ਦ੍ਰਿਸ਼ਟੀਕੋਣ (55)-ਜਤਿੰਦਰ ਪਨੂੰ

-ਕਹਿੰਦੇ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਸਾਧ ਵੇਚ ਗਏ-
ਰਾਜਨੀਤੀ ਰਾਜ ਗੱਦੀਆਂ ਉੱਤੇ ਕਬਜ਼ੇ ਦੀ ਨੀਤੀ ਹੁੰਦੀ ਹੈ। ਇਹ ਗੱਦੀ ਉੱਤੇ ਬਹਿਣ ਦੀ ਤੇ ਜੇ ਬੈਠ ਗਏ ਤਾਂ ਫਿਰ ਟਿਕੇ ਰਹਿਣ ਦੀ ਨੀਤੀ ਹੁੰਦੀ ਹੈ। ਸਮਾਜੀ ਰਿਸ਼ਤੇ ਵੀ ਇਹ ਤਾਰ-ਤਾਰ ਕਰ ਦੇਂਦੀ ਹੈ। ਰਾਜਨੀਤੀ ਵਿੱਚ ਬਹੁਤਾ ਚਿਰ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਇਤਹਾਸ ਨੂੰ ਫੋਲ ਕੇ ਵੇਖ ਲਓ, ਗੱਦੀ ਖਾਤਰ ਇੱਕ ਦੂਜੇ ਦੇ ਕਤਲ ਕਰਨ ਦਾ ਕੰਮ ਸਕੇ ਭਰਾਵਾਂ ਨੇ ਵੀ ਕੀਤਾ ਸੀ, ਪੁੱਤਰਾਂ ਨੇ ਵੀ ਅਤੇ ਕਿਸੇ ਵੇਲੇ ਕਿਸੇ ਪਿਓ ਨੇ ਵੀ ਗੱਦੀ ਵੱਲ ਝਾਕਦੇ ਪੁੱਤਰ ਦਾ ਕਤਲ ਕਰਨ ਲੱਗਿਆਂ ਅੱਗਾ-ਪਿੱਛਾ ਨਹੀਂ ਸੀ ਵੇਖਿਆ। ਰਾਜ ਦੀ ਭੁੱਖ ਨੇ ਸਕੇ ਤਾਏ-ਚਾਚੇ ਦੇ ਪੁੱਤਰਾਂ ਨੂੰ ਮਹਾਂਭਾਰਤ ਦਾ ਜੰਗ ਕਰਨ ਲਈ ਵੀ ਮਜਬੂਰ ਕਰ ਦਿੱਤਾ ਸੀ।
ਅੱਜ ਦੇ ਯੁੱਗ ਤੱਕ ਇਹ ਖੇਡ ਚੱਲਦੀ ਆ ਰਹੀ ਹੈ। ਲਾਲ ਬਹਾਦਰ ਸ਼ਾਸਤਰੀ ਦੇ ਦੋਵੇਂ ਪੁੱਤਰ ਵੱਖੋ-ਵੱਖ ਪਾਰਟੀਆਂ ਵਿੱਚ ਹੁੰਦੇ ਹਨ, ਆਪੋ ਵਿੱਚ ਨਹੀਂ ਬਣਦੀ। ਗਵਾਲੀਅਰ ਦੇ ਸਿੰਧੀਆ ਪਰਵਾਰ ਵਿੱਚ ਜਨਮਿਆ ਮਾਧਵ ਰਾਓ ਸਿੰਧੀਆ ਕਾਂਗਰਸ ਪਾਰਟੀ ਦਾ ਲੀਡਰ ਸੀ, ਉਸ ਦੀ ਮਰਹੂਮ ਮਾਂ ਤੇ ਭੈਣ ਭਾਰਤੀ ਜਨਤਾ ਪਾਰਟੀ ਦੀਆਂ ਲੀਡਰ ਸਨ। ਪਰਵਾਰ ਨੂੰ ਰਾਜਨੀਤੀ ਨੇ ਏਨਾ ਉਲਝਾ ਦਿੱਤਾ ਸੀ ਕਿ ਮਾਧਵ ਰਾਓ ਦੀ ਧੀ ਦੇ ਵਿਆਹ ਮੌਕੇ ਕੁੜੀ ਦੀ ਦਾਦੀ ਰਾਜ-ਮਾਤਾ ਵਿਜੇ ਰਾਜੇ ਸਿੰਧੀਆ ਸ਼ਾਮਲ ਨਹੀਂ ਸੀ ਹੋਈ, ਸਿਰਫ ਸ਼ਗਨ ਪਾਉਣ ਆਈ ਸੀ ਅਤੇ ਭੌਂਦੇ ਪੈਰੀਂ ਉਸ ਘਰ ਤੋਂ ਚਾਹ ਵੀ ਪੀਤੇ ਬਿਨਾਂ ਮੁੜ ਗਈ ਸੀ। ਆਂਧਰਾ ਪ੍ਰਦੇਸ਼ ਵਿੱਚ ਪੁੱਤਰਾਂ ਨੇ ਪਿਓ ਐਨ ਟੀ ਰਾਮਾਰਾਓ ਦੀ ਕੁਰਸੀ ਉਲਟਾਉਣ ਲਈ ਜੀਜੇ ਚੰਦਰ ਬਾਬੂ ਨਾਇਡੂ ਦਾ ਸਾਥ ਦੇ ਕੇ ਆਪਣੇ ਖਾਨਦਾਨ ਦਾ ਜਲੂਸ ਕੱਢ ਲਿਆ ਸੀ।
ਸਾਡੇ ਪੰਜਾਬ ਵਿੱਚ ਵੀ ਏਦਾਂ ਦੇ ਨਜ਼ਾਰੇ ਪੇਸ਼ ਹੁੰਦੇ ਰਹੇ ਹਨ। ਇੱਕ ਵਾਰੀ ਇੱਕ ਕਾਂਗਰਸੀ ਮੰਤਰੀ ਮਰ ਗਿਆ ਤਾਂ ਉਸ ਦਾ ਪੁੱਤਰ ਤੇ ਧੀ ਦੋਵੇਂ ਅਗਲੀ ਚੋਣ ਵਿੱਚ ਉਸ ਦੇ ਵਾਰਸ ਵਜੋਂ ਆਹਮੋ ਸਾਹਮਣੇ ਖੜੇ ਹੋ ਗਏ ਸਨ ਤੇ ਪਿਓ ਦੀ ਖਾਲੀ ਕੀਤੀ ਸੀਟ ਆਰਾਮ ਨਾਲ ਅਕਾਲੀ ਦਲ ਵਾਲੇ ਲੈ ਗਏ ਸਨ। ਇੱਕ ਹੋਰ ਕਾਂਗਰਸੀ ਵਜ਼ੀਰ ਮਰ ਗਿਆ ਤਾਂ ਉਸ ਦੀ ਪਤਨੀ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ ਤੇ ਪੁੱਤਰ ਬਾਗੀ ਹੋ ਕੇ ਸਾਹਮਣੇ ਖੜਾ ਹੋ ਗਿਆ ਸੀ। ਨਤੀਜੇ ਵਜੋਂ ਉਸ ਹਲਕੇ ਵਿੱਚ ਅੱਗੇ-ਅੱੱਗੇ ਮਾਂ ਦਾ ਚੋਣ ਪ੍ਰਚਾਰ ਦਾ ਰਿਕਸ਼ਾ ਜਾ ਰਿਹਾ ਹੁੰਦਾ ਸੀ, ਜਿਸ ਉੱਤੇ ਲੱਗੇ ਸਪੀਕਰ ਵਿੱਚ ਗਾਣਾ ਚੱਲੀ ਜਾਂਦਾ ਸੀ; 'ਮਾਂ ਹੁੰਦੀ ਏ ਮਾਂ, ਓ ਦੁਨੀਆ ਵਾਲਿਓ' ਅਤੇ ਪਿੱਛੇ ਆ ਰਹੇ ਪੁੱਤਰ ਦੇ ਚੋਣ ਪ੍ਰਚਾਰ ਦੇ ਰਿਕਸ਼ੇ ਉੱਤੇ ਇਹ ਗਾਣਾ ਚੱਲਦਾ ਸੀ; 'ਸੁੰਨੇ ਰਹਿਣਗੇ ਚੁਬਾਰੇ ਤੇਰੇ, ਪੁੱਤਰਾਂ ਨੂੰ ਤਰਸੇਂਗੀ'। ਇੱਕ ਅਕਾਲੀ ਮੰਤਰੀ ਤੇ ਅਕਾਲ ਤਖਤ ਦਾ ਸਾਹਿਬ ਸਾਬਕਾ ਜਥੇਦਾਰ ਜਿਸ ਵਕਤ ਮਰਿਆ, ਅਗਲੀ ਚੋਣ ਵਿੱਚ ਉਸ ਦੇ ਦੋਵੇਂ ਪੁੱਤਰ ਪਾਰਲੀਮੈਂਟ ਸੀਟ ਲਈ ਆਹਮੋ ਸਾਹਮਣੇ ਡਟ ਗਏ ਸਨ।
ਬੜੀ ਗੰਦੀ ਚੀਜ਼ ਹੈ ਰਾਜਨੀਤੀ। ਇਹ ਸਿਰਫ ਅਸੀਂ ਨਹੀਂ ਕਹਿੰਦੇ, ਬਹੁਤ ਸਾਰੇ ਉਹ ਸਾਧ-ਸੰਤ ਵੀ ਕਹਿੰਦੇ ਹਨ, ਜਿਹੜੇ ਦੁਨੀਆ ਨੂੰ ਪਾਪਾਂ ਦੇ ਮਾਰਗ ਤੋਂ ਵਰਜ ਕੇ ਸਿੱਧੇ ਰਾਹ ਉੱਤੇ ਪਾਉਣ ਦਾ ਦਾਅਵਾ ਕਰਦੇ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਉਨ੍ਹਾਂ ਦਾ ਮਾਰਗ ਵੀ ਰਾਜਨੀਤੀ ਜਿੰਨਾ ਗੰਦਾ ਹੈ, ਪਰ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਇਮਾਨ ਦਾ ਪੱਲਾ ਸਾਧਾਂ ਤੇ ਸੰਤਾਂ ਦੇ ਹੱਥ ਵੀ ਹੁਣ ਨਹੀਂ ਹੁੰਦਾ। ਉਹ ਵੇਲਾ ਬਹੁਤ ਪਿੱਛੇ ਰਹਿ ਗਿਆ, ਜਦੋਂ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਖਾਓ' ਦਾ ਸੰਦੇਸ਼ ਦੇਣ ਵਾਲੇ ਗੁਰੂ ਬਾਬੇ ਨੇ ਲੋਕਾਂ ਨੂੰ ਗਿਆਨ ਦਾ ਚਾਨਣ ਵੀ ਦਿੱਤਾ ਸੀ ਅਤੇ ਕਿਰਤ ਦੀ ਮਹਿਮਾ ਦੱਸਣ ਲਈ ਆਪ ਕਰਤਾਰਪੁਰ ਵਿੱਚ ਹਲ ਵਾਹਿਆ ਤੇ ਪੱਠਿਆਂ ਦੀ ਪੰਡ ਵੀ ਸਿਰ ਉੱਤੇ ਚੁੱਕੀ ਸੀ। ਉਸ ਗੁਰੂ ਬਾਬੇ ਦਾ ਸੰਦੇਸ਼ ਹੋਰ ਅੱਗੇ ਵਧਾਉਂਦੇ ਹੋਏ ਭਾਈ ਗੁਰਦਾਸ ਨੇ ਸਿੱਖਾਂ ਨੂੰ ਸਮਝਾਇਆ ਸੀ, 'ਕਿਰਤਿ ਵਿਰਤਿ ਕਰਿ ਧਰਮ ਦੀ, ਹਥਹੁ ਦੇ ਕੇ ਭਲਾ ਮਨਾਵੈ'।
ਹੁਣ ਕੋਈ ਵੀ ਸਾਧ ਹੱਥੀਂ ਕਿਰਤ ਨਹੀਂ ਕਰਦਾ। ਕਦੇ ਕਿਸੇ ਸਾਧ ਨੇ ਆਪਣਾ ਕੌਲਾ ਵੀ ਹੱਥੀਂ ਸਾਫ਼ ਨਹੀਂ ਕੀਤਾ। ਚੇਲੇ ਹੀ ਏਨੇ ਕੁ ਹੁੰਦੇ ਹਨ ਕਿ ਹੱਥੀਂ ਕੰਮ ਕਰਨ ਦੀ ਲੋੜ ਨਹੀਂ ਹੁੰਦੀ, ਸੰਤ ਦੇ ਅੰਦਰੂਨੀ ਕੱਪੜੇ, ਅੰਡਰ ਗਾਰਮੈਂਟਸ, ਵੀ ਉਹੋ ਧੋ ਦੇਂਦੇ ਹਨ ਤੇ ਇਸ ਨਾਲ ਪਾਪਾਂ ਤੋਂ ਮੁਕਤੀ ਮਿਲ ਗਈ ਸਮਝਦੇ ਹਨ। ਇਹ ਸਾਰੇ ਸਾਧ ਬਾਹਰੋਂ ਹੀ ਸਾਧ ਹਨ, ਅੰਦਰ ਤੋਂ ਵਿਹਲੀਆਂ ਖਾਣ ਦਾ ਢੰਗ ਅਪਣਾ ਚੁੱਕੇ ਬਗਲੇ ਹਨ। ਗਲਾਂ ਵਿੱਚ ਪਿਸਤੌਲ ਲਟਕਾ ਕੇ ਚੱਲਦੇ ਹਨ। ਹਰ ਮਹਿੰਗੀ ਗੱਡੀ ਬਾਜ਼ਾਰ ਵਿੱਚ ਆਉਂਂਦੇ ਸਾਰ ਸਭ ਤੋਂ ਪਹਿਲਾਂ ਇਨ੍ਹਾਂ ਦੇ ਹੇਠ ਹੁੰਦੀ ਹੈ। ਜਦੋਂ ਇਹ ਸਾਧ ਬਣਦੇ ਹਨ ਤਾਂ ਸਾਧ ਦੇ ਅਰਥਾਂ ਮੁਤਾਬਕ 'ਸਾਧਨਾ' ਕਰਨ ਦੀ ਨੀਤ ਧਾਰ ਕੇ ਨਹੀਂ ਬਣਦੇ, ਇਹ ਸੋਚ ਕੇ ਬਣਦੇ ਹਨ ਕਿ ਕੋਈ ਕੰਮ ਨਹੀਂ ਕਰਨਾ ਪਵੇਗਾ, ਸਾਰੀ ਉਮਰ ਭਗਤ ਕਮਾਉਣਗੇ ਅਤੇ ਗੁਰੂ ਦਾ ਨਾਂਅ ਲੈ ਕੇ ਸਾਡੇ ਢਿੱਡਾਂ ਵਿੱਚ ਪਾਉਣਗੇ।
ਵਿਹਲੀਆਂ ਖਾਣ ਦੀ ਨੀਤ ਨਾਲ ਸਾਧਗਿਰੀ ਦਾ ਢਕਵੰਜ ਚਲਾਉਣ ਵਾਲੇ ਸਾਧਾਂ ਦੇ ਪਿੱਛੇ ਪੈਰੋਕਾਰਾਂ ਦੀ ਭੀੜ ਹੋਣ ਕਰ ਕੇ ਲੋਕ-ਤੰਤਰੀ ਜੰਗਾਂ ਵਿੱਚ ਗੱਦੀ ਦੀ ਲੜਾਈ ਜਿੱਤਣ ਦੇ ਸ਼ੌਕੀਨ ਰਾਜਸੀ ਆਗੂਆਂ ਦੀਆਂ ਕਾਰਾਂ ਇਨ੍ਹਾਂ ਦੇ ਡੇਰਿਆਂ ਵੱਲ ਜਾਣ ਲੱਗ ਪਈਆਂ। ਬਠਿੰਡੇ ਜ਼ਿਲ੍ਹੇ ਦੇ ਜੀਦੇ ਪਿੰਡ ਵਾਲਾ ਜਗਸੀਰ ਟੱਪੇ ਜੋੜਦਾ ਹੈ। ਇੱਕ ਟੱਪਾ ਉਸ ਨੇ ਇਹ ਵੀ ਜੋੜਿਆ ਹੋਇਆ ਹੈ, 'ਕਹਿੰਦੇ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਸਾਧ ਵੇਚ ਗਏ'। ਇਹ ਗੱਲ ਸੱਚੀ ਹੈ। ਬਹੁਤ ਸਾਰੇ ਸਾਧਾਂ ਨੇ ਆਪਣੇ ਪਿੱਛੇ ਲੱਗੀ ਅਕਲ ਤੋਂ ਅੰਨ੍ਹੀ ਸੰਗਤ ਦਾ ਸੌਦਾ ਥੋਕ ਦੇ ਭਾਅ ਇੱਕ ਜਾਂ ਦੂਜੇ ਰਾਜਸੀ ਆਗੂ ਨਾਲ ਉੱਕਾ-ਪੁੱਕਾ ਕਰ ਲਿਆ ਅਤੇ ਮਗਰੋਂ ਜਦੋਂ ਕੀਤਾ ਭੁਗਤਿਆ ਤਾਂ ਸੰਗਤ ਨੂੰ ਵੀ ਭੁਗਤਣਾ ਪੈਂਦਾ ਰਿਹਾ ਹੈ। ਹੁਣ ਉਨ੍ਹਾਂ ਸਾਧਾਂ ਦਾ ਚਸਕਾ ਹੋਰ ਵਧ ਗਿਆ ਹੈ। ਪਹਿਲਾਂ ਕਿਹਾ ਜਾਂਦਾ ਸੀ ਕਿ ਪੂੰਜੀਪਤੀ ਅਤੇ ਵੱਡੇ ਅਪਰਾਧੀ ਟੋਲਿਆਂ ਦੇ ਬਾਸ ਇੱਕ ਜਾਂ ਦੂਜੇ ਰਾਜਸੀ ਆਗੂ ਦੇ ਪਿੱਛੇ ਤਾਕਤ ਝੋਕ ਕੇ ਉਸ ਨੂੰ ਇਸ ਲਈ ਜਿਤਾਉਂਦੇ ਹਨ ਕਿ ਪਾਰਲੀਮੈਂਟ ਜਾਂ ਵਿਧਾਨ ਸਭਾ ਵਿੱਚ ਜਾ ਕੇ ਸਾਡਾ ਖਿਆਲ ਰੱਖੇਗਾ। ਫਿਰ ਇਹ ਕਿਹਾ ਜਾਣ ਲੱਗਾ ਕਿ ਹੁਣ ਇਹ ਕੰਮ ਕਰਨ ਲਈ ਉਹ ਖੁਦ ਹੀ ਪਾਰਟੀਆਂ ਤੋਂ ਟਿਕਟ ਲੈ ਕੇ ਇਨ੍ਹਾਂ ਥਾਂਵਾਂ ਉੱਤੇ ਪਹੁੰਚਣ ਲੱਗ ਪਏ ਹਨ, ਤਾਂ ਕਿ ਆਪਣਾ ਖਿਆਲ ਆਪ ਰੱਖ ਸਕਣ।
ਇਹ ਰੁਝਾਨ ਪਿਛਲੇ ਸਮੇਂ ਵਿੱਚ ਭਾਰਤ ਵਿੱਚ ਸਾਧਾਂ ਅੰਦਰ ਵੀ ਵਾਹਵਾ ਤੇਜ਼ੀ ਨਾਲ ਵਧਿਆ ਹੈ। ਸਾਧਾਂ ਅਤੇ ਸਾਧਵੀਆਂ ਨੂੰ ਕਈ ਵਾਰੀ ਸ਼ਰਮਿੰਦਗੀ ਵੀ ਸਹਾਰਨੀ ਪਈ, ਪਰ ਉਹ ਚਸਕਾ ਨਹੀਂ ਛੱਡ ਸਕੇ। ਸਾਧਵੀ ਉਮਾ ਭਾਰਤੀ ਜਿਨ੍ਹਾਂ ਭਾਜਪਾ ਆਗੂਆਂ ਕੋਲੋਂ ਟਕੋਰਾਂ ਕਰਵਾ ਕੇ ਗਈ ਅਤੇ ਫਿਰ ਚੋਣਾਂ ਵਿੱਚ ਉਨ੍ਹਾਂ ਅੱਗੇ ਬੇਵੱਸ ਹੋ ਕੇ ਪੱਤਰਕਾਰਾਂ ਸਾਹਮਣੇ ਅੱਖਾਂ ਵਿੱਚੋਂ ਗਲੇਡੂ ਸੁੱਟਦੀ ਸੀ, ਅੱਜ ਫਿਰ ਉਨ੍ਹਾਂ ਦੇ ਸਿਆਸੀ ਡੇਰੇ ਦੀ ਝਾੜੂ ਬਰਦਾਰ ਜਾ ਬਣੀ ਹੈ। ਉਹ ਤਾਂ ਸਿਰਫ਼ ਇੱਕ ਮਿਸਾਲ ਹੈ, ਭਾਰਤ ਵਿੱਚ ਲੋਕਾਂ ਨੂੰ ਮੁਕਤੀ ਦਾ ਦਰਵਾਜ਼ਾ ਵਿਖਾਉਣ ਦੇ ਦਾਅਵੇ ਕਰਨ ਵਾਲੇ ਇਹੋ ਜਿਹੇ ਦਰਜਨਾਂ ਹੋਰ ਸਾਧ ਤੇ ਸਾਧਵੀਆਂ ਇੱਕ ਜਾਂ ਦੂਜੀ ਪਾਰਟੀ ਦੇ ਲੀਡਰਾਂ ਦੇ ਅੱਗੇ-ਪਿੱਛੇ ਅਸੈਂਬਲੀ ਜਾਂ ਪਾਰਲੀਮੈਂਟ ਦੀ ਇੱਕ ਟਿਕਟ ਖਾਤਰ ਨੱਚਦੇ ਫਿਰਦੇ ਹਨ।
ਸਾਡੇ ਪੰਜਾਬ ਵਿੱਚ ਇਹ ਰੁਝਾਨ ਸੰਤ ਫਤਹਿ ਸਿੰਘ ਦੇ ਵੇਲੇ ਆਰੰਭ ਹੋਇਆ ਮੰਨਿਆ ਜਾਂਦਾ ਹੈ। ਅਕਾਲੀਆਂ ਨਾਲ ਫਿਰਦੇ ਹੋਏ ਉਸ ਨੇ ਜਦੋਂ ਉਨ੍ਹਾਂ ਦਾ ਟੌਹਰ ਵੇਖਿਆ ਤਾਂ ਰਾਜਨੀਤੀ ਜੋਗਾ ਹੋ ਕੇ ਰਹਿ ਗਿਆ ਅਤੇ ਫਿਰ ਮਰਨ-ਵਰਤ ਰੱਖਣ-ਛੱਡਣ ਦੇ ਡਰਾਮੇ ਕਰਦਾ ਰਿਹਾ, ਪਰ ਦਰਸ਼ਨ ਸਿੰਘ ਫੇਰੂਮਾਨ ਵੱਲੋਂ ਸਿਰੇ ਚਾੜ੍ਹੇ ਹੋਏ ਮਰਨ-ਵਰਤ ਮਗਰੋਂ ਸ਼ਰਮ ਨਾਲ ਮਰਨ ਜੋਗਾ ਹੋ ਗਿਆ ਸੀ। ਬਾਕੀਆਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਸੀ, ਪਰ ਨਹੀਂ ਸਨ ਸਿੱਖ ਸਕੇ। ਸਮਾਂ ਪਾ ਕੇ ਟੌਹੜਾ-ਤਲਵੰਡੀ ਧੜੇ ਨੂੰ ਠਿੱਬੀ ਲਾਉਣ ਲਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਡੇਰੇ ਵਿੱਚੋਂ ਕੱਢ ਕੇ ਰਾਜਨੀਤੀ ਵਿੱਚ ਅੱਗੇ ਲੈ ਆਇਆ ਸੀ।
ਸੰਤ ਲੌਂਗੋਵਾਲ ਨੂੰ ਭੁੱਲ ਗਿਆ ਕਿ ਰਾਜਨੀਤੀ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਉਸ ਦੀ ਇਹੋ ਭੁੱਲ ਉਸ ਨੂੰ ਲੈ ਬੈਠੀ। ਉਸ ਨੇ ਰਾਜੀਵ ਗਾਂਧੀ ਨਾਲ ਮਿਲ ਕੇ ਪੰਜਾਬ ਸਮਝੌਤੇ ਉੱਤੇ ਦਸਖਤ ਕੀਤੇ ਤਾਂ ਸਭ ਤੋਂ ਪਹਿਲਾਂ ਉਸ ਦੇ ਇਸ ਕਦਮ ਨੂੰ ਪੰਜਾਬ ਅਤੇ ਸਿੱਖਾਂ ਨਾਲ ਗੱਦਾਰੀ ਓਸੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਜਿਹੜਾ ਉਸ ਨੂੰ ਗੁਰਦੁਆਰੇ ਵਿੱਚੋਂ ਕੱਢ ਕੇ ਅਕਾਲੀ ਦਲ ਦੀ ਪ੍ਰਧਾਨਗੀ ਤੱਕ ਲੈ ਕੇ ਆਇਆ ਸੀ। ਜਿਸ ਨੂੰ ਗੱਦਾਰ ਹੀ ਕਹਿ ਦਿੱਤਾ, ਫਿਰ ਉਸ ਨੂੰ ਗੱਦਾਰੀ ਦੀ ਸਜ਼ਾ ਦੇਣ ਵਾਲੇ ਵੀ ਤੁਰ ਪਏ। ਅੱਜ ਦੀ ਹਾਲਤ ਇਹ ਹੈ ਕਿ ਅਕਾਲੀ ਦਲ ਸੰਤ ਲੌਂਗੋਵਾਲ ਨੂੰ ਵੀ ਸ਼ਹੀਦ ਕਹੀ ਜਾਂਦਾ ਹੈ ਤੇ ਉਸ ਦੇ ਕਾਤਲ ਨੂੰ ਵੀ। ਬਾਕੀ ਦੇ ਸੰਤਾਂ ਲਈ ਤਾਂ ਏਨਾ ਤਜਰਬਾ ਵੀ ਬਹੁਤ ਸੀ, ਪਰ ਸਿੱਖ ਨਹੀਂ ਸਕੇ, ਕਿਉਂਕਿ ਉਹ ਸਿੱਖਣਾ ਹੀ ਨਹੀਂ ਚਾਹੁੰਦੇ। ਜਿਵੇਂ ਕਦੇ ਅਰਜਨ ਦੀ ਅੱਖ ਨਿਸ਼ਾਨਾ ਫੁੰਡਣ ਲਈ ਬੋਹੜ ਦੇ ਟਾਹਣੇ ਉੱਤੇ ਬੈਠੀ ਇੱਲ ਦੀ ਅੱਖ ਉੱਤੇ ਟਿਕੀ ਹੋਈ ਸੀ, ਉਵੇਂ ਹੀ ਅੱਜ ਦੇ ਕਈ ਸਾਧਾਂ ਤੇ ਸੰਤਾਂ ਦੀ ਅੱਖ ਚੰਡੀਗੜ੍ਹ ਦੇ ਪੰਜਾਬ ਸੈਕਟਰੀਏਟ ਵਿੱਚ ਕਿਸੇ ਨਾ ਕਿਸੇ ਵਜ਼ੀਰੀ ਕੁਰਸੀ ਉੱਤੇ ਟਿਕੀ ਪਈ ਹੈ।
ਪਿਛਲੇ ਦਿਨੀਂ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਸੰਤ ਸਮਾਜ ਦਾ ਇੱਕ ਧੜਾ ਪਹਿਲਾਂ ਬਾਦਲ ਅਕਾਲੀ ਦਲ ਦੇ ਵਿਰੋਧ ਵਿੱਚ ਝੰਡਾ ਚੁੱਕ ਤੁਰਿਆ ਤੇ ਫਿਰ ਉਸ ਨਾਲ ਉਹ ਸਮਝੌਤਾ ਕਰ ਗਿਆ, ਜਿਹੜਾ ਅਸਲੋਂ ਭੀਖ ਮੰਗਣ ਵਰਗਾ ਸੀ। ਹੰਢੇ-ਵਰਤੇ ਮੁੱਖ ਮੰਤਰੀ ਬਾਦਲ ਨੇ ਪੌਣੇ ਦੋ ਸੌ ਸੀਟਾਂ ਦੇ ਢੇਰ ਵਿੱਚੋਂ ਇਨ੍ਹਾਂ ਨੂੰ ਤੀਹ ਸੀਟਾਂ ਦਾ ਪ੍ਰਸ਼ਾਦ ਦੇਣਾ ਮੰਨਿਆ ਤੇ ਜਦੋਂ ਸੀਟਾਂ ਦੀ ਨਿਸ਼ਾਨਦੇਹੀ ਕਰਨੀ ਸੀ ਤਾਂ ਕਹਿ ਦਿੱਤਾ ਕਿ ਇਨ੍ਹਾਂ ਤੀਹ ਸੀਟਾਂ ਵਿੱਚੋਂ ਵੀਹ ਉਮੀਦਵਾਰ ਤੁਸੀਂ ਉਹ ਆਪਣੇ ਮੰਨ ਲਵੋ, ਜਿਹੜੇ ਮੱਥਾ ਟੇਕਣ ਤਾਂ ਤੁਹਾਡੇ ਡੇਰੇ ਨੂੰ ਜਾਂਦੇ ਹਨ, ਪਰ ਰਾਜਨੀਤਕ ਵਫਾਦਾਰੀ ਮੇਰੇ ਨਾਲ ਰੱਖਦੇ ਹਨ। ਤਿਆਗੀ ਪੁਰਸ਼ ਕਹਾਉਣ ਵਾਲੇ ਸੰਤ ਬਾਬੇ ਖੜੇ ਪੈਰ ਬਾਦਲ ਦੀ ਇਹ ਗੱਲ ਇਸ ਕਰ ਕੇ ਮੰਨ ਗਏ ਕਿ ਜੇ ਉਸ ਨੇ ਇਸ ਤੋਂ ਵੀ ਮੁੱਖ ਮੋੜ ਲਿਆ ਤਾਂ ਫਿਰ ਹਾਲਤ 'ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ' ਵਾਲੀ ਬਣ ਜਾਣੀ ਹੈ। ਲੋਕਾਂ ਮੂਹਰੇ ਬੋਲਦਿਆਂ ਦੁਨਿਆਵੀ ਤਖਤਾਂ ਨੂੰ ਟਿੱਚ ਜਾਣਨ ਦੀਆਂ ਗੱਲਾਂ ਕਰਨ ਵਾਲੇ ਓਸੇ ਸੰਤ ਸਮਾਜ ਨੇ ਹੁਣ ਬਾਦਲ ਅਕਾਲੀ ਦਲ ਨੂੰ ਇਹ ਸੁਨੇਹਾ ਭੇਜ ਦਿੱਤਾ ਹੈ ਕਿ 'ਸਾਨੂੰ ਸਿਰਫ ਸੱਤ ਸੀਟਾਂ ਛੱਡ ਦਿਓ, ਅਸੀਂ ਹਰ ਮੈਦਾਨ ਨਾਲ ਨਿਭਣ ਨੂੰ ਤਿਆਰ ਹਾਂ ਅਤੇ ਭਾਜਪਾ ਤਾਂ ਕਿਧਰੇ ਰਹੀ, ਕਿਸੇ ਇਜ਼ਹਾਰ ਆਲਮ ਨੂੰ ਉਮੀਦਵਾਰ ਬਣਾਉਣ ਦਾ ਵੀ ਵਿਰੋਧ ਨਹੀਂ ਕਰਾਂਗੇ।' ਅੱਗੇ ਵੀ ਵਿਰੋਧ ਗੱਲੀਂ-ਬਾਤੀਂ ਸੀ। ਉਂਜ ਅਮਲ ਵਿੱਚ ਉਹ ਕਦੇ-ਕਦਾਈਂ ਭਾਜਪਾ ਜਾਂ ਇਜ਼ਹਾਰ ਆਲਮ ਵਰਗੇ ਪੁਲਸ ਅਫਸਰਾਂ ਦੇ ਵਿਰੋਧ ਦੀ ਸੁਰ ਇਸ ਲਈ ਕੱਢਦੇ ਰਹਿੰਦੇ ਹਨ ਕਿ ਰਾਜਸੀ ਲੀਡਰਾਂ ਨੂੰ ਉਨ੍ਹਾਂ ਦੀ ਲੋੜ ਜਾਪਦੀ ਰਹੇ। ਇਸ ਦਾ ਫਾਇਦਾ ਉਨ੍ਹਾਂ ਨੂੰ ਸੀਟਾਂ ਛੱਡਣ ਵਾਲੇ ਬਾਦਲ ਅਕਾਲੀ ਦਲ ਨੂੰ ਵੀ ਹੁੰਦਾ ਹੈ, ਕਿਉਂਕਿ ਉਹ ਭਾਜਪਾ ਨੂੰ ਇਹ ਗੱਲ ਕਹਿ ਕੇ ਦਬਾਅ ਪਾ ਸਕਦਾ ਹੈ ਕਿ 'ਵੇਖ ਲਓ, ਸਿੱਖ ਸੰਤਾਂ ਦੇ ਏਨੇ ਵਿਰੋਧ ਦੇ ਬਾਵਜੂਦ ਅਸੀਂ ਤੁਹਾਡੇ ਨਾਲ ਸਾਂਝ ਨਿਭਾਈ ਜਾ ਰਹੇ ਹਾਂ।'
ਸਿਰਫ ਸੱਤ ਸੀਟਾਂ ਲਈ ਅਸ਼ਟਾਂਗ (ਸਰੀਰ ਦੇ ਅੱਠੇ ਅੰਗ ਧਰਤੀ ਨਾਲ ਲਾ ਕੇ) ਪ੍ਰਣਾਮ ਕਰਨ ਨੂੰ ਤਿਆਰ ਖੜੇ ਸੰਤਾਂ ਨੂੰ ਪਹਿਲਾਂ ਆਪਣੀ ਬੁੱਕਲ ਵਿੱਚ ਝਾਤੀ ਮਾਰਨੀ ਚਾਹੀਦੀ ਹੈ। ਜੇ ਉਨ੍ਹਾਂ ਨੇ ਚੋਣਾਂ ਦੇ ਦਿਨਾਂ ਵਿੱਚ ਰਾਜਸੀ ਨੌਟੰਕੀ ਦੇ ਕਲਾਕਾਰ ਹੀ ਬਣਨਾ ਹੈ ਤਾਂ ਸਿੱਧੇ ਤੌਰ'ਉੱਤੇ ਮੈਦਾਨ ਵਿੱਚ ਆ ਜਾਣ, ਕੋਈ ਉਨ੍ਹਾਂ ਨੂੰ ਰੋਕੇਗਾ ਨਹੀਂ, ਪਰ ਸੰਤ ਦੇ ਭੇਸ ਵਿੱਚ ਰਾਜਨੀਤੀ ਕਰ ਕੇ ਸਿੱਧੜ ਸੁਭਾਅ ਸੰਗਤਾਂ ਨੂੰ ਇਸ ਤਰ੍ਹਾਂ ਧੋਖਾ ਤਾਂ ਨਾ ਦੇਣ।
ਇੱਕ ਬੜੀ ਪੁਰਾਣੀ ਕਹਾਣੀ ਹੈ, ਕਿਸੇ ਤਿਆਗੀ ਹੋਣ ਦਾ ਭਰਮ ਪਾਲਣ ਵਾਲੇ ਭੇਖੀ ਸੰਤ ਬਾਰੇ। ਉਹ ਸ਼ਾਮ ਵੇਲੇ ਕਿਸੇ ਪਿੰਡ ਗਿਆ ਅਤੇ ਸਰਦੀਆਂ ਦੇ ਦਿਨਾਂ ਵਿੱਚ ਧੂੰਏਂ ਦੀ ਅੱਗ ਸੇਕ ਰਹੇ ਲੋਕਾਂ ਕੋਲ ਜਾ ਕੇ ਬੋਲਿਆ: 'ਕੋਈ ਕਬਰ ਖਾਲੀ ਹੈ, ਇੱਕ ਮੁਰਦਾ ਲੇਟਣਾ ਚਾਹੁੰਦਾ ਹੈ?' ਬਾਕੀ ਸਾਰੇ ਜਣੇ ਹੱਸ ਪਏ, ਪਰ ਇੱਕ ਤੇਜ਼ ਬੁੱਧੀ ਵਾਲੇ ਨੇ ਗੱਲ ਸਮਝ ਲਈ ਕਿ ਇਹ ਸੰਤ ਤਿਆਗੀ ਹੋਣ ਕਰ ਕੇ ਆਪਣੇ ਆਪ ਨੂੰ ਮੁਰਦੇ ਸਮਾਨ ਸਮਝਦਾ ਹੈ ਤੇ ਰਾਤ ਕੱਟਣ ਲਈ ਟਿਕਾਣਾ ਭਾਲ ਰਿਹਾ ਹੈ। ਉਹ ਉਸ ਸੰਤ ਨੂੰ ਆਪਣੇ ਘਰ ਲੈ ਗਿਆ। ਜਾ ਕੇ ਰੋਟੀ ਖਵਾਈ ਤੇ ਸੌਣ ਲਈ ਬਿਸਤਰਾ ਵਿਛਾ ਦਿੱਤਾ। ਆਪ ਵੀ ਜਾ ਕੇ ਆਪਣੀ ਮੰਜੀ ਉੱਤੇ ਲੇਟ ਗਿਆ। ਅੱਧੀ ਕੁ ਰਾਤ ਨੂੰ ਗਵਾਂਢ ਵਿੱਚੋਂ ਜ਼ਰਾ ਕੁ ਖੜਾਕ ਹੋਇਆ ਤਾਂ ਸਾਧ ਉੱਠ ਕੇ ਓਧਰ ਨੂੰ ਵੇਖਣ ਚਲਾ ਗਿਆ। ਇੱਕ ਬੰਦਾ ਕੰਧ ਨਾਲ ਖੜਾ ਸੀ। ਕੁਝ ਦੇਰ ਬਾਅਦ ਇੱਕ ਔਰਤ ਨਿਕਲੀ ਤੇ ਦੋਵੇਂ ਕਿਸੇ ਪਾਸੇ ਜਾਣ ਲੱਗੇ ਵੇਖ ਕੇ ਸਾਧ ਮਗਰ ਹੋ ਤੁਰਿਆ। ਕੁਝ ਦੂਰ ਜਾ ਕੇ ਉਹ ਔਰਤ ਤੇ ਮਰਦ ਘੋੜੀ ਉੱਤੇ ਸਵਾਰ ਹੋਏ ਤੇ ਫਿਰ ਦੌੜਾਂ ਲਾ ਕੇ ਅੱਖਾਂ ਤੋਂ ਓਝਲ ਹੋ ਗਏ। ਸਾਧ ਵਾਪਸ ਆ ਕੇ ਮੰਜੇ ਉੱਤੇ ਸੌਂ ਗਿਆ।
ਦਿਨ ਚੜ੍ਹੇ ਜਦੋਂ ਪਿੰਡ ਵਿੱਚ ਇੱਕ ਔਰਤ ਦੇ ਨਿਕਲ ਜਾਣ ਦਾ ਰੌਲਾ ਪਿਆ ਹੋਇਆ ਸੀ ਤਾਂ ਸਵੇਰ ਦੇ ਨਾਸ਼ਤੇ ਵੇਲੇ ਸਾਧ ਨੇ ਘਰ ਦੇ ਮਾਲਕ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਘਰ ਦੇ ਮਾਲਕ ਨੇ ਉਸ ਦੇ ਅੱਗੋਂ ਰੋਟੀ ਦੀ ਥਾਲੀ ਖਿੱਚ ਲਈ। ਸਾਧ ਨੇ ਕਾਰਨ ਪੁੱਛਿਆ ਤਾਂ ਉਸ ਕਿਰਤੀ ਬੰਦੇ ਨੇ ਹੱਸ ਕੇ ਕਿਹਾ; 'ਸ਼ਾਮ ਵੇਲੇ ਤੂੰ ਘਰ ਨੂੰ ਕਬਰ ਅਤੇ ਆਪਣੇ ਆਪ ਨੂੰ ਮੁਰਦਾ ਕਹਿੰਦਾ ਸੀ। ਅੱਧੀ ਰਾਤ ਨੂੰ ਵੀ ਕਬਰ ਤਾਂ ਕਬਰ ਹੋਣ ਦਾ ਧਰਮ ਨਿਭਾਈ ਗਈ, ਸਾਰੇ ਦਿਨ ਦੇ ਕਿਰਤ ਕਰ ਕੇ ਥੱਕੇ ਹੋਣ ਕਰ ਕੇ ਅਸੀਂ ਆਰਾਮ ਨਾਲ ਸੁੱਤੇ ਰਹੇ ਤੇ ਤੂੰ ਮੁਰਦੇ ਦੀ ਥਾਂ ਲੋਕਾਂ ਦੇ ਇਸ਼ਕ ਦਾ ਮੁਸ਼ਕ ਸੁੰਘਣ ਤੁਰ ਪਿਆ ਸੀ। ਜ਼ਨਾਨੀ ਕਿਸੇ ਹੋਰ ਦੀ, ਨਿਕਲੀ ਕਿਸੇ ਹੋਰ ਨਾਲ ਸੀ, ਤੂੰ ਉਹਨਾਂ ਦੇ ਮਗਰ ਦਾਣੇ ਲੈਣ ਗਿਆ ਸੀ? ਜਦੋਂ ਤੂੰ ਦੁਨੀਆਦਾਰੀ ਹੀ ਛੱਡ ਦਿੱਤੀ ਸੀ, ਫੇਰ ਏਥੇ ਜੋ ਮਰਜ਼ੀ ਹੁੰਦਾ ਰਹੇ, ਤੂੰ ਇਸ ਵਿੱਚ ਲੱਤ ਕਿਉਂ ਫਸਾਈ ਸੀ?' ਇਹੋ ਕੁਝ ਹੁਣ ਪੰਜਾਬ ਦੇ ਸੰਤ ਕਰਦੇ ਫਿਰਦੇ ਹਨ।
ਕਬੀਰ ਜੀ ਸੰਤ ਸਨ, ਅਕਲ ਦਾ ਦਾਨ ਵੰਡਣ ਵਾਲੇ ਸੰਤ। ਉਨ੍ਹਾਂ ਨੇ ਸਾਧਾਂ ਦੇ ਭੇਖ ਲੱਥਣ ਬਾਰੇ ਵੀ ਲਿਖਿਆ ਹੈ :
'ਕਬੀਰ ਖਿੰਥਾ ਜਲਿ ਕੋਇਲਾ ਭਈ, ਖਾਪਰੁ ਫੂਟ ਮਫੂਟ।।
ਜੋਗੀ ਬਪੁੜਾ ਖੇਲਿਓ, ਆਸਨਿ ਰਹੀ ਬਿਭੂਤਿ।।'
ਇਸ ਦਾ ਭਾਵ ਇਹ ਹੈ ਕਿ ਜੋਗੀ ਦਾ ਚੋਲਾ ਸੜ ਗਿਆ ਹੈ, ਭੇਖ ਖਤਮ ਹੋ ਗਿਆ ਹੈ, ਜੋਗੀ ਜਾਂ ਉਸ ਦੇ ਅੰਦਰ ਦਾ ਜੋਗੀ ਤਾਂ ਸੜ ਮਰਿਆ ਹੈ, ਬਾਕੀ ਹੁਣ ਸਵਾਹ ਰਹਿ ਗਈ ਜਾਪਦੀ ਹੈ। ਇਹੋ ਕੁਝ ਪੰਜਾਬ ਵਿੱਚ ਹੋ ਰਿਹਾ ਹੈ। ਜਗਸੀਰ ਜੀਦਾ ਠੀਕ ਆਖਦਾ ਹੈ, 'ਕਹਿੰਦੇ ਸੰਗਤ ਵੇਚਦੀ ਵੋਟਾਂ, ਸੰਗਤਾਂ ਨੂੰ ਸਾਧ ਵੇਚ ਗਏ।'

No comments:

Post a Comment