ਮੈੱਲਬੌਰਨ ਦੇ ਪਰਬਤ, ਪਰਿੰਦੇ ਤੇ ਕੁਦਰਤ

ਨਿੰਦਰ ਘੁਗਿਆਣਵੀ
ਵੱਡੇ ਜੰਗਲ ਦੇ ਵਿਚਕਾਰ ਤੇ ਧਰਤੀ ਤੋਂ 633 ਮੀਟਰ ਦੀ ਉਚਾਈ 'ਤੇ ਪਸਰੀ ਹੋਈ ਮੈਲਬੌਰਨ ਦੀ ਸਕਾਈ-ਹਾਈ ਪਹਾੜੀ ਦਾ ਚੱਪਾ-ਚੱਪਾ ਗਾਹ ਕੇ ਜਦ ਵਾਪਸ ਆ ਰਿਹਾ ਸਾਂ ਤਾ ਮਨ ਬੜਾ ਹਲਕਾ ਫੁੱਲ ਸੀ। ਕਈ ਦਿਨਾਂ ਦਾ ਲੰਬਾ ਸਫ਼ਰੀ ਥਕੇਵਾਂ ਉਡ-ਪੁਡ ਗਿਆ ਸੀ। ਇਸ ਪਹਾੜੀ ਤੋਂ ਖੜ੍ਹ ਕੇ ਦੇਖਿਆ ਤਾਂ ਸਾਰਾ ਮੈਲਬੌਰਨ ਛੋਟਾ ਜਿਹਾ ਦਿਸ ਰਿਹਾ ਸੀ। ਇਹ ਹਾਈ-ਸਕਾਈ ਮੈਲਬੌਰਨ ਤੋਂ ਬਾਹਰ ਨਿਕਲ ਕੇ 36 ਕਿਲੋਮੀਟਰ ਦੀ ਦੂਰੀ 'ਤੇ ਪੈਂਦੀ ਹੈ। ਦੂਰੋਂ ਦਿਸਦੀ ਏਅਰਪੋਰਟ ਤੋਂ ਚੜਦ੍ਹੇ-ਲਥਦੇ ਜਹਾਜ਼ ਚਿੜੀਆਂ ਦੇ ਅਕਾਰ ਦੇ ਲਗਦੇ ਸਨæææਇਵੇਂ, ਜਿਵੇਂ ਫਰ-ਫਰ ਕਰਦੀ ਇੱਕ ਚਿੜੀ ਉਡੀ ਤੇ ਦੂਜੀ ਬਹਿ ਗਈ। ਜਦ ਅਸੀਂ ਇਸ ਪਹਾੜੀ ਵੱਲ ਨੂੰ ਜਾ ਰਹੇ ਸੀ ਤਾਂ ਰਾਹ ਵਿੱਚ ਭੀੜੀਆਂ, ਵਿੰਗ-ਵਲੇਂਵੇਂ ਖਾਂ੍ਰਦੀਆਂ, ਉਚਾਣਾਂ ਨੂੰ ਚੜ੍ਹਦੀਆਂ ਜਾਂਦੀਆਂ ਪਥਰੀਲੇ ਪਹਾੜਾਂ ਚੀਰ ਕੇ ਖੋਦੀਆਂ ਸੜਕਾਂ ਆਈਆਂ ਸਨ। ਥਾਂ-ਥਾਂ ਬੋਰਡ ਲੱਗੇ ਹੋਏ ਸਨ, ਜਿੰਨ੍ਹਾਂ 'ਤੇ ਲਿਖਕੇ ਲਾਇਆ ਹੋਇਆ ਸੀ ਕਿ ਕੰਗਾਰੂ ਤੋਂ ਬਚੋ। ਪਤਾ ਨਹੀਂ ਕਦੋਂ, (ਆਸਟਰੇਲੀਆ ਦਾ ਇਹ ਕੌਮੀ ਜਾਨਵਰ) ਕੰਗਾਰੂ ਕਿਧਰੋਂ ਛਾਲਾਂ ਮਾਰਦਾ ਕਾਰ ਅੱਗੇ ਆ ਜਾਵੇæææਕੰਗਾਰੂ ਦਾ ਜਾਣਾ ਕੁਝ ਨਹੀਂæææਉਹ ਤਾਂ ਛਾਲਾਂ ਮਾਰਦਾ ਅਗਾਂਹ ਲੰਘ ਜਾਏਗਾ ਤੇ ਕਾਰ ਦਾ ਰਹਿਣਾ ਕੱਖ ਨਹੀਂ। ਇਸ ਲਈ ਲੋਕ ਜੰਗਲਾਂ ਵੱਲ ਨੂੰ ਜਾਣ ਸਮੇਂ ਬੜੇ ਧਿਆਨ ਨਾਲ ਚਲਦੇ ਹਨ।
ਪਹਾੜਾਂ 'ਤੇ ਨਿੱਕੇ-ਨਿੱਕੇ ਬੰਦ ਡੱਬਿਆਂ ਵਰਗੇ ਲੱਕੜੀ ਦੇ ਘਰ ਸਨ। ਦਰੱਖ਼ਤਾਂ ਦੇ ਜਮਘਟੇ ਵਿੱਚ ਚਿੱਟਾ ਜਿਹਾ ਇੱਕ ਫੱਟਾ ਦਿਸਿਆ ਸੀ। ਜਦ ਮੈਂ ਧਿਆਨ ਨਾਲ ਦੇਖਿਆ ਤਾਂ ਇਹ ਬਹੁਤ ਛੋਟਾ ਜਿਹਾ ਇੱਕ ਘਰ ਸੀ, ਇੱਕ ਜਾਂ ਦੋ ਜੀਆਂ ਦੇ ਰਹਿਣ ਲਈ। ਇੱਥੋਂ ਪਤਾ ਚਲਦਾ ਹੈ ਕਿ ਗੋਰੇ ਲੋਕ ਸ਼ਾਂਤੀ, ਕੁਦਰਤ ਤੇ ਇਕੱਲਤਾ ਨੂੰ ਕਿੰਨਾਂ ਚਾਹੁੰਦੇ ਹਨ। ਇਹ ਨਿੱਕਾ ਜਿਹਾ ਘਰ ਬਹੁਤ ਸਾਰੇ ਬੌਣੇ ਤੇ ਲੰਬੇ ਰੁੱਖਾਂ ਵਿੱਚ ਘਿਰਿਆ ਹੋਇਆ ਸੀ। ਇਵੇਂ ਲਗਦਾ ਸੀ ਜਿਵੇਂ ਕਿਸੇ ਨੇ ਰੁੱਖਾਂ ਦੇ ਇਸ ਜਮਘਟੇ ਵਿੱਚ ਫੱਟੇ ਟੰਗ ਕੇ ਆਪਣਾ ਰੈਣ-ਬਸੇਰਾ ਕਰ ਲਿਆ ਹੋਵੇ!
ਇੱਕ ਪਹਾੜੀ 'ਤੇ ਇੱਕ ਬਹੁਤ ਲੰਬੇ ਤੇ ਚੌੜੇ ਰੁੱਖ ਤੋਂ ਕਿਸੇ ਮਹਾਨ ਕਲਾਕਾਰ ਨੇ ਅਜਿਹੀ ਕਲਾਕ੍ਰਿਤ ਪੇਸ਼ ਕੀਤੀ ਹੋਈ ਕਿ ਬੰਦਾ ਦੇਖਦਾ ਦੰਗ ਹੀ ਰਹਿ ਜਾਂਦਾ ਸੀ। ਇੱਕੋ ਦਰੱਖਤ ਸੀ, ਤੇ ਕਲਾਵਾਂ ਕਿੰਨੀਆਂ ਪੇਸ਼ ਕਰ ਦਿੱਤੀਆਂ ਸਨ ਉਸ ਕਲਾਕਾਰ ਨੇ! ਉਸ ਦਰੱਖ਼ਤ 'ਤੇ ਹੀ ਦਾਹੜੀ ਵਾਲਾ ਇੱਕ ਬਾਬਾ ਦਰਸ਼ਨ ਦੇ ਰਿਹਾ ਸੀ ਤੇ ਨਾਲ ਹੀ ਲੰਬੀ ਪੂਛ ਵਾਲੀ ਛਿਪਕਲੀ ਵੀ। ਕੰਗਾਰੂ ਵੀ ਤੇ ਕੁਝ ਹੋਰ ਪੰਛੀ ਵੀ ਖੂਬ ਚਿਤਰੇ ਹੋਏ ਸਨ। ਮੈਂ ਕਿੰਨਾਂ ਚਿਰ ਦਰੱਖਤ ਦੇ ਆਸ-ਪਾਸ ਫਿਰਦਾ ਇਹਨਾਂ ਸਭਨਾਂ ਨੂੰ ਉਸ ਸੁੱਕੇ ਦਰੱਖ਼ਤ ਵਿੱਚੋ ਨਿਹਾਰਦਾ ਹੋਇਆ ਉਸ ਆਸਟ੍ਰੇਲੀਅਨ ਕਲਾਕਾਰ ਦੀ ਕਲਾ ਤੋਂ ਬਲਿਹਾਰੇ ਜਾਂਦਾ ਰਿਹਾ। ਜਦ ਦਰੱਖ਼ਤ ਤੋਂ ਜ਼ਰਾ ਕੁ ਪਰ੍ਹੇ ਨੂੰ ਗਿਆ ਤਾਂ ਘਾਹ ਦੇ ਲਾਅਨ ਵਿੱਚ ਪੱਥਰ ਤੋਂ ਘੜੀ ਹੋਈ ਇੱਕ ਔਰਤ ਖਲੋਤੀ ਸੀ, ਜੋ ਆਪਣੇ ਬਸਤਰ ਆਪਣੇ ਸਰੀਰ ਤੋਂ ਜੁਦਾ ਕਰ ਰਹੀ ਸੀ, ਇਹ ਵੀ ਕਿਸੇ ਕਲਾਕਾਰ ਦੀ ਕਲਾ ਦਾ ਅਤਿ-ਸੁੰਦਰ ਨਮੂਨਾ ਸੀ।
ਪਹਾੜੀ 'ਤੇ ਬਣੇ ਛੋਟੇ ਪਰ ਬਹੁਤ ਖ਼ੂਬਸੂਰਤ ਰੈਸਟੋਰੈਂਟ ਵਿੱਚ ਗੋਰਿਆਂ ਦੀ ਕਾਫੀ ਭੀੜ ਸੀ। ਕੋਈ-ਕੋਈ ਜਣਾਂ ਨਿੱਕੇ-ਨਿੱਕੇ ਪਾਰਕਾਂ ਵਿੱਚ ਕੁਰਸੀਆਂ ਡਾਹੀ ਬੈਠਾæææਬੀਅਰ ਦੀਆਂ ਚੁਸਕੀਆਂ ਨਾਲ ਧੁੱਪ ਦਾ ਨਿੱਘ ਮਾਣ ਰਿਹਾ ਸੀ। ਆਸਟਰੇਲੀਆ ਦੇ ਪਾਰਕਾਂ ਵਿੱਚ ਚੁੱਲ੍ਹੇ ਫਿੱਟ ਕਰਨ ਵਾਲੀ ਸਕੀਮ ਮੈਨੂੰ ਬੜੀ ਚੰਗੀ ਲੱਗੀæææਲੋਕ ਘਰਾਂ ਤੋਂ ਕੱਚਾ ਮਾਸ ਤੇ ਹੋਰ ਨਿੱਕ-ਸੁੱਕ ਲਈ ਆਉਂਦੇ ਹਨæææਚੁੱਲ੍ਹਾ ਬਾਲ ਕੇ ਭੁੰਨੀਂ ਜਾਂਦੇ ਹਨ ਤੇ ਛਕੀ ਜਾਂਦੇ ਹਨæææਇੱਕ ਡਾਲਰ ਚੁੱਲੇ ਵਿੱਚ ਕਿਰਾਇਆ ਪਾਓ ਤੇ ਕੰਮ ਚਲਾਓæææਜਦ ਕਿਰਾਇਆ ਮੁੱਕ ਗਿਆ ਤਾਂ ਇੱਕ ਡਾਲਰ ਹੋਰ ਪਾ ਕੇ ਬਾਲ ਲਓ! ਬੜੀ ਮੌਜ ਹੈ ਅਜਿਹੇ ਚੁੱਲ੍ਹਿਆਂ ਦੀ ਤੇ ਚੁੱਲ੍ਹਿਆਂ ਦੇ ਆਸ-ਪਾਸ ਪੱਕੇ ਫਿੱਟ ਕੀਤੇ ਬੈਚਾਂ ਦੀ। ਹਫ਼ਤੇ ਦੇ ਅੰਤ ਉੱਤੇ ਘੰਟਿਆਂ ਬੱਧੀ ਬੈਠਕੇ ਲੋਕ ਉਥੇ ਪਾਰਟੀਆਂ ਕਰਦੇ ਹਨ। ਅਜਿਹੇ ਸੁਨੱਖੇ ਪ੍ਰਬੰਧ ਆਸਟਰੇਲੀਆ ਦੇ ਲੋਕਾਂ ਦੇ ਇਮਾਨਦਾਰ ਹੋਣ ਕਾਰਨ ਚੱਲੀ ਜਾਂਦੇ ਹਨæææਜਨਤਕ ਥਾਵਾਂ 'ਤੇ ਸਥਾਪਤ ਕੀਤੀ ਗਈ ਕਿਸੇ ਚੀਜ਼ ਨੂੰ ਕੋਈ ਨਹੀਂ ਛੇੜਦਾ। ਸਾਡੇ ਲੋਕ ਤਾਂ ਜਨਤਕ ਥਾਵਾਂ ਉੱਤੇ ਲੱਗਿਆ ਨਾ ਨਲਕਾ ਛਡਦੇ ਹਨ, ਨਾ ਟੂਟੀ, ਨਾ ਟਿਊਬ-ਲਾਇਟਾਂ ਤੇ ਨਾ ਬੱਲਬ, ਨਾ ਕੁਰਸੀ ਤੇ ਨਾ ਬੈਂਚ। ਰਾਹੇ ਜਾਂਦਿਆਂ ਜੋ ਪਿਆ ਦੇਖਿਆ, ਉਹੋ ਕੱਛੇ ਮਾਰ ਲਿਆ ਪਰ ਆਸਟਰੇਲੀਅਨ ਇੰਝ ਨਹੀਂ ਕਰਦੇ। ਤਦੇ ਉਹ ਮੌਜਾਂ ਕਰਦੇ ਹਨ।
ਜੰਗਲ ਦੀ ਹਰਿਆਵਲ ਨੂੰ ਮਾਣਦਿਆਂ ਜਦ ਮੇਰਾ ਅਕਾਸ਼ ਵੱਲ ਦੇਖਣ ਨੂੰ ਦਿਲ ਕੀਤਾ ਤਾਂ ਅੰਬਰ ਦੀ ਫਿੱਕੀ ਨੀਲੱਤਣ ਨੇ ਮਨ ਤਰੰਗਿਤ ਕਰ ਦਿੱਤਾ। ਹਰੇ-ਭਰੇ ਰੁੱਖਾਂ ਵਿੱਚ ਖਲੋਤੇ ਇੱਕ ਰੁੰਡ-ਮੁੰਡ ਰੁੱਖ ਨੇ ਮੈਨੂੰ ਸੋਚਣ ਲਾ ਦਿੱੱਤਾ। ਇਹ ਸੁੱਕਾ ਤੇ ਝੰਬਿਆ ਰੁੱਖ ਹਰੇਕ ਯਾਤਰੀ ਦਾ ਧਿਆਨ ਆਪਣੀ ਤਰਫ਼ ਖਿੱਚ੍ਹਦਾ ਸੀ। ਜਦ ਮੈਂ ਉਸ ਨੂੰ ਕੁਝ ਪਲ ਦੇਖਦਾ ਰਿਹਾ ਤਾਂ ਉਹ ਰੁੱਖ ਮੈਨੂੰ ਇੱਕ ਅਜਿਹਾ ਮਨੁੱਖ ਜਾਪਿਆ, ਜਿਸਦੀਆਂ ਬਾਹਾਂ ਕੋਈ ਕੱਟ ਕੇ ਲੈ ਗਿਆ ਹੋਵੇæææ! ਉਹ ਰੁੱਖ ਅਣਗਿਣਤ ਸਾਲਾਂ ਤੋਂ ਉਥੇ ਖਲੋਤਾ ਆਣ-ਜਾਣ ਵਾਲਿਆਂ ਨੂੰ ਜਿਵੇਂ ਸਵਾਲ ਕਰ ਰਿਹਾ ਹੋਵੇ ਕਿ ਮੇਰੀਆਂ ਬਾਹਾਂ ਵੱਢ ਕਿਉਂ ਵੱਢ ਲੈ ਕੋਈæææ? ਕੀ ਕਸੂਰ ਕੀਤਾ ਸੀ ਮੈਂ? ਉਹ ਰੁੱਖ ਆਪਣੇ ਆਲੇ-ਦੁਆਲੇ ਹਰੇ-ਭਰੇ ਖਲੋਤੇ ਸਾਬਤ ਸਰੀਰਾਂ ਵਾਲੇ ਆਪਣੇ ਸਾਥੀ ਰੁੱਖਾਂ ਤੋਂ ਬਹੁਤ ਵੱਖਰਾ ਤੇ ਬਹੁਤ ਉਦਾਸ ਸੀ! ਮੇਰੇ ਨਾਲ ਗਏ ਸਾਥੀ ਨੇ ਦੱਸਿਆ ਕਿ ਇਹ ਸਾਰੀ ਪੇਸ਼ਕਾਰੀ ਗੋਰਿਆਂ ਨੇ ਯਾਤਰੂਆਂ ਨੂੰ ਪ੍ਰਭਾਵਿਤ ਕਰਨ ਤੇ ਉਹਨਾਂ ਦਾ ਧਿਆਨ ਇਸ ਰੁੱਖ 'ਤੇ ਕੇਂਦਰਿਤ ਕਰਨ ਲਈ ਕੀਤੀ ਹੋਈ ਹੈ।
ਟਹਿਲਦਾ-ਟਹਿਲਦਾ ਮੈਂ ਇੱਕ ਘਾਹ ਮੈਦਾਨ ਵੱਲ ਚਲਾ ਗਿਆ। ਘਾਹ ਮੈਦਾਨ ਏਨਾ ਸਾਫ਼ ਸੀ ਤੇ ਹਰਾ-ਕਚੂਰ ਘਾਹ ਏਨੇ ਕਰੀਨੇ ਨਾਲ ਘਰੜ ਕੇ ਕੱਟਿਆ ਹੋਇਆ ਸੀ,ਇਵੇਂ ਲਗਦਾ ਸੀ ਜਿਵੇਂ ਇਹ ਘਾਹ ਦਾ ਮੈਦਾਨ ਨਹੀਂ, ਸਗੋਂ ਦੂਰ-ਦੂਰ ਤੀਕ ਕੋਈ ਹਰੇ ਰੰਗ ਦੀ ਦਰੀ ਵਿਛਾ ਗਿਆ ਹੋਵੇ! ਅਜਿਹੀ ਦਰੀ, ਜਿਸ 'ਤੇ ਕੋਈ ਵੱਟ-ਵਲੇਂਵਾਂ ਨਹੀਂ ਸੀ ਦਿਸਦਾ। ਕੋਸੀ-ਕੋਸੀ ਧੁੱਪ ਨੇ ਮੈਨੂੰ ਘਾਹ ਦੀ ਉਸ ਇਕਸਾਰ ਵਿਛੀ ਦਰੀ 'ਤੇ ਕੁਝ ਪਲ ਲੇਟਣ ਲਈ ਮਜਬੂਰ ਕਰ ਦਿੱਤਾ ਸੀ। ਨਾ ਹਵਾ ਵਗਦੀ ਸੀ ਤੇ ਨਾ ਕੋਈ ਸ਼ੋਰ ਸੁਣੀਂਦਾ ਸੀ। ਕੋਈ-ਕੋਈ ਟਾਂਵਾ-ਟਾਂਵਾ ਯਾਤਰੀ ਕਿਸੇ ਨਾਲ ਕੋਈ ਗੱਲ ਵੀ ਕਰਦਾ ਸੀ ਤਾਂ ਉਹ ਸਿਰਫ਼ ਆਪਣੇ ਤੀਕ ਸੁਣਨ-ਸੁਣਾਉਣ ਜੋਗੀ ਆਵਾਜ਼ ਵਿੱਚ ਹੀ ਕਰਦਾ ਸੀ। ਮੈਂ ਕੁਝ ਪਲਾਂ ਦੀ ਸੋਚ ਕੇ ਹੀ ਲੇਟਿਆ ਸੀ ਪਰ ਜਦ ਮੈਂ ਜਾਗਿਆ ਸੀ ਤਾਂ ਦੋ ਘੰਟੇ ਤੋਂ ਵੀ ਵਧੇਰੇ ਦਾ ਸਮਾਂ ਹੋ ਚੱਲਿਆ ਸੀ, ਜਦ ਤੀਕ ਉਸ ਜੰਗਲ ਦੇ ਪੰਛੀ ਵੀ ਗਾਉਣ ਲੱਗ ਪਏ ਸਨ। ਵੰਨ-ਸੁਵੰਨੜੇ ਪੰਛੀਆਂ ਦੀਆਂ ਸੁਰ-ਭਿੱਜੀਆਂ ਆਵਾਜ਼ਾਂ ਮੰਤਰ-ਮੁਗਧ ਕਰਨ ਦੇਣ ਵਾਲੀਆਂ ਸਨ, ਉਹ ਪੰਛੀ ਇਉਂ ਲੱਗੇ, ਜਿਵੇਂ ਰਲ-ਮਿਲਕੇ ਸਮੂਹ-ਗਾਨ ਦਾ ਗਾਇਨ ਕਰ ਰਹੇ ਹੋਣ! ਜਦ ਘਰ ਵੱਲ ਤੁਰੇ ਤਾਂ ਦੂਰ ਤੀਕ ਪਸਰੇ ਪਹਾੜਾਂ ਪਿੱਛੇ ਲਹਿੰਦਾ ਸੂਰਜ ਵੀ ਘਰ ਪਰਤ ਰਿਹਾ ਸੀ।

No comments:

Post a Comment