ਭਾਰਤੀ ਮਜਦੂਰ ਬਨਾਮ ਵਿਦੇਸ਼ੀ ਮਜਦੂਰ

ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਮਜਦੂਰ ਦਿਵਸ ਜੋ ਕਿ ਹਰ ਸਾਲ ਲਗਭੱਗ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ । ਇਸ ਦਿਨ ਨੂੰ ਦੁਨੀਆ ਭਰ ਦੇ ਮਜਦੂਰਾਂ ਦਾ ਸਮਰਪਿਤ ਦਿਨ ਵੀ ਕਿਹਾ ਜਾਂਦਾ ਹੈ । ਪਰ ਕੀ ਸਾਰੇ ਮਜਦੂਰ
ਇਸ ਦਿਨ ਬਾਰੇ ਜਾਣਦੇ ਹਨ ਜਾਂ ਨਹੀਂ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ । ਇਹ ਦਿਨ ਕਿਸੇ ਵੇਲੇ ਅਮਰੀਕਾ ਵਿੱਚ ਮਜਦੂਰਾਂ ਵਲੋਂ ਅੱਠ ਘੰਟੇ ਲਈ ਕੰਮ ਕਰਨ ਦੇ ਸੰਘਰਸ਼ ਨੂੰ ਲੈ ਕੇ ਚੇਤੇ ਕੀਤਾ ਜਾਂਦਾ ਹੈ । ਇਸ ਦਿਨ ਤੋਂ ਬਾਅਦ ਅਮਰੀਕਾ ਵਿੱਚ ਮਜਦੂਰਾਂ ਲਈ ਕੰਮ ਦੇ ਅੱਠ ਘੰਟੇ ਲਾਗੂ ਕੀਤੇ ਗਏ ਸਨ ਅਤੇ ਮਜਦੂਰਾਂ ਨਾਲ ਹੋਣ ਵਾਲਾ ਸੋæਸ਼ਣ ਬੰਦ ਹੋਇਆ ਸੀ । ਮੈਂ ਜਿਆਦਾ ਵਿਸਥਾਰ ਵਿੱਚ ਨਾ ਜਾਂਦੇ ਹੋਏ ਇਸ ਦਿਨ ਤੇ ਆਪਣੇ ਪਾਠਕਾਂ ਨਾਲ ਕੁਝ ਕੁ ਹੋਰ ਗੱਲਾਂ ਕਰਨੀਆਂ ਲੋੜਦਾ ਹਾਂ । ਜਿਵੇਂ ਕਿ ਸਾਰੇ ਜਾਣਦੇ ਹੀ ਹਾਂ ਕਿ ਅਸੀਂ ਬਾਹਰਲੇ ਮੁਲਕੀਂ ਆ ਕੇ ਕਮਾਈਆਂ ਕਰਦੇ ਹਾਂ ਅਤੇ ਆਪਣੇ ਵਤਨੀਂ ਜਾ ਕੇ ਆਪਣੀ ਕੀਤੀ ਕਮਾਈ ਦਾ ਵੱਡੀ ਪੱਧਰ ਤੇ ਦਿਖਾਵਾ ਵੀ ਕਰਦੇ ਹਾਂ ਅਤੇ ਹੋਰ ਲੋਕਾਂ ਨੂੰ ਆਉਣ ਲਈ ਉਕਸਾਉਂਦੇ ਹਾਂ । ਇੱਥੇ ਆ ਕੇ ਕਮਾਈ ਦੇ ਕਈ ਪੁੱਠੇ ਸਿੱਧੇ ਰਾਹ ਵੀ ਅਪਣਾਉਂਦੇ ਹਾਂ । ਜਿਸ ਬਾਰੇ ਪਿਛਲੇ ਸਾਲ ਮੇਰੇ ਵੀਰ ਰਾਜੂ ਹਠੂਰੀਆ ਨੇ ਆਪਣੇ ਲੇਖ 'ਕਿੱਥੇ ਜਾਣ ਜੋ ਆਪਣਾ ਸਭ ਕੁਝ ਵੇਚ ਵੱਟ ਕੇ ਆਏ ਹਨ' ਦੇ ਸਿਰਲੇਖ ਹੇਠ ਲਿਖ ਕੇ ਬੜੇ ਸਿੱਧੇ ਸਾਧੇ ਤੇ ਪ੍ਰਭਾਵ ਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਸੀ । ਸੋ ਮੈਂ ਇਸ ਵਿਸ਼ੇ ਤੇ ਅੱਗੇ ਗੱਲ ਤੋਰਦਾ ਹਾਂ ਕਿ ਸਾਨੂੰ ਏਸੀ ਕਿਹੜੀ ਮਜਬੂਰੀ ਹੈ ਜੋ ਅਸੀਂ ਬਾਹਰਲੇ ਮੁਲਕਾਂ ਨੂੰ ਦੌੜਦੇ ਹਾਂ । ਕੀ 'ਸੋਨੇ ਦੀ ਚਿੜੀਆ' ਅਖਵਾਉਣ ਵਾਲਾ ਭਾਰਤ ਹੁਣ ਪਹਿਲਾਂ ਵਾਲਾ ਭਾਰਤ ਨਹੀਂ ਰਿਹਾ ? ਕੀ ਅੰਗਰੇਜ਼ਾਂ ਨੇ ਭਾਰਤ ਨੂੰ ਇੰਨਾ ਜ਼ਿਆਦਾ ਲੁੱਟ ਲਿਆ ਕਿ ਭਾਰਤ ਕੋਲ ਕੋਈ ਵੀ ਖਜ਼ਾਨਾ ਹੁਣ ਨਹੀਂ ਰਿਹਾ ਜਾਂ ਫਿਰ ਸਾਡੇ ਹੀ ਭਰਾਵਾਂ (ਸਾਡੇ ਵਕਤੀ ਲੀਡਰ) ਨੇ ਭਾਰਤ ਨੂੰ ਅੰਦਰੋ ਅੰਦਰੀ 'ਘੁਣ' ਵਾਂਗ ਖਾ ਕੇ ਇੰਨਾ ਬੋਡਾ ਕਰ ਦਿੱਤਾ ਕਰ ਦਿੱਤਾ ਹੈ ਕਿ ਹੁਣ ਡਰ ਹੈ ਕਿ 'ਹੁਣ ਵੀ ਡਿੱਗਾ ਹੁਣ ਵੀ ਡਿੱਗਾ' ਦੀ ਤਲਵਾਰ ਸਾਡੇ ਤੇ ਲਟਕਦੀ ਹੈ । ਅੱਜ ਸਾਡੇ ਦੇਸ਼ ਦਾ ਇਹ ਹਾਲ ਹੈ ਕਿ ਕੁਝ ਮੁੱਠੀ ਭਰ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿ ਉਹਨਾਂ ਕੋਲ ਕਿੰਨਾ ਪੈਸਾ ਹੈ ਤੇ ਦੂਜੇ ਪਾਸੇ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਸੌਣ ਲਈ ਪੁਲਾਂ, ਝੁੱਗੀਆਂ ਦਾ ਸਹਾਰਾ ਭਾਲਦੇ ਹੋਏ ਇੱਕ ਵੇਲੇ ਦੀ ਰੋਟੀ ਨੂੰ ਤਰਸਦੇ ਢਿੱਡੋਂ ਭੁੱਖੇ ਭੁੱਖ ਦੀ ਅੱਗ ਵਿੱਚ ਸੜਦੇ ਹੋਏ ਦੂਜੇ ਦਿਨ ਦੀ ਆਉਣ ਵਾਲੀ ਸਵੇਰ ਨੂੰ ਕੋਸਦੇ ਹੋਏ ਸੌਂ ਜਾਦੇ ਹਨ ਕਿ ਕੱਲ ਨੂੰ ਕੀ ਖਾਵਾਂਗੇ ? ਜੇ ਗੱਲ ਇੱਕ ਮਜਦੂਰ ਦੀ ਗੱਲ ਕਰੀਏ ਜਿਸ ਕੋਲ ਕੰਮ ਵੀ ਹੈ ਪਰ ਕੀ ਉਹ ਆਪਣੀ ਨੌਕਰੀ ਨਾਲ ਆਪਣੇ ਟੱਬਰ ਦਾ ਸਹੀ ਪਾਲਣ ਪੋਸ਼ਣ ਕਰ ਸਕਦਾ ਹੈ? ਕੀ ਉਹ ਆਪਣੀ ਮਾਸਿਕ ਤਨਖਾਹ ਨਾਲ ਕਿਸੇ ਦਿਨ ਤਿਉਹਾਰ ਤੇ ਆਪਣੀ ਮਰਜ਼ੀ ਮੁਤਾਬਿਕ ਖੁਸ਼ੀ ਮਨਾ ਸਕਦਾ ਹੈ? ਜਾਂ ਕਿਸੇ ਆਪਣੇ ਧੀ ਪੁੱਤਰ ਦਾ ਵਿਆਹ ਸਮਾਜ ਦੇ ਬਾਕੀ ਲੋਕਾਂ ਵਾਂਗ ਧੂਮ ਧੜੱਲੇ ਨਾਲ ਕਰ ਸਕਦਾ ਹੈ ? ਇਨਾਂ ਸਾਰੇ ਸਵਾਲਾਂ ਦਾ ਇੱਕੋ ਇੱਕ ਜਵਾਬ ਹੋਵੇਗਾ ਨਹੀਂ । ਪਰ ਜੇ ਇਸ ਗੱਲ ਦਾ ਮੁਲਾਂਕਣ ਬਾਹਰਲੇ ਮੁਲਕਾਂ ਨਾਲ ਕੀਤਾ ਜਾਵੇ ਤਾਂ ਇਸ ਦਾ ਜਵਾਬ ਸਾਡੇ ਦੇਸ਼ ਦੇ ਮਜਦੂਰ ਦੇ ਉਲਟ ਹੋਵੇਗਾ । ਬਾਹਰਲੇ ਮੁਲਕਾਂ ਵਿੱਚ ਕਿਸੇ ਦਿਹਾੜੀ ਕਰਨ ਵਾਲੇ ਨੂੰ ਕਦੇ ਗੁਰਬਤ ਨਾਲ ਘੁਲਦੇ ਨਹੀਂ ਦੇਖਿਆ ਜਾ ਸਕਦਾ । ਸਗੋਂ ਇੱਥੇ ਦਿਹਾੜੀ ਕਰਨ ਵਾਲਾ ਵੀ ਬੜੇ ਆਰਾਮ ਨਾਲ ਜ਼ਿੰਦਗੀ ਬਸਰ ਕਰਦਾ ਹੈ । ਸਰਕਾਰ ਵਲੋਂ ਉਸਦੀਆਂ ਸਾਰੀਆਂ ਸੁਖ ਸਹੂਲਤਾਂ ਦਾ ਖਿਆਲ ਰੱਖਦੇ ਹੋਏ ਹਰ ਤਰਾਂ ਦੇ ਪ੍ਰਬੰਧ ਕੀਤੇ ਹੁੰਦੇ ਹਨ । ਸਾਡੇ ਉੱਥੇ ਸਰਕਾਰੀ ਹਸਪਤਾਲਾਂ ਨੂੰ ਈ ਲੈ ਲਉ ਜਿੱਥੇ ਪਹਿਲੀ ਗੱਲ ਡਾਕਟਰਾਂ ਦੀ ਘਾਟ ਈ ਨੀ ਪੂਰੀ ਹੁੰਦੀ ਜੇ ਡਾਕਟਰ ਹੈ ਤਾਂ ਮਸ਼ੀਨਾਂ ਦੀ ਘਾਟ ਤੇ ਉਸ ਤੋਂ ਬਾਅਦ ਮਹਿੰਗੇ ਭਾਅ ਦੀਆਂ ਦਵਾਈਆਂ ਫਿਰ ਵੀ ਮੁੱਲ ਹੀ ਲੈਣੀਆਂ ਪੈਂਦੀਆਂ ਹਨ। ਜੇ ਗੱਲ ਸਕੂਲਾਂ ਦੀ ਕਰੀਏ ਤਾਂ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਦੀ ਬੜੀ ਵੱਡੀ ਘਾਟ ਹੈ ਅਤੇ ਪ੍ਰਾਈਵੇਟ ਸਕੂਲਾਂ ਦਾ ਟੀਕਾ ਬਹੁਤ ਵੱਡਾ ਹੈ। ਜੋ ਕਿ ਆਮ ਬੰਦੇ ਦਾ ਵੱਸੋਂ ਬਾਹਰ ਹੈ । ਬਾਹਰਲੇ ਮੁਲਕਾਂ ਵਿੱਚ ਅਸੀਂ ਵੀ ਕਾਰਾ-ਗੱਡੀਆਂ ਤੇ ਕੰਮ ਕਰਨ ਜਾਦੇ ਹਾਂ ਅਤੇ ਸਾਡੇ ਭਾਰਤ ਵਿੱਚ ਬਹੁ ਗਿਣਤੀ ਸਾਈਕਲ 'ਤੇ ਸਫਰ ਕਰਦੀ ਹੈ ਕੁਝ ਕੁ ਨੇ ਮੋਟਰ ਸਾਈਕਲ ਸਕੂਟਰ ਆਦਿ ਲੈ ਲਏ ਹਨ ਪਰ ਮਜਦੂਰ ਵਿਚਾਰਾ ਅੱਜ ਵੀ ਬੜੀ ਨੀਵੇਂ ਪੱਧਰ ਦੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੈ । ਇੱਕ ਦਿਹਾੜੀਦਾਰ ਬੰਦਾ ਕਿੱਥੋਂ ਇੰਨੇ ਸਾਰੇ ਪੈਸੇ ਕੱਢ ਸਕਦਾ ਹੈ । ਜਿਸ ਨੂੰ ਆਪਣੇ ਸਾਰੇ ਟੱਬਰ ਦੀ ਰੋਟੀ ਦਾ ਖਰਚਾ ਈ ਨਾ ਉੱਠਣ ਦੇਵੇ ਉਸ ਨੇ ਹੋਰ ਉੱਪਰਲੇ ਖਰਚੇ ਕਿੱਥੋਂ ਕਰਨੇ ਹਨ । ਸੁਭਾਵਿਕ ਹੀ ਹੈ ਕਿ ਉਹ ਆਪਣੇ ਚੰਗੇਰੇ ਭਵਿੱਖ ਲਈ ਕਿਸੇ ਬਾਹਰਲੇ ਮੁਲਕ ਪ੍ਰਵਾਸ ਕਰਨ ਦੀ ਸੋਚੇਗਾ । ਅੱਜ ਸਾਡੇ ਇੱਕ ਮਜਦੂਰ ਦੀ ਔਸਤਨ ਦਿਹਾੜੀ ਡੇਢ ਸੌ ਤੋਂ ਦੋ ਸੌ ਰੁਪਏ ਤੱਕ ਹੈ । ਕੀ ਇਸ ਨਾਲ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ? ਨਹੀਂ । ਅੱਜ ਕੀਮਤਾਂ ਨੇ ਜਾ ਅਸਮਾਨ ਨੂੰ ਹੱਥ ਲਾ ਲਿਆ ਹੈ । ਇੱਕ ਕਿਲੋ ਖੰਡ ਦਾ ਭਾਅ ਚਾਲੀ ਕੁ ਰੁਪਏ ਹੈ, ਦਾਲਾਂ ਦੇ ਭਾਅ ਵੀ ਤਕਰੀਬਨ ਸੱਠ ਤੋਂ ਲੈ ਕੇ ਸੱਤਰ ਪਜੰਤਰ ਰੁਪਏ ਹੈ , ਚਾਹ ਪੱਤੀ ਦੋ ਸੌ ਦੇ ਕਰੀਬ ਹੈ । ਦੁੱਧ ਦਾ ਭਾਅ ਤੀਹ ਤੋਂ ਪੈਂਤੀ ਤੱਕ ਲਿਟਰ ਹੈ । ਆਟਾ ਜਿਸ ਤੋਂ ਬਿਨਾਂ ਸਰਨਾ ਬਿਲਕੁਲ ਨਾ ਮੁਮਕਿਨ ਹੈ ਦਾ ਭਾਅ ਵੀ ਵੀਹ ਰੁਪਏ ਤੋਂ ਘੱਟ ਨਹੀਂ ਹੈ । ਇਨਾਂ ਸਾਰੀਆਂ ਅਸਮਾਨ ਛੂੰਹਦੀਆਂ ਕੀਮਤਾਂ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਬੱਸ ਵਕਤ ਕਟੀ ਹੋ ਸਕਦੀ ਹੈ ਜਾਂ ਕਹਿ ਲਉ ਕਿ ਜੂਨ ਕੱਟੀ ਜਾ ਸਕਦੀ ਹੈ । ਤੇ ਜੇਕਰ ਕਿਸੇ ਨੂੰ ਹੋਰ ਕੋਈ ਖਰਚਾ ਪੈ ਜਾਵੇ ਤਾਂ ਸਮਜੋ ਫਿਰ ਰੱਬ ਈ ਰਾਖਾ । ਤੇ ਬਾਹਰਲੇ ਮੁਲਕਾਂ ਵਿੱਚ ਇੱਕ ਮਜਦੂਰ ਦੀ ਜ਼ਿੰਦਗੀ ਬੇਸੱæਕ ਸਾਰਾ ਦਿਨ ਕੰਮ ਕਰਦਿਆਂ ਲੰਘ ਜਾਂਦੀ ਹੈ ਪਰ ਸ਼ਾਮ ਨੂੰ ਹਰ ਕੋਈ ਘਰ ਆਪਣੇ ਟੱਬਰ ਵਿੱਚ ਬਹਿ ਕੇ ਆਪਣੀ ਮਰਜੀæ ਮੁਤਾਬਿਕ ਰੋਟੀ ਖਾ ਸਕਦਾ ਹੈ । ਰੋਟੀ ਨਾਲ ਜੋ ਚਾਹੇ ਉਹ ਕੁਝ ਹੋਰ ਵੀ ਖਾ ਸਕਦਾ ਹੈ । ਉਸ ਵਲੋਂ ਸਾਰੀ ਦਿਹਾੜੀ ਦੀ ਮਿਹਨਤ ਨਾਲ ਕੀਤੀ ਕਮਾਈ ਨਾਲ ਜਿੱਥੇ ਘਰ ਦੇ ਸਾਰੇ ਜੀਆਂ ਲਈ ਖਾਣ ਪੀਣ ਲਿਆਂਦਾ ਜਾ ਸਕਦਾ ਹੈ ਉੱਥੇ ਫਿਰ ਵੀ ਅੱਧ ਤੋਂ ਵੱਧ ਰਕਮ ਉਸਦੀ ਜੇਬ ਵਿੱਚ ਬਚ ਜਾਂਦੀ ਹੈ । ਬਾਹਰਲੇ ਮੁਲਕਾਂ ਦਾ ਮਜਦੂਰ ਆਪਣੇ ਟੱਬਰ ਵਿੱਚ ਜਾਂ ਦੋਸਤਾਂ ਮਿੱਤਰਾਂ ਨਾਲ ਟੀਵੀ ਤੇ ਖੇਡਾਂ ਆਦਿ ਦਾ ਆਨੰਦ ਵੀ ਮਾਣਦਾ ਹੈ ਅਤੇ ਕਦੇ ਕਦੇ ਬਾਹਰ ਰੈਸਟੋਰੈਂਟ ਆਦਿ ਵਿੱਚ ਜਾ ਕੇ ਵੀ ਰੋਟੀ ਖਾ ਕੇ ਆਪਣਾ ਮਨੋਰੰਜਨ ਕਰਦਾ ਹੈ । ਸਾਲ ਵਿੱਚ ਇੱਕ ਦੋ ਵਾਰ ਛੁੱਟੀਆਂ ਵੀ ਮਨਾਉਂਦਾ ਹੈ ਅਤੇ ਕੋਈ ਨਾ ਕੋਈ ਬਾਹਰਲੀ ਜਗ੍ਹਾ ਤੇ ਆਪਣੀਆਂ ਛੁੱਟੀਆਂ ਮਨਾਉਂਦਾ ਹੈ । ਦੂਜੇ ਪਾਸੇ ਸਾਡੇ ਭਾਰਤੀ ਮਜਦੂਰਾਂ ਬਾਰੇ ਤਾਂ ਸਾਰੇ ਜਾਣਦੇ ਹੀ ਹਨ ਕਿ ਕਿੰਨੀਆਂ ਕੁ ਵਿਚਾਰੇ ਛੁੱਟੀਆਂ ਮਾਣਦੇ ਹਨ ਅਤੇ ਕਿੰਨੇ ਕੁ ਬਾਕੀ ਸ਼ੌਂਕ ਪੂਰੇ ਕਰਦੇ ਹਨ । ਜੇਕਰ ਸਾਡੇ ਕਿਸੇ ਮੱਧ ਵਰਗੀ ਦੇ ਘਰ ਪ੍ਰਾਹੁਣਾ ਆ ਜਾਵੇ ਤਾਂ ਫਿਕਰ ਇਸ ਗੱਲ ਦਾ ਹੁੰਦਾ ਹੈ ਕਿ ਹੁਣ ਬੋਤਲ ਵੀ ਚਾਹੀਦੀ ਹੈ ਅਤੇ ਬੋਤਲ ਦੇ ਨਾਲ ਮੁਰਗਾ ਸ਼ੁਰਗਾ ਵੀ ਚਾਹੀਦਾ ਹੈ । ਜੋ ਕਿ ਬਾਕੀ ਦੇ ਆਉਣ ਵਾਲੇ ਦਿਨਾਂ ਨੂੰ ਲੇਖੇ ਲਾ ਕੇ ਹੀ ਸੰਭਵ ਹੋ ਸਕਦਾ ਹੈ । ਕਹਿਣ ਦਾ ਭਾਵ ਕਿ ਇੱਕ ਦਿਨ ਦੀ ਦਿਹਾੜੀ ਨਾਲ ਬੋਤਲ ਸ਼ਰਾਬ ਦੀ ਤੇ ਕਿਲੋ ਮੁਰਗੇਦਾ ਮੀਟ ਲੈਣਾ ਅਸੰਭਵ ਹੈ । ਭਾਰਤੀ ਮਜਦੂਰ ਲਈ ਕੰਮ ਵੀ ਹਫਤੇ ਦੇ ਸੱਤੇ ਦਿਨ ਹੀ ਹੈ ਬਗੈਰ ਕਿਸੇ ਛੁੱਟੀ ਦੇ । ਬਹੁਤੀਆਂ ਥਾਵਾਂ ਤੇ ਉਸ ਨਾਲ ਅੱਜ ਵੀ ਸ਼ੋਸ਼ਣ ਹੋ ਰਿਹਾ ਹੈ ਅਤੇ ਅਮੀਰ ਜਾਤੀ ਆਪਣੀ ਪਹੁੰਚ ਦਾ ਬੇਲੋੜਾ ਲਾਭ ਲੈ ਕੇ ਗਰੀਬ ਮਜਦੂਰ ਦਾ ਗਲ ਘੁੱਟਣ ਤੱਕ ਜਾਂਦੀ ਹੈ । ਇਹੀ ਕੁਝ ਮੁੱਖ ਗੱਲਾਂ ਹਨ ਜੋ ਅੱਜ ਸਾਨੂੰ ਬਾਹਰਲੇ ਮੁਲਕਾਂ ਦਾ ਰਾਹ ਦਿਖਾ ਰਹੀਆਂ ਹਨ । ਸਾਨੂੰ ਮਜਬੂਰ ਕਰ ਰਹੀਆਂ ਹਨ ਇਹ ਗੱਲਾਂ ਕਿ ਅਸੀਂ ਘਰੋਂ ਬੇਘਰ ਹੋਈਏ । ਪ੍ਰਦੇਸੀਂ ਰਹਿ ਕੇ ਆਪਣੇ ਵਤਨਾਂ ਤੋਂ ਦੂਰ ਹਰ ਸ਼ਾਮ ਨੂੰ ਆਪਣੀ ਜੰਮਣ ਭੋਂ ਨੂੰ ਦੇਖਣ ਲਈ ਤਰਸਦੇ ਹਾਂ । ਕਿਉਂਕਿ ਸਿਰਫ਼ ਪਾਪੀ ਪੇਟ ਦਾ ਹੀ ਸਵਾਲ ਨਹੀਂ ਸਗੋਂ ਆਪਣੇ ਬੱਚਿਆਂ ਦੇ ਭਵਿੱਖ ਦਾ ਵੀ ਸਵਾਲ ਹੈ ਕਿ ਚਲੋ ਅਸੀਂ ਤਾਂ ਕੱਟ ਲਈ ਅਗਾਂਹ ਬੱਚਿਆਂ ਦਾ ਹੀ ਕੁਝ ਬਣ ਜਾਵੇ । ਭਾਰਤ ਬੇਸੱæਕ ਅੱਜ ਦੁਨੀਆਂ ਦੀ ਤੀਜੀ ਤਾਕਤ ਬਣ ਕੇ ਸਾਰੇ ਸੰਸਾਰ ਵਿੱਚ ਆਪਣਾ ਪ੍ਰਭਾਵ ਬਣਾ ਚੁੱਕਿਆ ਹੈ ਪਰ ਭਾਰਤ ਵਿੱਚ ਅੱਜ ਵੀ ਸੱਠ ਪ੍ਰਤੀਸ਼ਤ ਲੋਕ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ । ਜਿਸ ਬਾਰੇ ਨਾ ਤਾਂ ਕਿਸੇ ਸਰਕਾਰ ਨੂੰ ਖਿਆਲ ਹੈ ਨਾ ਹੀ ਕਿਸੇ ਲੀਡਰ ਨੂੰ । ਸਾਰੇ ਆਪੋ ਆਪਣੀ ਤੂਤੀ ਵਜਾਈ ਜਾਂਦੇ ਹਨ ਅਤੇ ਮੀਡੀਏ ਵਿੱਚ ਬਿਆਨ ਦਾਗ ਦਾਗ ਕੇ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਭੋਲੀ ਭਾਲੀ ਜਨਤਾ ਨੂੰ ਬੁੱਧੂ ਬਣਾਈ ਜਾਂਦੇ ਹਨ । ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਕਿ ਸਾਡੇ ਦੇਸ਼ ਦਾ ਭਵਿੱਖ ਉਸਾਰਨ ਵਾਲੇ ਸਾਡੇ ਮਜਦੂਰ ਕਿਸ ਹਾਲਤ ਵਿੱਚੋਂ ਲੰਘ ਰਹੇ ਹਨ । ਕੀ ਉਹਨਾਂ ਕੋਲ ਸਾਰੀਆਂ ਸਹੂਲਤਾਂ ਪਹੁੰਚ ਰਹੀਆਂ ਹਨ ? ਕੀ ਉਹ ਆਪਣੀ ਮਜਦੂਰੀ ਦਾ ਪੂਰਾ ਭੱਤਾ ਲੈਂਦੇ ਹਨ ਜਾਂ ਫਿਰ ਵਿਚਲੇ ਠੇਕੇਦਾਰ ਹੀ ਖਾਈ ਜਾਂਦੇ ਹਨ? ਕਿਸੇ ਦਾ ਇਸ ਪਾਸੇ ਕੋਈ ਧਿਆਨ ਨਹੀਂ । ਬੱਸ ਅੰਨੀ ਪੀਹਦੀਂ ਹੈ ਤੇ ਕੁੱਤੀ ਚੱਟੀ ਜਾਂਦੀ ਹੈ।
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'
ਮੋਬਲਿe।। 0039 320 217 6490

No comments:

Post a Comment