ਵਰਿੰਦਰਜੀਤ ਮਾਂਗਟ {ਆਸਟਰੇਲੀਆ}
ਕਿਉ ਰਾਤ ਦੇ ਹਨੇਰੇ 'ਚ ਜਾਗ ਉੱਠਦੀ ਏ ਮੇਰੀ ਕਲਮ?
ਦਿਨ ਦੇ ਉਜਾਲੇ 'ਚ ਕਿਉ ਸੌਂ
ਜਾਂਦੀ ਏ ਮੇਰੀ ਕਲਮ?
ਆਖਿਰ ਕੀ ਸੋਚਦੀ ਏ, ਚਾਹੁੰਦੀ ਏ ਤੇ ਲੋਚਦੀ ਏ ਮੇਰੀ ਕਲਮ?
ਸ਼ਾਇਦ ਕੀੜਿਆਂ ਜਿਹੀ
ਕੁਰਬਲ- ਕੁਰਬਲ ਕਰਦੀ
ਲੋਕਾਈ ਤੋ ਡਰ ਜਾਂਦੀ ਏ ਮੇਰੀ ਕਲਮ।
ਦੁੱਖਾਂ ਵਿੱਚ ਹੀ ਕਿਉ ਉੱਠ ਪੈਦੀ ਏ ਮੇਰੀ ਕਲਮ?
ਤੇ ਸੁੱਖਾਂ ਵਿੱਚ ਬੇਸੁੱਧ ਹੋ ਜਾਂਦੀ ਏ ਮੇਰੀ ਕਲਮ?
ਆਖਿਰ ਕੀ ਸੋਚਦੀ ਏ, ਚਾਹੁੰਦੀ ਏ ਤੇ ਲੋਚਦੀ ਏ ਮੇਰੀ ਕਲਮ,
ਸ਼ਾਇਦ ਮਾਨਵ ਦਾ ਮਾਨਵ ਨੂੰ ਵਲੂੰਧਰ-ਵਲੂੰਧਰ ਕੇ
ਖ਼ਾ ਜਾਣ ਦੇ ਸ਼ੁਗਲ ਤੋਂ ਕੰਬ ਉੱਠਦੀ ਏ ਮੇਰੀ ਕਲਮ।
ਹਨੇਰੇ 'ਚ ਸੁੱਤੇ ਪਏ ਇਨਸਾਨ ਨੂੰ
ਕਿਉ ਉੱਠਾਉਣਾ ਚਾਹੁੰਦੀ ਏ ਮੇਰੀ ਕਲਮ?
ਘਿਸੀਆਂ- ਪਿੱਟੀਆਂ ਲਕੀਰਾਂ ਨੁੰ ਮਿਟਾ ਦੇਣਾ ਚਾਹੁੰਦੀ ਏ ਮੇਰੀ ਕਲਮ।
ਆਖਿਰ ਕੀ ਸੋਚਦੀ ਏ, ਚਾਹੁੰਦੀ ਏ ਤੇ ਲੋਚਦੀ ਏ ਮੇਰੀ ਕਲਮ,
ਸ਼ਾਇਦ ਨਾਨਕ ਦੇ ਕਹੇ ਤੋ ਉਚਿਆਂ ਉੱਠ ਕੇ
ਲੱਗੀ ਅੱਗ ਦੇਖ ਕੇ ਵਿਲਕ ਉੱਠਦੀ ਏ ਮੇਰੀ ਕਲਮ।
ਕਈ ਵਾਰ ਮੇਰੀ ਹੀ ਦੁਸ਼ਮਣ ਬਣ ਜਾਂਦੀ ਏ ਮੇਰੀ ਕਲਮ,
ਮੇਰੀ ਦਬਾ- ਦਬਾ ਕੇ ਰੱਖੀ ਸੋਚ ਨੁੰ ਲਿਖ ਹੀ ਜਾਂਦੀ ਏ ਮੇਰੀ ਕਲਮ,
ਆਖਿਰ ਕੀ ਸੋਚਦੀ ਏ, ਚਾਹੁੰਦੀ ਤੇ ਲੋਚਦੀ ਏ ਮੇਰੀ ਕਲਮ,
ਸ਼ਾਇਦ ਬੇਸਹਾਰਿਆਂ ਦਾ ਸਹਾਰਾ, ਬੇ-ਆਵਾਜ਼ਾਂ ਦੀ ਆਵਾਜ਼
ਤੇ ਤੇਰੀ-ਮੇਰੀ ਸੋਚ ਦਾ ਇਨਕਲਾਬ ਬਣ ਜਾਣਾ ਚਾਹੁੰਦੀ ਏ ਮੇਰੀ ਕਲਮ ।।
No comments:
Post a Comment