ਪੰਜਾਬ ਦੀ ਰਾਜਨੀਤੀ ਦਾ ਪੁਰਾਣਾ ਕਾਂਡ ਦੁਹਰਾ ਰਹੇ ਹਨ ਬਾਦਲ, ਬਰਨਾਲਾ ਅਤੇ ਅਮਰਿੰਦਰ ਸਿੰਘ
ਜਿਹੜੀ ਭੱਦੀ ਕਿਸਮ ਦੀ ਮਿਹਣੇਬਾਜ਼ੀ ਅੱਜ ਤੋਂ ਪੰਜਤਾਲੀ ਕੁ ਸਾਲ ਪਹਿਲਾਂ ਦੋ ਸਿੱਖ ਲੀਡਰਾਂ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦਰਮਿਆਨ ਸੁਣੀ ਗਈ ਸੀ, ਪਿਛਲਾ ਹਫਤਾ
ਪੰਜਾਬ ਦੇ ਲੋਕਾਂ ਨੇ ਸਾਡੇ ਸਮੇਂ ਦੇ ਲੀਡਰਾਂ ਦਰਮਿਆਨ ਫਿਰ ਸੁਣ ਲਈ ਹੈ। ਹਰ ਕਿਸੇ ਨੇ ਦੂਜੇ ਉੱਤੇ ਦੂਸ਼ਣਬਾਜ਼ੀ ਦੀ ਹੱਦ ਕਰ ਦਿੱਤੀ ਹੈ, ਪਰ ਪੀੜ੍ਹੀ ਹੇਠਾਂ ਸੋਟਾ ਮਾਰਨ ਦੀ ਕਿਸੇ ਇੱਕ ਨੇ ਵੀ ਕੋਸ਼ਿਸ਼ ਨਹੀਂ ਕੀਤੀ। ਇਸ ਅਮਲ ਵਿੱਚ ਉਨ੍ਹਾਂ ਸਾਰਿਆਂ ਨੇ ਸਮਾਜ ਨੂੰ ਪੀੜ ਦੇਣ ਵਾਲੇ ਦੱਬੇ ਮੁਰਦਿਆਂ ਵਰਗੇ ਉਹ ਮੁੱਦੇ ਪੁੱਟਣ ਦੀ ਪੂਰੀ ਵਾਹ ਲਾਈ ਹੈ, ਜਿਨ੍ਹਾਂ ਦੇ ਮਾਮਲੇ ਵਿੱਚ ਆਪਣਾ ਪੱਲਾ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਸਾਫ ਨਹੀਂ। ਚੋਣਾਂ ਨੇੜੇ ਆਉਂਦੀਆਂ ਵੇਖ ਕੇ ਇਹ ਸਾਰੀ ਕੁੱਕੜ-ਖੇਹ ਉਡਾਈ ਜਾ ਰਹੀ ਹੈ।
ਪੰਜਾਬੀ ਦਾ ਮੁਹਾਵਰਾ ਹੈ ਕਿ 'ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਉੱਤੇ'। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਗੁੱਸਾ ਤਾਂ ਸੰਗਰੂਰ ਜ਼ਿਲੇ ਵਿਚਲੇ ਆਪਣੇ ਸਹਿਯੋਗੀਆਂ ਉੱਤੇ ਸੀ, ਜਿਨ੍ਹਾਂ ਵਿੱਚੋਂ ਇੱਕ ਦੀ ਵਿਧਾਨ ਸਭਾ ਵਾਲੀ ਸੀਟ ਛੁਡਾ ਕੇ ਉਹ ਆਪਣੇ ਇੱਕ ਫਰਮਾਬਰਦਾਰ ਅਫਸਰ ਨੂੰ ਦੇਣਾ ਚਾਹੁੰਦੇ ਹਨ। ਅਫਸਰ ਰਿਟਾਇਰ ਹੋਣ ਤੋਂ ਪਹਿਲਾਂ ਹੀ ਓਥੋਂ ਦੇ ਲੋਕਾਂ ਦੀ ਲੀਡਰੀ ਕਰਨ ਤੁਰ ਪਿਆ ਅਤੇ ਉਸ ਸੀਟ ਦਾ ਮੌਜੂਦਾ ਵਿਧਾਇਕ ਇਸ ਗੱਲ ਤੋਂ ਕੌੜ ਖਾ ਕੇ ਪਾਰਟੀ ਤੋਂ ਫਾਸਲਾ ਪਾਉਣ ਲੱਗ ਪਿਆ। ਜਦੋਂ ਉਹ ਫਾਸਲਾ ਪਾਵੇਗਾ ਤਾਂ ਉਸ ਜ਼ਿਲੇ ਵਿੱਚ ਪੁਰਾਣੇ ਮੱਤਭੇਦਾਂ ਕਾਰਨ ਵੱਖ ਤੁਰੇ ਹੋਏ ਬਰਨਾਲਾ ਧੜੇ ਨਾਲ ਜੋਟੇ ਪੈਣ ਦੀਆਂ ਕਨਸੋਆਂ ਵੀ ਆਉਣਗੀਆਂ। ਇਹ ਗੱਲਾਂ ਸੁਣ ਕੇ ਮੁੱਖ ਮੰਤਰੀ ਨੂੰ ਆਪਣੇ ਧੜੇ ਦੀ ਫੁੱਟ ਕਾਰਨ ਸੰਗਤ ਦਰਸ਼ਨ ਰੱਦ ਕਰਨਾ ਪਿਆ ਤੇ ਇਸ ਦਾ ਭਾਂਡਾ ਭੰਨਣ ਲਈ ਰਾਜਸੀ ਸ਼ਰੀਕ ਨੂੰ ਜ਼ਿਮੇਵਾਰ ਦੱਸ ਕੇ ਪੱਤਰਕਾਰਾਂ ਕੋਲ ਕਹਿ ਦਿੱਤਾ ਕਿ ਸੁਰਜੀਤ ਸਿੰਘ ਬਰਨਾਲਾ ਨੇ ਮੁੱਖ ਮੰਤਰੀ ਦੀ ਕੁਰਸੀ ਲਈ ਸੰਤ ਹਰਚੰਦ ਸਿੰਘ ਨੂੰ ਅੱਗੇ ਲਾ ਕੇ ਰਾਜੀਵ ਗਾਂਧੀ ਨਾਲ ਸਮਝੌਤਾ ਕਰਵਾਇਆ, ਜੋ ਉਸ ਦੀ ਮੌਤ ਦਾ ਕਾਰਨ ਬਣ ਗਿਆ। ਸਮਝੌਤਾ ਲਾਗੂ ਨਾ ਹੋਣ ਦੀ ਜ਼ਿਮੇਵਾਰੀ ਵੀ ਬਾਦਲ ਨੇ ਬਰਨਾਲਾ ਉੱਤੇ ਪਾ ਦਿੱਤੀ। ਬਰਨਾਲਾ ਧੜੇ ਨੇ ਤਾਂ ਮੋੜਵਾਂ ਗੋਲਾ ਦਾਗਣਾ ਹੀ ਸੀ, ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਵਿੱਚ ਦਖਲ ਦੇਂਦਿਆਂ ਬਾਦਲ ਉੱਤੇ ਇਹ ਦੋਸ਼ ਲਾ ਦਿੱਤਾ ਕਿ ਉਸ ਵੱਲੋਂ ਸਮਝੌਤੇ ਦਾ ਵਿਰੋਧ ਕਰਨਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਬਣਿਆ ਸੀ। ਅਗਲੇ ਦਿਨ ਬਾਦਲ ਨੇ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦਾ 'ਮਹਾਂ ਗੱਦਾਰ' ਕਹਿ ਦਿੱਤਾ ਅਤੇ ਇੱਕ ਦਿਨ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪਰੇਸ਼ਨ ਬਲਿਊ ਸਟਾਰ ਕਰਵਾਉਣ ਵਾਲਾ ਆਖ ਕੇ ਇਹ ਵੀ ਕਹਿ ਦਿੱਤਾ ਕਿ ਉਹ ਉਸ ਵਕਤ ਪਾਰਲੀਮੈਂਟ ਦੀ ਸੀਟ ਤੋਂ ਅਸਤੀਫਾ ਦੇ ਕੇ ਇਸ ਲਈ ਆਇਆ ਸੀ ਕਿ ਕਾਂਗਰਸ ਪਾਰਟੀ ਨੇ ਉਸ ਨੂੰ ਅਕਾਲੀਆਂ ਵਿੱਚ ਆਪਣਾ ਜਾਸੂਸ ਬਣਾ ਕੇ ਭੇਜਿਆ ਸੀ।
ਇਸ ਘਟਨਾਕਰਮ ਬਾਰੇ ਹਕੀਕਤਾਂ ਹਾਲੇ ਸਦੀਆਂ ਦੀ ਧੂੜ ਵਿੱਚ ਨਹੀਂ ਗਵਾਚੀਆਂ। ਜੇ ਫੋਲਣ ਲੱਗ ਪਈਏ ਤਾਂ ਕਿਰਦਾਰ ਦੇ ਕਿੱਸੇ ਕਈਆਂ ਦੇ ਸ਼ੱਕੀ ਨਿਕਲ ਆਉਣਗੇ, ਕੁਰਬਾਨੀ ਦੇ ਪੁਤਲਿਆਂ ਦੇ ਵੀ। ਇਸ ਲਈ ਬਹੁਤਾ ਖਿਲਾਰਾ ਨਾ ਪਾ ਕੇ ਅਸੀਂ ਸਿਰਫ ਇਨ੍ਹਾਂ ਤਿੰਨਾ ਬਾਰੇ ਗੱਲ ਕਰਨਾ ਹੀ ਠੀਕ ਸਮਝਦੇ ਹਾਂ। ਇਹ ਤਿੰਨੇ ਇਸ ਸਾਰੇ ਦੌਰ ਵਿੱਚ ਕਦੇ ਇਕੱਠੇ ਵੇਖੇ ਗਏ, ਕਦੇ ਇੱਕ ਦੂਜੇ ਦੇ ਉਲਟ ਮੋਰਚਾਬੰਦੀ ਕਰਦੇ ਅਤੇ ਅੱਜ ਫਿਰ ਲੜ ਰਹੇ ਹਨ।
ਪਹਿਲਾ ਲੀਡਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈ, ਜਿਸ ਨੂੰ ਕਦੇ ਸਮੁੱਚੇ ਪੰਜਾਬੀਆਂ ਦਾ ਲੀਡਰ ਕਿਹਾ ਜਾਂਦਾ ਹੈ, ਕਦੇ ਕਿਸਾਨਾਂ ਦਾ ਅਤੇ ਕਦੇ ਸਿੱਖਾਂ ਦਾ। ਇਨ੍ਹਾਂ ਤਿੰਨਾਂ ਗੱਲਾਂ ਵਿੱਚ ਸੱਚ ਕਿੰਨਾ ਹੈ ਅਤੇ ਕੱਚ ਕਿੰਨਾ, ਜੇ ਇਸ ਦੀ ਚਰਚਾ ਛੇੜ ਲਈਏ ਤਾਂ ਉਹੋ ਨਹੀਂ ਮੁੱਕ ਸਕਦੀ, ਪਰ ਇਸ ਵਕਤ ਮਾਮਲਾ ਕਿਸੇ ਚਰਚਾ ਕਰਨ ਵਾਲੇ ਦੀ ਮਰਜ਼ੀ ਦਾ ਨਾ ਹੋ ਕੇ ਉਸ ਮੁੱਦੇ ਦਾ ਹੈ, ਜਿਸ ਦੀ ਸ਼ੁਰੂਆਤ ਬਾਦਲ ਸਾਹਿਬ ਨੇ ਆਪ ਕੀਤੀ ਹੈ। ਉਹ ਕਹਿੰਦੇ ਹਨ ਕਿ ਸੁਰਜੀਤ ਸਿੰਘ ਬਰਨਾਲਾ ਅਹੁਦੇ ਦਾ ਭੁੱਖਾ ਹੈ, ਗਵਰਨਰ ਅਸੀਂ ਬਣਾਇਆ ਤੇ ਕਾਂਗਰਸ ਤੋਂ ਆਪਣੇ ਅਹੁਦੇ ਦੀ ਮਿਆਦ ਆਪਣੇ ਆਪ ਵਧਵਾਉਂਦਾ ਰਿਹਾ। ਉਹ ਇਹ ਵੀ ਆਖਦੇ ਹਨ ਕਿ ਸੰਤ ਲੌਂਗੋਵਾਲ ਨੂੰ ਅੱਗੇ ਲਾ ਕੇ ਇਸੇ ਨੇ ਸਮਝੌਤਾ ਕਰਾਇਆ ਅਤੇ ਫਿਰ ਉਸ ਦੀ ਮੌਤ ਦੇ ਹਾਲਾਤ ਵੀ ਏਸੇ ਨੇ ਪੈਦਾ ਕੀਤੇ ਸਨ। ਇਸ ਵਿੱਚ ਕਈ ਗੱਲਾਂ ਕਈ ਲੋਕਾਂ ਨੂੰ ਠੀਕ ਲੱਗ ਸਕਦੀਆਂ ਹਨ, ਪਰ ਸਵਾਲ ਇਹ ਹੈ ਕਿ ਜੇ ਸੁਰਜੀਤ ਸਿੰਘ ਬਰਨਾਲਾ ਏਨਾ ਮਾੜਾ ਸੀ ਤਾਂ ਬਾਦਲ ਸਾਹਿਬ ਉਸ ਨਾਲ ਮੁੜ-ਮੁੜ ਜੋਟੇ ਕਿਉਂ ਪਾਉਂਦੇ ਰਹੇ?
ਗੱਲ ਸਿੱਧੀ ਗਵਰਨਰੀ ਅਹੁਦੇ ਤੱਕ ਨਹੀਂ ਜਾ ਸਕਦੀ, ਉਸ ਸਮਝੌਤੇ ਤੋਂ ਤੁਰਨੀ ਹੈ, ਜਿਸ ਦਾ ਵਿਰੋਧ ਬਾਦਲ ਸਾਹਿਬ ਨੇ ਓਸੇ ਦਿਨ ਉਨ੍ਹਾਂ ਨੇ ਕਰ ਦਿੱਤਾ ਸੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਗਦਾਰ ਵੀ ਉਨ੍ਹਾਂ ਨੇ ਹੀ ਕਿਹਾ ਸੀ। ਗੁੱਸਾ ਸਮਝੌਤਾ ਕਰਨ ਨਾਲੋਂ ਵੱਧ ਇਸ ਗੱਲ ਦਾ ਸੀ ਕਿ ਡੇਰੇ ਵਿੱਚ ਬੈਠਾ ਸੰਤ ਲਿਆ ਕੇ ਅਕਾਲੀ ਦਲ ਦਾ ਪ੍ਰਧਾਨ ਮੈਂ ਬਣਾਇਆ ਤੇ ਸਮਝੌਤਾ ਕਰਨ ਵੇਲੇ ਮੇਰੀ ਥਾਂ ਸੁਰਜੀਤ ਸਿੰਘ ਬਰਨਾਲੇ ਨੂੰ ਲੈ ਕੇ ਤੁਰ ਪਿਆ, ਮੈਨੂੰ ਪੁੱਛਿਆ ਵੀ ਨਹੀਂ। ਜਦੋਂ ਸੰਤ ਲੌਂਗੋਵਾਲ ਨੂੰ ਓਦੋਂ ਗਦਾਰ ਹੀ ਆਖ ਦਿੱਤਾ ਸੀ, ਫਿਰ ਸਾਲੋ-ਸਾਲ ਓਸੇ ਸੰਤ ਦੀ ਸਮਾਧੀ ਉੱਤੇ ਰਾਜਨੀਤੀ ਦੇ ਪ੍ਰਸ਼ਾਦੇ ਵੰਡਣ ਕਿਉਂ ਚਲੇ ਜਾਂਦੇ ਹਨ? ਉਹ ਕਹਿ ਸਕਦੇ ਹਨ ਕਿ ਸੰਤ ਪ੍ਰਤੀ ਸਤਿਕਾਰ ਦੀ ਭਾਵਨਾ ਕਾਰਨ ਜਾਂਦੇ ਹਨ, ਪਰ ਜਦੋਂ ਕਈ ਸਾਲ ਸੁਰਜੀਤ ਸਿੰਘ ਬਰਨਾਲਾ ਦੇ ਨਾਲ ਮੱਤਭੇਦ ਹੋਣ ਕਰ ਕੇ ਓਥੇ ਜਾਂਦੇ ਨਹੀਂ ਸਨ, ਓਦੋਂ ਸਤਿਕਾਰ ਕਿੱਥੇ ਗਿਆ ਸੀ? ਉਹ ਕਹਿੰਦੇ ਹਨ ਕਿ ਜਦੋਂ ਛੱਬੀ ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਸਮਝੌਤਾ ਲਾਗੂ ਕਰਨ ਤੋਂ ਰਾਜੀਵ ਗਾਂਧੀ ਨੇ ਸਿਰ ਫੇਰਿਆ ਸੀ, ਸੁਰਜੀਤ ਸਿੰਘ ਬਰਨਾਲਾ ਨੇ ਓਦੋਂ ਗੱਦੀ ਕਿਉਂ ਨਾ ਛੱਡ ਦਿੱਤੀ? ਇਹੋ ਸਵਾਲ ਉਨ੍ਹਾਂ ਨੂੰ ਖੁਦ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਨ੍ਹਾ ਨੇ ਆਪ ਓਸੇ ਦਿਨ ਬਰਨਾਲੇ ਦੀ ਅਗਵਾਈ ਵਾਲੀ ਅਕਾਲੀ ਪਾਰਟੀ ਕਿਉਂ ਨਾ ਛੱਡ ਦਿੱਤੀ ਅਤੇ ਉਨੱਤੀ ਅਪਰੈਲ ਨੂੰ ਸ੍ਰੀ ਅਕਾਲ ਤਖਤ ਤੋਂ ਪੰਥਕ ਕਮੇਟੀ ਵੱਲੋਂ ਕੀਤੇ ਖਾਲਿਸਤਾਨ ਦੇ ਐਲਾਨ ਤੋਂ ਅਗਲੇ ਦਿਨ ਹੀ ਕਿਉਂ ਛੱਡੀ ਸੀ?
ਬਹੁਤ ਵੱਡਾ ਸਵਾਲ ਪ੍ਰਕਾਸ਼ ਸਿੰਘ ਬਾਦਲ ਇਹ ਬਣਾਉਂਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨਾਲ ਅਪਰੇਸ਼ਨ ਬਲਿਊ ਸਟਾਰ ਕੀਤਾ ਗਿਆ ਸੀ। ਜੇ ਇਹ ਗੱਲ ਸੱਚ ਸੀ ਤਾਂ ਏਨੇ ਸਾਲ ਬਾਦਲ ਸਾਹਿਬ ਨੇ ਚੁੱਪ ਕਿਉਂ ਵੱਟੀ ਰੱਖੀ? ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵੇਲੇ ਜਦੋਂ ਮੱਤਭੇਦ ਵਧ ਗਏ ਅਤੇ ਉਹ ਵੱਖਰੇ ਰਸਤੇ ਤੁਰ ਪਏ ਸਨ, ਤੇਈ ਵਿਧਾਇਕ ਉਨ੍ਹਾਂ ਦੇ ਨਾਲ ਸਨ, ਤਿੰਨ ਮੰਤਰੀ ਗਏ ਸਨ, ਜਿਨ੍ਹਾਂ ਵਿੱਚ ਖੇਤੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੀ। ਓਦੋਂ ਤਾਂ ਉਨ੍ਹਾ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਥਾਂ 'ਮਹਾਰਾਜਾ ਸਾਹਿਬ' ਆਖ ਕੇ ਸੰਬੋਧਨ ਕਰਨ ਵਿੱਚ ਵੀ ਕੋਈ ਗਲਤ ਗੱਲ ਨਹੀਂ ਸੀ ਜਾਪਦੀ। ਜੇ ਉਨ੍ਹਾਂ ਦੀ ਅਪਰੇਸ਼ਨ ਬਲਿਊ ਸਟਾਰ ਵਾਲੀ ਗੱਲ ਠੀਕ ਹੈ ਤਾਂ 'ਆਪਣੇ' ਲੋਕਾਂ ਤੋਂ ਏਨੇ ਸਾਲ ਇਹ ਗੱਲ ਲੁਕਾ ਕੇ ਰੱਖਣ ਦੀ ਗਲਤੀ ਵੀ ਮੰਨਣੀ ਚਾਹੀਦੀ ਹੈ। ਨਾਲ ਦੀ ਨਾਲ ਇੱਕ ਗੱਲ ਹੋਰ ਉਨ੍ਹਾ ਨੂੰ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਕਿ ਜਦੋਂ ਅਪਰੇਸ਼ਨ ਬਲਿਊ ਸਟਾਰ ਹੋ ਰਿਹਾ ਸੀ, ਉਸ ਦੇ ਪਹਿਲੇ ਤੋਪਾਂ ਚੱਲਣ ਵਾਲੇ ਪੰਜ ਦਿਨ ਉਹ ਆਪ ਕਿੱਥੇ ਸਨ ਤੇ ਪੰਜਵੇਂ ਦਿਨ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨ ਲਈ ਉਹ ਕਿੱਦਾਂ ਪਹੁੰਚ ਗਏ ਸਨ? ਉਨ੍ਹੀਂ ਦਿਨੀਂ ਜਦੋਂ ਹਰ ਖਬਰ ਸੈਂਸਰ ਕੀਤੀ ਜਾਂਦੀ ਸੀ, ਬਾਦਲ ਸਾਹਿਬ ਨੇ ਚੰਡੀਗੜ੍ਹ ਦੀ ਪ੍ਰੈੱਸ ਕਾਨਫਰੰਸ ਵਿੱਚ ਫੌਜਾਂ ਵਿਚਲੇ ਸਿੱਖਾਂ ਨੂੰ ਬਗਾਵਤ ਦਾ ਸੱਦਾ ਦੇ ਦਿੱਤਾ ਅਤੇ ਆਲ ਇੰਡੀਆ ਰੇਡੀਓ ਨੇ ਨਾਲੋ ਨਾਲ ਉਹ ਸੱਦਾ ਅੱਗੇ ਵੀ ਸੁਣਾ ਦਿੱਤਾ ਸੀ। ਇਸ ਪਿੱਛੇ ਕੀ ਖੇਡ ਸੀ ਕਿ ਬਾਦਲ ਸਾਹਿਬ ਦਾ ਇਹੋ ਜਿਹੇ ਮੌਕੇ ਏਦਾਂ ਦਾ ਸੰਦੇਸ਼ ਆਲ ਇੰਡੀਆ ਰੇਡੀਓ ਨੇ ਨਾਲੋ-ਨਾਲ ਪ੍ਰਸਾਰਤ ਕਰ ਦਿੱਤਾ? ਇਹ ਵੀ ਦੱਸ ਦੇਣ ਕਿ ਉਨ੍ਹਾਂ ਦੇ ਕਹੇ ਉੱਤੇ ਜਿਹੜੇ ਫੌਜੀ ਬਾਗੀ ਹੋ ਗਏ, ਪਿੱਛੋਂ ਜਦੋਂ ਦੋ ਵਾਰੀ ਬਾਦਲ ਸਾਹਿਬ ਮੁੱਖ ਮੰਤਰੀ ਬਣ ਗਏ, ਉਨ੍ਹਾਂ ਫੌਜੀਆਂ ਲਈ ਉਨ੍ਹਾ ਨੇ ਕੀ ਕੀਤਾ?
ਹੁਣ ਆਈਏ ਕੈਪਟਨ ਅਮਰਿੰਦਰ ਸਿੰਘ ਵੱਲ। ਉਹ ਕਦੇ ਸੰਜੇ ਗਾਂਧੀ ਦੇ ਨੇੜਲਿਆਂ ਵਿੱਚ ਹੁੰਦੇ ਸਨ। ਸਮਾਂ ਪਾ ਕੇ ਉਹ ਗਿਆਨੀ ਜ਼ੈਲ ਸਿੰਘ ਦੇ ਨੇੜੂ ਵੀ ਸੁਣੇ ਗਏ। ਅਪਰੇਸ਼ਨ ਬਲਿਊ ਸਟਾਰ ਵੇਲੇ ਉਹ ਕਾਂਗਰਸ ਪਾਰਟੀ ਵੀ ਛੱਡ ਆਏ ਅਤੇ ਪਾਰਲੀਮੈਂਟ ਦੀ ਸੀਟ ਵੀ। ਅੱਜ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰੀਆਂ ਗਲਤ ਗੱਲਾਂ ਲਈ ਜ਼ਿਮੇਵਾਰ ਦੱਸ ਰਹੇ ਹਨ, ਪਰ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦਾ ਸਾਥ ਛੱਡਿਆ ਸੀ, ਓਦੋਂ ਬਾਦਲ ਦੀ ਬਾਂਹ ਵਿੱਚ ਬਾਂਹ ਪਾ ਕੇ ਪਿੰਡਾਂ ਦੇ ਕੱਚੇ ਰਾਹਾਂ ਦਾ ਘੱਟਾ ਫੱਕਦੇ ਉਨ੍ਹਾਂ ਦੇ ਘਰੀਂ ਕਿਉਂ ਜਾਂਦੇ ਸਨ, ਜਿਹੜੇ ਪੁਲਸ ਮੁਕਾਬਲੇ ਵਿੱਚ ਮਾਰੇ ਜਾਂਦੇ ਸਨ ਅਤੇ ਉਨ੍ਹਾਂ ਦੇ ਘਰੀਂ ਕਿਉਂ ਨਹੀਂ ਸਨ ਗਏ, ਜਿਹੜੇ ਬੱਸਾਂ ਵਿੱਚੋਂ ਲਾਹ ਕੇ ਮਾਰੇ ਗਏ ਸਨ? ਸਾਫ ਹੈ ਕਿ ਉਹ ਅਤੇ ਬਾਦਲ ਦੋਵੇਂ ਜਣੇ ਓਦੋਂ ਇੱਕ ਖੇਡ ਰਲ ਕੇ ਖੇਡ ਰਹੇ ਸਨ ਕਿ ਸਿੱਖਾਂ ਦੀ ਮਾਨਸਿਕਤਾ ਵਰਤ ਕੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਡਾਵਾਂਡੋਲ ਕਰਨੀ ਅਤੇ ਆਪਣੇ ਲਈ ਯਤਨ ਕਰਨਾ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਲਈ ਹਰ ਮੌਕਾ ਅਕਾਲੀਆਂ ਨੂੰ ਭੰਡਣ ਲਈ ਢੁਕਵਾਂ ਹੈ, ਪਰ ਜਿਹੜੀਆਂ ਚੋਣਾਂ ਮਗਰੋਂ ਬੇਅੰਤ ਸਿੰਘ ਦੀ ਕਾਂਗਰਸੀ ਸਰਕਾਰ ਬਣੀ ਸੀ, ਉਨ੍ਹਾਂ ਚੋਣਾਂ ਵਿੱਚ ਜਿਹੜੇ ਇੱਕੋ ਇੱਕ ਅਕਾਲੀ ਦਲ ਨੇ ਹਿੱਸਾ ਲਿਆ, ਉਸ ਦੇ ਪ੍ਰਧਾਨ ਦੇ ਤੌਰ ਉੱਤੇ ਪੰਜਾਬ ਦੇ ਇੱਕ ਸੌ ਸਤਾਰਾਂ ਹਲਕਿਆਂ ਦੀਆਂ ਟਿਕਟਾਂ ਲਈ ਤੱਕੜੀ ਦਾ ਚੋਣ ਨਿਸ਼ਾਨ ਕੈਪਟਨ ਅਮਰਿੰਦਰ ਸਿੰਘ ਦੇ ਦਸਖਤਾਂ ਹੇਠ ਅਲਾਟ ਕੀਤਾ ਗਿਆ ਸੀ। ਉਹ ਸਾਰਾ ਕੁਝ ਇਤਹਾਸ ਦੀ ਸਲੇਟ ਤੋਂ ਮਿਟਾਇਆ ਨਹੀਂ ਜਾ ਸਕਦਾ। ਰਾਜਨੀਤੀ ਦੀ ਜਿਸ ਖੇਡ ਦਾ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮਿਹਣਾ ਮਾਰਦੇ ਹਨ, ਉਸ ਦੇ ਕਈ ਪੜਾਅ ਉਨ੍ਹਾਂ ਨੇ ਬਾਦਲ ਨਾਲ ਅਤੇ ਕਈ ਹੋਰ ਬਰਨਾਲਾ ਨਾਲ ਮਿਲ ਕੇ ਪਾਰ ਕੀਤੇ ਹੋਏ ਹਨ ਤੇ ਵਿਰੋਧ ਵੀ ਵੇਲੇ-ਕੁਵੇਲੇ ਦੋਵਾਂ ਦਾ ਕੀਤਾ ਹੋਇਆ ਹੈ।
ਤੀਜੇ ਨੰਬਰ ਉੱਤੇ ਆਉਂਦੇ ਹਨ ਸਰਦਾਰ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੂੰ ਬੜੇ ਸਾਊ ਜਿਹੇ ਸਿਆਸਤਦਾਨ ਕਹਿਣ ਵਿੱਚ ਬਹੁਤੇ ਲੋਕਾਂ ਨੂੰ ਹਰਜ ਨਹੀਂ ਜਾਪਦਾ। ਇਸ ਆਗੂ ਨੇ ਵੀ ਰਾਜਨੀਤੀ ਵਿੱਚ ਛੱਤੀ ਪਾਪੜ ਵੇਲੇ ਹੋਏ ਹਨ। ਕਦੇ ਉਹ ਟੌਹੜਾ-ਤਲਵੰਡੀ ਜੋੜੀ ਦੇ ਵਿਰੋਧ ਵਿੱਚ ਬਾਦਲ ਦੇ ਨਾਲ ਹੁੰਦੇ ਸਨ, ਕਦੇ ਬਾਦਲ ਨੂੰ ਪਰੇ ਧੱਕ ਕੇ ਲੌਂਗੋਵਾਲ ਵਾਲੇ ਸੰਤ ਹਰਚੰਦ ਸਿੰਘ ਨੂੰ ਨਾਲ ਲੈ ਕੇ ਰਾਜੀਵ ਗਾਂਧੀ ਨਾਲ ਪੰਜਾਬ ਸਮਝੌਤਾ ਕਰਨ ਤੁਰ ਪਏ ਸਨ। ਜਦੋਂ ਉਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ, ਉਹ ਸਮਝੌਤਾ ਤਾਂ ਲਾਗੂ ਨਾ ਹੋਇਆ, ਜਿਸ ਦੀਆਂ ਇੱਕੋ ਇੱਕ ਤਰਫਦਾਰ ਖੱਬੀਆਂ ਪਾਰਟੀਆਂ ਰਹਿ ਗਈਆਂ ਸਨ, ਪਰ ਕੁਰਸੀ ਕਾਇਮ ਰੱਖਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਉਹ ਤਿਆਰ ਰਹੇ ਸਨ। ਉਨੱਤੀ ਅਪਰੈਲ 1986 ਨੂੰ ਪੰਥਕ ਕਮੇਟੀ ਨੇ ਸ੍ਰੀ ਅਕਾਲ ਤਖਤ ਤੋਂ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀ। ਉਸ ਰਾਤ ਹਰਮੰਦਰ ਸਾਹਿਬ ਦੇ ਅੰਦਰ ਪੁਲਸ ਭੇਜੀ ਗਈ ਤੇ ਇਹ ਬਲਿਊ ਸਟਾਰ ਤੋਂ ਬਾਅਦ ਓਥੇ ਪੁਲਸ ਜਾਣ ਦਾ ਪਹਿਲਾ ਮੌਕਾ ਸੀ। ਅਗਲੇ ਸਾਲ ਬਰਨਾਲਾ ਸਰਕਾਰ ਤੋੜ ਦਿੱਤੀ ਗਈ। ਫਿਰ ਗਵਰਨਰੀ ਪ੍ਰਬੰਧ ਹੇਠ ਹਰਮੰਦਰ ਸਾਹਿਬ ਨੂੰ ਹਥਿਆਰਬੰਦ ਬੰਦਿਆਂ ਤੋਂ ਖਾਲੀ ਕਰਾਉਣ ਲਈ ਅਪਰੇਸ਼ਨ ਬਲੈਕ ਥੰਡਰ ਕਰਨਾ ਪਿਆ, ਜਿਸ ਵਿੱਚ ਫੌਜ ਸ਼ਾਮਲ ਨਹੀਂ ਸੀ, ਪੁਲਸ ਅਤੇ ਅਰਧ ਫੌਜੀ ਦਸਤੇ ਸਨ ਤੇ ਉਹ ਵੀ ਅੰਦਰ ਨਹੀਂ ਸਨ ਗਏ, ਸਿਰਫ ਬਾਹਰੋਂ ਘੇਰਾ ਪਾ ਕੇ ਬੈਠੇ ਹੋਏ ਸਨ। ਹੋਰ ਤਾਂ ਕਈ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਹੀ ਸੀ, ਜਿਹੜੇ ਸੁਰਜੀਤ ਸਿੰਘ ਬਰਨਾਲਾ ਨੇ ਆਪ ਮੁੱਖ ਮੰਤਰੀ ਹੁੰਦਿਆਂ ਹਰਮੰਦਰ ਸਾਹਿਬ ਦੇ ਅੰਦਰ ਪੁਲਸ ਭੇਜੀ ਸੀ, ਉਹ ਵੀ ਘੇਰਾ ਤੁੜਵਾਉਣ ਨੂੰ ਜਥਾ ਲੈ ਕੇ ਤੁਰ ਪਿਆ। ਕਈ ਸਾਲ ਬਾਅਦ ਦਿੱਲੀ ਦੇ ਇੱਕ ਸੈਮੀਨਾਰ ਵਿੱਚ ਉਨ੍ਹਾ ਨੇ ਉਚੇਚ ਨਾਲ ਕਿਹਾ ਕਿ ਮੈਂ ਦੇਸ਼ ਦੇ ਨਾਲ ਸੰਕਟ ਦੀ ਘੜੀ ਵਿੱਚ ਖੜੋਤਾ ਸੀ, ਪਰ ਕੇਂਦਰ ਨੇ ਮੇਰੀ ਕਦਰ ਨਹੀਂ ਸੀ ਪਾਈ। ਓਸੇ ਥਾਂ ਬਰਨਾਲਾ ਸਾਹਿਬ ਨੂੰ ਉਨ੍ਹਾ ਵੱਲੋਂ ਹਰਮੰਦਰ ਸਾਹਿਬ ਅੰਦਰ ਪੁਲਸ ਭੇਜਣ ਤੇ ਅਪਰੇਸ਼ਨ ਬਲੈਕ ਥੰਡਰ ਵੇਲੇ ਪੁਲਸ ਦਾ ਘੇਰਾ ਤੁੜਵਾਉਣ ਦੀਆਂ ਦੋਵੇਂ ਘਟਨਾਵਾਂ ਚੇਤੇ ਕਰਵਾ ਕੇ ਅਸਾਂ ਪੁੱਛਿਆ ਸੀ ਕਿ ਇਨ੍ਹਾਂ ਦੋਵਾਂ ਦਾ ਆਪੋ ਵਿੱਚ ਕੀ ਸੰਬੰਧ ਸੀ ਅਤੇ ਜੇ ਕੋਈ ਸੰਬੰਧ ਨਹੀਂ ਸੀ ਤਾਂ ਉਹ ਕਿਸ ਪੈਂਤੜੇ ਨੂੰ ਠੀਕ ਅਤੇ ਕਿਸ ਨੂੰ ਗਲਤ ਸਮਝਦੇ ਸਨ? ਮੀਟਿੰਗ ਦਿੱਲੀ ਵਿੱਚ ਲੱਗੀ ਹੋਣ ਕਰ ਕੇ ਬਰਨਾਲਾ ਸਾਹਿਬ ਨੂੰ ਕਹਿਣਾ ਪਿਆ ਕਿ ਅਪਰੇਸ਼ਨ ਬਲੈਕ ਥੰਡਰ ਵੇਲੇ ਘੇਰਾ ਤੁੜਵਾਉਣ ਜਾਣਾ ਮੇਰੀ ਗਲਤੀ ਸੀ। ਹੁਣ ਜਦੋਂ ਉਹ ਬਾਦਲ ਨੂੰ ਰਾਜਸੀ ਕਾਰਨਾਂ ਕਰ ਕੇ ਸਲਵਾਤਾਂ ਸੁਣਾ ਰਹੇ ਹਨ ਤਾਂ ਇਹ ਵੀ ਦੱਸ ਦੇਣ ਕਿ ਇਸ 'ਗਲਤ' ਬੰਦੇ ਦਾ ਉਨ੍ਹਾ ਨੇ ਜਿਨ੍ਹਾਂ ਕਈ ਮੋੜਾਂ ਉੱਤੇ ਸਾਥ ਦਿੱਤਾ ਤੇ ਜਿਨ੍ਹਾਂ ਕਈ ਮੋੜਾਂ ਉੱਤੇ ਵਿਰੋਧ ਕੀਤਾ, ਉਨ੍ਹਾਂ ਵਿੱਚੋਂ ਉਹ ਠੀਕ ਕਦੋਂ ਸਨ ਅਤੇ ਗਲਤੀ ਕਦੋਂ ਕੀਤੀ ਸੀ? ਆਖਰ ਇਹ ਸਭ ਕੁਝ ਵੀ ਤਾਂ ਇਤਹਾਸ ਦਾ ਹਿੱਸਾ ਬਣਨਾ ਹੈ।
ਫਿਰ ਆਈਏ ਪੰਜਤਾਲੀ ਸਾਲ ਪੁਰਾਣੇ ਯੁੱਗ ਵੱਲ, ਜਦੋਂ ਨਾ ਹਾਲੇ ਪ੍ਰਕਾਸ਼ ਸਿੰਘ ਬਾਦਲ ਵੱਡਾ ਨੇਤਾ ਹੁੰਦਾ ਸੀ, ਨਾ ਸੁਰਜੀਤ ਸਿੰਘ ਬਰਨਾਲਾ ਤੇ ਨਾ ਕੈਪਟਨ ਅਮਰਿੰਦਰ ਸਿੰਘ। ਓਦੋਂ ਸਿੱਖ ਰਾਜਨੀਤੀ ਦੇ ਦੋ ਵੱਡੇ ਆਗੂ ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਹੁੰਦੇ ਸਨ ਅਤੇ ਦੋਵੇਂ ਹੀ ਮਰਨ-ਵਰਤ ਰੱਖਣ ਤੇ ਤੋੜਨ ਦੀ ਕਲਾ ਦੇ ਮਾਹਰ ਸਨ। ਇੱਕ ਮੌਕੇ ਜਦੋਂ ਦੋਵਾਂ ਦਰਮਿਆਨ ਟਕਰਾਓ ਹੱਦਾਂ ਟੱਪ ਗਿਆ ਤਾਂ ਉਸ ਵਕਤ ਬਿਆਨਬਾਜ਼ੀ ਵੀ ਹੁਣ ਵਾਂਗ ਨੀਵਾਣਾਂ ਛੋਹਣ ਲੱਗ ਪਈ ਸੀ। ਸੰਤ ਧੜੇ ਵਾਲਿਆਂ ਨੇ ਮਾਸਟਰ ਤਾਰਾ ਸਿੰਘ ਦਾ ਇੱਕ ਹਿੰਦੂ ਬਖਸ਼ੀ ਗੋਪੀ ਚੰਦ ਦੇ ਘਰ ਜਨਮ ਹੋਣ ਨੂੰ ਲੈ ਕੇ ਉਸ ਦੇ ਨਾਂਅ ਨਾਲ 'ਬੋਦੀ ਵਾਲਾ ਤਾਰਾ' ਤੱਕ ਜੋੜਿਆ ਅਤੇ ਇੱਕ ਸਟੇਜੀ ਕਵੀ ਤੋਂ ਉਸ ਬਾਰੇ ਇੱਕ ਕਵਿਤਾ ਵੀ ਬਣਵਾ ਲਈ, ਜਿਹੜੀ ਇਨ੍ਹਾਂ ਦੀਆਂ ਸਟੇਜਾਂ ਤੋਂ ਆਮ ਕਰ ਕੇ ਗਾਈ ਜਾਂਦੀ ਸੀ। ਮਾਸਟਰ ਧੜੇ ਵਾਲਿਆਂ ਨੇ ਸੰਤ ਫਤਹਿ ਸਿੰਘ ਦੀ ਮਾਂ ਦੇ ਗੈਰ-ਸਿੱਖ ਹੋਣ ਦਾ ਸਵਾਲ ਉਠਾ ਕੇ ਉਸ ਦੀਆਂ ਹਮਦਰਦੀਆਂ ਭਾਰਤ ਨਾਲ ਵੈਰ-ਭਾਵ ਰੱਖਦੇ ਗਵਾਂਢੀ ਮੁਲਕ ਨਾਲ ਜੋੜ ਕੇ ਪ੍ਰਚਾਰ ਕੀਤਾ ਸੀ। ਓਦੋਂ ਬਿਆਨਬਾਜ਼ੀ ਦਾ ਜਿਹੜਾ ਘਟੀਆ ਨਮੂਨਾ ਪੇਸ਼ ਕੀਤਾ ਗਿਆ, ਉਹ ਚਾਰ ਦਹਾਕੇ ਫਿਰ ਨਹੀਂ ਵੇਖਿਆ ਗਿਆ। ਜਦੋਂ ਪਿਛਲੇ ਪੰਦਰਾਂ ਕੁ ਸਾਲਾਂ ਤੋਂ ਪੰਜਾਬ ਦੇ ਲੀਡਰਾਂ ਦੀ ਹੁਣ ਵਾਲੀ ਪੀੜ੍ਹੀ ਨੇ ਰਾਜਨੀਤੀ ਦਾ ਮੈਦਾਨ ਸੰਭਾਲਿਆ ਹੈ, ਉਹ ਇੱਕ ਵਾਰੀ ਫਿਰ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਵਾਲੀ ਪੱਧਰ ਛੋਹਣ ਲੱਗ ਪਏ ਹਨ। ਪੰਜਾਬ ਦਾ ਇਤਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਜਾਪਦਾ ਹੈ।
No comments:
Post a Comment