-ਅਹਿਮ ਰਾਜਾਂ ਦੀਆਂ ਚੋਣਾਂ ਲੈ ਕੇ ਆ ਰਹੇ ਅਗਲੇ ਸਾਲ ਲਈ ਵੀ ਆਮ ਆਦਮੀ ਵੇਖੇ ਤਾ ਕਿੱਧਰ ਵੇਖੇ?-
ਨਵਾਂ ਸਾਲ ਚੜ੍ਹਨ ਵਿੱਚ ਸਿਰਫ ਢਾਈ ਮਹੀਨੇ ਰਹਿੰਦੇ ਹਨ। ਇਹ ਗੱਲ ਅਸੀਂ ਇਹ ਚੇਤਾ ਕਰਵਾਉਣ ਲਈ ਨਹੀਂ ਕਹਿ ਰਹੇ ਕਿ ਜਿਸ ਕਿਸੇ ਨੇ ਨਵੇਂ ਸਾਲ ਦੇ ਕਾਰਡ ਭੇਜਣੇ ਹਨ, ਵੇਲੇ ਸਿਰ ਭੇਜ ਦੇਵੇ, ਸਗੋਂ ਇਹ ਦੱਸਣ ਲਈ ਕਹੀ ਹੈ ਕਿ ਅਗਲਾ ਸਾਲ ਭਾਰਤ ਦੀ ਰਾਜਨੀਤੀ ਦੇ ਉਨ੍ਹਾਂ ਵੱਡੇ ਰਾਜਸੀ ਯੁੱਧਾਂ ਦਾ ਸਾਲ ਹੋਣਾ ਹੈ, ਜਿਹੜੇ ਦੇਸ਼ ਦੀ ਦਿਸ਼ਾ ਤੈਅ ਕਰਨ ਵਾਲੇ ਸਾਬਤ ਹੋ ਸਕਦੇ ਹਨ। ਪਾਰਲੀਮੈਂਟ ਦੀਆਂ 542 ਸੀਟਾਂ ਵਿੱਚੋਂ ਅੱਸੀ ਸੀਟਾਂ ਵਾਲੇ ਉੱਤਰ ਪ੍ਰਦੇਸ਼ ਅਤੇ ਪੰਜ ਸੀਟਾਂ ਵਾਲੇ ਉਸ ਨਾਲੋਂ ਤੋੜ ਕੇ ਬਣਾਏ ਉੱਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵੀ ਏਸੇ ਸਾਲ ਹੋਣਗੀਆਂ, ਛੱਬੀ ਸੀਟਾਂ ਵਾਲੇ ਗੁਜਰਾਤ ਦੀਆਂ ਵੀ, ਦੋ-ਦੋ ਸੀਟਾਂ ਵਾਲੇ ਗੋਆ ਅਤੇ ਮਨੀਪੁਰ ਵਰਗੇ ਦੋ ਛੋਟੇ ਰਾਜਾਂ ਦੀਆਂ ਵੀ ਅਤੇ ਤੇਰਾਂ ਸੀਟਾਂ ਵਾਲੇ ਸਾਡੇ ਪੰਜਾਬ ਦੀਆਂ ਵੀ। ਗੱਲ ਸਿਰਫ ਇਹ ਨਹੀਂ ਕਿ ਇਸ ਦੌਰਾਨ ਪਾਰਲੀਮੈਂਟ ਦੀਆਂ ਇੱਕ ਸੌ ਅਠਾਰਾਂ ਸੀਟਾਂ ਦੇ ਵੋਟਰਾਂ ਦਾ ਰੁਝਾਨ ਸਾਹਮਣੇ ਆ ਜਾਵੇਗਾ, ਸਗੋਂ ਇਹ ਵੀ ਹੈ ਕਿ ਇਨ੍ਹਾਂ ਵਿੱਚ ਤਿੰਨ ਰਾਜ ਏਦਾਂ ਦੇ ਹਨ, ਜਿਨ੍ਹਾਂ ਉੱਤੇ ਸਾਰੇ ਦੇਸ਼ ਦੀ ਨਜ਼ਰ ਲੱਗੀ ਹੋਣੀ ਹੈ। ਸਭ ਤੋਂ ਵੱਧ ਸੀਟਾਂ ਵਾਲਾ ਉੱਤਰ ਪ੍ਰਦੇਸ਼ ਸਦਾ ਤੋਂ ਚੁਣੌਤੀ ਦਾ ਮੁੱਖ ਕੇਂਦਰ ਰਿਹਾ ਹੈ, ਗੁਜਰਾਤ ਨੂੰ ਨਰਿੰਦਰ ਮੋਦੀ ਦੇ ਧੱਕੜਸ਼ਾਹ ਰਾਜ ਨੇ ਓਸੇ ਤਰ੍ਹਾਂ ਦਾ ਬਣਾ ਦਿੱਤਾ ਹੈ ਅਤੇ ਪੰਜਾਬ ਪਹਿਲਾਂ ਤੋਂ ਹੀ ਪੱਛਮੀ ਬੰਗਾਲ, ਤਾਮਿਲ ਨਾਡੂ ਜਾਂ ਉੜੀਸਾ ਵਾਂਗ ਨਿਵੇਕਲੇ ਕਿਰਦਾਰ ਦਾ ਹੋਣ ਕਰ ਕੇ ਭਵਿੱਖ ਦੇ ਰਾਜਸੀ ਭੇੜਾਂ ਲਈ ਗੱਠਜੋੜਾਂ ਦੀ ਬਣਤਰ ਪੇਸ਼ ਕਰਨ ਵਿੱਚ ਮੋਹਰੀ ਰਿਹਾ ਹੈ। ਸਭ ਤੋਂ ਪਹਿਲਾ ਚੋਣ ਦੰਗਲ ਪੰਜਾਬ ਵਿੱਚ ਫਰਵਰੀ ਵਿੱਚ ਹੋਣਾ ਹੈ, ਸਾਲ ਦਾ ਅੰਤਲਾ ਚੋਣ ਘੋਲ ਗੁਜਰਾਤ ਵਿੱਚ ਤੇ ਐਨ ਵਿਚਾਲੇ ਉਸ ਉੱਤਰ ਪ੍ਰਦੇਸ਼ ਵਿੱਚ, ਜਿੱਥੇ ਲੜਾਈ ਚਾਰ-ਧਿਰੀ ਇਹੋ ਜਿਹੀ ਜਾਪਦੀ ਹੈ ਕਿ ਹੁਣੇ ਤੋਂ ਮੋਹਰਲੀਆਂ ਦੋ ਧਿਰਾਂ ਦੀ ਨਿਸ਼ਾਨਦੇਹੀ ਕਰ ਸਕਣਾ ਔਖਾ ਹੈ।
ਦੇਸ਼ ਦੇ ਲੋਕ ਹਰ ਵਾਰੀ ਚੋਣਾਂ ਮੌਕੇ ਕੁਝ ਨਾ ਕੁਝ ਨਵਾਂ ਤੇ ਆਸ ਬੰਨ੍ਹਾਉਣ ਵਾਲਾ ਵਾਪਰਨ ਦੀ ਆਸ ਰੱਖਦੇ ਹਨ, ਪਰ ਪਿਛਲੇ ਕਈ ਸਾਲਾਂ ਤੋਂ ਆਸ ਬੰਨ੍ਹਾਉਣ ਦੀ ਥਾਂ ਇਸ ਤੋਂ ਉਲਟ ਨਤੀਜੇ ਸਾਹਮਣੇ ਆਉਂਦੇ ਰਹੇ ਹਨ। ਇਸ ਵਾਰੀ ਵੀ ਕਿਆਫੇ ਕੋਈ ਚੰਗੇ ਨਹੀਂ ਲੱਗ ਰਹੇ। ਕਾਰਨ ਇਸ ਦਾ ਇਹ ਹੈ ਕਿ ਚੋਣ-ਧਿਰਾਂ ਦੇ ਮੋਹਰੀ ਆਗੂਆਂ ਦੀ ਬੋਲ-ਬਾਣੀ ਤੋਂ ਆਮ ਆਦਮੀ ਦੀ ਜ਼ਿੰਦਗੀ ਨੂੰ ਸੌਖਾ ਕਰਨ ਵਾਲਾ ਕੋਈ ਮੁਹਾਵਰਾ ਨਹੀਂ ਨਿਕਲਦਾ, ਸਗੋਂ ਇੱਕ ਦੂਜੇ ਵੱਲ ਏਦਾਂ ਦੇ ਜੰਗੀ ਲਲਕਾਰੇ ਸੁਣਾਈ ਦੇਂਦੇ ਹਨ, ਜਿਨ੍ਹਾਂ ਦਾ ਸਮਾਜੀ ਵਿਕਾਸ ਦੇ ਪੱਖ ਤੋਂ ਕੋਈ ਮਤਲਬ ਹੀ ਨਹੀਂ। ਮਜਬੂਰੀ ਦਾ ਨਾਂਅ ਕੋਈ ਵੀ ਰੱਖ ਸਕਦੇ ਹਾਂ ਤੇ ਲੱਗਦਾ ਹੈ ਕਿ ਇਸ ਵਾਰ ਵੀ ਵੋਟਰ ਓਸੇ ਮਜਬੂਰੀ ਮੂਹਰੇ ਬੇਵੱਸ ਹੋ ਕੇ ਰਹਿ ਜਾਵੇਗਾ।
ਸਾਡੇ ਸਾਹਮਣੇ ਕੇਂਦਰ ਦੀ ਉਹ ਸਰਕਾਰ ਹੈ, ਜਿਸ ਦੇ ਮੁਖੀ ਡਾਕਟਰ ਮਨਮੋਹਨ ਸਿੰਘ ਨੂੰ ਅਸੀਂ ਪਿਛਲੇ ਵੀਹ ਤੋਂ ਵੱਧ ਸਾਲਾਂ ਤੋਂ ਇੱਕ ਈਮਾਨਦਾਰ ਆਗੂ ਦੇ ਤੌਰ ਉੱਤੇ ਸਤਿਕਾਰਦੇ ਆਏ ਹਾਂ। ਹੋਰ ਅਮਲਾਂ ਵਿੱਚ ਈਮਾਨ ਦਾ ਪੱਲਾ ਫੜ ਕੇ ਚੱਲਣ ਵਾਲਾ ਇਹ ਆਗੂ ਆਪਣੇ ਮੰਤਰੀਆਂ ਨੂੰ ਕਿਸੇ ਵੀ ਗਲਤ ਕੰਮ ਲਈ ਰੋਕਣ ਦੀ ਥਾਂ ਪੁਚਕਾਰਨ ਕਰ ਕੇ ਲੋਕਾਂ ਦੇ ਮਨੋਂ ਲੱਥਦਾ ਜਾ ਰਿਹਾ ਹੈ। ਸਿਰਫ ਇਹ ਕਹਿ ਕੇ ਹੁਣ ਨਹੀਂ ਸਾਰਿਆ ਜਾ ਸਕਦਾ ਕਿ ਉਹ ਰਾਜਨੀਤੀ ਬਾਰੇ ਬਹੁਤਾ ਨਹੀਂ ਜਾਣਦਾ। ਜੇ ਬੁੱਤਾ ਸਾਰਨ ਤੋਂ ਵੱਧ ਰਾਜਨੀਤੀ ਸਿੱਖ ਨਾ ਗਿਆ ਹੁੰਦਾ ਤਾਂ ਉਸ ਦੀ ਥਾਂ ਹੁਣ ਤੱਕ ਕੋਈ ਹੋਰ ਇਸ ਕੁਰਸੀ ਉੱਤੇ ਲਿਆ ਕੇ ਬਿਠਾਇਆ ਜਾ ਸਕਦਾ ਸੀ। ਉਸ ਦੀ ਰਾਜਨੀਤੀ ਹੀ ਏਥੋਂ ਤੱਕ ਸੀਮਤ ਹੈ ਕਿ ਜਦੋਂ ਕੁਝ ਮਾੜਾ ਹੋ ਜਾਵੇ, ਕਹਿ ਛੱਡੋ ਕਿ 'ਨਾਲ ਦਿਆਂ ਨੇ ਕੀਤਾ ਸੀ', ਆਪ ਕੁਝ ਕਰੋ ਵੀ ਨਾ, ਕਿਸੇ ਕਰਦੇ ਨੂੰ ਰੋਕੋ ਵੀ ਨਾ ਅਤੇ ਸਭ ਦੇ 'ਸਾਂਝੇ' ਜਿਹੇ ਬਣ ਕੇ ਪ੍ਰਧਾਨ ਮੰਤਰੀ ਵਜੋਂ ਆਪਣੇ ਰਾਜ ਦੇ ਦਿਨ ਵਧਾਈ ਜਾਓ। ਕਰਨਾਟਕਾ ਦੇ ਭਾਜਪਾ ਮੁੱਖ ਮੰਤਰੀ ਯੇਦੂਰੱਪਾ ਨੂੰ ਗੱਦੀ ਮਜਬੂਰ ਹੋ ਕੇ ਛੱਡਣੀ ਪਈ ਤਾਂ ਉਸ ਨੇ ਆਪਣਾ ਪੱਕਾ ਭਰੋਸੇਮੰਦ ਉਸ ਗੱਦੀ ਉੱਤੇ ਬਿਠਾਉਣ ਲਈ ਪਾਰਟੀ ਲੀਡਰਸ਼ਿਪ ਵੀ ਨਾਰਾਜ਼ ਕਰ ਲਈ, ਵਿਧਾਇਕਾਂ ਦੀਆਂ ਵੋਟਾਂ ਵੀ ਪਵਾ ਲਈਆਂ, ਪਰ ਜਿਹੜਾ ਬੰਦਾ ਅੱਗੇ ਆਇਆ, ਉਸ ਨੇ ਤੀਸਰੇ ਦਿਨ ਹੀ ਕਹਿ ਦਿੱਤਾ ਕਿ 'ਮੈਂ ਬਨਵਾਸ ਨੂੰ ਗਏ ਰਾਮ ਦੀ ਥਾਂ ਵਕਤੀ ਤੌਰ ਉੱਤੇ ਰਾਜ-ਗੱਦੀ ਸੰਭਾਲਣ ਵਾਲਾ ਭਰਤ ਨਹੀਂ, ਰਾਜ ਦੇ ਲੋਕ ਵੇਖ ਲੈਣਗੇ ਕਿ ਮੈਂ ਜਿਸ ਰਾਜ ਦੇ ਖਜ਼ਾਨੇ ਵਿੱਚੋਂ ਤਨਖਾਹ ਲੈਂਦਾ ਹਾਂ, ਉਸ ਰਾਜ ਦੇ ਲੋਕਾਂ ਦੀ ਪਹਿਰੇਦਾਰੀ ਕਰਨ ਦਾ ਫਰਜ਼ ਵੀ ਨਿਭਾ ਰਿਹਾ ਹਾਂ'। ਏਦਾਂ ਦੀ ਗੱਲ ਡਾਕਟਰ ਮਨਮੋਹਨ ਸਿੰਘ ਨਾ ਕਹਿ ਸਕੇ ਹਨ, ਨਾ ਕਹਿ ਸਕਦੇ ਹਨ, ਕਿਉਂਕਿ ਉਹ ਰਾਹੁਲ ਗਾਂਧੀ ਦੇ ਆਉਣ ਤੱਕ ਸੀਟ ਨਿੱਘੀ ਰੱਖਣ ਨੂੰ ਬੈਠੇ ਨਹੀਂ, ਬਿਠਾਏ ਗਏ ਹਨ। ਅਗਲੀਆਂ ਚੋਣਾਂ ਵਿੱਚ ਜੇ ਕਾਂਗਰਸ ਦਾ ਗੱਠਜੋੜ ਜਿੱਤ ਗਿਆ ਤਾਂ ਇਸ ਗੱਲ ਦੀ ਕੋਈ ਗਾਰੰਟੀ ਹੀ ਨਹੀਂ ਕਿ ਸਰਦਾਰ ਜੀ ਤੀਸਰੀ ਵਾਰ ਉਸ ਕੁਰਸੀ ਉੱਤੇ ਬੈਠੇ ਨਜ਼ਰ ਆਉਣਗੇ। ਜਿਸ ਵਿਅਕਤੀ ਨੂੰ ਰੋਜ਼ ਸਵੇਰੇ ਇਹੋ ਸੁਣਨ ਨੂੰ ਮਿਲਦਾ ਹੋਵੇ ਕਿ ਉਸ ਦੀ ਥਾਂ ਲੈਣ ਵਾਲਾ ਤਿਆਰ ਕੀਤਾ ਜਾ ਰਿਹਾ ਹੈ, ਉਹ ਆਪਣੇ ਜ਼ਿੰਮੇ ਲੱਗੇ ਕੰਮ ਤਨਦੇਹੀ ਨਾਲ ਕਿਵੇਂ ਕਰ ਸਕਦਾ ਹੈ? ਸਿਰਫ ਬੁੱਤਾ ਸਾਰ ਸਕਦਾ ਹੈ ਤੇ ਉਹ ਸਾਰੀ ਜਾ ਰਿਹਾ ਹੈ।
ਉਸ ਦੀ ਥਾਂ ਲੈਣ ਲਈ ਭਾਰਤੀ ਜਨਤਾ ਪਾਰਟੀ ਅੰਦਰ ਘਮਸਾਣ ਮੱਚਿਆ ਪਿਆ ਹੈ। ਜਿਵੇਂ ਸ਼ੇਅਰ ਬਾਜ਼ਾਰ ਵਿੱਚ ਸਵੇਰੇ ਕਿਸੇ ਕੰਪਨੀ ਦੇ ਸ਼ੇਅਰ ਦਾ ਭਾਅ ਉੱਚਾ ਹੁੰਦਾ ਹੈ ਤੇ ਸ਼ਾਮ ਨੂੰ ਕਿਸੇ ਹੋਰ ਦਾ, ਉਵੇਂ ਹੀ ਇਕ ਦਿਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਕੇ ਅਣਐਲਾਨੇ ਤੌਰ'ਤੇ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਦੂਜੇ ਦਿਨ ਨਰਿੰਦਰ ਮੋਦੀ ਅਤੇ ਤੀਜੇ ਦਿਨ ਸੁਸ਼ਮਾ ਸਵਰਾਜ ਜਾਂ ਅਰੁਣ ਜੇਤਲੀ ਹੋ ਸਕਦੇ ਹਨ। ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਵਰਗੇ ਵੀ ਲਾਈਨ ਵਿੱਚ ਲੱਗੇ ਹੋਏ ਹਨ। ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਮਜ਼ਾਕ ਕਰਦੇ ਹੋਏੇ ਕਹਿ ਗਿਆ ਹੈ ਕਿ ਇਸ ਅਹੁਦੇ ਲਈ ਯੋਗਤਾ ਤਾਂ ਮੇਰੇ ਕੋਲ ਵੀ ਹੈ। ਅੰਤਲਾ ਫੈਸਲਾ ਭਾਵੇਂ ਨਾਗਪੁਰ ਵਿੱਚ ਬੈਠੀ ਆਰ ਐੱਸ ਐੱਸ ਦੀ ਹਾਈ ਕਮਾਨ ਦਾ ਮੰਨਣਾ ਪੈਣਾ ਹੈ, ਪਰ ਉਹ ਹਾਈ ਕਮਾਨ ਵੀ ਰਾਜਸੀ ਭਾਈਵਾਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ, ਇਸ ਲਈ ਸਾਰਾ ਜ਼ੋਰ ਭਾਈਵਾਲਾਂ ਨੂੰ ਖਿੱਚਣ ਵੱਲ ਲੱਗਾ ਪਿਆ ਹੈ। ਬਾਦਲ ਅਕਾਲੀ ਦਲ ਦੇ ਚਾਰ ਮੈਂਬਰ ਆਉਣ ਜਾਂ ਅੱਠ, ਭਾਜਪਾ ਦੀ ਕੋਈ ਧਿਰ ਵੀ ਪਹੁੰਚ ਕਰਨ ਦੀ ਲੋੜ ਨਹੀਂ ਸਮਝਦੀ, ਕਿਉਂਕਿ ਇਨ੍ਹਾਂ ਨੂੰ ਭਾਜਪਾ ਦੀ ਪੂਜਾ ਵਾਲੀ ਥਾਲੀ ਦੀ ਪੱਕੀ ਸਮੱਗਰੀ ਮੰਨਿਆ ਜਾਂਦਾ ਹੈ, ਪੁਜਾਰੀ ਭਾਵੇਂ ਕੋਈ ਹੋਵੇ, ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਵੱਡੀ ਧਿਰ ਨਿਤੀਸ਼ ਕੁਮਾਰ ਦਾ ਜਨਤਾ ਦਲ (ਯੂ) ਹੈ ਅਤੇ ਉਹ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਪਿੱਛੇ ਤੁਲ ਗਿਆ ਹੈ, ਬਾਕੀ ਸਾਰੇ ਦਾਅਵੇਦਾਰ ਪਿੱਛੇ ਹਟਦੇ ਨਜ਼ਰ ਆ ਰਹੇ ਹਨ, ਪਰ ਪਿੱਛੇ ਹਟਣ ਦਾ ਮਤਲਬ ਇਹ ਨਹੀਂ ਕਿ ਉਹ ਚਾਲਾਂ ਛੱਡ ਗਏ ਹਨ, ਸਗੋਂ ਉਹ ਗੁੱਝੀ ਮਾਰ ਸ਼ੁਰੂ ਕਰ ਚੁੱਕੇ ਹਨ। ਅਡਵਾਨੀ ਦੇ ਪੁਰਾਣੇ ਕਿੱਸੇ ਹੁਣ ਮੀਡੀਏ ਨੂੰ ਲੀਕ ਕੀਤੇ ਜਾ ਰਹੇ ਹਨ ਤੇ ਮੀਡੀਆ ਇਨ੍ਹਾਂ ਨੂੰ ਕਿਸ਼ਤਾਂ ਵਿੱਚ ਪੇਸ਼ ਕਰ ਰਿਹਾ ਹੈ।
ਦੋਵਾਂ ਵੱਡੀਆਂ ਧਿਰਾਂ ਨਾਲੋਂ ਵੀ ਵੱਧ ਕਿਉਂਕਿ ਸਭ ਦੀ ਨਜ਼ਰ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਉੱਤੇ ਹੈ, ਇਸ ਲਈ ਵੱਡੀ ਜੰਗ ਓਥੇ ਹੀ ਹੋਣੀ ਹੈ, ਜਿਸ ਲਈ ਫੌਜਾਂ ਮੈਦਾਨ ਵਿੱਚ ਨਿਕਲ ਤੁਰੀਆਂ ਹਨ। ਕਾਂਗਰਸ ਪਾਰਟੀ ਕੋਲ 'ਵੰਨ ਮੈਨ ਆਰਮੀ' ਰਾਹੁਲ ਗਾਂਧੀ ਹੈ, ਜਿਸ ਦੀ ਟੇਕ ਇਸ ਗੱਲ ਉੱਤੇ ਹੈ ਕਿ ਉਹ ਕਦੇ ਨਾ ਕਦੇ ਅਚਾਨਕ ਹੀ ਕਿਸੇ 'ਦਲਿਤ' ਦੇ ਘਰ ਜਾ ਕੇ ਰੋਟੀ ਖਾ ਕੇ ਸਮਝ ਲੈਂਦਾ ਹੈ ਕਿ ਵੋਟਾਂ ਜੋਗਾ ਕੰਮ ਹੋ ਗਿਆ ਹੈ। ਫਰਕ ਇਸ ਨਾਲ ਜ਼ਰੂਰ ਪਵੇਗਾ, ਪਰ ਇਹ ਇੱਕੋ ਫਾਰਮੂਲਾ ਬੇੜੀ ਪਾਰ ਨਹੀਂ ਲਾ ਸਕਦਾ। ਲੋਕਾਂ ਨੇ ਇਹ ਵੀ ਵੇਖਣਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਤੁਰੇ ਫਿਰਦੇ ਲੋਕ ਕਿਸ ਤਰ੍ਹਾਂ ਦੇ ਹਨ ਤੇ ਇਸ ਬਾਰੇ ਚਰਚਾ ਕਈ ਵਾਰ ਚੱਲ ਚੁੱਕੀ ਹੈ ਕਿ ਮਾੜੇ ਤੱਤ ਮੰਨੇ ਜਾਂਦੇ ਕੁਝ ਧੜਵੈਲ ਵੀ ਉਸ ਦੇ ਨਾਲ ਤੁਰੇ ਫਿਰਦੇ ਹਨ। ਪੰਜਾਬ ਦੇ ਕੁਝ ਸਰਹੱਦੀ ਹਲਕਿਆਂ ਬਾਰੇ ਕਿਹਾ ਜਾਂਦਾ ਹੈ ਕਿ ਓਥੇ ਉਹ ਉਮੀਦਵਾਰ ਚੋਣ ਜਿੱਤਦਾ ਹੈ, ਜਿਹੜਾ ਸਰਹੱਦ ਤੋਂ ਪਾਰ ਦਾ ਲੁਕਵਾਂ ਕਾਰੋਬਾਰ ਕਰਨ ਵਾਲਿਆਂ ਦਾ ਸਾਥ ਲੈ ਸਕਦਾ ਹੋਵੇ ਅਤੇ ਯੂ ਪੀ ਦੇ ਕਈ ਹਲਕਿਆਂ ਬਾਰੇ ਇਹ ਸਾਫ ਹੈ ਕਿ ਓਥੇ ਜਿੱਤਣ ਦਾ ਇੱਕੋ ਫਾਰਮੂਲਾ ਇਹ ਹੈ ਕਿ ਇਲਾਕੇ ਦਾ ਸਭ ਤੋਂ ਵੱਡਾ ਲੱਠ-ਮਾਰ ਆਪਣੇ ਨਾਲ ਜੋੜ ਲਿਆ ਜਾਵੇ। ਇਹ ਕੰਮ ਯੂ ਪੀ ਵਿੱਚ ਤਾਂ ਕਰਨਾ ਹੀ ਹੈ, ਰਾਜਸਥਾਨ ਵਿੱਚ ਜਾ ਕੇ ਵੀ ਰਾਹੁਲ ਗਾਂਧੀ ਕਰ ਆਇਆ ਹੈ। ਓਥੇ ਇੱਕ ਥਾਂ ਫਿਰਕੂ ਦੰਗੇ ਦੇ ਪੀੜਤਾਂ ਦੀ ਸਾਰ ਲੈਣ ਲਈ ਉਹ ਉਸ ਬੰਦੇ ਨਾਲ ਮੋਟਰ ਸਾਈਕਲ ਉੱਤੇ ਬੈਠ ਕੇ ਘੁੰਮਿਆ, ਜਿਸ ਦੇ ਖਿਲਾਫ ਕਤਲ ਤੱਕ ਦੇ ਮੁਕੱਦਮੇ ਚੱਲ ਰਹੇ ਹਨ ਅਤੇ ਕਿਸੇ ਕੇਸ ਵਿੱਚ ਉਹ ਅਦਾਲਤ ਦਾ ਭਗੌੜਾ ਵੀ ਕਿਹਾ ਜਾਂਦਾ ਹੈ। ਅਪਰਾਧੀਆਂ ਨੂੰ ਨਾਲ ਲੈ ਕੇ ਤੁਰਿਆ ਰਾਹੁਲ ਗਾਂਧੀ ਫਿਰ ਮਾਇਆਵਤੀ ਦੇ ਰਾਜ ਨੂੰ 'ਗੁੰਡਾ ਰਾਜ' ਕਹਿ ਕੇ ਵੋਟਾਂ ਕਿਸ ਮੂੰਹ ਨਾਲ ਮੰਗੇਗਾ?
ਮੁਲਾਇਮ ਸਿੰਘ ਯਾਦਵ ਦਾ ਪਾਣੀ ਤਾਂ ਲੱਥਾ ਨਜ਼ਰ ਆਉਂਦਾ ਹੈ ਅਤੇ ਭਾਜਪਾ ਵੀ ਹੁਣ ਯੂ ਪੀ ਵਿੱਚ ਪਹਿਲਾਂ ਵਾਂਗ ਮਜ਼ਬੂਤ ਨਹੀਂ ਦਿੱਸਦੀ, ਪਰ ਜਿਸ ਮਾਇਆਵਤੀ ਨਾਲ ਲੜਾਈ ਹੋਣੀ ਹੈ, ਉਹ ਵੀ ਕਿਸੇ ਚੱਜ-ਆਚਾਰ ਜਾਂ ਸਿਧਾਂਤ ਨਾਲ ਵਾਸਤਾ ਰੱਖੇ ਬਿਨਾਂ ਧੱਕੜਸ਼ਾਹੀ ਦੀ ਰਾਜਨੀਤੀ ਕਰਦੀ ਹੈ। ਹੁਣੇ ਜਿਹੇ ਉਸ ਨੇ ਕਰੋੜਾਂ ਰੁਪੈ ਦੀ ਲਾਗਤ ਵਾਲੇ ਪਾਰਕ ਦਾ ਉਦਘਾਟਨ ਕੀਤਾ ਹੈ। ਖੂਬਸੂਰਤ ਪਾਰਕ ਬਣਾਉਣਾ ਗਲਤ ਨਹੀਂ, ਉਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੇ ਨਾਲ ਬਾਬੂ ਕਾਂਸ਼ੀ ਰਾਮ ਦੀ ਮੂਰਤੀ ਵੀ ਕੋਈ ਜਾਇਜ਼ ਮੰਨ ਲਵੇਗਾ, ਪਰ ਮਾਇਆਵਤੀ ਦਾ ਆਪਣੀ ਮੂਰਤੀ ਲਾਉਣਾ ਤੇ ਫਿਰ ਆਪ ਹੀ ਉਸ ਮੂਰਤੀ ਨੂੰ ਹਾਰ ਪਹਿਨਾ ਕੇ ਉਸ ਦੇ ਚਰਨਾਂ ਵਿੱਚ ਫੁੱਲ ਭੇਟ ਕਰਨਾ ਮੂਲੋਂ ਹੀ ਹਾਸੋਹੀਣਾ ਲੱਗਦਾ ਹੈ। ਉਹ ਇਹ ਗੱਲ ਵੀ ਕਈ ਵਾਰ ਕਹਿ ਚੁੱਕੀ ਹੈ ਕਿ ਪੁਰਾਣੀਆਂ ਦੇਵੀਆਂ ਨੇ ਕੁਝ ਨਹੀਂ ਦਿੱਤਾ, ਮੈਂ ਅੱਜ ਦੀ ਦੇਵੀ ਹਾਂ, ਮੇਰੀ ਪੂਜਾ ਕਰਿਆ ਕਰੋ। ਜਦੋਂ ਉਸ ਦੇ ਗਲ਼ ਕਰੋੜਾਂ ਰੁਪੈ ਦਾ ਨੋਟਾਂ ਦਾ ਹਾਰ ਪਾਏ ਜਾਣ ਤੋਂ ਰੌਲਾ ਪਿਆ ਸੀ ਤਾਂ ਅਗਲੇਰੇ ਦਿਨ ਉਸ ਨੇ ਓਹੋ ਜਿਹਾ ਇੱਕ ਹੋਰ ਹਾਰ ਪਵਾ ਕੇ ਕਹਿ ਦਿੱਤਾ ਸੀ ਕਿ 'ਕਰ ਲਓ ਜੋ ਕਰਨਾ ਹੈ, ਸਾਨੂੰ ਕੋਈ ਪ੍ਰਵਾਹ ਨਹੀਂ।' ਉਸ ਦੇ ਪੈਰੋਕਾਰ ਉਸ ਦੀ ਇਸ 'ਹਿੰਮਤ' ਦੀ ਵੀ ਦਾਦ ਦੇਂਦੇ ਹਨ। ਰਾਜਸੀ ਪੈਂਤੜੇ ਵੀ ਉਸ ਨੇ ਚੁਟਕੀਆਂ ਨਾਲ ਬਦਲੇ ਹੋਏ ਹਨ ਤੇ ਨਾਹਰੇ ਵੀ। ਇੱਕ ਮੌਕੇ ਉਸ ਨੇ ਦਲਿਤਾਂ ਨੂੰ ਉਭਾਰਨ ਲਈ ਉੱਚੀ ਜਾਤ ਕਹੇ ਜਾਣ ਵਾਲਿਆਂ ਦੇ ਵਿਰੁੱਧ ਇਹ ਨਾਅਰਾ ਲਾ ਦਿੱਤਾ ਸੀ: 'ਤਿਲਕ ਤਰਾਜ਼ੂ ਔਰ ਤਲਵਾਰ, ਇਨ ਕੋ ਮਾਰੋ ਜੂਤੇ ਚਾਰ', ਪਰ ਜਦੋਂ ਰਾਜਸੀ ਘੋਲ ਵਿੱਚ ਉੱਚੀ ਜਾਤੀ ਦੀ ਬ੍ਰਾਹਮਣ ਧਿਰ ਨੂੰ ਨਾਲ ਜੋੜਨਾ ਸੀ, ਓਦੋਂ ਬ੍ਰਾਹਮਣਾਂ ਦੀ ਖੁਸ਼ੀ ਵਾਸਤੇ ਇਹ ਨਾਹਰਾ ਲਾ ਦਿੱਤਾ: 'ਬ੍ਰਾਹਮਣ ਸੰਖ ਬਜਾਏਗਾ, ਹਾਥੀ ਬੜਤਾ ਜਾਏਗਾ'। ਹਾਥੀ ਉਸ ਦਾ ਚੋਣ ਨਿਸ਼ਾਨ ਹੈ। ਹੁਣ ਜਿਸ ਪਾਰਕ ਵਿੱਚ ਵੱਡੀਆਂ ਸਤਿਕਾਰਤ ਹਸਤੀਆਂ ਦੇ ਬੁੱਤਾਂ ਦੇ ਨਾਲ ਮਾਇਆਵਤੀ ਨੇ ਆਪਣੀਆਂ ਮੂਰਤੀਆਂ ਲਾਈਆਂ ਹਨ, ਉਸ ਵਿੱਚ ਮਹਿੰਗੇ ਸੰਗਮਰਮਰ ਵਾਲੇ ਸੈਂਕੜਿਆਂ ਦੇ ਹਿਸਾਬ ਨਾਲ ਹਾਥੀ ਦੇ ਬੁੱਤ ਵੀ ਲਾ ਦਿੱਤੇ ਹਨ। ਭਾਰਤ ਦਾ ਰਾਜਕੀ ਨਿਸ਼ਾਨ 'ਤਿੰਨ ਸ਼ੇਰ' ਅਸਲ ਵਿੱਚ ਅਸ਼ੋਕ ਸਤੰਭ ਵਾਲੇ ਥੰਮ੍ਹ ਦੇ ਸਿਰੇ ਉੱਤੇ ਬਣੇ ਹੋਏ ਚਾਰ ਸ਼ੇਰ ਹਨ, ਬੀਬੀ ਨੇ ਇਨ੍ਹਾਂ ਪਾਰਕਾਂ ਵਿੱਚ ਉਸ ਦੀ ਥਾਂ ਚਾਰੇ ਪਾਸੇ ਸੁੰਡ ਚੁੱਕੀ ਖੜੇ ਚਾਰ ਹਾਥੀ ਦੇ ਥੰਮ੍ਹ ਲਾ ਕੇ ਸਰਕਾਰੀ ਨਿਸ਼ਾਨ ਦਾ ਬਦਲ ਪੇਸ਼ ਕਰ ਦਿੱਤਾ ਹੈ। ਉਹ ਜਾਣਦੀ ਹੈ ਕਿ ਜਿੰਨਾ ਉਸ ਦਾ ਵਿਰੋਧ ਹੋਵੇਗਾ, ਉਸ ਦੇ ਸਮਰਥਕ ਓਨੇ ਹੋਰ ਨਾਲ ਜੁੜਨਗੇ।
ਗੁਜਰਾਤ ਦੇ ਨਰਿੰਦਰ ਮੋਦੀ ਦੀ ਗੱਲ ਅਸੀਂ ਨਹੀਂ ਛੇੜ ਰਹੇ, ਕਿਉਂਕਿ ਬਹੁਤ ਕੁਝ ਕਿਹਾ ਜਾ ਚੁੱਕਾ ਹੈ, ਪਰ ਸਾਡੇ ਪੰਜਾਬ ਦੀ ਚਰਚਾ ਕੀਤੇ ਬਿਨਾਂ ਬਾਤ ਅਧੂਰੀ ਜਾਪੇਗੀ। ਏਥੇ ਵੀ ਹਾਲਤ ਮਾਇਆਵਤੀ ਵਰਗੀ ਬਣੀ ਜਾ ਰਹੀ ਹੈ। ਸਾਰਾ ਕੁਝ ਇਸ ਤਰ੍ਹਾਂ ਦਾ ਹੈ, ਜਿਸ ਨੂੰ ਪੰਜਾਬੀ ਮੁਹਾਵਰੇ ਵਿੱਚ 'ਲਾਹ ਦਿੱਤੀ ਲੋਈ ਤਾਂ ਕੀ ਕਰੇਗਾ ਕੋਈ' ਕਹਿ ਕੇ ਸਾਰਿਆ ਜਾ ਸਕਦਾ ਹੈ। ਇਸ ਹਫਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਰਾਸਤ ਪਿੰਡ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਦਾ ਨੀਂਹ ਪੱਥਰ 2003 ਵਿੱਚ 'ਮੇਰਾ ਪਿੰਡ' ਨਾਂਅ ਦੀ ਸ਼ਾਹਕਾਰ ਰਚਨਾ ਪੇਸ਼ ਕਰਨ ਵਾਲੇ ਸਿਰਮੌਰ ਲੇਖਕ ਗਿਆਨੀ ਗੁਰਦਿੱਤ ਸਿੰਘ ਰੱਖ ਚੁੱਕੇ ਸਨ। ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਆਨੰਦਪੁਰ ਸਾਹਿਬ ਆ ਕੇ ਉਸ ਵਿਰਾਸਤੀ ਕੰਪਲੈਕਸ ਦਾ ਉਦਘਾਟਨ ਕਰਨ ਦਾ ਸੱਦਾ ਦੇ ਦਿੱਤਾ ਹੈ, ਜਿਸ ਦਾ ਉਦਘਾਟਨ ਸਾਲ 2006 ਵਿੱਚ ਇੱਕ ਸੌ ਇੱਕ ਸੰਤਾਂ-ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਓਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਵਾ ਚੁੱਕੇ ਸਨ। ਇੱਕ-ਇੱਕ ਪਰਾਜੈਕਟ ਦੇ ਦੋ-ਦੋ ਉਦਘਾਟਨ ਜਾਂ ਨੀਂਹ-ਪੱਥਰ ਅਤੇ ਪ੍ਰਾਜੈਕਟ ਅਜੇ ਪੂਰੇ ਨਹੀਂ ਹੋਏ ਅਤੇ ਪੂਰੇ ਹੋਣ ਦੀ ਆਸ ਵੀ ਨਹੀਂ।
ਜਦੋਂ ਹਰ ਪਾਸੇ ਲੋਕਾਂ ਸਾਹਮਣੇ ਲੀਡਰਸ਼ਿਪ ਦਾ ਸੰਕਟ ਪੇਸ਼ ਹੈ, ਓਦੋਂ ਲੈ-ਦੇ ਕੇ ਅੰਨਾ ਹਜ਼ਾਰੇ ਦੀ ਟੀਮ ਤੋਂ ਆਸ ਜਾਗੀ ਸੀ, ਉਹ ਸ਼ਿਰਾਜਾ ਵੀ ਖਿੱਲਰਦਾ ਨਜ਼ਰ ਆ ਰਿਹਾ ਹੈ। ਪਹਿਲਾਂ ਉਸ ਦੇ ਜੰਤਰ-ਮੰਤਰ ਵਾਲੇ ਮੰਚ ਉੱਤੇ ਯੋਗਾ ਦੇ ਛੜੱਪੇ ਲਾਉਣ ਵਾਲਾ ਬਾਬਾ ਰਾਮਦੇਵ ਥੋੜ੍ਹੇ ਦਿਨ ਬਾਅਦ ਆਪਣੀ 'ਢਾਈ ਪਾ ਦੀ ਖਿਚੜੀ' ਵੱਖਰੀ ਰਿੰਨ੍ਹਣ ਲੱਗਾ ਪੁਲਸ ਦੀ ਕੁੱਟ ਖਾ ਕੇ ਆਪਣੇ ਕਾਰੋਬਾਰ ਦਾ ਕੱਚਾ ਚਿੱਠਾ ਜ਼ਾਹਰ ਕਰਵਾ ਬੈਠਾ ਸੀ। ਫਿਰ ਜਦੋਂ ਰਾਮ ਲੀਲਾ ਮੈਦਾਨ ਵਿੱਚ ਅੰਨਾ ਨੇ ਵਰਤ ਰੱਖਿਆ ਤਾਂ ਸਵਾਮੀ ਅਗਨੀਵੇਸ਼ ਦੀ ਕੇਂਦਰ ਸਰਕਾਰ ਦੇ ਇੱਕ ਮੰਤਰੀ ਨਾਲ ਅੰਦਰ ਖਾਤੇ ਕੀਤੀ ਗੰਢ ਤੁਪ ਦੇ ਬਾਹਰ ਆਉਣ ਨਾਲ ਉਸ ਨੂੰ ਪਾਸੇ ਕਰਨਾ ਪੈ ਗਿਆ। ਬੀਤਿਆ ਹਫਤਾ ਇਸ ਪਾਟਕ ਦੇ ਹੋਰ ਸੰਕੇਤ ਦੇ ਗਿਆ। ਟੀਮ ਅੰਨਾ ਦੇ ਇੱਕ ਅਹਿਮ ਮੈਂਬਰ ਪ੍ਰਸ਼ਾਂਤ ਭੂਸ਼ਣ ਨੇ ਕਿਸੇ ਸੈਮੀਨਾਰ ਵਿੱਚ ਕਸ਼ਮੀਰ ਦੇ ਸਵਾਲ ਉੱਤੇ ਏਦਾਂ ਦੀ ਰਾਏ ਪ੍ਰਗਟ ਕਰ ਦਿੱਤੀ ਕਿ ਭਾਰਤ ਦੀ ਮੁੱਖ ਧਾਰਾ ਨਾਲ ਜੁੜਿਆ ਕੋਈ ਵੀ ਬੰਦਾ ਇਸ ਤੋਂ ਕੌੜ ਖਾ ਸਕਦਾ ਸੀ। ਹਿੰਦੂਤੱਵ ਨਾਲ ਜੁੜੇ ਜਿਹੜੇ ਸੰਗਠਨ ਹੋਰ ਕਿਸੇ ਤਰ੍ਹਾਂ ਉੱਭਰ ਨਹੀਂ ਸੀ ਸਕਦੇ, ਉਨ੍ਹਾਂ ਨੇ ਮੌਕਾ ਵਰਤਿਆ ਤੇ ਪ੍ਰਸ਼ਾਂਤ ਦੇ ਚੈਂਬਰ ਵਿੱਚ ਜਾ ਕੇ ਕੁੱਟ-ਮਾਰ ਕਰ ਆਏ। ਇਸ ਤੋਂ ਮਾਮਲਾ ਹੋਰ ਚਰਚਿਤ ਹੋ ਗਿਆ। ਅੰਨਾ ਦੀ ਪੂਰੀ ਟੀਮ ਨੂੰ ਉਸ ਬਿਆਨ ਨਾਲੋਂ ਵੱਖਰੇ ਹੋਣ ਦਾ ਐਲਾਨ ਕਰਨਾ ਪਿਆ। ਭਾਵੇਂ ਇਹ ਗੱਲ ਉਨ੍ਹਾਂ ਨੇ ਵਿਚਾਰ ਕਰ ਕੇ ਕਹਿ ਦਿੱਤੀ ਕਿ ਪ੍ਰਸ਼ਾਂਤ ਨੂੰ ਟੀਮ ਤੋਂ ਪਾਸੇ ਨਹੀਂ ਕੀਤਾ ਜਾਵੇਗਾ, ਪਰ ਵਖਰੇਵਾਂ ਤਾਂ ਜ਼ਾਹਰ ਹੋ ਹੀ ਗਿਆ। ਉਸ ਦੇ ਪਿੱਛੋਂ ਇਸ ਟੀਮ ਦੇ ਅਹਿਮ ਮੈਂਬਰ ਅਤੇ ਸਾਬਕਾ ਜਸਟਿਸ ਸੰਤੋਸ਼ ਹੇਗੜੇ ਨੇ ਹਿਸਾਰ ਦੀ ਚੋਣ ਮੁਹਿੰਮ ਵਿੱਚ ਜਾ ਕੇ ਕੁੱਦਣ ਦੀ ਜਨਤਕ ਤੌਰ'ਤੇ ਵਿਰੋਧਤਾ ਕਰ ਕੇ ਕਹਿ ਦਿੱਤਾ ਕਿ ਸਾਡਾ ਗੈਰ-ਰਾਜਨੀਤਕ ਮੰਚ ਹੈ, ਏਦਾਂ ਹੀ ਰੱਖਣਾ ਬਣਦਾ ਹੈ, ਜੋ ਹਿਸਾਰ ਵਿੱਚ ਕੀਤਾ ਗਿਆ, ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਨਤੀਜੇ ਵਜੋਂ ਭਾਰਤ ਦੇ ਲੀਡਰਾਂ ਨੂੰ ਰਾਹੇ ਪਾਉਣ ਦਾ ਮਕਸਦ ਲੈ ਕੇ ਮੈਦਾਨ ਵਿੱਚ ਆਈ ਅੰਨਾ ਟੀਮ ਦੇ ਆਪਣੇ ਮੈਂਬਰ 'ਜਿੰਨੇ ਮੂੰਹ, ਓਨੀਆਂ ਗੱਲਾਂ' ਨਾਲ ਪਾਟੋਧਾੜ ਹੋਏ ਲੱਭਦੇ ਹਨ।
ਜਦੋਂ ਇਹ ਸਾਲ ਮੁੱਕਣ ਅਤੇ ਅਗਲਾ ਉਹ ਚੜ੍ਹਨ ਵਾਲਾ ਹੈ, ਜਿਸ ਵਿੱਚ ਬੜੇ ਅਹਿਮ ਰਾਜਾਂ ਦੀ ਗੱਦੀ ਦਾਅ ਉੱਤੇ ਲੱਗੀ ਹੋਣੀ ਹੈ, ਓਦੋਂ ਇੱਕ ਵਾਰੀ ਫਿਰ ਭਾਰਤ ਦੇ ਆਮ ਆਦਮੀ ਮੂਹਰੇ ਇਹ ਸੰਕਟ ਹੈ ਕਿ ਉਹ ਅਗਵਾਈ ਲਈ ਵੇਖੇ ਤਾਂ ਕਿਸ ਵੱਲ ਵੇਖੇ?
No comments:
Post a Comment