ਕਹਾਣੀ 'ਤੱਤਾ'....ਦੂਜਾ ਭਾਗ...(ਜੁਬੈਦਾਂ ਦਾ ਪੁੱਤਰ)

ਡਾ: ਤਰਲੋਚਨ ਸਿੰਘ ਔਜਲਾ
ਟਰੌਂਟੋ: 416 - 885 - 1490
ਮੈਂ ਆਪਣੀ ਜਿੰਦਗੀ ਦੇ ਸੱਤ ਦਹਾਕੇ ਬਿਤਾ ਚੁੱਕਾਂ ਹਾਂ। ਜਦੋਂ ਮੈਂ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) 'ਚ ਆਇਆਂ ਸਾਂ, ਉਸ ਵੇਲੇ ਮੇਰੀ ਉਮਰ ਮਸਾਂ ਸੱਤ ਕੁ ਸਾਲ ਦੀ ਸੀ।
ਉਸ ਵੇਲੇ ਤੋਂ ਹੀ ਦਿਲ 'ਚ ਇੱਕ ਤਮੰਨਾ ਸੀ, ਤਾਂਘ ਸੀ ਕਿ ਮੈਨੂੰ ਮੇਰੀ ਜਨਮ ਭੂੰਮੀ ਦੀ ਖੁਸ਼ਬੂ ਫਿਰ ਕਦੋਂ ਨਸੀਬ ਹੋਵੇਗੀ? ਬਚਪਨ ਦੁੱਖਾਂ ਤਕਲੀਫਾਂ 'ਚ ਬੀਤ ਗਿਆ, ਜਵਾਨੀ ਘਰੇਲੂ ਕੰਮਾਂ ਅਤੇ ਬੱਚੇ ਪਾਲਣ 'ਚ ਬੀਤ ਗਈ, ਤੇ ਜਦੋਂ ਸੁੱਖ ਦਾ ਸਾਹ ਅਉਣ ਲੱਗਾ ਤਾਂ ਬੱਚਿਆਂ ਦੇ ਜੋਰ ਪਉਣ 'ਤੇ ਕੈਨੇਡਾ ਆ ਗਿਆ। ਇੱਥੇ ਫਿਰ ਸਖਤ ਮਿਹਨਤ ਕਰਨੀ ਪਈ। ਜਦੋਂ ਬੱਚੇ ਅੱਛੀ ਨੌਕਰੀ 'ਤੇ ਲੱਗ ਗਏ ਅਤੇ ਘਰ ਦੇ ਕਰਜੇ ਤੋਂ ਵਿਹਲਾ ਹੋਇਆ, ਤਾਂ ਦਿਲ 'ਚ ਖਿਆਲ ਆਇਆ ਕਿ ਕਿਉਂ ਨਾਂ ਬਾਕੀ ਜਥੇ ਦੇ ਨਾਲ ਅਸੀਂ ਵੀ ਗੁਰੂ ਨਾਨਕ ਦੀ ਜਨਮ ਭੁਮੀਂ ਦੇ ਦਰਸ਼ਨ ਕਰ ਆਈਏ, ਤੇ ਜੇ ਰੱਬ ਨੇ ਚਾਹਿਆ ਤਾਂ ਉਥੋਂ ਆਪਣੇ ਪਿੰਡ ਦਾ ਚੱਕਰ ਮਾਰ ਲਵਾਂਗੇ। ਅਰਜੀ ਦਿਤੀ ਅਤੇ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਵੀਜਾ ਮਿਲ ਗਿਆ। ਪਾਕਿਸਤਾਨ ਜਾਕੇ ਪਹਿਲੋਂ ਨਨਕਾਣਾ ਸਾਹਿਬ ਅਤੇ ਹੋਰ ਸਬੰਧਤ ਗੁਰੂ ਅਸਥਾਨਾਂ ਦੇ ਦਰਸ਼ਨ ਕੀਤੇ, ਅਤੇ ਫਿਰ ਉਕਾੜਾ ਸ਼ਹਿਰ ਦੇ ਕੋਲ ਆਪਣੇ ਪਿੰਡ ਚੱਕ ਨੰਬਰ 25 ਚਲੇ ਗਏ। ਭਾਵੇਂ ਮੈਂ ਉੱਥੇ ਕਿਸੇ ਨੂੰ ਨਹੀਂ ਸਾਂ ਜਾਣਦਾ, ਪਰ ਪਿੰਡ ਦੇ ਚੌਧਰੀ ਸਾਹਿਬ ਤਨਵੀਰ ਸਿੱਧੂ ਅਤੇ ਹੋਰ ਪਿੰਡ ਵਾਲਿਆਂ ਨੇ ਐਨਾਂ ਪਿਆਰ ਦਿੱਤਾ ਕਿ ਲਫਜਾਂ 'ਚ ਬਿਆਨ ਕਰਨਾ ਮੁਸ਼ਕਲ ਹੈ। ਪਿੰਡ ਦਾ ਚੱਕਰ ਮਾਰਿਆ ਅਤੇ ਦਿਲ 'ਚ ਸਮਾਈਆਂ ਯਾਦਾਂ ਦੀਆਂ ਪਰਤਾਂ ਨੂੰ ਹੌਲੀ ਹੌਲੀ ਫਰੋਲਿਆ। ਕਈ ਵਾਰ ਐਨਾਂ ਭਾਵਕ ਹੋਇਆ ਕਿ ਦਿਲ ਕਰਦਾ ਸੀ ਕਿ ਜਨਮ ਭੂੰਮੀ ਤੋਂ ਦੂਰ ਰਹਿ ਕੇ ਜਿਹੜਾ ਸੰਤਾਪ ਕੱਟਿਆ ਹੈ, ਉਸਨੂੰ ਅੱਥਰੂਆਂ ਨਾਲ ਧੋ ਛੱਡਾਂ। ਪਿੰਡ ਦਾ ਚੱਕਰ ਮਾਰਕੇ ਜਦੋਂ ਵਾਪਸ ਆਏ ਤਾਂ ਰੱਬ ਦਾ ਐਸਾ ਭਾਣਾ ਵਰਤਿਆ ਕਿ ਸਾਡੇ ਦੋਹਾਂ (ਤਰਲੋਚਨ ਅਤੇ ਤਰਨਜੀਤ) ਦੀ ਸੱਜੀ ਬਾਂਹ ਉਪਰ ਸਾਡੇ ਨਾਮ ਦਾ ਪਹਿਲਾ ਅੱਖਰ 'ਤ' ਖੁਦਵਾਇਆ ਹੋਣ ਕਰਕੇ 63 ਸਾਲ ਦੀ ਵਿੱਛੜੀ ਹੋਈ ਮੇਰੀ ਸਕੀ ਭੈਣ 'ਤੰਨੀ' (ਹੁਣ ਜਿਸ ਦਾ ਨਾਮ ਤਰੱਨਮ ਸੀ) ਨਾਲ ਮਿਲਾਪ ਹੋ ਗਿਆ ਅਤੇ ਨਾਲ ਹੀ ਮੈਨੂੰ ਮੇਰੇ ਬਚਪਨ ਦਾ ਪਿਆਰ 'ਜੁਬੈਦਾਂ' ਮਿਲ ਪਈ। ਵੈਸੇ ਤਾਂ ਹੁਣ ਉਹ ਉਕਾੜੇ ਸ਼ਹਿਰ 'ਚ ਰਹਿੰਦੇ ਸਨ ਪਰ ਕਿਸੇ ਰਿਸ਼ਤੇਦਾਰ ਨੂੰ ਮਿਲਣ ਐਥੇ ਆਏ ਸਨ। ਉਮਰ ਵਿੱਚ ਤੰਨੀ ਮੇਰੇ ਨਾਲੋਂ 3 ਕੁ ਸਾਲ ਛੋਟੀ ਸੀ ਤੇ ਜੁਬੈਦਾਂ ਮੇਰੇ ਤੋਂ 2 ਕੁ ਸਾਲ ਵੱਡੀ। ਇਸ ਛੋਟੀ ਜਿਹੀ ਮਿਲਣੀ ਅਤੇ ਥੋੜੀ੍ਹ ਜਿਹੀ ਗੱਲ ਬਾਤ ਤੋਂ ਪਿਛੋਂ ਮੇਰੀ ਭੈਣ ਤੰਨੀ ਨੇ ਕਿਹਾ,"ਵੀਰੇ, ਮੈਨੂੰ ਪਤਾ ਹੈ ਕਿ ਤੁਸੀ ਪਿੰਡ ਦਾ ਚੱਕਰ ਮਾਰ ਆਏ ਹੋ, ਪਰ ਮੈਂ ਚਹੁੰਨੀ ਆਂ ਕਿ ਆਪਾਂ ਇਕ ਵਾਰ ਫਿਰ ਇਕੱਠੇ ਆਪਣਾ ਘਰ ਅਤੇ ਪਿੰਡ ਦੀਆਂ ਵੱਖ ਵੱਖ ਥਾਵਾਂ ਵੇਖ ਕੇ ਆਈਏ"। ਮੈਂ ਵੀ ਇਹੋ ਚਹੁੰਦਾ ਸਾਂ। ਜਦੋਂ ਚੱਲਣ ਲੱਗੇ ਤਾਂ ਚੌਧਰੀ ਸਾਹਿਬ ਨੇ ਕਿਹਾ," ਮੈਂ ਤੁਹਾਡੀ ਆਉਭਗਤ ਲਈ ਸ਼ਾਮ ਨੂੰ ਇੱਕ ਦਾਅਵਤ ਦਾ ਇੰਤਜਾਮ ਕੀਤਾ ਏ, ਅਤੇ ਲਾਗੇ ਦੇ 4-5 ਪਿੰਡਾਂ ਦੇ ਮੋਹਤਬਾਰ ਆਦਮੀਆਂ ਨੂੰ ਬੁਲਾਇਆ ਏ, ਸੋ ਵਕਤ ਸਿਰ ਵਾਪਸ ਆ ਜਾਣਾ"। ਮੈਂ ਹਾਂ ਦਾ ਇਸ਼ਾਰਾ ਕੀਤਾ ਤੇ ਅਸੀਂ ਚਾਰੇ ਜਣੇ ਘਰ ਤੋਂ ਬਾਹਰ ਆ ਗਏ।
ਅਜੇ ਥੋੜੀ੍ਹ ਦੂਰ ਹੀ ਗਏ ਸਾਂ ਕਿ ਮੈਂ ਤੰਨੀ ਨੂੰ ਪੁੱਛਿਆ," ਤੰਨੀ, ਤੇਰੇ ਕਿੰਨੇ ਬੱਚੇ ਨੇ"? ਉਸਨੇ ਉਤਰ ਦਿਤਾ," ਵੀਰੇ, ਸੁੱਖ ਨਾਲ ਇੱਕ ਲੜਕਾ ਤੇ ਇੱਕ ਲੜਕੀ, ਤੇ ਦੋਵੇਂ ਵਿਆਹੇ ਹੋਏ ਨੇ"।ੇ ਫਿਰ ਮੈਂ ਇਹੋ ਸਵਾਲ ਜੁਬੈਦਾਂ ਨੂੰ ਕੀਤਾ। ਇਸ ਤੋਂ ਪਹਿਲੋਂ ਕਿ ਜੁਬੈਦਾਂ ਕੁਝ ਬੋਲਦੀ, ਤੰਨੀ ਨੇ ਕਿਹਾ," ਵੀਰੇ, ਇਸ ਨੇ ਤਾਂ ਤੇਰੀ ਯਾਦ 'ਚ ਵਿਆਹ ਹੀ ਨਹੀਂ ਕਰਾਇਆ"। ਰਾਹ ਵਿੱਚ ਪਈ ਇੱਟ ਨਾਲ ਮੇਰਾ ਠੇਡਾ ਵੱਜਿਆ ਤੇ ਮੈਂ ਮੂਧੇ ਮੂੰਹ ਡਿਗ ਪਿਆ। ਮੇਰੀ ਪੱਗ ਹੇਠਾਂ ਡਿਗ ਪਈ। ਮੇਰੇ ਕੰਨ 'ਚ ਅਵਾਜ਼ ਪਈ," ਹਾਏ ਅੱਲਾ" "ਹਾਏ ਰੱਬਾ"। ਤਿੰਨਾਂ ਜਣੀਆਂ ਨੇ ਸਹਾਰਾ ਦੇ ਕੇ ਮੈਨੂੰ ਉਠਾਇਆ। ਮੈਂ ਕੁਝ ਸੰਭਲਿਆ ਅਤੇ ਸਿਰ ਤੇ ਪੱਗ ਟਕਾਈ। ਜਿੰਨਾ ਦਰਦ ਮੈਨੂੰ ਠੇਡਾ ਲੱਗਣ ਨਾਲ ਹੋਇਆ, ਉਸ ਤੋਂ ਕਈ ਗੁਣਾਂ ਵੱਧ ਦਰਦ ਤੰਨੀ ਦਾ ਜੁਬੈਦਾਂ ਬਾਰੇ ਜਵਾਬ ਸੁਣਕੇ ਦਿਲ 'ਚ ਮਹਿਸੂਸ ਹੋਇਆ। ਮੇਰਾ ਸਰੀਰ ਸੁੰਨ ਜਿਹਾ ਹੋ ਗਿਆ। ਇਸ ਤੋਂ ਪਹਿਲੋਂ ਕਿ ਮੈਂ ਕੁਝ ਹੋਰ ਬੋਲਾਂ, ਤੰਨੀ ਨੇ ਕਿਹਾ," ਤੁਹਾਡਾ ਕਾਫਲਾ ਜਾਣ ਤੋਂ ਬਾਅਦ ਕਈ ਮਹੀਨੇ ਇਹ ਰੋਂਦੀ ਰਹੀ। ਜੀਅ ਕੀਤਾ ਤਾਂ ਕੁਝ ਖਾ ਲਿਆ, ਨਹੀਂ ਤੇ ਭੁੱਖੀ ਸੌਂ ਗਈ। ਹਰ ਰੋਜ ਮਸੀਤ ਲਾਗਲੇ ਬੋਹੜ ਕੋਲ ਜਾਕੇ ਉਸ ਪਾਸੇ ਵੱਲ ਵੇਂਹਦੀ ਰਹਿੰਦੀ, ਜਿਧਰ ਤੁਹਾਡਾ ਕਾਫਲਾ ਗਿਆ ਸੀ। ਸਕੂਲ ਵੀ ਘੱਟ ਵੱਧ ਹੀ ਜਾਂਦੀ ਸੀ। ਹਕੀਮ ਕੋਲੋਂ ਦਵਾ ਵੀ ਲਿਆ ਕੇ ਦਿੱਤੀ, ਪਰ ਕੁਝ ਫਰਕ ਨਾ ਪਿਆ। ਜਦੋਂ ਕੋਈ ਕਾਫਲੇ ਦੀ ਕੱਟ ਵੱਢ ਬਾਰੇ ਗੱਲਾਂ ਕਰਦਾ, ਇਸਦੀ ਚੀਕ ਨਿਕਲ ਜਾਂਦੀ। ਫਿਰ ਆਪੇ ਸਹਿਜੇ ਸਹਿਜੇ ਇਹ ਕੁੜੀਆਂ ਨਾਲ ਹੱਸਣ ਖੇਡਣ ਲਗ ਪਈ। ਜਦੋਂ ਵੱਡੀ ਹੋਕੇ ਪੜ੍ਹ ਲਿਖ ਗਈ ਅਤੇ ਸਕੂਲ 'ਚ ਟੀਚਰ ਦੀ ਨੌਕਰੀ ਮਿਲ ਗਈ ਤਾਂ ਘਰ ਵਾਲਿਆਂ ਨੇ ਵਿਆਹ ਦੀ ਗੱਲ ਛੇੜੀ। ਇਸਨੇ ਤਾਂ ਬੱਸ ਇੱਕੋ ਜਿਦ ਫੜ ਲਈ ਕਿ ਮੈਂ ਵਿਆਹ ਨਹੀਂ ਕਰਾਉਣਾਂ। ਵੀਰੇ, ਇਸ ਦੇ ਮਾਪਿਆਂ ਨੇ, ਇਸ ਦੇ ਭਰਾ ਸਲੀਮ, ਮੈਂ ਅਤੇ ਸਾਰੇ ਰਿਸ਼ਤੇਦਾਰਾਂ ਨੇ ਇਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਇੱਕੋ ਜਵਾਬ ਸੀ," ਮੇਰਾ ਦਿਲ ਕੋਈ ਐਸੀ ਵੈਸੀ ਚੀਜ਼ ਨਹੀਂ, ਪਈ ਜਿਹੜਾ ਅੱਜ ਐਹਦੇ ਨਾਲ ਲਾ ਲਿਆ ਤੇ ਕੱਲ੍ਹ ਔਹਦੇ ਨਾਲ। ਤੋਚੀ ਨੂੰ ਇੱਕ ਵਾਰ ਦਿਲ ਦੇ ਦਿੱਤਾ, ਬੱਸ ਦੇ ਦਿੱਤਾ"। ਸਾਰਿਆਂ ਨੇ ਬੜਾ ਸਮਝਾਇਆ ਕਿ ਉਸ ਕਾਫਲੇ ਵਾਲੇ ਤਕਰੀਬਨ ਸਾਰੇ ਮਾਰੇ ਗਏ ਸਨ, ਪਤਾ ਨਹੀਂ ਉਹ ਜਿਉਂਦਾ ਵੀ ਹੈ ਕਿ ਨਹੀਂ, ਪਰ ਇਹ ਬਾਰ ਬਾਰ ਕਹਿੰਦੀ," ਤੋਚੀ ਜਿਉਂਦਾ ਏ, ਉਹ ਤਾਂ ਮੇਰੇ ਸੁਪਨੇ 'ਚ ਕਈ ਵਾਰ ਆਇਆ ਏ"। ਅਸੀਂ ਇਹ ਜਵਾਬ ਸੁਣਕੇ ਚੁੱਪ ਹੋ ਜਾਂਦੇ। ਇਸਨੂੰ ਇੱਕ ਗਾਣਾ ਬਹੁਤ ਪਸੰਦ ਏ 'ਪੰਛੀ ਤੇ ਪਰਦੇਸੀ, ਪਿਆਰ ਜਦੋਂ ਪਉਂਦੇ, ਫੇਰ ਨਹੀਂ ਅਉਂਦੇ, ਹਾਣੀਆਂ, ਨਾਂ ਜਾਵੀਂ ਦਿਲ ਲਾਕੇ'। ਹਰ ਮਹੀਨੇ ਲੱਗ ਪੱਗ 4-5 ਵਾਰੀਂ ਇਹ ਗਾਣਾ ਜਰੂਰ ਸੁਣ ਲੈਂਦੀ ਏ। ਵੀਰੇ, ਤੈਨੂੰ ਯਾਦ ਹੋਣੈਂ,ਵੰਡ ਤੋਂ ਸਾਲ ਕੁ ਪਹਿਲਾਂ ਆਪਾਂ ਬੀਬੀ ਪਾਪਾ ਨਾਲ ਪਹਿਲੋਂ ਆਪਣੇ ਨਾਨਕੇ ਪਿੰਡ ਅਤੇ ਫਿਰ ਰੱਖੜ ਪੁੰਨਿਆ ਦੇ ਮੇਲੇ ਤੇ ਬਾਬਾਬਕਾਲੇ ਗੁਰਦਵਾਰੇ ਗਏ ਸਾਂ। ਮੱਥਾ ਟੇਕਣ ਪਿਛੋਂ ਤੇਰੇ ਕਹੇ ਤੇ ਬੀਬੀ ਨੇ ਮੇਰੇ ਤੇ ਜੁਬੈਦਾਂ ਵਾਸਤੇ ਚੂੜੀਆਂ ਲਈਆਂ ਸਨ। ਉਦੋਂ ਉਹ ਚੂੜੀਆਂ ਜੁਬੈਦਾਂ ਨੂੰ ਕੁਝ ਖੁਲ੍ਹੀਆਂ ਸਨ ਤਾਂ ਇਸਨੇ ਤੈਨੂੰ ਕਿਹਾ ਸੀ ਪਈ ਅਗਲੇ ਸਾਲ ਜਦੋਂ ਮੇਚ ਅਉਣਗੀਆਂ, ਤੂੰ ਆਪਣੇ ਹੱਥ ਨਾਲ ਪਾ ਦੇਵੀਂ, ਤੇ ਫਿਰ ਉਹ 'ਅਗਲਾ ਸਾਲ' ਨਾਂ ਆਇਆ। ਇਸਨੇ ਤਾਂ ਉਹ ਚੂੜੀਆਂ ਵੀ ਸੰਭਾਲ ਕੇ ਰੱਖੀਆਂ ਨੇ। ਤੈਨੂੰ ਇਸਦੇ ਵਾਲ ਬਹੁਤ ਸੋਹਣੇ ਲਗਦੇ ਸਨ। ਵੇਖ, ਆਪਣੇ ਵਾਲ ਇਸਨੇ ਨਾਂ ਹੀ ਕੱਟੇ ਅਤੇ ਨਾਂ ਹੀ ਰੰਗਵਾਏ। ਕਹਿੰਦੀ ਸੀ ਇਹ ਵਾਲ ਮੇਰੇ ਤੋਚੀ ਦੀ ਅਮਾਨਤ ਨੇ। ਜਦੋਂ ਕਿਤੇ ਉਕਾੜੇ ਸ਼ਹਿਰ ਤੋਂ ਅਸੀਂ ਇਸ ਪਿੰਡ ਅਉਂਦੇ ਹਾਂ, ਜੁਬੈਦਾਂ ਹੋਰ ਕਿਤੇ ਜਾਵੇ ਭਾਂਵੇ ਨਾਂ ਜਾਵੇ, ਮਸੀਤ ਵਾਲੇ ਬੋਹੜ ਕੋਲ ਜਰੂਰ ਜਾਂਦੀ ਏ ਤੇ ਕੁਝ ਚਿਰ ਉੱਥੇ ਬਹਿ ਕੇ ਨਮਾਜ਼ ਪੜ੍ਹਦੀ ਏ, ਅੱਲਾ ਅੱਗੇ ਦੁਆ ਕਰਦੀ ਏ, ਇਬਾਦਤ ਕਰਦੀ ਏ। ਸ਼ਾਇਦ ਇਹ ਇਸ ਦਾ ਹੀ ਨਤੀਜਾ ਹੈ ਕਿ ਅੱਜ ਤੁਹਾਡੇ ਦੋਹਾਂ ਦਾ ਮਿਲਾਪ ਹੋਇਆ ਏ"।
ਤੁਰਦੇ ਤੁਰਦੇ ਅਸੀਂ ਆਪਣੇ ਘਰ ਕੋਲ ਆ ਗਏ। ਇੱਥੇ ਹੁਣ ਘੁਮਿਆਰਾਂ ਦਾ ਇੱਕ ਟੱਬਰ ਰਹਿੰਦਾ ਸੀ। ਅੰਦਰ ਵੜੇ ਤਾਂ ਸਭ ਤੋਂ ਪਹਿਲਾਂ ਮੈਂ ਤੇ ਤੰਨੀ ਉਸ ਕਮਰੇ ਕੋਲ ਗਏ ਜਿਥੇ ਬੀਬੀ ਦੇ ਕਹਿਣ ਮੁਤਾਬਕ ਸਾਡਾ ਜਨਮ ਹੋਇਆ ਸੀ। ਘਰ ਵਾਲੀ ਜਨਾਨੀ ਨੇ ਅਵਾਜ਼ ਮਾਰੀ," ਨੀ ਭੈਣ ਜੁਬੈਦਾਂ, ਚਾਹ ਬਣਾਵਾਂ"? ਜੁਬੈਦਾਂ ਨੇ ਕਿਹਾ," ਨਹੀਂ ਭੈਣਾਂ, ਅਸੀਂ ਹੁਣੇ ਪੀ ਕੇ ਆਏ ਆਂ"। ਪਰ ਮੈਂ ਕਿਹਾ," ਤੰਨੀ ਭੈਣ, ਭਾਵੇਂ ਹੋਰ ਸਭ ਕੁਝ ਬਦਲ ਗਿਐ, ਪਰ ਇਸ ਚੁੱਲ੍ਹੇ ਦੀ ਮਿੱਟੀ ਵਿੱਚ ਤਾਂ ਕੋਈ ਫਰਕ ਨਹੀ ਪਿਆ, ਇਸ ਨੂੰ ਕਹੋ ਚਾਹ ਬਣਾਵੇਂ ਤਾਂ ਕਿ ਮੈਂ ਇਸ ਮਿੱਟੀ ਦੀ ਖੁਸ਼ਬੂ ਲੈ ਸਕਾਂ"। ਉਹ ਜਨਾਨੀ ਚਾਹ ਬਣਾਉਣ ਲੱਗ ਪਈ। ਚੁੱਲ੍ਹੇ 'ਚ ਪਾਥੀ ਧੁਖਦੀ ਪਈ ਸੀ। ਉਸਨੇ ਉਸਦੇ ਉੱਪਰ ਹੋਰ ਪਾਥੀਆਂ ਰੱਖੀਆਂ ਤੇ ਲੋਹੇ ਦੀ ਫੂਕਣੀ ਨਾਲ ਫੂਕਾਂ ਮਾਰ ਕੇ ਅੱਗ ਬਾਲਣ ਲੱਗ ਪਈ। ਮੈਨੂੰ ਯਾਦ ਆਇਆ ਜਦੋਂ ਕਿਤੇ ਸਾਡੀ ਬੀਬੀ ਕੋਲੋਂ ਵੀ ਅੱਗ ਨਹੀਂ ਸੀ ਬਲਦੀ, ਤਾਂ ਉਹ ਸਾਨੂੰ ਹੀ ਫੂਕਣੀ ਨਾਲ ਫੂਕ ਮਾਰ ਕੇ ਅੱਗ ਬਾਲਣ ਲਈ ਕਹਿੰਦੀ ਹੁੰਦੀ ਸੀ। ਜਦੋਂ ਬੀਬੀ ਮੱਝਾਂ ਚੋਂਦੀ, ਉਹ ਮੇਰੇ, ਜੁਬੈਦਾਂ ਅਤੇ ਤੰਨੀ ਦੇ ਮੂੰਹ 'ਚ ਦੁੱਧ ਦੀਆਂ ਧਾਰਾਂ ਮਾਰਦੀ ਹੁੰਦੀ ਸੀ, ਤੇ ਅਸੀਂ ਖੁਸ਼ੀ 'ਚ 'ਹੋਰ ਹੋਰ' ਕਹਿੰਦੇ ਨਹੀਂ ਸਾਂ ਥੱਕਦੇ।
ਮੈਂ ਜੁਬੈਦਾਂ ਨੂੰ ਕਿਹਾ," ਜੁਬੈਦਾਂ, ਤੈਨੂੰ ਯਾਦ ਏ ਇੱਕ ਵਾਰ ਬੀਬੀ ਕੋਲੋਂ ਸੂਈ 'ਚ ਧਾਗਾ ਨਹੀਂ ਸੀ ਪੈਂਦਾ। ਉਸਨੇ ਤੈਨੂੰ ਧਾਗਾ ਪਉਣ ਲਈ ਕਿਹਾ ਸੀ ਤੇ ਤੂੰ ਉਹ ਸੂਈ ਕਿਤੇ ਗਵਾ ਕੇ ਘਰ ਦੌੜ ਗਈ ਸੈਂ"। ਜੁਬੈਦਾਂ ਹੱਸ ਪਈ ਤੇ ਨੀਵੀਂ ਪਾ ਲਈ। ਮੈਂ ਉਸਨੂੰ ਹੋਰ ਕਿਹਾ," ਤੈਨੂੰ ਯਾਦ ਹੋਣੈਂ ਜਦੋਂ ਇੱਕ ਵਾਰ ਮੈਨੂੰ ਬਹੁਤ ਬੁਖਾਰ ਚੜ੍ਹਿਆ ਸੀ ਅਤੇ ਬੀਬੀ ਮੇਰੇ ਮੱਥੇ ਉਪਰ ਠੰਢੇ ਪਾਣੀ ਦੀਆਂ ਪੱਟੀਆਂ ਰੱਖਦੀ ਸੀ। ਉਸ ਵੇਲੇ ਚੁਲ੍ਹੇ ਉਪਰ ਰੱਖਿਆ ਦੁੱਧ ਉੱਬਲ ਗਿਆ ਸੀ। ਉਹ ਦੁੱਧ ਸੰਭਾਲਣ ਚਲੀ ਗਈ ਤੇ ਤੂੰ ਮੇਰਾ ਸਿਰ ਆਪਣੇ ਪੱਟਾਂ ਤੇ ਰੱਖ ਕੇ ਮੈਨੂੰ ਪੱਟੀਆਂ ਕਰਨ ਲਗ ਪਈ ਸੈਂ"।
ਜੁਬੈਦਾਂ ਨੇ ਕਿਹਾ," ਵੇ ਅੜਿਆ, ਮੈਂ ਕਿਵੇਂ ਭੁੱਲ ਸਕਦੀ ਆਂ। ਮੈਂ ਤਾਂ ਤੇਰੀ ਇੱਕ ਇੱਕ ਗੱਲ ਆਪਣੇ ਦਿਲ 'ਚ ਸਾਂਭੀ ਬੈਠੀ ਆਂ। ਇਹੋ ਯਾਦਾਂ ਹੀ ਤਾਂ ਮੇਰਾ ਸਰਮਾਇਆ ਨੇ ਤੇ ਹੁਣ ਤੱਕ ਮੇਰੇ ਜੀਉਣ ਦਾ ਸਹਾਰਾ ਬਣੀਆਂ ਨੇ"?
ਚਾਹ ਪੀਂਦੇ ਸਮੇਂ ਮੈਨੂੰ ਇੱਕ ਨੁੱਕਰ 'ਚ ਕੁਕੜੀ ਦੀ ਕੁੜ ਕੁੜ ਸੁਣਾਈਂ ਦਿੱਤੀ। ਮੰੰੰੈਨੂੰ ਇੱਕ ਦੰਮ ਯਾਦ ਆਇਆ ਕਿ ਸਾਡੇ ਵੇਲੇ ਵੀ ਉਸ ਨੁੱਕਰ 'ਚ ਕੁੱਕੜੀਆਂ ਦਾ ਇੱਕ ਖੁੱਡਾ ਹੁੰਦਾ ਸੀ। ਮੈਂ ਉਸ ਪਾਸੇ ਵੱਲ ਗਿਆ। ਉਥੇ ਕੁਕੜੀ ਆਂਡਿਆਂ ਤੇ ਬੈਠੀ ਹੋਈ ਸੀ। ਮੈਂ ਇਹ ਨਜ਼ਾਰਾ ਕਈ ਦਹਾਕਿਆਂ ਪਿਛੋਂ ਵੇਖਿਆ ਸੀ ਕਿਉਂ ਕਿ ਸਾਡੇ ਪੰਜਾਬ ਵਿੱਚ ਤਾਂ ਇਹ ਕੰਮ ਹੁਣ ਮਸ਼ੀਨਾਂ ਕਰਦੀਆਂ ਨੇ। ਉੱਥੇ ਖੜ੍ਹੇ ਨੇ ਮੈਂ ਨਾਲਦੇ ਘਰ ਦੇ ਕੋਠੇ ਵੱਲ ਨਿਗਾਹ ਮਾਰੀ। ਇੱਕ ਬਾਂਸ ਦੇ ਢਾਂਗੇ ਉਪਰ ਛਤਰੀ ਜਿਹੀ ਬਣੀ ਸੀ ਤੇ ਇਕ ਲੜਕਾ ਕਬੂਤਰ ਉਡਾ ਰਿਹਾ ਸੀ। ਚਿੱਟੇ ਕਬੂਤਰਾਂ ਦੇ ਪੈਰੀਂ ਝਾਂਜਰਾਂ ਸਨ ਤੇ ਉੱਡਣ ਪਿਛੋਂ ਜਦੋਂ ਉਹ ਛਤਰੀ 'ਤੇ ਆ ਕੇ ਬਹਿੰਦੇ, ਝਾਂਜਰਾਂ ਦੀ ਛਣ ਛਣ ਦੀ ਅਵਾਜ਼ ਮੈਨੂੰ ਬਹੁਤ ਅੱਛੀ ਲਗਦੀ। ਸਾਡੇ ਪੰਜਾਬ ਵਿਚ ਤਾਂ ਇਹ ਛੁਗਲ ਵੀ ਹੁਣ ਤਕਰੀਬਨ ਖਤਮ ਹੀ ਹੋ ਗਿਆ ਹੈ।
ਗੱਲੀਂ ਗੱਲੀਂ ਤੰਨੀ ਨੇ ਆਪਣੇ ਬਾਰੇ ਮੈਨੂੰ ਦੱਸਿਆ ਪਈ ਜਦੋਂ ਉਸਦੀ ਵਿਆਹ ਦੀ ਉਮਰ ਹੋਈ ਅਤੇ ਦੋ ਤਿੰਨ ਥਾਵਾਂ ਤੇ ਰਿਸ਼ਤੇ ਦੀ ਗੱਲ ਚੱਲੀ, ਪਰ ਸਿਰੇ ਨਾਂ ਚੜ੍ਹੀ। ਕਾਰਨ ਇਹ ਸੀ ਪਈ ਇੱਕ ਤਾਂ ਮੈਂ ਸਿੱਖਾਂ ਦੀ ਕੁੜੀ ਆਂ ਤੇ ਦੂਸਰਾ ਬਹੁਤੇ ਦਹੇਜ ਦੀ ਮੰਗ। ਫਿਰ ਜੁਬੈਦਾਂ ਦੇ ਅੱਬਾ ਜੀ ਨੇ ਮੇਰਾ ਨਿਕਾਹ ਇਸਦੇ ਭਰਾ ਸਲੀਮ ਨਾਲ ਕਰ ਦਿਤਾ। ਮੈਂ ਹੱਸਦੇ ਹੋਏ ਤੰਨੀ ਨੂੰ ਕਿਹਾ," ਤੈਨੂੰ ਪਤਾ ਏ ਬੀਬੀ ਨੇ ਤੈਨੂੰ ਤੇ ਸਲੀਮ ਨੂੰ ਕਈ ਵਾਰ ਇਕੱਠਿਆਂ ਆਪਣਾ ਦੁੱਧ ਪਿਆਲਿਆ ਸੀ"? ਤੰਨੀ ਵੀ ਹੱਸ ਪਈ ਤੇ ਕਿਹਾ," ਮੈਨੂੰ ਸਭ ਯਾਦ ਏ"।
ਘਰੋਂ ਬਾਹਰ ਮੈਂ ਛੱਪੜ ਕੋਲ ਆਕੇ ਖਲੋ ਗਿਆ ਤੇ ਕੁਝ ਲੱਭਣ ਲਗ ਪਿਆ। ਜੁਬੈਦਾਂ ਨੇ ਪੁੱਛਿਆ," ਵੇ ਤੋਚੀ, ਕੀ ਲੱਭਦਾਂ ਏਂ"? ਐਨੈ ਸਾਲਾਂ ਪਿਛੋਂ ਉਸਦੇ ਮੂਹੋਂ 'ਤੋਚੀ' ਲਫਜ ਸੁਣਕੇ ਮੇਰਾ ਰੋਮ ਰੋਮ ਖੁਸ਼ੀ 'ਚ ਪਾਗਲ ਜਿਹਾ ਹੋ ਗਿਆ। ਮੈਂ ਕਿਹਾ," ਜੁਬੈਦਾਂ, ਐਥੇ ਇੱਕ ਬੜ੍ਹਾ ਵੱਡਾ ਪੱਥਰ ਹੁੰਦਾ ਸੀ। ਤੈਨੂੰ ਯਾਦ ਹੋਣੈਂ ਜਦੋਂ ਮੈਂ ਮੱਝਾਂ ਦੀਆਂ ਪੂਛਾਂ ਫੜ੍ਹ ਕੇ ਐਸ ਛੱਪੜ 'ਚ ਤਰਦਾ ਹੁੰਦਾ ਸਾਂ, ਤੂੰ ਉਸ ਪੱਥਰ 'ਤੇ ਬਹਿ ਕੇ ਮੈਨੂੰ ਵੇਖਦੀ ਰਹਿੰਦੀ ਸੈਂ"? ਜੁਬੈਦਾਂ ਨੇ ਨੀਵੀਂ ਪਾਕੇ ਸਿਰਫ ਐਨਾ ਹੀ ਕਿਹਾ," ਮੈਨੂੰਂ ਹਰ ਗੱਲ ਯਾਦ ਏ"।
ਸਾਡੇ ਘਰ ਤੋਂ ਦੋ ਘਰ ਛੱਡ ਕੇ ਜੁਬੈਦਾਂ ਦਾ ਘਰ ਸੀ। ਘਰ ਅੰਦਰ ਵੜਦਿਆਂ ਹੀ ਮੈਂ ਪੁੱਛਿਆ," ਐਥੇ ਇੱਕ ਨਿੰੰਮ ਦਾ ਦਰੱਖਤ ਹੁੰਦਾ ਸੀ"? ਜੁਬੈਦਾਂ ਤਾਂ ਕੁਝ ਨਾਂ ਬੋਲੀ, ਪਰ ਤੰਨੀ ਨੇ ਕਿਹਾ," ਜਿਹਨਾਂ ਨੂੰ ਅਸਾਂ ਇਹ ਘਰ ਵੇਚਿਆ ਸੀ, ਉਹਨਾਂ ਨੇ ਉਹ ਨਿੱਮ ਦਾ ਦਰੱਖਤ ਵੱਢ ਦਿੱਤਾ ਸੀ"। ਮੈਨੂੰ ਯਾਦ ਆਇਆ ਕਿ ਇੱਕ ਵਾਰ ਮੈਂ ਆਪਣੇ ਪਿਤਾ ਜੀ ਨਾਲ ਕਿਸੇ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ਤੇ ਗਿਆ ਸਾਂ, ਉੱਥੇ ਦਸ ਕੁ ਦਿਨ ਲੱਗ ਗਏ ਸਨ। ਵਾਪਸ ਆਕੇ ਜਦੋਂ ਮੈਂ ਤੇ ਤੰਨੀ ਮਸੀਤ ਕੋਲ ਖੇਡਣ ਗਏ ਤਾਂ ਜੁਬੈਦਾਂ ਉੱਥੇ ਨਹੀਂ ਸੀ। ਮੈਂ ਉਸਦੇ ਘਰ ਆਇਆ ਤਾਂ ਉਹ ਨਿੱਮ ਦੇ ਉਸ ਦਰੱਖਤ ਨਾਲ ਢੋਅ ਲਾਕੇ ਪੀੜ੍ਹੀ ਉੱਤੇ ਉਦਾਸ ਬੈਠੀ ਸੀ। ਮੈਂ ਉਸਨੂੰ ਪੁੱਛਿਆ," ਨੀ ਜੁਬੈਦਾਂ, ਤੂੰ ਖੇਡਣ ਕਿਉਂ ਨਹੀਂ ਆਈ"? ਉਹ ਤਾਂ ਕੁਝ ਨਾਂ ਬੋਲੀ, ਪਰ ਉਸਦੀ ਮਾਂ ਨੇ ਕਿਹਾ," ਵੇ ਪੁੱਤ, ਮੈਂ ਤਾਂ ਇਸਨੂੰ ਖੇਡਣ ਲਈ ਜਾਣ ਵਾਸਤੇ ਬਹੁਤ ਕਿਹਾ, ਪਰ ਇਹ ਕਹਿੰਦੀ ਏ ਕਿ ਮੇਰਾ ਦਿਲ ਨਹੀਂ ਕਰਦਾ"। ਮੈਂ ਉਸਦੀ ਬਾਂਹ ਫੜ੍ਹੀ ਤੇ ਅਸੀਂ ਮਸੀਤ ਵੱਲ ਤੁਰ ਪਏ। ਰਾਹ 'ਚ ਉਸਨੇ ਮੈਨੂੰ ਕਿਹਾ," ਵੇ ਤੋਚੀ, ਤੁੰ ਐਨੇਂ ਦਿਨ ਐਥੈ ਨਹੀਂ ਸੈਂ, ਮੇਰੇ ਦਿਲ ਨੂੰ ਪਤਾ ਨਹੀਂ ਕਿਉਂ ਘੇਰ ਜਿਹੇ ਪੈਣ ਲੱਗ ਪਏ ਸਨ। ਫਿਰ ਨਾਂ ਐਨੇਂ ਚਿਰ ਵਾਸਤੇ ਕਿਤੇ ਬਾਹਰ ਜਾਈਂ, ਨਹੀਂ ਤਾਂ ਮੈਂ ਮਰ ਜਾਊਂਗੀ"? ਮੈਂ ਉਸਨੂੰ ਭਰੋਸਾ ਦਵਾਂਉਂਦੇ ਹੋਏ ਕਿਹਾ ਸੀ,"ਚੰਗਾ, ਹੁਣ ਮੈਂ ਐਥੇ ਈ ਰਹੂੰਗਾ, ਕਿਤੇ ਬਾਹਰ ਨਹੀਂ ਜਾਂਦਾ"।
ਇਸ ਤੋ ਤਿੰਨ ਘਰ ਛੱਡ ਕੇ ਮੋਹਣ ਦਾ ਘਰ ਸੀ। ਉਥੇ ਜਾ ਕੇ ਮੇਰਾ ਮਨ ਭਰ ਆਇਆ। ਤੰਨੀ ਦੇ ਪੁੱਛਣ ਤੇ ਮੈਂ ਕਿਹਾ," ਜਦੋਂ ਸਾਡੇ ਕਾਫਲੇ ਉਪਰ ਕਾਤਲਾਂ ਅਤੇ ਲੁਟੇਰਿਆਂ ਨੇ ਹਮਲਾ ਕੀਤਾ, ਤਾਂ ਪਹਿਲੋਂ ਉਹਨਾਂ ਨੇ ਸਾਡੀਆਂ ਮਾਵਾਂ ਭੈਣਾਂ ਦੀ ਇੱਜਤ ਲੁੱਟੀ, ਫਿਰ ਬਰਸ਼ਿਆਂ ਤੇ ਤਲਵਾਰਾਂ ਨਾਲ ਸਾਡੇ ਆਦਮੀਆਂ ਤੇ ਜਨਾਨੀਆਂ ਦਾ ਬੇ-ਰਹਿਮੀ ਨਾਲ ਕਤਲ ਕੀਤਾ। ਜਿਹਨਾਂ ਮਾਵਾਂ ਦੀਆਂ ਛਾਤੀਆਂ 'ਚੋਂ ਦੁੱਧ ਪੀਤਾ, ਉਹਨਾਂ ਛਾਤੀਆਂ ਨੂੰ ਹੀ ਤਲਵਾਰਾਂ ਨਾਲ ਕੱਟ ਦਿੱਤਾ। ਜਿਹਨਾਂ ਭੈਣਾਂ ਕੋਲੋਂ ਰੱਖੜੀਆਂ ਬਨ੍ਹਾਈਆਂ, ਉਹਨਾਂ ਰੱਖੜੀਆਂ ਨੂੰ ਹੀ ਫਾਹੀ ਬਣਾ ਦਿੱਤਾ। ਜਿਹਨਾਂ ਖੂਹਾਂ 'ਚੋਂ ਪਾਣੀ ਕੱਢ ਕੇ ਮਾਵਾਂ ਨੇ ਬਾਲਾਂ ਨੂੰ ਨਵ੍ਹਾਇਆ ਸੀ, ਉਹ ਖੂਹ ਹੀ ਮਾਵਾਂ ਦੇ ਲਹੂ ਨਾਲ ਭਰ ਦਿੱਤੇ। ਸਾਡੇ ਬੰਦਿਆਂ ਨੇ ਉਹਨਾਂ ਦਾ ਮੁਕਾਬਲਾ ਤਾਂ ਕੀਤਾ, ਪਰ ਸਾਡੇ ਮੁਕਾਬਲੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਅੱਖ ਬਚਾਕੇ ਮੋਹਨ ਨੇ ਮੇਰੀ ਬਾਂਹ ਫੜ੍ਹੀ ਅਤੇ ਮੈਨੂੰ ਲੈ ਕੇ ਲਾਗਲੇ ਕਪਾਹ ਦੇ ਖੇਤ 'ਚ ਲੈ ਗਿਆ ਤੇ ਇਸ ਤਰਾਂ ਅਸੀਂ ਬਚ ਗਏ। ਭੁੱਖੇ ਭਾਣੇ ਰਹਿ ਕੇ ਅਸੀਂ ਦੋ ਦਿਨ ਉੱਥੇ ਹੀ ਕੱਟੇ ਤੇ ਫਿਰ ਕਿਸੇ ਹੋਰ ਕਾਫਲੇ ਨਾਲ ਮਿਲ ਕੇ ਫਿਰੋਜਪੁਰ ਪਹੁੰਚ ਗਏ। ਜੇ ਉਹ ਮੈਨੂੰੰ ਨਾਂ ਬਚਾਉਂਦਾ, ਪਤਾ ਨਹੀਂ ਅੱਜ ਮੈਂ ਜਿਉਂਦਾ ਹੁੰਦਾ ਕਿ ਨਾਂ? ਨਾਨਕੇ ਪਿੰਡ ਪਹੁੰਚ ਕੇ ਜਦੋਂ ਉਥੋਂ ਦੇ ਹਾਲਾਤਾਂ ਬਾਰੇ ਸੁਣਿਆਂ ਤਾਂ ਮੇਰਾ ਸਿਰ ਸ਼ਰਮ ਨਾਲ ਝੁੱਕ ਗਿਆ ਜਦੋਂ ਪਤਾ ਲੱਗਿਆ ਕਿ ਸਿੱਖਾਂ ਜਾਂ ਹਿੰਦੂਆਂ ਦੇ ਟੋਲਿਆਂ ਨੇ ਵੀ ਮੁਸਲਮਾਨ ਆਦਮੀਆਂ ਅਤੇ ਜਨਾਨੀਆਂ ਨਾਲ ਘੱਟ ਨਹੀਂ ਕੀਤੀ"। ਤੰਨੀ ਤੇ ਜੁਬੈਦਾਂ ਦੋਹਾਂ ਦੀਆਂ ਅੱਖਾਂ 'ਚ ਅੱਥਰੂ ਸਨ।
ਕੁਝ ਸੰਭਲ ਕੇ ਤੰਨੀ ਬੋਲੀ," ਮੋਹਨ ਦੀ ਭੈਣ ਛਿੰਦੋ ਦਾ ਵਿਆਹ ਤਾਂ ਆਪਾਂ ਇਕੱਠਿਆਂ ਵੇਖਿਆ ਸੀ। ਐਸ ਪਿੰਡ 'ਚ ਸਿੱਖ ਪਰਿਵਾਰ ਦਾ ਉਹ ਅਖੀਰਲਾ ਵਿਆਹ ਸੀ"। ਮੈਨੂੰ ਯਾਦ ਆਇਆ ਕਿ ਵਿਆਹ ਤੋਂ ਤਿੰਨ ਦਿਨ ਪਹਿਲੋਂ ਅੱਲਾ ਬਖਸ਼ ਸਾਂਸੀ ਸਾਡੇ ਘਰ ਚੁੱਲ੍ਹੇ ਨਿਉਂਦਾ ਦੇਣ ਆਇਆ ਸੀ। ਜਦੋਂ ਬੀਬੀ ਕੋਲੋਂ ਮੈਂ 'ਚੁੱਲ੍ਹੇ ਨਿਉਂਦਾ' ਦਾ ਮਤਲਬ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਸ ਵਿਆਹ ਦੇ ਦੁਰਾਨ ਅਸੀਂ ਆਪਣੇ ਘਰ ਚੁੱਲ੍ਹਾ ਨਹੀਂ ਬਾਲਾਂਗੇ ਤੇ ਸਾਰੇ ਟੱਬਰ ਦਾ ਰੋਟੀ ਪਾਣੀ ਉਹਨਾਂ ਵੱਲ ਹੀ ਹੋਵੇਗਾ। ਵਿਆਹ ਵੇਲੇ ਜੁਬੈਦਾਂ ਵੀ ਮੇਰੀ ਬੀਬੀ ਦੇ ਨਾਲ ਹੀ ਰਹੀ। ਨਾਨਕੇ ਮੇਲ ਦੀਆਂ ਜਨਾਨੀਆਂ ਨੇ ਨੱਚ ਕੇ ਅਤੇ ਸਿੱਠਣੀਆਂ ਗਾ ਕੇ ਬਹੁਤ ਰੰਗ ਬੰਨ੍ਹਿਆਂ ਸੀ। ਹਲਵਾਈ, ਦਰਜੀ ਅਤੇ ਸਪੀਕਰ ਵਾਲੇ ਸਾਰੇ ਉਕਾੜਾ ਸ਼ਹਿਰ ਤੋਂ ਹੀ ਲਿਆਂਦੇ ਸਨ। ਪਿੰਡ ਦੀ ਰੀਤ ਮੁਤਾਬਕ ਹਰ ਘਰ ਵਿਚੋਂ ਇੱਕ ਗੜਵੀ ਦੁੱਧ ਅਤੇ ਇੱਕ ਬਿਸਤਰਾ ਇਕੱਠਾ ਕੀਤਾ ਸੀ। ਕਈ ਪਰਵਾਰਾਂ ਨੇ ਦੁੱਧ ਦੀ ਬਾਲਟੀ ਅਤੇ ਦੇਸੀ ਘਿਉ ਭੇਜਿਆ ਸੀ। ਬੀਬੀ ਜੀ ਨੇ ਦੇਸੀ ਘਿਉ ਦਾ ਇੱਕ ਪੀਪਾ ਅਤੇ ਹਰ ਰੋਜ ਦੁੱਧ ਦੀ ਇੱਕ ਬਾਲਟੀ ਭੇਜੀ ਸੀ। ਮੋਹਣ ਤੇ ਮੇਰਾ ਭਰਾ ਕੰਮ 'ਚ ਮੋਹਰੀ ਸਨ ਤੇ ਉਹ ਤਿੰਨ ਚਾਰ ਦਿਨ ਮੈਂ ਉਹਨਾਂ ਦੇ ਨਾਲ ਹੀ ਤੁਰਦਾ ਫਿਰਦਾ ਰਿਹਾ। ਜਮੀਨ ਥ੍ਹੋੜੀ ਹੋਣ ਕਰਕੇ ਛਿੰਦੋ ਦੇ ਮਾਪੇ ਬਹੁਤੇ ਅਮੀਰ ਤਾਂ ਨਹੀਂ ਸਨ, ਪਰ ਛਿੰਦੋ ਨੂੰ ਸਾਰੇ ਪਿੰਡ ਦੀ ਧੀ ਸਮਝ ਕੇ ਸਭਨਾਂ ਪਰਵਾਰਾਂ ਨੇ ਇਸ ਵਿਆਹ 'ਚ ਵੱਧ ਤੋਂ ਵੱਧ ਨਿਉਂਦਾ ਪਾਇਆ ਸੀ। ਜੰਝ ਲਹੌਰ ਦੇ ਕੋਲੋਂ ਘੋੜੀਆਂ ਤੇ ਆਈ ਸੀ। ਹੁਣ ਵਾਂਗੂੰ ਉਦੋਂ ਕਾਰਾਂ ਨਹੀਂ ਸਨ ਹੁੰਦੀਆਂ। ਕਹਿੰਦੇ ਸਨ ਕਿ ਜੰਝ ਰਾਹ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਤਿੰਨ ਦਿਨ ਠਹਿਰ ਕੇ ਚੌਥੇ ਦਿਨ ਇੱਥੇ ਆਈ ਸੀ ਅਤੇ ਦੋ ਰਾਤਾਂ ਐਥੇ ਰਹੀ ਸੀ। ਪਹਿਲੋਂ ਜੰਝ ਪਿੰਡ ਦੇ ਬਾਹਰ ਰੁਕੀ ਅਤੇ ਉੱਥੇ ਹੀ ਮਿਲਣੀ ਹੋਈ। ਫਿਰ ਪਿੰਡ ਦੀ ਧਰਮਸਾਲਾ 'ਚ ਮੰਜਿਆਂ ਉਪਰ ਜੰਝ ਬਿਠਾਈ ਗਈ। ਪਿੰਡ ਦੇ ਜੱਟਾਂ ਦਾ ਹਰ ਪਰਿਵਾਰ ਆਪਣੀ ਵਿੱਤ ਮੁਤਾਬਕ ਜੰਝ ਦੀਆਂ ਦੋ ਜਾਂ ਤਿੰਨ ਘੋੜੀਆਂ ਸੇਵਾ ਸੰਭਾਲ ਵਾਸਤੇ ਆਪੋ ਆਪਣੇ ਘਰ ਲੈ ਗਿਆ। ਦੋਵੇਂ ਦਿਨ ਬੱਕਰੇ ਝਟਕਾਏ ਗਏ ਅਤੇ ਘਰ ਦੀ ਕੱਢੀ ਦੇਸੀ ਸ਼ਰਾਬ ਵਰਤਾਈ ਗਈ। ਰਾਤ ਦੇ 12-1 ਵਜੇ ਤੱਕ ਸਪੀਕਰ ਵੱਜਦਾ ਰਹਿੰਦਾ ਸੀ। ਉਸ ਵੇਲੇ ਗਾਣਿਆਂ ਵਾਲੇ ਤਵੇ ਹੁੰਦੇ ਸਨ ਤੇ ਹਰ ਗਾਣੇ ਪਿਛੋਂ ਸੂਈ ਬਦਲਣੀ ਪੈਂਦੀ ਸੀ। ਜਦੋਂ ਸਪੀਕਰ ਵਾਲਾ ਸੂਈ ਕੱਢਕੇ ਸੁੱਟਦਾ, ਮੈਂ ਉਹ ਸੂਈ ਜੇਬ 'ਚ ਸੰਭਾਲ ਲੈਂਦਾ। ਵਦਾਇਗੀ ਵੇਲੇ ਵਿਆਹ ਵਾਲੇ ਲੜਕੇ ਨੂੰ ਕੁਰਸੀ ਤੇ ਬਿਠ੍ਹਾ ਕੇ ਪਿੰਡ ਦੀਆਂ ਕੁੜੀਆਂ ਨੇ ਉਸਨੂੰ ਕੋਈ ਛੰਦ ਸੁਨਾਉਣ ਲਈ ਕਿਹਾ ਸੀ। ਫਿਰ ਸਾਰੀ ਵਦਾਇਗੀ ਦੇ ਸਮਾਨ ਦਾ ਦਖਾਵਾ ਕੀਤਾ ਗਿਆ। ਛਿੰਦੋ ਦੇ ਮਾਪਿਆਂ ਨੇ ਦਾਜ ਵਿੱਚ ਬਿਸਤਰੇ, ਕੱਪੜਿਆਂ ਨਾਲ ਭਰਿਆ ਲੱਕੜ ਦਾ ਇੱਕ ਸੰਦੂਕ ਅਤੇ ਇਕ ਸੱਜਰ ਸੂਈ ਝੋਟੀ ਵੀ ਦਿੱਤੀ ਸੀ। ਤੁਰਨ ਵੇਲੇ ਛਿੰਦੋ ਆਪਣੇ ਮਾਂ, ਪਿਉ, ਭਰਾ ਤੇ ਸਹੇਲੀਆਂ ਦੇ ਗਲ ਲੱਗ ਬਹੁਤ ਰੋਈ ਅਤੇ ਡੋਲੀ 'ਚ ਬੈਠ ਗਈ। ਸਾਰੇ ਆਦਮੀ ਅਤੇ ਜਨਾਨੀਆਂ ਦੀਆਂ ਅੱਖਾਂ ਵੀ ਗਿੱਲੀਆਂ ਸਨ। ਇਸ ਵੇਲੇ ਲਾੜ੍ਹੇ ਦੇ ਪਿਤਾ ਨੇ ਪੈਸਿਆਂ ਦੀ ਸੁੱਟ ਕੀਤੀ, ਅਸੀਂ ਸਾਰੇ ਬੱਚਿਆਂ ਨੇ ਪੈਸੇ ਲੱਭ ਕੇ ਮੁਰਮੁਰਾ ਖਾਧਾ ਸੀ। ਕਈ ਵਾਰ ਅੱਲਾ ਬਖਸ਼ ਸਾਂਸੀ ਇੱਕ ਸੋਟੇ ਨਾਲ ਬੰਨ੍ਹੀ ਚਾਦਰ ਨਾਲ ਐਸਾ ਵਲ੍ਹੇਟਾ ਮਾਰਦਾ ਕਿ ਸਾਰੇ ਪੈਸੇ ਉਸਦੀ ਚਾਦਰ 'ਚ ਪੈ ਜਾਂਦੇ ਤੇ ਅਸੀਂ ਉਸਦੇ ਮੂੰਹ ਵੱਲ ਬਿਟਰ ਬਿਟਰ ਤੱਕਦੇ ਰਹਿ ਜਾਂਦੇ। ਘਰ ਆਕੇ ਮੈਂ ਬੀਬੀ ਨੂੰ ਪੁੱਛਿਆ ਸੀ," ਬੀਬੀ, ਡੋਲੀ 'ਚ ਬਹਿਣ ਵੇਲੇ ਛਿੰਦੋ ਕਿਉਂ ਰੋਂਦੀ ਸੀ"? ਬੀਬੀ ਜੀ ਨੇ ਕਿਹਾ," ਛਿੰਦੋ ਹੁਣ ਇਹ ਘਰ ਛੱਡ ਕੇ ਆਪਣੇ ਸਹੁਰੇ ਘਰ ਚਲੀ ਗਈ ਏ। ਇਸ ਤਰਾਂ ਘਰ ਛੱਡਣ ਦਾ ਦੁੱਖ ਸਹਿਣਾ ਬਹੁਤ ਮੁਸ਼ਕਲ ਹੁੰਦਾ ਏ ਤੇ ਬਦੋ ਬਦੀ ਰੋਣਾ ਨਿਕਲ ਅਉਂਦਾ ਏ"। ਉਦੋਂ ਮੈਂ ਅਜੇ ਨਿੱਕਾ ਸਾਂ, ਮੈਨੂੰ ਇਸ ਗੱਲ ਦੀ ਪੂਰੀ ਸਮਝ ਨਾਂ ਆਈ। ਮੈਂ ਫਿਰ ਪੁੱਛਿਆ," ਬੀਬੀ ਤੂੰ ਵੀ ਇਸ ਤਰਾਂ ਰੋਈ ਸੈਂ"? ਬੀਬੀ ਨੇ ਹਾਂ 'ਚ ਸਿਰ ਹਿਲਾਇਆ। ਮੈਂ ਹੋਰ ਪੁੱਛਿਆ," ਜਦੋਂ ਤੰਨੀ ਦਾ ਵਿਆਹ ਹੋਵੇਗਾ, ਇਹ ਵੀ ਇਸ ਤਰਾਂ ਹੀ ਰੋਵੇਗੀ"? ਬੀਬੀ ਮੈਨੂੰ ਖਿੱਝ ਕੇ ਬੋਲੀ," ਚੁੱਪ ਕਰ, ਐਵੇਂ ਕੱਚੀ ਲੱਸੀ ਵਾਂਗੂੰ ਅਗਾਂਹ ਦਾ ਅਗਾਂਹ ਨਾਂ ਵਧੀ ਜਾਹ"। ਉਦੋਂ ਮੈਨੂੰ ਕੱਚੀ ਲੱਸੀ ਦੇ ਮਤਲਬ ਦਾ ਪਤਾ ਨਹੀਂ ਸੀ ਪਰ ਮੰੈਂ ਚੁੱਪ ਕਰ ਗਿਆ।
ਜਦੋਂ ਅਸੀਂ ਸਕੂਲ ਦੇ ਕੋਲ ਗਏ ਤਾਂ ਮੈਂ ਤੰਨੀ ਨੂੰ ਕਿਹਾ," ਅਸੀਂ ਜੁਲਾਹਿਆਂ ਦੀ ਚਾਚੀ ਰੱਖੀ ਨੂੰ ਮਿਲ ਆਏ ਆਂ। ਮੇਰੀ ਆਪਣੀ ਮਾਂ ਤਾਂ ਨਹੀਂ ਰਹੀ। ਹੁਣ ਤਾਂ ਚਾਚੀ ਰੱਖੀ ਹੀ ਮੇਰੀ ਮਾਂ ਬਰਾਬਰ ਹੈ ਕਿਉਂ ਕਿ ਬਚਪਨ 'ਚ ਕਈ ਵਾਰ ਮੈਂ ਉਸਦਾ ਦੁੱਧ ਪੀਤਾ ਏ। ਮੈਂ ਉਸਨੂੰ ਇੱਕ ਸੌ ਡਾਲਰ ਦੇ ਦਿੱਤਾ ਅਤੇ ਕੈਨੇਡਾ ਤੋਂ ਹੋਰ ਪੈਸੇ ਭੇਜਣ ਦਾ ਵਾਅਦਾ ਵੀ ਕੀਤਾ ਹੈ"। ਤੰਨੀ ਕੁਝ ਉਦਾਸ ਜਿਹੀ ਹੋ ਗਈ। ਜਦੋਂ ਮੈਂ ਕਾਰਨ ਪੁੱਛਿਆ ਤਾਂ ਤੰਨੀ ਨੇ ਕਿਹਾ," ਇਸਦਾ ਪੁੱਤਰ ਤਾਂ ਉਕਾੜੇ ਕੰਮ ਕਰਦਾ ਹੈ। ਸੂਰਜ ਚੜ੍ਹੇ ਘਰੋਂ ਚਲੇ ਜਾਂਦਾ ਤੇ ਹਨੇਰੇ ਪਏ ਵਾਪਸ ਘਰ ਅਉਂਦਾ ਏ। ਪਿਛੋਂ ਚਾਚੀ ਦੀ ਨੂੰਹ ਇਸਨੂੰ ਬਹੁਤ ਤੰਗ ਕਰਦੀ ਏ। ਕਦੀ ਕਦੀ ਇਸਨੂੰ ਰੋਟੀ ਪਾਣੀ ਵੀ ਨਹੀਂ ਪੁੱਛਦੀ। ਨਕਦ ਪੈਸੇ ਦੇਣ ਨਾਲੋਂ ਇਸਦੇ ਗਰਮੀਆਂ ਤੇ ਸਿਆਲ ਵਾਲੇ ਕੱਪੜੇ ਬਣਾ ਦੇਈਏ ਤੇ ਘਰ ਦੀ ਵਰਤੋਂ ਵਾਲਾ ਕੋਈ ਹੋਰ ਸਮਾਨ ਲੈ ਦੇਈਏ ਤਾਂ ਚੰਗਾ ਰਹੇਗਾ"। ਮੈਂ ਤੰਨੀ ਨਾਲ ਸਹਿਮਤੀ ਪ੍ਰਗਟਾਈ। ਮੈਂ ਫਿਰ ਕਿਹਾ," ਮੇਰੀ ਦਿਲੀ ਇੱਛਾ ਹੈ ਕਿ ਆਪਣੇ ਮਾਤਾ ਪਿਤਾ ਦੀ ਯਾਦ 'ਚ ਮੈਂ ਸਾਂਝੇ ਤੌਰ ਤੇ ਪਿੰਡ ਵਾਲਿਆਂ ਦੀ ਕੋਈ ਮਦਦ ਕਰਾਂ। ਚੌਧਰੀ ਸਾਹਿਬ ਨਾਲ ਸਲਾਹ ਕਰਕੇ ਇਹ ਫੈਸਲਾ ਹੋਇਆ ਹੈ ਕਿ ਸਕੂਲ ਵਾਸਤੇ ਇੱਕ ਕਮਰਾ ਅਤੇ ਇੱਕ ਨਲਕਾ ਲਗਵਾ ਦਿੱਤਾ ਜਾਵੇ"। ਜੁਬੈਦਾਂ ਨੇ ਹੱਸ ਕੇ ਕਿਹਾ," ਇਸ ਗੱਲ ਲਈ ਤਾਂ ਤੁਹਾਡਾ ਬਹੁਤ ਸ਼ੁਕਰੀਆ। ਪਰ ਜਿੱਥੇ ਸੌ ਉੱਥੇ ਸਵਾਇਆ। ਇਹਨਾਂ ਦੇ ਨਾਲ ਨਾਲ ਲੜਕੀਆਂ ਵਾਸਤੇ ਇੱਕ ਗੁਸਲਖਾਨੇ ਦੀ ਬਹੁਤ ਲੋੜ ਏ। ਉਹ ਵੀ ਬਣਵਾ ਦਿਉ"। ਮੇਰੀ ਘਰ ਵਾਲੀ ਨੇ ਖੁਸ਼ ਹੋਕੇ ਕਿਹਾ," ਜੁਬੈਦਾਂ ਭੈਣ, ਤੇਰਾ ਕਿਹਾ ਸਿਰ ਮੱਥੇ ਤੇ। ਕੁਝ ਹੋਰ ਦੱਸ"। ਜੁਬੈਦਾਂ ਨੇ ਕਿਹਾ," ਪਹਿਲੋਂ ਐਨਾ ਕੰਮ ਤਾਂ ਕਰਵਾ ਦਿਉ, ਬਾਕੀ ਫਿਰ ਸਹੀ"।
ਤੁਰਦੇ ਤੁਰਦੇ ਅਸੀਂ ਮਸੀਤ ਲਾਗਲੇ ਬੋਹੜ ਕੋਲ ਪਹੁੰਚ ਗਏ। ਹੁਣ ਤਾਂ ਇਹ ਬਹੁਤ ਵੱਡਾ ਦਰੱਖਤ ਬਣ ਗਿਆ ਸੀ ਅਤੇ ਇਸਦੇ ਚਾਰੇ ਪਾਸੇ ਬਹੁਤ ਸੋਹਣਾ ਥੜ੍ਹਾ ਵੀ ਬਣਿਆ ਹੋਇਆ ਸੀ। ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਇੱਥੇ ਥੜ੍ਹਾ ਨਹੀਂ ਸੀ ਹੁੰਦਾ। ਇਹ ਬੋਹੜ ਸਾਡੇ ਸੱਚੇ ਤੇ ਅੱਲ੍ਹੜ ਪਿਆਰ ਦੀ ਮੂੰਹ ਬੋਲਦੀ ਨਿਸ਼ਨੀ ਸੀ। ਇੱਥੇ ਹੀ ਜੁਬੈਦਾਂ ਨੇ ਮੈਨੂੰ ਕਿਹਾ ਸੀ," ਵੇ ਅੜਿਆ, ਤੂੰ ਮੈਨੁੰ ਬੜ੍ਹਾ ਸੋਹਣਾ ਲੱਗਦੈਂ, ਆਪਾਂ ਨਿਕਾਹ ਕਰ ਲਈਏ"। ਮੈਂ ਕਿਹਾ ਸੀ," ਮੈਂ ਬੀਬੀ ਕੋਲੋਂ ਪੁੱਛ ਆਵਾਂ"। ਉਸਨੇ ਮੇਰੇ ਮੋਢੇ 'ਤੇ ਧੱਫਾ ਜਿਹਾ ਮਾਰ ਕੇ ਕਿਹਾ ਸੀ," ਹੈਂ ਬੁੱਧੂ, ਇਹਦੇ 'ਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਆ"? ਜਦੋਂ ਮੈਂ ਬੀਬੀ ਨਾਲ ਗੱਲ ਕੀਤੀ, ਤਾਂ ਉਹ ਹੱਸ ਪਈ, ਅਤੇ ਗੱਲ ਟਾਲਦੇ ਹੋਏ ਉਸਨੇ ਮੈਨੂੰ ਕਿਹਾ ਸੀ," ਤੂੰ ਅਜੇ ਛੋਟਾ ਏਂ। ਨਾਲੇ ਇਹ ਗੱਲ ਨਹੀਂ ਬਣਨੀ ਕਿਉਂ ਕਿ ਸਾਡਾ ਮਜ੍ਹਬ ਹੋਰ ਏ ਤੇ ਜੁਬੈਦਾਂ ਦਾ ਹੋਰ"। ਜਦੋਂ ਮੈਂ ਇਹ ਗੱਲ ਜੁਬੈਦਾਂ ਨੂੰ ਦੱਸੀ, ਤਾਂ ਉਹ ਬਹੁਤ ਉਦਾਸ ਹੋ ਗਈ। ਉਸਨੇ ਨਹੋਰਾ ਜਿਹਾ ਮਾਰਦੇ ਮੈਨੂੰ ਕਿਹਾ ਸੀ," ਜਾਹ ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ"। ਉਹ ਮੇਰੇ ਨਾਲ ਦੋ ਦਿਨ ਨਾਂ ਬੋਲੀ। ਮੇਰੇ ਦਿਲ 'ਤੇ ਵੀ ਡੂੰਘੀ ਸੱਟ ਵੱਜੀ ਅਤੇ ਤੀਸਰੇ ਦਿਨ ਮੈਂ ਕੰਨ ਫੜ੍ਹ ਕੇ ਉਸ ਕੋਲੋਂ ਮੁਆਫੀ ਮੰਗੀ ਸੀ।
ਮੇਰੀ ਘਰ ਵਾਲੀ ਨੇ ਤੰਨੀ ਵੱਲ ਕੋਈ ਇਸ਼ਾਰਾ ਕੀਤਾ, ਤਾਂ ਤੰਨੀ ਨੇ ਜੁਬੈਦਾਂ ਨੂੰ ਕਿਹਾ," ਅਸੀਂ ਇੱਕ ਨੰਬਰ ਹੋ ਆਈਏ"। ਉਹ ਦੋਵੇਂ ਜਣੀਆਂ ਥੋੜ੍ਹੀ ਦੂਰ ਇੱਕ ਖੇਤ ਵੱਲ ਚਲੇ ਗਈਆਂ। ਮੈਂ ਤੇ ਜੁਬੈਦਾਂ ਚੁੱਪ ਚਾਪ ਖੜ੍ਹੇ ਸਾਂ। ਇੱਕ ਦੂਜੇ ਵੱਲ ਵੇਖੀ ਜਾਈਏ, ਪਰ ਬੋਲੇ ਕੋਈ ਨਾਂ। ਮੈਂ ਚੁੱਪ ਤੋੜਦੇ ਨੇ ਕਿਹਾ," ਨੀ ਅੜੀਏ, ਤੂੰ ਵਿਆਹ ਕਿਉਂ ਨਹੀਂ ਕਰਾਇਆ"? ਉਹ ਜਰਾ ਮੁਸਕਰਾ ਕੇ ਬੋਲੀ," ਦਿਲ ਤਾਂ ਤੂੰ ਲੈ ਗਿਆ ਸਾਂ, ਮੈਂ ਵਿਆਹ ਕਿਵੇਂ ਕਰਵਾ ਲੈਂਦੀ"। ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਪਰ ਮੈਂ ਫਿਰ ਸੁਆਲ ਕੀਤਾ," ਕੀ ਇਹ ਫੈਸਲਾ ਲੈਕੇ ਤੂੰ ਆਪਣੀ ਜਿੰਦਗੀ ਨਾਲ ਜ਼ੁਲਮ ਤਾਂ ਨਹੀਂ ਕੀਤਾ"? ਉਹ ਬੋਲੀ," ਨਹੀਂ, ਐਸੀ ਕੋਈ ਗੱਲ ਨਹੀਂ। ਇਸ ਮਰਦ ਪ੍ਰਧਾਨ ਸੰਸਾਰ ਵਿਚ ਮੈਂ ਅਜ਼ਾਦ ਰਹਿ ਕੇ ਜਿੰਦਗੀ ਦਾ ਅਨੰਦ ਮਾਣਿਆਂ ਏ। ਐਥੇ ਜਨਾਨੀਆਂ ਬੀਵੀਆਂ ਘੱਟ ਤੇ ਗੁਲਾਮ ਜ਼ਿਆਦਾ ਨੇ। ਹਰ ਵੇਲੇ ਨੋਕ ਝੋਕ, ਆਹ ਕਰ ਔਹ ਨਾਂ ਕਰ, ਐਥੇ ਜਾਹ ਔਥੇ ਨਾਂ ਜਾਹ। ਹਾਂ, ਜਵਾਨੀ ਵੇਲੇ ਕੁਝ ਮੁਸ਼ਕਲਾਂ ਆਈਆਂ ਸਨ, ਪਰ ਮੇਰੇ ਭਰਾ ਤੇ ਭਾਬੀ ਨੇ ਮੇਰਾ ਪੂਰਾ ਸਾਥ ਦਿੱਤਾ"। ਮੈਂ ਕਿਹਾ," ਤੂੰ ਭਾਵੇਂ ਮੰਨ ਭਾਵੇਂ ਨਾਂ ਮੰਨ, ਪਰ ਬੁਢਾਪੇ 'ਚ ਇਨਸਾਨ ਨੂੰ ਕਿਸੇ ਸਹਾਰੇ ਦੀ ਲੋੜ ਜਰੂਰ ਪੈਂਦੀ ਏ"। ਜੁਬੈਦਾਂ ਇੱਕ ਦੰਮ ਬੋਲੀ," ਜਿਸਨੂੰ ਖ਼ਦਾ ਦਾ ਸਹਾਰਾ ਹੋਵੇ, ਉਸਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਪੈਂਦੀ। ਪਰ ਤੂੰ ਫਿਕਰ ਨਾਂ ਕਰ, ਮੇਰੇ ਕੋਲ ਮੇਰਾ ਸਹਾਰਾ ਮੌਜੂਦ ਏ"। ਮੈਂ ਸਮਝਿਆ ਕਿ ਇਹ ਸਭ ਇਕੱਠੇ ਰਹਿੰਦੇ ਨੇ ਅਤੇ ਬੱਚੇ ਹੀ ਇਹਨਾਂ ਦਾ ਸਹਾਰਾ ਹਨ।
ਕੁਝ ਚਿਰ ਬਾਅਦ ਗੱਲ ਦਾ ਰੁਖ ਬਦਲਦੇ ਹੋਏ ਉਸਨੇ ਮੈਨੂੰ ਪੁੱਛਿਆ," ਹਾਲਾਂ ਮੇਰੇ ਦਿਲ 'ਚ ਤਾਂ ਇਹ ਭਰਮ ਹੋ ਸਕਦਾ ਸੀ ਕਿ ਤੂੰ ਜਿੰਦਾ ਹੈਂ ਕਿ ਨਹੀਂ, ਮੈਂ ਫਿਰ ਵੀ ਸ਼ਾਦੀ ਨਹੀਂ ਕੀਤੀ। ਪਰ ਤੈਨੂੰ ਤਾਂ ਇਹ ਪਤਾ ਸੀ ਕਿ ਮੈਂ ਜਿਉਂਦੀ ਹਾਂ, ਫਿਰ ਤੂੰ ਵਿਆਹ ਕਿਉਂ ਕਰਾਇਆ"? ਇਹ ਗੱਲ ਸੁਣਕੇ ਮੇਰਾ ਸਰੀਰ ਸਿਰ ਤੋਂ ਪੈਰਾ ਤੱਕ ਸੁੰਨ ਜਿਹਾ ਹੋ ਗਿਆ। ਮੈਨੂੰ ਜਾਪਿਆ ਜਿਵੇਂ ਕਿਸੇ ਨੇ ਮੇਰੇ ਸਿਰ 'ਤੇ ਕੋਈ ਹਥੌੜਾ ਮਾਰ ਦਿਤਾ ਹੋਵੇ। ਪਤਾ ਨਹੀਂ ਉਸਨੇ ਮੈਨੂੰ ਇਹ ਮਿਹਣਾਂ ਮਾਰਿਆ ਸੀ, ਸ਼ਿਕਾਇਤ ਕੀਤੀ ਸੀ ਜਾਂ ਮੇਰੇ ਨਾਲ ਗਿਲ੍ਹਾ ਕੀਤਾ ਸੀ। ਕੁਝ ਹੱਦ ਤੱਕ ਉਹ ਸੱਚੀ ਵੀ ਸੀ ਕਿ ਉਸਨੇ ਤਾਂ ਸੱਚੇ ਪਿਆਰ ਦੀ ਖਾਤਰ ਆਪਣੀ ਸਾਰੀ ਜਿੰਦਗੀ ਦਾਅ 'ਤੇ ਲਾ ਦਿੱਤੀ, ਤੇ ਮੈਂ ਕੀ ਕੀਤਾ? ਇਕ ਪਲ ਮੈਂ ਸੱਚੀਂ ਹੀ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕੀਤਾ। ਦਿਲ ਕਰਦਾ ਸੀ ਕਿ ਜ਼ਨੀਨ ਫਟ ਜਾਵੇ ਤੇ ਮੈਂ ਉਸ 'ਚ ਸਮਾ ਜਾਵਾਂ। ਉਸਦੇ ਸਵਾਲ ਦਾ ਮੇਰੇ ਕੋਲ ਕੋਈ ਸਿੱਧਾ ਉੱਤਰ ਤਾਂ ਨਹੀਂ ਸੀ, ਪਰ ਗੱਲ ਟਾਲਦੇ ਹੋਏ ਨੇ ਕਿਹਾ," ਆਪਾਂ ਇਸਨੂੰ ਕਿਸਮਤ ਦੀ ਖੇਡ ਜਾਂ ਸੰਜੋਗ ਕਹਿ ਸਕਦੇ ਹਾਂ। ਜੇ ਆਪਣੇ ਵਿਆਹ ਦਾ ਸੰਜੋਗ ਹੁੰਦਾ, ਫਿਰ ਦੇਸ਼ ਦੀ ਵੰਡ ਹੀ ਕਿਉਂ ਹੁੰਦੀ? ਆਪਾਂ ਕਿਉਂ ਵਿਛੜਦੇ? ਮੇਰੇ ਮਾਪੇ ਕਿਉਂ ਮਰਦੇ? ਮੈਨੂੰ ਤਾਂ ਹੁਣ ਤੰਨੀ ਨੇ ਦੱਸਿਆ ਕਿ ਕਾਤਲਾਂ ਨੇ ਮੇਰੇ ਭਰਾ ਦੀ ਪੱਗ ਵੇਖਕੇ ਉਸਦੇ ਟੋਟੇ ਕਰਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿਤਾ ਸੀ"? ਮੇਰਾ ਜੀਅ ਭਰ ਆਇਆ ਅਤੇ ਕੁਝ ਚਿਰ ਰੁਕ ਕੇ ਮੈਂ ਕਿਹਾ," ਆਪਣੇ ਨਾਨਕੇ ਪਹੁੰਚ ਕੇ ਮੈਂ ਮਾਮਾ ਜੀ ਅਤੇ ਮਾਮੀ ਜੀ ਵਿੱਚੋਂ ਆਪਣੇ ਮਾਂ ਪਿAੁ ਨੂੰ ਲੱਭਦਾ ਰਿਹਾ। ਗਲੀ ਵਿੱਚ ਖੇਡਦੇ ਬੱਚਿਆਂ 'ਚੋਂ ਮੈਂ ਤੈਨੂੰ ਤੇ ਤੰਨੀ ਨੂੰ ਲੱਭਦਾ ਰਿਹਾ। ਪਰ ਤੁਸੀਂ ਮੈਨੂੰ ਤਾਂ ਮਿਲਦੇ, ਜੇ ਤੁਸੀਂ ਉੱਥੇ ਹੁੰਦੇ। ਹਮਲਾਵਰਾਂ ਦੀ ਸਾਡੀਆਂ ਮਾਵਾਂ ਭੈਣਾਂ ਨਾਲ ਕੀਤੀ ਬਦਫੈਲੀ, ਮੇਰੀ ਮਾਂ ਦੀਆਂ ਲੇਲ੍ਹਣੀਆਂ ਕੱਢਣੀਆਂ ਅਤੇ ਲਹੂ ਦੇ ਛੱਪੜ ਦਾ ਦਰਿਸ਼ ਜਦੋਂ ਮੇਰੀਆਂ ਅੱਖਾਂ ਸਾਹਮਣੇ ਅਉਂਦਾ ਜਾਂ ਇਸ ਬਾਰੇ ਜਦੋਂ ਕੋਈ ਸੁਪਨਾ ਅਉਂਦਾ ਤਾਂ ਮੈਂ ਤੱ੍ਰਭਕ ਜਾਂਦਾ ਤੇ ਮੇਰੀ ਮਾਮੀ ਮੈਨੂੰ ਘੁੱਟ ਕੇ ਜੱਫੀ 'ਚ ਲੈ ਲੈਂਦੀ। ਇਹਨਾਂ ਹਾਲਾਤਾਂ 'ਚ ਈ ਮੈਂ ਵੱਡਾ ਹੋਇਆ। ਜਦੋਂ ਮੇਰੇ ਨਾਂ ਤੇ ਪਿੰਡ ਡੇਹਰੀ ਵਾਲਾ (ਜਿਲਾ ਅਮ੍ਰਿਤਸਰ) 'ਚ ਜਮੀਨ ਅਲਾਟ ਹੋਈ ਅਤੇ ਮੈਂ ਇਸ ਪਿੰਡ ਆਇਆ, ਤਾਂ ਪਿੰਡ ਵਾਲਿਆਂ ਨੇ ਮੈਨੂੰ 'ਪਨਾਹਗੀਰ' ਦਾ ਖਤਾਬ ਦੇ ਦਿੱਤਾ। ਅਸੀਂ ਸ਼ਾਹਾਂ ਤੋਂ ਪਨਾਹਗੀਰ ਹੋ ਗਏ। ਇਸ ਲਫਜ ਨੇ ਮੇਰਾ ਰਿਸ਼ਤਾ ਹੋਣ 'ਚ ਵੀ ਬਹੁਤ ਰੁਕਾਵਟ ਪਾਈ ਅਤੇ ਅੱਜ ਤੱਕ ਇਸ ਲਫਜ ਨੇ ਮੇਰਾ ਪਿੱਛਾ ਨਹੀਂ ਛੱਡਿਆ। ਸੋ ਮੇਰਾ ਵਿਆਹ ਕਰਾਉਣਾ ਮੇਰੀ ਮਜਬੂਰੀ ਸੀ"। ਗੱਲਾਂ ਕਰਦਿਆਂ ਮੈਂ ਵੀ ਭਾਵਕ ਹੋ ਗਿਆ ਤੇ ਜੁਬੈਦਾਂ ਵੀ।
ਕੁਝ ਚਿਰ ਪਿਛੋਂ ਜੁਬੈਦਾਂ ਨੇ ਕਿਹਾ," ਇੱਕ ਗੱਲ ਸੱਚ ਦੱਸੀਂ, ਤੈਨੂੰ ਕਦੇ ਮੇਰੀ ਯਾਦ ਆਈ ਏ ਕਿ ਨਹੀਂ"? ਮੈਂ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਿਹਾ," ਨੀ ਅੜੀਏ ਸੱਚ ਜਾਣੀਂ, ਮੈਂ ਵਿਆਹਿਆ ਗਿਆ, ਮੇਰੇ ਬੱਚੇ ਹੋ ਗਏ, ਮੈਂ ਪੋਤੇ ਪੋਤੀਆਂ ਵਾਲਾ ਹੋ ਗਿਆ, ਬੁਢੇਪਾ ਆ ਗਿਆ, ਪਰ ਤੇਰਾ ਸੱਚਾ ਤੇ ਅੱਲੜ੍ਹ ਪਿਆਰ ਮੈਂ ਅਜੇ ਵੀ ਉਸੇ ਤਰਾਂ ਆਪਣੇ ਦਿਲ 'ਚ ਸਮਾਈ ਬੈਠਾਂ ਹਾਂ। ਇਸ ਗੱਲ ਦੀ ਗੁਆਹ ਮੇਰੀ ਪਤਨੀ ਏ। ਮੈਂ ਉਸ ਨਾਲ ਤੇਰੀਆਂ ਤੇ ਤੰਨੀ ਦੀਆਂ ਬਚਪਨ ਵੇਲੇ ਦੀਆਂ ਗੱਲਾਂ ਕਈ ਵਾਰ ਸਾਂਝੀਆਂ ਕੀਤੀਆਂ ਨੇ"। ਫਿਰ ਹੌਲੀ ਜਿਹੀ ਅਵਾਜ਼ 'ਚ ਉਸਨੇ ਮੈਨੂੰ ਕਿਹਾ," ਮੇਰੀ ਇੱਕ ਗੱਲ ਮੰਨ੍ਹੇਂਗਾ"? ਮੈਂ ਕਿਹਾ," ਤੂੰ ਕਹਿ ਕੇ ਤਾਂ ਵੇਖ, ਮੈਂ ਤੇਰੀਆਂ ਸੌ ਗੱਲਾਂ ਮੰਨਾਂਗਾ"। ਉਸਨੇ ਕਿਹਾ," ਐਥੇ ਥੜ੍ਹੇ ਤੇ ਬੈਠ ਜਾਹ"। ਇਹ ਸੋਚਦੇ ਹੋਏ ਕਿ ਮੇਰਾ ਸੂਟ ਮਿੱਟੀ ਨਾਲ ਮੈਲਾ ਹੋ ਜਾਏਗਾ, ਮੈਂ ਬੈਠਣ ਤੋਂ ਕੁਝ ਝਿਜਕਿਆ। ਉਹ ਇੱਕ ਦੰਮ ਹੁਕਮ ਜਿਹਾ ਕਰਦੇ ਹੋਈ ਬੋਲੀ," ਬਹਿਜਾ ਐਥੇ, ਨਲੀ ਚੋਚੋ ਜਿਹਾ। ਤੈਨੂੰ ਪਤਾ ਜਦੋਂ ਤੇਰਾ ਨੱਕ ਵਗਦਾ ਹੁੰਦਾ ਸੀ, ਮੈਂ ਹੱਥ ਨਾਲ ਜਾਂ ਆਪਣੀ ਚੁੰਨੀ ਨਾਲ ਤੇਰਾ ਸੀਂਢ ਸਾਫ ਕਰਦੀ ਹੁੰਦੀ ਸਾਂ"? ਫਿਰ ਮੈਂ ਕੋਈ ਹੀਲ ਹੁੱਜਤ ਨਾਂ ਕੀਤੀ ਅਤੇ ਥੜ੍ਹੇ ਉਪਰ ਬੈਠ ਗਿਆ। ਉਸਨੇ ਕਿਹਾ," ਆਪਣੀਆਂ ਅੱਖਾਂ ਮੀਟ ਲੈ"। ਮੈਂ ਕਿਹਾ," ਕਿਉਂ"? ਉਸਨੇ ਕਿਹਾ," ਤੈਨੂੰ ਦੇਖਿਆਂ ਨੂੰ ਮੁੱਦਤ ਹੋ ਗਈ ਏ, ਮੈਂ ਇੱਕ ਪਲ ਤੈਨੂੰ ਜੀਅ ਭਰ ਕੇ ਦੇਖਣਾ ਚਹੁੰਦੀ ਆਂ"। ਮੈਂ ਅੱਖੀਆਂ ਮੀਟ ਲਈਆਂ ਤੇ ਉਸਨੂੰ ਕਿਹਾ," ਮੇਰੀ ਵੀ ਇੱਕ ਗੱਲ ਮੰਨੇਗੀ"? ਉਸਨੇ ਕਿਹਾ," ਦੱਸ"। ਮੈਂ ਕਿਹਾ," ਅੱਜ ਵੀ ਮੈਨੂੰ ਤੇਰੇ ਵਾਲ ਬਹੁਤ ਸੁਹਣੇ ਲਗਦੇ ਨੇ"। ਮੈਨੂੰ ਯਾਦ ਆਇਆ, ਬਚਪਨ 'ਚ ਮੈਂ ਇੱਕ ਵਾਰ ਉਸਨੂੰ ਕਿਹਾ ਸੀ," ਜੁਬੈਦਾਂ, ਨੀ ਅੜੀਏ ਮੈਨੂੰ ਤੇਰੇ ਗਿਟਿੱਆਂ ਤੱਕ ਲਮਕਦੇ ਵਾਲ ਬਹੁਤ ਸੋਹਣੇ ਲਗਦੇ ਆ"। ਉਸਨੇ ਖੁਸ਼ ਹੋਕੇ ਆਪਣੀ ਗੁੱਤ ਮੇਰੇ ਹੱਥ 'ਚ ਫੜਾ ਦਿੱਤੀ ਤੇ ਮੈਂ ਘੁੱਟ ਕੇ ਫੜ੍ਹ ਲਈ ਸੀ। ਉਹ ਗੁੱਤ ਛਡਾਏ, ਮੈਂ ਨਾਂ ਛੱਡਾਂ। ਉਸਨੇ ਗੁੱਤ ਛਡਾਉਣ ਲਈ ਮੈਨੂੰ ਧੱਕਾ ਦਿੱਤਾ ਤੇ ਮੇਰੀ ਅਰਕ (ਕੂਹਣੀ) 'ਚੋਂ ਲਹੂ ਵਗਣ ਲਗ ਪਿਆ ਸੀ। ਅੱਜ ਫਿਰ ਮੇਰੇ ਕਹਿਣ ਤੇ ਉਸਨੇ ਆਪਣੀ ਗੁੱਤ ਮੇਰੇ ਹੱਥ 'ਚ ਫੜਾ ਦਿੱਤੀ ਤੇ ਕੁਝ ਨਾਂ ਬੋਲੀ। ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ, ਚਾਰ ਮਿੰਟ, ਪੰਜ ਮਿੰਟ। ਮੇਰੇ ਹੱਥ ਉੱਤੇ ਦੋ ਤਿੰਨ ਅੱਥਰੂ ਡਿੱਗੇ। ਮੰੈਂ ਆਪਣੀਆਂ ਅੱਖਾਂ ਖੋਲ੍ਹੀਆਂ। ਜੁਬੈਦਾਂ ਦੀਆਂ ਅੱਖਾਂ ਬੰਦ ਸਨ ਤੇ ਉਹ ਚੁੱਪ ਚੁੱਪੀਤੇ ਰੋ ਰਹੀ ਸੀ। ਮੈਨੂੰ ਜਾਪਿਆ ਜਿਵੇਂ ਐਨੇ ਸਾਲ ਦੇ ਵਿਛੋੜੇ ਦਾ ਸੰਤਾਪ ਉਹ ਅੱਥਰੂਆਂ ਨਾਲ ਧੋ ਛੱਡਣਾ ਚਹੁੰਦੀ ਹੋਵੇ। ਮੈਂ ਉਸਨੂੰ ਗਲ ਲੱਗ ਕੇ ਦਿਲਾਸਾ ਦੇਣਾ ਚਾਹਿਆ ਪਰ ਉਹ ਇੱਕ ਦੰਮ ਤੱ੍ਰਭਕ ਕੇ ਪਰ੍ਹੇ ਹੋ ਗਈ। ਉਸਨੂੰ ਡਰ ਸੀ ਕਿ ਜੇ ਕਿਸੇ ਨੇ ਵੇਖ ਲਿਆ ਤਾਂ ਕੀ ਕਹੇਗਾ ਕਿ ਸਾਰੀ ਉਮਰ ਤਾਂ ਵਿਆਹ ਨਹੀਂ ਕਰਾਇਆ ਤੇ ਐਸ ਉਮਰੇ ਇਸਨੂੰ ਕਿਹੜਾ ਇਸ਼æਕ ਜਾਗ ਪਿਆ? ਸ਼ਾਇਦ ਉਸਨੇ ਮੇਰੀ ਘਰ ਵਾਲੀ ਅਤੇ ਤੰਨੀ ਨੂੰ ਦੂਰੋਂ ਅਉਂਦੀਆਂ ਨੂੰ ਵੀ ਦੇਖ ਲਿਆ ਸੀ। ਜਦੋਂ ਉਹ ਕੋਲ ਆਈਆਂ ਤਾਂ ਗੱਲ ਦੂਜੇ ਪਾਸੇ ਪਉਣ ਲਈ ਜੁਬੈਦਾਂ ਨੇ ਤੰਨੀ ਨੂੰ ਕਿਹਾ," ਨੀਂ, ਤੁਸਾਂ ਐਨੀ ਦੇਰ ਕਿੱਥੇ ਲਾ ਦਿੱਤੀ"? ਤੰਨੀ ਤੇ ਮੇਰੀ ਘਰ ਵਾਲੀ ਇੱਕ ਦੂਜੇ ਵੱਲ ਵੇਖ ਕੇ ਹੱਸ ਪਈਆਂ ਪਰ ਕੁਝ ਨਾਂ ਬੋਲੀਆਂ। ਇੰਨੇ ਚਿਰ ਨੂੰ ਹਮੀਦੇ ਮਰਾਸੀ ਨੇ ਆਕੇ ਕਿਹਾ," ਸਰਦਾਰ ਜੀ, ਚੌਧਰੀ ਸਾਹਬ ਕਹਿੰਦੇ ਨੇ ਪਈ ਜਲਦੀ ਆ ਜਾਉ, ਲੋਕ ਤੁਹਾਡਾ ਇੰਤਜਾਰ ਕਰ ਰਹੇ ਨੇ"। ਅਸੀਂ ਜਲਦੀ ਜਲਦੀ ਚੌਧਰੀ ਸਾਹਿਬ ਦੇ ਘਰ ਨੂੰ ਤੁਰ ਪਏ। ਰਾਹ 'ਚ ਤੰਨੀ ਨੇ ਕਿਹਾ," ਵੀਰ ਜੀ, ਇੱਥੇ ਜਰਾ ਜਲਦੀ ਕਰਨਾ, ਆਪਾਂ ਖਾਣੇ ਤੋਂ ਪਿਛੋਂ ਆਪਣੇ ਘਰ ਉਕਾੜੇ ਜਾਵਾਂਗੇ। ਬੱਚੇ ਸਾਡੇ ਸਭ ਦੀ ਉਡੀਕ ਕਰ ਰਹੇ ਨੇ"। ਮੈਂ ਕਿਹਾ," ਤੁਸੀਂ ਆਪਣੇ ਬੱਚਿਆਂ ਨੂੰ ਐਥੇ ਬੁਲਾ ਲਉ, ਕਿਉਂ ਕਿ ਚੌਧਰੀ ਸਾਹਿਬ ਦੇ ਕਹਿਣ ਮੁਤਾਬਕ ਅਸੀਂ ਇਸ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ। ਵਕਤ ਘੱਟ ਹੋਣ ਕਰਕੇ ਕੱਲ ਸਾਡਾ ਗੁਰਦਵਾਰਾ ਨਨਕਾਣਾ ਸਾਹਿਬ ਪਹੁੰਚਣਾ ਵੀ ਜਰੂਰੀ ਹੈ"। ਤੰਨੀ ਨੇ ਉਸੇ ਵੇਲੇ ਬੱਚਿਆਂ ਨੁੰ ਫੋਨ ਕਰ ਦਿੱਤਾ ਅਤੇ ਜਲਦੀ ਇੱਥੇ ਅਉਣ ਦੀ ਹਦਾਇਤ ਕਰ ਦਿੱਤੀ।
ਘਰ ਦੇ ਅੰਦਰ ਵੜੇ ਤਾਂ ਵੇਖਿਆ ਕਿ ਵਿਆਹ ਵਰਗਾ ਮਹੌਲ ਸੀ। ਤਕਰੀਬਨ 100 ਕੁ ਮਹਿਮਾਨ ਆਏ ਹੋਏ ਸਨ। ਖਾਣ ਪੀਣ ਦਾ ਦੌਰ ਚੱਲ ਰਿਹਾ ਸੀ। ਸਿੱਧੂ ਸਾਹਿਬ ਨੇ ਆਏ ਹੋਏ ਮਹਿਮਾਨਾਂ ਨੂੰ ਪਹਿਲੋਂ ਮੇਰੇ ਦਾਦਾ ਜੀ, ਪਿਤਾ ਜੀ ਅਤੇ ਮੇਰੇ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੱਤੀ ਤੇ ਫਿਰ ਦੇਸ਼ ਦੀ ਆਜਾਦੀ 'ਚ ਦੇਸ਼ ਵਾਸੀਆਂ ਦੀ, ਖਾਸ ਕਰਕੇ ਸਿੱਖਾਂ ਦੀ ਕੁਰਬਾਨੀ ਬਾਰੇ ਗੱਲ ਕੀਤੀ। ਕੁਝ ਬੁਲਾਰਿਆਂ ਨੇ ਅਜੋਕੇ ਹਾਲਾਤਾਂ ਵਿਚ ਸਿਆਸਤਦਾਨਾਂ ਦੇ ਭਰਿਸ਼ਟਾਚਾਰ ਹੋਣ ਅਤੇ ਦੇਸ਼ ਨੂੰ ਬਰਬਾਦ ਕਰਨ ਦੀ ਗੱਲ ਕੀਤੀ। ਪਰ ਬਹੁਤੇ ਲੋਕਾਂ ਦਾ ਖਿਆਲ ਸੀ ਕਿ ਦੋਹਾਂ ਦੇਸ਼ਾਂ ਦੇ ਖੁਦਗਰਜ਼ ਸਿਆਸਤਦਾਨਾਂ ਨੇ ਹੀ ਆਮ ਲੋਕਾਂ ਦੇ ਦਿਲਾਂ 'ਚ ਕੁੜੱਤਣ ਭਰੀ ਏ, ਪਰ ਆਮ ਜਨਤਾ ਆਪਣੇ ਪੁਰਾਣੇ ਅਮੀਰ ਸੱਭਿਆਚਾਰ, ਆਪਸੀ ਭਾਈਚਾਰੇ ਅਤੇ ਮੇਲ ਜੋਲ ਨੂੰ ਲੋਚਦੀ ਹੈ। ਫਿਰ ਮੈਂ ਸੰਖੇਪ ਜਿਹੇ ਲਫਜਾਂ 'ਚ ਚੜ੍ਹਦੇ ਪੰਜਾਬ ਵਿੱਚ 1965 ਤੋਂ ਸ਼ੁਰੂ ਹੋਏ ਖੇਤੀਬਾੜੀ ਦੇ ਹਰੇ ਇੰਕਲਾਬ ਅਤੇ ਅਨਾਜ ਦੀ ਪੈਦਾਵਾਰ ਬਾਰੇ ਪ੍ਰਾਪਤੀਆਂ ਦੀ ਜਾਣਕਾਰੀ ਦਿਤੀ। ਪਰ ਜਦੋਂ ਮੈਂ ਸਿਆਸਤਦਾਨਾਂ ਦੇ ਕਰੋੜਾਂ ਰੁਪੈ ਦੇ ਭਰਿਸ਼ਟਾਚਾਰ, ਖੇਤੀਬਾੜੀ 'ਚ ਘਟ ਰਹੀ ਆਮਦਨ ਅਤੇ ਕਰਜੇ ਦੇ ਬੋਝ ਕਾਰਨ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਗੱਲ ਕੀਤੀ, ਤਾਂ ਆਏ ਹੋਏ ਸਾਰੇ ਲੋਕਾਂ ਦੇ ਚਿਹਰਿਆਂ ਉੱਤੇ ਉਦਾਸੀ ਵੇਖੀ ਕਿਉਂ ਕਿ ਉਸ ਪਾਸੇ ਵੀ ਲੱਗਪਗ ਇਹੋ ਜਿਹੇ ਹੀ ਹਾਲਾਤ ਹਨ। ਖਾਣੇ ਦਾ ਕੰਮ ਤਕਰੀਬਨ 11 ਕੁ ਵਜੇ ਰਾਤ ਖਤਮ ਹੋ ਗਿਆ।
ਫਿਰ ਤੰਨੀ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਲਾਗੇ ਇੱਕ ਕਮਰੇ 'ਚ ਲੈ ਗਈ ਜਿੱਥੇ ਦੋ ਜਵਾਨ ਲੜਕੇ ਅਤੇ ਦੋ ਲੜਕੀਆਂ ਸਾਡਾ ਇੰਤਜਾਰ ਕਰ ਰਹੇ ਸਨ। ਜਾਣ ਪਛਾਣ ਕਰਾਉਂਦੇ ਤੰਨੀ ਨੇ ਕਿਹਾ," ਇਹ ਮੇਰਾ ਪੁੱਤਰ ਮੁਸ਼ਤਾਕ ਅਤੇ ਇਹ ਇਸਦੀ ਬੀਵੀ ਪਰਵੀਨ ਨੇ। ਤੇ ਆਹ ਮੇਰੀ ਧੀ ਨਾਜ਼ੀਆ ਅਤੇ ਉਸਦਾ ਖਾਵੰਦ ਅਸਲਮ"। ਫਿਰ ਸਾਡੇ ਵੱਲ ਇਸ਼ਾਰਾ ਕਰਕੇ ਉਸਨੇ ਮੁਸ਼ਤਾਕ ਅਤੇ ਨਾਜ਼ੀਆ ਨੂੰ ਕਿਹਾ," ਇਹ ਤੁਹਾਡੇ ਮਾਮੂੰ ਜਾਨ ਅਤੇ ਮਾਮੀ ਜਾਨ ਨੇ"। ਉਹਨਾਂ ਸਾਰਿਆਂ ਨੇ ਸਾਡੇ ਪੈਰੀਂ ਹੱਥ ਲਾਇਆ ਤੇ ਅਸਾਂ ਉਹਨਾਂ ਨੂੰ ਜੁੱਗ ਜੁੱਗ ਜੀਉਣ ਦੀ ਅਸੀਸ ਦਿੱਤੀ। ਇੱਕ ਦੰੰਮ ਮੇਰੀ ਘਰ ਵਾਲੀ ਨੇ ਆਪਣੇ ਹੱਥਾਂ ਤੋਂ ਸੋਨੇ ਦੀਆਂ ਚਾਰੇ ਚੂੜੀਆਂ ਲਾਹਕੇ ਪਰਵੀਨ ਤੇ ਨਾਜ਼ੀਆ ਨੂੰ ਅਤੇ ਪਰਸ ਵਿੱਚੋਂ ਦੋ ਸੌ ਡਾਲਰ ਕੱਢਕੇ ਮੁਸ਼ਤਾਕ ਅਤੇ ਅਸਲਮ ਨੂੰ ਦਿੱਤੇ ਤੇ ਕਿਹਾ," ਇਹ ਮੂੰਹ ਵਿਖਾਈ ਏ, ਬਾਕੀ ਫਿਰ ਸਹੀ"। ਕੁਝ ਚਿਰ ਪਿਛੋਂ ਤੰਨੀ ਨੇ ਹੱਸਦੇ ਹੋਏ ਕਿਹਾ," ਵੀਰੇ, ਤੈਨੂੰ ਇੱਕ ਹਾਸੇ ਦੀ ਗੱਲ ਦੱਸਾਂ? ਜੁਬੈਦਾਂ ਮੇਰੀ ਨਣਾਨ ਵੀ ਏ ਤੇ ਕੁੜਮਣੀ ਵੀ, ਕਿਉਂ ਕਿ ਅਸਲਮ ਜੁਬੈਦਾਂ ਦਾ ਪੁੱਤਰ ਏ"। ਮੈਂ ਇਕ ਦੰਮ ਠਠੰਬਰ ਜਿਹਾ ਗਿਆ ਤੇ ਕਿਹਾ," ਜੁਬੈਦਾਂ ਦਾ ਪੁੱਤਰ"? ਫਿਰ ਤੰਨੀ ਨੇ ਦੱਸਿਆ," ਨਾਜ਼ੀਆ ਉਦੋਂ ਅਜੇ ਮਸਾਂ ਛੇ ਕੁ ਮਹੀਨੇ ਦੀ ਸੀ, ਮੈਂ ਤੇ ਜੁਬੈਦਾਂ ਸਕੂਲ ਤੋਂ ਪੜ੍ਹਾ ਕੇ ਵਾਪਸ ਉਕਾੜੇ ਆਪਣੇ ਘਰ ਵੱਲ ਆ ਰਹੀਆਂ ਸਾਂ ਕਿ ਰਸਤੇ ਵਿੱਚ ਇੱਕ ਝਾੜੀ ਵਿੱਚੋਂ ਸਾਨੂੰ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ। ਕੋਲ ਜਾਕੇ ਵੇਖਿਆ ਤਾਂ ਕੱਪੜੇ 'ਚ ਵਲ੍ਹੇਟਿਆ ਇੱਕ ਨਿੱਕਾ ਜਿਹਾ ਲੜਕਾ ਰੋ ਰਿਹਾ ਸੀ। ਸਾਥੋਂ ਉਸ ਬੱਚੇ ਦਾ ਰੋਣਾ ਸਹਾਰਿਆ ਨਾਂ ਗਿਆ। ਜੁਬੈਦਾਂ ਨੇ ਉਸਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਮੈਨੂੰ ਦੁੱਧ ਪਿਆਉਣ ਲਈ ਕਿਹਾ। ਉਹ ਬੱਚਾ ਚੁੱਪ ਕਰ ਗਿਆ। ਅਸੀਂ ਉਸ ਬੱਚੇ ਨੂੰ ਘਰ ਲੈ ਆਏ। ਸਲੀਮ ਨਾਲ ਸਲਾਹ ਕੀਤੀ ਅਤੇ ਠਾਣੇ ਜਾਕੇ ਪੁਲੀਸ ਰਪੋਰਟ ਲਿਖਵਾਈ। ਠਾਣੇਦਾਰ ਨੇ ਕਿਹਾ," ਅਸੀਂ ਇਸ ਕੇਸ ਦੀ ਤਫਤੀਸ਼ ਕਰਦੇ ਆਂ, ਜਦੋਂ ਕਿਸੇ ਗੱਲ ਦਾ ਪਤਾ ਲੱਗਿਆ, ਅਸੀਂ ਤੁਹਾਨੂੰ ਇਤਲਾਹ ਦਿਆਂਗੇ। ਉਸ ਵਕਤ ਤੱਕ ਇਸ ਬੱਚੇ ਨੂੰ ਤੁਸੀਂ ਆਪਣੇ ਕੋਲ ਰੱਖੋ"। ਉਹਨਾਂ ਇਸ ਕੇਸ ਦੀ ਤਫਤੀਸ਼ ਕੀਤੀ ਪਰ ਕੁਝ ਪਤਾ ਨਾਂ ਲੱਗਾ। ਜੁਬੈਦਾਂ ਨੂੰ ਇਹ ਬੱਚਾ ਬਹੁਤ ਪਿਆਰਾ ਲੱਗਾ ਅਤੇ ਇਸਨੂੰ ਆਪਣਾ ਪੁੱਤਰ ਬਣਾ ਲਿਆ"। ਮੈਨੂੰ ਹੁਣ ਸਮਝ ਪਈ ਕਿ ਬੋਹੜ ਹੇਠਾਂ ਜੁਬੈਦਾਂ ਠੀਕ ਹੀ ਕਹਿੰਦੀ ਸੀ ਕਿ ਉਸ ਕੋਲ ਉਸਦੇ ਬੁਢ੍ਹਾਪੇ ਦਾ ਸਹਾਰਾ ਮੌਜੂਦ ਹੈ। ਤੰਨੀ ਨੇ ਹੋਰ ਦੱਸਿਆ," ਜਦੋਂ ਅਸਲਮ ਵੱਡਾ ਹੋਇਆ ਤਾਂ ਇਸਦੀ ਸ਼ਾਦੀ ਦੀ ਗੱਲ ਇੱਕ ਦੋ ਥਾਵਾਂ ਤੇ ਚਲਾਈ। ਗੱਲ ਇੱਥੇ ਆਕੇ ਰੁਕ ਗਈ ਕਿ ਇਸਦੇ ਮਾਪੇ ਕੌਣ ਨੇ? ਫਿਰ ਇਕ ਦਿਨ ਨਾਜ਼ੀਆ ਨੇ ਸਾਡੇ ਦਿਲ ਤੋਂ ਮਣਾਂ ਮੂੰਹੀਂ ਬੋਝ ਇਹ ਕਹਿੰਦਿਆ ਲਾਹ ਦਿੱਤਾ," ਅੰਮੀ ਜਾਨ, ਤੁਸੀਂ ਕਿਹੜੇ ਫਿਕਰਾਂ 'ਚ ਪਏ ਜੇ। ਅਸਲਮ ਸੋਹਣਾ ਏ, ਜਵਾਨ ਏ, ਮੈਂ ਇਸਨੂੰ ਜਾਣਦੀ ਆਂ, ਪਹਿਚਾਣਦੀ ਆਂ। ਜੇ ਤੁਸੀਂ ਇਸ ਦਾ ਨਿਕਾਹ ਮੇਰੇ ਨਾਲ ਕਰ ਦਿਉ, ਮੈਂ ਬਹੁਤ ਖੁਸ਼ ਹੋਵਾਂਗੀ"। ਅਸੀਂ ਸਾਰੇ ਮੰਨ ਗਏ ਤੇ ਇਹਨਾਂ ਦਾ ਨਿਕਾਹ ਕਰ ਦਿੱਤਾ"। ਮੈਂ ਫਿਰ ਪੁੱਛਿਆ," ਤੰਨੀ, ਤੇਰੇ ਮੀਆਂ ਜੀ ਕਿੱਥੇ ਨੇ"? ਉਹ ਹੱਸ ਕੇ ਬੋਲੀ," ਉਹਨਾਂ ਦਾ ਟਰੱਕਾਂ ਦਾ ਬਿਜਨਸ ਏ। ਉਹ ਕੱਲ੍ਹ ਦੇ ਇਸਲਾਮਾਬਾਦ ਗਏ ਨੇ, ਤਿੰਨ ਕੁ ਦਿਨਾਂ ਤੱਕ ਵਾਪਸ ਅਉਣਗੇ। ਹੁਣ ਤਾਂ ਕਾਫੀ ਰਾਤ ਪੈ ਗਈ ਏ, ਕੱਲ ਤੁਹਾਡੀ ਉਹਨਾਂ ਨਾਲ ਗੱਲ ਕਰਾਵਾਂਗੀ"।
ਗੱਲਾਂ ਕਰਦੇ ਕਰਦੇ ਜੁਬੈਦਾਂ ਨੇ ਤੰਨੀ ਨੂੰ ਕੁਝ ਇਸ਼ਾਰਾ ਕੀਤਾ। ਤੰਨੀ ਨੇ ਲੋਹੇ ਦੀ ਇੱਕ ਸੰਦੂਖੜੀ ਖੋਲ੍ਹੀ ਅਤੇ ਵਿੱਚੋਂ ਇੱਕ ਰੱਖੜੀ ਕੱਢਕੇ ਮੇਰੇ ਹੱਥ ਤੇ ਬੰਨ੍ਹਦੀ ਹੋਈ ਨੇ ਕਿਹਾ," ਮੈਂ ਤੈਨੂੰ ਕਿਹਾ ਸੀ ਪਈ ਹਰ ਸਾਲ ਰੱਖੜੀ ਵਾਲੇ ਦਿਨ ਆਪਣੇ ਵੀਰਾਂ ਨੂੰ ਯਾਦ ਕਰਕੇ ਮੈਂ ਇੱਕ ਰੱਖੜੀ ਖਰੀਦ ਲੈਂਦੀ ਸਾਂ ਅਤੇ ਆਪਣੇ ਹੀ ਹੱਥ ਤੇ ਬੰਨ੍ਹ ਕੇ ਇਸਨੂੰ ਸੰਭਾਲ ਲੈਂਦੀ ਸਾਂ। ਵੇਖ, ਹੁਣ ਇਹ ਐਨੀਆਂ ਰੱਖੜੀਆਂ ਜਮਾਂ ਹੋ ਗਈਆਂ ਨੇ ਕਿ ਤੇਰੇ ਦੋਹਾਂ ਹੱਥਾਂ ਦੀ ਲੰਬਾਈ ਖਤਮ ਹੋ ਜਾਵੇਗੀ ਪਰ ਰੱਖੜੀਆਂ ਨਹੀਂ ਖਤਮ ਹੋਣਗੀਆਂ"। ਮੈਂ ਉਸਨੂੰ ਇੱਕ ਸੌ ਡਾਲਰ ਦਿੱਤਾ ਪਰ ਰੱਖੜੀਆਂ ਵੇਖ ਕੇ ਮੇਰਾ ਮਨ ਭਰ ਆਇਆ ਕਿਉਂ ਕਿ ਬਚਪਨ ਤੋਂ ਲੈਕੇ ਹੁਣ ਤੱਕ ਪਹਿਲੀ ਵਾਰ ਮੇਰੀ ਸਕੀ ਭੈਣ ਨੇ ਮੇਰੇ ਹੱਥ ਉੱਪਰ ਰੱਖੜੀ ਬੰਨ੍ਹੀ ਸੀ। ਫਿਰ ਤੰਨੀ ਤੇ ਜੁਬੈਦਾਂ ਉਸ ਕਮਰੇ ਤੋਂ ਬਾਹਰ ਗਈਆਂ ਤੇ ਮੈਨੂੰ ਵੀ ਉੱਥੇ ਬੁਲਾਇਆ। ਜੁਬੈਦਾਂ ਨੇ ਹਰੇ ਰੰਗ ਦੀ ਇੱਕ ਗੁਥਲੀ ਖੋਲ੍ਹੀ ਤੇ ਵਿੱਚੋਂ ਹਰੇ ਰੰਗ ਦੀਆਂ ਉਹ ਚੂੜੀਆਂ ਕੱਢੀਆਂ ਜਿਹੜੀਆਂ ਮੈਂ ਦੇਸ਼ ਦੀ ਵੰਡ ਤੋਂ ਸਾਲ ਕੁ ਪਹਿਲਾਂ ਉਸਨੂੰ ਦਿੱਤੀਆਂ ਸਨ। ਜੁਬੈਦਾਂ ਨੇ ਅੱਖਾਂ ਮੀਟ ਲਈਆਂ ਤੇ ਇਹ ਕਹਿੰਦੇ ਹੋਏ ਆਪਣੇ ਹੱਥ ਮੇਰੇ ਵੱਲ ਵਧਾ ਦਿੱਤੇ," ਬੱਚਿਆਂ ਸਾਹਮਣੇ ਮੈਨੂੰ ਸ਼ਰਮ ਅਉਂਦੀ ਸੀ। ਲੈ, ਮੇਰੇ ਹੱਥਾਂ 'ਚ ਚੂੜੀਆਂ ਪਾ ਦੇਹ"। ਸੰਗਦੇ ਸੰਗਦੇ ਨੇ ਮੈਂ 12 ਚੂੜੀਆਂ 6-6 ਕਰਕੇ ਉਸਦੇ ਦੋਹਾਂ ਹੱਥਾਂ ਦੀਆਂ ਇਕੱਠੀਆਂ ਕੀਤੀਆਂ ਪੰਜੇ ਉਂਗਲੀਆਂ 'ਚ ਪਾ ਦਿੱਤੀਆਂ। ਉਸਨੇ ਲੰਬਾ ਹਉਕਾ ਲਿਆ। ਉਸਦਾ ਚਿਹਰਾ ਸਾਫ ਦੱਸ ਰਿਹਾ ਸੀ ਕਿ ਉਸਦਾ ਰੋਮ ਰੋਮ ਬਹੁਤ ਖੁਸ਼ ਸੀ।
ਅਗਲੇ ਦਿਨ ਸਵੇਰੇ ਜਦੋਂ ਅਸੀਂ ਵਾਪਸ ਨਨਕਾਣਾ ਸਾਹਿਬ ਜਾਣ ਲਈ ਤਿਆਰ ਹੋਏ, ਤਾਂ ਤੰਨੀ ਨੇ ਆਪਣੇ ਘਰ ਵਾਲੇ ਨਾਲ ਫੋਨ ਤੇ ਮੇਰੀ ਗੱਲ ਕਰਵਾਈ। ਸਲੀਮ ਖੁਸ਼ ਵੀ ਬਹੁਤ ਹੋਇਆ ਅਤੇ ਨਾਂ ਮਿਲਣ ਦਾ ਅਫ਼ਸੋਸ ਵੀ ਜਾਹਰ ਕੀਤਾ। ਉਸਨੇ ਦੋ ਚਾਰ ਬਚਪਨ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਮੇਰੀ ਘਰ ਵਾਲੀ ਨੇ ਤੰਨੀ ਅਤੇ ਜੁਬੈਦਾਂ ਦੋਹਾਂ ਨੂੰ ਕਿਹਾ," ਅਸੀਂ ਚਹੁੰਦੇ ਆਂ ਕਿ ਤੁਸੀਂ ਕੈਨੇਡਾ ਆਕੇ ਸਾਡੇ ਕੋਲ ਕੁਝ ਚਿਰ ਰਹੋ"। ਸਾਡੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਜੁਬੈਦਾਂ ਨੇ ਕਿਹਾ," ਕੈਨੇਡਾ ਬਾਰੇ ਬਹੁਤ ਪੜ੍ਹਿਆ ਤੇ ਸੁਣਿਆਂ ਏ ਕਿ ਉਹ ਬਹੁਤ ਅੱਛਾ ਦੇਸ਼ ਹੈ, ਸੋ ਇੱਕ ਵਾਰ ਵੇਖਣ 'ਚ ਤਾਂ ਕੋਈ ਹਰਜ਼ ਨਹੀਂ"। ਮੈਂ ਕਿਹਾ," ਤੁਸੀਂ ਆਪਣੇ ਪਾਸਪੋਰਟ ਵਾਸਤੇ ਅਪਲਾਈ ਕਰੋ, ਜਦੋਂ ਬਣ ਜਾਣ, ਦੱਸ ਦੇਣਾ, ਅਸੀਂ ਤੁਹਾਨੂੰ ਜਰੂਰੀ ਕਾਗਜ ਭੇਜ ਦਿਆਂਗੇ"।
ਅਸੀਂ ਕਾਰ 'ਚ ਬੈਠ ਗਏ। ਜਿੰਨਾ ਪਿਆਰ ਸਾਨੂੰ ਕੱਲ ਅਉਣ ਵੇਲੇ ਮਿਲਿਆ ਸੀ, ਉਸਤੋਂ ਕਿਤੇ ਵੱਧ ਪਿਆਰ ਸਾਨੂੰ ਵਦਾਇਗੀ ਵੇਲੇ ਮਿਲਿਆ।

No comments:

Post a Comment