ਦ੍ਰਿਸ਼ਟੀਕੋਣ (65)-ਜਤਿੰਦਰ ਪਨੂੰ

ਕੀ ਹੁਣ ਕੋਈ ਨਵਾਂ ਰਾਮਦੇਵ ਲੱਭਣਾ, ਸ਼ਿੰਗਾਰਨਾ ਅਤੇ ਟਰਾਈ ਕਰਨਾ ਪਵੇਗਾ ਭਾਰਤ ਦੀ ਸਰਮਾਏਦਾਰੀ ਨੂੰ?
ਪਿਛਲੇ ਸਾਲ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਯੋਗੀ ਬਾਬਾ ਰਾਮਦੇਵ ਨੇ ਇੱਕ ਵਰਤ ਤੇ ਧਰਨਾ ਰੱਖਿਆ ਸੀ। ਉਸ ਪ੍ਰੋਗਰਾਮ ਦਾ ਆਗਾਜ਼ ਜਿੰਨਾ ਧੜੱਲੇਦਾਰ ਕੀਤਾ ਗਿਆ, ਅੰਤ ਓਨਾ ਬੇਮਜ਼ਾ ਹੋ ਗਿਆ ਸੀ। ਧਰਨੇ ਲਈ ਬੈਠਣ ਸਮੇਂ ਜਿਹੜਾ ਬਾਬਾ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਦਾ ਕੇਂਦਰ ਬਣਿਆ ਪਿਆ ਸੀ, ਜਾਣ ਵੇਲੇ ਉਹ ਯੋਗੀ ਵਾਲਾ ਬਾਣਾ ਲਾਹ ਕੇ ਕਿਸੇ ਔਰਤ ਤੋਂ ਮੰਗਵੇਂ ਲਏ ਸਲਵਾਰ-ਕਮੀਜ਼ ਪਾਉਣ ਦੇ ਨਾਲ ਸਿਰ ਉੱਤੇ ਚੁੰਨੀ ਨਾਲ ਘੁੰਡ ਕੱਡ ਕੇ ਦੌੜਨ ਦੀ ਕੋਸ਼ਿਸ਼ ਕਰਦਾ ਕਾਬੂ ਆ ਗਿਆ। ਫਿਰ ਉਸ ਨੂੰ ਪੁਲੀਸ ਨੇ ਦਿੱਲੀ ਦੀ ਹੱਦ ਤੋਂ ਬਾਹਰ ਕਰ ਦਿੱਤਾ ਤਾਂ ਉਹ ਉੱਤਰਾ ਖੰਡ ਵਿਚਲੇ ਆਪਣੇ ਆਸ਼ਰਮ ਵਿੱਚ ਜਾ ਕੇ ਮਰਨ-ਵਰਤ ਰੱਖ ਕੇ ਬੈਠ ਗਿਆ। ਇਹ ਵਰਤ ਉਸ ਲਈ ਦੂਸਰੀ ਨਮੋਸ਼ੀ ਦਾ ਸਬੱਬ ਬਣ ਗਿਆ। ਸਿਰਫ ਛੇ ਦਿਨ ਕੱਢ ਸਕਿਆ ਤੇ ਹਾਲਤ ਘੋਰੜੂ ਵੱਜਣ ਵਾਲੀ ਹੋ ਗਈ। ਓਦੋਂ ਉਸ ਦੀ ਬਹੁੜੀ ਸੁਣ ਕੇ ਜਿਹੜੀ ਇੱਕ ਸਿਆਸੀ ਧਿਰ ਨੇ ਸਾਰੇ ਦੇਸ਼ ਦੇ ਸਾਧ-ਸੰਤ ਲਾਮਬੰਦ ਕੀਤੇ ਤੇ ਵਰਤ ਛੱਡਣ ਦਾ ਰਾਹ ਭਾਲ ਰਹੇ ਰਾਮਦੇਵ ਨੂੰ ਬੇਨਤੀਆਂ ਦੇ ਡਰਾਮੇ ਕਰ ਕੇ ਵਰਤ ਛੁਡਾਇਆ ਸੀ, ਉਹ ਭਾਰਤੀ ਜਨਤਾ ਪਾਰਟੀ ਸੀ। ਉਸ ਦਾ ਉੱਤਰਾ ਖੰਡ ਦਾ ਓਦੋਂ ਦਾ ਮੁੱਖ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਮਿੰਟ-ਮਿੰਟ ਉੱਤੇ ਕੇਂਦਰੀ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਇਹ ਦੱਸਦਾ ਵੇਖਿਆ ਗਿਆ ਕਿ ਫਲਾਣਾ ਵੀ ਪਹੁੰਚ ਗਿਆ ਹੈ, ਫਲਾਣਾ ਵੀ, ਸਭ ਕੁਝ ਠੀਕ-ਠਾਕ ਨਿਭ ਜਾਣ ਦੇ ਸਾਰੇ ਪ੍ਰਬੰਧ ਹੋ ਗਏ ਹਨ, ਸਿਵਾਏ ਇਸ ਦੇ ਕਿ ਮੁੱਖ ਮੰਤਰੀ ਦਾ ਆਪਣਾ ਹੈਲੀਕਾਪਟਰ ਖਰਾਬ ਮੌਸਮ ਨੇ ਰੋਕ ਦਿੱਤਾ ਹੈ।
ਅਗਲੇ ਦਿਨਾਂ ਵਿੱਚ ਜਦੋਂ ਇਹ ਬਹਿਸ ਭਖ ਪਈ ਕਿ ਯੋਗੀ ਰਾਮਦੇਵ ਦਾ ਵੱਧ ਕਸੂਰ ਸੀ ਜਾਂ ਸਰਕਾਰ ਅਤੇ ਦਿੱਲੀ ਦੀ ਪੁਲੀਸ ਦਾ, ਓਦੋਂ ਅਸੀਂ ਇਸ ਬਾਰੇ ਇਹ ਲਿਖਿਆ ਸੀ:
"ਬਾਬਾ ਰਾਮਦੇਵ ਵੱਲੋਂ ਦਿੱਲੀ ਵਿੱਚ ਲਾਏ ਗਏ ਯੋਗਾ ਅਤੇ ਸੱਤਿਆਗ੍ਰਹਿ ਦੀ ਸਮਾਪਤੀ ਜਿਸ ਢੰਗ ਨਾਲ ਹੋਈ ਹੈ, ਉਸ ਤੋਂ ਹਰ ਕੋਈ ਹੈਰਾਨ ਹੈ। ਪਹਿਲਾਂ ਬਾਬੇ ਦੀ ਗੁੱਡੀ ਚੜ੍ਹ ਗਈ। ਕੇਂਦਰੀ ਮੰਤਰੀ ਉਸ ਨਾਲ ਮੁੜ-ਮੁੜ ਮੀਟਿੰਗਾਂ ਲਾ ਰਹੇ ਸਨ। ਫਿਰ ਜਦੋਂ ਸਮਝਿਆ ਜਾ ਰਿਹਾ ਸੀ ਕਿ ਉਹ ਸਮਝੌਤੇ ਦਾ ਐਲਾਨ ਕਰਨ ਵਾਲਾ ਹੈ, ਓਦੋਂ ਅਚਾਨਕ ਹਾਲਾਤ ਬਦਲ ਗਏ। ਬਾਬਾ ਸਮਝੌਤੇ ਤੋਂ ਮੁੱਕਰ ਗਿਆ। ਸਰਕਾਰ ਨੇ ਕੌੜ ਖਾ ਕੇ ਉਸ ਦੀ ਇੱਕ ਦਿਨ ਪਹਿਲਾਂ ਦੀ ਲਿਖਤ ਲੋਕਾਂ ਸਾਹਮਣੇ ਰੱਖ ਦਿੱਤੀ। ਇਸ ਪਿੱਛੋਂ ਬਾਬਾ ਹੋਰ ਭੜਕ ਪਿਆ ਅਤੇ ਸਰਕਾਰ ਨੇ ਵੀ ਸਰਕਾਰੀ ਤੰਤਰ ਦੀ ਸਖਤੀ ਦੀ ਬੇਸ਼ਰਮ ਮਿਸਾਲ ਪੇਸ਼ ਕਰ ਦਿੱਤੀ।"
"ਇਹ ਸਾਰਾ ਕੁਝ ਦੁਖਦਾਈ ਸੀ। ਜੋ ਕੁਝ ਵੀ ਹੋਇਆ, ਕਿਸੇ ਪੱਖੋਂ ਜਾਇਜ਼ ਕਹਿਣ ਵਾਲਾ ਨਹੀਂ ਤੇ ਇਸ ਮਾਮਲੇ ਵਿੱਚ ਕਿਸੇ ਨੇ ਇੱਕ ਧਿਰ ਦੀ ਵੱਧ ਅਤੇ ਦੂਜੀ ਧਿਰ ਦੀ ਘੱਟ ਸਹੀ, ਨੁਕਤਾਚੀਨੀ ਹਰ ਕਿਸੇ ਨੇ ਜ਼ਰੂਰ ਕੀਤੀ ਸੀ। ਰਾਜਸੀ ਲੋਕ ਵੀ ਇਸ ਮਾਮਲੇ ਵਿੱਚ ਆਪੋ ਆਪਣਾ ਰਾਗ ਅਲਾਪਦੇ ਰਹੇ। ਕੋਈ ਬਾਬੇ ਨੂੰ ਭੰਡ ਰਿਹਾ ਹੈ ਤੇ ਕੋਈ ਸਰਕਾਰ ਨੂੰ। ਭੰਡੀ ਦੇ ਲਾਇਕ ਉਂਜ ਦੋਵੇਂ ਧਿਰਾਂ ਵਾਲੇ ਹੀ ਹਨ।"
ææਅਤੇ ਅਸੀਂ ਇਹ ਵੀ ਲਿਖਿਆ ਸੀ ਕਿ "ਜਦੋਂ ਸਾਰਾ ਕੁਝ ਸਾਹਮਣੇ ਆ ਜਾਣ ਪਿੱਛੋਂ ਪੁਲਸ ਨੇ ਕਹਿ ਦਿੱਤਾ ਕਿ ਉਸ ਨੇ ਯੋਗਾ ਕੈਂਪ ਦੀ ਆਗਿਆ ਮੰਗੀ ਸੀ, ਸੱਤਿਆਗ੍ਰਹਿ ਕਰਨ ਦੀ ਨਹੀਂ, ਇਸ ਲਈ ਉੱਠ ਜਾਵੇ ਤਾਂ ਓਦੋਂ ਹੀ ਉੱਠ ਜਾਂਦਾ। ਲੋਕਾਂ ਨੂੰ ਕੁਟਵਾਉਣ ਦੀ ਉਸ ਨੂੰ ਕੀ ਲੋੜ ਸੀ? ਪੁਲਸ ਵੀ ਏਨੀ ਕਨੂੰਨ ਨੂੰ ਜੇਬ ਵਿੱਚ ਪਾ ਕੇ ਤੁਰ ਪਈ ਕਿ ਕੋਈ ਸ਼ਰਮ ਹੀ ਨਾ ਰੱਖੀ। ਨਤੀਜੇ ਵਜੋਂ ਉਸ ਨੂੰ ਵੀ ਹੁਣ ਹਰ ਪਾਸਿਓਂ ਫਿਟਕਾਰਾਂ ਪੈ ਰਹੀਆਂ ਹਨ।"
ਬਾਅਦ ਵਿੱਚ ਇਸ ਬਾਰੇ ਮੀਡੀਆ ਰਿਪੋਰਟਾਂ ਵੇਖ ਕੇ ਦੇਸ਼ ਦੀ ਸੁਪਰੀਮ ਕੋਰਟ ਨੇ ਆਪ ਹੀ ਇਸ ਮਾਮਲੇ ਨੂੰ ਵਿਚਾਰ ਅਧੀਨ ਲੈ ਆਂਦਾ ਸੀ। ਇਸ ਬਾਰੇ ਦੋਵਾਂ ਪੱਖਾਂ ਤੋਂ ਇੱਕ ਦੂਸਰੇ ਵਿਰੁੱਧ ਦੋਸ਼ਾਂ ਦੀ ਝੜੀ ਲੱਗਦੀ ਰਹੀ ਤੇ ਅੰਤ ਨੂੰ ਇਸ ਹਫਤੇ ਤੇਈ ਫਰਵਰੀ ਦੇ ਦਿਨ ਸਰਬ ਉੱਚ ਅਦਾਲਤ ਨੇ ਇਸ ਬਾਰੇ ਉਹ ਫੈਸਲਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਸਾਡੇ ਓਦੋਂ ਕਹੇ ਵਿਚਾਰਾਂ ਦੀ ਪੁਸ਼ਟੀ ਹੋ ਗਈ ਹੈ। ਅਦਾਲਤ ਨੇ ਨਾ ਤਾਂ ਸਰਕਾਰ ਨੂੰ ਸੁੱਕਾ ਛੱਡਿਆ ਅਤੇ ਨਾ ਯੋਗੀ ਰਾਮਦੇਵ ਨੂੰ। ਦੋਵਾਂ ਧਿਰਾਂ ਲਈ ਜਿਹੜੇ ਲਫਜ਼ ਵਰਤੇ ਹਨ, ਉਹ ਫਿਟਕਾਰ ਪਾਉਣ ਵਰਗੇ ਹਨ। ਨਾਲ ਦੀ ਨਾਲ ਉਸ ਹੰਗਾਮੇ ਦਾ ਸ਼ਿਕਾਰ ਹੋ ਕੇ ਮਰਨ ਵਾਲੀ ਰਾਜ ਬਾਲਾ ਤੇ ਜ਼ਖਮੀ ਹੋਣ ਵਾਲਿਆਂ ਲਈ ਮੁਆਵਜ਼ੇ ਦੀ ਰਕਮ ਤੈਅ ਕਰਦੇ ਹੋਏ ਇਹ ਕਹਿ ਦਿੱਤਾ ਕਿ ਇਸ ਵਿੱਚ ਵੀ ਸਰਕਾਰ ਅਤੇ ਯੋਗੀ ਬਾਬੇ ਦਾ ਟਰੱਸਟ ਦੋਵੇਂ ਹਿੱਸਾ ਪਾਉਣਗੇ। ਕਮਾਲ ਦੀ ਗੱਲ ਇਹ ਕਿ ਬਾਬਾ ਤੇ ਉਸ ਦਾ ਵਕੀਲ ਅਜੇ ਵੀ ਕਹਿ ਰਹੇ ਹਨ ਕਿ ਉਨ੍ਹਾਂ ਦਾ ਪੱਖ ਠੀਕ ਨਿਕਲਿਆ ਹੈ ਤੇ ਸਰਕਾਰ ਦੀ ਪੁਜ਼ੀਸ਼ਨ ਖਰਾਬ ਹੋਈ ਹੈ, ਜਦ ਕਿ ਸਰਕਾਰ ਦੇ ਬੁਲਾਰੇ ਨੇ ਆਪਣੇ ਢੰਗ ਨਾਲ ਇਸ ਨੂੰ ਪੇਸ਼ ਕਰਨ ਦੀ ਉਹ ਹਾਸੋਹੀਣੀ ਕੋਸ਼ਿਸ਼ ਕੀਤੀ ਹੈ, ਜਿਹੜੀ ਉਸ ਦਾ ਹੋਰ ਵੀ ਜਲੂਸ ਕੱਢਣ ਵਾਲੀ ਹੈ।
ਇਹ ਸਾਰਾ ਸਾਂਗ ਰਚਣ ਦੀ ਯੋਗੀ ਬਾਬਾ ਨੂੰ ਲੋੜ ਕੀ ਸੀ, ਇਹ ਉਸ ਨੇ ਅਜੇ ਵੀ ਸਾਫ ਨਹੀਂ ਕੀਤਾ। ਮੋਰਚਾ ਤਾਂ ਕੇਂਦਰ ਸਰਕਾਰ ਦੇ ਖਿਲਾਫ ਸਮਾਜ-ਸੇਵੀ ਬਾਬਾ ਅੰਨਾ ਹਜ਼ਾਰੇ ਨੇ ਲਾਇਆ ਹੀ ਸੀ, ਜਿਸ ਪਿੱਛੇ ਲੋਕਾਂ ਦੀ ਲਹਿਰ ਉੱਠਦੀ ਵੇਖ ਕੇ ਕੇਂਦਰ ਸਰਕਾਰ ਸੋਚਾਂ ਵਿੱਚ ਡੁੱਬ ਗਈ ਸੀ। ਜਦੋਂ ਉਸ ਮੋਰਚੇ ਦੀ ਪੂਰੀ ਚੜ੍ਹਤ ਸੀ ਤੇ ਸਰਕਾਰ ਨੇ ਉਸ ਦੇ ਦਬਾਅ ਹੇਠ ਸਾਂਝੀ ਲੋਕ-ਪਾਲ ਖਰੜਾ ਕਮੇਟੀ ਬਣਾਉਣ ਦੀ ਮੰਗ ਮੰਨੀ ਸੀ, ਉਸ ਤੋਂ ਦੂਜੇ ਦਿਨ ਰਾਮਦੇਵ ਨੇ ਪਹਿਲਾਂ ਉਸ ਕਮੇਟੀ ਬਾਰੇ ਕਿੰਤੂ ਕੀਤਾ ਤੇ ਫਿਰ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੇ ਮੋਰਚੇ ਦੇ ਬਰਾਬਰ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆਉਣ ਦਾ ਆਪਣਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਆਮ ਲੋਕਾਂ ਦੀ ਰਾਏ ਇਹ ਸੀ ਕਿ ਇਹ ਮੋਰਚਾ ਰਾਮਦੇਵ ਨਹੀਂ ਲਾ ਰਿਹਾ, ਕੇਂਦਰ ਸਰਕਾਰ ਵਿਚਲੇ ਕੁਝ ਲੋਕ ਅੰਨਾ ਦੇ ਮੋਰਚੇ ਨੂੰ ਫੇਲ੍ਹ ਕਰਨ ਦੀ ਨੀਤੀ ਅਧੀਨ ਆਪ ਲਵਾ ਰਹੇ ਹਨ। ਪੰਜ ਮੰਤਰੀਆਂ ਦਾ ਯੋਗੀ ਰਾਮਦੇਵ ਨੂੰ ਹਵਾਈ ਅੱਡੇ ਉੱਤੇ ਜਾ ਕੇ ਮਿਲਣਾ ਇਸ ਸ਼ੱਕ ਨੂੰ ਹੋਰ ਪੱਕਾ ਕਰਦਾ ਸੀ, ਜਿਹੜਾ ਧਰਨਾ ਮੁਕਾਉਣ ਦੀ ਘੜੀ ਦੁਵੱਲੀ ਅੜੀ ਹੋ ਜਾਣ ਉੱਤੇ ਇੱਕ ਕੇਂਦਰੀ ਵਜ਼ੀਰ ਨੇ ਆਪ ਬੇਪਰਦ ਕਰ ਦਿੱਤਾ। ਜਦੋਂ ਮੰਤਰੀ ਕਪਿਲ ਸਿੱਬਲ ਨੇ ਇੱਕ ਕਾਗਜ਼ ਪੇਸ਼ ਕੀਤਾ ਕਿ ਰਾਮਦੇਵ ਨੇ ਅਗਾਊਂ ਲਿਖ ਕੇ ਦਿੱਤਾ ਸੀ ਕਿ ਫਲਾਣੇ ਵਕਤ ਧਰਨਾ ਚੁੱਕ ਲਵਾਂਗਾ, ਪਰ ਹੁਣ ਮੁੱਕਰ ਗਿਆ ਹੈ, ਇਸ ਨਾਲ ਉਸ ਨੇ ਰਾਮਦੇਵ ਵੱਲੋਂ ਖੇਡੀ ਜਾ ਰਹੀ ਨੌਟੰਕੀ ਹੀ ਜ਼ਾਹਰ ਨਹੀਂ ਸੀ ਕੀਤੀ, ਇਹ ਵੀ ਦੱਸ ਦਿੱਤਾ ਸੀ ਕਿ ਸਰਕਾਰ ਦੇ ਮੰਤਰੀ ਆਹ ਖੇਡਾਂ ਖੇਡ ਰਹੇ ਹਨ। ਇੱਕ ਧਿਰ ਦਾ ਨਹੀਂ, ਨੱਕ ਦੋਵਾਂ ਧਿਰਾਂ ਦਾ ਵੱਢਿਆ ਗਿਆ ਸੀ। ਸਰਕਾਰ ਤਾਂ ਸਿਆਸੀ ਲੋਕਾਂ ਦੀ ਸੀ, ਯੋਗੀ ਹੋ ਕੇ ਰਾਮਦੇਵ ਨੇ ਇਹ ਮੀਸਣੀ ਖੇਡ ਕਿਉਂ ਖੇਡੀ, ਇਸ ਦਾ ਜਵਾਬ ਉਹ ਅੱਜ ਤੱਕ ਨਹੀਂ ਦੇ ਸਕਿਆ।
ਜਵਾਬ ਤਾਂ ਰਾਮਦੇਵ ਨੂੰ ਕਈ ਹੋਰ ਸਵਾਲਾਂ ਦਾ ਵੀ ਦੇਣਾ ਬਣਦਾ ਹੈ, ਪਰ ਉਹ ਦੇਂਦਾ ਨਹੀਂ। ਮਿਸਾਲ ਵਜੋਂ ਜਿਸ ਪ੍ਰੰਪਰਾ ਦਾ ਉਹ ਆਪਣੇ ਆਪ ਨੂੰ ਯੋਗੀ ਅਤੇ ਸਵਾਮੀ ਆਖਦਾ ਹੈ, ਉਸ ਪ੍ਰੰਪਰਾ ਦੇ ਸੰਤ ਉਸ ਦੇ ਸਵਾਮੀ ਹੋਣ ਬਾਰੇ ਕਈ ਕਿੰਤੂ ਕਰਦੇ ਹਨ। ਪਹਿਲਾ ਕਿੰਤੂ ਤਾਂ ਇਹ ਹੈ ਕਿ ਉਹ ਸਾਧੂ ਹੋ ਕੇ ਕਾਰਖਾਨੇ ਚਲਾਉਂਦਾ ਤੇ ਉਨ੍ਹਾਂ ਤੋਂ ਬਣੀ ਦਵਾਈ ਦਾ ਵਪਾਰ ਕਰਦਾ ਹੈ, ਜਿਸ ਨਾਲ ਉਹ ਸਾਧੂ ਨਾ ਰਹਿ ਕੇ ਵਪਾਰੀ ਬੰਦਾ ਬਣ ਜਾਂਦਾ ਹੈ। ਦੂਸਰਾ ਕਿੰਤੂ ਇਹ ਹੈ ਕਿ ਉਹ ਜੋ ਕੁਝ ਯੋਗ ਦੇ ਨਾਂਅ ਉੱਤੇ ਪ੍ਰਚਾਰਦਾ ਹੈ, ਉਹ ਭਾਰਤ ਦੀ ਪੁਰਾਤਨ ਯੋਗ ਪ੍ਰੰਪਰਾ ਨਾਲ ਮੇਲ ਨਹੀਂ ਖਾਂਦਾ। ਪੁਰਾਤਨ ਯੋਗੀ ਸੁੰਨ ਸਮਾਧੀ ਲਾ ਕੇ ਬੈਠਦੇ ਹੁੰਦੇ ਸਨ ਤੇ ਇਹ ਸਰੀਰਕ ਕਸਰਤ ਵਾਲੀਆਂ ਬੈਠਕਾਂ ਅਤੇ ਛੜੱਪਿਆਂ ਨੂੰ ਯੋਗ ਕਹੀ ਜਾਂਦਾ ਹੈ। ਤੀਸਰਾ ਕਿੰਤੂ ਇਹ ਹੈ ਕਿ ਜਿਸ ਆਸ਼ਰਮ ਤੋਂ ਇਹ ਆਪਣਾ ਯੋਗ ਦਾ ਕਾਰੋਬਾਰ ਚਲਾਉਂਦਾ ਹੈ, ਉਸ ਦਾ ਰਾਮਦੇਵ ਤੋਂ ਪਹਿਲਾਂ ਵਾਲਾ ਮੁਖੀ ਉਸ ਦੇ ਆਉਣ ਤੋਂ ਪਿੱਛੋਂ ਲੱਭ ਨਹੀਂ ਰਿਹਾ ਅਤੇ ਕਈ ਲੋਕ ਕਹਿੰਦੇ ਹਨ ਕਿ ਉਹ ਗਾਇਬ ਹੋਇਆ ਨਹੀਂ, ਕਰ ਦਿੱਤਾ ਗਿਆ ਹੈ। ਉਸ ਸਾਧੂ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਹੈ, ਪਰ ਅੱਗੇ ਦੀ ਜਾਂਚ ਕਦੇ ਕਿਸੇ ਨੇ ਨਹੀਂ ਕੀਤੀ। ਚੌਥਾ ਕਿੰਤੂ ਇਹ ਹੈ ਕਿ ਜਿਸ ਆਸ਼ਰਮ ਵਿੱਚ ਯੋਗੀ ਰਾਮਦੇਵ ਦਾ ਹੈਡ ਕਵਾਰਟਰ ਹੈ, ਉਸ ਦੀ ਕੀਮਤ ਕਈ ਸੌ ਕਰੋੜ ਰੁਪਏ ਦੀ ਹੈ ਤੇ ਮਾਲਕ ਦੇ ਤੌਰ ਉੱਤੇ ਉਸ ਬੰਦੇ ਦਾ ਨਾਂਅ ਲਿਖਿਆ ਹੈ, ਜਿਹੜਾ ਯੋਗੀ ਦੇ ਦਫਤਰ ਵਿੱਚ ਹੀ ਇੱਕ ਏਨਾ ਮਾਮੂਲੀ ਕਾਰਿੰਦਾ ਹੈ ਤੇ ਉਸ ਦੀ ਤਨਖਾਹ ਮਸਾਂ ਦਸ ਕੁ ਹਜ਼ਾਰ ਰੁਪਏ ਹੈ। ਏਨੀ ਮਾਮੂਲੀ ਤਨਖਾਹ ਵਾਲਾ ਆਦਮੀ ਕਰੋੜਾਂ ਰੁਪਏ ਦੀ ਜਾਇਦਾਦ ਖਰੀਦਣ ਜੋਗਾ ਕਿਵੇਂ ਬਣ ਗਿਆ, ਇਸ ਨੂੰ ਯੋਗਾ ਦੀਆਂ ਐਕਸਰਸਾਈਜ਼ਾਂ ਦਾ ਕ੍ਰਿਸ਼ਮਾ ਤਾਂ ਮੰਨਿਆ ਨਹੀਂ ਜਾ ਸਕਦਾ। ਇਸ ਯੋਗੀ ਬਾਬੇ ਦਾ ਚੇਲਾ ਨੰਬਰ ਵੰਨ ਬਾਲ ਕ੍ਰਿਸ਼ਨ ਆਪਣੇ ਪਾਸਪੋਰਟ ਵਿੱਚ ਜਨਮ ਸਥਾਨ ਬਾਰੇ ਝੂਠ ਲਿਖਣ ਦੀ ਪੜਤਾਲ ਨੂੰ ਭੁਗਤ ਰਿਹਾ ਹੈ, ਬਾਬਾ ਆਪ ਬਰਤਾਨੀਆ ਵਿੱਚ ਕਰੋੜਾਂ ਰੁਪਏ ਦੇ ਉਸ ਟਾਪੂ ਦੇ ਮਾਮਲੇ ਵਿੱਚ ਜਾਂਚ ਦੇ ਅਧੀਨ ਹੈ, ਜਿਸ ਬਾਰੇ ਉਹ ਕਹਿੰਦਾ ਹੈ ਕਿ ਇੱਕ ਸ਼ਰਧਾਲੂ ਨੇ ਦਾਨ ਕੀਤਾ ਸੀ। ਪੰਜਵਾਂ ਕਿੰਤੂ ਸਾਧੂ-ਸੰਤਾਂ ਦੀ ਪ੍ਰੰਪਰਾ ਇਹ ਉਠਾ ਰਹੀ ਹੈ ਕਿ ਯੋਗੀ ਦਾ ਕੰਮ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਣਾ ਅਤੇ ਮੁਫਤ ਸੇਵਾ ਕਰਨਾ ਹੁੰਦਾ ਹੈ, ਪਰ ਰਾਮਦੇਵ ਦੇ ਕੈਂਪਾਂ ਵਿੱਚ ਸਿਰਫ ਫੀਸ ਭਰਨ ਵਾਲੇ ਜਾ ਸਕਦੇ ਹਨ ਤੇ ਓਥੇ ਵੀ ਵੱਧ ਫੀਸ ਦੇਣ ਵਾਲਾ ਨੇੜੇ ਤੇ ਘੱਟ ਦੇ ਸਕਣ ਵਾਲਾ ਦੂਰ ਬਿਠਾਇਆ ਜਾਂਦਾ ਹੈ। ਇਨ੍ਹਾਂ ਕਿੰਤੂਆਂ ਦਾ ਜਵਾਬ ਬਾਬਾ ਰਾਮਦੇਵ ਕਦੇ ਨਹੀਂ ਦੇਂਦਾ, ਨਾ ਦੇਵੇਗਾ।
ਹੁਣ ਬਾਬਾ ਰਾਮਦੇਵ ਦੇ ਡੇਰੇ ਬਾਰੇ ਇੱਕ ਨਵੀਂ ਗੱਲ ਸਾਹਮਣੇ ਆ ਗਈ ਹੈ ਤੇ ਉਸ ਦਾ ਸੰਬੰਧ ਬਿਜਲੀ ਦੀ ਚੋਰੀ ਨਾਲ ਹੈ। ਜਿੱਥੇ ਕਿਤੇ ਬਿਜਲੀ ਦੀ ਜ਼ਿਆਦਾ ਖਪਤ ਹੋਵੇ, ਓਥੇ ਚੋਰੀ ਦੀ ਸੰਭਾਵਨਾ ਰੋਕਣ ਲਈ ਦੋਹਰਾ ਮੀਟਰ ਲਾ ਦੇਣ ਦਾ ਪ੍ਰਬੰਧ ਹੁੰਦਾ ਹੈ, ਜਿਸ ਵਿੱਚੋਂ ਇੱਕ ਮੀਟਰ ਉਸ ਅਦਾਰੇ ਵਿੱਚ ਅਤੇ ਦੂਸਰਾ ਬਿਜਲੀ ਕਾਰਪੋਰੇਸ਼ਨ ਆਪਣੇ ਸਪਲਾਈ ਕੇਂਦਰ ਵਿੱਚ ਲਾਉਂਦੀ ਹੈ। ਰਾਮਦੇਵ ਦਾ ਅਦਾਰਾ ਵੀ ਦੋ ਮੀਟਰਾਂ ਵਾਲੀ ਸਕੀਮ ਵਿੱਚ ਸੀ। ਉਸ ਦੇ ਪਤੰਜਲੀ ਪੀਠ ਵਿੱਚ ਬਿਜਲੀ ਦੇ ਇੱਕ ਖਾਤੇ ਦੀ ਸਪਲਾਈ ਦਾ ਕਾਰਪੋਰੇਸ਼ਨ ਦੇ ਦਫਤਰ ਵਿੱਚ ਲੱਗੇ ਮੀਟਰ ਨਾਲ ਏਨਾ ਫਰਕ ਸੀ ਕਿ ਸਰਕਾਰੀ ਮੀਟਰ ਦੇ ਕੰਪਿਊਟਰ ਨੇ ਰੀਡਿੰਗ ਦਰਜ ਕਰਨ ਵੇਲੇ ਫਸ ਗਿਆ। ਪਤੰਜਲੀ ਪੀਠ ਨੇ ਮੀਟਰ ਦੇ ਨੁਕਸ ਦੀ ਸ਼ਿਕਾਇਤ ਕੀਤੀ ਤਾਂ ਨਵਾਂ ਮੀਟਰ ਲਾ ਦਿੱਤਾ, ਪਰ ਨਵੇਂ ਮੀਟਰ ਦੀ ਔਸਤ ਕੱਢ ਕੇ ਲਾਈ ਹੋਈ ਬਿਜਲੀ ਦੀ ਖਪਤ ਨੂੰ ਅਦਾਰੇ ਨੇ ਮੰਨਣ ਤੋਂ ਨਾਂਹ ਕਰ ਦਿੱਤੀ। ਹੁਣ ਪਤੰਜਲੀ ਪੀਠ ਦੇ ਸਿਰ ਬਿਜਲੀ ਦੇ ਪੰਝੱਤਰ ਲੱਖ ਰੁਪਏ ਦੇ ਬਕਾਏ ਖੜੇ ਹੋਣ ਦੀ ਗੱਲ ਉੱਤਰਾ ਖੰਡ ਦੀ ਉਹ ਸਰਕਾਰ ਕਹਿ ਰਹੀ ਹੈ, ਜਿਸ ਦੀ ਕਮਾਨ ਬਾਬਾ ਰਾਮਦੇਵ ਨਾਲ ਹੇਜ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਭੁਵਨ ਚੰਦਰ ਖੰਡੂਰੀ ਦੇ ਹੱਥ ਹੈ।
ਸਾਡੀ ਓਦੋਂ ਵੀ ਇਹ ਸਮਝ ਸੀ ਕਿ ਇਹ ਬਾਬਾ ਨਾ ਤਾਂ ਸਹੀ ਸ਼ਬਦਾਂ ਵਿੱਚ ਯੋਗੀ ਹੈ ਤੇ ਨਾ ਹੀ ਸਵਾਮੀ ਹੈ, ਸਗੋਂ ਸਿਆਸੀ ਚੌਧਰ ਦੀ ਭੁੱਖ ਨਾਲ ਸਤਾਈ ਹੋਈ ਇੱਕ ਭਟਕਦੀ ਆਤਮਾ ਹੈ, ਪਰ ਸਵਾਲ ਤਾਂ ਇਹ ਹੈ ਕਿ ਉਸ ਦੀ ਉਠਾਣ ਲਈ ਜ਼ਿਮੇਵਾਰ ਸਿਆਸੀ ਆਗੂ ਵੀ ਕਿਹੜੇ ਕਿਰਦਾਰ ਦੇ ਮਾਲਕ ਹਨ? ਜਦੋਂ ਹਾਲੇ ਬਾਬਾ ਰਾਮਦੇਵ ਆਪਣੇ ਰਾਜਸੀ ਛੜੱਪਿਆਂ ਦੇ ਮੁੱਢਲੇ ਪੜਾਅ ਉੱਤੇ ਸੀ, ਓਦੋਂ ਉਸ ਦੇ ਖਿਲਾਫ ਇਹ ਸ਼ਿਕਾਇਤ ਉਸ ਦੇ ਸਾਥੀ ਸੰਤਾਂ ਨੇ ਕੀਤੀ ਸੀ ਕਿ ਸ਼ਮਸਾਨ ਭੂਮੀ ਵਿੱਚੋਂ ਬਲਦੇ ਸਿਵੇ ਵਿੱਚੋਂ ਮਨੁੱਖੀ ਖੋਪਰੀਆਂ ਦੀ ਮਿੱਝ ਕੱਢਵਾ ਕੇ ਦਵਾਈਆਂ ਵਿੱਚ ਪਾ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਸੀ। ਸਾਰੇ ਦੇਸ਼ ਦੇ ਹਰ ਰੰਗ ਦੇ ਸਰਮਾਏਦਾਰੀ ਦੇ ਸਿਆਸੀ ਆਗੂ ਓਦੋਂ ਬਾਬੇ ਦੀ ਪਿੱਠ ਉੱਤੇ ਆ ਗਏ ਕਿ ਦੋਸ਼ ਗਲਤ ਹਨ। ਜਦੋਂ ਉਸ ਨੇ ਦਿੱਲੀ ਦੇ ਰਾਮ ਲੀਲਾ ਮੈਦਾਨ ਵਾਲੀ ਰਾਸ ਲੀਲਾ ਕਰ ਵਿਖਾਈ ਤਾਂ ਉਨ੍ਹਾਂ ਵਿੱਚੋਂ ਕੋਈ ਇਹ ਆਖੇ ਕਿ ਦੋਸ਼ ਤਾਂ ਓਦੋਂ ਵਾਲੇ ਵੀ ਠੀਕ ਸਨ, ਪਰ ਅਸੀਂ ਸਮਝਿਆ ਕਿ ਕੰਮ ਉਹ ਭਲੇ ਦਾ ਹੀ ਕਰਦਾ ਹੈ। ਲਾਲੂ ਪ੍ਰਸਾਦ ਯਾਦਵ ਵਰਗੇ ਇਹ ਵੀ ਕਹਿਣ ਲੱਗ ਪਏ ਕਿ ਬੰਦਾ ਤਾਂ ਗਲਤ ਸੀ, ਪਰ ਸਾਡੀ ਯਾਦਵ ਕੁੱਲ ਦਾ ਸੀ, ਇਸ ਕਰ ਕੇ ਅਸੀਂ ਸੋਚਿਆ ਕਿ ਯਾਦਵ ਹੋਣ ਕਰ ਕੇ ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਕਾਂਗਰਸ ਦੇ ਜਿਸ ਕੇਂਦਰੀ ਮੰਤਰੀ ਨੂੰ ਉਸ ਦੇ ਅਦਾਰਿਆਂ ਦੇ ਉਦਘਾਟਨ ਮੌਕੇ ਆਮ ਹੀ ਵੇਖਿਆ ਜਾਂਦਾ ਸੀ, ਉਸ ਨੇ ਇਹ ਕਹਿ ਦਿੱਤਾ ਕਿ ਉਹ ਉਸ ਦੀ ਨਿੱਜੀ ਸ਼ਰਧਾ ਸੀ ਤੇ ਹੁਣ ਉਸ ਨੇ ਬਾਬਾ ਰਾਮਦੇਵ ਬਾਰੇ ਕੁਝ ਵੀ ਨਹੀਂ ਕਹਿਣਾ। ਜੇ ਰਾਮਦੇਵ ਗਲਤ ਨਿਕਲਿਆ ਹੈ ਤਾਂ ਹੁਣ ਉਸ ਬਾਰੇ ਕੁਝ ਕਿਉਂ ਨਹੀਂ ਕਹਿਣਾ, ਇਸ ਪਿੱਛੇ ਰਾਜ਼ ਇਹ ਹੈ ਕਿ ਅੱਜ ਬਾਬਾ ਭਾਜਪਾ ਦੇ ਨਾਲ ਜੁੜਿਆ ਹੋਇਆ ਹੈ, ਕੱਲ੍ਹ ਨੂੰ ਕਾਂਗਰਸ ਨਾਲ ਵੀ ਕੁੰਡੀ ਪਾ ਸਕਦਾ ਹੈ, ਉਹ ਸੰਭਾਵਨਾ ਕਾਇਮ ਰੱਖਣੀ ਹੈ। ਜਦੋਂ ਇਹੋ ਜਿਹੀਆਂ ਖੇਡਾਂ ਖੇਡਣੀਆਂ ਹਨ ਤਾਂ ਸਿਰਫ ਬਾਬਾ ਕਿਉਂ, ਦੋਸ਼ੀ ਤਾਂ ਬਾਬੇ ਤੋਂ ਬਾਬਾਗਿਰੀ ਦੇ ਪਰਦੇ ਓਹਲੇ ਰਾਜਨੀਤੀ ਕਰਵਾਉਣ ਦੀ ਚਾਹਤ ਰੱਖਣ ਕਰ ਕੇ ਕਾਂਗਰਸ ਅਤੇ ਭਾਜਪਾ ਵਾਲੇ ਵੀ ਬਰਾਬਰ ਦੇ ਹਨ।
ਇਸ ਮਾਮਲੇ ਵਿੱਚ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਤੇ ਉਹ ਇਹ ਕਿ ਬਾਹਰ ਬਾਬਾ ਮਨੁੱਖਤਾ ਦਾ ਝੰਡਾ ਚੁੱਕਣ ਵਿੱਚ ਹੋਰ ਕਿਸੇ ਨੂੰ ਆਪਣਾ ਸਾਨੀ ਨਹੀਂ ਮੰਨਦਾ, ਪਰ ਮੋਟੀ ਕਮਾਈ ਕਰਨ ਵਾਲੇ ਆਪਣੇ ਦਵਾਈਆਂ ਬਣਾਉਣ ਦੇ ਅਦਾਰੇ ਵਿੱਚ ਮਜ਼ਦੂਰਾਂ ਨੂੰ ਘੱਟੋ-ਘੱਟ ਤਨਖਾਹ ਦੇਣ ਨੂੰ ਵੀ ਤਿਆਰ ਨਹੀਂ। ਪਿਛਲੇ ਕਈ ਸਾਲਾਂ ਤੋਂ ਓਥੇ ਮਜ਼ਦਰਾਂ ਦੀ ਇੱਕ ਯੂਨੀਅਨ ਜਨਤਕ ਪੱਧਰ ਉੱਤੇ ਵੀ ਤੇ ਅਦਾਲਤ ਵਿੱਚ ਵੀ ਆਪਣੇ ਮੁੜ੍ਹਕੇ ਦੀ ਕਮਾਈ ਬਚਾਉਣ ਦੀ ਲੜਾਈ ਲੜ ਰਹੀ ਹੈ, ਉਨ੍ਹਾਂ ਮਜ਼ਦੂਰਾਂ ਵਿੱਚ ਵੀ ਕਈ ਲੋਕ ਯਾਦਵ ਹੋ ਸਕਦੇ ਹਨ, ਪਰ ਉਨ੍ਹਾਂ ਦੀ ਚਿੰਤਾ ਨਾ ਕਦੀ ਕਿਸੇ ਲਾਲੂ ਪ੍ਰਸਾਦ ਨੇ ਕੀਤੀ ਹੈ ਤੇ ਨਾ ਕਦੀ ਭਾਜਪਾ ਜਾਂ ਕਾਂਗਰਸ ਵਾਲਿਆਂ ਨੇ।
ਜਦੋਂ ਇਹ ਬਾਬਾ ਅਜੇ ਉੱਭਰ ਰਿਹਾ ਸੀ, ਓਦੋਂ ਖੱਬੇ ਪੱਖ ਦੇ ਇੱਕ ਲੇਖਕ ਨੇ ਲਿਖਿਆ ਸੀ ਕਿ ਜਦੋਂ ਪੁਰਾਣੇ ਸਾਧ ਅਸਰਦਾਰ ਨਾ ਰਹਿਣ, ਓਦੋਂ ਸਰਮਾਏਦਾਰੀ ਆਪ ਹੀ ਇਹੋ ਜਿਹਾ ਕੋਈ ਨਾ ਕੋਈ ਸਾਧ ਉਭਾਰਦੀ ਹੁੰਦੀ ਹੈ। ਜੇ ਉਹ ਨਾਲ ਮਿਲ ਕੇ ਚੱਲ ਸਕਿਆ ਤਾਂ ਵਾਹ ਭਲੀ, ਪਰ ਜੇ ਖਰਾਬ ਕਰੇਗਾ ਜਾਂ ਕਿਸੇ ਝਮੇਲੇ ਵਿੱਚ ਫਸ ਕੇ ਰਹਿ ਜਾਵੇਗਾ ਤਾਂ ਇਸ ਦੀ ਥਾਂ ਕੱਲ੍ਹ ਨੂੰ ਕੋਈ ਹੋਰ ਵੀ ਇੱਕ ਦਮ ਸ਼ਿੰਗਾਰ ਕੇ ਲਿਆਂਦਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨਾਲ ਕਿਉਂਕਿ ਬਾਬਾ ਰਾਮਦੇਵ ਦੇ ਖਿਲਾਫ ਵੀ ਦਿੱਲੀ ਪੁਲਸ ਜਿੰਨੀ ਹੀ ਜ਼ਿੰਮੇਵਾਰੀ ਪਾ ਕੇ ਕੇਸ ਦਰਜ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ, ਇਸ ਲਈ ਸ਼ਾਇਦ ਉਹ ਵੇਲਾ ਵੀ ਹੁਣ ਆ ਗਿਆ ਹੈ, ਜਦੋਂ ਸਰਮਾਏਦਾਰੀ ਨੂੰ ਰਾਮਦੇਵ ਦੀ ਥਾਂ ਉਹਦੇ ਵਰਗਾ ਇੱਕ ਹੋਰ ਬਾਬਾ ਲੱਭਣਾ, ਸ਼ਿੰਗਾਰਨਾ ਤੇ ਟਰਾਈ ਕਰਨਾ ਪੈ ਸਕਦਾ ਹੈ।

No comments:

Post a Comment