ਕਲਮ ਕਿਸੇ ਤਲਵਾਰ ਤੋਂ ਘੱਟ ਨਹੀਂ ........

ਜਸਵੀਰ ਬਖਤੂ
ਜਿਸ ਤਰਾਂ ਤਲਵਾਰ ਜੇ ਮਜਲੂਮਾਂ ਤੇ ਨਿਰਦੋਸ਼ਾਂ ਦੇ ਹੱਕ ਵਿੱਚ ਖਲੋ ਜਾਵੇ ਤਾਂ ਫਿਰ ਵੱਡੇ-ਵੱਡੇ
ਜਾਲਮ ਵੀ ਸਿਰ ਤੇ ਪੈਰ ਰੱਖ ਦੌੜ ਜਾਂਦੇ ਹਨ। ਠੀਕ
ਓਸੇ ਤਰਾਂ ਕਲਮ ਵੀ ਅਗਰ ਖਲੋ ਜਾਵੇ ਕਾਣੀ ਵੰਡ ਦਾ ਸ਼ਿਕਾਰ ਹੋ ਰਹੇ ਆਮ ਲੋਕਾਂ ਦੇ ਹੱਕ ਵਿੱਚ, ਦਾਜ਼ ਅਤੇ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਮਿਟਾਉਣ ਦੇ ਹੱਕ ਵਿੱਚ, ਨਸ਼ਿਆਂ , ਭਰਿਸ਼ਟਾਚਾਰ ਦੇ ਖਾਤਮੇ ਦੇ ਹੱਕ ਵਿੱਚ, ਤਾਂ ਇਹ ਕਲਮ ਬਦਲ ਸਕਦੀ ਹੈ ਸਮਾਜ ਦੀ ਤਸਵੀਰ । ਪਰ ਜੇ ਇਹੀ ਕਲਮ ਫੋਕੀ ਸ਼ੋਹਰਤ ਅਤੇ ਪੈਸੇ ਦੇ ਲਾਲਚ ਵੱਸ ਹੋ ਕੇ ਅਸ਼ਲੀਲਤਾ ਦਾ ਪਹਿਰਾਵਾ ਪਹਿਨ ਲਵੇ ਫਿਰ ਇਹੀ ਕਲਮ ਗਰਕ ਕਰ ਦਿੰਦੀ ਆ ਸਮਾਜ ਨੂੰ , ਸਭਿਆਚਾਰ ਨੂੰ । ਇੱਕ ਕਲਮ ਨੇ ਲਿਖਿਆ ਸੀ , " ਸੋ ਕਿਓਂ ਮੰਦਾ ਆਖੀਐ, ਜਿਤ ਜੰਮੇ ਰਾਜਾਨ ।" ਇਹ ਕਲਮ ਸੀ ਸਮਾਜ ਨੂੰ ਅੰਧਵਿਸ਼ਵਾਸ਼ ਅਤੇ ਗੁਲਾਮੀ ਦੀ ਦਲਦਲ ਵਿਚੋਂ ਕੱਢਣ ਵਾਲੀ ਮਹਾਨ ਸ਼ਖਸ਼ੀਅਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ । ਇਕ ਕਲਮ ਓਹ ਵੀ ਸੀ ਜਿਸਨੇ ਲਿਖਿਆ ਸੀ , " ਮਾਨਸ ਕੀ ਜਾਤ ਸਭ ਏਕ ਪਹਿਚਾਨਬੋ ।" ਇਕ ਓਹ ਵੀ ਕਲਮ ਸੀ ਜਿਸਨੇ ਲਿਖਿਆ ਸੀ , " ਅਸਲ ਅਜਾਦੀ ਓਸ ਦਿਨ ਆਵੇਗੀ ਜਿਸ ਦਿਨ ਬੰਦੇ ਹੱਥੋਂ ਬੰਦੇ ਦੀ ਲੁੱਟ ਬੰਦ ਹੋ ਗਈ ।" ਇਹ ਓਹ ਕਲਮਾਂ ਸਨ ਜਿੰਨਾਂ ਨੇ ਸਮਾਜ ਨੂੰ ਇਕ ਸਾਰਥਕ ਦਿਸ਼ਾ ਵੱਲ ਮੋੜਿਆ ਸੀ ।
ਪਾਤਰ ਜੀ ਲਿਖਦੇ ਆ ,"ਮੈਂ ਰਾਹਾਂ ਤੇ ਨਹੀ ਤੁਰਦਾ , ਮੈਂ ਤੁਰਦਾ ਹਾਂ ਤਾਂ ਰਾਹ ਬਣਦੇ।" ਪਰ ਅੱਜ ਦੀ ਕਲਮ ਆਪਣੇ ਆਪ ਬਣਾਏ ਜਿਸ ਰਾਹ ਤੇ ਚੱਲ ਰਹੀ ਹੈ ਓਸ ਰਾਹ ਤੇ ਆਜ ਕੁਝ ਅਖੌਤੀ ਗੀਤਕਾਰ ਪਤਾ ਨਹੀ ਕਿਸ ਮਜਬੂਰੀ ਵਿੱਚ ਨੌਜਵਾਨਾਂ ਦੇ ਹੱਥਾਂ ਵਿੱਚ ਰਫਲਾਂ , ਦਾਰੂ ਦੀਆਂ ਬੋਤਲਾਂ ਅਤੇ ਹੋਰ ਪਤਾ ਨੀ ਕਿੰਨਾਂ ਕੁ ਬਰਬਾਦੀ ਦਾ ਸਮਾਨ ਦੇ ਰਹੇ ਹਨ ।ਇਹਨਾ ਸਭਿਆਚਾਰ ਦਾ ਬੇੜਾ ਡੋਬਣ ਵਾਲੇ ਅਖੌਤੀ ਲੇਖਕਾਂ ਨੂੰ ਮੁੰਡੇ ਕੁੜੀਆਂ ਵਿਚੋਂ ਸਿਰਫ ਆਸ਼ਕ ਮਾਸ਼ੂਕ ਹੀ ਦਿਸਦੇ ਹਨ । ਅੱਜ ਪੰਜਾਬੀ ਸਭਿਆਚਾਰ ਦੀ ਸੇਵਾ ਦਾ ਦਮ ਭਰਨ ਵਾਲੇ ਕੁਝ ਅਖੌਤੀ ਗੀਤਕਾਰ ਸਾਡੇ ਸਮਾਜ ਨੂੰ ਦੁਨੀਆਂ ਦੇ ਸਾਹਮਣੇ ਬਦਨਾਮ ਕਰ ਰਹੇ ਆ । ਕੋਈ ਪਖੰਡੀ ਬਾਬਿਆਂ ਦੇ ਹੱਕ ਵਿੱਚ ਲਿਖ ਰਿਹਾ ਹੈ ਤੇ ਕੋਈ ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਜਿਸਮੀ ਹਵਸ਼ ਵਿੱਚ ਗਲਤਾਨ ਰਹਿਣ ਦੀ ਸਿਖਿਆ ਦੇ ਰਿਹਾ ਹੈ । ਹੁਣ ਵੇਲਾ ਹੈ ਬੁਰੇ ਦੇ ਘਰ ਤਕ ਜਾਣ ਦਾ । ਆਓ ਇਕ ਹੰਭਲਾ ਮਾਰੀਏ ਤੇ ਕਲਮ ਨੂੰ ਸਮਾਜ ਦੇ ਭਲੇ ਲਈ ਵਰਤੀਏ । ਇਹ ਨਾ ਹੋਵੇ ਕਿ ਕਲਮ ਇਸ ਹੱਦ ਤੱਕ ਅੰਨੀ ਤੇ ਬੋਲੀ ਹੋ ਜਾਵੇ ਕਿ ਉਸਨੂੰ ਮਜਦੂਰ ਤੇ ਕਿਸਾਨ ਕਰਜੇ ਦੀ ਪੰਡ ਹੇਠ ਦੱਬੇ ਦੀ ਮਾਰੀ ਚੀਕ ਖੁਸੀ ਵਿੱਚ ਵੱਜਿਆ ਲਲਕਾਰਾ ਲੱਗਣ ਲੱਗੇ ਅਤੇ ਡਿਗਰੀਆਂ ਦੀਆਂ ਪੰਡਾਂ ਚੁੱਕੀ ਫਿਰਦੇ ਬੇਰੁਜਗਾਰ ਮੁੰਡੇ ਕੁੜੀਆਂ ਇਸ ਅੰਨੀ ਕਲਮ ਨੂੰ ਆਸ਼ਕੀ ਕਰਦੇ ਜਾਪਣ ਅਤੇ ਲੋਕਾਂ ਦੀ ਮਾਨਸਿਕਤਾ ਕਿਤੇ ਧੁਰ ਅੰਦਰੋ ਏਨੀ ਗੁਲਾਮ ਨਾ ਹੋ ਜਾਵੇ ਕਿ ਫਿਰ ਕਦੇ ਅਜਾਦ ਹੋਣ ਦਾ ਉੱਦਮ ਹੀ ਨਾ ਕਰ ਸਕੇ ।
ਐ ਕਲਮਾ ਦੇ ਵਾਰਸੋ ਉਠੋ ਜਾਗੋ ਵਕ਼ਤ ਦੀ ਨਬ੍ਜ ਪਹਿਚਾਣੋ, ਗਰਕ ਰਹੀ ਖਲਕਤ ਕਿਤੇ ਪਹਿਲਾ ਨੰਬਰ ਆਪਣਾ ਹੀ ਨਾ ਲੱਗ ਜਾਵੇ । ਆਪਣੀਆਂ ਧੀਆਂ ਭੈਣਾ ਦੇ ਵਿਰੁਧ ਲਿਖਣ ਵਾਲਿਆਂ ਤੋ ਜਵਾਬ ਤਲਬੀ ਕਰਨ ਦਾ ਸਮਾਂ ਆ ਗਿਆ ਹੈ । ਆਓ ਕਲਮ ਨੂੰ ਅਜਿਹੀ ਤਲਵਾਰ ਬਣਾਈਏ ਜੋ ਆਮ ਲੋਕਾਂ ਦੀ ਗੁਲਾਮ ਮਾਨਸਿਕਤਾ ਵਿਚ ਨਵਾਂ ਜੋਸ਼ ਭਰੇ ਅਤੇ ਅਖੌਤੀ ਲੇਖਕ ਗਲਤ ਲਿਖਣ ਤੋ ਪਹਿਲਾਂ ਹਜਾਰ ਵਾਰ ਸੋਚਣ

No comments:

Post a Comment