ਦ੍ਰਿਸ਼ਟੀਕੋਣ (50)-ਜਤਿੰਦਰ ਪਨੂੰ

-ਮੌਜੂਦਾ ਰਾਜਨੀਤਕ ਹਿਲਜੁਲ ਕੀ ਸੰਕੇਤ ਦੇਂਦੀ ਹੈ ਢਾਈ ਸਾਲ ਪਿੱਛੋਂ ਦੀਆਂ ਸੰਭਾਵਨਾਵਾਂ ਬਾਰੇ?-
ਦਿੱਲੀ ਵਿੱਚ ਪੂਰਾ ਡੇਢ ਹਫਤਾ ਜਿਹੜਾ ਰੌਲਾ ਟੂ ਜੀ ਸਪੈਕਟਰਮ ਮਾਮਲੇ ਵਿੱਚ ਉਸ ਵਕਤ ਦੇ ਖਜ਼ਾਨਾ ਮੰਤਰੀ ਚਿਦੰਬਰਮ ਦੀ ਭੂਮਿਕਾ ਬਾਰੇ ਮੌਜੂਦਾ ਖਜ਼ਾਨਾ ਮੰਤਰੀ ਪ੍ਰਣਬ ਮੁਖਰਜੀ ਦੀ ਇੱਕ ਚਿੱਠੀ ਕਾਰਨ ਪਿਆ ਰਿਹਾ, ਉਹ ਅੰਤ ਨੂੰ ਇੰਞ ਨਿਪਟਾ ਲਿਆ ਗਿਆ, ਜਿਵੇਂ ਮਾਮੂਲੀ ਗਲਤ ਫਹਿਮੀ ਹੋਈ ਹੋਵੇ। ਜੇ ਇਹ ਏਨੀ ਮਾਮੂਲੀ ਗੱਲ ਹੁੰਦੀ ਤਾਂ ਇਸ ਨਾਲ ਦਿੱਲੀ ਤੋਂ ਨਿਊ ਯਾਰਕ ਤੇ ਵਾਸ਼ਿੰਗਟਨ ਤੱਕ ਭੜਥੂ ਨਹੀਂ ਸੀ ਪੈਣਾ ਅਤੇ ਇਸ ਦੇ ਨਿਪਟਾਰੇ ਵਿੱਚ ਏਨੀ ਦੇਰ ਵੀ ਨਹੀਂ ਸੀ ਹੋਣੀ। ਵਾਰ-ਵਾਰ ਮੰਤਰੀਆਂ ਦੀਆਂ ਕਦੇ ਆਪੋ ਵਿੱਚ, ਕਦੀ ਸੋਨੀਆ ਗਾਂਧੀ, ਕਦੇ ਪ੍ਰਣਬ ਮੁਖਰਜੀ ਅਤੇ ਕਦੇ ਚਿਦੰਬਰਮ ਨਾਲ ਮੀਟਿੰਗਾਂ ਕਰਨ ਦੀ ਲੋੜ ਵੀ ਨਹੀਂ ਸੀ ਪੈਣੀ। ਸਾਫ ਹੈ ਕਿ ਮਾਮਲਾ ਵੱਡਾ ਸੀ, ਪਰ ਨਿਪਟਾਉਣ ਲਈ ਇਸ ਨੂੰ ਛੋਟਾ ਬਣਾ ਕੇ ਪੇਸ਼ ਕਰ ਦਿੱਤਾ ਗਿਆ, ਕਿਉਂਕਿ ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਇਸ ਨੇ ਹੋਰ ਅੱਗੇ ਵਧ ਕੇ 'ਵੱਡਾ ਘਰ' ਆਪਣੀ ਲਪੇਟ ਵਿੱਚ ਲੈ ਲੈਣਾ ਸੀ।
ਕੀ ਇਹ ਕੋਈ ਛੋਟੀ ਵਾਲੀ ਗੱਲ ਸੀ ਕਿ ਜਿਸ ਸੁਬਰਾਮਨੀਅਮ ਸਵਾਮੀ ਨੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਪੁਚਾ ਕੇ ਸਾਬਕਾ ਮੰਤਰੀ ਏæ ਰਾਜਾ ਦੀ ਵਜ਼ੀਰੀ ਖੋਹੀ, ਜਿਸ ਨੇ ਚਿਦੰਬਰਮ ਨੂੰ ਵੀ ਕਾਸੇ ਜੋਗਾ ਨਹੀਂ ਸੀ ਛੱਡਿਆ, ਉਹ ਹੁਣ ਇਹ ਕਹਿ ਰਿਹਾ ਹੈ ਕਿ ਕੁਝ ਦਿਨਾਂ ਤੱਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਇਸ ਉਲਝਣ ਨੇ ਆਪਣੀ ਲਪੇਟ ਵਿੱਚ ਲੈ ਲੈਣਾ ਹੈ? ਇਸ ਦੀ ਥਾਂ ਹੈਰਾਨੀ ਦੀ ਗੱਲ ਇਹ ਬਣ ਗਈ ਕਿ ਸੁਬਰਾਮਨੀਅਮ ਸਵਾਮੀ ਦੇ ਇਸ ਬਿਆਨ ਦਾ ਕਿਸੇ ਇੱਕ ਵੀ ਕਾਂਗਰਸੀ ਆਗੂ ਨੇ ਖੰਡਨ ਕਰਨ ਦੀ ਵੀ ਲੋੜ ਨਹੀਂ ਸਮਝੀ, ਜਿਸ ਤੋਂ ਦੇਸ਼ ਦੇ ਲੋਕ ਇਹ ਪ੍ਰਭਾਵ ਲੈ ਸਕਦੇ ਹਨ ਕਿ ਦਾਲ ਵਿੱਚ ਸਚਮੁੱਚ ਕੁਝ ਕਾਲਾ ਹੈ, ਜਿਸ ਬਾਰੇ ਚੁੱਪ ਰਹਿ ਕੇ ਪਾਸਾ ਵੱਟਣ ਦੀ ਕਾਂਗਰਸ ਪਾਰਟੀ ਅਤੇ ਸਰਕਾਰ ਨੇ ਕੋਸ਼ਿਸ਼ ਕੀਤੀ ਹੈ।
ਜਿਹੜੇ ਦੋ ਵੱਡੇ ਮੰਤਰੀਆਂ ਵਿਚਾਲੇ ਇਹ ਮਾਮਲਾ ਖਿੱਚੋਤਾਣ ਦਾ ਕਾਰਨ ਬਣਿਆ ਸੀ, ਉਨ੍ਹਾਂ ਵਿੱਚੋਂ ਚਿਦੰਬਰਮ ਦਾ ਰਿਕਾਰਡ ਤਾਂ ਨਰਸਿਮਹਾ ਰਾਓ ਵੇਲੇ ਦੀ ਫੇਅਰਫੈਕਸ ਵਾਲੀ ਗੜਬੜ ਕਾਰਨ ਦਾਗੀ ਹੈ, ਪ੍ਰਣਬ ਮੁਖਰਜੀ ਦੇ ਪੱਲੇ ਉੱਤੇ ਕਿਸੇ ਤਰ੍ਹਾਂ ਦਾ ਦਾਗ ਨਹੀਂ। ਇਹ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਲੋਕਾਂ ਨੇ ਕਾਲਜ ਪੜ੍ਹਦੇ ਚਿਦੰਬਰਮ ਦਾ ਹਾਲੇ ਨਾਂਅ ਨਹੀਂ ਸੀ ਸੁਣਿਆ, ਪ੍ਰਣਬ ਮੁਖਰਜੀ ਓਦੋਂ ਵੀ ਕੇਂਦਰ ਸਰਕਾਰ ਦਾ ਇੱਕ ਮਹੱਤਵ ਵਾਲਾ ਮੰਤਰੀ ਗਿਣਿਆ ਜਾਂਦਾ ਸੀ ਤੇ ਉਸ ਦੀ ਕਦਰ ਕਾਂਗਰਸ ਤੋਂ ਬਾਹਰ ਦੇ ਲੋਕ ਵੀ ਕਰਦੇ ਸਨ। ਚਿਦੰਬਰਮ ਨੂੰ ਇੱਕੋ ਝਟਕਾ ਲੱਗਾ ਤਾਂ ਪਾਰਟੀ ਛੱਡ ਕੇ ਕਾਂਗਰਸ ਦੇ ਵਿਰੋਧੀਆਂ ਨਾਲ ਜਾ ਮਿਲਿਆ ਸੀ ਤੇ ਓਧਰੋਂ ਸਾਂਝੇ ਮੋਰਚੇ ਦੀ ਕੇਂਦਰ ਸਰਕਾਰ ਦਾ ਖਜ਼ਾਨਾ ਵਜ਼ੀਰ ਬਣ ਗਿਆ ਸੀ, ਜਦ ਕਿ ਪ੍ਰਣਬ ਮੁਖਰਜੀ ਨੇ ਇੰਞ ਨਹੀਂ ਸੀ ਕੀਤਾ।
ਇੰਦਰਾ ਗਾਂਧੀ ਦੇ ਕਤਲ ਵੇਲੇ ਪ੍ਰਣਬ ਮੁਖਰਜੀ ਕੇਂਦਰ ਸਰਕਾਰ ਦਾ ਸਭ ਤੋਂ ਸੀਨੀਅਰ ਵਜ਼ੀਰ ਹੁੰਦਾ ਸੀ, ਪਰ ਉਸ ਦੇ ਸ਼ਰੀਕਾਂ ਨੇ ਰਾਜੀਵ ਗਾਂਧੀ ਨੂੰ ਉਸ ਦੇ ਖਿਲਾਫ ਏਨਾ ਭੜਕਾਇਆ ਕਿ ਉਸ ਨੇ ਆਪਣੇ ਰਾਜ ਵਿੱਚ ਪ੍ਰਣਬ ਨੂੰ ਮੁੜ ਕੇ ਉਭਾਸਰਨ ਦਾ ਮੌਕਾ ਨਹੀਂ ਸੀ ਦਿੱਤਾ। ਇਸ ਤੋਂ ਖਿਝ ਕੇ ਇੱਕ ਵਾਰੀ ਪ੍ਰਣਬ ਮੁਖਰਜੀ ਨੇ ਵੱਖਰੀ ਪਾਰਟੀ ਖੜੀ ਕਰਨ ਦਾ ਯਤਨ ਕੀਤਾ, ਪਰ ਕਿਸੇ ਦੂਜੀ ਪਾਰਟੀ ਨਾਲ ਤਾਲਮੇਲ ਨਹੀਂ ਸੀ ਕੀਤਾ, ਜਿਸ ਨੂੰ ਮਹਿਸੂਸ ਕਰ ਕੇ ਰਾਜੀਵ ਗਾਂਧੀ ਨੇ ਹੀ ਫਿਰ ਉਸ ਨਾਲ ਸੰਪਰਕ ਕੀਤਾ ਤੇ ਕਾਂਗਰਸ ਨਾਲ ਜੋੜ ਲਿਆ ਸੀ। ਸਖਤ ਸੁਭਾਅ ਦਾ ਹੋਣ ਦੇ ਬਾਵਜੂਦ ਉਹ ਕਾਂਗਰਸ ਵਿਚਲਾ ਇਹੋ ਜਿਹਾ ਲੀਡਰ ਹੈ, ਜਿਸ ਦੀ ਵਿਰੋਧੀ ਵੀ ਇੱਜ਼ਤ ਕਰਦੇ ਹਨ। ਇੱਕ ਵੀ ਗੱਲ ਇਹੋ ਜਿਹੀ ਨਹੀਂ, ਜਿਸ ਨੂੰ ਲੈ ਕੇ ਚਿਦੰਬਰਮ ਨੂੰ ਪ੍ਰਣਬ ਮੁਖਰਜੀ ਦੇ ਬਰਾਬਰ ਤੋਲਿਆ ਜਾਵੇ, ਪਰ ਚਿਦੰਬਰਮ ਦੀ ਖਾਤਰ ਕਾਂਗਰਸ ਪਾਰਟੀ ਨੇ ਪ੍ਰਣਬ ਮੁਖਰਜੀ ਨੂੰ ਅੱਕ ਚੱਬਣ ਲਈ ਮਜਬੂਰ ਕਰ ਦਿੱਤਾ। ਇਸ ਦਾ ਕਾਰਨ ਇਹ ਨਹੀਂ ਕਿ ਕਾਂਗਰਸ ਨੂੰ ਚਿਦੰਬਰਮ ਦੀ ਬਹੁਤ ਲੋੜ ਹੈ, ਸਗੋਂ ਇਹ ਸੀ ਕਿ ਮਾਮਲਾ ਠੱਪਿਆ ਨਾ ਗਿਆ ਤਾਂ ਸਚਮੁੱਚ 'ਵੱਡੇ ਘਰ' ਤੱਕ ਆ ਸਕਦਾ ਹੈ ਤੇ ਬਣੀ-ਬਣਾਈ ਸਾਰੀ ਖੇਡ ਖਰਾਬ ਹੋ ਜਾਣ ਦਾ ਡਰ ਹੈ।
ਦੂਜਾ ਪਾਸਾ ਹੈ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਅਤੇ ਰਾਜ ਲਈ ਹੋਰ ਕਿਸੇ ਵੀ ਧਿਰ ਨਾਲੋਂ ਵੱਧ ਫਾਵੀ ਹੋਈ ਪਈ ਭਾਰਤੀ ਜਨਤਾ ਪਾਰਟੀ ਦਾ। ਹਾਲਾਂਕਿ ਸਪੈਕਟਰਮ ਦੇ ਕੇਸ ਵਿੱਚ ਉਸ ਦੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਸਮੇਤ ਕਈਆਂ ਦੇ ਫਸਣ ਦਾ ਖਤਰਾ ਬਰਾਬਰ ਹੈ, ਪਰ ਉਸ ਦੇ ਕੁਝ ਆਗੂ ਆਪਣੇ ਸਾਥੀਆਂ ਦੀ ਬਲੀ ਦੇ ਕੇ ਵੀ ਇਹ ਚਾਹੁੰਦੇ ਹਨ ਕਿ ਇਸ ਮੁੱਦੇ ਨੂੰ ਏਨਾ ਉਭਾਰ ਦਿੱਤਾ ਜਾਵੇ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਟੁੱਟ ਕੇ ਛੇਤੀ-ਛੇਤੀ ਚੋਣਾਂ ਹੋ ਜਾਣ, ਤਾਂ ਕਿ ਜਿਹੜੀ ਕਿਸਮਤ ਢਾਈ ਸਾਲ ਬਾਅਦ ਅਜ਼ਮਾਉਣੀ ਹੈ, ਉਸ ਦਾ ਮੌਕਾ ਹੁਣੇ ਮਿਲ ਜਾਵੇ। ਆਪਣੇ ਹਿਸਾਬ ਨਾਲ ਉਹ ਇਹ ਵੀ ਸਮਝੀ ਬੈਠੇ ਹਨ ਕਿ ਜੇ ਚੋਣਾਂ ਹੋ ਜਾਣ ਤਾਂ ਅਗਲੀ ਵਾਰ ਆਪਣੇ ਪੈਰ ਹੇਠ ਬਟੇਰਾ ਆ ਸਕਣ ਦੀ ਪੂਰੀ ਸੰਭਾਵਨਾ ਹੈ, ਏਸੇ ਲਈ ਹੁਣੇ ਤੋਂ ਉਸ ਪਾਰਟੀ ਵਿੱਚ ਕੁਰਸੀ ਵਾਸਤੇ ਜੰਗ ਵੀ ਸਿਖਰਾਂ ਛੋਹਣ ਲੱਗੀ ਹੈ। ਕੇਂਦਰ ਵਿੱਚ ਬੈਠੇ ਕਈ ਲੀਡਰ ਇਸ ਵਾਸਤੇ ਔਂਸੀਆਂ ਪਾ ਰਹੇ ਹਨ।
ਇੱਕ ਸੁਸ਼ਮਾ ਸਵਰਾਜ ਹੈ, ਜਿਹੜੀ ਕਰਨਾਟਕਾ ਦੇ ਖਾਣ ਮਾਫੀਆ ਮੰਨੇ ਜਾਂਦੇ ਰੈਡੀ ਭਰਾਵਾਂ ਦੀ ਸਰਪ੍ਰਸਤੀ ਕਰਦੀ ਸੀ ਤੇ ਜਦੋਂ ਦੇ ਉਹ ਜੇਲ੍ਹ ਚਲੇ ਗਏ, ਵਕਤੀ ਤੌਰ 'ਤੇ ਪਿੱਛੇ ਪੈ ਗਈ ਹੈ। ਦੂਸਰਾ ਅਰੁਣ ਜੇਤਲੀ ਹੈ, ਜਿਸ ਨੂੰ ਦੂਸਰੇ ਬਰਾਬਰ ਦੇ ਆਗੂ ਪੈਰਾਸ਼ੂਟ ਲੀਡਰ ਮੰਨਦੇ ਹਨ, ਪਰ ਪ੍ਰਮੋਦ ਮਹਾਜਨ ਦੀ ਮੌਤ ਪਿੱਛੋਂ ਕਾਰਪੋਰੇਟ ਘਰਾਣਿਆਂ ਨਾਲ ਤਾਲਮੇਲ ਕਰ ਕੇ ਅਗਲੀਆਂ ਚੋਣਾਂ ਲਈ ਚੰਦੇ ਉਗਰਾਹੁਣ ਵਾਸਤੇ ਸਭ ਤੋਂ ਕਾਰਗਰ ਬੰਦਾ ਵੀ ਓਸੇ ਨੂੰ ਮੰਨਿਆ ਜਾ ਰਿਹਾ ਹੈ। ਤੀਸਰੇ, ਚੌਥੇ ਸਾਰੇ ਪਾਸੇ ਕਰ ਕੇ ਦੋ ਜਣੇ ਹੋਰ ਦਾਅਵੇਦਾਰ ਹਨ, ਜਿਨ੍ਹਾਂ ਵਿੱਚੋਂ ਇੱਕ ਤਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਦੂਸਰਾ ਨਰਿੰਦਰ ਮੋਦੀ ਹੈ। ਇਸ ਵਕਤ ਸਭ ਤੋਂ ਵੱਧ ਭੇੜ ਇਨ੍ਹਾਂ ਦੋਵਾਂ ਦਾ ਹੁੰਦਾ ਨਜ਼ਰ ਆ ਰਿਹਾ ਹੈ। ਕਿਸੇ ਸਮੇਂ ਅਟਲ ਬਿਹਾਰੀ ਵਾਜਪਾਈ ਅੱਗੇ ਆਕੜਨ ਲਈ ਮੋਦੀ ਨੂੰ ਉਕਸਾਉਣ ਵਾਲੇ ਅਡਵਾਨੀ ਨੂੰ ਇਸ ਵਕਤ ਓਹੋ ਮੋਦੀ ਜਦੋਂ ਅੱਖਾਂ ਵਿਖਾ ਰਿਹਾ ਹੈ ਤਾਂ ਜਿਹੜੇ ਆਰ ਐੱਸ ਐੱਸ ਨੇ ਵਾਜਪਾਈ ਵਿਰੁੱਧ ਹਮੇਸ਼ਾ ਅਡਵਾਨੀ ਦੀ ਮਦਦ ਕੀਤੀ ਸੀ, ਉਹ ਹੁਣ ਅਡਵਾਨੀ ਦੇ ਵਿਰੁੱਧ ਮੋਦੀ ਦਾ ਸਰਪ੍ਰਸਤ ਬਣ ਤੁਰਿਆ ਹੈ।
ਤਾਜ਼ਾ ਸਥਿਤੀ ਇਹ ਹੈ ਕਿ ਨਰਿੰਦਰ ਮੋਦੀ ਤੇ ਲਾਲ ਕ੍ਰਿਸ਼ਨ ਅਡਵਾਨੀ ਦੋਵੇਂ ਜਣੇ ਰੱਥ-ਯਾਤਰਾ ਕੱਢਣ ਦੇ ਐਲਾਨ ਕਰ ਚੁੱਕੇ ਹਨ। ਮੋਦੀ ਨੇ ਗੁਜਰਾਤ ਵਿੱਚ ਰੱਥ ਘੁੰਮਾਉਣਾ ਹੈ ਅਤੇ ਅਡਵਾਨੀ ਦਾ ਰੱਥ ਦੇਸ਼ ਦੇ ਡੇਢ ਕੁ ਦਰਜਨ ਰਾਜਾਂ ਤੇ ਅੱਧੀ ਦਰਜਨ ਕੇਂਦਰੀ ਪ੍ਰਦੇਸ਼ਾਂ ਵਿੱਚ ਜਾਣ ਦਾ ਐਲਾਨ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਕਰ ਦਿੱਤਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਡਵਾਨੀ ਦੇ ਰੱਥ ਦਾ ਰੂਟ ਮੋਦੀ ਤੋਂ ਪਰੇ-ਪਰੇ ਰੱਖਿਆ ਗਿਆ ਹੈ, ਜਦ ਕਿ ਮੋਦੀ ਦਾ ਰੱਥ ਜਦੋਂ ਗੁਜਰਾਤ ਵਿੱਚ ਘੁੰਮਣਾ ਹੈ, ਓਥੇ ਅਡਵਾਨੀ ਨੂੰ ਨਾ ਜਾਣ ਲਈ ਆਰ ਐੱਸ ਐੱਸ ਨੇ ਅਗਾਊਂ ਕਹਿ ਦਿੱਤਾ ਹੈ। ਜਦੋਂ ਬਾਬਰੀ ਮਸਜਿਦ ਢਾਹੀ ਗਈ, ਉਸ ਤੋਂ ਪਹਿਲਾਂ ਅਡਵਾਨੀ ਦੇ ਰੱਥ ਲਈ ਸਾਰੀ ਤਾਕਤ ਜਿਹੜੇ ਆਰ ਐੱਸ ਐੱਸ ਨੇ ਝੋਕੀ ਸੀ, ਉਹ ਹੁਣ ਨਰਿੰਦਰ ਮੋਦੀ ਨੂੰ ਆਪਣਾ ਮੋਹਰਾ ਮੰਨ ਕੇ ਉਸ ਦੇ ਨਾਲ ਹੈ ਅਤੇ ਓਦੋਂ ਦਾ ਹਿੰਦੂਤੱਵੀਆ ਅਡਵਾਨੀ ਹੁਣ 'ਮਾਡਰੇਟ' ਬਣਨ ਦੇ ਚੱਕਰ ਵਿੱਚ ਨਿਤੀਸ਼ ਕੁਮਾਰ ਤੋਂ ਆਪਣੀ ਰੱਥ ਯਾਤਰਾ ਦੇ ਉਦਘਾਟਨ ਕਰਾਉਣ ਦਾ ਪ੍ਰੋਗਰਾਮ ਬਣਾਈ ਫਿਰਦਾ ਹੈ। ਚਾਲ ਉਸ ਦੀ ਵੀ ਇਹ ਹੈ ਕਿ ਵਾਜਪਾਈ ਦੇ ਹੁੰਦਿਆਂ ਭਾਜਪਾ ਦੇ ਭਾਈਵਾਲ ਉਸ ਨੂੰ ਮਾਡਰੇਟ ਮੰਨ ਕੇ ਅਡਵਾਨੀ ਦੀ ਬਜਾਏ ਆਗੂ ਮੰਨ ਲੈਂਦੇ ਸਨ, ਹੁਣ ਜਦੋਂ ਵਾਜਪਾਈ ਮੰਜੇ ਉੱਤੇ ਹੈ ਤਾਂ ਮੋਦੀ ਦੇ ਮੁਕਾਬਲੇ ਇਹ ਸਾਰੇ ਲੋਕ ਅਡਵਾਨੀ ਨੂੰ ਲੀਡਰ ਮੰਨ ਲੈਣ। ਪ੍ਰਧਾਨ ਮੰਤਰੀ ਤਾਂ ਓਸੇ ਨੇ ਬਣਨਾ ਹੈ, ਜਿਸ ਨਾਲ ਬਾਹਰ ਦੇ ਦਲ ਵੀ ਖੜੋਣ ਨੂੰ ਤਿਆਰ ਹੋਣਗੇ। ਸਿਰਫ ਕੁਰਸੀ ਦੀ ਖਾਤਰ ਬੰਦਾ ਆਪਣੀ ਕੁੰਜ ਬਦਲਣ ਤੁਰ ਪਿਆ ਹੈ।
ਕੀ ਵਾਜਪਾਈ ਸਚਮੁੱਚ ਮਾਡਰੇਟ ਸੀ? ਇਹ ਕਹਿਣਾ ਵੀ ਬਹੁਤਾ ਠੀਕ ਨਹੀਂ ਹੈ। ਉਹ ਮਾਡਰੇਟ ਹੋਣ ਨਾਲੋਂ ਵੱਧ ਇਸ ਗੱਲ ਦਾ ਮਾਹਰ ਸੀ ਕਿ ਮਾਡਰੇਟ ਹੋਣ ਦੇ ਪ੍ਰਭਾਵ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ? ਲੋੜ ਪਈ ਤਾਂ ਹਿੰਦੂਤੱਵ ਵਾਲੇ 'ਪਰਵਾਰ' ਦੇ ਹੱਕ ਵਿੱਚ ਅਮਰੀਕਾ ਵਿੱਚ ਜਾ ਕੇ 'ਮੈਂ ਭੀ ਸੋਇਮਸੇਵਕ ਹੂੰ' ਕਹਿ ਕੇ ਭੁਗਤ ਗਿਆ ਸੀ ਤੇ ਦੂਜੇ ਦਿਨ ਇਹ ਕਹਿ ਦਿੱਤਾ ਸੀ ਕਿ 'ਮੈਂ ਆਰ ਐੱਸ ਐੱਸ ਕਾ ਨਹੀਂ, ਭਾਰਤ ਮਾਤਾ ਕਾ ਸੋਇਮਸੇਵਕ ਹੂੰ'। ਬਾਬਰੀ ਮਸਜਿਦ ਢਾਹੁਣ ਦੀ ਘੜੀ ਆਪ ਦਿੱਲੀ ਵਿੱਚ ਜਾ ਖੜੋਤਾ ਸੀ, ਪਰ ਇੱਕ ਦਿਨ ਪਹਿਲਾਂ ਜਾ ਕੇ ਲਖਨਊ ਦੇ ਜਲਸੇ ਵਿੱਚ ਇਹ ਕਹਿ ਆਇਆ ਸੀ ਕਿ ਸੁਪਰੀਮ ਕੋਰਟ ਨੇ ਓਥੇ ਕਾਰ-ਸੇਵਾ ਕਰਨ ਤੋਂ ਰੋਕਿਆ ਹੈ, ਬੈਠਣ ਤੋਂ ਨਹੀਂ ਰੋਕਿਆ ਤੇ ਜਿੱਥੇ ਏਨੇ ਲੋਕਾਂ ਨੇ ਬੈਠਣਾ ਹੈ, ਓਥੇ 'ਕੁਝ ਨੋਕੀਲੇ ਪੱਥਰ ਹੋਣ ਤਾਂ ਉਨ੍ਹਾਂ ਨੂੰ ਪੱਧਰੇ ਵੀ ਕਰਨਾ ਪਵੇਗਾ'। ਇਸ ਤਰ੍ਹਾਂ ਉਸ ਨੇ ਮਸਜਿਦ ਢਾਹੁਣ ਜਾ ਰਹੇ ਲੋਕਾਂ ਨੂੰ 'ਨੋਕੀਲੇ ਪੱਥਰ' ਪੱਧਰੇ ਕਰਨ ਦੇ ਨਾਂਅ ਉੱਤੇ ਮਸਜਿਦ ਦੇ ਗੁੰਬਦ ਤੋੜ ਦੇਣ ਲਈ ਲਲਕਾਰਾ ਇੱਕ ਦਿਨ ਪਹਿਲਾਂ ਹੀ ਮਾਰ ਦਿੱਤਾ ਸੀ। ਗੁਜਰਾਤ ਦੇ ਦੰਗਿਆਂ ਦੇ ਬਾਅਦ ਵਾਜਪਾਈ ਨੇ ਓਥੇ ਜਾ ਕੇ ਕਿਹਾ ਕਿ ਇਸ ਨਾਲ ਉਸ ਦੀ ਸਰਕਾਰ ਦਾ ਚਿਹਰਾ ਧੁਆਂਖਿਆ ਗਿਆ ਹੈ, ਪਰ ਜਦੋਂ ਨਰਿੰਦਰ ਮੋਦੀ ਨੇ ਅੱਖਾਂ ਦਿਖਾਈਆਂ ਤਾਂ ਮੁਸਲਮਾਨਾਂ ਬਾਰੇ ਕਹਿ ਦਿੱਤਾ ਸੀ ਕਿ ਇਹ ਲੋਕ ਜਿੱਥੇ ਵੀ ਰਹਿੰਦੇ ਹਨ, ਨਾ ਆਪ ਚੈਨ ਨਾਲ ਦਿਨ ਕੱਟਦੇ ਹਨ, ਨਾ ਦੂਜੇ ਲੋਕਾਂ ਨੂੰ ਕੱਟਣ ਦੇਂਦੇ ਹਨ। ਜਦੋਂ ਉੜੀਸਾ ਵਿੱਚ ਇਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਅਤੇ ਪਤਾ ਲੱਗ ਗਿਆ ਕਿ ਇਹ ਕੰਮ ਬਜਰੰਗ ਦਲ ਦੇ ਬੰਦਿਆਂ ਨੇ ਕੀਤਾ ਹੇ, ਓਦੋਂ ਉਨ੍ਹਾਂ ਦੇ ਬਚਾਅ ਲਈ ਵਾਜਪਾਈ ਇਹ ਕਹਿਣ ਲੱਗ ਪਿਆ ਕਿ ਕਤਲ ਤਾਂ ਗਲਤ ਹਨ, ਪਰ ਧਰਮ ਪ੍ਰੀਵਰਤਨ ਬਾਰੇ ਵੀ ਬਹਿਸ ਹੋਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਸੀ ਕਿ ਬਜਰੰਗ ਦਲ ਨੂੰ ਗ੍ਰਾਹਮ ਸਟੇਨਜ਼ ਵੱਲੋਂ ਜੰਗਲੀ ਲੋਕਾਂ ਦਾ ਇਲਾਜ ਜਾਂ ਹੋਰ ਸੇਵਾ ਕਰਨ ਉੱਤੇ ਇਤਰਾਜ਼ ਨਹੀਂ ਸੀ, ਉਹ ਤਾਂ ਲੋਕਾਂ ਨੂੰ ਈਸਾਈ ਬਣਾ ਰਿਹਾ ਸੀ, ਇਸ ਕਰ ਕੇ ਕਤਲ ਕੀਤਾ ਗਿਆ ਹੈ। ਇੰਞ ਵਾਜਪਾਈ ਕਾਤਲਾਂ ਦੇ ਹੱਕ ਵਿੱਚ ਵੀ ਭੁਗਤ ਜਾਂਦਾ ਹੁੰਦਾ ਸੀ।
ਕਿਉਂਕਿ ਵਾਜਪਾਈ ਮਾਡਰੇਟ ਨਹੀਂ ਸੀ, ਕਦੇ-ਕਦਾਈਂ ਲੋੜ ਪੈਣ ਉੱਤੇ ਮਾਡਰੇਟ ਹੋਣ ਦਾ ਚੋਲਾ ਪਾ ਬਹਿੰਦਾ ਸੀ, ਸੱਠ ਸਾਲ ਤੋਂ ਵੱਧ ਉਸ ਨਾਲ ਗੁਜ਼ਾਰ ਚੁੱਕੇ ਅਡਵਾਨੀ ਨੇ ਜ਼ਿੰਦਗੀ ਦੀ ਸ਼ਾਮ ਵੇਲੇ ਓਹੋ ਫਾਰਮੂਲਾ ਵਰਤਣ ਵਾਸਤੇ ਹੁਣ ਬਿਹਾਰ ਤੋਂ ਰੱਥ ਯਾਤਰਾ ਕੱਢਣੀ ਹੈ। ਇਸ ਦਾ ਨਿਤੀਸ਼ ਕੁਮਾਰ ਵਰਗੇ ਸਵਾਗਤ ਕਰ ਰਹੇ ਹਨ। ਵਿੱਚ-ਵਿਚਾਲੇ ਦੇ ਕੁਝ ਹੋਰ ਦਲ ਵੀ ਇਹੋ ਜਿਹਾ ਵਿਹਾਰ ਕਰ ਸਕਦੇ ਹਨ। ਪੰਜਾਬ ਦੇ ਬਾਦਲ ਅਕਾਲੀ ਦਲ ਨੂੰ ਕੋਈ ਫਰਕ ਹੀ ਨਹੀਂ, ਜਿਹੜਾ ਵੀ ਆ ਜਾਵੇ, ਉਨ੍ਹਾਂ ਦੀ ਤਾਂ ਭਾਜਪਾ ਨਾਲ ਭਾਈਵਾਲੀ ਹੈ, ਉਹ ਹਰ ਹਾਲ ਨਿਭਾਈ ਜਾਣੀ ਹੈ।
ਇਸ ਹਾਲਤ ਵਿੱਚ ਰਾਜਨੀਤਕ ਵਿਸ਼ਲੇਸ਼ਣਕਾਰ ਢਾਈ ਸਾਲ ਬਾਅਦ ਦੀ ਰਾਜਨੀਤੀ ਦੇ ਹੁਣੇ ਤੋਂ ਕਿਆਫੇ ਲਾਉਣ ਲੱਗ ਪਏ ਹਨ। ਉਨ੍ਹਾਂ ਵਿਸ਼ਲੇਸ਼ਣਕਾਰਾਂ ਵਿੱਚੋਂ ਕਈਆਂ ਦੀ ਇੱਕ ਜਾਂ ਦੂਜੀ ਪਾਰਟੀ ਦੇ ਧੁਰੰਤਰਾਂ ਨਾਲ ਵੇਲੇ-ਕੁਵੇਲੇ ਦੀ ਸਾਂਝ ਵੀ ਹੋਣ ਕਰ ਕੇ ਉਹ ਅੰਦਰ ਦੀਆਂ ਗੱਲਾਂ ਬਾਹਰ ਦੱਸਣ ਤੋਂ ਨਹੀਂ ਰਹਿੰਦੇ ਤੇ ਕਈ ਵਾਰੀ ਅੰਦਰ ਦੀ ਗੱਲ ਨੂੰ ਅੱਗੇ ਵਧਾਉਣ ਲਈ ਜਾਣ-ਬੁੱਝ ਕੇ ਵੀ ਇਹੋ ਜਿਹੀਆਂ ਭਿਣਕਾਂ ਪੈਦਾ ਕਰਦੇ ਅਤੇ ਪ੍ਰਚਾਰਦੇ ਹਨ।
ਢਾਈ ਸਾਲ ਬਾਅਦ ਦੀ ਰਾਜਨੀਤੀ ਦੀਆਂ ਜਿਹੜੀਆਂ ਕਨਸੋਆਂ ਹੁਣੇ ਤੋਂ ਪੈਣ ਲੱਗੀਆਂ ਹਨ, ਜੇ ਉਹ ਸਹੀ ਸੰਕੇਤ ਦੇਂਦੀਆਂ ਹਨ ਤਾਂ ਭਾਰਤ ਅਗਲੇ ਸਾਲਾਂ ਵਿੱਚ ਬੜੀ ਵੱਡੀ ਤਬਦੀਲੀ ਦਾ ਦ੍ਰਿਸ਼ ਵੇਖ ਸਕਦਾ ਹੈ। ਦਿੱਲੀ ਦੇ ਟੀ ਵੀ ਚੈਨਲਾਂ ਵਿੱਚੋਂ ਇੱਕ ਦੇ ਪ੍ਰਮੁੱਖ ਐਂਕਰ ਨੇ ਸਾਫ ਕਹਿ ਦਿੱਤਾ ਹੈ ਕਿ ਨਾ ਕਾਂਗਰਸ ਦਾ ਹੁਣ ਵਾਲਾ ਗੱਠਜੋੜ ਅਗਲੇ ਦਿਨੀਂ ਲੱਭਣਾ ਹੈ ਤੇ ਨਾ ਹੀ ਭਾਜਪਾ ਵਾਲਿਆਂ ਦਾ। ਇਹ ਸੰਭਾਵਨਾ ਬਣ ਸਕਦੀ ਹੈ ਕਿ ਪ੍ਰਣਬ ਮੁਖਰਜੀ ਜਿਵੇਂ ਆਪਣੀ ਪਾਰਟੀ ਦੀ ਲੀਡਰਸ਼ਿਪ ਦੇ ਵਿਹਾਰ ਤੋਂ ਔਖਾ ਹੈ ਤੇ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਵਿਹਾਰ ਤੋਂ ਵੀ ਖੁਸ਼ ਨਹੀਂ, ਉਸ ਨੂੰ ਅੱਗੇ ਲਾ ਕੇ ਕਾਂਗਰਸ ਦੇ ਕੁਝ ਆਗੂ ਤੇ ਕੁਝ ਹੋਰ ਧਰਮ ਨਿਰਪੱਖ ਧਿਰਾਂ ਇੱਕ ਵਾਰ ਫਿਰ ਕੋਈ ਨਵਾਂ ਤਜਰਬਾ ਕਰਨ ਦੀ ਤਰਕੀਬ ਲੜਾ ਲੈਣ, ਤੇ ਹੋਣ ਨੂੰ ਇਹ ਵੀ ਹੋ ਸਕਦਾ ਹੈ ਕਿ ਅਗਲੀ ਵਾਰੀ ਫਿਰ ਕੁਝ ਵਿੱਚ-ਵਿਚਾਲੇ ਦੇ ਦਲ ਇੱਕ ਨਵੀਂ ਪਾਰਟੀ ਵਿੱਚ ਜੁੜ ਕੇ ਨਿਤੀਸ਼ ਕੁਮਾਰ ਨੂੰ ਨਵਾਂ ਵੀ ਪੀ ਸਿੰਘ ਜਾਂ ਮੋਰਾਰਜੀ ਦੇਸਾਈ ਬਣਾ ਕੇ ਤੁਰ ਪੈਣ ਅਤੇ ਭਾਜਪਾ ਉਨ੍ਹਾਂ ਦੀ ਪਿੱਛਲੱਗ ਬਣ ਕੇ ਰਹਿ ਜਾਵੇ। ਪ੍ਰਣਬ ਮੁਖਰਜੀ ਦਾ ਇਸ ਉਮਰੇ ਇਹੋ ਜਿਹੇ ਤਜਰਬੇ ਕਰਨਾ ਹਾਲੇ ਤੱਕ ਮੰਨਣ ਵਿੱਚ ਬਹੁਤਾ ਨਹੀਂ ਆਉਂਦਾ, ਪਰ ਦੂਜੀ ਸੰਭਾਵਨਾ ਕੁਝ ਬਦਲਵੇਂ ਤਰ੍ਹਾਂ ਸਮਝ ਵਿੱਚ ਆ ਸਕਦੀ ਹੈ। ਕਹਿਣ ਤੋਂ ਭਾਵ ਇਹ ਕਿ ਜੈ ਪ੍ਰਕਾਸ਼ ਨਰਾਇਣ ਦੇ ਜਨਮ ਅਸਥਾਨ ਤੋਂ ਰੱਥ ਤਾਂ ਅਡਵਾਨੀ ਨੇ ਤੋਰਨਾ ਹੈ, ਪਰ ਜੇ ਸਚਮੁੱਚ ਜੈ ਪ੍ਰਕਾਸ਼ ਵਾਲੀ ਲਹਿਰ ਬਣਨ ਲੱਗ ਪਈ, ਫਿਰ ਹੋਰ ਭਾਵੇਂ ਜਿਹੜਾ ਵੀ ਲੰਬੜਦਾਰ ਬਣ ਜਾਵੇ, ਇੱਕ ਗੱਲ ਪੱਕੀ ਹੈ ਕਿ ਲੰਬੜਦਾਰੀ ਨਾ ਮੋਦੀ ਦੇ ਪੱਲੇ ਪੈਣੀ ਹੈ ਤੇ ਨਾ ਅਡਵਾਨੀ ਦੇ।

No comments:

Post a Comment