ਨਿੰਦਰ ਘੁਗਿਆਣਵੀ
ਚਾਰ ਦਿਨ ਲਗਾਤਾਰ ਮੀਂਹ ਪਂੈਦਾ ਹਿਰਾ। ਸ਼ੁੱਕਰਵਾਰ ਦੀ ਸ਼ਾਮ ਸੀ। ਕਿਣਮਿਣ ਰੁਕੀ ਨਹੀਂ। ਮੈਂ ਅਮਰਜੀਤ ਖੇਲਾ ਦੇ ਕਾਲਜ ਵਿੱਚ ਬੈਠਾ ਕੁਝ ਟਾਈਪ ਕਰ ਰਿਹਾ ਸਾਂ। ਬਾਹਰੋਂ ਨਿੱਕੇ-ਨਿੱਕੇ ਹਾਰਨਾਂ
ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦੇਣ ਲੱਗੀਆਂ। ਮੈਂ ਹੈਰਾਨ ਹੋ ਕੇ ਪੁੱਛਿਆ ਤਾਂ ਖੇਲਾ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਹੈ..ਲੌਂਗ ਵੀਕ ਐਂਡ ਹੈ..ਸੋਮਵਾਰ ਦੀ ਵੀ ਕੋਈ ਛੁੱਟੀ ਹੈ..ਤਿੰਨ ਛੁੱਟੀਆਂ ਹੋਣ ਕਰਕੇ ਗੋਰੇ ਕਾਕੇ-ਕਾਕੀਆਂ ਮਸਤ ਰਹੇ ਹਨ...ਵੀਕ ਐਂਡ ਖੂਬ ਇਨਜੁਆਏ ਕਰਨਗੇ...ਘੁੰਮਣ-ਫਿਰਨਗੇ ਤੇ ਖਾਣ-ਪੀਣਗੇ..ਏਹ ਲੋਕ ਆਪਣੇ ਵਾਂਗ ਮੱਖੀ 'ਤੇ ਮੱਖੀ ਨਹੀਂ ਮਾਰਦੇ ਤੇ ਨਾ ਹੀ ਇਹਨਾਂ ਨੇ ਪੈਸੇ ਜੋੜਨ 'ਤੇ ਲੱਕ ਬੱਧਾ ਹੋਇਆ ਐ।
ਅਸੀਂ ਕਾਲਜੋਂ ਬਾਹਰ ਨਿਕਲੇ ਤਾਂ ਮਾਰਕਿਟ ਵਿੱਚ ਖੂਬ ਚਹਿਲ-ਪਹਿਲ ਸੀ। ਗ੍ਰਾਹਕਾਂ ਨਾਲ ਰੈਸਟੋਰੈਂਟ ਭਰੇ ਹੋਏ ਸਨ। ਕਾਰ ਪਾਰਕਿੰਗ ਲਈ ਵੀ ਜਗਾ ਨਹੀਂ ਲੱਭ ਰਹੀ ਸੀ। ਸਿਡਨੀ ਵਿੱਚ ਮੈਨੂੰ ਹਾਰਬਰ ਬ੍ਰਿਜ ਤੇ ਉਪੇਰਾ ਹਾਊਸ ਦੇਖਣ ਦਾ ਮੌਕਾ ਮਿਲਿਆ। ਆਪਣੇ ਰੁਝੇਵਿਆਂ ਦੀ ਬਹੁਤਾਤ ਕਾਰਨ ਕਿਸੇ ਹੋਰ ਯਾਦਗਾਰੀ ਸਥਾਨ 'ਤੇ ਨਹੀਂ ਜਾ ਸਕਿਆ। ਕਿਸੇ ਨੇ ਕਿਹਾ,"ਸਿਡਨੀ ਵਿੱਚ ਹਾਰਬਰ ਬ੍ਰਿਜ ਤੇ ਉਪੇਰਾ ਹਾਊਸ ਤੋਂ ਬਿਨਾਂ ਹੋਰ ਹੈ ਵੀ ਕੀ?" ਮੇਰੇ ਰੁਝੇਵੇਂ ਆਪਣੇ ਪ੍ਰਸੰਸਕਾਂ ਵਿੱਚ ਰੁੱਝੇ ਰਹਿਣਾ ਸੀæææਕਦੇ ਦੁਪਿਹਰ ਦੀ ਇਕੱਤਰਤਾ, ਕਿਤੇ ਸ਼ਾਮ ਦੀ ਮਹਿਫ਼ਿਲ। ਮੇਰੇ ਸਿਡਨੀ ਆਉਣ 'ਤੇ ਮੇਰੇ ਮੇਜ਼ਬਾਨ ਮਿੱਤਰ ਖੇਲਾ ਦਾ ਨਿੱਤ ਦਾ ਕੰਮ-ਕਾਜੀ ਰੁਟੀਨ ਉੱਖੜ ਗਿਆ। ਰਾਤ ਨੂੰ ਲੇਟ ਆਉਂਦੇ ਤੇ ਸਵੇਰੇ ਵੀ ਲੇਟ ਹੀ ਉਠਦੇ।
ਮੈਂ ਮਹਿਸੂਸ ਕੀਤਾ ਕਿ ਸਿਡਨੀ ਵਿੱਚ ਵਸਦੇ ਪੰਜਾਬੀ ਆਪਣੀ ਕਲਾ ਤੇ ਆਪਣੇ ਕਲਾਕਾਰਾਂ ਦੇ ਕਦਰਦਾਨ ਹਨ। ਮੈਂ ਤਿੰਨ ਹਫਤੇ ਤੋਂ ਵੀ ਵੱਧ ਦਾ ਸਮਾਂ ਸਿਡਨੀ ਵਿੱਚ ਬਿਤਾਇਆ, ਪਤਾ ਹੀ ਨਾ ਲੱਗਾ ਕਿ ਕਦੋਂ ਇਹ ਹਫ਼ਤੇ ਬੀਤ ਗਏ। ਮੈਂ ਜਿੱਥੇ ਕਿਤੇ ਵੀ ਆਪਣੇ ਮਿੱਤਰਾਂ ਦੀਆਂ ਮਹਿਫਿਲਾਂ ਵਿੱਚ ਗਿਆ, ਹਰ ਥਾਂ ਪੰਜਾਬੀ ਲੇਖਕਾਂ, ਕਲਾਕਾਰਾਂ ਤੇ ਸਿਆਸਤਦਾਨਾਂ ਦੀਆਂ ਲੰਮੀਆਂ ਗੱਲਾਂ ਚਲਦੀਆਂ ਰਹੀਆਂ ਤੇ ਬਹੁਤੀ ਵਾਰ ਲੋਕਲ ਸਿਆਸਤ ਤੇ ਗੁਰੂ ਘਰਾਂ ਦੀ ਚੌਧਰ ਦੇ ਭੁੱਖੇ ਭਾਈਆਂ 'ਤੇ ਵੀ ਲੋਕ ਬਹੁਤ 'ਤਵੇ' ਲਾਉਂਦੇ ਦੇਖੇ ਤੇ ਸੁਣੇ। ਮੈਂ ਆਪਣੀਆਂ ਬਦੇਸ਼ੀ ਯਾਤਰਾਵਾਂ ਦੌਰਾਨ ਇਹ ਗੱਲ ਮਹਿਸੂਸ ਕਰਦਾ ਰਿਹਾ ਹਾਂ ਕਿ ਪਰਵਾਸੀ ਪੰਜਾਬੀ ਆਪਣੇ ਵਤਨ ਤੋਂ ਦੂਰ ਜਾ ਕੇ ਵੀ ਆਪਣੇ ਪੰਜਾਬ ਦਾ ਡਾਹਢਾ ਫ਼ਿਕਰ ਕਰਦੇ ਹਨ। ਸਿਡਨੀ ਵਿੱਚ ਵੀ ਮੈਨੂੰ ਕੁਝ ਇੱਕ ਅਜਿਹੇ ਗੰਭੀਰ ਚਿੰਤਕ ਲੋਕ ਮਿਲੇ, ਜੋ ਆਪਣੇ ਪੰਜਾਬ ਪ੍ਰਤੀ ਅੰਤਾਂ ਦੀ ਹਮਦਰਦੀ ਅਤੇ ਝੋਰਾ ਪ੍ਰਗਟ ਕਰ ਰਹੇ ਸਨ। ਪੰਜਾਬ ਦੇ ਪਾਣੀਆਂ ਤੇ ਹਵਾਵਾਂ ਨੂੰ ਝੂਰ ਰਹੇ ਸਨ। ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਰਹਿ-ਰਹਿ ਕੇ ਕੋਸ ਰਹੇ ਸਨ। ਮੈਨੂੰ ਪੁੱਛ ਰਹੇ ਸਨ ਕਿ ਆਪਣਾ ਪੰਜਾਬ ਕਦੋਂ ਕੈਲੀਫੋਰਨੀਆਂ ਜਾਂ ਪੈਰਿਸ ਬਣੂੰਗਾ? ਮੇਰੇ ਕੋਲ ਕੋਈ ਜੁਆਬ ਨਹੀਂ ਸੀ।
ਸਿਡਨੀ ਦੀਆਂ ਕੁਝ ਮਹਿਫਿਲਾਂ ਵਿੱਚ ਗਾਇਕਾਂ ਦੇ ਸ਼ੋਆਂ ਦੀ ਵੀ ਚੋਖੀ ਚਰਚਾ ਹੁੰਦੀ ਰਹੀ ਤੇ ਸਮੇਂ-ਸਮੇਂ ਬਣੇ ਉਹਨਾਂ ਦੇ ਪ੍ਰਮੋਟਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਗਈ, ਜਿੰਨ੍ਹਾਂ ਨੇ ਮਾਂ ਬੋਲੀ ਤੇ ਸੰਗੀਤ ਨਾਲ ਆਪਣਾ ਮੋਹ ਪ੍ਰਗਟਾਉਂਦਿਆਂ ਉਹਨਾਂ ਨੂੰ ਸੱਦ ਕੇ ਉਹਨਾਂ ਦੇ ਸ਼ੋਅ ਕਰਵਾਏ ਸਨ ਤੇ ਸ਼ੋਅ ਬੁਰੀ ਤਰਾਂ੍ਹ ਅਸਫਲ ਰਹੇ ਸਨ ਤੇ ਵਿਚਾਰੇ ਪ੍ਰਮੋਟਰ ਬਹੁਤ ਪਿੱਛੇ ਪੈ ਗਏ ਸਨ ਤੇ ਗਾਇਕ ਡਾਲਰ ਲੈ ਕੇ 'ਅਹੁ ਗਏ ਅਹੁ ਗਏ' ਸਨ। ਮੈਂ ਮਹਿਸੂਸ ਕੀਤਾ ਕਿ ਸਾਡੇ ਪੰਜਾਬੀਆਂ ਦਾ ਅਜੇ ਇੱਥੇ ਬਹੁਤ ਸੰਘਰਸ਼ ਭਰਿਆ ਸਮਾਂ ਹੈ। ਬਹੁਤੇ ਪੰਜਾਬੀਆਂ ਦੀ ਅਜੇ ਸ਼ੁਰੂਆਤ ਹੈ ਅਤੇ ਉਹ ਤਿੱਖਾ ਸੰਘਰਸ਼ ਅਤੇ ਕਰੜੀ ਮਿਹਨਤ ਕਰ ਰਹੇ ਹਨ। ਵਿਦਿਆਰਥੀ ਵੀਜ਼ਿਆਂ 'ਤੇ ਆਏ ਮੁੰਡੇ-ਕੁੜੀਆਂ ਕੋਲ ਸਿਰ ਖੁਰਕਣ ਦੀ ਵਿਹਲ ਨਹੀਂ। ਦਿਨ-ਰਾਤ ਡਟ ਕੇ ਕੰਮ ਕਰਦੇ ਹਨ।
ਇੱਥੋਂ ਦਾ ਪੰਜਾਬੀ ਮੀਡੀਆ ਹਾਲੇ ਹੌæਲੀ-ਹੌਲੀ ਵਿਕਸਤ ਹੋ ਰਿਹਾ ਹੈ। ਕੈਨੇਡਾ, ਅਮਰੀਕਾ ਤੇ ਵਲੈਤ ਵਾਂਗ ਇੱਥੇ ਪੰਜਾਬੀ ਮੀਡੀਆਂ ਦਾ ਏਨਾ ਬੋਲਬਾਲਾ ਨਹੀਂ, ਪਰ ਫਿਰ ਵੀ ਕੁਝ ਲੋਕਾਂ ਦੇ ਯਤਨ ਜਾਰੀ ਹਨ ਤੇ ਸ਼ਲਾਘਾਯੋਗ ਹਨ। ਇੱਥੇ ਵੈਨਕੂਵਰ ਜਾਂ ਸਾਊਥਾਲ ਵਾਂਗ ਪੱਗਾਂ ਨਹੀਂ ਦਿਸਦੀਆਂ ਤੇ ਨਾ ਹੀ ਪੰਜਾਬੀ ਬਾਬੇ ਸੜਕਾਂ 'ਤੇ ਟਹਿਲਦੇ ਲੱਭਦੇ ਹਨ। ਕਦੇ-ਕਦੇ ਰਾਹੇ ਜਾਂਦਿਆਂ ਕੋਈ ਵਿਰਲੀ ਪੱਗ ਦੇਖਕੇ ਮਨ ਖੁਸ਼ ਹੋ ਜਾਂਦਾ ਸੀ ਪਰ ਐਤਵਾਰ ਦੇ ਦਿਨ ਗੁਰੂ ਘਰਾਂ ਵਿੱਚ ਪੰਜਾਬੀਆਂ ਦੀ ਰੌਣਕ ਪ੍ਰਸੰਨਤਾ ਵਿੱਚ ਵਾਧਾ ਕਰ ਦਿੰਦੀ ਸੀ।
ਮੈਨੂੰ ਬਹੁਤ ਸਾਰੇ ਪੰਜਾਬੀਆਂ ਨੇ ਇਸ ਗੱਲ ਦਾ ਥਾਂ-ਥਾਂ ਉਲਾਂਭਾ ਦਿੱਤਾ ਕਿ ਪਿੱਛੇ ਜਿਹੇ ਪਟਿਆਲੇ ਤੋਂ ਆਈ ਇੱਕ ਡਾਕਟਰਨੀ ਲੇਖਿਕਾ ਨੇ ਆਪਣੇ ਇੱਕ ਲੇਖ ਵਿੱਚ ਆਸਟਰੇਲੀਆ ਦੇ ਪੰਜਾਬੀ ਮੁੰਡੇ-ਕੁੜੀਆਂ ਦੀ ਅਜਿਹੀ ਜੱਖਣਾ ਪੱਟ ਸੁੱਟ੍ਹੀ ਸੀ ਕਿਉਂਕਿ ਉਸਨੇ ਹਰ ਤੀਜੀ ਪੰਜਾਬਣ ਕੁੜੀ ਨੂੰ ਵੇਸਵਾ ਤੇ ਮੁੰਡੇ ਨੂੰ ਅਵਾਰਾ ਲਿਖ ਦਿੱਤਾ ਸੀ, ਉਸ ਲੇਖਿਕਾ ਦੇ ਲਿਖੇ ਲੇਖ ਦਾ ਕਾæਫੀ ਤਿੱਖਾ ਪ੍ਰਤੀਕਰਮ ਹੋਇਆ ਸੀ ਤੇ ਕਾਫ਼ੀ ਸਮਾਂ ਵਾਦ-ਵਿਵਾਦ ਵੀ ਚਲਦਾ ਰਿਹਾ ਸੀ। ਮੈਨੂੰ ਲੋਕਾਂ ਨੇ ਦੱਸਿਆ ਸੀ ਕਿ ਉਸ ਲੇਖਿਕਾ ਨੇ ਇੱਥੇ ਰਹਿੰਦੇ (ਆਪਣੇ ਪ੍ਰਸੰਸਕ?) ਕਿਸੇ ਇੱਕ ਅੱਧੇ ਤੇ ਅਨਜਾਣ ਬੰਦੇ ਦੇ ਸਲਾਹ ਦੇਣ 'ਤੇ ਇਹ ਲੇਖ ਲਿਖਕੇ ਭਾਰਤ ਵਿੱਚ ਛਪਵਾ ਦਿੱਤਾ ਸੀ, ਜੋ ਕਿ ਬਹੁਤ ਮੰਦਭਾਗੀ ਗੱਲ ਸੀ। ਮੈਨੂੰ ਬਹੁਤ ਸਾਰੇ ਵਿਦਿਆਰਥੀ ਮੁੰਡੇ-ਕੁੜੀਆਂ ਨੇ ਇਹ ਵੀ ਆਖਿਆ ਕਿ ਭਾਅ ਜੀ ਇੰਡੀਆ ਜਾ ਕੇ ਉਸ ਲੇਖਿਕਾ ਨੂੰ ਆਖ ਦੇਣਾ ਕਿ ਉਹ ਆਪਣੇ ਹੀ ਪੰਜਾਬੀ ਧੀਆਂ-ਪੁੱਤਾਂ ਦੀ ਮਿੱਟੀ ਪੁੱਟਣ ਲੱਗੀ ਕੁਝ ਤਾਂ ਸ਼ਰਮ ਕਰ ਲੈਂਦੀ? ਇਹ ਵੀ ਕਿਹਾ ਗਿਆ ਕਿ ਜੋ ਕੁਝ ਉਸ ਲੇਖਿਕਾ ਨੇ ਲਿਖਿਆ ਹੈ, ਆਓæææਕਿਤੇ ਦਿਖਾਓ ਤਾਂ ਸਹੀ? ਏਥੇ ਕਿੱਥੇ ਹੈ ਇਹ ਸਭ ਕੁਝ? ਸੱਚਮੁਚ ਹੀ ਮੈਨੂੰ ਇਹ ਸਭ ਸੁਣ ਕੇ ਤੇ ਜਾਣ ਕੇ ਬਹੁਤ ਨਮੋਸ਼ੀ ਹੋਈ ਸੀ।
(ਚਲਦਾ)
No comments:
Post a Comment