ਗੁਰਮੀਤ ਸਿੰਘ ਮਹਿਰੋਂ
ਰਾਹਾਂ ਦੇ ਵਿੱਚ ਸੱਜਣਾਂ ਸੁੱਕੇ ਰੁਖਾਂ ਵਾਂਗ ਖਲੋਤੇ ਸਾਂ,
ਬੀਤ ਗਈਆਂ ਸੀ ਉਮਰਾਂ
ਚਿਹਰੇ ਤੱਕ ਤੱਕ ਕੇ ਰਾਹਗੀਰਾਂ ਦੇ..
ਮੁਦਤਾਂ ਮਗਰੋਂ ਤੂੰ ਅੱਜ ਸੱਜਣਾਂ ਦਿਲ ਦੇ ਵਿਹੜੇ ਆਇਆਂ ਏਂ,
ਫੇਰ ਚੱਲਣਗੇ ਮਹਿਫ਼ਲ ਦੇ ਵਿੱਚ ਕਿੱਸੇ ਮੇਰੀਆਂ ਪੀੜਾਂ ਦੇ..
ਤੇਰੀ ਆਮਦ ਦੇ ਨਾਲ ਸਾਡੇ ਦਿਲ ਦੇ ਬਾਗ ਬਹਾਰਾਂ ਨੇ,
ਬਿਨ ਤੇਰੇ ਤਾਂ ਸੱਜਣਾਂ ਵੇ ਰੰਗ ਫਿੱਕੇ ਸੀ ਤਸਵੀਰਾਂ ਦੇ..
ਕੱਲੇ ਰਹਿ ਕੇ ਕਿੰਨਾਂ ਚਿਰ ਅਸੀਂ ਕਿੰਨੇ ਸਿਤਮ ਹੰਢਾਏ ਨੇ,
ਕੋਲ ਬਿਠਾ ਕੇ ਜਖ਼ਮ ਦੇਖ ਲੈ ਦਿਲ ਤੇ ਵੱਜੇ ਤੀਰਾਂ ਦੇ...
ਆਪਣਾਂ ਆਪ ਗੁਆ ਕੇ ਸਭ ਨੂੰ ਖ਼ੁਸ਼ੀਆਂ ਵੰਡਦੇ ਆਏ ਆਂ,
ਹਰਫ਼ ਵਿਧਾਤੇ ਇੰਜ ਦੇ ਲਿਖਤੇ ਮੱਥੇ ਦੀਆਂ ਲਕੀਰਾਂ ਦੇ..
ਤੇਰੀ ਹਮਦਰਦੀ ਬੀਤੇ ਨੂੰ ਭੁੱਲ ਜਾਵਣ ਲਈ ਕਾਫ਼ੀ ਹੈ,
ਦੋਸ਼ ਕਿਸੇ ਨੂੰ ਕੀ ਦੇਣਾਂ ਇਹ ਸੌਦੇ ਨੇ ਤਕਦੀਰਾਂ ਦੇ..
ਪੂਰੀ ਦੁਨੀਆਂ ਦੇ ਵਿੱਚ ਤੇਰੇ ਵਰਗਾ ਕੋਈ ਹੋਰ ਨਈ,
ਰੱਬ ਵਰਗਾ 'ਗੁਰਮੀਤ' ਲਈ ਤੂੰ ਹੁਣ ਕੀ ਜਾਣਾਂ ਪੀਰਾਂ ਦੇ..
Great Veer Ji.
ReplyDelete