ਗੁਲਾਮ ਨਬੀ ਫਾਈ ਦੀ ਅਮਰੀਕਾ ਵਿੱਚ ਗ੍ਰਿਫਤਾਰੀ ਤੇ ਇਸ ਨਾਲ ਜੁੜੇ ਕਈ ਕਿੰਤੂ
ਬਾਈ ਜੁਲਾਈ ਦੇ ਦਿਨ ਨਾਰਵੇ ਵਰਗੇ ਦੇਸ਼ ਵਿੱਚ ਵੀ ਬੰਬ ਧਮਾਕਾ ਹੋਣ ਦੀ ਖਬਰ ਸਾਰੇ ਸੰਸਾਰ ਨੂੰ ਇਸ ਪੱਖ ਤੋਂ ਸੁੰਨ ਕਰ ਦੇਣ ਵਾਲੀ ਹੈ ਕਿ ਇਹ ਸੰਸਾਰ ਦੇ ਬੇਹੱਦ ਸ਼ਾਂਤ ਮੁਲਕਾਂ ਵਿੱਚ ਗਿਣਿਆ ਜਾਂਦਾ ਸੀ।
ਪਿਛਲੇ ਸਾਲ ਇਸ ਦਾ ਦਰਜਾ ਅਮਨ ਦੇ ਪੱਖ ਤੋਂ ਸੰਸਾਰ ਵਿੱਚ ਪੰਜਵਾਂ ਸੀ, ਇਸ ਵਾਰੀ ਵੀ ਕੁਝ ਮਾੜੀਆਂ ਘਟਨਾਵਾਂ ਦੇ ਬਾਵਜੂਦ ਨੌਵਾਂ ਦਰਜਾ ਕਾਇਮ ਹੈ। ਹੁਣ ਵਾਲਾ ਧਮਾਕਾ ਓਥੋਂ ਦੀ ਸਰਕਾਰ ਦੇ ਹੈਡ ਕੁਆਰਟਰ ਵਿੱਚ ਹੋਇਆ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਦਾ ਦਫਤਰ ਵੀ ਹੈ। ਪਿਛਲੇ ਸਾਲ ਇੱਕ ਹੋਰ ਅਮਨ ਪਸੰਦ ਦੇਸ਼ ਡੈਨਮਾਰਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕਾ ਨੇ ਜਦੋਂ ਡੇਵਿਡ ਕੋਲਮੈਨ ਹੇਡਲੀ ਨੂੰ ਫੜਿਆ ਸੀ, ਬਾਅਦ ਵਿੱਚ ਭਾਵੇਂ ਉਸ ਦੀ ਅਪਰਾਧ ਕਥਾ ਦਾ ਮੁੱਖ ਕਾਂਡ ਮੁੰਬਈ ਦਾ ਕੁਝ ਚਿਰ ਪਹਿਲਾਂ ਵਾਲਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਮੰਨ ਲਿਆ ਗਿਆ, ਪਰ ਫੜਿਆ ਉਸ ਨੂੰ ਮੁੰਬਈ ਦੇ ਕਾਰਨ ਨਹੀਂ, ਡੈਨਮਾਰਕ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਕਰ ਕੇ ਸੀ। ਓਥੋਂ ਦੇ ਇੱਕ ਅਖਬਾਰ ਨੇ ਮੁਹੰਮਦ ਸਾਹਿਬ ਦਾ ਕਾਰਟੂਨ ਛਾਪਣ ਦੀ ਗੁਸਤਾਖੀ ਕੀਤੀ ਸੀ, ਜੋ ਉਸ ਨੂੰ ਨਹੀਂ ਸੀ ਕਰਨੀ ਚਾਹੀਦੀ। ਇਸ ਨੂੰ ਲੈ ਕੇ ਇਸਲਾਮੀ ਕੱਟੜਪੰਥੀਆਂ ਨੇ ਅਖਬਾਰ ਅਤੇ ਕਲਾਕਾਰ ਦੋਵਾਂ ਨੂੰ ਸਬਕ ਸਿਖਾਉਣ ਲਈ ਦਹਿਸ਼ਤਗਰਦ ਹਮਲਾ ਕਰਨ ਦੀ ਸਾਜ਼ਿਸ਼ ਗੁੰਦੀ ਅਤੇ ਉਸ ਉੱਤੇ ਅਮਲ ਕਰਨ ਲਈ ਹੇਡਲੀ ਇੱਕ ਕਾਰੋਬਾਰੀ ਬੰਦਾ ਬਣ ਕੇ ਅਖਬਾਰ ਦੇ ਦਫਤਰ ਤੱਕ ਉਵੇਂ ਹੀ ਚਲਾ ਗਿਆ, ਜਿਵੇਂ ਹਮਲਿਆਂ ਤੋਂ ਪਹਿਲਾਂ ਮੁੰਬਈ ਦੇ ਗੇੜੇ ਲਾਉਣ ਆਉਂਦਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਡੈਨਮਾਰਕ ਵਿੱਚ ਉਸ ਨੇ ਸੁਰੱਖਿਆ ਲਈ ਲਾਏ ਗਏ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੰਨ ਬਾਰੇ ਵੀ ਗੱਲਾਂ ਕੀਤੀਆਂ ਸਨ। ਜਦੋਂ ਇਹ ਸਾਰਾ ਕੁਝ ਜ਼ਾਹਰ ਹੋ ਗਿਆ ਤਾਂ ਅਮਰੀਕਾ ਵਾਲਿਆਂ ਨੇ ਡੈਨਮਾਰਕ ਦਾ ਰੌਲਾ ਪਾਏ ਬਗੈਰ ਹੇਡਲੀ ਨੂੰ ਮੁੰਬਈ ਦੇ ਹਮਲਿਆਂ ਲਈ ਗ੍ਰਿਫਤਾਰ ਕਰ ਲਿਆ, ਪਰ ਉਸ ਦੀ ਪੁਰਾਣੀ 'ਸੇਵਾ' ਦਾ ਖਿਆਲ ਕਰ ਕੇ ਉਸ ਨੂੰ ਵਾਅਦਾ ਮੁਆਫ ਗਵਾਹ ਬਣਾ ਕੇ ਉਸ ਦੇ ਜੋੜੀਦਾਰ ਦਾ ਸ਼ਿਕੰਜਾ ਕੱਸਣ ਲੱਗੇ ਰਹੇ ਸਨ।
ਇਸ ਵਾਰੀ ਨਾਰਵੇ ਦੇ ਧਮਾਕਿਆਂ ਤੋਂ ਬਾਅਦ ਜੋ ਵੀ ਸਾਹਮਣੇ ਆਵੇ, ਉਸ ਤੋਂ ਤਿੰਨ ਦਿਨ ਪਹਿਲਾਂ ਅਮਰੀਕਾ ਵਿੱਚ ਕਸ਼ਮੀਰੀ ਮੂਲ ਦੇ ਗੁਲਾਮ ਨਬੀ ਫਾਈ ਦੀ ਗ੍ਰਿਫਤਾਰੀ ਨੂੰ ਸੰਸਾਰ ਪੱਧਰ ਦੀ ਦਹਿਸ਼ਤਗਰਦੀ ਦੇ ਜਾਲ ਦੀ ਇੱਕ ਨਵੀਂ ਕੜੀ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਕਸ਼ਮੀਰੀ ਅਮਰੀਕਨ ਕੌਂਸਲ ਦਾ ਫੱਟਾ ਲਾ ਕੇ ਭਾਰਤ ਵਿਰੋਧੀ ਸਰਗਰਮੀ ਦਾ ਧੁਰਾ ਬਣਿਆ ਪਿਆ ਸੀ। ਜਦੋਂ ਉਹ ਫੜਿਆ ਗਿਆ ਤਾਂ ਇਹ ਗੱਲ ਅਮਰੀਕਾ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਐਫ ਬੀ ਆਈ ਨੇ ਅਮਰੀਕੀ ਅਦਾਲਤ ਨੂੰ ਦੱਸੀ ਕਿ ਇਹ ਬੰਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਦੇ ਪੱਕੇ ਏਜੰਟ ਦੀ ਡਿਊਟੀ ਕਰਦਾ ਸੀ ਅਤੇ ਉਸ ਤੋਂ ਪੈਸੇ ਲੈਂਦਾ ਸੀ। ਐਫ ਬੀ ਆਈ ਦੀ ਜਾਂਚ ਮੁਤਾਬਕ ਉਸ ਨੂੰ ਆਈ ਐਸ ਆਈ ਦੇ ਅਧਿਕਾਰੀਆਂ ਨੇ ਤਿੰਨ ਸਾਲਾਂ ਵਿੱਚ ਚਾਰ ਹਜ਼ਾਰ ਵਾਰੀ ਹਦਾਇਤਾਂ ਦੇਣ ਲਈ ਫੋਨ ਕੀਤੇ ਸਨ, ਜਾਂ ਉਸ ਨੇ ਮੋੜਵੇਂ ਫੋਨ ਕੀਤੇ ਸਨ। ਇਹੋ ਨਹੀਂ, ਇਸੇ ਏਜੰਸੀ ਦੀ ਰਿਪੋਰਟ ਹੈ ਕਿ ਆਈ ਐਸ ਆਈ ਨੇ ਉਸ ਨੂੰ ਚਾਲੀ ਲੱਖ ਡਾਲਰ ਵੀ ਦਿੱਤੇ ਸਨ, ਜਿਹੜੇ ਕਿੱਥੇ ਵਰਤੇ ਗਏ, ਇਹ ਗੱਲ ਸਿਰਫ ਆਈ ਐਸ ਆਈ ਜਾਣਦੀ ਹੋਵੇਗੀ, ਜਾਂ ਫਿਰ ਉਸ ਦਾ ਪਿਆਦਾ ਗੁਲਾਮ ਨਬੀ ਫਾਈ ਜਾਣਦਾ ਹੋਵੇਗਾ।
ਫਾਈ ਦੇ ਜ਼ਿੰਮੇ ਜ਼ਾਹਰਾ ਤੌਰ ਉੱਤੇ ਇਹ ਕੰਮ ਸੀ ਕਿ ਉਹ ਅਮਰੀਕਾ ਦੇ ਕਾਂਗਰਸਮੈਨਾਂ ਵਿੱਚ ਕਸ਼ਮੀਰ ਵਾਲੇ ਜਹਾਦ ਦੇ ਹੱਕ ਵਿੱਚ ਲਾਬੀ ਕਰਦਾ ਰਹੇ, ਕਿਉਂਕਿ ਇਹ ਕੰਮ ਅਮਰੀਕਾ ਵਿੱਚ ਗੈਰ-ਕਾਨੂੰਨੀ ਨਹੀਂ ਤੇ ਕਈ ਦੂਜੇ ਦੇਸ਼ਾਂ ਦੇ ਪ੍ਰਤੀਨਿਧ ਵੀ ਇਸ ਤਰ੍ਹਾਂ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਭਾਰਤ ਦੇ ਹਮਦਰਦ ਵੀ ਸ਼ਾਮਲ ਹਨ। ਗੈਰ-ਕਾਨੂੰਨੀ ਕਾਰਵਾਈ ਇਹ ਸੀ ਕਿ ਫਾਈ ਨੇ ਅਮਰੀਕਾ ਸਰਕਾਰ ਤੋਂ ਵੀ ਮਾਇਕ ਸਹਾਇਤਾ ਲਈ ਹੋਈ ਸੀ ਅਤੇ ਨਾਲ ਦੀ ਨਾਲ ਪਾਕਿਸਤਾਨ ਤੋਂ ਵੀ ਮੋਟਾ ਮਾਲ ਲੈਂਦਾ ਰਿਹਾ ਸੀ। ਜਿਹੜਾ ਪੈਸਾ ਉਸ ਨੂੰ ਪਾਕਿਸਤਾਨ ਵੱਲੋਂ ਮਿਲਦਾ ਸੀ, ਉਹ ਖੁਫੀਆ ਏਜੰਸੀ ਆਈ ਐਸ ਆਈ ਦੇ ਅਧਿਕਾਰੀ ਦੇਂਦੇ ਸਨ, ਇਹ ਗੱਲ ਐਫ ਬੀ ਆਈ ਦੀ ਜਾਂਚ ਵਿੱਚ ਸਾਹਮਣੇ ਆ ਗਈ ਹੈ। ਇੰਜ ਉਹ ਜਿਸ ਦੇਸ਼ ਵਿੱਚ ਰਹਿੰਦਾ ਸੀ, ਉਸ ਦੇ ਪ੍ਰਬੰਧ ਨਾਲ ਵੀ ਖਿਲਵਾੜ ਕਰਦਾ ਰਿਹਾ ਸੀ ਤੇ ਉਸ ਦੀਆਂ ਸ਼ੱਕੀ ਕਾਰਵਾਈਆਂ ਵਿੱਚ ਕਈ ਕੁਝ ਅਜਿਹਾ ਸੀ, ਜਿਹੜਾ ਹਾਲੇ ਹੌਲੀ-ਹੌਲੀ ਸਾਹਮਣੇ ਆਵੇਗਾ।
ਹੌਲੀ-ਹੌਲੀ ਦੀ ਗੱਲ ਇਸ ਕਰ ਕੇ ਕਹੀ ਜਾਂਦੀ ਹੈ ਕਿ ਜਦੋਂ ਡੇਵਿਡ ਕੋਲਮੈਨ ਹੇਡਲੀ ਫੜਿਆ ਗਿਆ ਸੀ, ਓਦੋਂ ਵੀ ਸਾਰਾ ਕੁਝ ਇੱਕ ਦਮ ਸਾਹਮਣੇ ਨਹੀਂ ਸੀ ਆ ਗਿਆ। ਮਜ਼ਾਕੀਆ ਸੁਭਾਅ ਦੇ ਅਲਾਮਾ ਇਕਬਾਲ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਜਦੋਂ ਉਹ ਕਲਾਸ ਵਿੱਚ ਦੇਰ ਨਾਲ ਗਿਆ ਤਾਂ ਟੀਚਰ ਨੇ ਕਿਹਾ ਸੀ, 'ਇਕਬਾਲ ਦੇਰੀ ਸੇ ਆਏ ਹੈਂ।' ਇਕਬਾਲ ਨੇ ਹੱਸ ਕੇ ਕਿਹਾ ਸੀ: 'ਇਕਬਾਲੀ ਦੇਰੀ ਸੇ ਹੀ ਹੋਤਾ ਹੈ।' ਕਹਿਣ ਦਾ ਮਤਲਬ ਇਹ ਸੀ ਕਿ ਗੁਨਾਹ ਦਾ ਅਹਿਸਾਸ ਕੋਈ ਵੀ ਅਪਰਾਧੀ ਇੱਕ ਦਮ ਨਹੀਂ ਕਰਦਾ, ਪਰਤਾਂ ਖੁੱਲ੍ਹਦਿਆਂ ਦੇਰੀ ਲੱਗਦੀ ਹੁੰਦੀ ਹੈ। ਡੇਵਿਡ ਕੋਲਮੈਨ ਹੇਡਲੀ ਦੇ ਬਾਰੇ ਇਹ ਪਤਾ ਲੱਗਣ ਵਿੱਚ ਵੀ ਕਈ ਦਿਨ ਲੱਗ ਗਏ ਸਨ ਕਿ ਉਸ ਦਾ ਅਸਲੀ ਨਾਂਅ ਦਾਊਦ ਗਿਲਾਨੀ ਹੈ, ਉਹ ਪਾਕਿਸਤਾਨੀ ਮੂਲ ਦਾ ਹੈ ਅਤੇ ਉਸ ਦੇ ਪਿਤਾ ਸਈਦ ਸਲੀਮ ਗਿਲਾਨੀ ਦੀ ਰਿਸ਼ਤੇਦਾਰੀ ਅੱਜ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਸੀ। ਇਹੋ ਨਹੀਂ, ਡੇਵਿਡ ਉਰਫ ਦਾਊਦ ਗਿਲਾਨੀ ਦਾ ਬਾਪ ਤਾਂ ਕਈ ਚਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫਤਰ ਵਿੱਚ ਅਫਸਰ ਵੀ ਰਿਹਾ ਸੀ। ਅਮਰੀਕੀ ਨਾਗਰਿਕ ਬਣ ਚੁੱਕੇ ਦਾਊਦ ਉਰਫ ਡੇਵਿਡ ਨੇ ਆਪਣਾ ਧਰਮ ਵੀ ਬਦਲੇ ਬਿਨਾਂ ਈਸਾਈ ਲਿਖਾ ਕੇ ਸਾਰਿਆਂ ਨੂੰ ਧੋਖਾ ਦਿੱਤਾ ਹੋਇਆ ਸੀ। ਉਸ ਦੇ ਏਸੇ ਝਾਂਸੇ ਕਾਰਨ ਉਹ ਮੁੰਬਈ ਤੋਂ ਲੈ ਕੇ ਡੈਨਮਾਰਕ ਤੱਕ ਦਹਿਸ਼ਤਗਰਦੀ ਦੀ ਐਡਵਾਂਸ ਪਾਰਟੀ ਦਾ ਕੰਮ ਕਰੀ ਜਾਂਦਾ ਰਿਹਾ ਸੀ, ਵਰਨਾ ਪਹਿਲੇ ਗੇੜੇ ਵਿੱਚ ਹੀ ਨੱਪਿਆ ਜਾਣਾ ਸੀ।
ਜਿਵੇਂ ਡੇਵਿਡ ਕੋਲਮੈਨ ਹੇਡਲੀ ਉਰਫ ਦਾਊਦ ਗਿਲਾਨੀ ਦਾ ਸੰਬੰਧ ਪਾਕਿਸਤਾਨ ਵਾਲੇ ਮੌਜੂਦਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨਾਲ ਜਾ ਜੁੜਦਾ ਸੀ, ਉਵੇਂ ਹੀ ਹੁਣ ਗੁਲਾਮ ਨਬੀ ਫਾਈ ਦੇ ਨੇੜਲੇ ਸੰਬੰਧ, ਰਿਸ਼ਤੇਦਾਰੀ ਵਾਲੇ ਭਾਵੇਂ ਨਹੀਂ, ਏਸੇ ਪ੍ਰਧਾਨ ਮੰਤਰੀ ਗਿਲਾਨੀ ਨਾਲ ਜੁੜ ਰਹੇ ਹਨ। ਹਾਲੇ ਕੁਝ ਮਹੀਨੇ ਪਹਿਲਾਂ ਉਹ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਗਿਲਾਨੀ ਦੇ ਖੱਬੇ ਪਾਸੇ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਸੀ ਤੇ ਦੋਵਾਂ ਦੀ ਤਕਰੀਰ ਭਾਰਤ ਉੱਤੇ ਚਾਂਦਮਾਰੀ ਵੱਲ ਇੱਕੋ ਜਿਹੀ ਸੇਧਤ ਸੀ। ਸ਼ਾਇਦ ਏਸੇ ਲਈ ਪਾਕਿਸਤਾਨ ਦੀ ਸਰਕਾਰ ਉਸ ਦੀ ਗ੍ਰਿਫਤਾਰੀ ਉੱਤੇ ਬਹੁਤ ਭੜਕੀ ਹੋਈ ਹੈ। ਇਹ ਵੀ ਤਾਂ ਇੱਕ ਖਾਸ ਰਿਸ਼ਤੇਦਾਰੀ ਦਾ ਸੰਕੇਤ ਹੀ ਹੈ।
ਸਾਡੇ ਲਈ ਗੁਲਾਮ ਨਬੀ ਫਾਈ ਦੀ ਗ੍ਰਿਫਤਾਰੀ ਦਾ ਇੱਕ ਹੋਰ ਪਹਿਲੂ ਵੀ ਗੰਭੀਰਤਾ ਨਾਲ ਲੈਣ ਵਾਲਾ ਹੈ। ਉਹ ਜੰਮੂ-ਕਸ਼ਮੀਰ ਵਿੱਚ ਕਈ ਅਪਰਾਧਕ ਕੇਸਾਂ ਵਿੱਚ ਇੱਕ ਦੋਸ਼ੀ ਵਜੋਂ ਨਾਮਜ਼ਦ ਕੀਤਾ ਜਾਂਦਾ ਰਿਹਾ ਹੈ ਅਤੇ ਪਿਛਲੇ ਸਮੇਂ ਵਿੱਚ ਉਸ ਨੂੰ ਏਥੇ ਦਹਿਸ਼ਤਗਰਦੀ ਭੜਕਾਉਣ ਲਈ ਇੱਕ ਸਰਗਰਮ ਪਿਆਦੇ ਵਜੋਂ ਜਾਣਿਆ ਜਾਂਦਾ ਸੀ। ਕਈ ਵਾਰੀ ਚਰਚਾ ਵਿੱਚ ਆ ਚੁੱਕਾ ਇਹ ਬੰਦਾ ਹੁਣ ਜਦੋਂ ਅਮਰੀਕੀ ਖੁਫੀਆ ਏਜੰਸੀ ਵੱਲੋਂ ਨੱਪਿਆ ਗਿਆ ਤਾਂ ਪਤਾ ਲੱਗਾ ਕਿ ਉਹ ਵੱਖ-ਵੱਖ ਸਮੇਂ ਉੱਤੇ ਕਈ ਵਾਰੀ ਸੈਮੀਨਾਰ ਵੀ ਕਰਵਾਉਂਦਾ ਰਿਹਾ ਸੀ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਸਾਡੇ ਭਾਰਤ ਤੋਂ ਵੀ ਕਈ ਉੱਘੀਆਂ ਹਸਤੀਆਂ ਦੀ ਅਮਰੀਕਾ ਤੱਕ ਦੀ ਉਚੇਚੀ ਉਡਾਰੀ ਲੱਗਦੀ ਰਹੀ ਸੀ। ਇਨ੍ਹਾਂ ਵਿੱਚ ਇੱਕ ਸੱਜਣ ਪੰਜਾਬੀ ਮੂਲ ਦੇ ਉੱਘੇ ਪੱਤਰਕਾਰ ਹਨ ਤੇ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੀ ਸਰਕਾਰ ਵੇਲੇ ਇੱਕ ਪੱਛਮੀ ਦੇਸ਼ ਵਿੱਚ ਹਾਈ ਕਮਿਸ਼ਨਰ ਰਹਿ ਚੁੱਕੇ ਹਨ। ਦੂਜੇ ਸੱਜਣ ਵੀ ਪਹਿਲਾਂ ਪੱਤਰਕਾਰ ਹੁੰਦੇ ਸਨ, ਹੁਣ ਪੱਤਰਕਾਰ ਤੋਂ ਵੱਧ ਕਸ਼ਮੀਰ ਸਮੱਸਿਆ ਦੇ ਹੱਲ ਲਈ ਯਤਨ ਕਰਨ ਵਾਲੇ ਵਿਚੋਲੇ ਵਜੋਂ ਜਾਣੇ ਜਾਂਦੇ ਹਨ। ਇਹ ਲੋਕ ਜਦੋਂ ਅਮਰੀਕਾ ਜਾਂਦੇ ਸਨ ਤਾਂ ਹਵਾਈ ਸਫਰ ਦੀਆਂ ਉੱਚੀ ਕਲਾਸ ਦੀਆਂ ਟਿਕਟਾਂ ਤੋਂ ਲੈ ਕੇ ਓਥੇ ਰਿਹਾਇਸ਼ ਤੋਂ ਇਲਾਵਾ ਹਰ ਕਿਸਮ ਦੇ ਖਰਚੇ ਲਈ ਜ਼ਿਮੇਵਾਰੀ ਗੁਲਾਮ ਨਬੀ ਫਾਈ ਦੀ ਹੁੰਦੀ ਸੀ ਅਤੇ ਉਹ ਇਹ ਕੰਮ ਆਈ ਐਸ ਆਈ ਤੋਂ ਮਿਲੇ ਫੰਡਾਂ ਵਿੱਚੋਂ ਕਰਦਾ ਸੀ। ਜੰਮੂ-ਕਸ਼ਮੀਰ ਦੀ ਪੁਲਸ ਜਿਸ ਬੰਦੇ ਨੂੰ ਅਪਰਾਧੀ ਮੰਨਦੀ ਸੀ, ਉਸ ਦਾ ਇਨ੍ਹਾਂ ਲੋਕਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਸੀ। ਸਾਰੀ ਦੁਨੀਆ ਦੀ ਖੋਜ-ਖਬਰ ਰੱਖਣ ਵਾਲਿਆਂ ਨੂੰ ਉਸ ਬੰਦੇ ਦਾ ਵੀ ਕੁਝ ਪਤਾ ਹੋਣਾ ਚਾਹੀਦਾ ਸੀ, ਜਿਸ ਦੇ ਮਹਿਮਾਨ ਬਣ ਕੇ ਉਹ ਏਡੀ ਦੂਰ ਜਾਂਦੇ ਹੁੰਦੇ ਸਨ।
ਜਦੋਂ ਪ੍ਰਧਾਨ ਮੰਤਰੀ ਵੀ ਪੀ ਸਿੰਘ ਹੁੰਦੇ ਸਨ, ਓਦੋਂ ਇੱਕ ਵਾਰੀ ਪਾਕਿਸਤਾਨ ਦਾ ਵਿਦੇਸ਼ ਮੰਤਰੀ ਸਾਹਿਬਜ਼ਾਦਾ ਯਾਕੂਬ ਖਾਂ ਭਾਰਤ ਆ ਕੇ ਗਿਆ ਸੀ। ਏਥੇ ਉਹ ਕਈ ਲੋਕਾਂ ਨੂੰ ਮਿਲਿਆ ਸੀ। ਜਦੋਂ ਉਹ ਵਾਪਸ ਮੁੜ ਗਿਆ, ਉਸ ਤੋਂ ਸਿਰਫ ਇੱਕ ਹਫਤਾ ਬਾਅਦ ਪੰਜਾਬ ਦੇ ਪੰਜ ਉੱਘੇ ਪੱਤਰਕਾਰਾਂ ਦੇ ਨਾਲ ਅਸੀਂ ਵੀ ਦਿੱਲੀ ਦੇ ਦੌਰੇ ਉੱਤੇ ਗਏ ਤਾਂ ਓਥੇ ਇੱਕ ਹੋਰ ਅਣਸੁਖਾਵੀਂ ਖਬਰ ਸੁਣਨ ਨੂੰ ਮਿਲ ਗਈ। ਓਦੋਂ ਟਾਈਮਜ਼ ਆਫ ਇੰਡੀਆ ਦੇ ਸੰਪਾਦਕ ਗਿਰੀ ਲਾਲ ਜੈਨ ਹੁੰਦੇ ਸਨ। ਇੱਕ ਮੀਟਿੰਗ ਮੌਕੇ ਉਨ੍ਹਾ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਸਾਹਿਬਜ਼ਾਦਾ ਯਾਕੂਬ ਖਾਂ ਨਾਲ ਆਪਣੀ ਮਿਲਣੀ ਦਾ ਵੇਰਵਾ ਦੱਸਿਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਾ ਯਾਕੂਬ ਖਾਂ ਨੇ ਸਾਰਾ ਸਮਾਂ ਭਾਰਤ ਵਿਰੁੱਧ ਬੋਲਣ ਉੱਤੇ ਲਾ ਦਿੱਤਾ। ਫਿਰ ਜਦੋਂ ਗਿਰੀ ਲਾਲ ਜੈਨ ਨੇ ਆਪਸੀ ਰਿਸ਼ਤਿਆਂ ਵਿੱਚ ਪਾਕਿਸਤਾਨੀ ਬਦ-ਦਿਆਨਤੀ ਦਾ ਕਿੱਸਾ ਫੋਲਣਾ ਸ਼ੁਰੂ ਕੀਤਾ ਤਾਂ ਉਹ ਸੁਣਦੇ ਰਹੇ। ਗੱਲ ਮੁੱਕੀ ਤੋਂ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਗਿਰੀ ਲਾਲ ਜੈਨ ਨੂੰ ਇਹ ਕਿਹਾ ਕਿ 'ਤੁਸੀਂ ਤਾਂ ਮੇਰੇ ਅੰਦਾਜ਼ੇ ਨਾਲੋਂ ਵੀ ਵੱਧ ਭਾਰਤ-ਪੱਖੀ (ਪ੍ਰੋ-ਇੰਡੀਅਨ) ਨਿਕਲੇ ਹੋ।' ਜਵਾਬ ਵਿੱਚ ਜੈਨ ਨੇ ਹੋਰ ਕੌੜ ਨਾਲ ਕਿਹਾ ਕਿ 'ਭਾਰਤ-ਪੱਖੀ ਦਾ ਕੀ ਮਤਲਬ, ਮੈਂ ਭਾਰਤ-ਪੱਖੀ ਨਹੀਂ, ਭਾਰਤੀ ਹਾਂ। ਭਾਰਤ-ਪੱਖੀ ਹੋਣਾ ਜਾਂ ਨਾ ਹੋਣਾ ਕਿਸੇ ਤੀਜੇ ਬੰਦੇ ਬਾਰੇ ਕਿਹਾ ਜਾਂਦਾ ਹੈ, ਜਿਹੜਾ ਹੈ ਹੀ ਭਾਰਤੀ, ਉਸ ਬਾਰੇ ਤੁਸੀਂ ਏਦਾਂ ਦੇ ਲਫਜ਼ ਕਿਵੇਂ ਵਰਤ ਸਕਦੇ ਹੋ?' ਸੁਣ ਕੇ ਸਾਹਿਬਜ਼ਾਦਾ ਯਾਕੂਬ ਖਾਂ ਦੀ ਜ਼ਬਾਨ ਤਾਲੂ ਨਾਲ ਲੱਗ ਗਈ ਸੀ।
ਸਾਹਿਬਜ਼ਾਦਾ ਯਾਕੂਬ ਖਾਂ ਨੂੰ ਇਹ ਗੱਲ ਗਿਰੀ ਲਾਲ ਜੈਨ ਅੱਗੇ ਕਹਿਣ ਦੀ ਹਿੰਮਤ ਇਸ ਲਈ ਪਈ ਕਿ ਜੈਨ ਨਾਲ ਮਿਲਣ ਤੋਂ ਪਹਿਲਾਂ ਉਹ ਜਿਨ੍ਹਾਂ ਲੋਕਾਂ ਨੂੰ ਮਿਲਿਆ ਸੀ, ਉਨ੍ਹਾਂ ਦਾ ਪ੍ਰਭਾਵ ਹੋਰ ਸੀ। ਜੇ ਉਨ੍ਹਾਂ ਦਾ ਪ੍ਰਭਾਵ 'ਭਾਰਤੀ' ਵਾਲਾ ਹੁੰਦਾ ਤਾਂ ਯਾਕੂਬ ਖਾਂ ਨੂੰ ਭਾਰਤ ਵਿੱਚ ਆ ਕੇ 'ਭਾਰਤ-ਪੱਖੀ' ਲੱਭਣ ਦੀ ਜੁਰਅੱਤ ਨਹੀਂ ਸੀ ਹੋ ਸਕਦੀ। ਮੁਸ਼ਕਲ ਇਹ ਹੈ ਕਿ ਏਥੇ ਕਈ ਲੋਕ ਹਨ, ਜਿਹੜੇ ਭਾਰਤ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਭਾਰਤੀ ਵਜੋਂ ਪਛਾਣੇ ਜਾਣ ਦੀ ਥਾਂ 'ਸਾਰੀਆਂ ਧਿਰਾਂ ਦਾ ਸਾਂਝਾ' ਬਣਾ ਕੇ ਪੇਸ਼ ਕਰਦੇ ਹਨ ਅਤੇ ਇਨ੍ਹਾਂ 'ਸਾਰੀਆਂ ਧਿਰਾਂ' ਵਿੱਚ ਕਦੇ-ਕਦਾਈਂ ਕੋਈ ਗੁਲਾਮ ਨਬੀ ਫਾਈ ਵੀ ਹੋ ਸਕਦਾ ਹੈ। ਹੁਣ ਜਦੋਂ ਫਾਈ ਦੇ ਫੜੇ ਜਾਣ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਖੇਡ ਨਾਲ ਕੁਝ ਅਮਰੀਕੀ ਕਾਂਗਰਸਮੈਨਾਂ ਦਾ ਨਾਂਅ ਵੀ ਜੁੜਨ ਦੇ ਚਰਚੇ ਚੱਲ ਰਹੇ ਹਨ, ਭਾਰਤ ਵਾਲੇ ਪਾਸੇ ਵੀ ਜਿਹੜੇ ਲੋਕ 'ਸਾਰਿਆਂ ਦੇ ਸਾਂਝੇ ਜਿਹੇ' ਬਣ ਕੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅੱਗੋਂ ਲਈ ਸੰਭਲ ਕੇ ਚੱਲਣਾ ਚਾਹੀਦਾ ਹੈ।
No comments:
Post a Comment