ਭਾਰਤ ਕੁਰੱਪਸ਼ਨ ਤੋਂ ਮੁਕਤ ਹੋਣ ਜਾ ਰਿਹਾ ਹੈ

ਪਰਮਜੀਤ ਰਤਨਪਾਲ UK
ਸਮੱਸਿਆ ਕੋਈ ਵੀ ਹੋਵੇ, ਕਿੰਨੀ ਵੀ ਵੱਡੀ ਜਾਂ ਉਲਝੀ ਹੋਈ ਕਿਉਂ ਨਾ ਹੋਵੇ, ਜੇਕਰ ਉਸ ਦਾ ਸਾਹਮਣਾ ਕਰਨ ਦੀ ਤਿਆਰੀ ਹੋਵੇ, ਤਾਂ ਉਸ ਦਾ ਕੋਈ ਨਾ ਕੋਈ ਹੱਲ ਲੱਭ ਜਾਣਾ ਨਿਸਚਤ ਹੈ! ਜੇਕਰ ਸਮੱਸਿਆ
ਨੂੰ 'ਫ਼ੇਸ' ਕਰਨ ਦੀ ਤਿਆਰੀ ਨਹੀਂ, ਤਾਂ ਛੋਟੀ ਤੋਂ ਛੋਟੀ ਸਮੱਸਿਆ ਵੀ ਹੱਲ ਨਹੀਂ ਹੋ ਸਕੇਗੀ। ਸਗੋਂ ਹੋਰ ਵਿਕਰਾਲ ਹੁੰਦੀ ਜਾਵੇਗੀ।
ਅਜ਼ਾਦੀ ਤੋਂ ਬਾਅਦ ਭਾਰਤ ਦੀਆਂ ਸਮੱਸਿਆਵਾਂ ਦਾ ਬੇਸ਼ੁਮਾਰ ਅਤੇ ਭਿਅੰਕਰ ਹੁੰਦੇ ਜਾਣ ਦਾ ਮੂਲ ਕਾਰਨ ਸਮੱਸਿਆਵਾਂ ਦੀ ਚਣੌਤੀ ਸਵੀਕਾਰਨ ਦੀ ਵਜਾਏ ਸਾਡਾ ਰਵੱਈਆ ਉਦਾਸੀਨ ਰਿਹਾ ਹੈ। ਇਸੇ ਕਰਕੇ ਅੱਜ ਭਾਰਤ ਦੇ ਬਣਦੇ ਮਸਲੇ ਇੰਨੇ ਹਨ ਕਿ ਗਿਣਦੇ ਹੋਏ ਥੱਕ ਜਾਓਗੇ। ਮਸਲਾ ਚਾਹੇ ਗ਼ਰੀਬੀ ਦਾ ਹੋਵੇ, ਜਾਂ ਬੇਰੁਜ਼ਗਾਰੀ ਦਾ। ਆਰਥਿਕ ਅਸਮਾਨਤਾ ਦੇ ਵਾਧੇ ਦਾ ਜਾਂ ਵਧਦੀ ਜਨ-ਸੰਖਿਆ ਦਾ, ਮਸਲੇ ਇੱਕ-ਦੂਜੇ ਨਾਲ ਜੁੜੇ ਹੋਏ ਹਨ! ਸਭ ਦਾ ਵੱਡਾ ਇੱਕੋ-ਇੱਕ ਮੂਲ ਕਾਰਨ 'ਚਲੋ ਛੱਡੋ - ਸਾਨੂੰ ਕੀ' ਵਾਲੀ ਨੀਤੀ ਹੈ। ਕੁਰੱਪਸ਼ਨ ਵੀ ਇੱਥੋਂ ਹੀ ਵਧਦੀ ਹੈ। ਇਸ ਦਾ ਭੈੜ੍ਹਾ ਅਸਰ ਵੀ ਸਾਡੇ ਆਪਣੇ 'ਤੇ ਹੀ ਹੁੰਦਾ ਹੈ! ਕੁਰੱਪਸ਼ਨ ਦੇ ਸਭ ਤੋਂ ਭੈੜ੍ਹੇ ਨਤੀਜੇ ਜਨ-ਸਧਾਰਨ ਨੂੰ ਸਭ ਤੋਂ ਵੱਧ ਭੁਗਤਣੀ ਪੈਂਦੀ ਹੈ। ਇਸੇ ਕਰਕੇ ਆਮ ਜਨਤਾ ਕੁਰੱਪਸ਼ਨ ਦੇ ਸਭ ਤੋਂ ਵੱਧ ਖ਼ਿਲਾਫ਼ ਹੁੰਦੀ ਹੈ, ਲੇਕਿਨ ਬੇਵੱਸ ਵੀ ਹੁੰਦੀ ਹੈ, ਤੇ ਬੇਵੱਸੀ ਦਾ ਕਾਰਨ ਵੀ ਖ਼ੁਦ ਹੀ ਹੁੰਦੀ ਹੈ। ਕੁਝ ਮੁੱਠੀ ਭਰ ਲੋਕ ਕੁਰੱਪਟ ਢੰਗਾਂ ਨਾਲ ਦੌਲਤ ਇਕੱਠੀ ਕਰ ਕੇ ਧਨਾਢ ਬਣ ਜਾਂਦੇ ਹਨ, ਤੇ ਬਹੁਤੇ ਲੋਕਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੰਦੇ ਹਨ। ਜਿਸ ਨਾਲ ਗ਼ਰੀਬੀ-ਅਮੀਰੀ ਵਿਚ ਨਿਰੰਤਰ ਵਾਧਾ ਹੁੰਦਾ ਜਾਂਦਾ ਹੈ। ਆਰਥਿਕ ਅਸਨਮਾਨਤਾ ਦੇ ਇਸੇ ਵਧਦੇ 'ਗੈਪ' ਕਰਕੇ ਸਮਾਜਿਕ ਕਦਰਾਂ-ਕੀਮਤਾਂ ਨਿਘਾਰ ਵੱਲ ਜਾਂਦੀਆਂ ਹਨ, ਜਿਸ ਦਾ ਮੁਲਕ ਦੀ ਤਰੱਕੀ 'ਤੇ ਬੁਰਾ ਅਸਰ ਹੁੰਦਾ ਹੈ।
ਅਜ਼ਾਦੀ ਤੋਂ ਬਾਅਦ ਕੁਰੱਪਸ਼ਨ ਦਾ ਚੱਕਰ ਲਗਾਤਾਰ ਹੋਰ ਵਧੇਰੇ ਦੁਸ਼ਟ ਤੋਂ ਦੁਸ਼ਟ ਹੁੰਦਾ ਰਿਹਾ ਹੈ। ਪ੍ਰਸ਼ਾਸਨ, ਨਿਆਂ-ਪ੍ਰਬੰਧ, ਸਰਕਾਰ...ਆਦਿ ਸਭ ਮਿਲ-ਮਿਲਾ ਕੇ ਕੁਰੱਪਸ਼ਨ ਦਾ 'ਲੂਪ' ਸੈੱਟ ਕਰ ਚੁੱਕੇ ਹਨ। ਜਿਸ ਵਿਚ ਜਨਤਾ ਬੁਰੀ ਤਰ੍ਹਾਂ ਫ਼ਸੀ ਆ ਰਹੀ ਹੈ। ਜਨਤਾ ਅਨੇਕਾਂ ਹੱਥੋਂ ਲੁੱਟੀ ਜਾਂਦੀ ਹੈ ਅਤੇ ਇਨਸਾਫ਼ ਦੇ ਦਰਵਾਜ਼ੇ ਵੀ ਉਸ ਲਈ ਬੰਦ ਹੁੰਦੇ ਹਨ, ਕਿਉਂਕਿ ਨਿਆਂ-ਪ੍ਰਬੰਧ ਵੀ ਉਸੇ ਕੁਰੱਪਟ ਢਾਂਚੇ ਦਾ ਹਿੱਸਾ ਹੋ ਚੁੱਕਾ ਹੈ। ਇਨਸਾਫ਼ ਮੰਗਣ, ਰੋਜ਼ੀ-ਰੋਟੀ ਦੀ ਗੱਲ ਕਰਨ ਤੇ ਡਾਂਗਾ ਵਰ੍ਹਨੀਆਂ ਇਸੇ ਕੁਰੱਪਟ ਲੂਪ ਦਾ ਨਤੀਜਾ ਹੈ। ਅੱਜ ਦੀ ਅਹਿਮ ਲੋੜ ਹੈ ਕਿ ਕੁਰੱਪਸ਼ਨ ਦੇ ਲੂਪ ਨੂੰ ਤੋੜ ਦਿੱਤਾ ਜਾਵੇ। ਅਜਿਹਾ ਸਿਸਟਮ ਸੈੱਟ ਕੀਤਾ ਜਾਵੇ, ਜਿੱਥੇ ਕਿਸੇ ਕੋਲ ਕਿਸੇ ਵੀ ਕਿਸਮ ਦੀ ਕੁਰੱਪਸ਼ਨ ਕਰਨ ਦੀ ਗੁੰਜਾਇਸ਼ ਨਾ ਹੋਵੇ। ਇਹ ਸਭ ਕਰਨਾ ਕਿੰਨਾਂ ਵੀ ਅਸੰਭਵ ਲੱਗਦਾ ਹੋਵੇ, ਤਾਂ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਸੇ ਸੰਸਾਰ ਅੰਦਰ ਅਸੰਭਵ ਲੱਗਦੇ ਕਾਰਨਾਵੇਂ ਸੰਭਵ ਹੁੰਦੇ ਆਉਂਦੇ ਆ ਰਹੇ ਹਨ। ਜੇ ਅਸੀਂ ਅਸੰਭਵ ਲੱਗਦੀ ਭਾਰਤ ਦੀ ਗ਼æੁਲਾਮੀ ਦਾ ਜੂਲਾ ਗਲੋਂ ਲਾਹ ਸਕਦੇ ਹਾਂ, ਤਾਂ ਅਜ਼ਾਦੀ ਦੀ ਰੱਖਿਆ ਕਿਉਂ ਨਹੀਂ ਕਰ ਸਕਦੇ?
ਅੱਜ ਸਮੁੱਚਾ ਭਾਰਤ ਜਾਗ ਰਿਹਾ ਹੈ। ਲੋਕ ਕੋਨੇ-ਕੋਨੇ ਤੋਂ ਲਾਮਬੰਦ ਹੋ ਕੇ ਕੁਰੱਪਸ਼ਨ ਦੇ ਦੈਂਤ ਲੂਪ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰ ਰਹੇ ਹਨ। ਲੋਕ ਬਹੁਤ ਜਲਦੀ ਕੁਰੱਪਸ਼ਨ ਦੇ ਇਸ ਦੁਸ਼ਟ ਚੱਕਰ ਨੂੰ ਤੋੜ ਕੇ ਖ਼ਤਮ ਕਰ ਦੇਣਾ ਚਾਹੁੰਦੇ ਹਨ। ਅੱਜ ਜਿਹੜਾ ਵੀ ਰਾਜਨੀਤਕ ਬਦਲੇ ਸਮੇਂ ਦੀ ਨਬਜ਼ ਪਛਾਣ ਕੇ ਸਿਸਟਮ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਨੂੰ ਤਰਜ਼ੀਹ ਦੇਵੇਗਾ, ਜਨਤਾ ਉਸ ਦਾ ਸਾਥ ਦੇਵੇਗੀ। ਭਾਰਤ ਦੇ ਕੋਨੇ-ਕੋਨੇ Ḕਚੋਂ ਜਿਹੜੀ ਏਡੀ ਵੱਡੀ ਲਹਿਰ ਉਠ ਖਲੋਈ ਹੈ, ਇਹ ਭਾਰਤ ਦੇ ਰਾਜਨੀਤਕ ਅਤੇ ਆਰਥਿਕ ਇਤਿਹਾਸ ਵਿਚ ਵੱਡੇ ਪੱਧਰ Ḕਤੇ ਤਬਦੀਲੀ ਲਿਆ ਸਕਦੀ ਹੈ। ਇਸੇ ਤਬਦੀਲੀ ਵਿਚ ਜਨਤਾ ਦਾ ਹਿਤ ਹੈ, ਭਲਾਈ ਹੈ! ਲੋਕਾਂ ਦਾ ਇੱਕ ਮੁੱਠ ਹੋ ਕੇ ਕੁਰੱਪਸ਼ਨ ਦੇ ਖ਼ਿਲਾਫ਼ ਡਟ ਕੇ ਖਲੋ ਜਾਣਾ ਵੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਤਬਦੀਲੀ ਨੂੰ ਵਾਪਰਨੋਂ ਸੰਸਾਰ ਦੀ ਕੋਈ ਤਾਕਤ ਨਹੀਂ ਰੋਕ ਸਕਦੀ।
ਸਮੇਂ ਤੇ ਹਾਲਾਤ ਮੁਤਾਬਿਕ ਅੱਜ ਦੇਸ਼ ਨੂੰ ਕੁਰੱਪਸ਼ਨ ਮੁਕਤ ਸਿਸਟਮ ਦੀ ਲੋੜ ਹੈ। ਲੋੜ ਹੈ ਅਜਿਹੇ ਸਿਸਟਮ ਦੀ, ਜੋ ਸਭ ਧਰਮਾਂ-ਵਰਗਾਂ ਲਈ ਸਾਂਝਾ ਅਤੇ ਢੁਕਵਾਂ ਹੋਵੇ, ਸੰਤੁਲਿਤ ਤੇ ਸਾਅਵਾਂ ਹੋਵੇ, ਸੈਕੂਲਰ ਹੋਵੇ। ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਜਿੱਥੇ ਹਰ ਆਦਮੀ ਚੰਗਾ ਸਾਫ਼-ਸੁਥਰਾ ਜੀਵਨ ਜੀਵੇ, ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾ ਸਕੇ। ਆਪਣੀਆਂ ਸਭ ਸੰਭਾਵਨਾਵਾਂ ਨੂੰ ਸਾਕਾਰ ਸਕੇ। ਮੌਕੇ ਮੁਤਾਬਿਕ ਵਾਪਰਦੀਆਂ ਤਬਦੀਲੀਆਂ ਨੂੰ ਕੋਈ ਨਹੀਂ ਰੋਕ ਸਕਦਾ। ਤਬਦੀਲੀ ਕੁਦਰਤ ਦਾ ਅਸੂਲ ਹੈ, ਪ੍ਰਕਿਰਤੀ ਦਾ ਮੂਲ ਹੈ। ਤਬਦੀਲੀ ਇੱਕੋ-ਇੱਕ ਜੁੱਗੋ-ਜੁੱਗ ਅਟੱਲ ਹੈ ਸੰਸਾਰ ਅੰਦਰ! ਭਾਰਤ ਕੁਰੱਪਸ਼ਨ ਤੋਂ ਮੁਕਤ ਹੋਣ ਜਾ ਰਿਹਾ ਹੈ। ਜਿੱਥੋਂ ਕਿਤੋਂ ਵੀ ਭਲਾਈ ਦੀ, ਇਮਾਨਦਾਰੀ ਦੀ ਉਮੀਦ ਦਿਸੇ, ਉਸ ਨੂੰ 'ਜੀ ਆਇਆਂ'!

No comments:

Post a Comment