ਇਹ ਹੈ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ 'ਵੱਖਰੀ-ਨਿਆਰੀ' ਪਾਰਟੀ ਭਾਜਪਾ ਦਾ ਰਿਕਾਰਡ
ਭਾਰਤ ਇਸ ਵਕਤ ਇੱਕ ਬੜੇ ਸੰਵੇਦਨਸ਼ੀਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਚਲੰਤ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿੱਚ ਮਹਾਰਾਸ਼ਟਰ ਦੇ ਗਾਂਧੀਵਾਦੀ ਸਮਾਜ-ਸੇਵੀ ਬਾਬਾ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਸੰਘਰਸ਼ ਨੂੰ ਕੌਮੀ ਪੈਮਾਨੇ ਉੱਤੇ ਲੈ ਆਂਦਾ ਸੀ। ਉਸ ਦੀ ਵੇਖਾ ਵੇਖੀ ਯੋਗੀ ਬਾਬਾ ਰਾਮਦੇਵ ਨੇ ਵੀ ਪਹਿਲਾਂ ਉਸ ਦੇ ਨਾਲ ਅਤੇ ਫਿਰ ਵੱਖਰਾ ਮੋਰਚਾ ਲਾ ਕੇ ਇਹੋ ਮੁੱਦਾ ਆਪਣੇ ਢੰਗ ਨਾਲ ਚੁੱਕਣ ਦਾ ਯਤਨ ਕੀਤਾ ਸੀ। ਬਾਬਾ ਰਾਮਦੇਵ ਬਾਰੇ ਪਹਿਲਾਂ ਵੀ ਕਈ ਵਿਵਾਦ ਉੱਠਦੇ ਰਹੇ ਸਨ ਤੇ ਇਸ ਮੋਰਚੇ ਨਾਲ ਵੀ ਉੱਠ ਪਏ। ਪਹਿਲਾ ਵਿਵਾਦ ਇਹ ਸੀ ਕਿ ਉਹ ਕਾਂਗਰਸ ਦੀ ਸ਼ਹਿ ਉੱਤੇ ਅੰਨਾ ਹਜ਼ਾਰੇ ਦੇ ਮੋਰਚੇ ਨੂੰ ਫੇਲ੍ਹ ਕਰਨ ਲਈ ਮੈਦਾਨ ਵਿੱਚ ਅਗਾਊਂ ਬਣੀ ਰਣਨੀਤੀ ਅਧੀਨ ਆਇਆ ਹੈ, ਤੇ ਇਹ ਗੱਲ ਓਦੋਂ ਜ਼ਾਹਰ ਵੀ ਹੋ ਗਈ, ਜਦੋਂ ਇੱਕ ਮੰਤਰੀ ਨੇ ਉਸ ਦੀ ਧਰਨੇ ਲਈ ਬੈਠਣ ਤੋਂ ਪਹਿਲਾਂ ਹੀ ਲਿਖ ਕੇ ਦਿੱਤੀ ਚਿੱਠੀ ਪੇਸ਼ ਕਰ ਦਿੱਤੀ ਕਿ ਐਨੇ ਕੁ ਚਿਰ ਪਿੱਛੋਂ ਡਰਾਮਾ ਖਤਮ ਕਰ ਦਿਆਂਗਾ। ਦੂਜਾ ਵਿਵਾਦ ਇਹ ਉੱਠਿਆ ਕਿ ਉਹ ਬੈਠਾ ਕਾਂਗਰਸ ਦੀ ਸ਼ਹਿ ਨਾਲ ਸੀ ਅਤੇ ਫਿਰ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਵਾਲੇ ਉਸ ਦੇ ਨਾਲ ਆਣ ਜੁੜੇ ਤਾਂ ਉਹ ਕਾਂਗਰਸ ਤੋਂ ਬਾਗੀ ਹੋਣ ਦੇ ਚੱਕਰ ਵਿੱਚ ਆਪਣੇ ਹੱਡ ਤੱਤੇ ਕਰਵਾ ਬੈਠਾ ਸੀ। ਤੀਜਾ ਵਿਵਾਦ ਉਸ ਦੇ ਆਪਣੇ ਸੰਗਠਨਾਂ ਵਿੱਚ ਹੇਰ-ਫੇਰ, ਬਰਤਾਨੀਆ ਵਿੱਚ ਇੱਕ ਟਾਪੂ ਦੀ ਸ਼ੱਕੀ ਕਿਸਮ ਦੀ ਖਰੀਦ ਅਤੇ ਉਸ ਦੇ ਚੇਲੇ ਬਾਲ ਕ੍ਰਿਸ਼ਨ ਦੇ ਪਾਸਪੋਰਟ ਦੀ ਹੇਰਾਫੇਰੀ ਨੇ ਖੜਾ ਕਰ ਦਿੱਤਾ। ਇਸ ਕਰ ਕੇ ਉਹ ਅੰਨਾ ਹਜ਼ਾਰੇ ਵਾਲਾ ਪ੍ਰਭਾਵ ਨਹੀਂ ਸੀ ਬਣਾ ਸਕਿਆ ਅਤੇ ਹੁਣ ਯਾਤਰਾ ਕਰਦਾ ਫਿਰਦਾ ਹੈ, ਪਰ ਅੰਨਾ ਦੀ ਜਨ ਲੋਕਪਾਲ ਦੀ ਕਾਇਮੀ ਦੀ ਮੰਗ ਨੂੰ ਹੁਣ ਸਾਰਾ ਦੇਸ਼ ਚੁੱਕ ਤੁਰਿਆ ਹੈ ਤੇ ਭ੍ਰਿਸ਼ਟਾਚਾਰ ਦਾ ਵਿਰੋਧ ਹੁਣ ਸਭ ਤੋਂ ਭਖਦਾ ਮੁੱਦਾ ਬਣ ਗਿਆ ਹੈ।
ਕੇਂਦਰ ਦੀ ਸਰਕਾਰ ਜਦੋਂ 2004 ਵਿੱਚ ਖੱਬੇ ਪੱਖੀਆਂ ਦੀ ਮਦਦ ਨਾਲ ਬਣੀ ਸੀ, ਜਿਹੜਾ ਅਕਸ ਇਸ ਦਾ ਓਦੋਂ ਦਾ ਸੀ, ਉਹ 2008 ਵਿੱਚ ਐਟਮੀ ਸਮਝੌਤੇ ਦੇ ਸਵਾਲ ਉੱਤੇ ਭਰੋਸੇ ਦਾ ਵੋਟ ਲੈਣ ਵੇਲੇ 'ਨੋਟ-ਫਾਰ-ਵੋਟ' ਦੇ ਕਾਂਡ ਨੇ ਨਹੀਂ ਸੀ ਰਹਿਣ ਦਿੱਤਾ। ਜਦੋਂ ਇਹ 2009 ਵਿੱਚ ਦੋਬਾਰਾ ਜਿੱਤ ਗਈ ਤਾਂ ਕ੍ਰਿਕਟ ਦੀ ਆਈ ਪੀ ਐਲ ਲੜੀ ਵਿੱਚ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਤੋਂ ਸ਼ੁਰੂ ਹੋ ਕੇ ਟੈਲੀਕਾਮ ਮੰਤਰੀ ਏæ ਰਾਜਾ ਦੀ ਬਰਖਾਸਤਗੀ ਤੱਕ ਭ੍ਰਿਸ਼ਟਾਚਾਰ ਦੇ ਕਿੱਸਿਆਂ ਦੀ ਦਾਸਤਾਨ ਸ਼ੈਤਾਨ ਦੀ ਆਂਦਰ ਵਾਂਗ ਲੰਮੀ ਹੁੰਦੀ ਗਈ। ਹੁਣ ਇਸ ਦਾ ਗ੍ਰਹਿ ਮੰਤਰੀ ਪੀæ ਚਿਦੰਬਰਮ ਫਸਿਆ ਫਿਰਦਾ ਹੈ ਤੇ ਆਮ ਪ੍ਰਭਾਵ ਇਹ ਹੈ ਕਿ ਉਸ ਦਾ ਪੱਲਾ ਵੀ ਸਾਫ ਨਹੀਂ, ਇਸ ਕਰ ਕੇ ਉਸ ਨੂੰ ਸਰਕਾਰ ਦੀ ਬੇੜੀ ਡੋਬਣ ਦੀ ਬਜਾਏ ਆਪ ਅਸਤੀਫਾ ਦੇ ਜਾਣਾ ਚਾਹੀਦਾ ਹੈ, ਜਾਂ ਸਰਕਾਰ ਚਲਾਉਣ ਵਾਲਿਆਂ ਨੂੰ ਉਹ ਪੱਥਰ ਬੇੜੀ ਵਿੱਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ। ਸਿਰਫ ਉਹੋ ਨਹੀਂ, ਕਪਿਲ ਸਿੱਬਲ ਵਰਗੇ ਕੁਝ ਲੋਕ ਵੀ ਪਾਸੇ ਕਰਨੇ ਪੈਣਗੇ, ਜਾਂ ਉਨ੍ਹਾਂ ਦੇ ਕਿਰਦਾਰ ਨਾਲ ਜਿਹੜਾ ਪ੍ਰਭਾਵ ਆਮ ਲੋਕਾਂ ਵਿੱਚ ਬਣਦਾ ਜਾ ਰਿਹਾ ਹੈ, ਉਸ ਨੂੰ ਭੁਗਤਣ ਲਈ ਹੁਣੇ ਤੋਂ ਤਿਆਰ ਰਹਿਣਾ ਪਵੇਗਾ। ਅਗਲੇ ਸਾਲ ਪੰਜ ਰਾਜਾਂ ਦੀਆਂ ਚੋਣਾਂ ਆਪਣੇ ਆਪ ਸ਼ੀਸ਼ਾ ਵਿਖਾ ਦੇਣਗੀਆਂ।
ਇਹ ਸਥਿਤੀ ਦਾ ਇੱਕ ਪਾਸਾ ਹੈ। ਦੂਸਰਾ ਪਾਸਾ ਇਹ ਹੈ ਕਿ ਭ੍ਰਿਸ਼ਟਾਚਾਰ ਦਾ ਵਿਰੋਧ ਹੁਣ ਈਮਾਨ ਵਾਲੇ ਲੋਕਾਂ ਜਾਂ ਮਜਬੂਰੀ ਵਿੱਚ ਇਸ ਦਾ ਸਹਾਰਾ ਲੈਣ ਵਾਲਿਆਂ ਵੱਲੋਂ ਹੀ ਨਹੀਂ ਹੋ ਰਿਹਾ, ਕੁਝ ਲੋਕਾਂ ਨੇ ਇਸ ਨੂੰ ਰਾਜਨੀਤੀ ਦਾ ਇੱਕ ਹਥਿਆਰ ਵੀ ਬਣਾ ਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਨਾ ਹਜ਼ਾਰੇ ਦੇ ਇਸ ਹਫਤੇ ਲੱਗੇ ਧਰਨੇ ਵਿੱਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਵੀ ਗਏ ਤੇ ਓਥੇ ਅੰਨਾ ਦੀ ਹਮਾਇਤ ਵਿੱਚ ਬੋਲਦਿਆਂ ਇਹ ਭਾਸ਼ਣ ਝਾੜ ਕੇ ਆ ਗਏ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਬੜੇ ਯਤਨ ਕੀਤੇ ਹਨ। ਜੇ ਇਸ ਗੱਲ ਨੂੰ ਵੀ ਠੀਕ ਮੰਨ ਲੈਣਾ ਹੈ ਤਾਂ ਫਿਰ ਭ੍ਰਿਸ਼ਟਾਚਾਰ ਦੇ ਅਰਥ ਬਦਲਣੇ ਪੈ ਜਾਣਗੇ।
ਢੀਂਡਸਾ ਸਾਹਿਬ ਇਸ ਹੱਦ ਤੱਕ ਚਲੇ ਜਾਣ ਤਾਂ ਉਨ੍ਹਾ ਦੇ ਗੱਠਜੋੜ ਦੀ ਆਗੂ ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਚਾਰ ਕਦਮ ਅੱਗੇ ਜਾਣ ਦਾ ਹੱਕ ਹੈ, ਅਤੇ ਉਸ ਦੇ ਲੀਡਰ ਓਥੋਂ ਤੱਕ ਗਏ ਵੀ। ਅੰਨਾ ਦੇ ਧਰਨੇ ਵਿੱਚ ਵੀ ਉਨ੍ਹਾਂ ਨੇ ਉੱਚੀ ਸੁਰ ਵਿੱਚ ਭ੍ਰਿਸ਼ਟਾਚਾਰ ਦਾ ਵਿਰੋਧ ਕੀਤਾ, ਪਾਰਲੀਮੈਂਟ ਵਿੱਚ ਵੀ ਕੀਤਾ, ਅਤੇ ਮੁੱਖ ਵਿਰੋਧੀ ਧਿਰ ਹੋਣ ਕਰ ਕੇ ਉਨ੍ਹਾਂ ਨੂੰ ਕਰਨਾ ਵੀ ਚਾਹੀਦਾ ਹੈ, ਪਰ ਕਮਾਲ ਦੀ ਗੱਲ ਇਹ ਨਹੀਂ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਵਿਰੋਧ ਕੀਤਾ, ਸਗੋਂ ਇਹ ਓਦੋਂ ਕੀਤਾ, ਜਦੋਂ ਉਨ੍ਹਾਂ ਦਾ ਆਪਣਾ ਪੱਲਾ ਕਾਂਗਰਸ ਵਾਂਗ ਹੀ ਦਾਗਾਂ ਨਾਲ ਲਿੱਬੜਿਆ ਪਿਆ ਹੈ। ਇਨ੍ਹਾਂ ਦਾਗਾਂ ਵਿੱਚ ਕਈ ਤਾਜ਼ੇ ਹਨ, ਕਈ ਥੋੜ੍ਹੇ ਪੁਰਾਣੇ ਅਤੇ ਕਈ ਉਨ੍ਹਾਂ ਦੀ ਕੇਂਦਰ ਵਾਲੀ ਵਾਜਪਾਈ ਸਰਕਾਰ ਦੇ ਦਿਨਾਂ ਦੇ ਵੀ।
ਅਸੀਂ ਪੰਜਾਬ ਦੇ ਤਿੰਨ ਭਾਜਪਾ ਮੰਤਰੀਆਂ ਦੀ ਕਹਾਣੀ ਨਹੀਂ ਪਾਵਾਂਗੇ, ਸਗੋਂ ਉਹ ਮਿਸਾਲਾਂ ਦੇਵਾਂਗੇ, ਜਿਹੜੀਆਂ ਦੱਸਦੀਆਂ ਹਨ ਕਿ ਕਦੇ ਆਪਣੇ ਆਪ ਨੂੰ 'ਵੱਖਰੀ ਨਿਆਰੀ' ਕਹਿਣ ਵਾਲੀ ਪਾਰਟੀ ਕਿੰਨੀ ਕੁ ਵੱਖਰੀ-ਨਿਆਰੀ ਹੈ?
ਤਾਜ਼ਾ ਘਟਨਾਵਾਂ ਵਿੱਚ ਇੱਕ ਇਹ ਹੈ ਕਿ ਪਿਛਲੇ ਮਹੀਨੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਰੱਥ ਯਾਤਰਾ ਨੇ ਭਾਜਪਾ ਸਰਕਾਰ ਵਾਲੇ ਦੱਖਣ ਭਾਰਤੀ ਰਾਜ ਕਰਨਾਟਕਾ ਵਿੱਚੋਂ ਲੰਘਣਾ ਸੀ ਤਾਂ ਉਨ੍ਹਾ ਨੂੰ ਓਥੇ ਭ੍ਰਿਸ਼ਟਾਚਾਰ ਦੇ ਕਾਰਨ ਹਟਾਏ ਗਏ ਮੁੱਖ ਮੰਤਰੀ ਯੇਦੂਰੱਪਾ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਗਿਆ। ਅਡਵਾਨੀ ਜੀ ਨੇ ਕਿਹਾ ਕਿ ਜਦੋਂ ਯੇਦੂਰੱਪਾ ਬਾਰੇ ਮੁੱਢਲੀਆਂ ਖਬਰਾਂ ਆਈਆਂ ਸਨ, ਅਸੀਂ ਓਦੋਂ ਹੀ ਜਾਣ ਗਏ ਸਾਂ ਤੇ ਮੈਂ ਉਸ ਨੂੰ ਆਖਿਆ ਵੀ ਸੀ ਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਬੋਲਣ ਵੇਲੇ ਸਾਨੂੰ ਇਸ ਗੱਲ ਤੋਂ ਔਖ ਆਉਂਦੀ ਹੈ ਕਿ ਉਹ ਅੱਗੋਂ ਤੇਰੇ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦਾ ਸਵਾਲ ਚੁੱਕ ਬਹਿੰਦੇ ਹਨ। ਕੀ ਇਹ ਛੋਟੀ ਗੱਲ ਸੀ ਕਿ ਸਾਬਕਾ ਉੱਪ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਸੀ ਕਿ ਉਨ੍ਹਾਂ ਨੂੰ ਭਾਜਪਾ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਬਾਰੇ ਕਾਫੀ ਪਹਿਲਾਂ ਤੋਂ ਪਤਾ ਸੀ? ਉਸ ਨੂੰ ਹੀ ਕਿਉਂ, ਸੁਸ਼ਮਾ ਸਵਰਾਜ ਨੂੰ ਵੀ ਕਰਨਾਟਕਾ ਦੇ ਰੈਡੀ ਭਰਾਵਾਂ ਬਾਰੇ ਪਤਾ ਸੀ। ਫਿਲਮ ਗਾਡ-ਮਦਰ ਦਾ ਕਿਰਦਾਰ ਲੋਕਾਂ ਨੂੰ ਯਾਦ ਹੈ, ਤੇ ਕਰਨਾਟਕਾ ਵਿੱਚ ਨਾਜਾਇਜ਼ ਖੁਦਾਈ ਲਈ ਬਦਨਾਮ ਹੋ ਚੁੱਕੇ ਰੈਡੀ ਭਰਾਵਾਂ ਦਾ ਜਦੋਂ ਜ਼ਿਕਰ ਆਉਂਦਾ ਸੀ ਤਾਂ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ 'ਗਾਡ ਮਦਰ' ਕਿਹਾ ਜਾਂਦਾ ਸੀ।
ਉੱਤਰਾ ਖੰਡ ਵੱਖਰਾ ਰਾਜ ਸਾਲ 2000 ਵਿੱਚ ਬਣਿਆ ਸੀ ਅਤੇ ਹੁਣ ਤੱਕ ਦੇ ਗਿਆਰਾਂ ਸਾਲਾਂ ਵਿੱਚੋਂ ਕਾਂਗਰਸ ਰਾਜ ਦੇ ਪੰਜ ਸਾਲ ਕੱਢ ਦਿੱਤੇ ਜਾਣ ਤਾਂ ਬਾਕੀ ਛੇ ਸਾਲ ਭਾਜਪਾ ਨੇ ਰਾਜ ਕੀਤਾ, ਪਰ ਇਨ੍ਹਾਂ ਛੇ ਸਾਲਾਂ ਵਿੱਚ ਪੰਜ ਵਾਰ ਭਾਜਪਾ ਨੂੰ ਮੁੱਖ ਮੰਤਰੀ ਬਦਲਣਾ ਪੈ ਗਿਆ। ਹਰ ਵਾਰੀ ਬਦਲੀ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਕਾਰਨ ਕਰਨੀ ਪਈ ਹੈ। ਜਿਸ ਬੰਦੇ ਨੂੰ ਹੁਣ ਲਾਇਆ ਗਿਆ ਹੈ, ਉਸ ਨੂੰ ਹਾਲੇ ਤਿੰਨ ਸਾਲ ਪਹਿਲਾਂ ਹਟਾਇਆ ਤੇ ਜਿਸ ਨੂੰ ਦੁੱਧ-ਧੋਤਾ ਸਮਝ ਕੇ ਇਸ ਦੀ ਥਾਂ ਬਿਠਾਇਆ ਸੀ, ਉਹ ਏਨੀ ਛੇਤੀ ਲੋਕਾਂ ਵਿੱਚ 'ਨਾਮਣਾ' ਖੱਟ ਗਿਆ ਕਿ ਪਾਸੇ ਕਰਨਾ ਪੈ ਗਿਆ ਹੈ। ਇਹ ਕਹਾਣੀ ਭਾਜਪਾ ਦੇ ਕਈ ਰਾਜਾਂ ਵਿੱਚ ਹੁਣ 'ਘਰ-ਘਰ ਕੀ ਕਹਾਨੀ' ਬਣੀ ਪਈ ਹੈ, ਪਰ ਭਾਜਪਾ ਮੰਨਦੀ ਨਹੀਂ।
ਆਓ ਥੋੜ੍ਹਾ ਪਿੱਛੇ ਚੱਲੀਏ, ਜਦੋਂ ਵਾਜਪਾਈ ਸਰਕਾਰ ਹੁੰਦੀ ਸੀ। ਓਦੋਂ ਇੱਕ ਸੈਂਟੂਰ ਹੋਟਲ ਦਾ ਕਿੱਸਾ ਚਰਚਾ ਵਿੱਚ ਆਇਆ ਸੀ। ਸਰਕਾਰੀ ਮਾਲਕੀ ਵਾਲੇ ਉਸ ਹੋਟਲ ਦੀ ਅਸਲੀ ਕੀਮਤ ਨਾਲੋਂ ਮਸਾਂ ਚੌਥੇ ਹਿੱਸੇ ਦਾ ਮੁੱਲ ਲਾ ਕੇ ਉਹ ਇੱਕ ਇਹੋ ਜਿਹੀ ਪਾਰਟੀ ਨੂੰ ਸੌਂਪ ਦਿੱਤਾ ਗਿਆ, ਜਿਸ ਨਾਲ ਭਾਜਪਾ ਦੇ ਸੰਬੰਧਤ ਮੰਤਰੀ ਦੀ ਵੀ ਸਾਂਝ ਸੀ ਤੇ ਸਰਕਾਰ ਦੇ ਮੋਹਰੀਆਂ ਦੀ ਵੀ। ਉਸ ਦੌਰ ਵਿੱਚ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਵੀ ਭਾਜਪਾ ਦੇ ਸਾਂਝ ਵਾਲੇ ਲੋਕਾਂ ਨੂੰ ਸ਼ੀਰਣੀਆਂ ਵਾਂਗ ਵੰਡ ਦਿੱਤੇ ਗਏ ਸਨ। ਜਦੋਂ ਭੇਦ ਖੁੱਲ੍ਹਾ ਕਿ ਸਾਰਾ ਕੁਝ ਗਲਤ ਹੋਇਆ ਹੈ ਤਾਂ ਮਾਮਲਾ ਸੁਪਰੀਮ ਕੋਰਟ ਵਿੱਚ ਜਾਂਦਾ ਵੇਖ ਕੇ ਦੋ ਹਜ਼ਾਰ ਤੋਂ ਵੱਧ ਉਹ ਅਲਾਟਮੈਂਟਾਂ ਰੱਦ ਕਰਨੀਆਂ ਪਈਆਂ ਸਨ। ਓਦੋਂ ਜਿਹੜੀਆਂ ਅਲਾਟਮੈਂਟਾਂ ਰੱਦ ਕੀਤੀਆਂ ਗਈਆਂ, ਉਨ੍ਹਾਂ ਵਿੱਚ ਸਾਡੇ ਪੰਜਾਬ ਦੇ ਕਈ ਭਾਜਪਾ ਆਗੂਆਂ ਦੀਆਂ ਵੀ ਸਨ ਅਤੇ ਓਦੋਂ ਦਾ ਪੰਜਾਬ ਭਾਜਪਾ ਦਾ ਪ੍ਰਧਾਨ ਇਹ ਕਹਿਣ ਤੋਂ ਵੀ ਨਹੀਂ ਸੀ ਝਿਜਕਿਆ ਕਿ ਅੱਜ ਸਾਡਾ ਰਾਜ ਹੈ, ਜੇ ਅੱਜ ਵੀ ਸਾਡੇ ਘਰ ਦੇ ਜੀਆਂ ਨੂੰ ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਨਹੀਂ ਮਿਲਣੀਆਂ ਤਾਂ ਕਦੋਂ ਮਿਲਣਗੀਆਂ? ਉਹ ਆਰ ਐਸ ਐਸ ਦਾ ਸੋਇਮ ਸੇਵਕ ਰਹਿ ਚੁੱਕਾ ਸੀ, ਜਿਸ ਨੂੰ ਚਰਿਤਰ-ਉਸਾਰੀ ਦਾ ਸਭ ਤੋਂ ਵੱਡਾ ਡੀਪੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ।
ਇੱਕ ਹੋਰ ਗੱਲ ਇਸ ਵਕਤ ਆਮ ਲੋਕਾਂ ਦੇ ਚੇਤੇ ਵਿੱਚੋਂ ਵਿੱਸਰ ਚੁੱਕੀ ਹੈ ਤੇ ਉਹ ਇਹ ਕਿ ਵਾਜਪਾਈ ਸਰਕਾਰ ਦੇ ਵਕਤ ਸ਼ਹਿਰਾਂ ਵਿੱਚ ਮਹਿੰਗੀਆਂ ਥਾਂਵਾਂ ਦੀ ਜ਼ਮੀਨ, ਜਿਸ ਨੂੰ 'ਪ੍ਰਾਈਮ ਲੈਂਡ' ਕਿਹਾ ਜਾਂਦਾ ਹੈ, ਆਰ ਐਸ ਐਸ ਦੇ ਹਮਾਇਤੀ ਸੰਗਠਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਕੌਡੀਆਂ ਦੇ ਭਾਅ ਅਲਾਟ ਕਰ ਦਿੱਤੀ ਗਈ ਸੀ। ਕਿਤੇ ਬਾਲ-ਭਲਾਈ ਦੇ ਨਾਂਅ ਉੱਤੇ ਕੋਈ ਅਦਾਰਾ ਖੜਾ ਕਰ ਲਿਆ ਤੇ ਕਿਧਰੇ ਇਸਤਰੀ ਭਲਾਈ ਦਾ ਫੱਟਾ ਲਾ ਲਿਆ, ਪਰ ਇਹ ਸਾਰਾ ਕੁਝ ਭਾਜਪਾ ਦੇ ਅੰਦਰ ਦੀ ਖਿੱਚੋਤਾਣ ਨੇ ਬਾਹਰ ਲੈ ਆਂਦਾ ਸੀ। ਭਾਜਪਾ ਦੇ ਜਿਸ ਅੰਦਰੂਨੀ ਧੜੇ ਦੇ ਬੰਦਿਆਂ ਨੂੰ ਪੂਰਾ ਹਿੱਸਾ ਨਾ ਮਿਲਿਆ, ਉਹ ਮਾਮਲਾ ਮੀਡੀਏ ਤੱਕ ਲੈ ਗਏ ਅਤੇ ਫਿਰ ਕਈ ਇਹੋ ਜਿਹੇ ਭੇਦ ਖੁੱਲ੍ਹਦੇ ਗਏ ਕਿ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਸੀ। ਇੱਕ ਅੱਗ ਉਗਲੱਛਣੀ ਸਾਧਵੀ ਨੂੰ ਯੂ ਪੀ ਵਿੱਚ ਕਈ ਏਕੜ ਜ਼ਮੀਨ, ਜਿਸ ਦੀ ਕੀਮਤ ਕਈ ਕਰੋੜ ਰੁਪੈ ਓਦੋਂ ਬਣਦੀ ਸੀ, ਅੱਜ ਦੇ ਹਿਸਾਬ ਨਾਲ ਕਈ ਸੌ ਕਰੋੜ ਬਣਦੀ ਹੈ, ਸਿਰਫ ਇੱਕ ਰੁਪੈ ਸਲਾਨਾ ਦੀ ਲੀਜ਼ ਉੱਤੇ ਸੌਂਪ ਦਿੱਤੀ ਗਈ। ਜਦੋਂ ਉਸ ਸਾਧਵੀ ਨੂੰ ਇਸ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ 'ਭਾਰਤ ਮਾਤਾ ਦੇ ਬੱਚਿਆਂ ਦੀ ਚਰਿਤਰ ਉਸਾਰੀ ਲਈ' ਕੀਤਾ ਕੰਮ ਜਾਇਜ਼ ਹੀ ਹੁੰਦਾ ਹੈ।
ਜੇ ਪੁਰਾਣੇ ਤੇ ਤਾਜ਼ੇ ਦੇ ਵਿੱਚ ਵਿਚਾਲੇ ਦੇ ਕੇਸ ਲਈਏ ਤਾਂ ਉਨ੍ਹਾਂ ਵਿੱਚੋਂ ਜੋ ਨਿਕਲਦਾ ਹੈ, ਉਹ ਵੀ ਕਿਸੇ ਪੱਖ ਤੋਂ ਘੱਟ ਦਿਲਚਸਪ ਨਹੀਂ ਕਿਹਾ ਜਾ ਸਕਦਾ।
ਇੱਕ ਤਾਜ਼ਾ ਕਿੱਸਾ ਹੈ ਦਿੱਲੀ ਵਿੱਚ ਇੱਕ ਮੀਡੀਆ ਚੈਨਲ ਵੱਲੋਂ ਪਿਛਲੇ ਹਫਤੇ ਕੀਤੇ ਸਟਿੰਗ ਅਪਰੇਸ਼ਨ ਦਾ, ਜਿਸ ਵਿੱਚ ਲੋਕਾਂ ਦੇ ਚੁਣੇ ਹੋਏ ਕੌਂਸਲਰਾਂ ਦਾ ਕਿਰਦਾਰ ਨੰਗਾ ਕੀਤਾ ਗਿਆ ਹੈ। ਕਿਸੇ ਥਾਂ ਨਾਜਾਇਜ਼ ਉਸਾਰੀ ਕਰ ਲਵੋ ਤਾਂ ਕੌਂਸਲਰ ਉਸ ਨੂੰ ਕਿਵੇਂ ਪੈਸੇ ਲੈ ਕੇ ਜਾਇਜ਼ ਕਰਵਾ ਦੇਵੇਗਾ, ਇਸ ਬਾਰੇ ਸਾਰੀ ਸੌਦੇਬਾਜ਼ੀ ਹੁੰਦੀ ਸਾਫ਼ ਦਿੱਸ ਰਹੀ ਸੀ। ਕਾਂਗਰਸ ਪਾਰਟੀ ਦੀ ਇੱਕ ਸਾਬਕਾ ਮੇਅਰ ਬੀਬੀ ਵੀ ਇਸ ਵਿੱਚ ਲਪੇਟੀ ਗਈ ਦੱਸੀ ਜਾਂਦੀ ਹੈ। ਕੁੱਲ ਦਸ ਜਣੇ ਇਸ ਦੀ ਲਪੇਟ ਵਿੱਚ ਆਏ ਤੇ ਉਨ੍ਹਾਂ ਵਿਚ ਅੱਠ ਜਣੇ, ਭਾਵ ਕਿ ਬੇਈਮਾਨਾਂ ਦੀ ਬਹੁ-ਸੰਮਤੀ, ਭਾਰਤੀ ਜਨਤਾ ਪਾਰਟੀ ਦੇ ਸਨ। ਅਗਲੇ ਦਿਨ ਭਾਜਪਾ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ, ਪਰ ਬਾਕੀ ਕੌਂਸਲਰਾਂ ਨੂੰ ਛਾਣਾ ਲਾਉਣ ਦੀ ਗੱਲ ਕੀਤੀ ਹੀ ਨਹੀਂ ਸੀ।
ਕੁਝ ਸਾਲ ਪਹਿਲਾਂ ਇੱਕ ਹੋਰ ਮੀਡੀਆ ਚੈਨਲ ਨੇ ਪਾਰਲੀਮੈਂਟ ਮੈਂਬਰਾਂ ਬਾਰੇ ਇੱਕ ਸਟਿੰਗ ਅਪਰੇਸ਼ਨ ਕੀਤਾ ਸੀ, ਜਿਹੜੇ ਸਾਫ ਤੌਰ ਉੱਤੇ ਪਾਰਲੀਮੈਂਟ ਵਿੱਚ ਸਵਾਲ ਪੁੱਛਣ ਬਦਲੇ ਨੋਟਾਂ ਦਾ ਸੌਦਾ ਮਾਰਦੇ ਫੜੇ ਗਏ ਸਨ। ਗਿਆਰਾਂ ਪਾਰਲੀਮੈਂਟ ਮੈਂਬਰ ਉਸ ਸਟਿੰਗ ਅਪਰੇਸ਼ਨ ਦੀ ਮਾਰ ਹੇਠ ਆਏ ਸਨ, ਤੇ ਉਨ੍ਹਾਂ ਗਿਆਰਾਂ ਵਿੱਚੋਂ ਛੇ ਜਣੇ, ਭਾਵ ਕਿ ਜ਼ਮੀਰ ਵੇਚਣ ਵਾਲਿਆਂ ਦੀ ਬਹੁ-ਸੰਮਤੀ, ਇਕੱਲੀ ਭਾਜਪਾ ਦੇ ਮੈਂਬਰ ਨਿਕਲੇ ਸਨ।
ਬਾਬੂ ਭਾਈ ਕਟਾਰਾ ਨਾਂਅ ਦਾ ਗੁਜਰਾਤ ਤੋਂ ਭਾਜਪਾ ਦਾ ਇੱਕ ਪਾਰਲੀਮੈਂਟ ਮੈਂਬਰ ਹੁੰਦਾ ਸੀ। ਉਹ ਇੱਕ ਦਿਨ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਓਦੋਂ ਫੜਿਆ ਗਿਆ, ਜਦੋਂ ਉਹ ਇੱਕ ਔਰਤ ਤੇ ਇੱਕ ਬੱਚੇ ਨੂੰ ਆਪਣੇ ਘਰ ਦੇ ਜੀਅ ਦੱਸ ਕੇ ਜਹਾਜ਼ ਚੜ੍ਹਨ ਲੱਗਾ ਸੀ। ਉਹ ਬੱਚਾ ਤੇ ਬੀਬੀ ਉਸ ਦੀ ਗੁਜਰਾਤੀ ਭਾਸ਼ਾ ਨਹੀਂ ਸੀ ਜਾਣਦੇ ਤੇ ਥੋੜ੍ਹੀ ਜਿਹੀ ਪੁੱਛਗਿੱਛ ਦੇ ਪਿੱਛੋਂ ਸਾਫ ਹੋ ਗਿਆ ਕਿ ਪੰਜਾਬ ਦੀ ਪਰਮਜੀਤ ਕੌਰ ਨੂੰ ਬਾਬੂ ਭਾਈ ਕਟਾਰਾ ਨੇ ਆਪਣੀ ਪਤਨੀ ਸ਼ਾਰਦਾ ਬੇਨ ਅਤੇ ਅਮਰਜੀਤ ਸਿੰਘ ਨਾਂਅ ਦੇ ਬੱਚੇ ਨੂੰ ਆਪਣਾ ਪੁੱਤਰ ਰਾਕੇਸ਼ ਕਟਾਰਾ ਬਣਾ ਕੇ ਕਨੇਡਾ ਪੁਚਾਉਣ ਦਾ ਸੌਦਾ ਮਾਰਿਆ ਸੀ। ਜਦੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਤਾਂ ਮਾਣ ਯੋਗ ਜੱਜ ਨੇ ਸਾਫ ਕਿਹਾ ਕਿ ਔਰਤ ਤੇ ਬੱਚਾ ਤਾਂ ਹਾਲਾਤ ਦੀ ਜਿੱਲ੍ਹਣ ਵਿੱਚ ਫਸ ਗਏ ਹਨ, ਅਸਲ ਦੋਸ਼ੀ ਭਾਜਪਾ ਐਮ ਪੀ ਬਾਬੂ ਭਾਈ ਕਟਾਰਾ ਹੈ। ਪਿੱਛੋਂ ਇਹ ਗੱਲ ਵੀ ਚੱਲਦੀ ਰਹੀ ਕਿ ਏਦਾਂ ਦੇ ਕਈ ਲੋਕਾਂ ਨੂੰ ਬਾਬੂ ਭਾਈ ਪਹਿਲਾਂ ਵੀ ਵਿਦੇਸ਼ ਛੱਡਣ ਜਾਂਦਾ ਰਿਹਾ ਹੈ, ਪਰ ਇਹ ਸੱਚ ਹੋਵੇ ਜਾਂ ਨਾ, ਵੱਡੀ ਗੱਲ ਇਹ ਸੀ ਕਿ ਦੇਸ਼ ਦੇ ਲੋਕਾਂ ਨੇ ਪਾਰਲੀਮੈਂਟ ਦਾ ਇੱਕ ਮੈਂਬਰ ਕਬੂਤਰਬਾਜ਼ੀ ਕਰਦਾ ਫੜਿਆ ਗਿਆ ਪਹਿਲੀ ਵਾਰੀ ਵੇਖਿਆ ਅਤੇ ਉਹ 'ਵੱਖਰੀ ਨਿਆਰੀ' ਪਾਰਟੀ ਭਾਜਪਾ ਦਾ ਸੀ।
ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜ ਦੀ ਭਾਰਤ ਸਰਕਾਰ ਦੁੱਧ-ਧੋਤੇ ਲੋਕਾਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਹੈ। ਉਸ ਦੇ ਅੰਦਰ ਦੇ ਮਾੜੇ ਅੰਸ਼ਾਂ ਦੀ ਜਿੰਨੀ ਵੀ ਨੁਕਤਾਚੀਨੀ ਕੀਤੀ ਜਾਵੇ, ਸਭ ਨੂੰ ਠੀਕ ਲੱਗਦੀ ਹੈ, ਪਰ ਇਸ ਨੁਕਤਾਚੀਨੀ ਦੇ ਮੋਹਰੀ ਉਹ ਨਹੀਂ ਮੰਨੇ ਜਾਣੇ ਚਾਹੀਦੇ, ਜਿਹੜੇ ਆਪ ਵੀ ਕਿਸੇ ਪੱਖ ਤੋਂ ਸਾਫ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਦੇ ਆਗੂ ਇਸ ਮਾਮਲੇ ਵਿੱਚ ਆਪਣੇ ਐਬ ਲੁਕਾ ਕੇ ਹੀਰੋ ਬਣਨ ਦਾ ਇੱਕ ਹੋਰ ਯਤਨ ਕਰ ਰਹੇ ਹਨ, ਜਿਵੇਂ ਉਹ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਨ।
ਇੱਕ ਬੜਾ ਪੁਰਾਣਾ ਕਿੱਸਾ ਹੈ, ਬਾਬਰੀ ਮਸਜਿਦ ਢਾਹ ਦੇਣ ਤੋਂ ਅਗਲੇ ਸਾਲ ਦਾ। ਬੀ ਬੀ ਸੀ ਚੈਨਲ ਨੇ 'ਮੈਨ ਆਫ ਦ ਈਅਰ' ਦੀ ਚੋਣ ਕਰਨੀ ਸੀ। ਲਾਲ ਕ੍ਰਿਸ਼ਨ ਅਡਵਾਨੀ ਜੀ ਦਾ ਨਾਂਅ ਪਹਿਲੇ ਨੰਬਰ ਉੱਤੇ ਆ ਗਿਆ। ਇਸ ਉੱਤੇ ਬਰਤਾਨਵੀ ਸਮਾਜ ਵਿੱਚ ਫੈਲੀ ਹੈਰਾਨੀ ਫੈਲਦੀ ਵੇਖ ਕੇ ਪੜਤਾਲ ਸ਼ੁਰੂ ਹੋ ਗਈ। ਪਤਾ ਇਹ ਲੱਗਾ ਕਿ ਅਡਵਾਨੀ ਜੀ ਦੇ ਭਾਈਬੰਦਾਂ ਨੇ ਇਸ ਮਕਸਦ ਲਈ ਇੱਕ ਮੁਹਿੰਮ ਬਣਾ ਕੇ ਚਿੱਠੀਆਂ ਲਿਖੀਆਂ ਸਨ ਤੇ ਕਈ ਚਿੱਠੀਆਂ ਤਾਂ ਇੱਕੋ ਲਿਖਾਈ ਵਾਲੀਆਂ ਵੱਲੋਂ ਵੀ ਐਡਰੈੱਸ ਬਦਲ ਕੇ ਲਿਖੀਆਂ ਨਿਕਲ ਆਈਆਂ ਸਨ। ਇਹ ਗੱਲ ਫੈਲਣ ਉੱਤੇ ਬਰਤਾਨੀਆ ਦੇ ਇੱਕ ਅਡਵਾਨੀ ਭਗਤ ਨੇ ਕਿਹਾ ਸੀ: 'ਹਰ ਕੋਈ ਆਪਣੇ ਨੇਤਾ ਦੀ ਚੜ੍ਹਤ ਚਾਹੁੰਦਾ ਹੈ, ਅਸੀਂ ਵੀ ਕੋਸ਼ਿਸ਼ ਕੀਤੀ ਸੀ, ਇਸ ਵਿੱਚ ਗਲਤ ਕੀ ਹੈ?' ਅੱਜ ਕੱਲ੍ਹ ਜਿਵੇਂ ਉਹ ਸੱਚ-ਪੁੱਤਰ ਬਣ ਕੇ ਭ੍ਰਿਸ਼ਟਾਚਾਰ ਵਿਰੋਧ ਦੇ ਝੰਡੇ ਬਰਦਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, 'ਗਲਤ' ਤਾਂ ਇਸ ਵਿੱਚ ਵੀ ਉਨ੍ਹਾਂ ਨੂੰ ਕੁਝ ਨਹੀਂ ਜਾਪਣਾ।
No comments:
Post a Comment