ਦ੍ਰਿਸ਼ਟੀਕੋਣ (31)-ਜਤਿੰਦਰ ਪਨੂੰ

ਬੰਦੇ ਦੀ ਯੋਗਤਾ-ਅਯੋਗਤਾ ਨਹੀਂ, ਲੀਡਰ ਵੱਲ ਭਰੋਸੇਮੰਦਗੀ ਵੱਡਾ ਪੈਮਾਨਾ ਹੈ ਭਾਰਤੀ ਰਾਜਨੀਤੀ ਦਾ
ਜਦੋਂ ਹਾਲੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਤੀਜਾ ਸਾਲ ਸ਼ੁਰੂ ਹੋਇਆ ਸੀ, ਓਦੋਂ ਇੱਕ ਅਹਿਮ ਮੁਕੱਦਮੇ ਵਿੱਚ ਇਹ ਸਰਕਾਰ ਅਦਾਲਤ ਵਿੱਚ ਹਾਰ ਗਈ। ਕੇਸ ਉਸ ਕਾਨੂੰਨੀ ਅਹਿਲਕਾਰ ਦੀ
ਗਲਤੀ ਨਾਲ ਹਾਰਿਆ ਸੀ, ਜਿਹੜਾ ਪਹਿਲਾਂ ਵੀ ਦੋ ਕੇਸਾਂ ਦਾ ਭੱਠਾ ਬਿਠਾ ਚੁੱਕਾ ਸੀ। ਜਿਵੇਂ ਕਿ ਆਮ ਹੁੰਦਾ ਹੈ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਵੀ ਏਦਾਂ ਦੇ ਜੀ-ਹਜ਼ੂਰੀਆਂ ਦੀ ਘਾਟ ਨਹੀਂ, ਜਿਹੜੇ ਆਪਣੇ ਵਰਗੇ ਹੋਰਨਾਂ ਦੇ ਪੈਰ ਮਿੱਧ ਕੇ ਅੱਗੇ ਲੰਘਣ ਲਈ ਢੁਕਵੇਂ ਮੌਕੇ ਦੀ ਤਾੜ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਜਾ ਕੇ ਮੁੱਖ ਮੰਤਰੀ ਦੇ ਕੰਨਾਂ ਕੋਲ ਭੀਂ-ਭੀਂ ਕੀਤੀ ਕਿ 'ਇਹ ਬੰਦਾ ਕੰਮ ਦਾ ਨਹੀਂ, ਤੁਹਾਡੀ ਪੁਜ਼ੀਸ਼ਨ ਖਰਾਬ ਕਰਵਾ ਰਿਹਾ ਹੈ, ਇਸ ਦਾ ਕੋਈ ਬਦਲ ਲੱਭਣਾ ਚਾਹੀਦਾ ਹੈ।' ਅੱਧੀ ਸਦੀ ਨਾਲੋਂ ਵੱਧ ਰਾਜਨੀਤੀ ਵਿੱਚ ਰਹਿ ਕੇ ਕਈ ਪੱਤਣਾਂ ਨੂੰ ਤਰ ਚੁੱਕੇ ਬਾਦਲ ਨੇ ਹੱਸ ਕੇ ਕਿਹਾ: 'ਚਿੰਤਾ ਦੀ ਗੱਲ ਕੋਈ ਨਹੀਂ, ਜੇ ਉਹ ਤਿੰਨ ਕੇਸ ਹਾਰ ਗਿਆ ਹੈ ਤਾਂ ਚੌਥਾ ਜਿੱਤ ਜਾਵੇਗਾ, ਪਰ ਉਸ ਦੀ ਵਫ਼ਾਦਾਰੀ ਉੱਤੇ ਕਿੰਤੂ ਕੋਈ ਨਹੀਂ ਕਰ ਸਕਦਾ।' ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਹੁੰਦੀਆਂ ਹਨ, ਨਾ ਉਹ ਕਿਸੇ ਬੰਦੇ ਦੀ ਕਾਰਗੁਜ਼ਾਰੀ ਨੂੰ ਵੇਖਦੇ ਹਨ, ਨਾ ਉਸ ਦੇ ਨਿੱਜੀ ਨੁਕਸਾਂ ਅਤੇ ਥਿੜਕਣਾਂ ਨੂੰ, ਆਪਣੇ ਨਾਲ ਨਿੱਜੀ ਵਫ਼ਾਦਾਰੀ ਹੀ ਸਭ ਤੋਂ ਵੱਡਾ ਪੈਮਾਨਾ ਹੁੰਦੀ ਹੈ।
ਇਹੋ ਗੱਲ ਸਾਨੂੰ ਹੁਣ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਪਲਾਨੀਅੱਪਨ ਚਿਦੰਬਰਮ ਦੇ ਸੰਬੰਧ ਵਿੱਚ ਕਹਿਣੀ ਪੈ ਰਹੀ ਹੈ, ਜਿਸ ਨੇ ਲੋੜੀਂਦੇ ਵਿਅਕਤੀਆਂ ਦੀ ਸੂਚੀ ਪਾਕਿਸਤਾਨ ਨੂੰ ਭੇਜਣ ਦੇ ਮਾਮਲੇ ਵਿੱਚ ਮੁਲਕ ਦਾ ਜਲੂਸ ਕੱਢਵਾ ਕੇ ਰੱਖ ਦਿੱਤਾ ਹੈ। ਰਾਜੀਵ ਗਾਂਧੀ ਦੀ ਸਰਕਾਰ ਵੇਲੇ ਉਹ ਭਾਰਤ ਦੀ ਅੰਦਰੂਨੀ ਸੁਰੱਖਿਆ ਦੇ ਰਾਜ ਮੰਤਰੀ ਦੇ ਤੌਰ 'ਤੇ ਉੱਭਰਿਆ ਸੀ ਤੇ ਬਾਅਦ ਦੀਆਂ ਕਾਂਗਰਸੀ ਅਤੇ ਗੈਰ-ਕਾਂਗਰਸੀ ਸਰਕਾਰਾਂ ਦੌਰਾਨ ਖ਼ਜ਼ਾਨੇ ਦੇ ਮਾਮਲੇ ਵਿੱਚ 'ਦੂਜਾ ਮਨਮੋਹਨ ਸਿੰਘ' ਗਿਣਿਆ ਜਾਣ ਲੱਗ ਪਿਆ ਸੀ। ਫ਼ਰਕ ਬੱਸ ਏਨਾ ਸੀ ਕਿ ਮਨਮੋਹਨ ਸਿੰਘ ਨੇ ਨਾ ਕਦੇ ਪਾਰਟੀ ਛੱਡੀ, ਨਾ ਕਦੇ ਕਿਸੇ ਇਹੋ ਜਿਹੀ ਕੋਤਾਹੀ ਜਾਂ ਵਿਵਾਦ ਵਿੱਚ ਫਸਿਆ, ਜਿਹੋ ਜਿਹੀਆਂ ਗੱਲਾਂ ਵਿੱਚ ਚਿਦੰਬਰਮ ਫਸਿਆ ਰਹਿੰਦਾ ਹੈ, ਪਰ ਦੋਵਾਂ ਦੀ ਨੇੜਤਾ ਸਦਾ ਰਹੀ ਹੈ। ਉਹ ਦੋਵੇਂ ਇਸ ਵਕਤ ਦੇ ਭਾਰਤ ਦੇ ਰਾਜ-ਦਰਬਾਰ ਦੀ 'ਅਸਲ ਮੁਖੀ' ਸੋਨੀਆ ਗਾਂਧੀ ਦੇ ਨਿੱਜੀ ਭਰੋਸੇਮੰਦ ਮੰਨੇ ਜਾਣ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰਲੇ ਤਿੰਨਾਂ ਵਿੱਚ ਆਉਂਦੇ ਹਨ। ਤੀਜਾ ਬੰਦਾ ਪ੍ਰਣਬ ਮੁਕਰਜੀ ਹੈ, ਜਿਸ ਨੂੰ ਸੋਨੀਆ ਗਾਂਧੀ ਦੇ ਮਰਹੂਮ ਪਤੀ ਨੇ ਕਦੇ ਨੇੜੇ ਨਹੀਂ ਸੀ ਲੱਗਣ ਦਿੱਤਾ। ਜੇ ਉਸ ਨੂੰ ਇੰਦਰਾ ਗਾਂਧੀ ਦੀ ਮੌਤ ਮਗਰੋਂ ਰਾਜੀਵ ਗਾਂਧੀ ਦਾ ਸ਼ਰੀਕ ਬਣਾ ਕੇ ਪੇਸ਼ ਨਾ ਕੀਤਾ ਜਾਂਦਾ ਤਾਂ ਜਿੰਨਾ ਉਹ ਸਿਆਸੀ ਪੱਖੋਂ ਪ੍ਰਪੱਕ ਅਤੇ ਇਨ੍ਹਾਂ ਦੋਵਾਂ ਵਾਲੇ ਗੁਣਾਂ ਵਿੱਚ ਵੀ ਗਿਆਨਵਾਨ ਹੈ, ਸ਼ਾਇਦ ਹੁਣ ਪ੍ਰਧਾਨ ਮੰਤਰੀ ਵੀ ਓਸੇ ਨੇ ਹੋਣਾ ਸੀ।
ਸਾਡੇ ਸਾਹਮਣੇ ਇਸ ਵੇਲੇ ਸਵਾਲ ਇਹ ਨਹੀਂ ਕਿ ਸੋਨੀਆ ਗਾਂਧੀ ਦੇ ਭਰੋਸੇਮੰਦ ਕਿਹੜੇ ਹਨ, ਸਗੋਂ ਇਹ ਹੈ ਕਿ ਇੱਕ 'ਭਰੋਸੇਮੰਦ' ਪੀæ ਚਿਦੰਬਰਮ ਨੇ ਮੁਲਕ ਦਾ ਜਲੂਸ ਕੱਢਵਾ ਦਿੱਤਾ ਹੈ। ਲੋੜੀਂਦੇ ਵਿਅਕਤੀਆਂ ਦੀ ਤਾਜ਼ਾ ਸੂਚੀ ਪਾਕਿਸਤਾਨ ਨੂੰ ਭੇਜਣ ਸਮੇਂ ਗਲਤੀ ਭਾਵੇਂ ਅਧਿਕਾਰੀਆਂ ਦੇ ਪੱਧਰ ਉੱਤੇ ਹੋਈ ਹੋਵੇ, ਪਰ ਇਸ ਦੇਸ਼ ਵਿੱਚ ਇੱਕੋ ਪੱਧਰ ਦਾ ਪ੍ਰਬੰਧ ਨਹੀਂ, ਕਈ ਤਹਿਆਂ ਹਨ। ਕਿਸੇ ਦੂਜੇ ਦੇਸ਼ ਵੱਲ ਇਹੋ ਜਿਹੀ ਸੂਚੀ ਭੇਜਣ ਤੋਂ ਪਹਿਲਾਂ ਸਾਰੀਆਂ ਸੰਬੰਧਤ ਏਜੰਸੀਆਂ ਤੋਂ ਰਿਪੋਰਟ ਲੈ ਕੇ ਭੇਜਣੀ ਚਾਹੀਦੀ ਸੀ, ਤਾਂ ਕਿ ਕੋਈ ਗਲਤੀ ਨਾ ਹੋਵੇ ਤੇ ਜੇ ਫਿਰ ਵੀ ਉਨ੍ਹਾਂ ਏਜੰਸੀਆਂ ਨੇ ਠੀਕ ਰਿਪੋਰਟ ਨਹੀਂ ਦਿੱਤੀ ਤਾਂ ਉਨ੍ਹਾਂ ਦੇ ਮੁਖੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਜਿਹੜੀ ਨਹੀਂ ਕੀਤੀ ਗਈ। ਕਾਰਨ ਏਥੇ ਵੀ ਓਹੋ ਜਾਪਦਾ ਹੈ, ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਮਾਮਲੇ ਵਿੱਚ ਸੀ। ਚਿਦੰਬਰਮ ਨੂੰ ਆਪਣੀਆਂ ਏਜੰਸੀਆਂ ਦੇ ਮੁਖੀਆਂ ਬਾਰੇ ਭਰੋਸਾ ਹੈ ਕਿ ਜੇ ਉਨ੍ਹਾਂ ਨੇ ਇੱਕ ਵਾਰੀ ਬੇਇੱਜ਼ਤੀ ਕਰਵਾ ਵੀ ਦਿੱਤੀ ਹੈ ਤਾਂ ਕੋਈ ਗੱਲ ਨਹੀਂ, ਬੰਦੇ ਉਹ ਪੱਕੇ ਵਫ਼ਾਦਾਰ ਹਨ, ਅਤੇ ਏਦਾਂ ਦਾ ਭਰੋਸਾ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਵੀ ਚਿਦੰਬਰਮ ਬਾਰੇ ਹੋਵੇਗਾ। ਕੀ ਇਹ ਮੁਲਕ ਭਰੋਸੇਮੰਦਾਂ ਦੇ ਐਬ ਢੱਕਣ ਜੋਗਾ ਹੋ ਕੇ ਰਹਿ ਗਿਆ ਹੈ?
ਕਿਸੇ ਵੀ ਹੋਰ ਬੰਦੇ ਦੀ ਗੱਲ ਕਰਨ ਤੋਂ ਪਹਿਲਾਂ ਏਸੇ ਮਹੱਤਵ ਪੂਰਨ ਮੰਤਰੀ ਬਾਰੇ ਕੁਝ ਪਿਛਲੇ ਅਹਿਮ ਤੱਥ ਵੀ ਜਾਣ ਲੈਣੇ ਦਿਲਸਚਪ ਰਹਿਣਗੇ।
ਲੋਕ ਹੁਣ ਭੁੱਲ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਵਕਤ ਮਹਾਂਰਾਸ਼ਟਰ ਵਿੱਚ ਇੱਕ ਅਮਰੀਕੀ ਕੰਪਨੀ 'ਐਨਰਾਨ' ਇੱਕ ਬਿਜਲੀ ਪ੍ਰਾਜੈਕਟ ਲਾਉਣਾ ਚਾਹੁੰਦੀ ਸੀ ਅਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਦੋਸ਼ ਲਾ ਰਹੀਆਂ ਸਨ ਕਿ ਇਸ ਪ੍ਰਾਜੈਕਟ ਦੀ ਮਨਜ਼ੂਰੀ ਮੋਟੀ ਮਾਇਆ ਲੈ ਕੇ ਦਿੱਤੀ ਜਾ ਰਹੀ ਹੈ। ਨਰਸਿਮਹਾ ਰਾਓ ਨੂੰ ਇਹ ਮਨਜ਼ੂਰੀ ਮਜਬੂਰ ਹੋ ਕੇ ਰੋਕਣੀ ਪੈ ਗਈ, ਪਰ ਜਦੋਂ ਸਿਰਫ ਤੇਰਾਂ ਦਿਨਾਂ ਲਈ ਪਹਿਲੀ ਵਾਰੀ ਵਾਜਪਾਈ ਸਰਕਾਰ ਬਣੀ, ਉਸ ਨੇ ਇਨ੍ਹਾਂ ਤੇਰਾਂ ਦਿਨਾਂ ਵਿੱਚ ਹੀ ਉਸ ਪ੍ਰਾਜੈਕਟ ਦੀ ਮਨਜ਼ੂਰੀ ਦੇ ਦਿੱਤੀ ਸੀ। ਜਿਸ ਪ੍ਰਾਜੈਕਟ ਦੀ ਮਨਜ਼ੂਰੀ ਬਾਰੇ ਉਹ ਆਪ ਕਹਿੰਦੇ ਸਨ ਕਿ ਇਸ ਪਿੱਛੇ ਪੈਸੇ ਦਾ ਲੈਣ-ਦੇਣ ਹੈ, ਉਹ ਪ੍ਰਾਜੈਕਟ ਉਨ੍ਹਾਂ ਨੇ ਆਪ ਵੀ ਮੁਫ਼ਤ ਵਿੱਚ ਪਾਸ ਨਹੀਂ ਕੀਤਾ ਹੋਣਾ। ਫਿਰ ਉਹ ਕੰਪਨੀ ਅਮਰੀਕਾ ਵਿੱਚ ਦੀਵਾਲੀਆ ਹੋ ਗਈ ਤੇ ਲੋਕਾਂ ਦਾ ਪੈਸਾ ਮਾਰਿਆ ਗਿਆ ਸੀ। ਚਿਦੰਬਰਮ ਸਾਹਿਬ ਉਸ ਕੰਪਨੀ ਦੇ ਕਾਨੂੰਨੀ ਵਕੀਲ ਹੁੰਦੇ ਸਨ। ਇੱਕ ਹੋਰ ਵਿਦੇਸ਼ੀ ਕੰਪਨੀ ਬਰਤਾਨੀਆ ਦੀ 'ਵੇਦਾਂਤਾ ਰਿਸੋਰਸਿਜ਼' ਹੈ, ਜਿਸ ਵੱਲੋਂ ਕੀਤੀ ਜਾਂਦੀ ਖੁਦਾਈ ਕਈ ਵਾਰੀ ਵੱਡੇ ਵਿਵਾਦ ਦਾ ਵਿਸ਼ਾ ਬਣਦੀ ਰਹੀ ਹੈ ਤੇ ਚਿਦੰਬਰਮ ਉਸ ਕੰਪਨੀ ਦੇ ਡਾਇਰੈਕਟਰਾਂ ਵਾਲੇ ਬੋਰਡ ਵਿੱਚ ਵੀ ਰਹਿ ਚੁੱਕਾ ਹੈ। ਮੁੰਬਈ ਹਾਈ ਕੋਰਟ ਵਿੱਚ ਉਸ ਕੰਪਨੀ ਦੇ ਖਿਲਾਫ਼ ਚੱਲਦੇ ਕੇਸ ਵਿੱਚ ਉਹ 2003 ਤੱਕ ਵਕੀਲ ਦੇ ਫ਼ਰਜ਼ ਵੀ ਨਿਭਾਉਂਦਾ ਰਿਹਾ ਅਤੇ ਕਿਹਾ ਜਾਂਦਾ ਹੈ ਕਿ ਅਗਲੇ ਸਾਲ 2004 ਵਿੱਚ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਖਜ਼ਾਨਾ ਮੰਤਰੀ ਬਣਨ ਪਿੱਛੋਂ ਵੀ ਪੁਰਾਣੀ ਸਾਂਝ ਕਾਰਨ ਉਸ ਕੰਪਨੀ ਦਾ ਲਿਹਾਜ ਪਾਲਦਾ ਰਿਹਾ ਸੀ। ਏਦਾਂ ਦੇ ਦੋਸ਼ਾਂ ਦਾ ਉਸ ਨੇ ਕਦੀ ਜਵਾਬ ਹੀ ਨਹੀਂ ਦਿੱਤਾ, ਕਿਉਂਕਿ ਉਹ ਈਮਾਨਦਾਰ ਪ੍ਰਧਾਨ ਮੰਤਰੀ ਦਾ 'ਈਮਾਨਦਾਰ ਭਰੋਸੇਮੰਦ' ਮੰਤਰੀ ਹੈ।
ਇੱਕ ਹੋਰ ਮੌਕੇ ਚਿਦੰਬਰਮ ਨੇ ਸਾਂਝਾ ਮੋਰਚਾ ਸਰਕਾਰ ਵਿੱਚ ਖਜ਼ਾਨਾ ਮੰਤਰੀ ਹੁੰਦਿਆਂ ਕਾਲੀ ਕਮਾਈ ਆਪਣੇ ਆਪ ਦੱਸਣ ਵਾਲੇ ਬੇਈਮਾਨਾਂ ਲਈ ਟੈਕਸ ਅਤੇ ਹੋਰ ਛੋਟਾਂ ਦੀ ਸਕੀਮ ਚਲਾ ਦਿੱਤੀ ਸੀ। ਓਦੋਂ ਉਸ ਸਕੀਮ ਦੀ ਵੀ ਬੜੀ ਬਦਨਾਮੀ ਹੁੰਦੀ ਰਹੀ ਸੀ। ਜਿਵੇਂ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਮੌਜੂਦਾ ਸਰਕਾਰ ਦੇ ਸਾਬਕਾ ਮੰਤਰੀ ਏæ ਰਾਜਾ ਵਾਲੇ ਟੂ-ਜੀ ਸਪੈਕਟਰਮ ਘੋਟਾਲੇ ਬਾਰੇ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ, ਉਵੇਂ ਹੀ ਉਸ ਵਕਤ ਦੇ ਕੈਗ ਨੇ ਖਜ਼ਾਨੇ ਨੂੰ ਅਰਬਾਂ ਨਹੀਂ, ਖਰਬਾਂ ਰੁਪੈ ਦਾ ਨੁਕਸਾਨ ਪੁਚਾਉਣ ਲਈ ਚਿਦੰਬਰਮ ਦੀ ਨੁਕਤਾਚੀਨੀ ਵੀ ਕੀਤੀ ਸੀ। ਬਾਵਜੂਦ ਇਸ ਦੇ ਚਿਦੰਬਰਮ ਸਾਹਿਬ ਦਾ ਅਕਸ ਈਮਾਨਦਾਰ ਬੰਦੇ ਵਾਲਾ ਬਣਿਆ ਰਿਹਾ ਸੀ।
ਸਾਡੇ ਸਾਹਮਣੇ ਇਸ ਵਕਤ ਕਿਸੇ ਮੰਤਰੀ ਦੇ ਈਮਾਨਦਾਰ ਹੋਣ ਜਾਂ ਨਾ ਹੋਣ ਦਾ ਮੁੱਦਾ ਨਹੀਂ, ਸਗੋਂ ਇਹ ਹੈ ਕਿ ਉਸ ਨੇ ਆਪਣੇ ਫ਼ਰਜ਼ ਨਿਭਾਉਣ ਵਿੱਚ ਏਨੀ ਕੋਤਾਹੀ ਕੀਤੀ ਹੈ ਕਿ ਸੰਸਾਰ ਭਰ ਵਿੱਚ ਭਾਰਤ ਦੀ ਸਥਿਤੀ ਹਾਸੋਹੀਣੀ ਬਣਾ ਕੇ ਰੱਖ ਦਿੱਤੀ ਹੈ। ਇਸ ਮਾਮਲੇ ਵਿੱਚ ਚਿਦੰਬਰਮ ਪਹਿਲਾ ਮੰਤਰੀ ਨਹੀਂ, ਤੇ ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਉਹ ਆਖ਼ਰੀ ਵੀ ਨਹੀਂ ਹੋਵੇਗਾ, ਕਿਉਂਕਿ ਕੁਝ ਹੋਰ ਮਿਸਾਲਾਂ ਵੀ ਹਨ।
ਭਾਰਤ ਦਾ ਇੱਕ ਮੰਤਰੀ ਪ੍ਰਫੁਲ ਪਟੇਲ ਹੈ, ਜਿਸ ਦੀ ਦੁਨੀਆ ਭਰ ਵਿੱਚ ਧੁੰਮ ਪੈਂਦੀ ਹੈ ਕਿ ਉਹ ਏਅਰ ਇੰਡੀਆ ਨੂੰ ਡੋਬਣ ਦਾ ਕਾਰਨ ਬਣ ਰਿਹਾ ਹੈ। ਉਸ ਦੇ ਨਾਂਅ ਨਾਲ ਸਭ ਤੋਂ ਅਲੋਕਾਰ ਵਿਵਾਦ ਇਹ ਜੁੜਿਆ ਕਿ ਪਿਛਲੇ ਸਾਲ ਆਈ ਪੀ ਐੱਲ ਕ੍ਰਿਕਟ ਮੈਚਾਂ ਦੌਰਾਨ ਉਸ ਦੀ ਧੀ ਨੇ ਇੱਕ ਦਿਨ ਹਵਾਈ ਜਹਾਜ਼ ਦੇ ਮੁਸਾਫ਼ਰਾਂ ਨੂੰ ਦੋ ਘੰਟੇ ਦੇ ਸਫ਼ਰ ਦੀ ਥਾਂ ਦਸ ਘੰਟੇ ਤੋਂ ਵੱਧ ਹਵਾ ਵਿੱਚ ਝੂਟੇ ਦਿਵਾਏ ਸਨ। ਕਿਸੇ ਪਾਸੇ ਜਾ ਰਹੇ ਜਹਾਜ਼ ਨੂੰ ਉਹ ਕੁੜੀ ਰਾਹ ਵਿੱਚੋਂ ਮੋੜ ਕੇ ਕਿਸੇ ਹੋਰ ਸ਼ਹਿਰ ਵੱਲ ਲੈ ਗਈ। ਓਥੋਂ ਇੱਕ ਆਈ ਪੀ ਐੱਲ ਕ੍ਰਿਕਟ ਟੀਮ ਚੁੱਕੀ ਅਤੇ ਉਸ ਨੂੰ ਕਿਧਰੇ ਹੋਰ ਛੱਡਣ ਪਿੱਛੋਂ ਜਹਾਜ਼ ਨੂੰ ਉਸ ਦੀ ਮੁੱਢਲੀ ਉਡਾਣ ਵਾਲੇ ਟਿਕਾਣੇ ਵੱਲ ਜਾਣ ਦਿੱਤਾ। ਏਨਾ ਸਮਾਂ ਉਸ ਉਡਾਣ ਵਾਲੇ ਮੁਸਾਫ਼ਰ ਓਸੇ ਜਹਾਜ਼ ਵਿੱਚ ਸੀਟਾਂ ਉੱਤੇ ਪੇਟੀਆਂ ਕੱਸ ਕੇ ਬੈਠੇ ਰਹੇ। ਕਿਸੇ ਹੋਰ ਨੇ ਏਦਾਂ ਕੀਤਾ ਹੁੰਦਾ ਤਾਂ ਇਹ ਜਹਾਜ਼ ਨੂੰ ਅਗਵਾ ਕਰਨ ਦਾ ਮਾਮਲਾ ਹੋ ਸਕਦਾ ਸੀ, ਪਰ ਕਿਉਂਕਿ ਹਵਾਬਾਜ਼ੀ ਮੰਤਰੀ ਦੀ ਧੀ ਨੇ ਏਦਾਂ ਕੀਤਾ ਸੀ, ਜਿਹੜੀ ਆਈ ਪੀ ਐੱਲ ਕ੍ਰਿਕਟ ਨਾਲ ਜੁੜੀ ਹੋਈ ਸੀ, ਇਸ ਲਈ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ ਅਤੇ ਕਈ ਦਿਨ ਇਸ ਹਰਕਤ ਕਾਰਨ ਭਾਰਤ ਦੀ ਸਾਰੇ ਸੰਸਾਰ ਵਿੱਚ ਚਰਚਾ ਹੁੰਦੀ ਰਹੀ ਸੀ।
ਇਨ੍ਹਾਂ ਦੋਵਾਂ ਜਣਿਆਂ ਤੋਂ ਬਾਅਦ ਵਿਦੇਸ਼ ਮੰਤਰੀ ਕ੍ਰਿਸ਼ਨਾ ਦੀ ਗੱਲ ਕੀਤੀ ਜਾ ਸਕਦੀ ਹੈ। ਉਸ ਨੇ ਕਰਨਾਟਕਾ ਦਾ ਮੁੱਖ ਮੰਤਰੀ ਹੁੰਦਿਆਂ ਆਪਣਾ ਜਿੰਨਾ ਅਕਸ ਵਧੀਆ ਬਣਾਇਆ ਸੀ, ਓਨਾ ਕਿਸੇ ਵਿਰਲੇ ਦਾ ਹੀ ਬਣਦਾ ਹੈ। ਜਦੋਂ ਉਹ ਵਿਦੇਸ਼ ਮੰਤਰੀ ਬਣਿਆ, ਆਮ ਸਮਝ ਇਹ ਸੀ ਕਿ ਸਿਆਣਾ ਬੰਦਾ ਹੈ, ਵਾਹਵਾ ਸੋਚ ਕੇ ਚੱਲੇਗਾ, ਪਰ ਚੱਲਦਾ ਉਹ ਕਿੰਨਾ ਕੁ ਸੋਚ ਕੇ ਹੈ, ਇਸ ਦਾ ਪਤਾ ਯੂ ਐਨ ਜਨਰਲ ਅਸੈਂਬਲੀ ਦੇ ਪਿਛਲੇ ਅਜਲਾਸ ਮੌਕੇ ਲੱਗ ਗਿਆ। ਓਥੇ ਉਸ ਨੇ ਜਦੋਂ ਭਾਸ਼ਣ ਕਰਨਾ ਸੀ ਤਾਂ ਪਹਿਲਾ ਡੇਢ ਮਿੰਟ ਆਪਣੇ ਭਾਸ਼ਣ ਦੀ ਥਾਂ ਪੁਰਤਗਾਲ ਦੇ ਵਿਦੇਸ਼ ਮੰਤਰੀ ਦਾ ਉਹ ਭਾਸ਼ਣ ਪੜ੍ਹਦਾ ਗਿਆ, ਜਿਹੜਾ ਉਹ ਆਪ ਹਾਲੇ ਹੁਣੇ ਪੜ੍ਹ ਕੇ ਹਟਿਆ ਸੀ। ਹੋਇਆ ਇਹ ਕਿ ਪੁਰਤਗਾਲ ਵਾਲੇ ਵਿਦੇਸ਼ ਮੰਤਰੀ ਨੇ ਜਦੋਂ ਆਪਣਾ ਭਾਸ਼ਣ ਪੜ੍ਹਿਆ ਤਾਂ ਆਮ ਰਵਾਇਤ ਅਨੁਸਾਰ ਉਸ ਦੀ ਇੱਕ-ਇੱਕ ਨਕਲ ਸਾਰੇ ਹਾਜ਼ਰ ਲੋਕਾਂ ਵਿੱਚ ਵੰਡ ਦਿੱਤੀ ਗਈ। ਭਾਰਤ ਦੇ ਵਿਦੇਸ਼ ਮੰਤਰੀ ਨੇ ਉਹ ਕਾਗਜ਼ ਲਿਆ ਅਤੇ ਆਪਣੀ ਫ਼ਾਈਲ ਦੇ ਕਾਗਜ਼ਾਂ ਵਿੱਚ ਰੱਖ ਲਿਆ। ਜਦੋਂ ਕ੍ਰਿਸ਼ਨਾ ਦੇ ਆਪਣੇ ਨਾਂਅ ਦਾ ਐਲਾਨ ਕੀਤਾ ਗਿਆ ਤਾਂ ਉਸ ਨੇ ਓਹੋ ਕਾਗਜ਼ ਚੁੱਕ ਕੇ ਪੜ੍ਹਨਾ ਸ਼ੁਰੂ ਕਰ ਦਿਤਾ। ਭਾਰਤ ਦੇ ਪੱਕੇ ਦੂਤ ਨੇ ਜਾ ਕੇ ਵਿੱਚੋਂ ਟੋਕ ਕੇ ਦੱਸਿਆ ਕਿ ਇਹ ਕਾਗਜ਼ ਆਪਣਾ ਨਹੀਂ, ਨਾਲੇ ਆਪਣੇ ਭਾਸ਼ਣ ਦਾ ਕਾਗਜ਼ ਉਸ ਦੇ ਹੱਥ ਫੜਾਇਆ ਤਾਂ ਡੌਰ-ਭੌਰ ਹੋਏ ਵਿਦੇਸ਼ ਮੰਤਰੀ ਕ੍ਰਿਸ਼ਨਾ ਨੇ ਜਿਵੇਂ ਉਹ ਭਾਸ਼ਣ ਪੜ੍ਹਿਆ, ਸਾਰੀ ਦੁਨੀਆ ਦੇ ਮੀਡੀਏ ਵਿੱਚ ਕਈ ਦਿਨ ਇਸ ਦੀ ਵੀ ਚਰਚਾ ਹੁੰਦੀ ਰਹੀ ਸੀ।
ਜੋ ਕੁਝ ਅਸੀਂ ਇਸ ਸਰਕਾਰ ਦੇ ਅਹਿਲਕਾਰਾਂ ਬਾਰੇ ਦੱਸਿਆ ਹੈ, ਉਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਸਾਰਾ ਨੁਕਸ ਏਸੇ ਸਰਕਾਰ ਵਾਲਿਆਂ ਵਿੱਚ ਹੈ ਤੇ ਬਾਕੀ ਠੀਕ ਹਨ। ਪਿਛਲੀ ਵਾਜਪਾਈ ਸਰਕਾਰ ਵੇਲੇ ਵੀ ਇਹੋ ਜਿਹੇ ਕਈ ਮੌਕੇ ਆਏ ਸਨ, ਜਿਨ੍ਹਾਂ ਦੀ ਚਰਚਾ ਓਦੋਂ ਹੁੰਦੀ ਰਹੀ ਸੀ, ਅੱਜ ਇਸ ਕਰ ਕੇ ਨਹੀਂ ਹੁੰਦੀ ਕਿ ਇਸ ਨੂੰ 'ਲੰਘ ਗਏ ਸੱਪ ਦੀ ਲਕੀਰ ਕੁੱਟਣਾ' ਕਿਹਾ ਜਾਵੇਗਾ। ਜੇ ਕੋਈ ਗੱਲ ਚਰਚਾ ਹੇਠ ਲਿਆਉਣੀ ਹੋਵੇ ਤਾਂ ਉਹ ਰਾਜਨੀਤਕ ਇਖਲਾਕ ਦੀ ਲਿਆਂਦੀ ਜਾ ਸਕਦੀ ਹੈ। ਜਿੱਥੋਂ ਤੱਕ ਰਾਜਨੀਤਕ ਇਖਲਾਕ ਦਾ ਸਵਾਲ ਹੈ, ਜੇ ਚਿਦੰਬਰਮ ਨੇ ਕਈ ਵਿਵਾਦ ਵਾਲੇ ਮਾਮਲਿਆਂ ਵਿੱਚ ਕੰਪਨੀਆਂ ਨਾਲ ਸਾਂਝ ਪਾਈ ਜਾਂ ਵਕੀਲ ਵਜੋਂ ਉਨ੍ਹਾਂ ਲਈ ਪੇਸ਼ ਹੋਏ ਹਨ ਤਾਂ ਇਹ ਮਿਸਾਲਾਂ ਭਾਰਤੀ ਜਨਤਾ ਪਾਰਟੀ ਵਿੱਚ ਵੀ ਮਿਲ ਜਾਂਦੀਆਂ ਹਨ।
ਸਭ ਤੋਂ ਵੱਡੀ ਮਿਸਾਲ ਤਾਂ ਭਾਰਤੀ ਜਨਤਾ ਪਾਰਟੀ ਦਾ ਅੱਜ ਦਾ ਪਾਰਲੀਮੈਂਟ ਮੈਂਬਰ ਰਾਮ ਜੇਠਮਲਾਨੀ ਹੀ ਹੈ। ਟੂ-ਜੀ ਸਪੈਕਟਰਮ ਦੇ ਘੋਟਾਲੇ ਵਿਰੁੱਧ ਸਾਬਕਾ ਮੰਤਰੀ ਏæ ਰਾਜਾ ਅਤੇ ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਬੇਟੀ ਕਨੀਮੋਈ ਦੇ ਵਿਰੁੱਧ ਭਾਜਪਾ ਵਾਲੇ ਦੁਹਾਈ ਚੁੱਕ ਰਹੇ ਹਨ ਤੇ ਉਨ੍ਹਾਂ ਦਾ ਇਹੋ ਐਮ ਪੀ ਇੱਕ ਵਕੀਲ ਵਜੋਂ ਅਦਾਲਤ ਵਿੱਚ ਜਾ ਕੇ ਕਨੀਮੋਈ ਲਈ ਪੇਸ਼ ਹੋ ਕੇ ਉਸ ਨੂੰ ਬੇਗੁਨਾਹ ਕਹਿੰਦਾ ਹੈ। ਛੱਤੀਸਗੜ੍ਹ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਅਮਿਤ ਜੋਗੀ ਦੇ ਖਿਲਾਫ ਕਤਲ ਦਾ ਮਾਮਲਾ ਭਾਜਪਾ ਆਗੂਆਂ ਨੇ ਹੀ ਚੁੱਕਿਆ ਸੀ, ਪਰ ਅਦਾਲਤ ਵਿੱਚ ਉਸ ਦਾ ਵਕੀਲ ਵੀ ਭਾਜਪਾ ਦਾ ਇਹੋ ਐਮ ਪੀ ਬਣਿਆ ਸੀ। ਦਿੱਲੀ ਦੇ ਬਹੁ-ਚਰਚਿਤ ਜੈਸਿਕਾ ਲਾਲ ਕਤਲ ਕੇਸ ਵਿੱਚ ਬੜੇ ਬਦਨਾਮ ਕਾਤਲ ਮਨੂੰ ਸ਼ਰਮਾ, ਜੋ ਕਾਂਗਰਸੀ ਮੰਤਰੀ ਦਾ ਪੁੱਤਰ ਸੀ, ਦਾ ਵਕੀਲ ਵੀ ਇਹੋ ਸੀ ਅਤੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਵਕਤ ਜਿਹੜੇ ਵੱਡੇ ਫ਼ਰਾਡੀਏ ਹਰਸ਼ਦ ਮਹਿਤਾ ਨੂੰ ਘੇਰਿਆ ਗਿਆ ਸੀ, ਉਸ ਦਾ ਵਕੀਲ ਵੀ ਇਹੋ ਬਣਿਆ ਸੀ, ਜਦ ਕਿ ਭਾਜਪਾ ਉਸ ਦੇ ਵਿਰੁੱਧ ਸਖਤੀ ਦੀ ਮੰਗ ਕਰ ਰਹੀ ਸੀ। ਹੋਰ ਤਾਂ ਹੋਰ, ਭਾਜਪਾ ਦੁਹਾਈ ਦੇਂਦੀ ਹੈ ਕਿ ਅਫ਼ਜ਼ਲ ਗੁਰੂ ਨੂੰ ਪਾਰਲੀਮੈਂਟ ਉੱਤੇ ਹਮਲੇ ਦੇ ਦੋਸ਼ ਵਿੱਚ ਫ਼ਾਂਸੀ ਦੀ ਸਜ਼ਾ ਮਿਲੀ ਹੋਈ ਹੈ, ਉਸ ਨੂੰ ਕਾਂਗਰਸ ਟੰਗਦੀ ਕਿਉਂ ਨਹੀਂ? ਪਾਰਟੀ ਦੇ ਬੜਬੋਲੇ ਪ੍ਰਧਾਨ ਨਿਤਿਨ ਗਡਕਰੀ ਨੇ ਇਹ ਵੀ ਕਹਿ ਦਿੱਤਾ ਸੀ: 'ਕਿਆ ਅਫ਼ਜ਼ਲ ਗੁਰੂ ਕਾਂਗਰਸ ਵਾਲੋਂ ਕਾ ਜਮਾਈ ਲਗਤਾ ਹੈ, ਕਿਆ ਇਨ ਲੋਗੋਂ ਨੇ ਉਸ ਕੋ ਅਪਨੀ ਬੇਟੀ ਬਿਆਹ ਰੱਖੀ ਹੈ?' ਉਸ ਅਫ਼ਜ਼ਲ ਗੁਰੂ ਦਾ ਕੇਸ ਵੀ ਭਾਜਪਾ ਵਾਲਾ ਇਹੋ ਐਮ ਪੀ ਵੱਖਰੇ ਰੰਗ ਵਿੱਚ ਲੈ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਉਹ ਪਾਰਟੀ ਦੀ ਲਾਈਨ ਅਨੁਸਾਰ ਨਹੀਂ ਚੱਲ ਰਿਹਾ, ਪਰ ਪਾਰਟੀ ਦੇ ਅੰਦਰ ਹੈ, ਕਿਉਂਕਿ ਉਹ ਕੁਝ ਖਾਸ ਲੋਕਾਂ ਦਾ ਭਰੋਸੇਮੰਦ ਹੈ। ਉਹ ਖਾਸ ਕਿਹੜੇ ਹਨ? ਇਹ ਗੱਲ ਮੰਨਦਾ ਤਾਂ ਕੋਈ ਨਹੀਂ ਹੁੰਦਾ, ਸਿਰਫ਼ ਅੰਦਾਜ਼ੇ ਲਾਉਣੇ ਪੈਂਦੇ ਹਨ ਤੇ ਅੰਦਾਜ਼ਾ ਲਾਉਣ ਲਈ ਇਹ ਗੱਲ ਕਾਫ਼ੀ ਹੈ ਕਿ ਉਸ ਨੂੰ ਲਾਲ ਕ੍ਰਿਸ਼ਨ ਅਡਵਾਨੀ ਦੇ ਕਹਿਣ ਉੱਤੇ ਵਾਜਪਾਈ ਸਰਕਾਰ ਦਾ ਮੰਤਰੀ ਬਣਾਇਆ ਗਿਆ ਸੀ, ਪਰ ਜਦੋਂ ਉਸ ਨੇ ਵਜ਼ੀਰੀ ਛੱਡੀ, ਓਸੇ ਪ੍ਰਧਾਨ ਮੰਤਰੀ ਵਾਜਪਾਈ ਦੇ ਮੁਕਾਬਲੇ ਲਖਨਊ ਤੋਂ ਪਾਰਲੀਮੈਂਟ ਚੋਣ ਲੜਨ ਲਈ ਜਾ ਖੜੋਤਾ ਸੀ। ਸਾਫ਼ ਹੈ ਕਿ ਉਹ ਭਾਜਪਾ ਅੰਦਰ ਵਾਜਪਾਈ ਵਿਰੋਧੀ ਕੈਂਪ ਦਾ ਭਰੋਸੇਮੰਦ ਹੋਣ ਕਰ ਕੇ ਪਾਰਟੀ ਪੈਂਤੜੇ ਤੋਂ ਵੱਖਰੇ ਵਿਵਾਦ ਵਾਲੇ ਕੇਸ ਲੜ ਕੇ ਵੀ ਭਾਜਪਾ ਵਿੱਚ ਹੀ ਹੈ।
ਗੱਲ ਫਿਰ ਓਥੇ ਆ ਜਾਂਦੀ ਹੈ ਕਿ ਪਾਰਟੀਆਂ ਦੀ ਰਾਜਨੀਤੀ ਜਿਹੋ ਜਿਹੀ ਵੀ ਹੋਵੇ, ਜਦੋਂ ਮੁਲਕ ਦੇ ਮਾਣ-ਸਤਿਕਾਰ ਦਾ ਸਵਾਲ ਹੋਵੇ, ਓਦੋਂ ਕਿਸੇ ਦਾ ਲਿਹਾਜ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਸ ਅਸੂਲ ਨੂੰ ਮੰਨਿਆ ਜਾਵੇ ਤਾਂ ਕਿਸੇ ਵੀ ਹੋਰ ਤੋਂ ਪਹਿਲਾਂ ਗ੍ਰਹਿ ਮੰਤਰੀ ਚਿਦੰਬਰਮ ਨੂੰ ਘਰ ਨੂੰ ਤੋਰ ਦਿੱਤਾ ਜਾਣਾ ਚਾਹੀਦਾ ਹੈ, ਪਰ ਤੋਰਿਆ ਨਹੀਂ ਜਾਵੇਗਾ, ਕਿਉਂਕਿ ਜੇ ਉਹ ਗਲਤੀ ਵੀ ਕਰਦਾ ਹੈ ਤਾਂ ਕਰ ਜਾਵੇ, ਵਫ਼ਾਦਾਰੀ ਤੇ ਭਰੋਸੇਮੰਦਗੀ ਉੱਤੇ ਪੂਰਾ ਉੱਤਰਦਾ ਹੈ।

No comments:

Post a Comment