ਕਹਾਣੀ- ਜਿਉਂਦੀ ਲਾਸ਼

ਮਤਵਿੰਦਰ ਸਿੰਘ ਗਰੇਵਾਲ (ਲੰਡਨ)
ਮੋਬਾਈਲ ਨੰ:- 0044 (0)7988911832
ਪੱਛਮ ਦੀ ਵਗਦੀ ਹਵਾ ਨੇ ਕਰਤਾਰ ਸਿੰਘ ਦੇ ਪ੍ਰੀਵਾਰ ਨੂੰ ਬੁਰੀ ਤਰ੍ਹਾਂ ਝੁਲਸ ਕੇ ਹੀ ਨਹੀਂ ਰੱਖਿਆ ਸਗੋਂ ਤਬਾਹ ਕਰਕੇ ਰੱਖ ਦਿੱਤਾ। ਹਰ ਰੋਜ ਸ਼ਿੰਦਾ ਆਪਣੇ ਬਾਪੂ ਨਾਲ ਇਹੀ ਮੱਥਾ ਲਾਈ ਰੱਖਦਾ ਕਿ "ਇਸ ਦੋ
ਕਿੱਲੇ ਪੈਲੀ ਨਾਲ ਸਾਡੀ ਕੋਈ ਰੀਝ ਪੂਰੀ ਨਹੀਂ ਹੋਣੀ।" ਮੰਜੇ 'ਤੇ ਪਈ ਬੀਮਾਰ ਮਾਂ ਦੇ ਹਾਉਕੇ, ਪਿਓ ਦਾ ਗਰਮੀ ਨਾਲ ਭਿੱਜਿਆ ਝੱਗਾ ਦੇਖ ਕੇ ਸੋਚਾਂ ਦੇ ਵਹਿਣ ਵਿੱਚ ਪੈ ਕੇ ਇੱਕ ਤਰ੍ਹਾਂ ਪਾਗਲ ਜਿਹਾ ਹੋ ਜਾਂਦਾ। ਕਰਤਾਰ ਸਿੰਘ ਅਤੇ ਕਰਮੀ ਦੇ ਮਜ਼ਬੂਰੀ ਵੱਸ ਸਮਝੌਤੇ ਵੀ ਉਸ ਦਿਮਾਗ ਵਿੱਚ ਤੂਫਾਨ ਮਚਾ ਰੱਖਦੇ।
"ਅੱਛਾ ਸ਼ਿੰਦਿਆ, ਤੇਰੀ ਮਰਜੀ।", ਕਰਤਾਰ ਸਿੰਘ ਨੇ ਆਪਣੀ ਪੱਗ ਦੇ ਲੜ ਉਧੇੜਦਿਆਂ ਕਿਹਾ। ਘਰ ਵਿੱਚ ਕਰਮੀ ਨਾਲ ਅਤੇ ਆਪਣੇ ਮਨ ਨਾਲ ਸਲਾਹ ਕਰਕੇ, ਸ਼ਾਹ ਕੋਲ ਜਾ ਕੇ ਪੈਲੀ 'ਤੇ ਅੰਗੂਠਾ ਲਾ ਦਿੱਤਾ। ਡਾਹਢੇ ਦਾ ਭਾਣਾ ਮੰਨ ਕੇ ਦੋਵੇਂ ਪਿਉ ਪੁੱਤ ਸ਼ਹਿਰ ਜਾ ਕੇ ਲਾਲ ਚੰਦ ਟਰੈਵਲ ਏਜੰਟ ਕੋਲ ਆਪਣੀ ਝੋਲੀ ਵਿਚਲੀ ਰਕਮ ਢੇਰੀ ਕਰ ਆਏ। ਲਾਲ ਚੰਦ ਦੇ ਦੱਸਣ ਮੁਤਾਬਿਕ ਸ਼ਿੰਦਾ ਚਾਰ ਕੁ ਹਫਤਿਆਂ Ḕਚ ਇੰਗਲੈਂਡ ਪਹੁੰਚ ਜਾਵੇਗਾ। ਆਪਣੇ ਆਉਣ ਵਾਲੇ ਸਮੇਂ ਬਾਰੇ ਸਲਾਹ ਕਰਦੇ ਕਰਦੇ ਵਾਪਸ ਸ਼ਾਮ ਨੂੰ ਘਰ ਪਹੁੰਚ ਜਾਂਦੇ ਹਨ।
ਕਹਿਰ ਦੀ ਗਰਮੀ, ਵਰਾਂਡੇ ਵਿੱਚ ਮੰਜੇ ਉੱਪਰ ਬੈਠਾ ਕਰਤਾਰ ਸਿੰਘ ਆਪਣੀਆਂ ਨੂੰ ਉਧੇੜ-ਬੁਣ ਰਿਹਾ ਸੀ। ਅਚਾਨਕ ਬਾਹਰੋਂ ਆਈ ਆਵਾਜ਼ ਨੇ ਉਸ ਦੀਆਂ ਸੋਚਾਂ ਦੀ ਲੜੀ ਤੋੜ ਕੇ ਰੱਖ ਦਿੱਤੀ। "ਕਰਤਾਰ ਸਿੰਘ ਦਾ ਕੀ ਹਾਲ ਐ?", ਇਹ ਆਵਾਜ਼ ਲਾਲ ਚੰਦ ਏਜੰਟ ਦੀ ਸੀ। ਆਪਣੇ ਆਪ ਨੂੰ ਸੰਭਾਲਦਿਆਂ ਕਰਤਾਰ ਸਿੰਘ ਨੇ ਕਿਹਾ "ਆਓ ਬੈਠੋ ਲਾਲ ਚੰਦ ਜੀ।" "ਮੈਂ ਤੁਹਾਨੂੰ ਦੱਸਣ ਲਈ ਆਇਆ ਸੀ ਕਿ ਕੱਲ੍ਹ ਸ਼ਾਮ ਨੂੰ ਸਿੰæਦੇ ਨੂੰ ਮੇਰੇ ਦਫਤਰ ਭੇਜ ਦਿਉ। ਵੀਜ਼ਾ ਲੱਗ ਗਿਐ ਤੇ ਪਰਸੋਂ ਜਹਾਜੇ ਚਾੜ੍ਹ ਦੇਣੈ ਸ਼ਿੰਦੇ ਨੂੰ ਆਪਾਂ।", ਲਾਲ ਚੰਦ ਨੇ ਅੱਖਾਂ 'ਚ ਹੱਸਦਿਆਂ ਕਿਹਾ। ਸ਼ਿੰਦਾ ਅੰਦਰ ਕਮਰੇ 'ਚ ਆਪਣੀ ਕੋਲ ਮੰਜੇ 'ਤੇ ਬੈਠਾ ਗੱਲਾਂ ਕਰ ਰਿਹਾ ਸੀ। ਉਦਾਸੀ ਦੇ ਨਾਲ ਨਾਲ ਮਾਂ ਪਿਓ ਤੋਂ ਦੂਰੀ ਅਤੇ ਮਜ਼ਬੂਰੀ ਦਾ ਪਛਤਾਵਾ ਵੀ ਰੜਕਾਂ ਪਾ ਰਿਹਾ ਸੀ। ਕਦੇ ਉਸਦਾ ਧਿਆਨ ਲੋਲੀਆਂ-ਭੋਲੀਆਂ ਜਿਹੀਆਂ ਗੱਲਾਂ ਕਰਦੀ ਛੋਟੀ ਭੈਣ ਵੱਲ ਚਲਿਆ ਜਾਂਦਾ। "ਸ਼ਿੰਦੇ ਵੀਰੇ, ਮੈਂ ਲਾਲ ਸੂਟ ਪਾਉਣਾ। ਮੈਂ ਵੀ ਚੂੜਾ ਪਾਉਣਾ।", ਆਖਦਿਆਂ ਉਸ ਕਮਲੀ ਨੇ ਸ਼ਿੰਦੇ ਦੇ ਕਲੇਜੇ Ḕਚੋਂ ਰੁੱਗ ਭਰ ਲਿਆ ਸੀ ਕਿਉਂਕਿ ਉਹ ਗੁਆਢ ਵਿੱਚ ਲੜਕੀ ਦਾ ਵਿਆਹ ਹੁੰਦਾ ਦੇਖ ਕੇ ਆਈ ਸੀ। ਕਿ ਵਿਆਹ ਵਾਲੀ ਕੁੜੀ ਕਿਵੇਂ ਲਾਲ ਸੂਟ ਤੇ ਚੂੜਾ ਪਾ ਕੇ ਕਿਵੇਂ ਸਜੀ ਹੋਈ ਸੀ। "ਸ਼ਿੰਦੇ ਵੀਰੇ, ਮੈਂਨੂੰ ਲੈ ਕੇ ਦਏਂਗਾ ਨਾ ਲਾਲ ਸੂਟ ਤੇ ਚੂੜਾ?" ਛੋਟੀ ਭੈਣ ਲਗਾਤਾਰ ਬੋਲੀ ਜਾ ਰਹੀ ਸੀ।
ਸ਼ਿੰਦੇ ਦਾ ਮਨ ਦੋਚਿੱਤਾ ਜਿਹਾ ਹੋਇਆ ਪਿਆ ਸੀ। ਘਰੋਂ ਬਾਹਰ ਨਿੱਕਲਣ ਨੂੰ ਦਿਲ ਵੀ ਨਹੀਂ ਸੀ ਕਰ ਰਿਹਾ ਤੇ ਮਨ ਬਾਹਰ ਜਾਣ ਨੂੰ ਉੱਡਜੂੰ ਉੱਡਜੂੰ ਵੀ ਕਰ ਰਿਹਾ ਸੀ। ਲਾਲ ਚੰਦ ਦੇ ਦਫਤਰ 'ਚੋਂ ਕਾਗਜਾਤ ਲੈ ਕੇ ਹੁਣ ਉਡਾਰੀ ਮਾਰ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ। ਸ਼ਿੰਦਾ ਲਾਲ ਚੰਦ ਦੇ ਦਫਤਰ ਗਿਆ ਤਾਂ ਲਾਲ ਚੰਦ ਨੇ ਕਾਗਜਾਂ ਦੇ ਨਾਲ ਨਾਲ ਇੱਕ ਛੋਟਾ ਜਿਹਾ ਡੱਬਾ ਸ਼ਿੰਦੇ ਨੂੰ ਫੜਾਉਂਦਿਆਂ ਕਿਹਾ "ਲੈ ਬਈ ਸ਼ਿੰਦਿਆ, ਤੂੰ ਤਾਂ ਪਹੁੰਚ ਗੋਰਿਆਂ ਦੇ ਦੇਸ਼। ਅਸੀਂ ਤਾਂ ਗਰਮੀ 'ਚ ਮਰਨਾ ਹੀ ਹੋਇਆ, ਤੂੰ ਤਾਂ ਲੈ ਠੰਢ ਦੇ ਨਜ਼ਾਰੇ.... ਤੇ ਆਹ ਡੱਬਾ ਮੇਰੇ ਇੱਕ ਮਿੱਤਰ ਨੂੰ ਦੇਣੈ ਇੰਗਲੈਂਡ...। ਹੀਥਰੋ ਏਅਰਪੋਰਟ ਮਿਲਣ ਆਊਗਾ ਓਹ ਤੈਨੂੰ.. ਬਸ ਓਹਨੂੰ ਫੜ੍ਹਾ ਦੇਈਂ।" ਲਾਲ ਚੰਦ ਨੇ ਜ਼ੁਬਾਨੀ-ਕਲਾਮੀ ਆਪਣੇ ਮਿੱਤਰ ਦਾ ਨਾਮ ਹੀ ਦੱਸਿਆ ਸੀ। ਲਾਲ ਚੰਦ ਕੋਲੋਂ ਕਾਗਜ਼ ਅਤੇ ਉਸਦਾ 'ਸਮਾਨ' ਲੈ ਕੇ ਸ਼ਿੰਦਾ ਘਰ ਆ ਗਿਆ ਪਰ ਕਰਤਾਰ ਸਿੰਘ ਤੇ ਕਰਮੀ ਨੂੰ ਸਮਾਂ ਭੱਜਦਾ ਪ੍ਰਤੀਤ ਹੋ ਰਿਹਾ ਸੀ। ਚਾਹੁੰਦਿਆਂ ਹੋਇਆਂ ਵੀ ਸਮੇਂ ਨੂੰ ਬੰਨ੍ਹ ਨਹੀਂ ਸਕਦੇ ਸਨ। ਏਅਰਪੋਰਟ ਵੱਲ ਨੂੰ ਚਾਲੇ ਪਾਉਣ ਦਾ ਸਮਾਂ ਆ ਗਿਆ ਸੀ। ਦੂਜੇ ਦਿਨ ਸ਼ਿੰਦੇ ਨੇ ਤੁਰਨ ਲੱਗਿਆਂ ਆਪਣੀ ਮਾਂ ਦੇ ਪੈਂਰੀ ਛੂੰਹਦਿਆਂ ਨਾਲ ਖੜ੍ਹੀ ਛੋਟੀ ਭੈਣ ਨੂੰ ਵੀ ਕਲਾਵੇ ਵਿੱਚ ਲੈ ਲਿਆ। "ਹੁਣ ਮੈਂ ਤੇਰੇ ਲਈ ਲਾਲ ਸੂਟ ਤੇ ਚੂੜਾ ਲੈਣ ਚੱਲਿਆਂ... ਮਾਂ ਦਾ ਖਿਆਲ ਰੱਖੀ..ਤੰਗ ਨਾ ਕਰੀਂ।" ਇੰਨਾ ਕਹਿੰਦਿਆਂ ਹੀ ਸ਼ਿੰਦਾ ਨੂੰ ਇਉਂ ਲੱਗਣ ਲੱਗ ਗਿਆ ਕਿ ਜੇ ਹੋਰ ਬੋਲਿਆ ਤਾਂ ਉਸ ਦੀ ਭੁੱਬ ਨਿੱਕਲ ਜਾਵੇਗੀ। "ਸ਼ਿੰਦੇ ਵੀਰੇ, ਛੇਤੀ ਲੈ ਕੇ ਆਜੇਂਗਾ?", ਭੈਣ ਦੀ ਤੋਤਲੀ ਆਵਾਜ਼ 'ਚ ਕੀਤੇ ਪ੍ਰਸ਼ਨ ਦਾ ਉਸ ਕੋਲ ਕੋਈ ਉੱਤਰ ਨਹੀਂ ਸੀ। ਮਾਂ ਨੇ ਵੀ ਸਿਰ ਪਲੋਸਦਿਆਂ "ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ" ਕਹਿ ਕੇ ਮੂੰਹ ਦੂਸਰੇ ਪਾਸੇ ਨੂੰ ਘੁਮਾ ਲਿਆ ਤਾਂ ਕਿ ਵਿਦੇਸ਼ ਨੂੰ ਤੁਰਨ ਲੱਗਿਆ ਪੁੱਤ ਦਿਲ ਥੋੜ੍ਹਾ ਨਾ ਕਰ ਲਵੇ। "ਜਾਹ ਮੇਰਾ ਸ਼ੇਰ, ਗੁਰੂ ਭਲੀ ਕਰੂਗਾ।", ਮਾਂ ਦੀਆਂ ਅਸੀਸਾਂ ਲੈ ਕੇ ਸ਼ਿੰਦਾ ਬਾਹਰ ਬੈਠੇ ਬਾਪੂ ਕੋਲ ਆ ਗਿਆ। "ਚੰਗਾ ਪੁੱਤਰਾ, ਪਿਛਲਾ ਚੇਤਾ ਰੱਖੀਂ।", ਕਹਿੰਦਿਆਂ ਕਰਤਾਰ ਸਿੰਘ ਨੇ ਸ਼ਿੰਦੇ ਨੂੰ ਸਿਰਫ ਇੱਕ ਭੁੱਬ ਹੀ ਨਹੀਂ ਸੀ ਮਾਰੀ ਪਰ ਓਹਦਾ ਗੱਚ ਜਰੂਰ ਭਰ ਆਇਆ ਸੀ। ਜਹਾਜ਼ ਵਿੱਚ ਬੈਠਣ ਤੱਕ ਬਾਪੂ ਦੀ ਮਿਹਨਤ, ਗਹਿਣੇ ਧਰੀ ਪੈਲੀ, ਬੀਮਾਰ ਮਾਂ ਦੀਆਂ ਅਸੀਸਾਂ, ਛੋਟੀ ਭੈਣ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਯਾਰਾਂ ਦੋਸਤਾਂ ਦੀਆਂ ਢਾਣੀਆਂ, ਪਿੰਡ ਦੀਆਂ ਗਲੀਆਂ 'ਚ ਬਿਤਾਇਆ ਪਲ ਪਲ ਉਸਨੂੰ ਜਕੜੀ ਬੈਠਾ ਸੀ, ਝੰਜੋੜੀ ਜਾ ਰਿਹਾ ਸੀ। ਸੋਚਾਂ ਦੇ ਵਹਿਣਾਂ 'ਚ ਗੋਤੇ ਖਾਂਦਿਆਂ ਉਸਨੂੰ ਪਤਾ ਹੀ ਨਾ ਲੱਗਾ ਕਿ ਕਦ ਅੱਠ ਘੰਟੇ ਦਾ ਹਵਾਈ ਸਫ਼ਰ ਪੂਰਾ ਕਰਕੇ ਜਹਾਜ਼ ਹੀਥਰੋ ਏਅਰਪੋਰਟ 'ਤੇ ਆਣ ਲੱਗਾ ਸੀ।
ਕਤਾਰ ਵਿੱਚ ਖੜ੍ਹੇ ਸ਼ਿੰਦੇ ਦੇ ਕਾਗਜਾਤ ਦੇਖਣ ਉਪਰੰਤ ਇਮੀਗ੍ਰੇਸ਼ਨ ਅਫਸਰ ਨੇ "ਓ'ਕੇ." ਕਹਿ ਡੱਬੇ ਉੱਪਰ ਨਜ਼ਰ ਮਾਰਦਿਆਂ ਪੁੱਛਿਆ "ਕੀ ਹੈ ਡੱਬੇ 'ਚ?" ਲਾਲ ਚੰਦ ਦੇ ਸਮਝਾਉਣ ਅਨੁਸਾਰ ਸ਼ਿੰਦੇ ਨੇ ਡੱਬਾ ਸਮਾਨ ਵਾਲੇ ਅਟੈਚੀ 'ਚ ਨਹੀਂ ਸੀ ਪਾਇਆ ਸਗੋਂ ਇੱਕ ਹੱਥ ਪਾਸਪੋਰਟ ਤੇ ਦੂਜੇ ਹੱਥ ਡੱਬਾ ਫੜ੍ਹਿਆ ਹੋਇਆ ਸੀ। "ਮੇਰੇ ਦੋਸਤ ਨੇ ਆਪਣੇ ਦੋਸਤ ਲਈ ਜਨਮ ਦਿਨ ਦਾ ਤੋਹਫਾ ਭੇਜਿਆ ਹੈ।" ਸ਼ਿੰਦੇ ਨੇ ਲਾਲ ਚੰਦ ਦਾ ਤੋਤੇ ਵਾਗ ਰਟਾਇਆ ਜਵਾਬ ਦਿੱਤਾ। ਚੈੱਕਿੰਗ ਹੋਣ 'ਤੇ ਪਤਾ ਲੱਗਾ ਕਿ ਡੱਬਾ ਤਾਂ ਨਸ਼ੀਲੇ ਪਦਾਰਥਾਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ ਅਤੇ ਪੈਕਿੰਗ ਵੀ ਐਸੇ ਢੰਗ ਨਾਲ ਕੀਤੀ ਹੋਈ ਸੀ ਕਿ ਦਿੱਲੀ ਤੋਂ ਲੈ ਕੇ ਹੀਥਰੋ ਪਹੁੰਚਣ ਤੱਕ ਚੈੱਕਿੰਗ ਵਾਲੀਆਂ ਮਸ਼ੀਨਾਂ ਵੀ ਬੁੱਧੂ ਬਣ ਗਈਆਂ ਸਨ। ਸ਼ਿੰਦੇ ਕੋਲ ਤਾਂ ਇਹ ਵੀ ਜਵਾਬ ਨਹੀਂ ਸੀ ਕਿ ਉਹ ਬੰਦਾ ਕੌਣ ਹੈ?, ਜਿਸਨੂੰ ਇਹ ਡੱਬਾ ਦੇਣਾ ਸੀ। ਕੋਈ ਉਚਿਤ ਜਵਾਬ ਨਾ ਮਿਲਣ 'ਤੇ ਸ਼ਿੰਦਾ ਦੋਸ਼ੀ ਖੁਦ ਬਣ ਗਿਆ ਸੀ। ਸ਼ਿੰਦੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਤਾਂ ਕਿ ਬਾਦ 'ਚ ਪੂਰੀ ਘੋਖ ਪੜਤਾਲ ਕੀਤੀ ਜਾ ਸਕੇ। ਲੱਖ ਸਫਾਈਆਂ ਦੇਣ ਦੇ ਬਾਦ ਵੀ ਸ਼ਿੰਦਾ ਹੀ ਦੋਸ਼ੀ ਗਿਣਿਆ ਗਿਆ। ਕੁਝ ਹਫਤੇ ਬਾਦ ਅਦਾਲਤ ਦੇ ਫੈਸਲੇ ਮੁਤਾਬਿਕ ਬਿਨਾਂ ਕਿਸੇ ਸੁਣਵਾਈ ਦੇ ਸ਼ਿੰਦੇ ਨੂੰ ਲੰਮੇ ਸਮੇਂ ਲਈ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਅੰਦਰੋਂ ਹੀ ਕੁਝ ਦੇਰ ਬਾਦ ਮਾਂ ਪਿਓ ਨੂੰ ਸੁੱਖ ਸਾਂਦ, ਕੰਮ ਮਿਲਣ ਜਾਂ ਜਲਦੀ ਪੈਸੇ ਭੇਜਣ ਦੇ ਝੂਠੇ ਧਰਵਾਸੇ ਦਿੰਦਾ ਰਿਹਾ। ਉਸਨੂੰ ਡਰ ਵੀ ਸੀ ਕਿ ਜੇ ਬਿਰਧ ਮਾਂ ਪਿਓ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਤਾਂ ਹੋਰ ਨਾ ਕਿੱਧਰੇ ਚਿੰਤਾ 'ਚ ਹੀ ਪ੍ਰਾਣ ਤਿਆਗ ਦੇਣ। ਦਿਨਾਂ ਦਾ ਗੇੜ ਚਲਦਾ ਰਿਹਾ। ਦਿਨ ਰੁਝੇਵਿਆਂ 'ਚ ਲੰਘ ਜਾਂਦਾ ਤੇ ਰਾਤ ਸੁਪਨਿਆਂ 'ਚ। ਕੀਤੀਆਂ ਅਰਦਾਸਾਂ ਵੀ ਕੋਈ ਰੰਗ ਨਹੀਂ ਦਿਖਾ ਰਹੀਆਂ ਸਨ। ਇੱਕ ਰਾਤ ਸ਼ਿੰਦੇ ਨੂੰ ਸੁਫਨਾ ਆਇਆ ਕਿ ਉਸ ਦੀ ਮਾਂ ਦੀ ਅਰਥੀ ਲੋਕ ਚੁੱਕੀ ਜਾ ਰਹੇ ਹਨ ਅਤੇ ਉਸਦਾ ਬਿਰਧ ਬਾਪ ਉਸਦੀ ਛੋਟੀ ਭੈਣ ਦੀ ਉਂਗਲ ਫੜ੍ਹੀ ਜਾ ਰਿਹਾ ਹੈ। ਸਰੀਰ ਨੂੰ ਝੁਨਝੁਨੀ ਜਿਹੀ ਆਈ, ਜਾਗ ਖੁੱਲ੍ਹੀ ਤਾਂ ਅਚਾਨਕ ਮੂੰਹੋਂ ਨਿੱਕਲਿਆ "ਸੱਚੇ ਪਾਤਸ਼ਾਹ! ਭਲੀ ਕਰੀਂ, ਮੈਂ ਕਰਮਾਂ ਮਾਰਿਆ ਤਾਂ ਮਾਂ ਦੀ ਅਰਥੀ ਨੂੰ ਮੋਢਾ ਦੇਣ ਜੋਗਾ ਵੀ ਨਹੀਂ। ਦੂਜੇ ਦਿਨ ਹੀ ਕਿਵੇਂ ਨਾ ਕਿਵੇਂ ਉਸ ਦੇ ਪੇਂਡੂ ਮੁੰਡਿਆਂ ਦਾ ਉਸ ਕੋਲ ਸੁਨੇਹਾ ਆ ਗਿਆ ਕਿ "ਤੇਰੀ ਮਾਂ 'ਪੂਰੀ' ਹੋ ਗਈ ਹੈ।" ਥੋੜ੍ਹੇ ਦਿਨਾਂ ਬਾਦ ਹੀ ਬਾਪੂ ਦੇ ਜਹਾਨੋਂ ਕੂਚ ਕਰ ਜਾਣ ਦੀ ਖ਼ਬਰ ਵੀ ਸ਼ਿੰਦੇ ਨੂੰ ਮੁਰਦਿਆਂ ਵਰਗਾ ਕਰ ਗਈ ਸੀ। ਬੇਵੱਸ ਹੋਇਆ ਸ਼ਿੰਦਾ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਜਿਵੇਂ ਖੰਭਾਂ ਤੋਂ ਬਿਨਾਂ ਕਿਸੇ ਬੋਟ ਨੂੰ ਕਿਸੇ ਸ਼ਿਕਾਰੀ ਨੇ ਬੇਰਹਿਮ ਹੋ ਕੇ ਨਿਸ਼ਾਨਾ ਮਾਰਿਆ ਹੋਵੇ।
ਜੇਲ੍ਹ ਦੀ ਚਾਰ ਦੀਵਾਰੀ 'ਚ ਬੇਵੱਸ ਸ਼ਿੰਦੇ ਨੂੰ ਮਾਂ ਪਿਓ ਦਾ ਵਿਛੋੜਾ, ਤੇ ਛੋਟੀ ਭੈਣ ਦੀਆਂ ਤੋਤਲੀਆਂ ਗੱਲਾਂ ਧੁਰ ਅੰਦਰੋਂ ਹਿਲਾ ਧਰਦੀਆਂ। ਕਈ ਵਾਰ ਓਹ ਆਪ ਮੁਹਾਰੇ ਹੀ ਕਮਲਿਆਂ ਵਾਂਗ ਕਹਿ ਉੱਠਦਾ "ਵਾਹਿਗੁਰੂ ਰਹਿਮ ਕਰ, ਸੁਣਿਐ ਤੇਰੇ ਦਰ ਤੋਂ ਖਾਲੀ ਝੋਲੀਆਂ ਵਿੱਚ ਵੀ ਖੈਰ ਪੈਂਦੀ ਹੈ ਪਰ ਮੇਰੇ ਨਾਲ ਕੀ ਵੈਰ ਹੈ ਕਿ ਭਰੀ ਭਰਾਈ ਝੋਲੀ ਖਾਲੀ ਕਰੀ ਜਾ ਰਿਹੈਂ?" ਸਮਾਂ ਪੈਣ 'ਤੇ ਕੀਤੀਆਂ ਅਰਦਾਸਾਂ ਰੰਗ ਲਿਆਉਣ ਲੱਗੀਆਂ। ਉਸ ਦੇ ਹੋਰ ਜੇਹਲੀ ਸਾਥੀਆਂ ਨੇ ਉਸ ਦੀਆਂ ਰੋਜ਼ਾਨਾ ਹਰਕਤਾਂ ਨੂੰ ਦੇਖਦਿਆਂ ਜੇਲ੍ਹ ਅਧਿਕਾਰੀ ਨੂੰ ਦੱਸਿਆ। ਜੇਲ੍ਹ 'ਚ ਲੱਗੇ ਕੈਮਰਿਆਂ ਨੂੰ ਜਾਂਚਦਿਆਂ ਜੇਲ੍ਹ ਅਮਲੇ ਨੇ ਕੋਰਟ ਰਾਹੀਂ ਫੈਸਲਾ ਲਿਆ ਕਿ ਉਸਨੂੰ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਵਾਪਸ ਭੇਜ ਦਿੱਤਾ ਜਾਵੇ। ਇਸ ਫੈਸਲੇ ਦੀਆਂ ਕਾਪੀਆਂ ਸੰਬੰਧਤ ਅਮਲੇ ਨੂੰ ਵੀ ਭੇਜ ਦਿੱਤੀਆਂ ਗਈਆਂ। ਜਾਣ ਦਾ ਸਮਾਂ ਮੁਕੱਰਰ ਹੋ ਗਿਆ। ਪੇਂਡੂ ਮੁੰਡੇ ਮੁਲਾਕਾਤ ਲਈ ਆਏ ਤੇ ਪੁੱਛਣ ਲੱਗੇ ਕਿ "ਬੇਸ਼ੱਕ ਡਾਹਢੇ ਅੱਗੇ ਜ਼ੋਰ ਨਹੀਂ ਚੱਲਦਾ ਪਰ ਅਸੀਂ ਤੇਰੇ ਲਈ ਕੀ ਕਰ ਸਕਦੇ ਹਾਂ?" ਕੁਝ ਚਿਰ ਚੁੱਪ ਰਹਿਣ ਤੋਂ ਬਾਦ ਉਸਨੂੰ ਛੋਟੀ ਭੈਣ ਨਾਲ ਕੀਤਾ ਵਾਅਦਾ ਯਾਦ ਆਇਆ। ਲੰਮਾ ਹਾਉਕਾ ਲੈਂਦਿਆਂ ਸ਼ਿੰਦੇ ਨੇ ਕਿਹਾ, "ਭਰਾਵੋ, ਇੱਕ ਲਾਲ ਸੂਟ ਤੇ ਇੱਕ ਲਾਲ ਚੂੜਾ ਲਿਆ ਦਿਓ।" ਦੋਸਤਾਂ ਨੇ ਸਮਾਨ ਦੇ ਨਾਲ ਨਾਲ ਕੁਝ ਕਰੰਸੀ ਨੋਟ ਦੇ ਕੇ ਸ਼ਿੰਦੇ ਨੂੰ ਅਲਵਿਦਾ ਆਖੀ।
ਹੀਥਰੋ ਤੋਂ ਘਰ ਤੱਕ ਉਸਨੂੰ ਸਖਤ ਪਹਿਰੇ 'ਚ ਪਹੁੰਚਾਇਆ ਗਿਆ। ਘਰ ਪਹੁੰਚ ਕੇ ਕੀ ਦੇਖਦਾ ਹੈ ਕਿ ਆਂਢ-ਗੁਆਂਢ ਦੀਆਂ ਔਰਤਾਂ ਉਸਦੇ ਘਰ ਚਿੱਟੀਆਂ ਚੁੰਨੀਆਂ ਲਈ ਬੈਠੀਆਂ ਸਨ। ਪੁੱਛਣ 'ਤੇ ਪਤਾ ਲੱਗਾ ਕਿ ਕੱਲ੍ਹ ਉਸਦੀ ਭੈਣ ਨੇ ਖੂਹ 'ਚ ਛਾਲ ਮਾਰ ਦਿੱਤੀ ਸੀ। ਸੇਠ ਦੇ ਵਹਿਸ਼ੀ ਦਰਿੰਦਿਆਂ ਨੇ ਉਸਦੀ ਪੱਤ ਲੁੱਟ ਲਈ ਸੀ, ਇਸ ਘਟਨਾ ਦੀ ਬਦਨਾਮੀ ਨਾ ਸਹਾਰਦਿਆਂ ਉਸਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਸ਼ਿੰਦਾ ਵਾਹੋ ਦਾਹੀ ਆਪਣੀ ਭੈਣ ਦੀ ਚਿਖਾ ਕੋਲ ਪਹੁੰਚਿਆ। ਚਿਖਾ ਤੋੜਦਿਆਂ ਭੈਣ ਦਾ ਸਿਰ ਆਪਣੀ ਗੋਦੀ 'ਚ ਰੱਖ ਪਾਗਲਾਂ ਵਾਂਗ ਗੱਲਾਂ ਕਰ ਰਿਹਾ ਸੀ। ਸ਼ਿੰਦੇ ਦਾ ਵਿਰਲਾਪ ਧਰਤੀ ਅਸਮਾਨ ਨੂੰ ਵੀ ਕੰਬਣੀ ਛੇੜ ਰਿਹਾ ਸੀ। "ਰਾਣੀ ਉੱਠ, ਦੇਖ ਤੇਰਾ ਵੀਰਾ ਤੇਰੇ ਲਈ ਲਾਲ ਸੂਟ ਤੇ ਲਾਲ ਚੂੜਾ ਲੈ ਕੇ ਆਇਐ।" ਐਸਾ ਕਰੁਣਾਮਈ ਵਿਰਲਾਪ ਸੀ ਕਿ ਸ਼ਿੰਦਾ ਬੇਹੋਸ਼ ਹੋ ਗਿਆ ਸੀ। ਸੁਰਤ ਆਉਣ Ḕਤੇ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਹੁਣ ਉਹ ਕਿੱਥੇ ਜਾਵੇ? ਕਿਉਂਕਿ ਉਸਦੀ ਮੰਜ਼ਿਲ ਖਤਮ ਜੋ ਹੋ ਚੁੱਕੀ ਸੀ।

No comments:

Post a Comment