ਦ੍ਰਿਸ਼ਟੀਕੋਣ (61)-ਜਤਿੰਦਰ ਪਨੂੰ

ਪੰਜਾਬ, ਤੂੰ ਉੱਠ, ਅਗਲੀ ਪੀੜ੍ਹੀ ਨੂੰ ਸੌਂਪਣ ਵਾਲੀ ਵਿਰਾਸਤ ਦੀ ਪੱਗ ਨੂੰ ਬਚਾਉਣ ਲਈ ਉੱਠ
ਪੰਜਾਬ! ਤੂੰ ਓਦੋਂ ਤੋਂ ਅਣਖ ਦਾ ਪ੍ਰਤੀਕ ਰਿਹਾ ਹੈਂ, ਜਦੋਂ ਹਾਲੇ ਤੇਰਾ ਨਾਂਅ ਪੰਜਾਬ ਵੀ ਨਹੀਂ ਸੀ ਪਿਆ। ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਸਭ ਤੋਂ ਪੁਰਾਣੀਆਂ ਵਿੱਚੋਂ ਇੱਕ ਹੋਣ ਕਰ ਕੇ ਜਾਣੀ ਜਾਂਦੀ ਹੈ, ਤੂੰ ਉਸ ਸੱਭਿਅਤਾ ਸਮੇਂ ਦੇ 'ਸਪਤ ਸਿੰਧੂ' ਦਾ ਹਿੱਸਾ ਹੁੰਦਾ ਸੀ। ਜਦੋਂ ਤੱਕ ਫਾਰਸੀ ਬੋਲੀ ਬੋਲਣ ਤੇ ਪਾਣੀ ਨੂੰ 'ਆਬ' ਕਹਿਣ ਵਾਲੇ ਲੋਕ ਏਥੇ ਨਾ ਆ ਗਏ, ਉਸ ਤੋਂ ਪਹਿਲਾਂ ਤੱਕ ਤੇਰਾ ਨਾਂਅ 'ਪੰਜ-ਆਬ' ਪੈ ਹੀ ਨਹੀਂ ਸੀ ਸਕਦਾ, ਪਰ ਤੇਰੀ ਅਣਖ ਦੇ ਚਰਚੇ ਓਦੋਂ ਵੀ ਹੁੰਦੇ ਸਨ। ਇੱਕ ਵਾਰੀ ਸਾਰੇ ਸੰਸਾਰ ਦਾ ਸੁਲਤਾਨ ਬਣਨ ਦੇ ਸੁਫਨੇ ਲੈਣ ਵਾਲਾ 'ਸਿਕੰਦਰ ਮਹਾਨ' ਵਜੋਂ ਜਾਣਿਆ ਜਾਂਦਾ ਹਮਲਾਵਰ ਵੀ ਏਥੇ ਆਇਆ ਸੀ, ਪਰ ਬਿਆਸ ਦਰਿਆ ਨਹੀਂ ਸੀ ਟੱਪ ਸਕਿਆ। ਸਾਨੂੰ ਨਹੀਂ ਪਤਾ ਕਿ ਪੋਰਸ ਦੀ ਸੂਰਬੀਰਤਾ ਦੀ ਕਥਾ ਕਿਸ ਨੇ ਘੜ ਲਈ, ਅਸਲੀ ਕੁੱਟ ਉਸ ਨੂੰ ਜੰਡਿਆਲੇ ਗੁਰੂ ਦੇ ਨੇੜੇ-ਤੇੜੇ ਵੱਸਦੇ ਲੋਕਾਂ ਤੋਂ ਪਈ ਮੰਨੀ ਜਾ ਸਕਦੀ ਹੈ। ਜਿੱਥੇ ਵੀ ਪਈ ਹੋਵੇ, ਮੀਲ ਜਾਂ ਕੋਹ ਗਿਣਨ ਦੀ ਲੋੜ ਨਹੀਂ, ਗਰੂਰ ਉਸ ਦਾ ਪੰਜਾਬੀਆਂ ਦੀ ਇਸ ਕੁੱਟ ਨੇ ਹੀ ਤੋੜਿਆ ਸੀ। ਅੰਗਰੇਜ਼ ਵੀ ਆਏ ਸਨ ਤਾਂ ਸਭ ਤੋਂ ਵੱਧ ਪੰਜਾਬ ਦੇ ਲੋਕ ਹੀ ਉਨ੍ਹਾਂ ਅੱਗੇ ਅੜੇ ਸਨ ਤੇ ਜਦੋਂ ਮਜੀਠੀਏ ਸਰਦਾਰਾਂ ਨੇ ਬਾਰੂਦ ਦੀ ਥਾਂ ਸਰ੍ਹੋਂ ਦੀਆਂ ਬੋਰੀਆਂ ਭੇਜ ਦਿੱਤੀਆਂ ਸਨ, ਓਦੋਂ ਵੀ ਪੰਜਾਬੀਆਂ ਦੀ ਫੌਜ ਨੇ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਸਨ। ਫਿਰ ਜਦੋਂ ਸਾਰਾ ਦੇਸ਼ ਅੰਗਰੇਜ਼ਾਂ ਮੂਹਰੇ ਝੁਕ ਕੇ ਦੂਹਰਾ ਹੋਇਆ ਪਿਆ ਸੀ, ਓਦੋਂ ਵੀ ਸਭ ਤੋਂ ਵੱਧ ਲਹਿਰਾਂ ਏਥੋਂ ਚੱਲੀਆਂ ਸਨ ਤੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਲੜਾਈ ਪੰਜਾਬ ਦੇ ਲੋਕਾਂ ਨੇ ਹੀ ਜਾਰੀ ਰੱਖੀ ਸੀ।
ਪੰਜਾਬ! ਤੇਰੀ ਧਰਤੀ ਉੱਤੇ ਜਿੰਨੇ ਵੀ ਜਰਵਾਣੇ ਆਏ, ਤੇ ਜਿਨ੍ਹਾਂ ਨੇ ਤੇਰੀ ਅਣਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ, ਤੂੰ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਵਿਖਾ ਦਿੱਤੀ ਸੀ, ਪਰ ਜਦੋਂ ਤੇਰੀ ਇੱਜ਼ਤ ਨੂੰ ਤੇਰੀ ਕੁੱਖ ਤੋਂ ਜੰਮਿਆਂ ਨੇ ਆਪ ਹੀ ਰੋਲਣ ਦੀ ਕੋਸ਼ਿਸ਼ ਕੀਤੀ, ਤੂੰ ਓਦੋਂ ਨੀਵੀਂ ਪਾ ਕੇ ਬਹਿ ਜਾਂਦਾ ਰਿਹਾ। ਤੇਰੀ ਇਸ ਪਸਤ-ਹਿੰਮਤੀ ਨਾਲ ਤੇਰਾ ਜਿੰਨਾ ਨੁਕਸਾਨ ਹੋਇਆ, ਉਹ ਤੂੰ ਬਰਦਾਸ਼ਤ ਕਰ ਜਾਂਦਾ ਰਿਹਾ ਤੇ ਤੇਰੇ ਕਥਾਕਾਰ ਇਹੋ ਜਿਹੇ ਲੋਕਾਂ ਨੂੰ ਵੀ ਫਰਿਸ਼ਤੇ ਬਣਾਉਣ ਲੱਗ ਪੈਂਦੇ ਰਹੇ। ਜਿੰਨਾ ਨੁਕਸਾਨ ਤੇਰਾ ਉਨ੍ਹਾਂ ਕੁੱਖ ਤੋਂ ਜੰਮਿਆਂ ਨੇ ਅਣਖ ਦੇ ਪੱਖੋਂ ਕੀਤਾ, ਉਨ੍ਹਾਂ ਨੂੰ ਸ਼ਿੰਗਾਰ ਕੇ ਪੇਸ਼ ਕਰਨ ਵਾਲਿਆਂ ਨੇ ਵੀ ਉਸ ਤੋਂ ਘੱਟ ਨਹੀਂ ਕੀਤਾ। ਇਹ ਜ਼ਿਆਦਤੀ ਤੇਰੇ ਨਾਲ ਚਿਰਾਂ ਤੱਕ ਹੁੰਦੀ ਰਹੀ, ਅੱਜ ਵੀ ਹੋਈ ਜਾ ਰਹੀ ਹੈ।
ਇੱਕ ਰਣਜੀਤ ਸਿੰਘ ਪੈਦਾ ਹੋਇਆ ਸੀ ਪੰਜਾਬ ਦੀ ਧਰਤ ਉੱਤੇ, ਜਿਸ ਨੂੰ ਠੀਕ ਤੌਰ'ਤੇ 'ਮਹਾਂਬਲੀ ਰਣਜੀਤ' ਕਿਹਾ ਗਿਆ ਸੀ। ਜਦੋਂ ਉਹ ਰਾਜਾ ਬਣ ਗਿਆ ਤਾਂ 'ਮਹਾਂਬਲੀ' ਨਾ ਰਹਿ ਕੇ ਉਹ 'ਸ਼ੇਰੇ ਪੰਜਾਬ' ਬਣ ਗਿਆ। ਸ਼ੇਰ ਦੀ ਖਾਸੀਅਤ ਹੀ ਇਹ ਹੈ ਕਿ ਉਹ ਘਾਹ ਨਹੀਂ ਖਾਂਦਾ, ਆਪਣੀ ਪਰਜਾ ਵਿੱਚੋਂ ਸ਼ਿਕਾਰ ਚੁਣ ਕੇ ਆਪਣਾ ਪੇਟ ਭਰਦਾ ਹੈ ਤੇ ਜਦੋਂ ਹੋਰ ਕੋਈ ਕਾਬੂ ਨਾ ਆਵੇ, ਉਹ ਆਪਣੀ ਨਸਲ ਦੇ ਸ਼ੇਰਾਂ ਵਿੱਚੋਂ ਵੀ ਕਿਸੇ ਦੇ ਬੱਚੇ ਖਾ ਜਾਂਦਾ ਹੈ। ਰਣਜੀਤ ਸਿੰਘ ਨੇ ਆਪਣੇ ਭਾਈਚਾਰੇ ਦੇ ਰਾਜਿਆਂ ਨੂੰ ਭਾਈਬੰਦ ਵਜੋਂ ਪ੍ਰਵਾਨ ਨਹੀਂ ਸੀ ਕੀਤਾ, ਸ਼ਿਕਾਰ ਬਣਾ ਕੇ ਚੁਣ-ਚੁਣ ਕੇ ਸੋਧਾ ਲਾਉਣ ਤੇ ਆਪਣੇ ਰਾਜ ਵਿੱਚ ਮਿਲਾਉਣ ਲੱਗ ਪਿਆ ਸੀ। ਇਸ ਕੰਮ ਵਿੱਚ ਉਸ ਨੇ ਬਾਹੂ-ਬਲ ਦੀ ਵਰਤੋਂ ਵੀ ਕੀਤੀ ਤੇ ਉਨ੍ਹਾਂ ਚੁਸਤ-ਚਲਾਕੀਆਂ ਦੀ ਵੀ, ਜਿਨ੍ਹਾਂ ਨੂੰ ਮੀਸਣਾਪਣ ਕਿਹਾ ਜਾਂਦਾ ਹੈ। ਹੋਰ ਕਿਸੇ ਦਾ ਕੀ ਲਿਹਾਜ ਕਰਨਾ ਸੀ, ਉਸ ਨੇ ਸਕੀ ਸੱਸ ਉੱਤੇ ਵੀ ਰਹਿਮ ਨਹੀਂ ਸੀ ਕੀਤਾ। ਸਰਦਾਰਨੀ ਸਦਾ ਕੌਰ ਉਸ ਦੀ ਪਹਿਲੀ ਰਾਣੀ ਮਹਿਤਾਬ ਕੌਰ ਦੀ ਮਾਂ ਸੀ। ਆਪਣੇ ਜਵਾਈ ਰਣਜੀਤ ਸਿੰਘ ਨੂੰ ਰਾਜਾ ਬਣਦਾ ਵੇਖਣ ਲਈ ਉਹ ਲਾਹੌਰ ਦੀ ਜੰਗ ਵਿੱਚ ਖੁਦ ਵੀ ਘੋੜੇ ਉੱਤੇ ਚੜ੍ਹ ਕੇ ਲੜੀ ਸੀ। ਜਵਾਈ ਜਦੋਂ ਰਾਜਾ ਬਣਿਆ ਤਾਂ ਬਾਕੀ ਰਿਆਸਤਾਂ ਆਪਣੇ ਰਾਜ ਵਿੱਚ ਮਿਲਾਉਣ ਪਿੱਛੋਂ ਸੱਸ ਦੀ ਰਿਆਸਤ ਉੱਤੇ ਅੱਖ ਰੱਖ ਲਈ। ਕਨ੍ਹਈਆ ਮਿਸਲ ਦੀ ਸਰਦਾਰਨੀ ਨੇ ਆਪਣੇ ਮਰਹੂਮ ਪਤੀ ਦੀ ਵਿਰਾਸਤ ਜਵਾਈ ਨੂੰ ਦੇਣ ਤੋਂ ਨਾਂਹ ਕੀਤੀ ਤਾਂ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤੀ ਤੇ ਫਿਰ ਓਥੇ ਹੀ ਰੋਲ-ਰੋਲ ਕੇ ਮਾਰ ਦਿੱਤੀ ਸੀ।
ਪੰਜਾਬ! ਜਦੋਂ ਅੱਜ ਦੇ ਯੁੱਗ ਵਿੱਚ ਤੇਰੇ ਚੋਣ ਮੈਦਾਨ ਵਿੱਚ ਇੱਕ ਵਾਰੀ ਇੱਕ ਆਗੂ ਨੇ ਇਹ ਨਾਹਰਾ ਦਿੱਤਾ ਸੀ ਕਿ ਏਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਉਣਾ ਹੈ, ਤਾਂ ਆਹ ਸਤਰਾਂ ਲਿਖਣ ਵਾਲੇ ਤੇਰੇ ਪੁੱਤਰ ਨੇ ਲੋਕਾਂ ਨੂੰ ਕਿਹਾ ਸੀ ਕਿ ਹੁਣ ਤੁਹਾਡੇ ਮਾੜੇ ਦਿਨ ਆਉਣ ਵਾਲੇ ਲੱਗਦੇ ਹਨ। ਉਸ ਆਗੂ ਨੇ ਇਹ ਕਿਹਾ ਸੀ ਕਿ ਹਰ ਸਾਲ ਇੱਕ ਈਮਾਨਦਾਰੀ ਦੇ ਪੁਤਲੇ ਇਨਸਾਨ ਨੂੰ, ਖਾਸ ਕਰ ਕੇ ਲੋਕਾਂ ਦੀ ਸੇਵਾ ਵਿੱਚ ਲੱਗੇ ਕਿਸੇ ਸਾਊ ਅਫਸਰ ਨੂੰ, ਲੱਭ ਕੇ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਦਿੱਤਾ ਜਾਇਆ ਕਰੂਗਾ। ਪੰਜ ਸਾਲ ਉਸ ਨੇ ਇੱਕ ਵਾਰੀ ਰਾਜ ਕੀਤਾ, ਪੰਜ ਸਾਲ ਹੁਣ ਦੂਜੀ ਵਾਰੀ ਹੋ ਚੱਲੇ ਹਨ, ਇੱਕ ਵੀ ਇਨਸਾਨ ਨੂੰ ਇਹ ਐਵਾਰਡ ਨਹੀਂ ਦਿੱਤਾ ਗਿਆ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬੀਅਤ ਦੀ ਕੁੱਖ ਵਿੱਚੋਂ ਕੋਈ ਈਮਾਨਦਾਰ ਹੁਣ ਜੰਮਦਾ ਹੀ ਨਹੀਂ, ਸਗੋਂ ਸੱਚ ਇਹ ਹੈ ਕਿ ਜਿਹੜੇ ਈਮਾਨਦਾਰ ਹਨ, ਉਹ ਉਂਜ ਹੀ ਖੂੰਜੇ ਲਾ ਦਿੱਤੇ ਗਏ ਹਨ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਨੇਕ ਲੋਕਾਂ ਨੂੰ ਖੂੰਜੇ ਲਾ ਕੇ ਕਾਰੋਬਾਰ ਦੀ ਕਮਾਨ ਖਜ਼ਾਨੇ ਦੇ ਮੋਛੇ ਪਾ ਦੇਣ ਵਾਲੇ ਡੋਗਰਿਆਂ ਤੇ ਮਜੀਠੀਆਂ ਦੇ ਹੱਥ ਫੜਾ ਦਿੱਤੀ ਸੀ। ਨਤੀਜੇ ਵਜੋਂ ਜਿਹੜਾ ਪੰਜਾਬ ਸਿਕੰਦਰ ਵਰਗੇ ਜ਼ੋਰਾਵਰ ਦਾ ਬੁਥਾੜ ਭੰਨ ਦੇਣ ਲਈ ਜਾਣਿਆ ਜਾਂਦਾ ਸੀ, ਉਸ ਪੰਜਾਬ ਦੇ ਸਰਦਾਰਾਂ ਨੂੰ ਰਣਜੀਤ ਸਿੰਘ ਨੇ ਬੇਅਣਖੇ ਕਰ ਕੇ ਆਪਣੇ ਪੁੱਤਰਾਂ ਅਤੇ ਡੋਗਰਿਆਂ ਦੇ ਜੀ-ਹਜ਼ੂਰੀਏ ਬਣਾ ਦਿੱਤਾ ਸੀ। ਸਾਡੇ ਸਮਿਆਂ ਵਿੱਚ ਜਿਹੜਾ ਪੰਜਾਬ ਉਨ੍ਹਾਂ ਅੰਗਰੇਜ਼ਾਂ ਦੇ ਮੂਹਰੇ ਨਹੀਂ ਸੀ ਝੁਕਿਆ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਉਸ ਦੇ ਲੋਕਾਂ ਨੂੰ ਹੁਣ ਨਸ਼ਿਆਂ ਦੇ ਸੌਦਾਗਰਾਂ ਅੱਗੇ ਝੁਕਣ ਲਈ ਮਜਬੂਰ ਕੀਤਾ ਪਿਆ ਹੈ। ਇਸ ਅਧੋਗਤੀ ਵਿੱਚ ਯੋਗਦਾਨ ਭਾਵੇਂ ਉਨ੍ਹਾਂ ਦੂਸਰਿਆਂ ਦਾ ਵੀ ਹੈ, ਜਿਹੜੇ ਵਾਰੀ ਨਾਲ ਰਾਜ ਮਾਣਦੇ ਹਨ, ਪਰ ਲੰਘ ਗਏ ਸੱਪ ਦੀ ਲਕੀਰ ਕੋਈ ਨਹੀਂ ਪਿੱਟਦਾ ਹੁੰਦਾ, ਸਾਹਮਣੇ ਖੜੇ ਦੀ ਗੱਲ ਹੀ ਕਰਨੀ ਪੈਂਦੀ ਹੈ ਤੇ ਜਦੋਂ ਸਾਹਮਣੇ ਖੜਿਆਂ ਦੀ ਗੱਲ ਕਰੀਏ ਤਾਂ ਉਹ ਧਾੜ ਨਜ਼ਰ ਆਉਂਦੀ ਹੈ, ਜਿਹੜੀ ਕਿਸੇ ਦੀ ਪਾਣ-ਪੱਤ ਹੀ ਨਹੀਂ ਰਹਿਣ ਦੇਂਦੀ।
ਪੰਜਾਬ! ਅੱਜ ਤੇਰੇ ਲੋਕ ਬੁਰਛਾ-ਗਰਦੀ ਦੇ ਸ਼ਿਕਾਰ ਹਨ। ਤੇਰੀ ਧਰਤੀ ਉੱਤੇ ਰੰਘੜਊਪੁਣਾ ਭਾਰੂ ਹੋ ਰਿਹਾ ਹੈ। ਇਸ ਵਿੱਚ ਯੋਗਦਾਨ ਕਿਸ ਦਾ ਗਿਣੀਏ? ਬਿਨਾਂ ਸ਼ੱਕ ਉਨ੍ਹਾਂ ਦਾ, ਜਿਨ੍ਹਾਂ ਨੇ ਹਰਿਆਣੇ ਦੀ ਧਰਤੀ ਉੱਤੇ 'ਪਰਖਿਆ' ਫਾਰਮੂਲਾ ਪੰਜਾਬ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਹਰਿਆਣੇ ਵਿੱਚ ਇੱਕ ਵਾਰੀ ਇੱਕ ਮੁੱਖ ਮੰਤਰੀ ਦੇ ਪੁੱਤਰ ਨੇ ਇੱਕ ਪਿੰਡ ਦੇ ਲੋਕਾਂ ਸਾਹਮਣੇ ਇੱਕ ਸਰਕਾਰੀ ਅਧਿਕਾਰੀ ਨੂੰ ਗੈਰ-ਕਾਨੂੰਨੀ ਕੰਮ ਕਿਹਾ ਤਾਂ ਉਸ ਅਫਸਰ ਨੂੰ ਇਸ ਵਿੱਚ ਕਾਨੂੰਨੀ ਮਜਬੂਰੀ ਦੱਸਣੀ ਪਈ। ਮੁੱਖ ਮੰਤਰੀ ਦੇ ਪੁੱਤਰ ਨੇ ਅੱਗੋਂ ਕਿਹਾ ਸੀ ਕਿ ਕਾਨੂੰਨ ਦਾ ਮੈਨੂੰ ਪਤਾ ਨਹੀਂ, ਇਹ ਕੰਮ ਹੋਣਾ ਚਾਹੀਦਾ ਹੈ ਅਤੇ ਜੇ ਨਾ ਕੀਤਾ ਤਾਂ ਇਹ ਨਾ ਸਮਝੀਂ ਕਿ ਮੈਂ ਤੇਰੀ ਬਦਲੀ ਕਰਵਾ ਦੇਵਾਂਗਾ, ਏਥੇ ਪਿੰਡ ਵਿੱਚ ਤੈਨੂੰ ਲੋਕਾਂ ਦੇ ਵਿਚਾਲੇ ਖੜਾ ਕਰ ਕੇ ਜੁੱਤੀਆਂ ਮਾਰੂੰਗਾ। ਫਾਰਮੂਲਾ ਤਾਂ ਹਰਿਆਣੇ ਵਾਲਾ ਉਹ ਪੰਜਾਬ ਵਿੱਚ ਵਰਤਣ ਲੱਗ ਪਏ, ਪਰ ਉਸ ਦਾ ਨਤੀਜਾ ਨਾ ਸੋਚਿਆ। ਜਿੱਥੋਂ ਇਹ ਫਾਰਮੂਲਾ ਸ਼ੁਰੂ ਕੀਤਾ ਗਿਆ ਸੀ, ਓਥੇ ਉਸ ਤੋਂ ਬਾਅਦ ਇਹੋ ਜਿਹੇ ਫਾਰਮੂਲੇ ਵਰਤਣ ਵਾਲਿਆਂ ਦੇ ਪੈਰ ਨਹੀਂ ਲੱਗ ਸਕੇ ਤੇ ਕਈ ਸਾਲ ਪਿੱਛੋਂ ਸ਼ਾਇਦ ਓਦੋਂ ਹੀ ਲੱਗਣਗੇ, ਜਦੋਂ ਉਹ ਜੁੱਤੀਆਂ ਮਾਰਨ ਵਾਲੀ ਗੱਲ ਲੋਕਾਂ ਨੂੰ ਭੁੱਲ ਜਾਊਗੀ। ਪੰਜਾਬ ਵਿੱਚ ਜਿਨ੍ਹਾਂ ਨੇ ਇਹੋ ਜਿਹੇ ਫਾਰਮੂਲੇ ਵਰਤਣ ਵਾਲੀ ਧਾੜ ਭਰਤੀ ਕੀਤੀ ਸੀ, ਉਨ੍ਹਾਂ ਬਾਰੇ ਵੀ ਪੰਜਾਬ ਦੇ ਲੋਕ ਹੁਣ ਜ਼ਰੂਰ ਸੋਚਣਗੇ।
ਪੰਜਾਬ! ਤੇਰੀ ਧਰਤੀ ਦੇ ਲੋਕ ਇਹ ਮੁਹਾਵਰਾ ਬੋਲਦੇ ਹੁੰਦੇ ਹਨ; 'ਜਿਨ੍ਹਾਂ ਫੂਕੇ ਆਪਣੇ, ਦੇਣ ਫੂਕ ਪਰਾਏ।' ਏਥੇ ਇਹ ਫਾਰਮੂਲਾ ਵੀ ਲਾਗੂ ਕੀਤਾ ਜਾ ਰਿਹਾ ਹੈ। ਰਾਜ ਚਲਾਉਣ ਵਾਲਿਆਂ ਦੇ 'ਆਪਣੇ' ਵੀ ਕੁੱਟੇ ਗਏ ਨੇ। ਜਿਨ੍ਹਾਂ ਦੀ ਮਦਦ ਨਾਲ ਰਾਜ ਗੱਦੀ ਤੱਕ ਚੌਥੀ ਵਾਰੀ ਪਹੁੰਚ ਬਣਾਈ ਸੀ, ਉਨ੍ਹਾਂ ਭਾਈਬੰਦਾਂ ਦੇ ਇੱਕ ਵਿਧਾਇਕ ਨੂੰ ਤਰਨ ਤਾਰਨ ਦੇ ਕੋਲ ਕੁੱਟ ਕੇ ਭਜਾਉਣ ਵੇਲੇ ਉਸ ਦੀ ਕਾਰ ਵੀ ਸਾੜ ਦਿੱਤੀ ਗਈ। ਅਗਲੇ ਦਿਨ ਜਲਸਾ ਲਾ ਕੇ ਤਿੰਨ ਮੰਤਰੀਆਂ ਨੇ ਐਲਾਨ ਕੀਤਾ ਕਿ ਸ਼ੇਰਾਂ ਦੀ ਜੂਹ ਵਿੱਚ ਜੇ ਗਿੱਦੜ ਆਣ ਵੜੇ ਤਾਂ ਉਸ ਦਾ ਇਹੋ ਹਾਲ ਕੀਤਾ ਜਾਂਦਾ ਹੈ। ਫਿਰ ਉਸ ਵਿਧਾਇਕ ਦੀ ਧਿਰ ਦੇ ਸਭ ਤੋਂ ਸੀਨੀਅਰ ਮੰਤਰੀ ਦੇ ਘਰ ਜਾ ਕੇ ਇੱਕ ਭੱਠੇਦਾਰ ਵਿਧਾਇਕ ਨੇ ਉਸ ਨੂੰ ਗੰਦੀ ਗਾਲ੍ਹ ਕੱਢੀ ਤੇ ਨਾਲੇ ਚਪੇੜ ਮਾਰਨ ਲਈ ਹੱਥ ਚੁੱਕਿਆ ਸੀ। ਰਾਜ ਗੱਦੀ ਦੇ ਮਾਲਕ ਨੇ ਗੋਂਗਲੂਆਂ ਤੋਂ ਘੱਟਾ ਝਾੜ ਛੱਡਿਆ ਤੇ ਰਾਜ ਪਰਵਾਰ ਦੇ ਥਾਪੜੇ ਵਾਲਾ ਭੱਠੇਦਾਰ ਵਿਧਾਇਕ ਇਹ ਕਹਿੰਦਾ ਰਿਹਾ ਕਿ ਮੈਂ ਇਹ ਕੰਮ ਆਪਣੇ ਆਪ ਨਹੀਂ ਸੀ ਕੀਤਾ, ਕਿਸੇ ਦੇ ਕਹੇ ਉੱਤੇ ਅਮਲ ਕੀਤਾ ਸੀ। ਭਾਈਬੰਦ ਏਨੇ ਸ਼ਰਮਿੰਦੇ ਜਿਹੇ ਹੋ ਗਏ ਕਿ ਇੱਕ ਦਿਨ ਜਦੋਂ ਉਹ ਵਿਧਾਨ ਸਭਾ ਵਿੱਚ ਕਿਸੇ ਗੱਲ ਤੋਂ ਉੱਚੇ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਇੱਕ ਵਿਧਾਇਕ ਨੇ ਹਾਸੇ ਨਾਲ ਆਖਿਆ: 'ਆਪਣੇ ਆਪ ਚੁੱਪ ਕਰ ਜਾਓਗੇ ਕਿ ਤੁਹਾਡੀ ਭਾਈਬੰਦ ਪਾਰਟੀ ਦੇ ਭੱਠੇਦਾਰ ਵਿਧਾਇਕ ਨੂੰ ਬੇਨਤੀ ਕਰੀਏ?' ਵਿਚਾਰੇ ਨੀਵੀਂਆਂ ਪਾ ਕੇ ਰਹਿ ਗਏ। ਓਦੋਂ ਦੀਆਂ ਦਿੱਤੀਆਂ ਇਹ ਖੁੱਲ੍ਹਾਂ ਫਿਰ ਪੰਜਾਬ ਵਿੱਚ ਆਪਣਾ ਰੰਗ ਵਿਖਾਉਣ ਲੱਗ ਪਈਆਂ, ਜਿਸ ਦਾ ਨਤੀਜਾ ਅਮਨ-ਕਾਨੂੰਨ ਦੀ ਮਿੱਟੀ ਪਲੀਤ ਕਰਨ ਵਾਲਾ ਸਾਬਤ ਹੋਇਆ ਹੈ।
ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ। ਪੰਜਾਬ, ਤੇਰੀ ਧਰਤੀ ਨੇ ਬਹੁਤ ਸਾਰੇ ਮੁਹਾਵਰੇ ਸਾਨੂੰ ਦਿੱਤੇ ਹੋਏ ਹਨ। ਤੇਰਾ ਇੱਕ ਮੁਹਾਵਰਾ ਹੈ ਕਿ ਬਿੱਲੀ ਸ਼ੀਂਹ ਪੜ੍ਹਾਇਆ ਤੇ ਸ਼ੀਂਹ ਬਿੱਲੀ ਨੂੰ ਖਾਣ ਆਇਆ। ਏਥੇ ਵੀ ਰਾਜ ਮਾਣਨ ਵੇਲੇ ਇਹ ਗਲਤੀ ਅੱਜ ਦੇ ਰਣਜੀਤ ਸਿੰਘੀਏ ਸਰਦਾਰਾਂ ਤੋਂ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਦਾਬੇ ਹੇਠ ਰੱਖਣ ਲਈ ਸ਼ੀਂਹ ਪਾਲਣ ਦੀ ਪਿਰਤ ਪਾ ਲਈ ਸੀ। ਜਦੋਂ ਉਹ ਸ਼ੀਂਹ ਬਠਿੰਡੇ ਦੀ ਜੂਹ ਵਿੱਚ ਟਰੈਕਟਰਾਂ ਅਤੇ ਸਕੂਟਰਾਂ ਵਾਲੇ ਨੰਬਰ ਆਪਣੀਆਂ ਕਾਰਾਂ ਤੇ ਜੀਪਾਂ ਉੱਤੇ ਲਿਖ ਕੇ ਲੋਕਾਂ ਨੂੰ ਮਧੋਲਦੇ ਫਿਰਦੇ ਸਨ, ਪੁਲਸ ਉਨ੍ਹਾਂ ਨੂੰ ਹੱਥ ਪਾਉਣ ਦੀ ਥਾਂ ਲੋਕਾਂ ਵਿਚਾਲੇ ਕਦੇ-ਕਦਾਈਂ ਘਿਰ ਜਾਂਦੀ ਉਨ੍ਹਾਂ ਦੀ ਗੱਡੀ ਕੱਢ ਕੇ ਲਿਆਉਣ ਦੀ ਖਿਦਮਤ ਕਰਦੀ ਸੀ। ਓਦੋਂ ਉਨ੍ਹਾਂ ਨੂੰ ਗੁਰ ਸਿਖਾਉਣ ਵਾਲੀ ਬਿੱਲੀ ਨੂੰ ਉਹ ਚੰਗੇ ਲੱਗਦੇ ਸਨ। ਇੱਕ ਵਾਰੀ ਉਨ੍ਹਾਂ ਨੇ ਇੱਕ ਅਦਾਲਤ ਵਿੱਚ ਬੈਠੇ ਮੈਜਿਸਟਰੇਟ ਨੂੰ ਬਾਹਰ ਧੂਹ ਲਿਆਂਦਾ। ਜਨਤਾ ਦੇ ਇਕੱਠ ਦੇ ਸਾਹਮਣੇ ਕੁੱਟਣ ਦੀ ਗੱਲ ਹਰਿਆਣੇ ਦੇ ਧੱਕੜਸ਼ਾਹਾਂ ਨੇ ਤਾਂ ਸਿਰਫ ਆਖੀ ਸੀ, ਲੁਧਿਆਣੇ ਦੇ ਧੱਕੜਸ਼ਾਹਾਂ ਨੇ ਕਰ ਕੇ ਵਿਖਾ ਦਿੱਤੀ ਤੇ ਅਮਨ-ਕਾਨੂੰਨ ਦੇ ਰਾਖੇ ਜ਼ਿਲੇ ਦਾ ਮੈਜਿਸਟਰੇਟ ਤੇ ਜ਼ਿਲ੍ਹੇ ਦਾ ਪੁਲਸ ਮੁਖੀ ਉਵੇਂ ਹੀ ਕੋਲ ਖੜੇ ਵੇਖਦੇ ਰਹੇ, ਜਿਵੇਂ ਫਾਂਸੀ ਚਾੜ੍ਹੇ ਜਾ ਰਹੇ ਬੰਦੇ ਨੂੰ ਡਾਕਟਰ ਖੜਾ ਵੇਖਦਾ ਰਹਿੰਦਾ ਹੈ। ਇਨਸਾਨ ਦਾ ਇਲਾਜ ਕਰਨ ਦੀ ਸਿੱਖਿਆ ਲੈ ਚੁੱਕੇ ਡਾਕਟਰ ਨੂੰ ਸਰਕਾਰੀ ਹੁਕਮ ਹੁੰਦਾ ਹੈ ਕਿ ਉਹ ਬੰਦੇ ਨੂੰ ਮਰਦਾ ਵੇਖਦਾ ਰਹੇ, ਪੁਲਸ ਦਾ ਇਹ ਜ਼ਿਲ੍ਹਾ ਮੁਖੀ ਤੇ ਜ਼ਿਲ੍ਹੇ ਦਾ ਮੁੱਖ ਸਿਵਲ ਅਧਿਕਾਰੀ ਵੀ ਆਪਣੇ ਮੈਜਿਸਟਰੇਟ ਨੂੰ ਛੁਡਾਉਣ ਦੀ ਥਾਂ ਹੁਕਮ ਦੇ ਬੱਧੇ ਇਹੋ ਤਰਲੇ ਮਾਰਦੇ ਰਹੇ ਕਿ 'ਬੱਸ ਕਰੋ, ਬਥੇਰਾ ਹੋ ਗਿਆ ਹੈ।'
ਪੰਜਾਬ! ਤੇਰੇ ਮੁਹਾਵਰਿਆਂ ਵਿੱਚ ਇੱਕ ਮੁਹਾਵਰਾ ਇਹ ਵੀ ਹੈ; 'ਕਾਹਨੂੰ ਰੋਨੀ ਏਂ ਰੰਘੜ ਦੀਏ ਮਾਂਏਂ, ਰੋਣਗੇ ਆਪੇ, ਜਿਨ੍ਹਾਂ ਨੇ ਰੰਘੜ ਕਾਮੇ ਲਾਏ।' ਰੰਘੜਾਂ ਨੂੰ ਆਪਣੇ ਕਾਰ-ਮੁਖਤਾਰ ਬਣਾਉਣ ਦਾ ਨਤੀਜਾ ਜੋ ਹੋਣਾ ਸੀ, ਉਸ ਤੋਂ ਅਵੇਸਲੇ ਰਹਿਣ ਵਾਲਿਆਂ ਨੂੰ ਹੁਣ ਓਦੋਂ ਚੇਤਾ ਆਇਆ ਹੈ, ਜਦੋਂ ਬਿੱਲੀ ਨੂੰ ਸ਼ੀਂਹ ਭੁੱਬ ਲੈ ਕੇ ਪੈ ਗਏ ਹਨ। ਉਨ੍ਹਾਂ ਦੀ ਇਸ ਨਾਬਰੀ ਤੋਂ ਰਾਜ ਚਲਾਉਣ ਵਾਲਿਆਂ ਨੂੰ ਇਹ ਖਿਆਲ ਨਹੀਂ ਆਇਆ ਕਿ ਅੱਗੇ ਲਈ ਇਹੋ ਜਿਹੇ ਰੰਘੜਾਂ ਨਾਲੋਂ ਫਾਸਲਾ ਰੱਖ ਕੇ ਚੱਲਿਆ ਜਾਵੇ, ਸਗੋਂ ਕੰਡੇ ਨਾਲ ਕੰਡਾ ਕੱਢਣ ਦੇ ਖਿਆਲ ਨਾਲ ਉਸ ਤੋਂ ਵੱਡੇ ਰੰਘੜਾਂ ਦੀ ਭਾਲ ਕੀਤੀ ਜਾ ਰਹੀ ਸੁਣੀਂਦੀ ਹੈ। ਇਸ ਦਾ ਭਾਵ ਇਹੋ ਹੈ ਕਿ ਵਾਦੜੀਆਂ-ਸਜਾਦੜੀਆਂ ਸ਼ਾਇਦ ਸਿਰਾਂ ਦੇ ਨਾਲ ਨਿਭਣਗੀਆਂ।
ਪੰਜਾਬ! ਮੈਨੂੰ ਦੁੱਖ ਹੈ ਕਿ ਤੇਰੀਆਂ ਕਲਮਾਂ ਦੇ ਧਨੀਆਂ ਵਿੱਚੋਂ ਵੀ ਕੁਝ ਲੋਕਾਂ ਨੂੰ ਰੰਘੜਾਂ ਵਿੱਚੋਂ ਰਾਬਿਨਹੁਡ ਨਜ਼ਰ ਆਉਣ ਲੱਗ ਪਏ ਹਨ। ਉਹ ਇਹੋ ਜਿਹੇ ਲੱਠ-ਮਾਰਾਂ ਨੂੰ ਦੁੱਲੇ ਭੱਟੀ ਨਾਲ ਜੋੜ ਕੇ ਗਰੀਬਾਂ ਦਾ ਹਮਦਰਦ ਬਣਾਉਣ ਤੱਕ ਪਹੁੰਚ ਜਾਂਦੇ ਹਨ। ਸ਼ਾਇਦ ਉਨ੍ਹਾਂ ਨੂੰ ਇਹੋ ਜਿਹੇ ਮੌਕੇ ਸੱਚ ਨੂੰ ਸੱਚ ਕਹਿਣਾ ਔਖਾ ਲੱਗਦਾ ਹੈ। ਨਹੀਂ ਸੱਚ ਕਹਿਣਾ ਚਾਹੁੰਦੇ ਤਾਂ ਨਾ ਕਹਿਣ, ਪਰ ਕਾਲੇ ਨੂੰ ਚਿੱਟੇ ਕਹਿਣ ਦਾ ਜਿਹੜਾ ਗੁਨਾਹ ਉਹ ਕਰ ਰਹੇ ਹਨ, ਉਸ ਤੋਂ ਤਾਂ ਬਚਿਆ ਜਾ ਸਕਦਾ ਹੈ। ਜਿਹੜੇ ਇਸ ਮੌਕੇ ਸੱਚ ਕਹਿ ਨਹੀਂ ਸਕਦੇ, ਚੁੱਪ ਵੀ ਰਹਿ ਨਹੀਂ ਸਕਦੇ, ਉਹ ਇਸ ਕਰ ਕੇ ਮਨ ਦੀ ਸੋਚ ਨੂੰ ਪਿੱਛੇ ਛੱਡ ਕੇ ਸਮੁੰਦਰ ਵਿੱਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਤੋਂ ਬਚਣ ਲਈ ਜ਼ੋਰਾਵਰਾਂ ਦੀ ਵਕਾਲਤ ਕਰਨ ਤੱਕ ਪਹੁੰਚ ਰਹੇ ਹਨ। ਸਰਪੰਚ ਵੱਲੋਂ ਕੁੜੀ ਨੂੰ ਥੱਪੜ ਮਾਰ ਕੇ ਗੁਨਾਹ ਦਾ ਇਕਬਾਲ ਕਰ ਲੈਣ ਤੋਂ ਬਾਅਦ ਵੀ ਉਹ ਕਲਮਕਾਰ ਉਸ ਕੁੜੀ ਦਾ ਕਸੂਰ ਕੱਢਣ ਨੂੰ ਆਪਣਾ ਫਰਜ਼ ਸਮਝਦੇ ਹਨ। ਪੰਜਾਬ! ਤੂੰ ਉਨ੍ਹਾਂ ਤੋਂ ਵੀ ਬਚ ਕੇ ਰਹੀਂ। ਪੰਜਾਬ! ਤੂੰ ਇਹ ਯਾਦ ਰੱਖੀਂ ਕਿ ਜਦੋਂ ਵੀ ਤੇਰਾ ਸਿਰ ਨੀਵਾਂ ਹੋਇਆ, ਇਹ ਸਿਕੰਦਰਾਂ, ਗੌਰੀਆਂ, ਗਜ਼ਨਵੀਆਂ ਅਤੇ ਗੋਰਿਆਂ ਦਾ ਕੀਤਾ ਨਹੀਂ ਹੋਇਆ, ਤੇਰੇ ਆਪਣਿਆਂ ਦਾ ਕੀਤਾ ਹੋਇਆ ਹੈ, ਇਸ ਲਈ ਹੁਣ ਤੂੰ ਅਗਲੇ ਦੋ ਮਹੀਨਿਆਂ ਵਿੱਚ ਇਸ ਇਮਤਿਹਾਨ ਵਿੱਚੋਂ ਪਾਸ ਹੋਣ ਦਾ ਯਤਨ ਕਰੀਂ। ਇਹ ਲੜਾਈ ਤੇਰੇ ਅੱਜ ਦੀ ਨਹੀਂ, ਤੇਰੀ ਅਗਲੀ ਪੀੜ੍ਹੀ ਦੇ ਭਵਿੱਖ ਦੀ ਹੈ, ਜਿਸ ਨੂੰ ਸੌਂਪਣ ਵੇਲੇ ਵਿਰਾਸਤ ਦੀ ਪੱਗ ਉੱਤੇ ਕਾਇਰਤਾ ਦੇ ਦਾਗ ਲੱਗੇ ਰਹਿ ਗਏ ਤਾਂ ਇਤਹਾਸ ਤੈਨੂੰ ਮਿਹਣੇ ਦੇਵੇਗਾ

No comments:

Post a Comment