ਨਿੰਦਰ ਘੁਗਿਆਣਵੀ
ਆਸਟ੍ਰੇਲੀਆ ਮੈਂ ਤਿੰਨ ਮਹੀਨੇ ਰਿਹਾ। ਰੱਜ-ਪੁੱਜ ਕੇ ਦੇਖਿਆ ਆਸਟ੍ਰੇਲੀਆ। ਪਰਬਤਾਂ ਤੇ ਪਾਣੀਆਂ ਦੀ ਸੈਰ ਖ਼ੂਬ ਮਾਣੀਂ। ਕੱਚੇ ਪਹਿਆਂ ਉੱਤੇ ਲੰਬੀ ਵਾਟ ਤੀਕ ਤੁਰਿਆ ਤੇ ਪੱਕੀਆਂ ਚੌੜੀਆਂ ਸੜਕਾਂ ਦੀਆਂ ਪਗਡੰਡੀਆਂ 'ਤੇ ਵੀ। ਕਿਸ਼ਤੀਆਂ ਤੇ ਬੋਟਾਂ ਵਿੱਚ ਬਹਿ ਕੇ ਪਾਣੀਆਂ ਦੇ ਝੂਟੇ ਲਏ। ਹੈਲੀਕੌਪਟਰ ਅਤੇ ਲੋਕਲ ਜਹਾਜ਼ਾਂ ਰਾਹੀਂ ਬੱਦਲਾਂ ਦੀਆਂ ਪੰਡਾਂ ਲਾਗੇ ਹੋ-ਹੋ ਤੱਕੀਆਂ। ਹਰੇਵਾਈ ਲੱਦੀਆਂ ਪਹਾੜੀਆਂ ਸਵਰਗਾਂ ਦੀਆਂ ਚੌਕੀਆਂ ਜਾਪੀਆਂ। ਦੂਰ-ਦੂਰ ਤੀਕ ਜੰਗਲ ਡਿੱਠੇ! ਜੰਗਲ ਮੁਕਦਾ ਤਾਂ ਸਮੁੰਦਰ ਆ ਜਾਂਦਾæææਸਮੁੰਦਰ ਮੁਕਦਾ ਤਾਂ ਜੰਗਲ ਅੱਗੇ ਆ ਖੜ੍ਹਦਾ। ਨਾ ਧਰਤ ਦੀ ਥਾਹæææਨਾ ਪਾਣੀ ਦੀæææ"ਪਵਣ ਗੁਰੂ ਪਾਣੀ ਪਿਤਾæææਮਾਤਾ ਧਰਤ ਮਹਤæææ।" ਗੁਰੂਆਂ ਦਾ ਕਿਹਾ ਕਿੰਨਾ ਸੱਚ ਹੈ ਕਿ ਧਰਤੀ ਸਾਡੀ ਮਾਤਾ ਤੇ ਪਾਣੀ ਸਾਡਾ ਪਿਤਾ ਹੈ! ਜਿੱਧਰ ਦੇਖੋ, ਧਰਤੀ ਹੀ ਧਰਤੀ ਪਸਰੀ ਪਈ ਹੈæææਕੋਈ ਅੰਤ ਨਹੀਂæææ"ਧਰਤੀ ਹੋਰ ਪਰੇ ਹੋਰ ਹੋਰ" ਵਾਂਗੂੰ। ਆਸਟ੍ਰੇਲੀਆ ਦੀ ਹਰਿਆਵਲ ਤੇ ਸੁੰਦਰਤਾਈ ਨੇ ਮੇਰਾ ਮਨ ਮੋਹ ਲਿਆ। ਕੁਦਰਤ ਦੇ ਪਸਾਰੇ ਤੇ ਅਲੌਕਿਕ ਨਜ਼ਾਰੇ ਨੇ ਹੈਰਾਨ ਕਰ ਦਿੱਤਾ ਤੇ ਸੋਚਣ ਲਾਇਆ। ਬਾਬੇ ਦੀ ਬਾਣੀ ਬਹੁਤ ਯਾਦ ਆਈ-"ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ।" ਕਿਤੇ ਅੰਮ੍ਰਿਤ ਵੇਲੇ ਤੇ ਕਿਤੇ ਆਥਣ ਢਲੀ ਤੋਂ, ਕਿਤੇ ਇੱਕ-ਮਿੱਕ ਹੋ ਤੇ ਕਿਤੇ ਜੁਦਾ-ਜੁਦਾ ਗਾਉਂਦੇ ਵੰਨ-ਸੁਵੰਨੇ ਪੰਛੀਆਂ ਦੀਆਂ ਡਾਰਾਂ ਅਨੋਖਾ ਜਿਹਾ ਸੰਗੀਤ ਛੇੜਦੀਆਂ ਦੂਰ-ਦੂਰ ਤੀਕ ਉਡਦੀਆਂ ਜਾਂਦੀਆਂ। ਆਸਟ੍ਰੇਲੀਅਨ ਪੰਛੀਆਂ ਦੇ ਗੀਤ ਸੁਣ ਕੇ ਮੈਨੂੰ ਆਪਣੇ ਭਾਰਤ ਦੇਸ ਉੱਤੇ ਸੱਚਮੁੱਚ ਹੀ ਤਰਸ ਆਇਆ ਸੀ ਕਿ ਉਹ ਦੇਸ ਹੀ ਕੀ ਹੋਇਆæææ?ਜਿਸਦੇ ਪੰਛੀ ਉਥੋਂ ਦੇ ਲੋਕਾਂ ਅਤੇ ਜ਼ਹਿਰੀ ਹੋ ਗਏ ਵਾਤਾਵਰਨ ਤੋਂ ਡਰਦੇ ਮਾਰੇ ਦੂਰ ਉਡਾਰੀ ਮਾਰ ਜਾਣ? ਬੜਾ ਚੰਗਾ-ਚੰਗਾ ਲੱਗਿਆ ਕਿ ਆਸਟ੍ਰੇਲੀਆ ਵਿੱਚ ਪੰਛੀਆਂ, ਪਰਿੰਦਿਆਂ ਤੇ ਜਾਨਵਰਾਂ ਦਾ ਮਨੁੱਖ ਦੇ ਬਰਾਬਰ ਸਤਿਕਾਰ, ਸੰਭਾਲ ਤੇ ਪਿਆਰ ਬਹਾਲ ਹੈ। ਅਕਸਰ ਹੀ ਮੈਂ ਸੁਰੀਲੇ ਪੰਛੀਆਂ ਦੇ ਗੀਤ ਸੁਣਨ ਲਈ ਤਾਂਘਦਾ ਰਹਿੰਦਾ ਤੇ ਜੰਗਲਾਂ ਵੱਲ ਤੁਰ ਪੈਂਦਾ। ਜਦ ਉੱਚੇ ਪਰਬਤਾਂ 'ਤੇ ਖਲੋ ਕੇ ਭਰੇ-ਭੁਕੰਨੇ ਸ਼ਹਿਰਾਂ ਦੀਆਂ ਉੱਚ-ਦੁਮਾਲੜੀਆਂ ਤੇ ਆਸਮਾਨ ਛੂੰਹਦੀਆਂ ਇਮਾਰਤਾਂ ਵੱਲ ਤੱਕਿਆ ਤਾਂ ਉਹ ਨਿੱਕੇ-ਨਿੱਕੇ ਡੱਬਿਆਂ ਤੇ ਡੱਬੀਆਂ ਜਿਹੀਆਂ ਲੱਗੀਆਂ।
ਆਸਟ੍ਰੇਲੀਆ ਘਣਘੋਰ ਜੰਗਲਾਂ ਤੇ ਡੂੰਘੇ ਪਾਣੀਆ ਦਾ ਦੇਸ਼ ਹੈ। ਕਿਤੇ ਛੱਲਾਂ ਮਾਰਦੀਆਂ ਤੇ ਉੱਛਲ-ਉੱਛਲ ਪੈਂਦੀਆਂ ਤੇ ਕਿਤੇ ਸ਼ਾਂਤ-ਚਿਤ ਵਹਿੰਦੀਆਂ, ਘੋਗੇ-ਸਿੱਪੀਆਂ, ਮੋਤੀ ਤੇ ਹੋਰ ਨਿੱਕ-ਸੁੱਕ ਲਿਆ-ਲਿਆ ਕਿਨਾਰਿਆਂ 'ਤੇ ਸੁੱਟ੍ਹਦੀਆਂ ਰੰਗ-ਬਰੰਗੇ ਪਾਣੀਆਂ ਲੱਦੀਆਂ ਬੀਚਾਂ ਹੀ ਬੀਚਾਂ! ਜੰਗਲਾਂ ਵਿੱਚ ਸਫ਼ੈਦਾ ਹੀ ਸਫ਼ੈਦਾ ਖਲੋਤਾ ਹੈæææਕਿਤੇ-ਕਿਤੇ ਲੰਮ-ਸੁਲੰਮਾ ਤੇ ਕਿਤੇ-ਕਿਤੇ ਬੌਣਾ ਸਫ਼ੈਦਾ! ਸਾਡੇ ਮੁਲਕ ਵਿੱਚ ਜਮਾਂਦਰੂ ਘਾਹ ਉਗਦਾ ਹੈ ਤੇ ਆਸਟ੍ਰੇਲੀਆ ਵਿੱਚ ਸਫ਼ੈਦਾ! ਬੰਦਾ ਕੋਈ ਟਾਵਾਂ ਹੀ ਖੇਤਾਂ ਵਿੱਚ ਨਜ਼ਰ ਆਇਆ। ਭੇਡਾਂ, ਗਾਵਾਂ ਤੇ ਘੋੜਿਆਂ ਦੇ ਵੱਗ ਆਪਣੇ ਆਪ ਵਿੱਚ ਮਸਤ ਚਰਦੇ ਦੇਖੇ। ਮੈਂ ਇੱਕ ਫਾਰਮ ਵਿੱਚ ਗਿਆæææਆਥਣ ਹੋ ਚੁੱਕੀ ਸੀ। ਗਾਵਾਂ ਢਿੱਡ ਭਰਨ ਬਾਅਦ ਮੂੰਹ ਚੁੱਕ-ਚੱਕ ਆਪਣੇ ਗੋਰੇ ਮਾਲਕ ਦਾ ਰਾਹ ਦੇਖਦੀਆਂ ਉਸਨੂੰ ਉਡੀਕ ਰਹੀਆਂ ਸਨ ਕਿ ਉਹ ਜਲਦੀ-ਜਲਦੀ ਆਵੇ, ਉਹਨਾਂ ਨੂੰ ਚੋਵੇ ਤੇ ਉਹਨਾਂ ਦਾ ਭਾਰ ਹੌਲਾ ਕਰੇ! ਜਦ ਕੱਚੇ ਪਹੇ ਉੱਤੇ ਮਾਲਕ ਦਾ ਸਕੂਟਰ ਦੋੜਿਆ ਆਉਂਦਾ ਗਾਵਾਂ ਦੇ ਨਜ਼ਰੀਂ ਪਿਆ ਤਾਂ ਉਹਨਾਂ ਜ਼ੋਰ-ਜ਼ੋਰ ਨਾਲ ਰੰਭ੍ਹਣਾ ਅਰੰਭ ਕਰ ਦਿੱਤਾ। ਜਿਵੇਂ ਆਸਮਾਨ ਹੀ ਸਿਰ 'ਤੇ ਚੁੱਕ ਲਿਆ ਹੋਵੇ! ਇੱਕ ਪਲ ਮੈਨੂੰ ਜਾਪਿਆ ਕਿ ਜਿਵੇਂ ਮੈਂ ਕਿਸੇ ਕਸਾਈ ਦੀ ਹਵੇਲੀ ਆ ਖਲੋਤਾ ਹੋਵਾ! ਹੌਲੀ-ਹੌਲੀ ਰੰਭ੍ਹਣਾ ਛੱਡ ਕੇ ਆਪਣੀ-ਆਪਣੀ ਵਾਰੀ-ਸਿਰ ਮਸ਼ੀਨ ਦੇ ਲਾਗੇ ਆਣ ਕੇ ਗਾਵਾਂ ਦੁੱਧ ਚਵਾਉਣ ਲੱਗੀਆਂ।
ਆਪਣੀ ਇਸ ਯਾਤਰਾ ਦੌਰਾਨ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ ਮਿਲਬੌਰਨ, ਐਡੀਲੇਡ, ਲਿਵਰਲੈਂਡ, ਮਿਲਡੂਰਾ, ਬ੍ਰਿਜ਼ਬੇਨ ਤੇ ਗੋਲਡਕੋਸਟ ਤੋਂ ਹੁੰਦਾ ਹੋਇਆ ਵਲਗੂਲਗਾ, (ਜਿਸਨੂੰ ਆਸਟ੍ਰੇਲੀਅਨ ਪਿੰਡ ਵੀ ਕਿਹਾ ਜਾਂਦਾ ਹੈ, ਇੱਥੇ ਮੈਂ ਸਿਡਨੀ ਤੋਂ ਰੇਲ ਵਿੱਚ ਚੜ੍ਹਿਆ ਤੇ ਲੱਗਭਗ ਨੌਂ ਘੰਟੇ ਵਿੱਚ ਵਲਗੂਲਗਾ ਪੁੱਜਿਆ)। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵੀ ਫੇਰੀ ਪਾਈ। ਗ੍ਰਿਫਥ ਨਾਮੀਂ ਕਸਬੇ ਵਿੱਚ ਪੰਜਾਬੀ ਘਣੀ ਵੱਸੋਂ ਵਿੱਚ ਰਹਿੰਦੇ ਹਨ ਤੇ ਵੱਡੇ-ਵੱਡੇ ਫਾਰਮਾਂ ਦੇ ਮਾਲਕ ਹਨ ਪਰ ਇੱਥੇ ਮੈਂ ਜਾਣਾ ਨਹੀਂ ਸੀ,ਕਿਉਂਕਿ ਮੇਰੀ ਸਾਰੀ ਯਾਤਰਾ ਦੀਆਂ ਮਿਤੀਆਂ ਤੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸਨ। ਪਰਥ ਦੀ ਫੇਰੀ ਵੀ ਮੇਰੀ ਇਸ ਯਾਤਰਾ ਵਿੱਚ ਸ਼ਾਮਿਲ ਨਹੀਂ ਸੀ, ਹਾਲਾਂਕਿ ਕਾਫ਼ੀ ਮਿੱਤਰ-ਪਾਠਕਾਂ ਦੇ ਆਉਣ ਲਈ ਫੋਨ ਆਉਂਦੇ ਰਹੇ ਸਨ। ਗ੍ਰਿਫਥ ਤੇ ਪਰਥ ਨੂੰ ਛੱਡ ਕੇ ਇਸ ਪ੍ਰਕਾਰ ਮੈਂ ਆਸਟ੍ਰੇਲੀਆ ਦੀਆਂ ਨਿਊ ਸਾਊਥ ਵੇਲਜ਼, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਕਿਊਨਜ਼ਲੈਂਡ ਸਟੇਟਾਂ ਵਿੱਚ ਘੁੰਮ ਲਿਆ। ਇਹ ਸਾਰਾ ਸਫ਼ਰ ਹਵਾਈ ਜਹਾਜ਼ਾਂ ਵਿੱਚ ਹੀ ਬੀਤਿਆ।
ਕੈਨੇਡਾ, ਅਮਰੀਕਾ ਤੇ ਇੰਗਲੈਂਡ ਚਾਹੇ ਕਈ ਵਾਰ ਜਾ ਚੁੱਕਾ ਹੋਇਆ ਸਾਂ ਪਰ ਆਸਟ੍ਰੇਲੀਆ ਦੀ ਯਾਤਰਾ 'ਤੇ ਜਾਣ ਬਾਰੇ ਕਦੇ ਖਿਆਲ ਨਹੀਂ ਸੀ ਕੀਤਾ। ਕਦੇ-ਕਦੇ ਕੋਈ-ਕੋਈ ਮਿੱਤਰ ਆਸਟ੍ਰੇਲੀਆ ਤੋਂ ਭਾਰਤ ਆਉਂਦਾ ਤਾਂ ਸਰਸਰੀ ਜਿਹੀ ਸੁਲਹ ਮਾਰਦਾæææਕਦੋਂ ਗੇੜਾ ਮਾਰਨਾ ਏਂ ਆਸਟ੍ਰੇਲੀਆ? ਪਰ ਮੈਨੂੰ ਇਹ ਪਤਾ ਸੀ ਕਿ ਇਹ ਸਰਸਰੀ ਜਿਹੀ ਸੁਲਹ ਪੱਕੀ ਤਰਾਂ ਦਾ ਸੱਦਾ ਨਹੀਂ ਸੀ ਹੁੰਦੀ। ਸਾਲ 2010 ਵਿੱਚ ਮੇਰਾ ਪੁਰਾਣਾ ਮਿੱਤਰ ਅਮਰਜੀਤ ਖੇਲਾ ਤੇ ਉਸਦਾ ਨਿੱਕਾ ਭਰਾ ਬਲਜੀਤ ਖੇਲਾ ਪਰਿਵਾਰ ਸਮੇਤ ਭਾਰਤ ਆਏ। ਆਖਣ ਲੱਗੇ ਕਿ ਤੂੰ ਆਸਟ੍ਰੇਲੀਆ ਵੱਲ ਮੂੰਹ ਹੀ ਨਹੀਂ ਕਰਦਾ ਤੇ ਹੋਰ ਹੋਰ ਪਾਸੇ ਤੁਰਿਆ ਰਹਿੰਨਾæææਏਸਦਾ ਮਤਲਬ ਤਾਂ ਏਹ ਹੋਇਆ ਕਿ ਜਿਵੇਂ ਤੇਰਾ ਆਸਟ੍ਰੇਲੀਆ ਵਿੱਚ ਰਹਿੰਦਾ ਈ ਕੋਈ ਨੀæææ? ਅਸੀਂ ਤੇਰੇ ਕੁਝ ਨਹੀਂ ਲਗਦੇæææ? ਏਸ ਵਾਰ ਜੇ ਤੂੰ ਨਾ ਆਇਆ ਤਾਂ ਆਪਣੀ ਕੋਈ ਦੋਸਤੀ ਨਹੀਂæææਸਮਝਿਆæææ? ਉਹਨਾਂ ਦੀ ਇਸ ਅੱਪਣਤ ਭਰੀ ਧਮਕੀ ਵਿੱਚ ਉਹਨਾਂ ਦਾ ਪਿਆਰ ਤੇ ਨੇੜਤਾ ਛਲਕ ਰਹੀ ਸੀ। ਅਮਰਜੀਤ ਖੇਲਾ ਮੇਰਾ ਉਹਨਾਂ ਵੇਲਿਆਂ ਦਾ ਦੋਸਤ ਹੈ, ਜਦ ਅਸੀਂ 'ਦੇਸ਼ ਸੇਵਕ' ਅਖ਼ਬਾਰ ਦੇ ਅਰੰਭ ਹੋਣ 'ਤੇ ਉਸ ਵਿੱਚ ਕਾਲਮ ਲਿਖਣ ਲੱਗੇ ਸਾਂ ਤੇ ਇੱਕ ਦੂਜੇ ਨੂੰ ਪੰਦਰਾਂ ਪੈਸੇ ਵਾਲਾ ਪੀਲੇ ਰੰਗ ਦਾ ਪੋਸਟ ਕਾਰਡ ਲਿਖ ਕੇ ਜੁੜੇ ਰਹਿੰਦੇ ਸਾਂ। ਇੰਝ ਸਾਡੀ ਇਹ ਸਾਹਿਤਕ ਦੋਸਤੀ ਪਰਿਵਾਰਕ ਦੋਸਤੀ ਵਿੱਚ ਬਦਲ ਗਈ ਤੇ ਜਦ ਬਲਜੀਤ ਨੇ ਵੀ ਕਲਮ ਘਸਾਉਣੀ ਸ਼æੁਰੂ ਕੀਤੀ ਤਾਂ ਉਹ ਵੀ ਲਿਖਣ-ਪੜ੍ਹਨ ਤੇ ਛਪਣ ਵਿੱਚ ਕਾਫ਼ੀ ਸਰਗਰਮ ਹੋ ਗਿਆ। ਪੰਦਰਾਂ ਪੈਸੇ ਦੇ ਪੋਸਟ ਕਾਰਡ ਤੋਂ ਅਰੰਭ ਹੋਈ ਸਾਡੀ ਮਿੱਤਰਤਾ ਫੇਸ ਬੁੱਕ ਤੀਕ ਆਣ ਪੁੱਜੀ ਤੇ ਹੁਣ ਤੇ ਹੁਣ ਅਸੀਂ ਰੋਜ਼ ਵਾਂਗ ਵਿਚਾਰ ਚਰਚਾ ਲਈ ਜੁੜੇ ਰਹਿੰਦੇ ਸਾਂ। ਖੇਲੇ ਹੁਰਾਂ ਦੇ ਸੱਦੇ ਦੇ ਲਗਦੇ ਹੱਥ ਹੀ ਫਰੀਦਕੋਟੀਏ ਮੇਰੇ ਪਾਠਕ ਮਿੱਤਰ ਜੋਗਿੰਦਰ ਕੁੰਦੀ ਦੀ ਈਮੇਲ ਵੀ ਆ ਗਈ,(ਜੋ ਸਾਊਥ ਆਸਟ੍ਰੇਲੀਆ ਪਾਂ੍ਰਤ ਦੇ ਖ਼ੂਬਸੂਰਤ ਸ਼ਹਿਰ ਐਡੀਲੇਡ ਵਿੱਚ ਰਹਿੰਦਾ ਹੈ)। ਸੋ, ਮੈਂ ਅਪ੍ਰੈਲ ਮਹੀਨੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰਨ ਲਈ ਤਿਆਰੀ ਵਿੱਚ ਜੁਟ ਗਿਆ। ਉਥੇ ਚਲਦੇ 'ਹਰਮਨ ਰੇਡੀਓ' ਦੇ ਪੇਸ਼ਕਾਰ ਅਮਨ ਸਿੱਧੂ ਤੇ ਹਰਮੰਦਰ ਕੰਗ ਨੇ ਵੀ ਇੱਕ ਚਿੱਠੀ ਰੇਡੀਓ ਵੱਲੋਂ ਭੇਜ ਦਿੱਤੀ। ਇੱਕ ਹਫ਼ਤੇ ਦੇ ਵਿੱਚ-ਵਿੱਚ ਆਸਟ੍ਰੇਲੀਆ ਦਾ ਵੀਜ਼ਾ ਲੱਗ ਕੇ ਪਾਸਪੋਰਟ ਘਰ ਆ ਗਿਆ ਤੇ ਜਦੇ ਹੀ ਮੈਂ ਟਿਕਟ ਕਟਵਾ ਲਈ। ਕਾਫੀ ਸਾਰੇ ਪਾਠਕ ਮਿੱਤਰਾਂ ਦੀ ਪੁਰਜ਼ੋਰ ਮੰਗ ਸੀ ਕਿ ਮੈਂ ਆਪਣੀਆਂ ਨਵੀਆਂ-ਪੁਰਾਣੀਆਂ ਕੁਝ ਪੁਸਤਕਾਂ ਵੀ ਨਾਲ ਲੈਂਦਾ ਆਵਾਂ। ਪਰ ਮੈਂ ਹਥਲੇ ਨਿੱਕੇ ਬੈਗ ਜਾਂ ਕੱਪੜਿਆਂ ਵਾਲੇ ਬੈਗ ਵਿੱਚ ਕਿੰਨੀਆਂ ਕੁ ਪੁਸਤਕਾਂ ਲਿਜਾ ਸਕਦਾ ਸਾਂ? ਸੋ, ਪ੍ਰਕਾਸ਼ਕ ਤੋਂ ਕਿਤਾਬਾਂ ਦੇ ਪੈਕਟ ਖੀ੍ਰਦ ਕੇ ਲੁਧਿਆਣੇ ਵਾਲੇ ਟਰੈਵਲ ਏਜੰਸੀ ਦੇ ਮਾਲਕ ਮਿੱੱਤਰ ਅਮਨ ਫੱਲੜ ਨੇ ਕੋਰੀਅਰ ਕਰਕੇ ਮੇਰੇ ਲਈ ਕੰਮ ਸੌਖਾਲਾ ਕਰ ਦਿੱਤਾ ਤੇ ਮੈਂ ਯਾਤਰਾ ਦੀ ਤਿਆਰੀ ਵੱਟ ਲਈ।
ਮਲੇਸ਼ੀਅਨ ਏਅਰ ਲਾਈਨਜ਼ ਦੇ ਵੱਡੇ ਜਹਾਜ਼ ਨੇ ਜਦ ਰਾਤ ਦੇ ਦਸ ਵੱਜੇ ਸਿਡਨੀ ਦੇ ਏਅਰ-ਪੋਰਟ 'ਤੇ ਪਹੀਏ ਰੱਖੇ ਤਾਂ ਚਾਅ ਵਿੱਚ ਆਏ ਮੁਸਾਫਰਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। ਏਅਰਪੋਰਟ ਤੋਂ ਬਾਹਰ ਆਇਆ ਤਾਂ ਠੰਢ ਵਾਹਵਾ ਸੀ।ਬਾਹਰ ਖੇਲਾ ਪਰਿਵਾਰ ਉਡੀਕ ਰਿਹਾ ਸੀ। ਸਾਰੇ ਉਡ-ਉਡ ਮਿਲੇ। ਸਿਡਨੀ ਮੈਂ 22 ਦਿਨ ਰੁਕਣਾ ਸੀ। ਅਮਰਜੀਤ ਖੇਲਾ ਨੇ ਆਪਣੇ ਟੀਵੀ ਪ੍ਰੋਗਰਾਮ 'ਆਪਣਾ ਪੰਜਾਬ' ਲਈ ਮੇਰੀਆਂ ਕੁਝ ਰਿਕਾਰਡਿੰਗਾਂ ਕਰਨੀਆਂ ਸਨ। ਸਿਡਨੀ ਵਿੱਚ ਹੋਣ ਵਾਲੇ ਆਪਣੇ ਕੁਝ ਪ੍ਰੋਗਰਾਮਾਂ ਵਿੱਚ ਜਾਣਾ ਸੀ ਤੇ ਇਥੋਂ ਮੈਲਬੌਰਨ ਨੂੰ ਚਲੇ ਜਾਣਾ ਸੀ।
No comments:
Post a Comment