-ਰਾਵਣ ਤੋਂ ਇਹ ਆਸ ਰੱਖੀ ਕਿਉਂ ਜਾਵੇ ਕਿ ਉਹ ਏਨੀ ਛੇਤੀ ਹਾਰ ਮੰਨ ਕੇ ਮਰਨ ਨੂੰ ਤਿਆਰ ਹੋ ਜਾਵੇਗਾ?-
ਭ੍ਰਿਸ਼ਟਾਚਾਰ ਇਸ ਵਕਤ ਭਾਰਤ ਦੀ ਰਾਜਨੀਤੀ ਦਾ ਏਜੰਡਾ ਨੰਬਰ ਵੰਨ ਬਣ ਗਿਆ ਨਜ਼ਰ ਆਉਂਦਾ ਹੈ। ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਸੁਣ ਲਵੋ, ਉਹ ਇਸ ਦੀ ਚਰਚਾ ਕਰਨਾ ਆਪਣੇ ਭਾਸ਼ਣ ਲਈ ਭੂਮਿਕਾ ਵੀ ਸਮਝਦਾ ਹੈ ਤੇ ਸਮਾਪਤੀ ਦੇ ਸ਼ਬਦ ਵੀ। ਜਿਨ੍ਹਾਂ ਆਗੂਆਂ ਦੀ ਚਰਚਾ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਜ਼ਿਆਦਾ ਹੁੰਦੀ ਹੈ, ਉਹ ਜਦੋਂ ਹੋਰ ਲੋਕਾਂ ਨਾਲੋਂ ਵੀ ਵੱਧ ਇਸ ਦੀ ਚਰਚਾ ਕਰਦੇ ਹਨ ਤਾਂ ਆਮ ਆਦਮੀ ਹੈਰਾਨ ਹੋ ਕੇ ਇਹ ਸੋਚਣ ਲੱਗ ਪੈਂਦਾ ਹੈ ਕਿ ਫਿਰ ਭ੍ਰਿਸ਼ਟਾਚਾਰ ਕਰ ਕੌਣ ਰਿਹਾ ਹੈ? ਕਿਧਰੇ ਇਹ ਸਾਰੇ ਆਗੂ ਅੰਤ ਨੂੰ ਆਪਣੇ ਆਪ ਨੂੰ ਦੁੱਧ-ਧੋਤਾ ਕਹਿਣ ਵਾਸਤੇ ਦੇਸ਼ ਦੇ ਆਮ ਆਦਮੀ ਨੂੰ ਹੀ ਭ੍ਰਿਸ਼ਟਾਚਾਰ ਦਾ ਦੋਸ਼ੀ ਗਰਦਾਨ ਕੇ ਫਾਂਸੀ ਤਾਂ ਨਹੀਂ ਚਾੜ੍ਹ ਦੇਣਗੇ?
ਸਾਡੇ ਕੋਲ ਪਿਛਲੇ ਦਿਨਾਂ ਵਿੱਚ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਸਭ ਤੋਂ ਵੱਧ ਚਰਚਿਤ ਹੋਈ ਸੀ, ਉਸ ਦੀ ਅਗਵਾਈ ਕਰਨ ਵਾਲੇ ਅੰਨਾ ਹਜ਼ਾਰੇ ਦਾ ਸਤਿਕਾਰ ਅਸੀਂ ਕਿਸੇ ਵੀ ਹੋਰ ਤੋਂ ਘੱਟ ਨਹੀਂ ਕਰਦੇ। ਉਹ ਇੱਕ ਸੇਵਾ-ਭਾਵੀ ਵਿਅਕਤੀ ਹੈ, ਜਿਸ ਨੇ ਫੌਜ ਦੀ ਨੌਕਰੀ ਛੱਡਣ ਮਗਰੋਂ ਆਪਣੀ ਸਾਰੀ ਬੱਚਤ ਲੋਕ-ਭਲਾਈ ਦੇ ਕਾਰਜਾਂ ਲਈ ਦਾਨ ਦੇ ਦਿੱਤੀ ਅਤੇ ਫਿਰ ਸਾਂਝੇ ਸਮਾਜੀ ਫਰਜ਼ਾਂ ਦੀ ਪੂਰਤੀ ਲਈ ਨਿਕਲ ਤੁਰਿਆ। ਏਨਾ ਜ਼ਿਆਦਾ ਸਤਿਕਾਰ ਅਸੀਂ ਜਿਸ ਬੰਦੇ ਲਈ ਪੇਸ਼ ਕਰ ਰਹੇ ਹਾਂ, ਉਸ ਨੂੰ ਜਦੋਂ ਉਸ ਦੇ ਪਿੰਡ ਵਿੱਚ ਲੱਗੀ ਕਈ ਪਿੰਡਾਂ ਦੀ ਪੰਚਾਇਤ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ 'ਮਹਾਤਮਾ' ਦਾ ਦਰਜਾ ਦਿੱਤਾ ਗਿਆ ਤਾਂ ਉਸ ਨੇ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ 'ਮਹਾਤਮਾ' ਬਣਨ ਨਾਲ ਉਹ ਆਮ ਲੋਕਾਂ ਤੋਂ ਦੂਰ ਹੋ ਜਾਵੇਗਾ। ਬਹੁਤ ਚੰਗੀ ਗੱਲ ਹੈ ਕਿ ਉਹ ਆਮ ਆਦਮੀ ਰਹਿਣਾ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਮਹਾਤਮਾ ਨਹੀਂ ਕਹਾਉਣਾ ਚਾਹੁੰਦਾ, ਪਰ ਸਾਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਏਨਾ ਨੇਕ ਬੰਦਾ ਇੱਕ ਕੇਂਦਰੀ ਮੰਤਰੀ ਵਿਲਾਸ ਰਾਓ ਦੇਸ਼ਮੁਖ ਨਾਲ ਨੇੜਤਾ ਨੂੰ ਆਪਣੇ ਲਈ ਬੜੇ ਮਾਣ ਦੀ ਗੱਲ ਸਮਝਦਾ ਤੇ ਬਿਨਾਂ ਝਿਜਕ ਸਭ ਦੇ ਸਾਹਮਣੇ ਵਾਰ-ਵਾਰ ਐਲਾਨ ਵੀ ਕਰੀ ਜਾਂਦਾ ਹੈ।
ਅੰਨਾ ਬਾਬਾ ਆਖਦਾ ਹੈ ਕਿ ਦਿੱਲੀ ਦੇ ਰਾਮ-ਲੀਲਾ ਮੈਦਾਨ ਵਿੱਚ ਉਸ ਦੇ ਵਰਤ ਮੌਕੇ ਦੋ ਕੇਂਦਰੀ ਮੰਤਰੀਆਂ ਅਤੇ ਮੇਰੀ ਟੀਮ ਦੇ ਦੋ ਮੈਂਬਰਾਂ ਵਿੱਚ ਜਦੋਂ ਗੱਲ ਫਸ ਗਈ ਤਾਂ ਵਿਲਾਸ ਰਾਓ ਦੇਸ਼ਮੁਖ ਅੱਗੇ ਆਇਆ ਸੀ, ਜਿਸ ਨਾਲ ਮੇਰੀ ਪੁਰਾਣੀ ਜਾਣ-ਪਛਾਣ ਹੈ, ਤੇ ਉਸ ਨੇ ਮਾਮਲੇ ਦਾ ਨਿਪਟਾਰਾ ਕਰਨ ਵਿੱਚ ਚੰਗੀ ਭੂਮਿਕਾ ਨਿਭਾਈ ਸੀ। ਲੋਕ ਜਾਣਦੇ ਹਨ ਕਿ ਇਹ ਵਿਲਾਸ ਰਾਓ ਦੇਸ਼ਮੁਖ ਕੌਣ ਹੈ? ਮੁੰਬਈ ਵਿੱਚ ਸਭ ਤੋਂ ਵੱਡੇ ਦਹਿਸ਼ਤਗਰਦ ਹਮਲੇ ਵੇਲੇ ਉਹ ਮਹਾਰਾਸ਼ਟਰ ਦਾ ਮੁੱਖ ਮੰਤਰੀ ਹੁੰਦਾ ਸੀ ਤੇ ਗੈਰ-ਜ਼ਿਮੇਵਾਰ ਵਤੀਰੇ ਕਾਰਨ ਉਸ ਨੂੰ ਗੱਦੀ ਛੱਡਣੀ ਪਈ ਸੀ। ਪਿੱਛੋਂ ਉਹ ਉਸ ਸਭ ਤੋਂ ਵੱਡੇ ਪਾਪ ਦੇ ਮੋਢੀਆਂ ਵਿੱਚ ਗਿਣਿਆ ਗਿਆ, ਜਿਹੜਾ ਕਾਰਗਿਲ ਦੇ ਸ਼ਹੀਦਾਂ ਦੇ ਨਾਂਅ ਉੱਤੇ ਆਦਰਸ਼ ਸੋਸਾਈਟੀ ਬਣਾ ਕੇ ਫੌਜ ਅਤੇ ਸਿਵਲ ਦੇ ਕੁਝ ਅਫਸਰਾਂ ਤੇ ਆਗੂਆਂ ਨੇ ਕੀਤਾ ਸੀ। ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪੇਸ਼ੀਆਂ ਭਰ ਰਹੇ ਉਸ ਆਗੂ ਨਾਲ ਆਪਣੇ ਨੇੜਲੇ ਸੰਬੰਧਾਂ ਦੀ ਗੱਲ ਬਾਬਾ ਅੰਨਾ ਏਨੇ ਮਾਣ ਨਾਲ ਆਖਰ ਕਿਉਂ ਕਰਦਾ ਹੈ?
ਹੁਣ ਅੰਨਾ ਹਜ਼ਾਰੇ ਨੇ ਕਹਿ ਦਿੱਤਾ ਹੈ ਕਿ ਹਿਸਾਰ ਵਿੱਚ ਲੋਕ ਕਾਂਗਰਸ ਦੇ ਵਿਰੁੱਧ ਉਸ ਨੂੰ ਵੋਟਾਂ ਪਾਉਣ, ਜਿਹੜਾ ਉਸ ਨੂੰ ਹਰਾ ਸਕਦਾ ਹੋਵੇ। ਵਿਰੋਧ ਵਿੱਚ ਸਿਰਫ ਦੋ ਜਣੇ ਹਨ। ਇੱਕ ਓਮ ਪ੍ਰਕਾਸ਼ ਚੌਟਾਲਾ ਦਾ ਪੁੱਤਰ, ਜਿਨ੍ਹਾਂ ਦਾ ਸਾਰਾ ਟੱਬਰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਤਰੀਕਾਂ ਭੁਗਤ ਰਿਹਾ ਹੈ। ਦੂਸਰਾ ਕੁਲਦੀਪ ਬਿਸ਼ਨੋਈ ਹੈ, ਜਿਸ ਦਾ ਬਾਪ ਚੌਧਰੀ ਭਜਨ ਲਾਲ ਕਦੇ ਹਰਿਆਣੇ ਦਾ ਮੁੱਖ ਮੰਤਰੀ ਹੁੰਦਾ ਸੀ ਅਤੇ ਉਹ ਭ੍ਰਿਸ਼ਟਾਚਾਰ ਦੇ ਪੱਖ ਤੋਂ ਕਿੰਨਾ ਬਦਨਾਮ ਸੀ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਬਾਬਾ ਅੰਨਾ ਹਜ਼ਾਰੇ ਦੇ ਇਸ ਬਿਆਨ ਪਿੱਛੋਂ ਲੋਕਾਂ ਕੋਲ ਦੋ ਬਦਲ ਬਚਦੇ ਹਨ ਕਿ ਉਹ ਚੌਟਾਲੇ ਜਾਂ ਭਜਨ ਲਾਲ ਦੇ ਟੱਬਰ ਵਿੱਚੋਂ ਇੱਕ ਦੀ ਚੋਣ ਕਰ ਲੈਣ। ਜ਼ਿਆਦਾ ਚੰਗਾ ਹੁੰਦਾ ਕਿ ਅੰਨਾ ਹਜ਼ਾਰੇ ਨੇ ਪਹਿਲਾਂ ਵਾਲੀ ਆਪਣੀ ਉਸ ਗੱਲ ਉੱਤੇ ਪਹਿਰਾ ਦਿੱਤਾ ਹੁੰਦਾ ਕਿ ਉਹ ਰਾਜਨੀਤੀ ਵਿੱਚ ਸਰਕਾਰਾਂ ਨੂੰ ਬਦਲਣ ਦੀ ਥਾਂ ਸਰਕਾਰਾਂ ਦਾ ਵਿਹਾਰ ਬਦਲਣ ਦੀ ਲੜਾਈ ਲੜੇਗਾ। ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਉਸ ਨੇ ਕਿਹਾ ਸੀ ਕਿ ਜੇ ਭ੍ਰਿਸ਼ਟਾਚਾਰ ਦੀ ਐਮ ਏ ਪਾਸ ਇੱਕ ਸਰਕਾਰ ਦੇ ਵਿਰੁੱਧ ਵੋਟਾਂ ਪਾ ਕੇ ਬਦਲ ਦੇਈਏ, ਦੂਜੀ ਭ੍ਰਿਸ਼ਟਾਚਾਰ ਵਿੱਚ ਪੀ ਐਚ ਡੀ ਕਰਨ ਵਾਲੀ ਆ ਜਾਂਦੀ ਹੈ, ਇਸ ਲਈ ਸਰਕਾਰਾਂ ਬਦਲਣ ਦੀ ਥਾਂ ਸਰਕਾਰਾਂ ਨੂੰ ਮਜਬੂਰ ਕਰਨਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਰੋਕ ਲਾਉਣ ਤੇ ਕਾਨੂੰਨ ਮੁਤਾਬਕ ਚੱਲਣ। ਓਹੋ ਬਾਬਾ ਅੰਨਾ ਹੁਣ ਆਪਣੀ ਪੁਰਾਣੀ ਧਾਰਨਾ ਛੱਡ ਕੇ ਰਾਜਨੀਤੀ ਦੇ ਉਸ ਅਖਾੜੇ ਵਿੱਚ ਕੁੱਦਣ ਲੱਗਾ ਹੈ, ਜਿੱਥੇ ਚਿੱਕੜ ਦੀਆਂ ਛਿੱਟਾਂ ਪੈਣੀਆਂ ਹੀ ਪੈਣੀਆਂ ਹਨ।
ਭਾਰਤੀ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦੀ ਲਾਗ ਨੇ ਜਿਹੜਾ ਹਾਲ ਕੀਤਾ ਪਿਆ ਹੈ, ਉਸ ਦਾ ਪਤਾ ਜੰਮੂ ਕਸ਼ਮੀਰ ਵਿੱਚ ਹੋਈ ਉਸ ਮੌਤ ਤੋਂ ਲੱਗ ਜਾਂਦਾ ਹੈ, ਜਿਹੜੀ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਂਅ ਲੱਗ ਰਹੀ ਹੈ। ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀਆਂ ਨੇ ਪੈਸੇ ਇਕੱਠੇ ਕਰਨ ਲਈ ਬੰਦੇ ਰੱਖੇ ਹੁੰਦੇ ਹਨ, ਉਮਰ ਅਬਦੁੱਲਾ ਦੇ ਨਾਂਅ ਲੱਗ ਰਿਹਾ ਬੰਦਾ ਵੀ ਏਸੇ ਕਿਸਮ ਦਾ ਸੀ। ਜਦੋਂ ਉਸ ਨੇ ਮੁੱਖ ਮੰਤਰੀ ਵੱਲੋਂ ਪੁੱਛੇ ਜਾਣ ਉੱਤੇ ਕਈ ਲੋਕਾਂ ਸਾਹਮਣੇ ਕਹਿ ਦਿੱਤਾ ਕਿ ਪੈਸੇ ਉਸ ਦੇ ਬਾਪ ਫਾਰੂਖ ਅਬਦੁੱਲਾ ਕੋਲ ਹਨ, ਉਮਰ ਅਬਦੁੱਲਾ ਤੋਂ ਇੰਜ ਆਪਣੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਤੇ ਉਸ ਨੂੰ ਅੰਦਰਲੇ ਕਮਰੇ ਵਿੱਚ ਲਿਜਾ ਕੇ ਕੁੱਟ ਕੱਢਿਆ। ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਇਹ ਮਾਮਲਾ ਭ੍ਰਿਸ਼ਟਾਚਾਰ ਦਾ ਵੀ ਹੈ ਤੇ ਏਸੇ ਕਾਰਨ ਇੱਕ ਦਲਾਲ ਦੇ ਕਤਲ ਦਾ ਵੀ। ਇਹੋ ਜਿਹੇ ਕਈ ਕਤਲ ਅੱਗੇ ਹੋਏ ਹਨ ਤੇ ਅੱਗੋਂ ਵੀ ਹੋਈ ਜਾਣਗੇ। ਨਾਲ ਦੀ ਨਾਲ ਸਾਰੇ ਲੀਡਰਾਂ ਨੇ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਵੀ ਬੋਲੀ ਜਾਣਾ ਹੈ। ਸਾਡੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਦੋਂ ਕਹਿ ਦਿੱਤਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਫਾਂਸੀ ਟੰਗ ਦੇਣਾ ਚਾਹੀਦਾ ਹੈ ਤਾਂ ਸਾਨੂੰ ਇਹ ਬਿਆਨ ਪੜ੍ਹ ਕੇ ਕੋਈ ਹੈਰਾਨੀ ਨਹੀਂ ਸੀ ਹੋਈ।
ਵਗਦਾ ਵਹਿਣ ਜਿਸ ਪਾਸੇ ਜਾਂਦਾ ਹੈ, ਉਸ ਦੀ ਇੱਕ ਵੰਨਗੀ ਇਸ ਵਾਰੀ ਦੇ ਦੁਸਹਿਰੇ ਨੇ ਵਿਖਾ ਦਿੱਤੀ ਹੈ। ਕੋਈ ਵਿਰਲਾ ਲੀਡਰ ਹੀ ਰਿਹਾ ਹੋਵੇਗਾ, ਜਿਸ ਨੇ ਇੱਕ ਜਾਂ ਦੂਜੀ ਥਾਂ ਜਾ ਕੇ ਰਾਵਣ ਦੇ ਪੁਤਲੇ ਨੂੰ ਅੱਗ ਨਾ ਲਾਈ ਹੋਵੇ ਅਤੇ ਨਾਲ ਇਹ ਨਾ ਕਿਹਾ ਹੋਵੇ ਕਿ ਇਹ ਬਦੀ ਉੱਤੇ ਨੇਕੀ ਦੀ ਜਿੱਤ ਹੈ, ਜਿਸ ਤੋਂ ਸਿੱਖਿਆ ਲੈ ਕੇ ਹੁਣ ਸਾਨੂੰ ਭ੍ਰਿਸ਼ਟਾਚਾਰ ਦੇ ਰਾਵਣ ਨੂੰ ਮਾਰਨ ਦੀ ਲੋੜ ਹੈ। ਨਾ ਕਾਂਗਰਸੀ ਲੀਡਰ ਪਿੱਛੇ ਰਹੇ, ਨਾ ਭਾਜਪਾ ਜਾਂ ਅਕਾਲੀਆਂ ਸਮੇਤ ਹੋਰ ਪਾਰਟੀਆਂ ਵਾਲੇ। ਅਮਲ ਵਿੱਚ ਸਭ ਨੂੰ ਪਤਾ ਹੈ ਕਿ ਭ੍ਰਿਸ਼ਟਾਚਾਰ ਦਾ ਰਾਵਣ ਹਰ ਸਾਲ ਅੱਗੇ ਨਾਲੋਂ ਉੱਚਾ ਹੁੰਦਾ ਜਾਂਦਾ ਹੈ ਤੇ ਹੁਣ ਰਾਵਣ ਦਾ ਬੁੱਤ ਅਤੇ ਰਾਮ ਲੀਲਾ ਦੇ ਪਾਤਰ ਵੀ ਦੱਸੀ ਜਾਂਦੇ ਹਨ ਕਿ ਹਾਲਾਤ ਕਾਬੂ ਤੋਂ ਬਾਹਰ ਹੋਈ ਜਾ ਰਹੇ ਹਨ।
ਇਸ ਸੰਬੰਧ ਵਿੱਚ ਜਿਹੜੀਆਂ ਦਿਲਸਚਪ ਖਬਰਾਂ ਪੜ੍ਹਨ, ਸੁਣਨ ਅਤੇ ਵੇਖਣ ਨੂੰ ਮਿਲੀਆਂ ਹਨ, ਉਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਇਸ ਵਾਰ ਫਿਰ ਕੁਝ ਥਾਂਵਾਂ ਉੱਤੇ ਰਾਵਣ ਦਾ ਬੁੱਤ ਬਾਕੀਆਂ ਤੋਂ ਉੱਚਾ ਬਣਾਉਣ ਦੀ ਹੋੜ ਲੱਗ ਗਈ ਸੀ। ਕਿਹਾ ਜਾਂਦਾ ਹੈ ਕਿ ਅੰਬਾਲਾ ਸ਼ਹਿਰ ਦੀ ਰਾਮ ਲੀਲਾ ਕਮੇਟੀ ਬਾਕੀਆਂ ਤੋਂ ਬਾਜ਼ੀ ਮਾਰ ਗਈ, ਜਿਸ ਦਾ ਰਾਵਣ ਸਭ ਤੋਂ ਉੱਚੇ ਕੱਦ ਦਾ ਰਿਹਾ। ਹੋਣਾ ਵੀ ਚਾਹੀਦਾ ਹੈ, ਆਖਰ ਉਸ ਰਾਜ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਪਰਵਾਰ ਸਮੇਤ ਕਰ ਰਿਹਾ ਹੈ, ਦੂਜੇ ਮਰਹੂਮ ਮੁੱਖ ਮੰਤਰੀ ਦੇ ਪੁੱਤਰਾਂ ਦੀਆਂ ਕਰਤੂਤਾਂ ਨੇ ਲੋਕਾਂ ਦਾ ਸਿਰ ਨੀਵਾਂ ਕੀਤਾ ਪਿਆ ਹੈ ਤੇ ਮੌਜੂਦਾ ਮੁੱਖ ਮੰਤਰੀ ਉੱਤੇ ਆਪਣੇ ਪਿਤਾ ਦੀ ਯਾਦਗਾਰ ਲਈ ਜਨਤਕ ਮਾਲਕੀ ਵਾਲੀ ਜ਼ਮੀਨ ਹਥਿਆਉਣ ਦਾ ਦੋਸ਼ ਲੱਗ ਰਿਹਾ ਹੈ। ਉਸ ਨੇ ਆਪਣੇ ਬਚਾਅ ਲਈ ਆਪਣੇ ਪਿਤਾ ਤੋਂ ਪਹਿਲਾਂ ਰਾਜੀਵ ਗਾਂਧੀ ਦੇ ਨਾਂਅ ਉੱਤੇ ਯਾਦਗਾਰ ਬਣਾਉਣ ਦਾ ਰਾਹ ਕੱਢ ਕੇ ਕੇਂਦਰੀ ਲੀਡਰ ਅਗਾਊਂ ਖੁਸ਼ ਕਰ ਰੱਖੇ ਸਨ।
ਦੂਸਰੀਆਂ ਦੋ ਖਬਰਾਂ ਕਿਰਦਾਰ ਦੇ ਪੱਖ ਤੋਂ ਹਨ। ਇੱਕ ਪੰਜਾਬ ਦੇ ਇੱਕ ਸ਼ਹਿਰ ਤੋਂ ਆਈ ਹੈ। ਓਥੇ ਚੱਲਦੀ ਰਾਮ ਲੀਲਾ ਦੇ ਦਿਨਾਂ ਵਿੱਚ ਇੱਕ ਦਿਨ ਪੁਲਸ ਨੇ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਪਾਤਰ ਨੂੰ ਜਾ ਫੜਿਆ। ਆਪਣੀ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ਦਾ ਉਸ ਉੱਤੇ ਕੇਸ ਚੱਲਦਾ ਸੀ ਤੇ ਅਦਾਲਤ ਵਿੱਚ ਪੇਸ਼ ਨਾ ਹੋਣ ਕਰ ਕੇ ਉਹ ਭਗੌੜਾ ਕਰਾਰ ਦਿੱਤਾ ਹੋਇਆ ਸੀ। ਪੁਲਸ ਨੇ ਉਸ ਨੂੰ ਓਦੋਂ ਫੜਿਆ, ਜਦੋਂ ਦੁਸਹਿਰੇ ਵਿੱਚ ਦੋ ਦਿਨ ਰਹਿੰਦੇ ਸਨ। ਚਿੰਤਾ ਇਹ ਖੜੀ ਹੋ ਗਈ ਕਿ ਹੁਣ ਰਾਵਣ ਨਾਲ ਦੁਸਹਿਰੇ ਦੇ ਦਿਨ 'ਯੁੱਧ' ਕੌਣ ਕਰੇਗਾ? ਦੂਜੀ ਖਬਰ ਯੂ ਪੀ ਦੇ ਇੱਕ ਕਸਬੇ ਤੋਂ ਆਈ ਹੈ। ਓਥੇ ਲਛਮਣ ਦਾ ਰੋਲ ਕਰਨ ਵਾਲਾ ਕਲਾਕਾਰ ਇੱਕ ਦਿਨ ਸੀਤਾ ਦੀ ਭੂਮਿਕਾ ਨਿਭਾ ਰਹੀ ਕੁੜੀ ਲੈ ਕੇ ਦੌੜ ਗਿਆ। ਜਿਹੜਾ ਕੰਮ ਰਾਵਣ ਨੇ ਕਰਨ ਆਉਣਾ ਸੀ, ਜਦੋਂ ਰਾਮ ਦੇ ਭਰਾ ਦੀ ਭੂਮਿਕਾ ਨਿਭਾਉਣ ਵਾਲਾ ਕਲਾਕਾਰ ਕਰ ਜਾਵੇ ਤਾਂ ਇਸ ਤੋਂ ਸਮਾਜ ਨੂੰ ਕਿਹੜੇ ਸੁਲੱਖਣੇ ਕਿਰਦਾਰ ਦੀ ਸਿੱਖਿਆ ਦਿੱਤੀ ਜਾ ਸਕੇਗੀ?
ਦੋ ਖਬਰਾਂ ਹੋਰ ਆ ਗਈਆਂ ਹਨ, ਜਿਹੜੀਆਂ ਦੱਸਦੀਆਂ ਹਨ ਕਿ ਰਾਵਣ ਨੂੰ ਮਾਰਨਾ ਸੌਖਾ ਨਹੀਂ। ਇੱਕ ਖਬਰ ਹੈ ਮੱਧ ਪ੍ਰਦੇਸ਼ ਤੋਂ, ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ। ਇਹ ਪਾਰਟੀ ਆਰ ਐੱਸ ਐੱਸ ਦੇ ਆਦੇਸ਼ ਨੂੰ ਮੰਨਦੀ ਅਤੇ ਦੁਸਹਿਰੇ ਦੇ ਦਿਨ 'ਵਿਜੈ ਦਸਮੀ' ਦਾ ਤਿਓਹਾਰ ਮਨਾਉਣ ਵੇਲੇ ਸ਼ਸ਼ਤਰ-ਪੂਜਾ ਕਰਨਾ ਠੀਕ ਮੰਨਦੀ ਹੈ। ਪੰਜਾਬ ਵਿੱਚ ਵੀ ਕਈ ਸ਼ਹਿਰਾਂ ਵਿੱਚ ਆਰ ਐੱਸ ਐੱਸ ਦੇ ਵਰਕਰ ਉਸ ਦਿਨ ਖਾਕੀ ਨਿੱਕਰਾਂ ਪਾ ਕੇ ਹਥਿਆਰਾਂ ਨਾਲ ਸ਼ਹਿਰਾਂ ਵਿੱਚ ਪਰੇਡ ਕਰਦੇ ਹਨ। ਮੱਧ ਪ੍ਰਦੇਸ਼ ਵਿੱਚ ਉਸ ਦਿਨ ਸ਼ਸਤਰ-ਪੂਜਾ ਕਰਨ ਵਾਸਤੇ ਕਈ ਥਾਂ ਫਾਇਰ ਵੀ ਕੀਤੇ ਜਾਂਦੇ ਹਨ। ਇੰਦੌਰ ਸ਼ਹਿਰ ਦੇ ਕੋਲ ਇੱਕ ਥਾਂ ਰਾਵਣ ਦੇ ਬੁੱਤ ਉੱਤੇ ਬੰਦੂਕਾਂ ਨਾਲ ਨਿਸ਼ਾਨੇਬਾਜ਼ੀ ਦੀ ਰਸਮ ਨਿਭਾਈ ਜਾਂਦੀ ਹੈ। ਇਸ ਵਾਰ ਦੇ ਦੁਸਹਿਰੇ ਵਾਲੇ ਦਿਨ ਓਥੇ ਰਾਵਣ ਨੂੰ ਮਾਰਨ ਦੇ ਚੱਕਰ ਵਿੱਚ ਭਾਜਪਾ ਦੇ ਨੇਤਾ ਅਤੇ ਵਰਕਰ ਸੈਂਕੜਿਆਂ ਦੀ ਗਿਣਤੀ ਵਿੱਚ ਗੋਲੀਆਂ ਦਾਗਦੇ ਰਹੇ ਤੇ ਪੁਲਸ ਕੋਲ ਖੜੀ ਵੇਖਦੀ ਰਹੀ। ਜਦੋਂ ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਇੱਕ ਫਾਇਰ ਦੀ ਆਵਾਜ਼ ਆਈ ਤੇ ਇੱਕ ਬੰਦਾ ਫੁੜਕ ਗਿਆ। ਉਹ ਭਾਜਪਾ ਦਾ ਇੱਕ ਸਥਾਨਕ ਆਗੂ ਸੀ। ਪਤਾ ਲੱਗਾ ਕਿ ਪਿੱਛੇ ਖੜੇ ਇੱਕ ਵਰਕਰ ਦੀ ਬੰਦੂਕ ਵਿੱਚ ਅਣਚੱਲੀ ਗੋਲੀ ਰਹਿ ਗਈ ਸੀ, ਜਿਹੜੀ ਅਚਾਨਕ ਚੱਲਣ ਨਾਲ ਭਾਜਪਾ ਦੇ ਆਗੂ ਦੀ ਓਦੋਂ ਮੌਤ ਹੋ ਗਈ, ਜਦੋਂ ਰਾਵਣ ਹਾਲੇ ਸੂਰਜ ਡੁੱਬਣ ਦਾ ਉਹ ਮਹੂਰਤ ਉਡੀਕਦਾ ਖੜਾ ਸੀ, ਜਦੋਂ ਉਸ ਦੀ ਮੌਤ ਹੋਣਾ ਜਾਂ ਉਸ ਨੂੰ ਮਾਰਿਆ ਜਾਣਾ ਸ਼ੁਭ ਮੰਨਿਆ ਜਾਂਦਾ ਹੈ।
ਦੂਸਰੀ ਖਬਰ ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਦੀ ਹੈ। ਓਥੇ ਇੱਕ ਥਾਂ ਰਾਮ ਲੀਲਾ ਵਿੱਚ ਰਾਵਣ ਨੇ ਮਰਨ ਤੋਂ ਇਨਕਾਰ ਕਰ ਦਿੱਤਾ। ਹੋਇਆ ਇਹ ਕਿ ਰਾਵਣ ਦਾ ਰੋਲ ਕਰਨ ਵਾਲਾ ਪਾਤਰ ਸ਼ਰਾਬ ਦਾ ਪੈੱਗ ਲਾ ਕੇ ਆ ਗਿਆ ਅਤੇ ਆਪਣੀ ਰਾਵਣ ਵਾਲੀ ਸ਼ਕਤੀ ਦਾ ਪ੍ਰਗਟਾਵਾ ਕਰਨ ਦੇ ਚੱਕਰ ਵਿੱਚ ਲੜਾਈ ਨੂੰ ਲੰਮੀ ਖਿੱਚਣ ਲੱਗ ਪਿਆ। ਰਾਮ ਉਸ ਨੂੰ ਤੀਰ ਮਾਰੀ ਜਾਵੇ ਤੇ ਰਾਵਣ ਮਰਨ ਦੀ ਥਾਂ ਅੱਗੋਂ ਆਕੜੀ ਜਾਵੇ। ਫਿਰ ਸਟੇਜ ਤੋਂ ਪ੍ਰਬੰਧਕਾਂ ਨੇ ਅਨਾਊਂਸਮੈਂਟ ਕੀਤੀ ਕਿ ਰਾਵਣ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਦੇ ਮਰਨ ਦਾ ਸਮਾਂ ਆ ਗਿਆ ਹੈ, ਆਪਣੀ ਭੂਮਿਕਾ ਬੰਦ ਕਰ ਦੇਵੇ। ਅੱਗੋਂ ਰਾਵਣ ਨੇ ਇਸ ਨੂੰ ਆਪਣੀ ਬੇਇੱਜ਼ਤੀ ਮੰਨ ਲਿਆ ਤੇ ਆਪਣੀ ਸੈਨਾ ਸਮੇਤ ਗੰਦੀਆਂ ਗਾਲ੍ਹਾਂ ਕੱਢਦਾ ਹੋਇਆ ਰਾਮ ਦੀ ਟੋਲੀ ਦੇ ਗਲ ਪੈ ਗਿਆ। ਲੋਕ ਵੀ ਲਪੇਟ ਵਿੱਚ ਆ ਗਏ। ਜਦੋਂ ਪ੍ਰਬੰਧਕਾਂ ਨੇ ਰਾਵਣ ਨੂੰ ਕੰਟਰੋਲ ਕਰਨ ਲਈ ਪੁਲਸ ਨੂੰ ਅਪੀਲ ਕੀਤੀ ਤਾਂ ਉਹ ਪੁਲਸ ਨਾਲ ਵੀ ਭਿੜ ਗਿਆ। ਫਿਰ ਪੁਲਸ ਅਤੇ ਕੁਝ ਹੋਰ ਲੋਕ ਚੁੱਕ ਕੇ ਰਾਵਣ ਨੂੰ ਬਾਹਰ ਲੈ ਗਏ ਤੇ ਇੰਜ ਰਾਵਣ ਦੇ ਮਰਨ ਦਾ ਦ੍ਰਿਸ਼ ਕੀਤੇ ਬਗੈਰ ਰਾਵਣ ਦੇ ਬੁੱਤ ਨੂੰ ਅੱਗ ਲਾ ਕੇ ਸਾੜਨ ਦੀ ਕਾਰਵਾਈ ਕਰਨੀ ਪੈ ਗਈ। ਭਾਵ ਇਹ ਕਿ ਰਾਵਣ ਨੇ ਐਲਾਨੀਆ ਕਹਿ ਦਿੱਤਾ ਕਿ ਉਹ ਹੁਣ ਮਰਨ ਨੂੰ ਤਿਆਰ ਨਹੀਂ।
ਅਸੀਂ ਨਿੱਜੀ ਤੌਰ'ਤੇ ਰਾਵਣ ਨੂੰ ਦੈਂਤ ਨਹੀਂ ਮੰਨਦੇ, ਸਗੋਂ ਆਰੀਆ ਅਤੇ ਦਰਾਵਿੜਾਂ ਦੀ ਲੜਾਈ ਵਿੱਚ ਹਾਰ ਗਈ ਧਿਰ ਦਾ ਆਗੂ ਮੰਨਦੇ ਹਾਂ, ਜਿਸ ਨੂੰ ਪਿੱਛੋਂ ਬਦਨਾਮ ਕੀਤਾ ਗਿਆ ਸੀ, ਪਰ ਉਸ ਨੂੰ ਸਚਮੁੱਚ ਇਤਹਾਸ ਦਾ ਪਾਤਰ ਮੰਨਦੇ ਲੋਕਾਂ ਨੂੰ ਵੀ ਮੰਨ ਲੈਣਾ ਚਾਹੀਦਾ ਹੈ ਕਿ ਉਹ ਜੇ ਬੁਰਾ ਸੀ ਤਾਂ ਬੁਰਾ ਸੀ, ਏਨਾ ਸੌਖਾ ਮਰਨ ਨੂੰ ਤਿਆਰ ਨਹੀਂ ਹੈ। ਜੇ ਰਾਵਣ ਮਾੜਾ ਸੀ ਤਾਂ ਉਸ ਨੂੰ ਹਰ ਸਾਲ ਮਾਰਨ ਵਾਲੇ ਕਿਹੜੇ ਰਾਮ ਵਾਲੇ ਕਿਰਦਾਰ ਦੇ ਸਵਾਮੀ ਹਨ? ਛੱਤੀ ਕਿਸਮ ਦੇ ਦੋਸ਼ਾਂ ਦੀ ਲਪੇਟ ਵਿੱਚ ਆਏ ਹੋਏ ਲੀਡਰ ਉਸ ਨੂੰ ਅੱਗ ਲਾ ਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਐਲਾਨ ਕਰਦੇ ਹਨ। ਪੰਜਾਬੀ ਦਾ ਮੁਹਾਵਰਾ ਹੈ ਕਿ 'ਜਿਹੋ ਜਿਹੇ ਮਰਨ ਵਾਲੇ, ਓਹੋ ਜਿਹੇ ਫੂਕਣ ਵਾਲੇ।' ਰਾਵਣ ਦੇ ਮਾਮਲੇ ਵਿੱਚ ਜਦੋਂ ਇਸ ਪਿੱਛੇ ਛੁਪੇ ਕੌੜੇ ਸੱਚ ਬਾਰੇ ਸਭ ਨੂੰ ਪਤਾ ਹੈ ਕਿ ਅੱਗ ਲਾਉਣ ਵਾਲੇ ਵੀ ਓਸੇ ਵਰਗੇ ਹਨ ਤਾਂ ਅੰਨਾ ਹਜ਼ਾਰੇ ਜਾਂ ਕੋਈ ਹੋਰ ਇਹ ਆਸ ਹੀ ਕਿਉਂ ਕਰੇ ਕਿ ਰਾਵਣ ਏਨੀ ਸੌਖੀ ਤਰ੍ਹਾਂ ਮਰਨ ਨੂੰ ਤਿਆਰ ਹੋ ਜਾਵੇਗਾ?
No comments:
Post a Comment