋਣਾਂ ਦੇ ਚੱਕਰ ਵਿੱਚ ਪੈਣ ਵਾਲਾ ਹੈ, ਲੋਕਾਂ ਨੂੰ ਰਾਜਨੀਤਕ ਪੱਖ ਤੋਂ ਵੀ ਇਸ ਸਾਲ ਨੇ ਬਹੁਤ ਕੁਝ ਵਿਖਾ ਦਿੱਤਾ ਹੈ। ਬਲਵੰਤ ਸਿੰਘ ਰਾਮੂਵਾਲੀਏ ਦਾ ਬਾਦਲ ਅਕਾਲੀ ਦਲ ਵਿੱਚ ਜਾਣਾ ਦੇਰੀ ਨਾਲ ਚੁੱਕਿਆ ਕਦਮ ਤਾਂ ਹੈ, ਹੈਰਾਨੀ ਵਾਲਾ ਨਹੀਂ, ਕਿਉਂਕਿ ਉਹ ਕਾਂਗਰਸ ਜਾਂ ਅਕਾਲੀ ਦਲ ਵਿੱਚ ਜਾਣ ਲਈ ਪਿਛਲੇ ਤਿੰਨ ਸਾਲਾਂ ਤੋਂ ਰੱਸੇ ਤੁੜਾਈ ਜਾਂਦਾ ਸੀ। ਹੈਰਾਨੀ ਵਾਲਾ ਕਦਮ ਮਨਪ੍ਰੀਤ ਸਿੰਘ ਬਾਦਲ ਵੱਲੋਂ ਨਵੀਂ ਪਾਰਟੀ ਖੜੀ ਕਰ ਕੇ ਉਸ ਵੱਲੋਂ ਮਾਘੀ ਮੌਕੇ ਸਾਹਮਣੇ ਲੱਗੀ ਅਕਾਲੀਆਂ ਦੀ ਰੈਲੀ ਤੋਂ ਵੱਡਾ ਇਕੱਠ ਕਰਨ ਤੋਂ ਸ਼ੁਰੂ ਕਰ ਕੇ ਖਟਕੜ ਕਲਾਂ ਤੇ ਢੁੱਡੀਕੇ ਵਿੱਚ ਰਿਕਾਰਡ ਤੋੜ ਹਾਜ਼ਰੀ ਵਾਲੀਆਂ ਕਾਨਫਰੰਸਾਂ ਕਰ ਦੇਣਾ ਸੀ। ਜਦੋਂ ਉਹ ਕਿਸੇ ਤਣ-ਪੱਤਣ ਲੱਗਣ ਦਾ ਯਤਨ ਕਰ ਰਿਹਾ ਸੀ, ਓਦੋਂ ਉਸ ਨੂੰ ਠਿੱਬੀ ਲਾ ਦਿੱਤੀ ਗਈ ਹੈ। ਉਸ ਦੇ ਸਭ ਤੋਂ ਨੇੜਲੇ ਸਾਥੀਆਂ ਨੇ ਚੁਬਾਰੇ ਚਾੜ੍ਹ ਕੇ ਪੌੜੀ ਲਾਹੁਣ ਦਾ ਨਹੀਂ, ਬਨੇਰੇ ਕੋਲ ਗਏ ਨੂੰ ਅੱਧ ਵਿਚਾਲੇ ਲਮਕਾ ਦੇਣ ਦਾ ਕੰਮ ਕੀਤਾ ਹੈ। ਫਿਰ ਵੀ ਆਮ ਲੋਕਾਂ ਦੀ ਉਸ ਵੱਲ ਹਮਦਰਦੀ ਕਾਇਮ ਹੈ, ਜਿਹੜੀ ਕੋਈ ਵੀ ਸਿੱਟੇ ਕੱਢ ਸਕਦੀ ਹੈ।
ਦਲਬਦਲੀ ਦੇ ਆਮ ਸਮਝੇ ਜਾਣ ਵਾਲੇ ਵਰਤਾਰੇ ਤੋਂ ਪਾਸੇ ਹਟ ਕੇ ਜੇ ਕਿਸੇ ਹੋਰ ਗੱਲ ਨਾਲ ਇਹ ਸਾਲ ਪੰਜਾਬ ਦੇ ਲੋਕਾਂ ਨੂੰ ਚਿੰਤਾ ਵਿੱਚ ਡੋਬਣ ਵਾਲਾ ਹੈ ਤਾਂ ਉਹ ਇਹ ਕਿ ਇੱਕ ਵਾਰੀ ਫਿਰ ਰਾਜਸੀ ਮੈਦਾਨ ਵਿੱਚ ਬੋਲ-ਬਾਣੀ ਅੱਤ ਦੇ ਨੀਵੇਂ ਪੱਧਰ ਨੂੰ ਜਾ ਪਹੁੰਚੀ ਹੈ। ਹੁਣ ਇਸ ਵਿੱਚੋਂ ਨਿਕਲਣ ਲਈ ਮੁੱਖ ਮੰਤਰੀ ਅਤੇ ਉਸ ਦਾ ਡਿਪਟੀ ਮੁੱਖ ਮੰਤਰੀ ਬੇਟਾ ਕਹਿ ਰਹੇ ਹਨ ਕਿ ਬੋਲੀ ਸਾਊ ਹੋਣੀ ਚਾਹੀਦੀ ਹੈ, ਪਰ ਸ਼ੁਰੂਆਤ ਖੁਦ ਉਨ੍ਹਾਂ ਨੇ ਕੀਤੀ ਸੀ। ਜਦੋਂ ਮੁੱਖ ਮੰਤਰੀ ਬਾਦਲ ਸਾਹਿਬ ਨੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ 'ਗਾਂ ਵਾਂਗ ਭੂਤਰੀ ਫਿਰਦੀ' ਕਿਹਾ ਸੀ, ਉਸ ਵੇਲੇ ਤੱਕ ਕਦੇ ਕਿਸੇ ਲੀਡਰ ਨੇ ਏਨੇ ਨੀਵੇਂ ਪੱਧਰ ਦੀ ਗੱਲ ਨਹੀਂ ਸੀ ਕਹੀ। ਫਿਰ ਜਦੋਂ ਉਨ੍ਹਾਂ ਦੇ ਪੁੱਤਰ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ 'ਲੋਕੋ, ਤੁਸੀਂ ਇਸ ਨੂੰ ਵੋਟਾਂ ਵਿੱਚ ਹਰਾ ਦਿਓ, ਮੈਂ ਇਸ ਨੂੰ ਜੁੱਤੀ ਹੇਠ ਮਸਲ ਦੇਵਾਂਗਾ' ਜਾਂ ਫਿਰ ਇਹ ਕਿ 'ਕੈਪਟਨ ਅਮਰਿੰਦਰ ਸਿੰਘ ਦੀ ਘੁਟਵੀਂ ਪਜਾਮੀ ਵਿੱਚ ਚੂਹੇ ਛੱਡਾਂਗਾ' ਕਿਹਾ ਸੀ, ਓਦੋਂ ਬਾਦਲ ਸਾਹਿਬ ਸਾਊ ਬੋਲੀ ਦੇ ਤਰਫਦਾਰ ਨਹੀਂ ਸੀ ਬਣੇ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੋ ਰਾਹ ਫੜ ਲਿਆ। ਚਲੰਤ ਸਾਲ ਵਿੱਚ ਇਸ ਤਰ੍ਹਾਂ ਦੀ ਬੋਲੀ ਦੀ ਸ਼ੁਰੂਆਤ ਫਿਰ ਬਾਦਲ ਕੈਂਪ ਵਿੱਚੋਂ ਹੋਈ, ਜਦੋਂ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਏ ਨੇ ਇੱਕ ਕਾਨਫਰੰਸ ਵਿੱਚ ਐਲਾਨ ਕੀਤਾ ਕਿ 'ਮੈਂ ਕੈਪਟਨ ਅਮਰਿੰਦਰ ਸਿੰਘ ਦੀ ਧੌਣ ਲਾਹ ਦੇਵਾਂਗਾ' ਅਤੇ ਦੋ ਵਾਰੀ ਬਾਅਦ ਵਿੱਚ ਇਹ ਲਫਜ਼ ਟੀ ਵੀ ਚੈਨਲਾਂ ਮੂਹਰੇ ਵੀ ਦੁਹਰਾ ਦਿੱਤੇ ਸਨ, ਪਰ ਬਾਦਲ ਸਾਹਿਬ ਨੇ ਉਸ ਨੂੰ ਏਦਾਂ ਬੋਲਣ ਤੋਂ ਵਰਜਿਆ ਨਹੀਂ ਸੀ, ਸਗੋਂ ਏਧਰ-ਓਧਰ ਦੀ ਝਕਾਨੀ ਦੇਂਦੇ ਹੋਏ ਗੱਲ ਟਾਲਦੇ ਰਹੇ ਸਨ। ਹੁਣ ਤਾਂ ਸਾਫ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕਾਂ ਨੂੰ ਇਹੋ ਕੁਝ ਸੁਣਨ ਨੂੰ ਮਿਲੇਗਾ।
ਕੁੱਲ ਮਿਲਾ ਕੇ ਪ੍ਰਭਾਵ ਇਹ ਹੈ ਕਿ ਲੰਘਿਆ ਸਾਲ ਚੰਗਾ ਨਹੀਂ ਰਿਹਾ ਤੇ ਇਹੋ ਜਿਹੀ ਕੋਈ ਆਸ ਵੀ ਨਹੀਂ ਬੱਝ ਰਹੀ ਕਿ ਅਗਲਾ ਸਾਲ ਚੰਗਾ ਹੋਵੇਗਾ। ਅਸੀਂ ਸਿਰਫ ਕਾਮਨਾ ਕਰ ਸਕਦੇ ਹਾਂ ਤੇ ਆਓ ਇਹ ਕਾਮਨਾ ਕਰੀਏ ਕਿ ਜਿਹੋ ਜਿਹਾ ਇਹ ਸਾਲ ਗੁਜ਼ਰਿਆ ਹੈ, ਜੇ ਇਸ ਤੋਂ ਚੰਗਾ ਸਾਡੇ ਨਸੀਬਾਂ ਵਿੱਚ ਨੇੜ ਭਵਿੱਖ ਵਿੱਚ ਨਹੀਂ ਤਾਂ ਘੱਟੋ ਘੱਟ ਇਸ ਨਾਲੋਂ ਮਾੜੀ ਪੱਧਰ ਵਾਲਾ ਵੀ ਸਾਡੇ ਪੱਲੇ ਨਾ ਪੈ ਜਾਂਦਾ ਹੋਵੇ।
No comments:
Post a Comment