ਅਜਿਹਾ ਕਿਉਂ ਹੁੰਦਾ ਹੈ ???

ਹਰਮੰਦਰ ਕੰਗ (ਸਿਡਨੀ) ਆਸਟ੍ਰੇਲੀਆ
ਮਨੁੱਖੀ ਜੀਵਨ ਬਹੁਤ ਜਟਿਲ ਹੈ।ਜਿੰਦਗੀ ਦੇ ਭੇਤ ਨੂੰ ਕੋਈ ਨਹੀਂ ਜਾਂਣ ਸਕਿਆ।ਜੀਵਨ ਵਿੱਚ ਵਿਚਰਦਿਆਂ ਅਸੀਂ ਹਰ ਰੋਜ ਅਨੇਕਾਂ ਘਟਨਾਵਾਂ ਦੇ ਸਨਮੁੱਖ ਹੁੰਦੇ ਹਾਂ।ਕਈ ਸਰਲ ਘਟਨਾਵਾਂ ਨੂੰ ਤਾਂ ਅਸੀਂ ਸਹਿਜੇ ਹੀ ਭੁਲਾ ਦਿੰਦੇ ਹਾਂ।ਪਰ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿੰਨਾਂ੍ਹ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਇਹ ਸਾਡੇ ਜੀਵਨ ਦੇ ਨਾਲ ਨਾਲ ਚਲਦੀਆਂ ਹਨ।ਹਰ ਰੋਜ ਅਸੀਂ ਅਨੇਕਾਂ ਥਾਵਾਂ ਤੇ ਜਾਂਦੇ ਹਾਂ ਅਨੇਕਾਂ ਲੋਕਾਂ ਨੂੰ ਮਿਲਦੇ ਹਾਂ ਅਤੇ ਇਸੇ ਦੌਰਾਨ ਹੀ ਕਈ ਅਜਿਹੇ ਪਲ ਆਉਂਦੇ ਹਨ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਅਜਿਹਾ ਕਿਉਂ ਹੁੰਦਾ ਹੈ? ਅਜਿਹੀਆਂ ਸਥਿਤੀਆਂ ਨੂੰ ਕਈ ਵਾਰੀ ਸ਼ਬਦਾਂ ਵਿੱਚ ਬਿਆਨ ਕਰਨਾਂ ਵੀ ਔਖਾ ਹੋ ਜਾਂਦਾ ਹੈ।ਇਸ ਲੇਖ ਵਿੱਚ ਬਿਆਨ ਕੀਤੀਆਂ ਜਾਣ ਵਾਲੀਆਂ ਬਹੁਤੀਆਂ ਗੱਲਾਂ ਨੱਬੇ ਪ੍ਰਤੀਸ਼ਤ ਲੋਕਾਂ ਨਾਲ ਵਾਪਰਦੀਆਂ ਹਨ।
ਕਈ ਵਾਰ ਅਸੀਂ ਅਚਨਚੇਤ ਕਿਸੇ ਵਿਅਕਤੀ,ਦੋਸਤ ਜਾਂ ਰਿਸ਼ਤੇਦਾਰ ਨੂੰ ਯਾਦ ਕਰ ਲੈਂਦੇ ਹਾਂ ਜਾਂ ਉਸ ਵਿਅਕਤੀ ਨਾਲ ਸੰਬੰਧਤ ਕੋਈ ਗੱਲ ਕਰਦੇ ਹਾਂ।ਹੈਰਾਨੀ ਉਦੋਂ ਹੁੰਦੀ ਹੈ ਜਦ ਥੋੜਾ ਸਮਾਂ ਪਹਿਲਾਂ ਯਾਦ ਕੀਤੇ ਜਾਣ ਵਾਲਾ ਵਿਅਕਤੀ ਸਾਡੇ ਸਾਹਮਣੇ ਦਿਸ ਪੈਂਦਾ ਹੈ।ਅਜਿਹਾ ਅਕਸਰ ਹੀ ਹੁੰਦਾ ਹੈ ਅਤੇ ਬਹੁਤੇ ਲੋਕਾਂ ਨਾਲ ਹੁੰਦਾ ਹੈ।
ਕਈ ਵਾਰੀ ਕੋਈ ਕੰਮ ਕਰਦੇ ਸਮੇਂ ਸਾਨੂੰ ਥੋੜੇ ਜਿਹੇ ਮਾਤਰ ਦੋ ਸੈਕਿੰਡ ਲਈ ਇਹ ਮਹਿਸੂਸ ਹੁੰਦਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਜਾਂ ਜਿਸ ਤਰਾਂ ਦੀ ਅਵਸਥਾ ਵਿੱਚ ਦੀ ਮੈਂ ਇਸ ਵੇਲੇ ਗੁਜਰ ਰਿਹਾ ਹਾਂ,ਠੀਕ ਇਸੇ ਤਰਾਂ ਦੀ ਹਾਲਤ ਵਿੱਚੋ ਦੀ ਮੈਂ ਪਹਿਲਾਂ ਵੀ ਗੁਜਰਿਆ ਹੋਇਆ ਹਾਂ।ਭਾਵੇ ਇਹ ਅਵਸਥਾ ਕੁੱਝ ਕੁ ਪਲਾਂ ਦੀ ਹੁੰਦੀ ਹੈ ਪਰ ਸਾਨੂੰ ਆਪਣੇ ਆਪ ਨੂੰ ਸਵਾਲ ਖੜੇ ਕਰ ਜਾਂਦੀ ਹੈ ਕਿ ਕਿਤੇ ਇਹ ਅਵਸਥਾ ਮੈਂ ਕਿਤੇ ਸੁਪਨੇਂ ਵਿੱਚ ਤਾਂ ਨਹੀਂ ਦੇਖੀ।
ਸੁਪਨਿਆਂ ਦਾ ਸੰਸਾਰ ਵੀ ਇੱਕ ਵਿਲੱਖਣ ਸੰਸਾਰ ਹੈ।ਸੁਪਨੇਂ ਹਰ ਵਿਅਕਤੀ ਨੂੰ ਆਉਂਦੇ ਹਨ।ਮਨੋਂ-ਵਿਗਿਆਨੀਆਂ ਦਾ ਕਹਿਣਾਂ ਹੈ ਕਿ ਕਿਸੇ ਵੀ ਸੁਪਨੇਂ ਦੀ ਔਸਤ ਲੰਬਾਈ ਮਹਿਜ ਤਿੰਨ ਮਿੰਟ ਤੋਂ ਵੱਧ ਨਹੀਂ ਹੁੰਦੀ।ਇਹਨਾਂ ਨੇਂ ਨੀਂਦ ਦੀ ਅਵਸਥਾ ਨੂੰ ਵੀ ਕਈ ਭਾਗਾਂ ਵਿੱਚ ਵੰਡਿਆ ਹੈ।ਮਨੋਂਵਿਗਿਆਨ ਦੇ ਵਿਸ਼ਲੇਸ਼ਕਾਂ ਦਾ ਕਹਿਣਾਂ ਹੈ ਕਿ ਸਾਡੀਆਂ ਅਧੂਰੀਆਂ ਇਛਾਵਾਂ ਸਾਡੇ ਅਚੇਤ ਮਨ ਵਿੱਚ ਰਹਿ ਜਾਂਦੀਆਂ ਹਨ ਜੋ ਫਿਰ ਸੁਪਨਿਆਂ ਦਾ ਰੂਪ ਧਾਰਨ ਕਰਦੀਆਂ ਹਨ।ਖੈਰ ਇਹ ਇੱਕ ਲੰਮੀਂ ਗੱਲਬਾਤ ਦਾ ਵਿਸ਼ਾ ਹੈ।ਪਰ ਕਈ ਵਾਰੀ ਸੁਪਨਿਆਂ ਦੇ ਸੰਬੰਧ ਵਿੱਚ ਸਾਡੇ ਨਾਲ ਕਈ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰਦੀਆਂ ਹਨ।ਦੁਨੀਆਂ ਵਿੱਚ ਅਨੇਕਾਂ ਵਿਅਕਤੀਆਂ ਨੇ ਖੁਲਾਸੇ ਕੀਤੇ ਹਨ ਕਿ ਉਹਨਾਂ ਨਾਲ ਦਿਨ ਵੇਲੇ ਵਾਪਰੀਆਂ ਘਟਨਾਵਾਂ ਨੂੰ ਉਹਨਾਂ ਨੇ ਸੁਪਨੇ ਦੇ ਰੂਪ ਵਿੱਚ ਪਹਿਲਾਂ ਹੀ ਵੇਖਿਆ ਹੋਇਆ ਸੀ।ਇਟਲੀ ਦੀ ਇੱਕ ਔਰਤ ਦਾ ਛੇ ਕੁ ਸਾਲ ਦਾ ਇਕਲੌਤਾ ਪੁੱਤਰ ਕਿਤੇ ਗੁੰਮ ਹੋ ਗਿਆ।ਬਹੁਤ ਭਾਲ ਕਰਨ ਦੇ ਬਾਵਜੂਦ ਵੀ ਉਸਨੂੰ ਆਪਣੇਂ ਪੁੱਤਰ ਦਾ ਕੋਈ ਥਹੁ ਪਤਾ ਨਾਂ ਲੱਗਾ।ਉਸਨੂੰ ਅਕਸਰ ਆਪਣੇਂ ਪੁੱਤਰ ਦੇ ਸੁਪਨੇਂ ਆaੁਂਦੇ ਰਹਿੰਦੇ ਤੇ ਉਹ ਅਕਸਰ ਤ੍ਰਭਕ ਕੇ ਉੱਠ ਜਾਂਦੀ।ਇੱਕ ਦਿਨ ਉਹ ਸੁਵੱਖਤੇ ਉੱਠੀ ਅਤੇ ਆਪਣੇਂ ਪਿੰਡ ਤੋਂ ਅੱਸੀ ਕਿਲੋਮੀਟਰ ਦੂਰ ਸ਼ਹਿਰ ਜਾਂਣ ਲਈ ਟਰੇਨ ਤੇ ਚੜ ਗਈ।ਸ਼ਹਿਰ ਤੋਂ ਵੀਹ ਕਿਲੋਮੀਟਰ ਪਹਿਲਾਂ ਉਸ ਨੂੰ ਟਰੇਨ ਬਦਲਣੀ ਪੈਂਣੀ ਸੀ ਭਾਵ ਕਿ ਸ਼ਹਿਰ ਪਹੁੰਚਣ ਲਈ ਉਸਨੂੰ ਇੱਕ ਹੋਰ ਟਰੇਨ ਤੇ ਸਵਾਰ ਹੋਣਾਂ ਪੈਣਾਂ ਸੀ।ਅਤੇ ਉਹ ਦੂਜੀ ਟਰੇਨ ਦੇ ਅਖੀਰਲੇ ਡੱਬੇ ਵਿਚ ਸਵਾਰ ਹੋ ਗਈ।ਬੇਸ਼ੱਕ ਟਰੇਨ ਦੀਆਂ ਸੀਟਾਂ ਖਾਲੀ ਸਨ ਪਰ ਉਹ ਖੜ੍ਹ ਕੇ ਸਫਰ ਕਰ ਰਹੀ ਸੀ ਤੇ ਉਸਦੀਆਂ ਨਜਰਾਂ ਕਿਸੇ ਨੂੰ ਭਾਲ ਰਹੀਆਂ ਸਨ।ਅਜੇ ਟਰੇਨ ਪੰਜ ਸੱਤ ਕਿਲੋਮੀਟਰ ਦੂਰ ਹੀ ਗਈ ਸੀ ਕਿ ਉਸ ਔਰਤ ਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ ਸੁਣਾਈ ਦਿੱਤੀ ਅਤੇ ਉਹ ਦੌੜ ਕੇ ਟਰੇਨ ਦੇ ਉਸ ਡੱਬੇ ਦੇ ਅਗਲੇ ਪਾਸੇ ਗਈ।ਅਸਲ ਵਿੱਚ ਇਹ ਬੱਚਾ ਉਸਦਾ ਗੁੰਮ ਹੋਇਆ ਬੱਚਾ ਹੀ ਸੀ ਜੋ ਉਸਨੂੰ ਹਫਤੇ ਬਾਦ ਉਸ ਟਰੇਨ ਵਿੱਚੋਂ ਮਿਲਿਆ।ਉਸ ਔਰਤ ਨੇਂ ਬਾਅਦ ਵਿੱਚ ਖੁਲਾਸਾ ਕੀਤਾ ਕਿ ਇੱਕ ਰਾਤ ਪਹਿਲਾਂ ਉਸਨੂੰ ਇੱਕ ਸੁਪਨਾਂ ਆਇਆ ਸੀ ਕਿ ਉਸ ਦਾ ਬੱਚਾ ਟਰੇਨ ਵਿੱਚ ਖੜਾ ਮੰਮੀ ਮੰਮੀ ਦੀਆਂ ਆਵਾਜਾਂ ਲਗਾ ਰਿਹਾ ਹੈ ਅਤੇ ਉਹ ਇਸੇ ਆਸ ਨਾਲ ਟਰੇਨ ਵਿੱਚ ਸ਼ਹਿਰ ਨੂੰ ਚੱਲ ਪਈ ਸੀ ਕਿ ਸ਼ਾਇਦ ਉਸਦਾ ਬੱਚਾ ਉਸਨੂੰ ਮਿਲ ਜਾਵੇਗਾ।ਸਾਡੇ ਨਾਲ ਵੀ ਕਈ ਵਾਰੀ ਅਜਿਹੀਆਂ ਗੱਲਾਂ ਵਾਪਰਦੀਆਂ ਹਨ।ਕਈ ਵਾਰੀ ਅਸੀਂ ਸੁਪਨੇਂ ਵਿੱਚ ਅਜਿਹਾ ਮਹਿਸੂਸ ਕਰਦੇ ਹਾਂ ਕਿ ਸਾਡੀ ਛਾਤੀ ਤੇ ਕਿਸੇ ਨੇਂ ਭਾਰ ਧਰ ਦਿੱਤਾ ਹੈ ਤੇ ਅਸੀਂ ਬਹੁਤ ਅਣਸੁਖਾਵਾਂ ਮਹਿਸੂਸ ਕਰਦੇ ਹਾਂ।ਸੁਪਨੇਂ ਵਿੱਚ ਕਈ ਵਾਰੀ ਅਸੀਂ ਤ੍ਰਭਕ ਜਾਂਦੇ ਹਾਂ,ਤੁਰਦੇ ਤੁਰਦੇ ਕਈ ਵਾਰੀ ਡਿੱਗ ਪੈਂਦੇ ਹਾਂ ਅਤੇ ਫਿਰ ਸੱਚਮੁਚ ਹੀ ਆਪਣੇਂ ਆਪ ਨੂੰ ਟਟੋਲਦੇ ਹਾਂ ਕਿ ਕਿਤੇ ਸੱਚਮੁੱਚ ਤਾਂ ਨਹੀਂ ਕਿਤੇ ਸੱਟ ਲੱਗੀ ਜਦੋਂ ਕਿ ਸਾਨੂੰ ਪਤਾ ਹੁੰਦਾ ਹੈ ਕਿ ਇਹ ਇੱਕ ਸੁਪਨਾਂ ਹੀ ਸੀ।
ਇੱਕ ਹੋਰ ਖਾਸ ਕਿਸਮ ਦੀ ਘਟਨਾਂ ਬਹੁਤ ਵਾਰੀ ਸਾਡੇ ਨਾਲ ਵਾਪਰਦੀ ਹੈ ਜੋ ਕਿ ਸਨਕੀ ਕਿਸਮ ਦੇ ਅਤੇ ਥੋੜੇ ਭਾਵੁਕ ਕਿਸਮ ਦੇ ਬੰਦਿਆਂ ਦੇ ਨਾਲ ਜਿਆਦਾ ਵਾਪਰਦੀ ਹੈ।ਖਾਸ ਕਰ ਜਦ ਅਸੀਂ ਕਿਤੇ ਬੱਸ ਗੱਡੀ ਵਿੱਚ ਕਿਤੇ ਜਾ ਰਹੀਏ ਹੋਈਏ ਤਾਂ ਸਾਨੂੰ ਬਾਹਰ ਕੋਈ ਚੀਜ ਦਿਖਾਈ ਦਿੰਦੀ ਹੈ।ਉਦਾਹਰਣ ਦੇ ਤੌਰ ਤੇ ਅਸੀਂ ਕਿਸੇ ਸਾਈਨ ਬੋਰਡ ਨੂੰ ਦੇਖਦੇ ਹਾਂ ਤੇ ਉਸ ਉੱਤੇ ਉੱਕਰੇ ਸ਼ਬਦ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇੰਨੇਂ ਵਿੱਚ ਹੀ ਬੱਸ ਗੱਡੀ ਚੱਲ ਪੈਂਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਜੇਕਰ ਇਸ ਨੂੰ ਪੂਰਾ ਨਾ ਪੜ੍ਹਿਆ ਤਾਂ ਪਤਾ ਨਹੀਂ ਕੀ ਅਨਰਥ ਹੋ ਜਾਵੇਗਾ ਅਤੇ ਅਸੀਂ ਹਰ ਹੀਲੇ ਉਸ ਚੀਜ ਨੂੰ ਵੇਖਣ ਦੀ ਜਾਂ ਸ਼ਬਦਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮਨ ਵਿੱਚ ਭਰਮ ਜਿਹਾ ਪੈਦਾ ਹੋ ਜਾਂਦਾ ਹੈ ਅਤੇ ਅਸੀਂ ਆਪਣੇਂ ਕਰਨ ਵਾਲੇ ਅਗਲੇਰੇ ਕੰਮਾਂ ਦੀ ਸਫਲਤਾ/ਅਸਫਲਤਾ ਨੂੰ ਅਜਿਹੀ ਦੇਖੇ ਜਾਂਣ ਵਾਲੀ ਚੀਜ ਵਾਲੀ ਘਟਨਾਂ ਨਾਲ ਆਪ ਮੁਹਾਰੇ ਹੀ ਜੋੜ ਲੈਂਦੇ ਹਾਂ।
ਕਈ ਵਾਰੀ ਅਸੀਂ ਨਾਂ ਚਾਹੁੰਦੇ ਵੀ ਅਜਿਹਾ ਕੰਮ ਕਰ ਜਾਂਦੇ ਹਾਂ ਜਿਸਦਾ ਸਾਨੂੰ ਪਤਾ ਹੁੰਦਾ ਹੈ ਕਿ ਇਹ ਅਸੀਂ ਗਲਤ ਕਰ ਰਹੇ ਹਾਂ ਅਤੇ ਸਾਨੂੰ ਥੋੜਾ ਚਿਰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਹ ਕੰਮ ਨੇਪਰੇ ਨਹੀਂ ਚੜੇਗਾ ਜਾਂ ਇਹ ਕੰਮ ਬਿਗੜਨ ਵਾਲਾ ਹੈ। ਪਰ ਸਾਡੇ ਆਪਣੇਂ ਆਪ ਨੂੰ ਰੋਕਣ ਤੋਂ ਪਹਿਲਾਂ ਹੀ ਇਹ ਵਾਪਰ ਜਾਂਦਾ ਹੈ ਜਿਵੇਂ ਕੱਚ ਦੇ ਗਿਲਾਸ ਦਾ ਟੁੱਟਣਾਂ ਜਾਂ ਸਾਡੇ ਸੱਟ ਲੱਗ ਜਾਂਣੀ।ਅਜਿਹੀਆਂ ਘਟਨਾਵਾਂ ਵਿੱਚ ਸਾਡੇ ਦਿਲ ਅਤੇ ਦਿਮਾਗ ਦੀ ਆਪਸੀ ਜੰਗ ਨਿਰੰਤਰ ਚੱਲਦੀ ਰਹਿੰਦੀ ਹੈ।
ਇੱਕ ਹੋਰ ਗੱਲ ਅਕਸਰ ਸਾਡੇ ਨਾਲ ਵਾਪਰਦੀ ਹੈ ਜੋ ਕਿ ਸ਼ਾਇਦ ਹਰ ਇੱਕ ਨਾਲ ਵਾਪਰਦੀ ਹੋਵੇਗੀ।ਕਿਸੇ ਖਾਸ ਸਥਾਨ ਜਿਥੇ ਅਸੀਂ ਕਦੇ ਪਹਿਲਾਂ ਗਏ ਨਾਂ ਹੋਈਏ ਭਾਵ ਕਿ ਜਿੱਥੇ ਅਸੀਂ ਪਹਿਲੀ ਵਾਰ ਜਾ ਰਹੇ ਹੋਈਏ,ਤਾਂ ਅਸੀਂ ਪਹਿਲਾਂ ਹੀ aੇਸ ਸਥਾਨ ਦਾ ਇੱਕ ਨਕਸ਼ਾ ਜਿਹਾ ਅਪਣੇਂ ਦਿਮਾਗ ਵਿੱਚ ਬਣਾ ਲੈਂਦੇ ਹਾਂ ਕਿ ਉਹ ਜਗਾ੍ਹ ਅਜਿਹੀ ਹੋਵੇਗੀ।ਪਰ ਹਕੀਕੀ ਰੂਪ ਵਿੱਚ ਉਸ ਸਥਾਨ ਤੇ ਪਹੁੰਚ ਕੇ ਸਾਡੇ ਦਿਮਾਗ ਵਿੱਚ ਬਣਿਆਂ ਕਾਲਪਨਿਕ ਜਿਹਾ ਨਕਸ਼ਾ ਆਪਣੇਂ ਆਪ ਮਿਟ ਜਾਂਦਾ ਹੈ ਅਤੇ ਕੋਸ਼ਿਸ਼ ਦੇ ਬਾਵਜੂਦ ਵੀ ਉਹ ਕਾਲਪਨਿਕ ਨਕਸ਼ੇ ਦੀ ਰੂਪ ਰੇਖਾ ਅਸੀਂ ਦੁਬਾਰਾ ਦਿਮਾਗ ਵਿੱਚ ਨਹੀਂ ਸਿਰਜ ਸਕਦੇ।ਅਤੇ ਉਹ ਜਗਾ੍ਹ ਦਾ ਉਸ ਵਿਅਕਤੀ ਨੂੰ ਪਸੰਦ ਆaੇਣਾਂ ਜਾਂ ਨਾਂ ਆਉਣਾਂ ਸਾਡੇ ਦਿਮਾਗ ਵਿੱਚ ਬਣੇਂ ਉਸ ਕਾਲਪਨਿੱਕ ਨਕਸ਼ੇ ਤੇ ਆਧਾਰਤ ਹੁੰਦਾ ਹੈ।
ਮਨੋਂਵਿਗਿਆਨੀਆਂ ਨੇਂ ਉਪਰੋਕਤ ਬਿਆਨ ਕੀਤੀਆਂ ਅਜਿਹੀਆਂ ਅਨੇਕਾਂ ਘਟਨਾਵਾਂ ਦਾ ਬੜੀ ਡੁੰਘਾਈ ਨਾਲ ਵਿਸ਼ਲੇਸ਼ਣ ਕੀਤਾ ਹੈ ਤਾਂ ਕਿ ਇਹਨਾਂ ਪਿੱਛੇ ਲੁਕੇ ਰਾਜ ਨੂੰ ਸਮਝਿਆ ਜਾ ਸਕੇ।ਕਈ ਘਟਨਾਵਾਂ ਦੇ ਸੰਬੰਧ ਵਿੱਚ ਤਾਂ ਸਫਲਤਾ ਵੀ ਮਿਲੀ ਹੈ ਪਰ ਕਈ ਘਟਨਾਵਾਂ ਪਿੱਛੇ ਅਣਦਿਸਦੇ ਰਹੱਸ ਅਜੇ ਇੱਕ ਗੁੰਝਲਧਾਰ ਭੇਤ ਹੀ ਬਣੇ ਹੋਏ ਹਨ।ਪਰ ਮਨੋਂਵਿਗਿਆਨੀਆਂ ਦਾ ਕਹਿਣਾਂ ਹੈ ਕਿ ਮਨੁੱਖੀ ਦਿਮਾਗ ਵਿੱਚੋਂ ਵੀ ਕਈ ਵਿਸ਼ੇਸ਼ ਪ੍ਰਕਾਰ ਦੀਆਂ ਤਰੰਗਾਂ ਨਿਕਲਦੀਆਂ ਹਨ ਜੋ ਸਾਨੂੰ ਅਜਿਹੀਆਂ ਕਈ ਘਟਨਾਵਾਂ ਦੇ ਰੁਬਰੂ ਕਰਵਾਉਂਦੀਆਂ ਹਨ।ਉਹਨਾਂ ਨੇ ਇਸ ਵਿਸ਼ਲੇਸ਼ਣ ਨੂੰ 'ਟੈਲੀਪੈਥੀ' ਦਾ ਨਾਂਮ ਦਿੱਤਾ ਹੈ।ਉਦਾਹਰਣ ਦੇ ਤੌਰ ਤੇ ਜਿਸ ਤਰਾਂ ਅੱਜ ਦੀ ਟੈਕਨੋਲੌਜੀ ਮੁਤਾਬਕ ਕਿਸੇ ਹਵਾਈ ਅੱਡੇ ਤੇ ਲੱਗੇ ਹੋਏ ਰਾਡਾਰ ਸਿਸਟਮ ਵਿੱਚੋਂ ਇੱਕ ਵਿਸ਼ੇਸ਼ ਪ੍ਰਕਾਰ ਦੀਆਂ ਤਰੰਗਾ ਛੱਡੀਆਂ ਜਾਂਦੀਆਂ ਹਨ ਜੋ ਕਿ ਇੱਕ ਖਾਸ ਦੂਰੀ ਤੱਕ ਉੱਡ ਰਹੇ ਹਵਾਈ ਜਹਾਜ ਨਾਲ ਟਕਰਾ ਕੇ ਵਾਪਸ ਮੁੜਦੀਆਂ ਹਨ ਅਤੇ ਇਹਨਾਂ ਦੁਬਾਰਾ ਲਏ ਗਏ ਸਮੇਂ ਦੇ ਆਧਾਰ ਤੇ ਹੀ ਉਸ ਖੇਤਰ ਤੋਂ ਜਹਾਜ ਦੀ ਦੂਰੀ ਦਾ ਪਤਾ ਕੁੱਝ ਕੁ ਸਕਿੰਟਾਂ ਵਿੱਚ ਹੀ ਲਗਾਇਆ ਜਾ ਸਕਦਾ ਹੈ।ਮਨੋਂਵਿਗਿਆਨੀਆਂ ਦਾ ਕਹਿਣਾਂ ਹੈ ਕਿ ਠੀਕ ਉਸੇ ਤਰਾਂ ਹੀ ਮਨੁੱਖੀ ਦਿਮਾਗ ਵੀ ਵਿਸ਼ੇਸ਼ ਪ੍ਰਕਾਰ ਦੀਆਂ ਤਰੰਗਾਂ ਦੀ ਉਪਜ ਕਰਦਾ ਹੈ।ਕਿਸੇ ਵਿਅਕਤੀ ਨੂੰ ਯਾਦ ਕਰਨ ਤੇ ਉਸ ਵਿਅਕਤੀ ਦਾ ਕੁੱਝ ਪਲਾਂ ਬਾਦ ਸਾਡੇ ਸਾਹਮਣੇਂ ਆਉਣ ਵਾਲੇ ਵਿਅਕਤੀ ਵਾਲੀ ਘਟਨਾਂ ਵਿੱਚ ਨਿਰੋਲ ਸਾਡੀ ਟੈਲੀਪੈਥੀ ਵਿਧੀ ਹੀ ਕੰਮ ਕਰਦੀ ਹੈ।ਸੋ ਅਜਿਹੀਆਂ ਘਟਨਾਵਾਂ ਨਾਲ ਦੋ ਚਾਰ ਹੋਣ ਵਾਲੇ ਵਿਅਕਤੀਆਂ ਨੂੰ ਮਾਨਸਿੱਕ ਤੌਰ ਤੇ ਕਮਜੋਰ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਕਹਿ ਸਕਦੇ ਹਾਂ ਅਜਿਹੇ ਵਿਅਕਤੀਆਂ ਵਿਚ ਵੱਖ ਵੱਖ ਪੱਖਾਂ ਤੋਂ ਆਮ ਵਿਅਕਤੀਆਂ ਨਾਲੋਂ ਥੋੜੀਆਂ ਬਹੁਤੀਆਂ ਅਸਮਾਨਤਾਵਾਂ ਜਰੂਰ ਹੁੰਦੀਆਂ ਹਨ।ਇਹ ਵਿਸ਼ਾ ਇੱਕ ਵੱਡੇ ਸਰਵੇਖਣ ਅਤੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ।

0434 288 301
e-mail- harmander.kang@gmail.com
--------------------੦-----------------------

No comments:

Post a Comment