ਡਾ ਅਮਰੀਕ ਸਿੰਘ ਕੰਡਾ
ਆਪ ਜੀ ਦਾ ਜਨਮ ਗਾਣਿਆਂ ਵਾਲੇ ਪਿੰਡ ਵਿਖੇ ਮਾਤਾ ਤੂੰਬੀ ਕੌਰ ਦੀ ਕੁਖੋਂ ਪਿਤਾ ਛੈਣਾ ਛਣਕੀ ਜੀ ਦੇ ਘਰ ਪੰਜਾਬ ਦੀ ਧਰਤੀ ਤੇ ਹੋਇਆ । ਜਿਸ ਵਕਤ ਆਪ ਜੀ ਦਾ ਜਨਮ ਹੋਇਆ ਆਪ ਜੀ ਰੋਏ ਹੀ ਨਹੀਂ ਆਪ । ਡਾਕਟਰਾਂ ਤੇ ਰਿਸ਼ਤੇਦਾਰਾਂ ਨੂੰ ਬਹੁਤ ਫਿਕਰ ਹੋਇਆ । ਆਪ ਜੀ ਦੇ ਮਾਂ ਬਾਪ ਡਾਕਟਰ ਨਾਲ ਡਿਸਕਸ ਕਰ ਰਹੇ ਸਨ ਤਾਂ ਤਦੇ ਹੀ ਆਪ ਜੀ ਦਾ ਇਕ ਗੁਆਂਢੀ (ਟੁੱਚਰ ਸਿੰਘ ਗਾਇਕ ਸੀ ) ਆਪ ਜੀ ਨੂੰ ਸੀ.ਡੀ. ਤੇ ਸ਼ਹਿਦ ਪਾ ਕੇ ਸੀ.ਡੀ. ਚਟਾ ਕੇ ਗੁੱਢਤੀ ਦੇ ਗਿਆ । ਆਪ ਜੀ ਜਿਉਂ ਜਿਉਂ ਵੱਡੇ ਹੁੰਦੇ ਤਿਉਂ ਬੋਲਣ ਲੱਗ ਪਏ । ਆਪ ਜੀ ਨੂੰ ਹੱਕ ਪੈਣ ਕਰਕੇ ਆਪ ਜੀ ਨੂੰ ਪੜਾਈ ਤੋਂ ਹੱਥ ਧੋਣੇ ਪਏ । ਆਪ ਜੀ ਦਾ ਬਚਪਨ ਜਿਆਦਾ ਜੱਟਾਂ ਦੀਆਂ ਲੜਾਈਆਂ ਵਿਚ ਹੀ ਬੀਤਿਆ । ਇਸ ਕਰਕੇ ਜੱਟ ਆਪ ਜੀ ਦੇ ਦਿਮਾਗ ਤੇ ਭਾਰੂ ਰਹੇ । ਘਰਦਿਆਂ ਨੇ ਆਪ ਜੀ ਨੂੰ ਕੋਈ ਕੰਮ ਕਾਰ ਕਰਨ ਨੂੰ ਕਿਹਾ ਪਰ ਆਪ ਜੀ ਡਕ ਡਕ ਇੱਧਰ ਉੱਧਰ ਵੱਜਦੇ ਰਹੇ । ਆਪ ਜੀ ਆਪਣੇ ਬਾਪ ਜੀ ਨਾਲ ਲੜ ਪਏ ਤੇ ਘਰੋਂ ਨਿਕਲ ਕੇ ਜਗਰਾਤੇ ਵਾਲਿਆਂ ਨਾਲ ਰਲ ਗਏ । ਹੁਣ ਆਪ ਜੀ ਜਗਰਤਿਆਂ ਤੇ ਛੇਣੇ ਵਜਾਉਂਦੇ ਭੇਟਾਂ ਦਾ ਕੋਰਸ ਵੀ ਬੋਲਦੇ । ਆਪ ਜੀ ਨੂੰ ਪਤਾ ਹੀ ਨਹੀਂ ਚਲਿਆ ਕਿ ਆਪ ਜੀ ਕਦੋਂ ਤੇ ਕਿਵੇਂ ਇਕ ਭਗਤ ਤੋਂ ਗਾਇਕ ਬਣ ਗਏ । ਆਪ ਜੀ ਨੇ ਸ਼ੁਰੂ ਸ਼ੁਰੂ ਵਿਚ ਦੂਰਦਰਸ਼ਨ ਵਾਲਿਆਂ ਨੂੰ ਦੋ ਹਜ਼ਾਰ ਦੇ ਕੇ ਇਕ ਪੰਜਾਬੀ ਗਾਣਾ ਗਾਇਆ । ਇਸ ਤੋਂ ਬਾਅਦ ਆਪ ਜੀ ਨੇ ਬੜੀ ਮਿਹਨਤ ਨਾਲ ਵਿਆਹਾਂ ਚ ਚਿੱਤਰਹਾਰ ਪੇਸ਼ ਕਰਕੇ ਪੈਸੇ ਇੱਕਠੇ ਕੀਤੇ ਤੇ ਫੇਰ ਦੂਰਦਰਸ਼ਨ ਤੇ ਚਾਲੀ ਹਜ਼ਾਰ ਦੇ ਕੇ ਆਪ ਜੀ ਨੇ ਵੀਹ ਵੀਹ ਮਿੰਟ ਦੇ ਖਾੜੇ ਲਾਏ । ਆਪ ਜੀ ਨੇ ਕੇਬਲ ਤੇ ਛੋਟੇ ਮੋਟੇ ਚੈਨਲਾਂ ਤੇ ਵੀ ਪੈਸੇ ਦੇ ਕੇ ਗਾਉਣ ਦੀ ਭੜਾਸ ਕੱਢੀ । ਪਰ ਆਪ ਜੀ ਦੀ ਗੱਲ ਨਹੀਂ ਬਣੀ । ਆਪ ਜੀ ਵਾਪਿਸ ਪਿੰਡ ਚਲੇ ਗਏ । ਆਪ ਜੀ ਨੇ ਆਪਣੇ ਬਾਪ ਜੀ ਨਾਲ ਲੜ ਕੇ ਪਿੰਡ ਵਾਲਾ ਅੱਧਾ ਕਿੱਲਾ ਵੇਚ ਕੇ ਆਪਣੀ ਪਹਿਲੀ ਕੈਸਿਟ “ਜੱਟ ਰੋਜ ਵੱਢਦਾ” ਕੱਢੀ । ਪਰ ਕਿਸੇ ਨੇ ਕੈਸਿਟ ਵੱਲ ਧਿਆਨ ਨਹੀਂ ਦਿੱਤਾ । ਆਪ ਜੀ ਨੇ ਪ੍ਰਸਿੱਧੀ ਖੱਟਣ ਲਈ ਬਹੁਤ ਪਤੱਰਕਾਰਾਂ ਤੋਂ ਆਪਣੀ ਤਾਰੀਫ ਵਿਚ ਲੇਖ (ਆਰਟੀਕਲ) ਲਗਵਾਏ । ਆਪ ਜੀ ਨੇ ਬਹੁਤ ਨੱਠ ਭੱਜ ਬਹੁਤ ਕੀਤੀ । ਆਪ ਜੀ ਨੇ ਚੰਡੀਗੜ,ਦਿੱਲੀ, ਬੰਬੇ ਦੀਆਂ ਯਾਤਰਾਵਾਂ ਵੀ ਕੀਤੀਆਂ । ਆਪ ਜੀ ਨੇ ਆਪਣਾ ਕੈਰੀਅਰ ਬਣਾਉਣ ਖਾਤਿਰ ਪਿੰਡ ਵਾਲਾ ਇਕ ਕਿੱਲਾ ਵੀ ਵੇਚ ਦਿੱਤਾ ਇਸ ਦੌਰਾਨ ਆਪ ਜੀ ਦੇ ਆਪਣੇ ਬਾਪ ਜੀ ਹੁਉਕਾ ਲੈ ਗਏ ਉਹਨਾਂ ਦਾ ਕੈਰੀਅਰ ਖਤਮ ਹੋ ਗਿਆ । ਪਰ ਪ੍ਰਸਿੱਧੀ ਪਾਉਣ ਦਾ ਕੀੜਾ ਆਪ ਜੀ ਦੇ ਦਿਮਾਗ ਵਿਚ ਬਰਕਰਾਰ ਸੀ ਆਪ ਜੀ ਨੇ ਬਾਪ ਜੀ ਦੇ ਪਾਠ ਦੇ ਭੋਗਾਂ ਦੇ ਇਸ਼ਤਿਹਾਰ ਤੇ ਖਬਰਾਂ ਅਖਬਾਰਾਂ ਵਿਚ ਲਗਵਾਏ ਤੇ ਇਸ ਬਦਲੇ ਆਪ ਜੀ ਨੇ ਮੁਫਤ ਚ ਵੱਡੀਆਂ ਵੱਡੀਆਂ ਇੰਟਰਵਿਊ ਵੀ ਛਪਵਾਈਆਂ । ਆਪ ਜੀ ਨੇ ਕਿਸੇ ਤਰੀਕੇ ਤਿਕੜਮ ਲੜਾ ਕੇ ਕਨੈਡਾ ਦਾ ਵੀਜ਼ਾ ਲੈ ਲਿਆ । ਹੁਣ ਆਪ ਜੀ ਨੂੰ ਹਿੱਟ ਹੋਣ ਦੀ ਜਾਚ ਆ ਗਈ । ਆਪ ਜੀ ਨੇ ਲੰਡਰ ਸਿੰਘ ਕਮੀਨਿਆਂ ਵਾਲੇ,ਬਦਦਿਮਾਗ ਉਰਫ ਇਡੀਅਟ ਗੀਤਕਾਰਾਂ ਨਾਲ ਸੰਪਰਕ ਕਰਕੇ ਮਿਊਜਿਕ ਡਾਇਰੈਕਟਰ ਐਂਵੈਂ ਮੁੱਚੀ ਸਿੰਘ ਨਾਲ ਰਾਬਤਾ ਕਾਇਮ ਕੀਤਾ । ਆਪ ਜੀ ਨੇ ਰੱਜ ਕੇ ਨੰਗੀਆਂ-ਧੜੰਗੀਆਂ ਕੁੜੀਆਂ ਆਪਣੇ ਗੀਤਾਂ ਚ ਪੇਸ਼ ਕੀਤੀਆਂ । ਆਪ ਜੀ ਦੀ ਕੈਸਿਟ “ਜੱਟ ਦੇ ਵੱਟ ਕੱਢਤੇ” ਬਹੁਤ ਹੀ ਹਿੱਟ ਹੋਈ ਜਿਹੜੀ ਕਿ ਆਮ ਪੱਬਾਂ ਤੇ ਬੀਅਰਬਾਰਾਂ ਵਿਚ ਗੋਲੀ ਵਾਂਗ ਚੱਲੀ । ਇਸਦੇ ਨਾਲ ਹੀ ਆਪ ਜੀ ਦੀ ਦੂਜੀ ਕੈਸਿਟ “ਜੱਟ ਨੰਗ ਕਰਤਾ”ਬਹੁਤ ਸੁਪਰ-ਡੁਪਰ ਹਿੱਟ ਹੋ ਗਈ । ਆਪ ਦੇ ਗਾਣੇ ਲੱਕ,ਪੱਟ,ਹਿੱਕ,ਬੁਲ,ਅੱਖਾਂ ਦੁਆਲੇ ਹੀ ਘੁੰਮਦੇ ਨੇ । ਜਿੰਨਾ ਨੰਗ ਧੜੰਗ ਆਪ ਜੀ ਤੇ ਆਪ ਜੀ ਦੇ ਬਹੁਤ ਸਾਰੇ ਆਪ ਜੀ ਵਰਗਿਆਂ ਨੇ ਪਰੋਸਿਆ ਹੈ ਤੇ ਪਰੋਸ ਰਹੇ ਨੇ,ਸ਼ਾਇਦ ਕਿਸੇ ਚੰਗੇ ਢਾਬੇ ਤੇ ਰੋਟੀਆਂ ਨਹੀਂ ਪਰੋਸੀਆਂ ਹੋਣਗੀਆਂ । ਇਸ ਤੋਂ ਬਾਅਦ ਆਪ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ । ਆਪ ਜੀ ਕਹਿਣ ਮੁਤਾਬਕ ਆਪ ਜੀ ਪੰਜਾਬੀ ਮਾਂ ਦੀ ਸੇਵਾ ਕਰ ਰਹੇ ਨੇ । ਅਸਲ ਆਪ ਜੀ ਅੱਜਕਲ ਪੰਜਾਬੀ ਦੀ ਮਾਂ ਭੈਣ ਇਕ ਕਰ ਰਹੇ ਨੇ ਪਰ ਆਪ ਜੀ ਦੀ ਕੋਈ ਵੀ ਗਾਣੇ ਦੀ ਵੀਡੀਉ ਫੈਮਲੀ ਨਾਲ ਨਹੀਂ ਵੇਖ ਸਕਦੇ । ਆਪ ਜੀ ਦੇ ਹੁਣ ਬਹੁਤ ਸਾਰੇ ਚੇਲੇ ਚਪਟੇ ਹੋ ਗਏ ਨੇ । ਆਪ ਜੀ ਮੱਛਰਾਂ ਵਾਂਗ ਫੇਲ ਰਹੇ ਨੇ । ਸਮਾਜ ਨੂੰ ਡੈਂਗੂ ਹੋ ਗਿਆ ਹੈ । ਆਉ ਗੁੱਡ ਨਾਈਟ ਲਾਈਏ ।
THANX JI
ReplyDelete