ਦ੍ਰਿਸ਼ਟੀਕੋਣ (64)-ਜਤਿੰਦਰ ਪਨੂੰ

ਭਵਿੱਖ ਵਿੱਚ ਬਣਨ ਵਾਲੇ ਤੀਸਰੇ ਮੋਰਚੇ ਦਾ ਨਵੀਨ ਪਟਨਾਇਕ ਵੱਲੋਂ ਅਗਾਊਂ ਦਿੱਤਾ ਹੋਕਾ
ਚਲੰਤ ਹਫਤੇ ਦੌਰਾਨ ਆਮ ਤੌਰ ਉੱਤੇ ਭਾਰਤ ਦੇ ਲੋਕਾਂ ਦਾ ਧਿਆਨ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਰਾਜਨੀਤਕ ਹਲਚਲ ਵੱਲ ਲੱਗਾ ਰਿਹਾ ਹੈ। ਓਥੇ ਇੱਕ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਆਪਣੇ ਜਾਮੇ ਤੋਂ ਬਾਹਰ ਆ ਕੇ ਚੋਣ ਕਮਿਸ਼ਨ ਨੂੰ ਚੁਣੌਤੀ ਦੇਣ ਲੱਗ ਪਿਆ ਕਿ ਉਸ ਨੇ ਜਿਹੜੀ ਫਾਂਸੀ ਲਾਉਣੀ ਹੈ, ਲਾ ਲਵੇ। ਇਸ ਗੱਲ ਲਈ ਉਸ ਮੰਤਰੀ ਦੇ ਖਿਲਾਫ ਕਾਰਵਾਈ ਹੋਣ ਦੀ ਸੰਭਾਵਨਾ ਬਾਰੇ ਕਿਆਫੇ ਲੱਗਦੇ ਰਹੇ। ਕਿਸੇ ਹੋਰ ਥਾਂ ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਦਾ ਮੋਹਰੀ ਲੱਗਾ ਰਾਹੁਲ ਗਾਂਧੀ ਆਪਣੇ ਵਿਰੋਧੀਆਂ ਉੱਤੇ ਹਮਲਾ ਕਰਨ ਵੇਲੇ ਆਪਣਾ ਆਪ ਭੁਲਾ ਕੇ ਬੋਲ ਰਿਹਾ ਸੀ ਤਾਂ ਇਹ ਵੀ ਲੋਕਾਂ ਦੀ ਦਿਲਚਸਪੀ ਦਾ ਵਿਸ਼ਾ ਸੀ। ਭਾਰਤੀ ਜਨਤਾ ਪਾਰਟੀ ਜਦੋਂ ਇਹ ਕਹਿੰਦੀ ਸੀ ਕਿ ਉੱਤਰ ਪ੍ਰਦੇਸ਼ ਵਿੱਚ ਉਸ ਦੀ ਜਿੱਤ ਕੰਧਾਂ ਉੱਤੇ ਲਿਖੀ ਹੋਈ ਹੈ, ਉਸ ਦਾ ਆਪਣਾ ਪਾਰਲੀਮੈਂਟ ਮੈਂਬਰ ਯੋਗੀ ਅਦਿਤਿਆ ਨਾਥ ਇਹ ਕਹਿ ਕੇ ਲੋਕਾਂ ਦਾ ਧਿਆਨ ਖਿੱਚ ਰਿਹਾ ਸੀ ਕਿ ਇਸ ਰਾਜ ਵਿੱਚ ਇਸ ਵਾਰ ਕਿਸੇ ਪਾਰਟੀ ਨੂੰ ਬਹੁਮੱਤ ਨਹੀਂ ਮਿਲ ਸਕਣਾ ਤੇ ਜੋੜਾਂ-ਤੋੜਾਂ ਦੀ ਰਾਜਨੀਤੀ ਨਾਲ ਕੰਮ ਚਲਾਉਣਾ ਪੈਣਾ ਹੈ। ਮੁਲਾਇਮ ਸਿੰਘ ਯਾਦਵ ਦਾ ਕਦੇ ਚੋਣਾਂ ਪਿੱਛੋਂ ਭਾਜਪਾ ਨੂੰ ਰਾਜ ਤੋਂ ਦੂਰ ਰੱਖਣ ਲਈ ਕਾਂਗਰਸ ਦੀ ਮਦਦ ਕਰਨ ਦਾ ਇਸ਼ਾਰਾ ਦੇਣਾ ਤੇ ਕਦੇ ਇਸ ਤੋਂ ਮੁੱਕਰ ਜਾਣਾ ਵੀ ਕੁਝ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਸੀ। ਬੀਬੀ ਮਾਇਆਵਤੀ ਦੇ ਪੈਂਤੜੇ ਵੀ ਉਸ ਰਾਜ ਦੀ ਰਾਜਨੀਤੀ ਵਿੱਚ ਲੋਕਾਂ ਦੀ ਦਿਲਚਸਪੀ ਕਾਇਮ ਰੱਖਣ ਵਿੱਚ ਸਹਾਈ ਹੋ ਰਹੇ ਸਨ।
ਇਸ ਰੌਲੇ-ਰੱਪੇ ਦੌਰਾਨ ਤੀਸਰੇ ਮੋਰਚੇ ਬਾਰੇ ਇੱਕ ਅਣਕਿਆਸਿਆ ਬਿਆਨ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਆ ਗਿਆ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸ ਨੇ ਅਸਲੋਂ ਖਾਸ ਗੱਲ ਕਹੀ ਸੀ।
ਸਭ ਨੂੰ ਪਤਾ ਹੈ ਕਿ ਪਾਰਲੀਮੈਂਟ ਚੋਣਾਂ ਵਿੱਚ ਹਾਲੇ ਸਵਾ ਦੋ ਸਾਲ ਰਹਿੰਦੇ ਹਨ ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕੋਈ ਵੀ ਹੋਰ ਧਿਰ ਇਸ ਮੁੱਦੇ ਦੀ ਚਰਚਾ ਨਹੀਂ ਕਰ ਰਹੀ। ਭਾਰਤੀ ਜਨਤਾ ਪਾਰਟੀ ਦੀ ਚਰਚਾ ਵੀ ਚੋਣਾਂ ਬਾਰੇ ਘੱਟ ਤੇ ਇਸ ਵਾਰੀ ਉਸ ਵੱਲੋਂ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਦਾਅਵੇਦਾਰੀ ਬਾਰੇ ਵੱਧ ਕੇਂਦਰਤ ਰਹਿੰਦੀ ਹੈ। ਕੇਂਦਰ ਦੀ ਭਾਜਪਾ ਲੀਡਰਸ਼ਿਪ ਵਿੱਚ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਤੋਂ ਲੈ ਕੇ ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿਚਲੇ ਆਗੂ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਹੀ ਨਹੀਂ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੱਕ ਸਾਰੇ ਦੇ ਸਾਰੇ ਆਪੋ ਆਪਣਾ ਨੌਂਗਾ ਪੈਣ ਦੀ ਆਸ ਰੱਖਦੇ ਹਨ। ਸਾਬਕਾ ਡਿਪਟੀ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਬਾਨੀਆਂ ਵਿੱਚੋਂ ਇੱਕ ਲਾਲ ਕ੍ਰਿਸ਼ਨ ਅਡਵਾਨੀ ਵੀ ਅਜੇ ਤੱਕ ਇਹ ਝਾਕ ਛੱਡ ਨਹੀਂ ਸਕਿਆ ਤੇ ਇਹ ਕਹਿ ਕੇ ਆਪਣਾ ਦਾਅਵਾ ਕਾਇਮ ਰੱਖਦਾ ਹੈ ਕਿ ਵੇਲਾ ਆਏ ਤੋਂ ਹੀ ਇਸ ਅਹੁਦੇ ਬਾਰੇ ਪਾਰਟੀ ਫੈਸਲਾ ਕਰੇਗੀ।
ਨਵੀਨ ਪਟਨਾਇਕ ਦਾ ਅਲੋਕਾਰ ਬਿਆਨ ਇਹ ਸੀ ਕਿ ਭਾਰਤ ਨੂੰ ਹੁਣ ਫਿਰ ਇੱਕ ਤੀਸਰੇ ਰਾਜਸੀ ਮੋਰਚੇ ਦੀ ਲੋੜ ਆਣ ਬਣੀ ਹੈ। ਉਸ ਦੀ ਦਲੀਲ ਇਹ ਹੈ ਕਿ ਕੇਂਦਰ ਵਿੱਚ ਰਾਜ ਚਲਾ ਰਿਹਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਅਤੇ ਇਸ ਦੀ ਮੋਹਰੀ ਕਾਂਗਰਸ ਪਾਰਟੀ ਦੇ ਕਈ ਆਗੂ ਇੱਕ ਪਿੱਛੋਂ ਦੂਜੇ ਸਕੈਂਡਲ ਕਾਰਨ ਏਨੇ ਬਦਨਾਮ ਹੋ ਚੁੱਕੇ ਹਨ ਕਿ ਲੋਕ ਅਗਲੀਆਂ ਪਾਰਲੀਮੈਂਟ ਚੋਣਾਂ ਵਿੱਚ ਇਨ੍ਹਾਂ ਦਾ ਕੋਈ ਢੁਕਵਾਂ ਰਾਜਸੀ ਬਦਲ ਅੱਗੇ ਆਇਆ ਉਡੀਕਣਗੇ। ਹੁਣ ਤੱਕ ਇੱਕ ਰਾਜਸੀ ਬਦਲ ਵਜੋਂ ਦੇਸ਼ ਦੇ ਸਾਹਮਣੇ ਸਿਰਫ ਕੌਮੀ ਜਮਹੂਰੀ ਗੱਠਜੋੜ (ਐਨ ਡੀ ਏ) ਮੌਜੂਦ ਹੈ, ਜਿਸ ਦਾ ਕਨਵੀਨਰ ਭਾਵੇਂ ਜਨਤਾ ਦਲ (ਯੂ) ਦਾ ਪ੍ਰਧਾਨ ਸ਼ਰਦ ਯਾਦਵ ਬਣਾ ਰੱਖਿਆ ਹੈ, ਅਮਲ ਵਿੱਚ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ। ਨਵੀਨ ਪਟਨਾਇਕ ਨੇ ਭਾਜਪਾ ਨਾਲ ਪੁਰਾਣੇ ਰਾਜਸੀ ਰਿਸ਼ਤਿਆਂ ਵਾਲਾ ਕੋਈ ਲਿਹਾਜ ਰੱਖੇ ਬਿਨਾਂ ਇਹ ਵੀ ਸਾਫ ਕਹਿ ਦਿੱਤਾ ਕਿ ਅਗਵਾਈ ਭਾਜਪਾ ਦੇ ਹੱਥ ਹੋਣ ਕਾਰਨ ਇਹ ਗੱਠਜੋੜ ਫਿਰਕੂ ਹੈ ਅਤੇ ਇਸ ਨੂੰ ਕਾਂਗਰਸ ਦਾ ਸਹੀ ਬਦਲ ਨਹੀਂ ਮੰਨਿਆ ਜਾ ਸਕਦਾ। ਪਾਰਲੀਮੈਂਟ ਚੋਣਾਂ ਕਾਫੀ ਦੂਰ ਹੋਣ ਕਰ ਕੇ ਮਾਮਲਾ ਭਾਵੇਂ ਪੰਜਾਬੀ ਮੁਹਾਵਰੇ ਵਾਂਗ 'ਕਣਕ ਖੇਤ, ਕੁੜੀ ਪੇਟ ਤੇ ਆ ਜਵਾਈਆ ਮੰਡੇ ਖਾਹ' ਵਰਗਾ ਹੋਵੇ, ਪਰ ਜਿਹੜੇ ਢੰਗ ਨਾਲ ਨਵੀਨ ਪਟਨਾਇਕ ਨੇ ਤੀਸਰੇ ਬਦਲ ਦੇ ਇਸ ਖਿਆਲ ਨੂੰ ਉਛਾਲਿਆ ਹੈ, ਉਹ ਐਵੇਂ ਨਹੀਂ ਕਿਹਾ ਜਾ ਸਕਦਾ, ਉਸ ਦੇ ਪਿੱਛੇ ਇੱਕ ਛੁਪੀ ਹੋਈ ਗੰਭੀਰ ਸਰਗਰਮੀ ਕੰਮ ਕਰਦੀ ਨਜ਼ਰ ਆਉਂਦੀ ਹੈ।
ਵੇਲਾ ਯਾਦ ਕਰੀਏ ਇੰਦਰਾ ਗਾਂਧੀ ਦਾ, ਜਦੋਂ ਉਹ ਭਾਰਤ ਦੀ ਰਾਜਨੀਤੀ ਵਿੱਚ ਏਡੀ ਮਜ਼ਬੂਤ ਸ਼ਖਸੀਅਤ ਹੁੰਦੀ ਸੀ ਕਿ ਕੋਈ ਉਸ ਦੇ ਸਾਹਮਣੇ ਸਿਰ ਨਹੀਂ ਸੀ ਚੁੱਕਦਾ। ਓਦੋਂ ਲਗਾਤਾਰ ਦੋ ਪਾਰਲੀਮੈਂਟ ਚੋਣਾਂ ਜਿੱਤ ਲੈਣ ਪਿੱਛੋਂ ਇੰਦਰਾ ਗਾਂਧੀ ਆਪਣੇ-ਪਰਾਏ ਸਭ ਦੀ ਪ੍ਰਵਾਹ ਕਰਨੀ ਛੱਡ ਗਈ ਸੀ ਤੇ ਆਪਣੇ ਇੱਕ ਪੁੱਤਰ ਨੂੰ ਅੱਗੇ ਲਿਆਉਣ ਲਈ ਸਾਰੀ ਕਾਂਗਰਸ ਪਾਰਟੀ ਨੂੰ ਉਸ ਦੀ ਖਿਦਮਤ ਉੱਤੇ ਲਾ ਦਿੱਤਾ ਸੀ। ਕਾਂਗਰਸ ਪਾਰਟੀ ਦੇ ਅੰਦਰਲੇ ਚਾਪਲੂਸਾਂ ਦੀ ਮੰਡਲੀ ਉਸ ਪੁੱਤਰ ਦੇ ਔਗੁਣਾਂ ਨੂੰ ਵੀ ਗੁਣ ਬਣਾ ਕੇ ਪੇਸ਼ ਕਰਨ ਲੱਗ ਪਈ ਸੀ ਤੇ ਨਤੀਜੇ ਵਜੋਂ ਪੁੱਤਰ ਚਾਂਭਲ ਕੇ ਆਪਣੇ ਨਾਨੇ ਦੀ ਉਮਰ ਵਾਲਿਆਂ ਨੂੰ ਵੀ ਆਪਣੇ ਚੇਲੇ-ਚਾਂਟੇ ਸਮਝਣ ਲੱਗ ਪਿਆ ਸੀ। ਅੱਜ ਦੀ ਕਾਂਗਰਸ ਪ੍ਰਧਾਨ ਵੀ ਓਸੇ ਤਰ੍ਹਾਂ ਆਪਣੇ ਪੁੱਤਰ ਨੂੰ ਅੱਗੇ ਲਿਆਉਣ ਲਈ ਸਭ ਕੁਝ ਦਾਅ ਉੱਤੇ ਲਾਉਣ ਤੁਰ ਪਈ ਹੈ। ਵਿਹਾਰ ਵੱਲੋਂ ਬਿਨਾਂ ਸ਼ੱਕ ਰਾਹੁਲ ਗਾਂਧੀ ਆਪਣੇ ਚਾਚੇ ਸੰਜੇ ਗਾਂਧੀ ਨਾਲੋਂ ਜ਼ਮੀਨ-ਅਸਮਾਨ ਦੇ ਫਰਕ ਵਾਲਾ ਹੈ। ਸੰਜੇ ਗਾਂਧੀ ਝੁੱਗੀਆਂ ਉੱਤੇ ਬੁਲਡੋਜ਼ਰ ਫੇਰ ਦੇਣਾ ਪਸੰਦ ਕਰਦਾ ਸੀ, ਰਾਹੁਲ ਕਦੇ-ਕਦਾਈਂ ਝੁੱਗੀਆਂ ਵਿੱਚ ਰਾਤ ਕੱਟਣ ਚਲਾ ਜਾਂਦਾ ਹੈ। ਫਿਰ ਵੀ ਇੱਕ ਗੱਲ ਦੋਵਾਂ ਦੀ ਸਾਂਝੀ ਹੈ ਕਿ ਓਦੋਂ ਸੰਜੇ ਗਾਂਧੀ ਕੋਲ ਸਰਕਾਰ ਦਾ ਕੋਈ ਅਹੁਦਾ ਨਾ ਹੁੰਦੇ ਹੋਏ ਵੀ ਉਸ ਦੀ ਹਰ ਖਾਹਿਸ਼ ਨੂੰ ਸਰਕਾਰੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਹੁਣ ਲੋਕਪਾਲ ਬਿੱਲ ਪੇਸ਼ ਕਰਨਾ ਹੋਵੇ ਤਾਂ ਇਹ 'ਰਾਹੁਲ ਗਾਂਧੀ ਦਾ ਸੁਫਨਾ' ਕਹਿ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਇੱਕੋ ਮਿਸਾਲ ਵਿੱਚ ਭਾਰਤ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਦੇ ਭਵਿੱਖ ਦਾ ਉਹ ਨਿਘਾਰ ਲੁਕਿਆ ਨਜ਼ਰ ਆਉਂਦਾ ਹੈ, ਜਿਹੜਾ ਹਰ ਉਸ ਪਾਰਟੀ ਵਿੱਚ ਆ ਸਕਦਾ ਹੈ, ਜਿਸ ਦਾ ਪ੍ਰਧਾਨ ਪੁੱਤਰ-ਮੋਹ ਵਿੱਚ ਫਸ ਕੇ ਧ੍ਰਿਤਰਾਸ਼ਟਰ ਦੀ ਲੀਹੇ ਪੈ ਜਾਂਦਾ ਹੈ।
ਸਵਾਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਰਾਜ ਦੀ ਅਗਵਾਈ ਕਰ ਰਹੀ ਕਾਂਗਰਸ ਪਾਰਟੀ ਦਾ ਬਦਲ ਕਿਉਂ ਨਹੀਂ ਰਹਿ ਗਈ? ਸਿਰਫ ਇਸ ਲਈ ਕਿ ਉਹ ਹਾਲੇ ਤੱਕ ਇਹੋ ਫੈਸਲਾ ਨਹੀਂ ਕਰ ਸਕੀ ਕਿ ਉਸ ਨੇ ਵਿਕਾਸ-ਮੁਖੀ ਪਹੁੰਚ ਅਪਣਾਉਣੀ ਹੈ ਜਾਂ ਪੁਰਾਣੇ ਹਿੰਦੂਤੱਵ ਦੀ ਪਟੜੀ ਚੜ੍ਹੀ ਰਹਿਣਾ ਹੈ? ਜਦੋਂ ਇਸ ਨੂੰ ਛੇ ਸਾਲ ਕੇਂਦਰ ਦਾ ਰਾਜ ਸੰਭਾਲਣ ਦਾ ਮੌਕਾ ਮਿਲਿਆ ਸੀ, ਓਦੋਂ ਇਸ ਦੇ ਦੋ ਵੱਡੇ ਲੀਡਰਾਂ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਖਹਿਸਰ ਭਾਵੇਂ ਮੋਰਾਰਜੀ ਡਿਸਾਈ ਅਤੇ ਚੌਧਰੀ ਚਰਨ ਸਿੰਘ ਜਾਂ ਵੀ ਪੀ ਸਿੰਘ ਅਤੇ ਚੰਦਰ ਸ਼ੇਖਰ ਦੇ ਪੱਧਰ ਤੱਕ ਨਹੀਂ ਸੀ ਪਹੁੰਚੀ, ਫਿਰ ਵੀ ਲੁਕੀ ਨਹੀਂ ਰਹੀ ਸੀ। ਆਪਣੇ ਆਪ ਨੂੰ ਵੱਖਰੀ-ਨਿਆਰੀ ਆਖਣ ਵਾਲੀ ਇਸ ਪਾਰਟੀ ਦੇ ਵਕਤ ਸਕੈਂਡਲ ਵੀ ਬਹੁਤ ਹੋਏ ਸਨ। ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸਕੈਂਡਲ ਜ਼ਿਆਦਾ ਹਨ ਜਾਂ ਵਾਜਪਾਈ ਸਰਕਾਰ ਵੇਲੇ ਦੇ ਵੱਧ ਸਨ, ਇਹ ਵੀ ਬਹਿਸ ਦਾ ਵਿਸ਼ਾ ਹੋ ਸਕਦਾ ਹੈ। ਜਿਸ ਫਿਰਕੂਪੁਣੇ ਨੂੰ ਇਸ ਦੇ ਆਗੂਆਂ ਨੇ ਡਿਸਾਈ ਸਰਕਾਰ ਵੇਲੇ ਨਹੀਂ ਸੀ ਛੱਡਿਆ ਤੇ ਜਨਤਾ ਪਾਰਟੀ ਟੁੱਟੀ ਹੀ ਇਸ ਲਈ ਸੀ ਕਿ ਉਸ ਪਾਰਟੀ ਦੇ ਮੈਂਬਰ ਨਾਲ ਦੀ ਨਾਲ ਆਰ ਐੱਸ ਦੇ ਸੋਇਮ ਸੇਵਕ ਬਣੇ ਰਹਿਣ ਜਾਂ ਵੱਖਰੇ ਹੋ ਜਾਣ, ਉਹ ਦੋਹਰਾ ਕਿਰਦਾਰ ਇਹ ਅੱਜ ਵੀ ਨਿਭਾ ਰਹੀ ਹੈ। ਰਹੀ ਗੱਲ 'ਚਾਲ, ਚਰਿਤਰ ਤੇ ਚਿਹਰਾ' ਵਾਲੇ ਵੱਖਰੇ ਕਿਰਦਾਰ ਦੀ, ਉਹ ਇਸ ਦੇ ਤਿੰਨ ਵਿਧਾਇਕਾਂ ਵੱਲੋਂ ਕਰਨਾਟਕਾ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੋਬਾਈਲ ਫੋਨ ਉੱਤੇ ਬਲਿਊ ਫਿਲਮ ਵੇਖਣ ਤੋਂ ਪਤਾ ਲੱਗ ਗਿਆ ਹੈ। ਇਸ ਦੇ ਇੱਕ ਜਨਰਲ ਸਕੱਤਰ ਨੂੰ ਕਿਸੇ ਵਕਤ ਉਸ ਦੀ ਬਲਿਊ ਸੀ ਡੀ ਲੋਕਾਂ ਵਿੱਚ ਚਰਚਿਤ ਹੋ ਜਾਣ ਪਿੱਛੋਂ ਪਾਰਟੀ ਨੇ ਕੱਢਿਆ ਸੀ, ਹੁਣ ਬਿਨਾਂ ਕਿਸ ਜਾਂਚ ਤੋਂ ਉਸ ਨੂੰ ਫਿਰ ਪਾਰਟੀ ਦੇ ਅਹੁਦੇ ਉੱਤੇ ਲੈ ਆਂਦਾ ਹੈ। ਇਹੋ ਜਿਹੇ ਹਾਲਾਤ ਵਿੱਚ ਇਹ ਪਾਰਟੀ ਕਾਂਗਰਸ ਦਾ ਉਸ ਨਾਲੋਂ ਚੰਗਾ ਬਦਲ ਮੰਨੇ ਜਾ ਸਕਣ ਦਾ ਭਰੋਸਾ ਆਪਣੇ ਪਹਿਲੇ ਸਹਿਯੋਗੀਆਂ ਨੂੰ ਦਿਵਾਉਣ ਜੋਗੀ ਨਹੀਂ ਰਹਿ ਗਈ।
ਕਿਸੇ ਨੂੰ ਵੀ ਸ਼ਾਇਦ ਇਹ ਗੱਲ ਹਾਲੇ ਤੱਕ ਭੁੱਲੀ ਨਾ ਹੋਵੇ ਕਿ ਬਿਹਾਰ ਦੀਆਂ ਚੋਣਾਂ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਵਿਰੁੱਧ ਓਥੋਂ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅੜ ਖੜੋਤਾ ਸੀ। ਉਸ ਨੇ ਆਖ ਦਿੱਤਾ ਸੀ ਕਿ ਜੇ ਮੋਦੀ ਨੂੰ ਬੁਲਾ ਕੇ ਬਿਹਾਰ ਦਾ ਮਾਹੌਲ ਖਰਾਬ ਕਰਨਾ ਹੈ ਤਾਂ ਭਾਜਪਾ ਨਾਲ ਉਸ ਦੀ ਪਾਰਟੀ ਗੱਠਜੋੜ ਨਹੀਂ ਕਰੇਗੀ। ਨਿਤੀਸ਼ ਕੁਮਾਰ ਦੀ ਗੱਲ ਨੂੰ ਅਣਗੌਲੀ ਕਰ ਕੇ ਬਿਹਾਰ ਵਿੱਚ ਨਰਿੰਦਰ ਮੋਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਿਤੀਸ਼ ਏਨਾ ਖਿਝ ਗਿਆ ਕਿ ਉਸ ਨੇ ਭਾਜਪਾ ਲੀਡਰਸ਼ਿਪ ਲਈ ਦਿੱਤਾ ਰਾਤ ਦੇ ਖਾਣੇ ਦਾ ਨਿਓਤਾ ਵੀ ਖੜੇ ਪੈਰ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦੇ ਰੋਸ ਦੀ ਪ੍ਰਵਾਹ ਵੀ ਨਹੀਂ ਸੀ ਕੀਤੀ। ਨਤੀਜਾ ਇਹ ਨਿਕਲਿਆ ਕਿ ਭਾਜਪਾ ਲੀਡਰਸ਼ਿਪ ਨੂੰ ਝੁਕ ਕੇ ਇਹ ਗੱਲ ਮੰਨਣੀ ਪਈ ਕਿ ਉਹ ਨਰਿੰਦਰ ਮੋਦੀ ਨੂੰ ਬਿਹਾਰ ਵਿੱਚ ਨਹੀਂ ਲਿਆਵੇਗੀ। ਹੁਣ ਜਦੋਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਓਸੇ ਨਿਤੀਸ਼ ਕੁਮਾਰ ਨੇ ਇਹ ਐਲਾਨ ਕੀਤਾ ਕਿ ਓਥੇ ਭਾਜਪਾ ਨਾਲ ਸਾਂਝਾ ਮੋਰਚਾ ਨਹੀਂ ਬਣਾਉਣਾ, ਵੱਖਰੇ ਤੌਰ ਉੱਤੇ ਚੋਣ ਲੜਨੀ ਹੈ ਤਾਂ ਇਹ ਕਿਆਫੇ ਓਦੋਂ ਹੀ ਲੱਗਣ ਲੱਗ ਪਏ ਸਨ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਤੀਸਰੇ ਮੋਰਚੇ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਓਧਰ ਉੜੀਸਾ ਵਿੱਚੋਂ ਜਿਹੜੇ ਨਵੀਨ ਪਟਨਾਇਕ ਨੇ ਤੀਸਰੇ ਮੋਰਚੇ ਦਾ ਨਾਅਰਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਅੱਧ-ਵਿਚਾਲੇ ਚੁੱਕਿਆ ਹੈ, ਉਹ ਵੀ ਭਾਰਤੀ ਜਨਤਾ ਪਾਰਟੀ ਨਾਲ ਆਪਣੇ ਰਾਜ ਵਿੱਚ ਸਾਂਝੀ ਸਰਕਾਰ ਚਲਾ ਕੇ ਵੇਖ ਚੁੱਕਾ ਹੈ। ਭਾਜਪਾ ਨੇ ਰਾਜ ਵਿੱਚ ਭਾਈਵਾਲੀ ਦਾ ਲਾਭ ਲੈ ਕੇ ਓਥੇ ਘੱਟ-ਗਿਣਤੀਆਂ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਸਨ ਤੇ ਨਵੀਨ ਪਟਨਾਇਕ ਨੇ ਛੇਤੀ ਹੀ ਉਸ ਤੋਂ ਖਹਿੜਾ ਛੁਡਾ ਕੇ ਉਸ ਸਮੇਂ ਦੀ ਉਡੀਕ ਸ਼ੁਰੂ ਕਰ ਦਿੱਤੀ ਸੀ, ਜਦੋਂ ਦੋਵਾਂ ਵੱਡੀਆਂ ਧਿਰਾਂ ਦੇ ਮੁਕਾਬਲੇ ਖੇਤਰੀ ਪਾਰਟੀਆਂ ਤੇ ਕੌਮੀ ਪੈਮਾਨੇ ਦੀਆਂ ਧਰਮ ਨਿਰਪੱਖ ਧਿਰਾਂ ਨੂੰ ਨਾਲ ਜੋੜ ਕੇ ਤੀਸਰੇ ਮੋਰਚੇ ਦਾ ਝੰਡਾ ਚੁੱਕ ਸਕੇ। ਕਰਨਾਟਕਾ ਵਿੱਚ ਭਾਜਪਾ ਦੀ ਪਤਲੀ ਹੋਈ ਹਾਲਾਤ ਨੇ ਨਵੀਨ ਨੂੰ ਤਾਕਤ ਬਖਸ਼ੀ ਹੈ। ਨਾਲ ਲੱਗਦੇ ਆਂਧਰਾ ਪ੍ਰਦੇਸ਼ ਵਿਚ ਭਾਜਪਾ ਅੱਗੇ ਵਧ ਨਹੀਂ ਸਕੀ ਤੇ ਕਾਂਗਰਸ ਦੀ ਪਾਟੋਧਾੜ ਨੇ ਫਿਰ ਤੇਲਗੂ ਦੇਸਮ ਦੀ ਧਿਰ ਦੀ ਉਠਾਣ ਦੇ ਹਾਲਤ ਬਣਾ ਦਿੱਤੇ ਹਨ। ਪੱਛਮੀ ਬੰਗਾਲ ਵਿੱਚ ਰਾਜ ਭਾਵੇਂ ਕਾਂਗਰਸ ਦੀ ਮਦਦ ਨਾਲ ਲਿਆ ਹੈ, ਮਮਤਾ ਬੈਨਰਜੀ ਵੀ ਕਾਂਗਰਸ ਦੇ ਨਾਲ ਕੇਂਦਰ ਦੀ ਇਹੋ ਜਿਹੀ ਭਾਈਵਾਲ ਬਣ ਕੇ ਚੱਲਣ ਨੂੰ ਬਾਹਲੀ ਦੇਰ ਤਿਆਰ ਨਹੀਂ, ਜਿਸ ਨੂੰ ਫੈਸਲੇ ਕਰਨ ਲੱਗਿਆਂ ਪੁੱਛਣ ਦੀ ਲੋੜ ਵੀ ਨਾ ਸਮਝੀ ਜਾਵੇ। ਨਵੀਨ ਪਟਨਾਇਕ ਨੂੰ ਇਹ ਵੀ ਪਤਾ ਹੈ ਕਿ ਜ਼ਰਾ ਕੁ ਮੌਕਾ ਮਿਲਣ ਦੀ ਦੇਰ ਹੈ, ਨਾ ਜੰਮੂ-ਕਸ਼ਮੀਰ ਵਾਲੇ ਫਾਰੂਕ ਅਬਦੁੱਲਾ ਨੇ ਕਾਂਗਰਸ ਦੇ ਨਾਲ ਜੁੜੇ ਰਹਿਣਾ ਹੈ, ਨਾ ਹੀ ਮਹਾਰਾਸ਼ਟਰ ਦੇ ਸ਼ਰਦ ਪਵਾਰ ਨੇ ਸਦਾ ਦਾ ਸੀਰੀ ਬਣ ਕੇ ਦਿਨ ਕੱਟਣੇ ਹਨ। ਇਹ ਸਾਰੇ ਲੋਕ ਕੁਰਸੀ ਦੀ ਰਿਸ਼ਤੇਦਾਰੀ ਵਾਲੇ ਹਨ, ਜਿਹੜੇ ਕਿਸੇ ਵੀ ਰਾਜ ਕਰ ਸਕਦੀ ਧਿਰ ਨਾਲ ਜੁੜ ਸਕਦੇ ਹਨ ਤੇ ਜੇ ਜ਼ਰਾ ਕੁ ਇਹ ਝਲਕ ਮਿਲ ਜਾਵੇ ਕਿ ਤੀਸਰੇ ਮੋਰਚੇ ਦਾ ਸੁਫਨਾ ਸਿਰੇ ਚੜ੍ਹ ਸਕਦਾ ਹੈ, ਉਹ ਰਾਤੋ ਰਾਤ ਓਧਰ ਵੀ ਆ ਜਾਣਗੇ।
ਅਸੀਂ ਪੰਜਾਬ ਦੇ ਰਹਿਣ ਵਾਲੇ ਲੋਕ ਪਿਛਲੇ ਲੰਮੇ ਸਮੇਂ ਤੋਂ ਦੋ ਵੱਡੀਆਂ ਧਿਰਾਂ, ਕਾਂਗਰਸ ਪਾਰਟੀ ਤੇ ਅਕਾਲੀ ਦਲ, ਵਿੱਚ ਰਾਜ ਗੱਦੀ ਦਾ ਤਬਾਦਲਾ ਹੁੰਦਾ ਵੇਖਦੇ ਰਹੇ ਹਾਂ। ਏਥੇ ਭਾਜਪਾ ਵਾਲੇ ਅਕਾਲੀ ਦਲ ਦੇ ਪਿੱਛਲੱਗ ਬਣ ਜਾਂਦੇ ਸਨ ਤੇ ਦਿੱਲੀ ਜਾ ਕੇ ਅਕਾਲੀ ਉਨ੍ਹਾਂ ਦੇ ਸਦਾ-ਸੇਵਕ ਬਣੇ ਰਹਿੰਦੇ ਸਨ। ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਇੱਕ ਤੀਸਰੀ ਧਿਰ ਦੀ ਇਹੋ ਜਿਹੀ ਪ੍ਰਭਾਵਸ਼ਾਲੀ ਉਠਾਣ ਹੁੰਦੀ ਮਹਿਸੂਸ ਕੀਤੀ ਹੈ, ਜਿਸ ਤੋਂ ਏਥੇ ਵੀ ਬਹੁਤ ਸਾਰੇ ਲੋਕਾਂ ਨੂੰ ਕੇਂਦਰ ਵਿੱਚ ਤੀਸਰੇ ਮੋਰਚੇ ਵਰਗੀ ਆਸ ਬੱਝਣ ਲੱਗੀ ਹੈ। ਜਦੋਂ ਵੀ ਪੀ ਸਿੰਘ ਨੇ ਕਾਂਗਰਸ ਛੱਡ ਕੇ ਤੀਸਰੇ ਮੋਰਚੇ ਦਾ ਮੁੱਢ ਬੰਨ੍ਹਣਾ ਸ਼ੁਰੂ ਕੀਤਾ ਸੀ, ਓਦੋਂ ਵੀ ਬਹੁਤ ਸਾਰੇ ਲੋਕ ਇਹ ਸਮਝਦੇ ਸਨ ਕਿ ਐਵੇਂ ਦਿਨੇ ਸੁਫਨੇ ਲੈਂਦਾ ਫਿਰਦਾ ਹੈ, ਪਰ ਇੱਕ ਦਿਨ ਉਹ ਕੁਝ ਹੋ ਗਿਆ ਸੀ, ਜਿਸ ਦੀ ਕਿਸੇ ਨੂੰ ਆਸ ਨਹੀਂ ਸੀ, ਤੇ ਓਹੋ ਕੁਝ ਸਵਾ ਕੁ ਦੋ ਸਾਲ ਹੋਰ ਲੰਘਾ ਕੇ ਹੁਣ ਵੀ ਹੋ ਜਾਵੇ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

No comments:

Post a Comment