ਅਮਰੀਕਾ ਵਾਲਿਆਂ ਦੇ ਹੱਥ ਸੜੇ ਵੇਖ ਕੇ ਵੀ ਅਕਲ ਨਹੀਂ ਸਿੱਖੀ ਚੀਨ ਵਾਲਿਆਂ ਨੇ
ਸੰਸਾਰ ਰਾਜਨੀਤੀ ਨਾਲ ਥੋੜ੍ਹਾ-ਬਹੁਤ ਵਾਸਤਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਹੁਣ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਸੰਬੰਧ ਏਨੇ ਖਰਾਬ ਹੋ ਚੁੱਕੇ ਹਨ,
ਜਿੰਨੇ ਪਿਛਲੇ ਸਾਰੇ ਸਮੇਂ ਵਿੱਚ ਕਿਸੇ ਵੀ ਦੌਰ ਵਿੱਚ ਨਹੀਂ ਸਨ ਹੋਏ। ਸੰਬੰਧ ਬਰਾਬਰੀ ਦੇ ਨਹੀਂ ਸਨ, ਪਾਕਿਸਤਾਨ ਲੰਮਾ ਸਮਾਂ ਅਮਰੀਕਾ ਦੇ ਪਿਆਦੇ ਵਾਂਗ ਮੰਨਿਆ ਜਾਂਦਾ ਸੀ। ਓਥੇ ਕਿਸੇ ਨੇ ਰਾਜ ਕਰਨਾ ਹੋਵੇ ਤਾਂ ਆਪਣੇ ਦੇਸ਼ ਦੇ ਲੋਕਾਂ ਤੋਂ ਵੱਧ ਅਮਰੀਕਾ ਦੀ ਪ੍ਰਵਾਨਗੀ ਚਾਹੀਦੀ ਸੀ। ਚੁਣੇ ਗਏ ਪ੍ਰਤੀਨਿਧ ਵੀ ਅਹੁਦਾ ਸੰਭਾਲਣ ਤੋਂ ਪਹਿਲਾਂ ਅਮਰੀਕੀ ਰਾਜਦੂਤ ਨੂੰ ਮਿਲਣ ਜਾਂਦੇ ਸਨ। ਜਿਸ ਕਿਸੇ ਨੇ ਤਖਤਾ ਪਲਟ ਕੇ ਹਕੂਮਤ ਸਾਂਭੀ, ਉਸ ਨੂੰ ਵੀ ਸਭ ਤੋਂ ਪਹਿਲਾਂ ਵ੍ਹਾਈਟ ਹਾਊਸ ਦਾ ਨੰਬਰ ਘੁੰਮਾ ਕੇ ਕਹਿਣਾ ਪੈਂਦਾ ਸੀ ਕਿ ਇਹ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਹੈ, ਅਮਰੀਕਾ ਦੀ ਖਿਦਮਤ ਉਵੇਂ ਹੀ ਹੁੰਦੀ ਰਹੇਗੀ, ਜਿਵੇਂ ਪਹਿਲੇ ਹਾਕਮਾਂ ਦੇ ਵਕਤ ਹੁੰਦੀ ਸੀ।
ਹੁਣ ਅਜਿਹਾ ਕੁਝ ਵੀ ਨਹੀਂ ਰਿਹਾ। ਅਮਰੀਕੀ ਦੂਤਾਂ ਉੱਤੇ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕੀਤੀਆਂ ਤੇ ਕੁਝਨਾਂ ਨੂੰ ਵਾਪਸ ਜਾਣ ਨੂੰ ਵੀ ਕਹਿ ਦਿੱਤਾ। ਜਵਾਬੀ ਕਦਮ ਚੁੱਕਦੇ ਹੋਇਆਂ ਅਮਰੀਕਾ ਨੇ ਵੀ ਅੱਖਾਂ ਵਿਖਾਈਆਂ ਤਾਂ ਪਾਕਿਸਤਾਨ ਵਾਲੇ ਤ੍ਰਹਿਕ ਗਏ, ਪਰ ਸਿੱਟਾ ਉਹ ਨਹੀਂ ਨਿਕਲਿਆ, ਜਿਸ ਦੀ ਰਾਸ਼ਟਰਪਤੀ ਓਬਾਮਾ ਦੀ ਹਕੂਮਤ ਨੂੰ ਆਸ ਸੀ, ਸਗੋਂ ਉਸ ਤੋਂ ਉਲਟ ਜਾ ਨਿਕਲਿਆ। ਏਧਰੋਂ ਧੱਕੇ ਖਾ ਕੇ ਪਾਕਿਸਤਾਨ ਵਾਲੇ ਦੋ ਦਿਨ ਵੀ ਗੁਆਏ ਬਿਨਾਂ ਅਮਰੀਕਾ ਦੇ ਸ਼ਰੀਕ ਚੀਨ ਨਾਲ ਯਾਰੀ ਗੰਢਣ ਤੁਰ ਪਏ। ਇੱਕ ਦਿਨ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਓਧਰ ਨੂੰ ਦੌੜ ਲਾਈ ਅਤੇ ਓਥੇ ਜਾ ਕੇ ਕਹਿ ਦਿੱਤਾ ਕਿ ਪਾਕਿਸਤਾਨ ਦਾ ਕਿਸੇ ਵੀ ਹੋਰ ਨਾਲੋਂ ਵੱਧ ਭਰੋਸੇਮੰਦ ਦੋਸਤ ਚੀਨ ਹੈ। ਫਿਰ ਉਸ ਦੀ ਖੁਫੀਆ ਏਜੰਸੀ ਦਾ ਮੁਖੀ ਓਥੇ ਜਾ ਵੜਿਆ। ਹਾਲੇ ਕੁਝ ਦਿਨ ਪਹਿਲਾਂ ਉਹ ਸਿਰਫ ਇੱਕ ਦਿਨ ਦਾ ਅਮਰੀਕਾ ਦੌਰਾ ਕਰ ਕੇ ਉਨ੍ਹਾਂ ਦੇ ਮਨ ਦੀ ਕੁੜੱਤਣ ਦੂਰ ਕਰਨ ਗਿਆ ਸੀ, ਪਰ ਪੱਲੇ ਕੁਝ ਨਹੀਂ ਸੀ ਪਿਆ, ਹੁਣ ਚੀਨ ਜਾ ਕੇ ਦੋ ਦਿਨ ਦੇ ਦੌਰੇ ਨਾਲ ਹੀ ਕਈ ਚਾਲਾਂ ਚੱਲ ਆਇਆ ਹੈ।
ਕਮਾਲ ਦੀ ਗੱਲ ਇਹ ਕਿ ਚੀਨ ਨਾਲ ਪਾਕਿਸਤਾਨ ਦੀ ਲੀਡਰਸ਼ਿਪ ਦੇ ਸੰਬੰਧਾਂ ਦਾ ਇਹ ਤਾਜ਼ਾ ਦੌਰ ਉਸ ਵੇਲੇ ਸ਼ੁਰੂ ਹੋਇਆ, ਜਦੋਂ ਚੀਨ ਦੇ ਪਾਕਿਸਤਾਨ ਨਾਲ ਲੱਗਦੇ ਰਾਜ ਸਿੰਕਿਆਂਗ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਤੇਜ਼ੀ ਫੜ ਰਹੀਆਂ ਸਨ। ਹਾਲੇ ਪਿਛਲੇ ਮਹੀਨੇ ਦੇ ਅੰਤ ਵਿੱਚ ਕਾਸ਼ਘਰ ਸ਼ਹਿਰ ਵਿੱਚ ਹੋਈਆਂ ਵਾਰਦਾਤਾਂ ਵਿੱਚ ਦੋ ਦਰਜਨ ਤੋਂ ਵੱਧ ਲੋਕ ਮਾਰੇ ਗਏ ਸਨ, ਇੱਕ ਥਾਣੇ ਉੱਤੇ ਹਮਲਾ ਕੀਤਾ ਗਿਆ ਸੀ ਅਤੇ ਕਾਸ਼ਘਰ ਨਗਰ ਦੀ ਸਥਾਨਕ ਸਰਕਾਰੀ ਕਮੇਟੀ ਨੇ ਬਿਆਨ ਜਾਰੀ ਕੀਤਾ ਸੀ ਕਿ ਇਹ ਉਨ੍ਹਾਂ ਦਹਿਸ਼ਤਗਰਦਾਂ ਦਾ ਕਾਰਾ ਹੈ, ਜਿਹੜੇ ਪਾਕਿਸਤਾਨ ਵਿੱਚ ਚੱਲਦੇ ਅੱਤਵਾਦੀ ਕੈਂਪਾਂ ਵਿੱਚੋਂ ਟਰੇਨਿੰਗ ਲੈ ਕੇ ਆਏ ਸਨ। ਇਹ ਪਾਕਿਸਤਾਨ ਲਈ ਸ਼ਰਮਿੰਦਗੀ ਦਾ ਮੁੱਦਾ ਹੋਣਾ ਚਾਹੀਦਾ ਸੀ, ਪਰ ਉਸ ਦੀ ਹਕੂਮਤ ਅਤੇ ਫੌਜੀ ਜਾਂ ਖੁਫੀਆ ਏਜੰਸੀਆਂ ਦੀ ਲੀਡਰਸ਼ਿਪ ਨੇ ਏਦਾਂ ਦੀ ਸ਼ਰਮਿੰਦਗੀ ਦਾ ਅਹਿਸਾਸ ਖਾਧਾ-ਪੀਤਾ ਹੋਇਆ ਸੀ, ਇਸ ਕਰ ਕੇ ਉਨ੍ਹਾਂ ਨੇ ਇੱਕ ਕੰਨ ਤੋਂ ਪਈ ਗੱਲ ਦੂਜੇ ਤੋਂ ਬਾਹਰ ਕੱਢ ਛੱਡੀ। ਜੇ ਉਹ ਸ਼ਰਮ ਦੇ ਅਹਿਸਾਸ ਦਾ ਸ਼ਿਕਾਰ ਹੋ ਗਏ ਹੁੰਦੇ ਤਾਂ ਅਮਰੀਕਾ ਨਾਲ ਵਿਗਾੜ ਦਾ ਦੌਰ ਸ਼ੁਰੂ ਹੋਣ ਮਗਰੋਂ ਇਹੋ ਜਿਹਾ ਹੋਰ ਕੋਈ ਦੇਸ਼ ਹੀ ਨਹੀਂ ਸੀ ਲੱਭਣਾ, ਜਿਹੜਾ ਚੀਨ ਵਾਂਗ ਏਨੀ ਸੱਟ ਖਾ ਕੇ ਵੀ ਉਨ੍ਹਾਂ ਨਾਲ ਬਗਲਗੀਰ ਹੋਣ ਤੁਰ ਪੈਂਦਾ।
ਚੀਨ ਨੇ ਪਿਛਲੇ ਸਮੇਂ ਵਿੱਚ ਖਪਤਕਾਰ ਬਜ਼ਾਰ ਵਿੱਚ ਏਨੀ ਤਰੱਕੀ ਕੀਤੀ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੀਆਂ ਵੱਡੀਆਂ ਧੜਵੈਲ ਕੰਪਨੀਆਂ ਨੂੰ ਭਾਜੜਾਂ ਪਾ ਦਿੱਤੀਆਂ ਹਨ। ਹੁਣ ਉਸ ਦੀ ਦੌੜ ਮੰਡੀਆਂ ਉੱਤੇ ਕਬਜ਼ੇ ਦੀ ਹੈ। ਅਮਰੀਕਾ ਦੀ ਸਰਕਾਰ ਜਦੋਂ ਆਪਣੇ ਮੁਲਕ ਵਿੱਚ ਆਰਥਿਕ ਮੰਦੇ ਦੀ ਜਿੱਲ੍ਹਣ ਵਿੱਚ ਬੁਰੀ ਤਰ੍ਹਾਂ ਫਸੀ ਪਈ ਹੈ, ਇਹ ਮੌਕਾ ਚੀਨ ਵੱਲੋਂ ਆਪਣੇ ਹਿੱਤਾਂ ਲਈ ਵਰਤ ਲੈਣਾ ਸੁਭਾਵਕ ਹੈ। ਮਾੜੀ ਗੱਲ ਇਹ ਹੈ ਕਿ ਚੀਨ ਦੀ ਲੀਡਰਸ਼ਿਪ ਇਸ ਤਰ੍ਹਾਂ ਦੇ ਮੌਕੇ ਵਰਤਣ ਦੇ ਚੱਕਰ ਵਿੱਚ ਆਪਣੇ ਦੇਸ਼ ਦੇ ਲੰਮੇ ਸਮੇਂ ਦੇ ਹਿੱਤਾਂ ਲਈ ਉਹ ਖਤਰੇ ਖੜੇ ਹੋਣ ਦੀ ਪ੍ਰਵਾਹ ਵੀ ਨਹੀਂ ਕਰ ਰਹੀ, ਜਿਨ੍ਹਾਂ ਕਾਰਨ ਪਾਕਿਸਤਾਨ ਦੇ ਜਨਮ ਵੇਲੇ ਤੋਂ ਚੱਲੀ ਆਈ ਦੋਸਤੀ ਨੂੰ ਪਾਸੇ ਰੱਖ ਕੇ ਅਮਰੀਕੀ ਹਕੂਮਤ ਨੂੰ ਉਸ ਨਾਲ ਸੰਬੰਧ ਟੁੱਟਣ ਦਾ ਜੋਖਮ ਸਹੇੜਨਾ ਪਿਆ ਹੈ। ਇਹ ਸਹਿਜ ਸੁਭਾਅ ਨਹੀਂ ਹੋ ਗਿਆ। ਕਸ਼ਮੀਰੀ ਮੂਲ ਦੇ ਅਮਰੀਕੀ ਨਾਗਰਿਕ ਗੁਲਾਮ ਨਬੀ ਫਾਈ ਦੀ ਗ੍ਰਿਫਤਾਰੀ ਪਿੱਛੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਵੇਲੇ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐੱਫ ਬੀ ਆਈ ਨੇ ਇਹ ਗੱਲ ਵੀ ਦਰਜ ਕਰਵਾਈ ਹੈ ਕਿ 'ਬੰਦਾ ਤਾਂ ਬੜਾ ਚਿਰ ਪਹਿਲਾਂ ਫੜ ਲੈਣਾ ਚਾਹੀਦਾ ਸੀ, ਅਮਰੀਕਾ ਦੀ ਸਰਕਾਰ ਪਾਕਿਸਤਾਨ ਨਾਲ ਸੰਬੰਧ ਵਿਗੜਨ ਦੇ ਡਰ ਕਾਰਨ ਰੋਕਦੀ ਰਹੀ ਸੀ।' ਗੱਲ ਇਹ ਸੱਚੀ ਵੀ ਹੋ ਗਈ। ਫਾਈ ਦੇ ਫੜੇ ਜਾਣ ਸਾਰ ਪਾਕਿਸਤਾਨੀ ਖੁਫੀਆ ਏਜੰਸੀ ਦਾ ਮੁਖੀ ਓਧਰ ਨੂੰ ਦੌੜਿਆ ਤੇ ਜਦੋਂ ਅਮਰੀਕਾ ਦੇ ਅਧਿਕਾਰੀ ਉਨ੍ਹਾਂ ਦੇ ਪੱਕੇ ਏਜੰਟ ਫਾਈ ਦੇ ਗਲ ਪਈ ਫਾਹੀ ਲਾਹੁਣ ਨੂੰ ਤਿਆਰ ਨਾ ਹੋਏ ਤਾਂ ਜਿੱਦਾਂ ਗਿਆ ਸੀ, ਭੌਂਦੇ ਪੈਰੀਂ ਨਾ ਸਿਰਫ ਮੁੜ ਆਇਆ, ਸਗੋਂ ਦੋ ਦਿਨਾਂ ਪਿੱਛੋਂ ਚੀਨ ਦੀ ਸੜਕ ਸਰਗਰਮ ਹੋ ਗਈ ਸੀ। ਇਸ ਘਟਨਾ ਕਰਮ ਨੂੰ ਚੀਨ ਦੀ ਹਕੂਮਤ ਨੇ ਵੀ ਨੋਟ ਕੀਤਾ ਹੋਵੇਗਾ, ਪਰ ਆਪਣੇ ਵਪਾਰਕ ਹਿੱਤਾਂ ਜਾਂ ਸੰਸਾਰ ਰਾਜਨੀਤੀ ਦੇ ਪੈਂਤੜੇ ਕਾਰਨ ਅੱਖੋਂ ਪਰੋਖਾ ਕਰ ਦਿੱਤਾ। ਉਸ ਨੇ ਇਸ ਗੱਲ ਦੀ ਚਿੰਤਾ ਵੀ ਨਾ ਕੀਤੀ ਕਿ ਉਸ ਦੀ ਆਪਣੀ ਕਾਸ਼ਘਰ ਦੀ ਨਗਰ ਕੌਂਸਲ ਵੱਲੋਂ ਪਾਕਿਸਤਾਨ ਵਿਚਲੇ ਅੱਤਵਾਦੀ ਕੈਂਪਾਂ ਬਾਰੇ ਦਿੱਤੇ ਬਿਆਨ ਦੀ ਹਾਲੇ ਸਿਆਹੀ ਨਹੀਂ ਸੁੱਕੀ।
ਅਜੋਕੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦਾ ਪਿਛਲੇ ਪੰਜਾਹ ਕੁ ਸਾਲਾਂ ਦਾ ਸੰਸਾਰ ਰਾਜਨੀਤੀ ਦੇ ਮੰਚ ਉੱਤੇ ਇੱਕ ਜ਼ਿਕਰ ਯੋਗ ਇਤਹਾਸ ਰਿਹਾ ਹੈ। ਸਟਾਲਿਨ ਤੋਂ ਬਾਅਦ ਦੀ ਸੰਸਾਰ ਕਮਿਊਨਿਸਟ ਲੀਡਰਸ਼ਿਪ ਨਾਲ ਕਈ ਤਰ੍ਹਾਂ ਦੇ ਮੱਤਭੇਦ ਜ਼ਾਹਰ ਕਰ ਕੇ ਨਿਖੇੜਾ ਕਰਨ ਪਿੱਛੋਂ ਚੀਨ ਨੇ ਕਿਹਾ ਸੀ ਕਿ ਸੰਸਾਰ ਸਾਮਰਾਜ ਦੇ ਅਜੋਕੇ ਗੁਰੂ ਅਮਰੀਕਾ ਨਾਲ ਸੋਧਵਾਦੀ ਹੋ ਚੁੱਕਾ ਸੋਵੀਅਤ ਧੜਾ ਟੱਕਰ ਨਹੀਂ ਲੈ ਸਕਦਾ, ਇਹ ਜ਼ਿੰਮੇਵਾਰੀ ਚੀਨ ਸੰਭਾਲੇਗਾ। ਫਿਰ ਕਿਊਬਾ ਦੀ ਮਦਦ ਲਈ ਸੋਵੀਅਤ ਬੇੜਾ ਓਧਰ ਜਾਂਦਾ ਵੇਖ ਕੇ ਚੀਨੀ ਕਮਿਊਨਿਸਟ ਪਾਰਟੀ ਨੇ ਇਹ ਬਿਆਨ ਦੇ ਦਿੱਤਾ ਕਿ ਰੂਸ ਵਾਲੇ ਮਾਹੌਲ ਵਿੱਚ ਭੜਕਾਹਟ ਭਰ ਰਹੇ ਹਨ। ਬਦਲੇ ਹੋਏ ਹਾਲਾਤ ਵਿੱਚ ਸੋਵੀਅਤ ਬੇੜਾ ਵਾਪਸ ਆਇਆ ਤਾਂ ਕਹਿ ਦਿੱਤਾ ਕਿ ਕਾਗਜ਼ੀ ਸ਼ੇਰ ਅਮਰੀਕਾ ਤੋਂ ਸੋਵੀਅਤ ਸਰਕਾਰ ਡਰ ਗਈ ਹੈ, ਹੁਣ ਚੀਨ ਹੀ ਸਾਮਰਾਜ ਦਾ ਰਾਹ ਰੋਕੇਗਾ। ਰਾਹ ਕੀ ਰੋਕਣਾ ਸੀ, ਸੋਵੀਅਤ ਵਿਰੋਧ ਦੇ ਨਾਂਅ ਹੇਠ ਕੁਝ ਸਾਲ ਪਿੱਛੋਂ ਅਮਰੀਕੀ ਰਾਸ਼ਟਰਪਤੀਆਂ ਦੇ ਪੀਕਿੰਗ (ਅੱਜ ਵਾਲਾ ਬੀਜਿੰਗ) ਵੱਲ ਅਤੇ ਚੀਨੀ ਲੀਡਰਾਂ ਦੇ ਵਾਸ਼ਿੰਗਟਨ ਤੇ ਨਿਊ ਯਾਰਕ ਵੱਲ ਗੇੜੇ ਲੱਗਣ ਲੱਗ ਪਏ। ਨਾ ਚੀਨ ਦਾ ਪਹਿਲਾ ਪੈਂਤੜਾ ਠੀਕ ਸੀ, ਨਾ ਉਹ ਨਵਾਂ ਠੀਕ ਸਿੱਧ ਹੋ ਸਕਿਆ ਸੀ ਤੇ ਨਾ ਅੱਜ ਦੇ ਦੌਰ ਵਾਲਾ ਠੀਕ ਨਿਕਲਣਾ ਹੈ।
ਪਾਕਿਸਤਾਨ ਨਾਲ ਸੰਬੰਧਾਂ ਦੇ ਖੇਤਰ ਵਿੱਚ ਜਿਹੜਾ ਪੈਂਤੜਾ ਚੀਨ ਨੇ ਹੁਣ ਮੱਲਿਆ ਹੈ, ਉਸ ਤੋਂ ਪਹਿਲਾਂ ਉਸ ਨੂੰ ਇਸਲਾਮੀ ਕੱਟੜਪੰਥ ਦੀ ਦਹਿਸ਼ਤਗਰਦੀ ਦਾ ਇਤਹਾਸ ਯਾਦ ਰੱਖਣਾ ਚਾਹੀਦਾ ਸੀ। ਇਹ ਦਹਿਸ਼ਤਗਰਦੀ ਸੁੱਤੇ ਸਿੱਧ ਨਹੀਂ ਸੀ ਉੱਭਰੀ, ਅਫਗਾਨਿਸਤਾਨ ਵਿੱਚ ਸੋਵੀਅਤ ਪੱਖੀ ਸਰਕਾਰ ਨੂੰ ਉਖਾੜ ਦੇਣ ਦੀ ਨੀਤੀ ਧਾਰ ਕੇ ਅਮਰੀਕਾ ਅਤੇ ਉਸ ਦੇ ਹਵਾਰੀਆਂ ਨੇ ਆਪ ਪੈਦਾ ਕੀਤੀ ਤੇ ਪਲੋਸ ਕੇ ਪ੍ਰਵਾਨ ਚੜ੍ਹਾਈ ਸੀ। ਦਹਿਸ਼ਤਗਰਦੀ ਨੂੰ ਕਦੇ ਵੀ ਕੋਈ ਆਪਣੇ ਕੰਟਰੋਲ ਵਾਲੀ ਪਲਟਣ ਮੰਨ ਕੇ ਨਹੀਂ ਚੱਲ ਸਕਦਾ, ਇਹ ਕਦੇ ਵੀ ਕਿਸੇ ਪਾਸੇ ਨੂੰ ਮੂੰਹ ਮੋੜ ਕੇ ਤਬਾਹੀ ਮਚਾ ਸਕਦੀ ਹੈ। ਜਿਸ ਅਮਰੀਕਾ ਨੇ ਸਾਰੇ ਸੰਸਾਰ ਵਿਚਲੇ ਆਪਣੇ ਜੋੜੀਦਾਰ ਦੇਸ਼ਾਂ ਤੋਂ ਏਥੇ ਪੈਸੇ ਖਰਚ ਕਰਵਾਏ ਤੇ ਕਾਬਲ ਉੱਤੇ ਕਬਜ਼ਾ ਕਰਨ ਵਾਲਾ ਹਜੂਮ ਤਿਆਰ ਕੀਤਾ ਸੀ, ਜਦੋਂ ਉਸੇ ਦੇ ਤਿਆਰ ਕੀਤੇ ਤਾਲਿਬਾਨ ਨੇ 'ਬਿੱਲੀ ਸ਼ੀਂਹ ਪੜ੍ਹਾਇਆ, ਸ਼ੀਂਹ ਬਿੱਲੀ ਨੂੰ ਖਾਣ ਆਇਆ' ਦੀ ਕਹਾਵਤ ਸੱਚ ਕਰ ਵਿਖਾਈ ਤਾਂ ਦਹਿਸ਼ਤਗਰਦੀ ਦੇ ਵਿਰੁੱਧ ਉਹ ਲੜਾਈ ਲੜਨਾ ਅਮਰੀਕਾ ਦੀ ਮਜਬੂਰੀ ਬਣ ਗਿਆ ਸੀ, ਜਿਹੜੀ ਅਜੇ ਤੱਕ ਜਿੱਤੀ ਨਹੀਂ ਜਾ ਸਕੀ, ਜਿੱਤਣ ਦੀ ਵੀ ਆਸ ਨਹੀਂ ਤੇ ਉਸ ਦਾ ਖਜ਼ਾਨਾ ਇਸ ਲੜਾਈ ਨੇ ਖੋਖਲਾ ਕਰ ਦਿੱਤਾ ਹੈ। ਹਾਲਤ ਅਮਰੀਕਾ ਦੀ 'ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲੀ' ਹੈ, ਜੇ ਲੜੇਗਾ ਤਾਂ ਖਜ਼ਾਨੇ ਦੇ ਖਾਲੀ ਹੋਣ ਦਾ ਕੋਹੜ ਹੋਰ ਵਧਦਾ ਹੈ ਤੇ ਜੇ ਛੱਡਦਾ ਹੈ ਤਾਂ ਸਾਰੀ ਦੁਨੀਆ ਵਿੱਚ 'ਮੈਦਾਨ ਵਿੱਚੋਂ ਭੱਜ ਗਿਆ' ਵਾਲਾ ਦੂਜਾ ਕਲੰਕ ਪੱਲੇ ਪੈ ਜਾਵੇਗਾ, ਵੀਅਤਨਾਮ ਦੀ ਲੜਾਈ ਵਾਲੀ ਭਾਜੜ ਦੀ ਪਹਿਲੀ ਨਮੋਸ਼ੀ ਅਜੇ ਤੱਕ ਉਸ ਦੇ ਗਲੋਂ ਨਹੀਂ ਲੱਥ ਸਕੀ। ਦੁਨੀਆ ਭਰ ਵਿੱਚ ਅਮਰੀਕੀ ਦੂਤ ਤੇ ਦੂਤਘਰ ਹੁਣ ਦਹਿਸ਼ਤਗਰਦ ਹਮਲੇ ਦਾ ਨਿਸ਼ਾਨਾ ਹੋਣ ਕਰ ਕੇ ਕਈ-ਕਈ ਦਿਨ ਉਨ੍ਹਾਂ ਦੇ ਦਰਵਾਜ਼ਿਆਂ ਨੂੰ ਬੰਦ ਕਰਨਾ ਪੈ ਰਿਹਾ ਹੈ।
ਜਿਹੜੀ ਸਥਿਤੀ ਅਮਰੀਕਾ ਦੇ ਪਿਛਲੇ ਚਾਰ ਹਾਕਮਾਂ ਦੇ ਗਲ ਵਿੱਚ ਹੱਡੀ ਵਾਂਗ ਫਸੀ ਰਹੀ ਸੀ, ਉਸ ਦੇ ਹੁੰਦੇ ਹੋਏ ਜਦੋਂ ਚੀਨ ਨੇ ਪਾਕਿਸਤਾਨ ਨਾਲ ਤਾਜ਼ਾ ਸਾਂਝ ਪਾਈ ਤਾਂ ਉਸ ਨੂੰ ਆਪਣੇ ਸਿੰਕਿਆਂਗ ਰਾਜ ਦੀ ਹਕੀਕਤ ਵੀ ਯਾਦ ਰੱਖਣ ਦੀ ਲੋੜ ਨਹੀਂ ਜਾਪੀ। ਇਸ ਰਾਜ ਵਿੱਚ ਬਹੁਤ ਸਾਰੀ ਆਬਾਦੀ ਇਸਲਾਮ ਦੇ ਧਾਰਨੀ ਲੋਕਾਂ ਦੀ ਹੈ। ਇਹ ਮੰਨਣ ਵਿੱਚ ਕਿਸੇ ਨੂੰ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਾਰੇ ਮੁਸਲਮਾਨ ਦਹਿਸ਼ਤਗਰਦੀ ਦੀ ਹਮਾਇਤ ਨਹੀਂ ਕਰਦੇ, ਉਨ੍ਹਾਂ ਵਿੱਚ ਵੀ ਬਹੁਤ ਸਾਰੇ, ਬਲਕਿ ਬਹੁ-ਗਿਣਤੀ ਲੋਕ, ਅਮਨ ਦੀ ਜ਼ਿੰਦਗੀ ਜਿਊਣਾ ਲੋਚਦੇ ਹਨ, ਪਰ ਇਹ ਮੰਨਣ ਵਿੱਚ ਵੀ ਹਰਜ ਨਹੀਂ ਹੋਣਾ ਚਾਹੀਦਾ ਕਿ ਇਸ ਵੇਲੇ ਸੰਸਾਰ ਵਿੱਚ ਸਭ ਤੋਂ ਵੱਡੀ ਦਹਿਸ਼ਤਗਰਦੀ ਇਸਲਾਮ ਦੇ ਝੰਡੇ ਵਾਲੀ ਹੈ। ਚੀਨ ਦੇ ਸਿੰਕਿਆਂਗ ਰਾਜ ਵਿੱਚ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਦੇ ਝੰਡੇ ਹੇਠ ਚਿਰਾਂ ਤੋਂ ਚੱਲ ਰਹੀ ਲਹਿਰ ਵੀ ਹੁਣ ਦਹਿਸ਼ਤਗਰਦੀ ਦਾ ਬੜਾ ਵੱਡਾ ਵਹਿਣ ਬਣ ਚੁੱਕੀ ਹੈ। ਇਹ ਲਹਿਰ ਚੀਨ ਦੀ ਸਮੁੱਚੀ ਆਬਾਦੀ ਨੂੰ ਇਸਲਾਮ ਦੇ ਧਾਰਨੀ ਬਣਾਉਣ ਦਾ ਨਿਸ਼ਾਨਾ ਮਿਥ ਕੇ ਚੱਲਦੀ ਹੈ।
ਜਦੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਹਕੂਮਤ ਬਣੀ ਤਾਂ ਦੁਨੀਆ ਭਰ ਦੀ ਇਸਲਾਮੀ ਦਹਿਸ਼ਤਗਰਦੀ ਨੂੰ ਇੱਕ ਮੁੱਖ ਧਾਰਾ ਵਿੱਚ ਗੁੰਦ ਕੇ ਚਲਾਉਣ ਵਾਲਾ ਓਸਾਮਾ ਬਿਨ ਲਾਦੇਨ ਓਥੋਂ ਦੀ ਰਾਜਧਾਨੀ ਕਾਬਲ ਵਿੱਚ ਅੱਡਾ ਜਮਾਈ ਬੈਠਾ ਸੀ। ਉਨ੍ਹਾਂ ਦਿਨਾਂ ਵਿੱਚ ਜਿੰਨੇ ਵੀ ਟੋਲਿਆਂ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਜਾਂਦਾ ਸੀ, ਉਨ੍ਹਾਂ ਸਾਰਿਆਂ ਦੇ ਮੁੱਖ ਦਫਤਰ ਕਾਬਲ ਵਿੱਚ ਜਾ ਬਣੇ ਸਨ, ਤਾਂ ਕਿ ਓਥੋਂ ਦੀ ਹਕੂਮਤ ਦੀ ਸਰਪ੍ਰਸਤੀ ਨਾਲ ਸਰਗਰਮੀ ਚਲਾਉਂਦੇ ਰਹਿਣ। ਚੀਨ-ਵਿਰੋਧੀ ਈਸਟ ਤੁਰਕਿਸਤਾਨ ਇਸਲਾਮਕ ਮੂਵਮੈਂਟ ਨੇ ਵੀ ਓਦੋਂ ਕਾਬਲ ਵਿੱਚ ਜਾ ਡੇਰਾ ਲਾਇਆ ਤੇ ਅਮਰੀਕੀ ਫੌਜ ਦੇ ਆਣ ਕੇ ਕਬਜ਼ਾ ਕਰ ਲੈਣ ਤੱਕ ਓਥੋਂ ਚੱਲਦੀ ਰਹੀ ਸੀ। ਜਦੋਂ ਤਾਲਿਬਾਨ ਨੂੰ ਓਥੋਂ ਬੋਰੀ-ਬਿਸਤਰਾ ਚੁੱਕ ਕੇ ਦੌੜਨਾ ਪਿਆ ਤਾਂ ਇਹ ਵੀ ਉਨ੍ਹਾਂ ਦੇ ਨਾਲ ਟਿੰਡ-ਫਹੁੜੀ ਚੁੱਕ ਕੇ ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿੱਚ ਜਾ ਪਹੁੰਚੇ, ਪਰ ਆਪਣੇ ਬੰਦਿਆਂ ਨੂੰ ਟਰੇਨਿੰਗ ਦੇਣ ਦੇ ਕੈਂਪ ਇਨ੍ਹਾਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਾ ਕੇ ਲਾਏ ਸਨ।
ਇਸ ਗੱਲ ਨੂੰ ਕੋਈ ਨਹੀਂ ਮੰਨ ਸਕਦਾ ਕਿ ਪਾਕਿਸਤਾਨ ਦੀ ਹਕੂਮਤ ਨੂੰ ਚੀਨ ਦੇ ਵਿਰੁੱਧ ਚੱਲ ਰਹੇ ਇਨ੍ਹਾਂ ਕੈਂਪਾਂ ਦੀ ਜਾਣਕਾਰੀ ਨਹੀਂ ਸੀ, ਜਿੱਥੋਂ ਗਏ ਬੰਦੇ ਚੀਨ ਦੇ ਸਿੰਕਿਆਂਗ ਖੇਤਰ ਵਿੱਚ ਹਮਲੇ ਕਰ ਕੇ ਵਾਪਸ ਏਥੇ ਆ ਜਾਂਦੇ ਸਨ। ਪਿਛਲੇ ਕਈ ਸਾਲਾਂ ਤੋਂ ਇਹ ਸਰਗਰਮੀ ਹੋ ਰਹੀ ਸੀ, ਕਦੇ-ਕਦੇ ਵੱਡੀ ਵਾਰਦਾਤ ਤੋਂ ਬਾਅਦ ਚੀਨ ਦੀ ਪੁਲਸ ਤੇ ਫੌਜ ਕੁਝ ਬੰਦੇ ਮਾਰ ਵੀ ਦੇਂਦੀ ਸੀ ਤੇ ਇਹ ਵੀ ਖਬਰ ਆਉਂਦੀ ਸੀ ਕਿ ਮਰਨ ਵਾਲਿਆਂ ਵਿੱਚ ਕੁਝ ਵਿਦੇਸ਼ੀ ਹੁੰਦੇ ਸਨ, ਪਰ ਸਿੱਧਾ ਇਸ਼ਾਰਾ ਪਾਕਿਸਤਾਨ ਵੱਲ ਕਰਨ ਤੋਂ ਪਾਸਾ ਵੱਟ ਲਿਆ ਜਾਂਦਾ ਸੀ। ਬੀਤੀ ਜੁਲਾਈ ਵਿੱਚ ਪਹਿਲੀ ਵਾਰ ਚੀਨ ਦੀ ਕਿਸੇ ਸਰਕਾਰੀ ਏਜੰਸੀ ਨੇ ਪਾਕਿਸਤਾਨ ਦਾ ਨਾਂਅ ਲਿਆ ਤੇ ਉਹ ਵੀ ਐਨ ਓਦੋਂ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਮੁੜਦੇ ਸਾਰ ਓਥੋਂ ਦੀ ਖੁਫੀਆ ਏਜੰਸੀ ਦਾ ਮੁਖੀ ਲੈਫਟੀਨੈਂਟ ਜਨਰਲ ਅਹਿਮਦ ਸ਼ੁਜ਼ਾ ਪਾਸ਼ਾ ਚੀਨ ਦਾ ਦੌਰਾ ਕਰਨ ਵਾਲਾ ਸੀ। ਬਿਨਾਂ ਪੱਕੇ ਸਬੂਤ ਤੋਂ ਤਾਂ ਏਨੇ ਨਾਜ਼ਕ ਮੌਕੇ ਇਹੋ ਜਿਹਾ ਬਿਆਨ ਦਿੱਤਾ ਨਹੀਂ ਸੀ ਜਾ ਸਕਦਾ।
ਸੰਸਾਰ ਰਾਜਨੀਤੀ ਦਾ ਪਿਛਲਾ ਤਜਰਬਾ ਇਹੋ ਹੈ ਕਿ ਜਿਸ ਨੇ ਵੀ ਪਾਕਿਸਤਾਨ ਨਾਲ ਏਦਾਂ ਦੀ ਸਾਂਝ ਪਾਈ ਹੈ, ਉਹ ਅੰਤਲੇ ਨਿਰਣੇ ਵਿੱਚ ਸੌਖਾ ਨਹੀਂ ਰਿਹਾ। ਕਿਸੇ ਦੂਸਰੇ ਦੇ ਹੱਥ ਸੜਦੇ ਵੇਖੇ ਹੋਣ ਤਾਂ ਅਕਲਮੰਦ ਬੰਦੇ ਨੂੰ ਏਸੇ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਤਵਾ ਗਰਮ ਹੈ, ਆਪਣੇ ਹੱਥ ਸੜਵਾ ਕੇ ਵੇਖਣ ਦੀ ਲੋੜ ਨਹੀਂ ਹੁੰਦੀ। ਹੈਰਾਨੀ ਦੀ ਗੱਲ ਹੈ ਕਿ ਚੀਨ ਦੀ ਸਰਕਾਰ ਇਹ ਅਕਲ ਨਹੀਂ ਸਿੱਖ ਸਕੀ। ਅੱਜ ਉਸ ਦੀ ਜੋ ਵੀ ਸੋਚ ਹੋਵੇ, ਸਮਾਂ ਦੱਸ ਦੇਵੇਗਾ ਕਿ ਉਸ ਦੀ ਇਹ ਨੀਤੀ ਆਤਮਘਾਤੀ ਸੀ, ਪਰ ਸਮਝ ਓਦੋਂ ਆਵੇਗੀ, ਜਦੋਂ ਅਮਰੀਕਾ ਵਾਂਗ ਉਸ ਕੋਲ ਵੀ ਗਲਤੀ ਸੁਧਾਰਨ ਦਾ ਸਮਾਂ ਨਹੀਂ ਬਚੇਗਾ। ਉਸ ਵਕਤ ਹਰ ਕੋਈ ਚੀਨ ਨੂੰ 'ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ' ਕਹਿ ਕੇ ਚੋਭਾਂ ਲਾਵੇਗਾ।
No comments:
Post a Comment