ਜਿੱਥੇ ਮਿੱਟੀ ਵੀ ਜਹਿਰੀਲੀ ਹੈ 'ਤੇ ਵਗਦੀ ਪੌਣ ਨਸ਼ੀਲੀ ਹੈ

ਹਰਮੰਦਰ ਕੰਗ
ਪੰਜਾਬੀ ਯੂਨੀਂਵਰਸਿਟੀ ਪਟਿਆਲਾ ਤੋਂ ਆਪਣੀਂ ਪੜ੍ਹਾਈ ਪੂਰੀ ਕਰ ਕੇ ਫਿਰ ਤੋਂ ਮੁੜ ਆਪਣੇਂ ਸ਼ਹਿਰ ਬਠਿੰਡੇ ਆਂਣ ਡੇਰੇ ਲਾ ਲਏ।ਯੂਨੀਂਵਰਸਿਟੀ ਪੜਦਿਆਂ ਦੋ ਸਾਲਾਂ ਵਿੱਚ ਜਿੰਨਾਂ
ਮੋਹ ਪਟਿਆਲੇ ਨਾਲ ਪਾ ਲਿਆ ਸੀ ਉਸਤੋਂ ਕਿਤੇ ਵੱਧ ਆਪਣਾਂ ਸ਼ਹਿਰ ਬਠਿੰਡਾ ਪਿਆਰਾ ਲੱਗਦਾ ਸੀ।ਜੀਵਨ ਦੇ ਕਈ ਅਹਿਮ ਸਾਲ ਬਠਿੰਡੇ ਸ਼ਹਿਰ ਵਿੱਚ ਬਿਤਾਏ ਸਨ ਅਤੇ ਇਸੇ ਕਰਕੇ ਹੀ ਆਪਣੇਂ ਸ਼ਹਿਰ ਅਤੇ ਇਸਦੇ ਪਿੰਡਾਂ ਨਾਲ ਲੋਹੜੇ ਦੀ ਮੁਹੱਬਤ ਹੈ।ਯੂਨੀਂਵਰਸਿਟੀ ਪੜ੍ਹਦਿਆਂ ਸੋਚਿਆ ਤਾਂ ਸੀ ਕਿ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਦ ਆਪਣੇਂ ਬਾਕੀ ਸਾਥੀਆਂ ਵਾਂਗ ਪੀ.ਐੱਚ.ਡੀ. ਕਰਕੇ ਆਪਣੇਂ ਨਾਂਮ ਦੇ ਨਾਲ ਡਾਕਟਰ ਸ਼ਬਦ ਜਰੂਰ ਲਗਵਾਉਣਾਂ ਹੈ।ਪਰ ਕਈ ਕਾਰਨਾਂ ਕਰਕੇ ਅਜਿਹਾ ਹੋ ਨਹੀਂ ਸਕਿਆ ਅਤੇ ਅਤੇ ਮੇਰੀ ਅਧੂਰੀ ਇੱਛਾ ਅਜੇ ਵੀ ਦਿਲ ਦੇ ਕਿਸੇ ਕੋਨੇਂ ਵਿੱਚ ਸ਼ਾਇਦ ਦੱਬੀ ਪਈ ਹੈ।ਖੈਰ ਆਪਣੇਂ ਸ਼ੌਕ ਅਤੇ ਰੁਚੀ ਮੁਤਾਬਕ ਬਠਿੰਡੇ ਰੇਡੀਓ 'ਤੇ ਅਨਾਂਉਸਰ ਦੀ ਨੌਕਰੀ ਮਿਲ ਗਈ ਨਾਲ ਹੀ ਘਰ ਬਾਹਰ ਦੇ ਰੁਝੇਵਿਆਂ ਵਿੱਚ ਵਿਅਸਤ ਹੋ ਗਿਆ।ਪਰ ਆਪਣੀਂ ਸਹਿਤਕ ਮੱਸ ਹੋਣ ਕਰਕੇ ਲਿਖਣ ਪੜਨ ਦੇ ਸ਼ੌਕ ਨੂੰ ਮਰਨ ਨਹੀਂ ਦਿੱਤਾ ਸੀ।ਉਹਨਾਂ ਦਿਨਾਂ ਵਿੱਚ ਯਾਨੀ ਸੰਨ ੨੦੦੩-੨੦੦੪ ਵਿੱਚ ਪੰਜਾਬ ਦੇ ਅਖਬਾਰਾਂ ਵਿੱਚ ਬਠਿੰਡੇ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਕਰਜੇ ਦੀ ਮਾਰ ਹੇਠ ਆਏ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀਆਂ ਖਬਰਾਂ ਹਰ ਰੋਜ ਹੀ ਛਪਦੀਆਂ ਸਨ ਅਤੇ ਕੋਈ ਕੋਈ ਖਬਰ ਹੁੰਦੀ ਸੀ ਕਿ ਇਸੇ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਫਸਲਾਂ ਉੱਤੇ ਛਿੜਕੇ ਜਾਂਦੇ ਕੀਟਨਾਸ਼ਕਾਂ ਕਾਰਨ ਧਰਤੀ ਹੇਠਲੇ ਪਾਣੀ ਦੇ ਜਹਿਰੀਲੇ ਹੋਣ ਕਾਰਨ ਲੋਕ ਕਈ ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ,ਖਾਸ ਕਰ ਕੈਂਸਰ ਦੀ ਬਿਮਾਰੀ ਦਾ। ਖੁਦ ਇੱਕ ਕਿਸਾਨੀ ਪਰਿਵਾਰ ਵਿੱਚ ਜੰਮੇਂ ਅਤੇ ਕਿਸਾਨੀਂ ਜੀਵਨ ਵਿੱਚ ਵੱਡੇ ਹੋਏ ਨੂੰ ਕਿਸਾਨੀਂ ਜੀਵਨ ਦੀ ਔਖ ਦੀ ਵਧੇਰੇ ਸਮਝ ਸੀ।ਇਸੇ ਕਰਕੇ ਸ਼ਾਇਦ ਅਜਿਹੀਆਂ ਖਬਰਾਂ ਪੜ੍ਹਦਿਆਂ ਮਨ ਵਿੱਚੋਂ ਵਧੇਰੇ ਵੈਰਾਗ ਉਪਜਦਾ ਸੀ 'ਤੇ ਆਪ ਮੁਹਾਰੇ ਹੀ ਇਹਨਾਂ ਅੰਨਦਾਤਿਆਂ ਨਾਲ ਹਮਦਰਦੀ ਹੋਂਣ ਲਗਦੀ।ਅਖਬਾਰਾਂ ਵਿੱਚ ਵੀ ਜੋ ਖਬਰਾਂ ਛਪਦੀਆਂ ਉਹ ਛੋਟੀਆਂ ਮੋਟੀਆਂ ਖਬਰਾਂ ਹੀ ਹੁੰਦੀਆਂ ਜੋ ਅਣਗੌਲੀਆਂ ਹੀ ਰਹਿ ਜਾਂਦੀਆਂ ਸਨ।ਕਿਸੇ ਵੀ ਮੀਡੀਏ ਨੇਂ ਅਜਿਹੀਆਂ ਅਣਆਈਆਂ ਮੌਤਾਂ ਦੇ ਕਾਰਨ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਤੇ ਸਰਕਾਰ ਦਾ ਤਾਂ ਇਸ ਪਾਸੇ ਉੱਕਾ ਹੀ ਧਿਆਂਨ ਨਹੀਂ ਗਿਆ ਸੀ।
ਇਹਨਾਂ ਦਿਨਾਂ ਦੇ ਦੌਰਾਨ ਹੀ ਪੰਜਾਬੀ ਯੂਨੀਂਵਰਸਿਟੀ ਪਟਿਆਲਾ ਵਿਖੇ ਮੇਰੇ ਸਹਿਪਾਠੀ ਰਹੇ ਇੱਕ ਮਿੱਤਰ ਦਾ ਫੋਨ ਆ ਗਿਆ ਕਿ ਉਸ ਨੇਂ ਯੂਨੀਂਵਰਸਿਟੀ ਵਿੱਚ ਪੀ.ਐੱਚ.ਡੀ.ਜੁਆਇਨ ਕਰ ਲਈ ਹੈ ਅਤੇ ਉਸਨੂੰ ਜੋ ਟੌਪਿਕ ਮਿਲਿਆ ਹੈ ਉਸ ਦੇ ਸੰਬੰਧ ਵਿੱਚ ਉਸਨੇਂ ਮਾਲਵੇ ਦੇ ਬਠਿੰਡੇ ਖਿੱਤੇ ਦੇ ਕਿਸਾਨਾਂ ਦੇ ਬਲੱਡ ਸੈਂਪਲ ਲੈ ਕੇ ਉਹਨਾਂ ਦੇ ਖੁਨ ਵਿੱਚ ਜਹਿਰੀਲੇ ਰਸਾਇਣਾਂ ਦੀ ਮਾਤਰਾ ਦੇ ਵਿਸ਼ੇ 'ਤੇ ਖੋਜ ਕਰਨੀਂ ਹੈ।ਸੋ ਜਮਾਤੀ ਹੋਂਣ ਦੇ ਨਾਲ ਨਾਲ ਨਜਦੀਕੀ ਮਿੱਤਰ ਹੋਂਣ ਦੇ ਨਾਤੇ ਇਸ ਕੰਮ ਲਈ ਕਰੀਬ ਢਾਈ ਸੌ ਦੇ ਕਰੀਬ ਕਿਸਾਨਾਂ ਦੇ ਬਲੱਡ ਸੈਂਪਲ ਇੱਕਠੇ ਕਰਨ ਲਈ ਉਹ ਮੇਰੀ ਮੱਦਦ ਲੈਣੀਂ ਚਾਹੁੰਦਾ ਸੀ।ਇਹਨਾਂ ਪਿੰਡਾ ਬਾਰੇ ਬੇਸ਼ੱਕ ਮੈਨੂੰ ਚੋਖੀ ਜਾਣਕਾਰੀ ਹੋਂਣ ਦੇ ਨਾਲ ਕਈ ਪਿੰਡਾ ਦੇ ਲੋਕਾਂ ਨਾਲ ਥੋੜੀ ਬਹੁਤੀ ਜਾਂਣ ਪਛਾਣ ਵੀ ਸੀ ਪਰ ਬਲੱਡ ਸੈਂਪਲ ਲੈਂਣ ਵਾਲਾ ਕੰਮ ਇੰਨਾਂ ਸੌਖਾ ਨਹੀਂ ਸੀ।ਪਰ ਅੰਨਾਂ ਕੀ ਭਾਲੇ ਦੋ ਅੱਖਾਂ ਦੇ ਅਖਾਣ ਮੁਤਾਬਕ ਮੇਰੀ ਤਾਂ ਦਿਲੀ ਇੱਛਾ ਪੂਰੀ ਹੋ ਗਈ ਜਾਪਦੀ ਸੀ।ਮੈਂ ਵੀ ਤਾਂ ਚਾਹੁੰਦਾ ਸੀ ਕਿ ਇਹਨਾਂ ਪਿੰਡਾਂ ਵਿੱਚ ਨਿੱਤ ਦਿਨ ਹੋ ਰਹੀਆਂ ਮੌਤਾਂ ਦੇ ਕਾਰਨ ਦੀ ਤਹਿ ਤੱਕ ਜਾਇਆ ਜਾਵੇ ਅਤੇ ਇਹ ਮਾਮਲਾ ਅੰਤਰਰਾਸਟਰੀ ਪੱਧਰ ਉੱਤੇ ਸਰਕਾਰਾਂ ਦੇ ਧਿਆਨ ਹਿੱਤ ਲਿਆਦਾ ਜਾਵੇ।ਇਨਸਾਨੀਅਤ ਦੇ ਤੌਰ ਤੇ ਵੀ ਫਰਜ ਬਣ ਜਾਂਦਾ ਹੈ ਕਿ ਜਿੰਨਾਂ ਕੁ ਅਸੀ ਕਿਸੇ ਦੀ ਭਲਾਈ ਵਾਸਤੇ ਕਰ ਸਕਦੇ ਹਾਂ ਕਰੀਏ,ਬੇਸ਼ੱਕ ਕਲਮ ਨਾਲ ਹੀ ਇਹਨਾਂ ਲੋਕਾਂ ਦੇ ਹਿੱਤ ਲਈ ਚਾਰ ਅੱਖਰ ਲਿਖ ਦਈਏ।ਸੋ ਜਿੰਨੀਂ ਦਿਲਚਸਪੀ ਪੀ.ਐੱਚ.ਡੀ.ਕਰ ਰਹੇ ਮੇਰੇ ਮਿੱਤਰ ਦੀ ਇਸ ਵਿਸ਼ੇ ਵਿੱਚ ਸੀ ਉਸ ਤੋਂ ਕਿਤੇ ਵੱਧ ਮੇਰੀ ਦਿਲਚਸਪੀ ਇਸ ਖੋਜ ਭਰਪੂਰ ਕਾਰਜ ਵਿੱਚ ਸੀ।ਅਸੀਂ ਸਵੇਰੇ ਹੀ ਦੋਨੋਂ ਜਣੇਂ ਆਪਣਾਂ ਰਾਸ਼ਨ ਪਾਣੀਂ ਨਾਲ ਲੈ ਕੇ ਤਲਵੰਡੀ ਸਾਬੋ ਬਲਾਕ ਦੇ ਪਿੰਡਾਂ ਵੱਲ ਵਹੀਰਾਂ ਘੱਤ ਲੈਂਦੇ।ਪਿੰਡ ਦੇ ਕਿਸੇ ਮੋਹਤਬਰ ਬੰਦੇ ਨੂੰ ਨਾਲ ਲੈ ਕੇ ਖੇਤਾਂ ਵਿੱਚ ਨਰਮੇਂ ਕਪਾਹ ਆਦਿ ਦੀ ਫਸਲ ਤੇ ਸਪਰੇ ਕਰ ਰਹੇ ਕਿਸਾਨਾਂ ਕੋਲ ਪਹੁੰਚਕੇ ਉਹਨਾਂ ਨੂੰ ਸਾਰੀ ਰਾਮ ਕਹਾਣੀਂ ਦੱਸ ਕੇ ਮਸਾਂ ਕਿਤੇ ਬਲੱਡ ਸੈਂਪਲ ਦੇਣ ਲਈ ਰਾਜੀ ਕਰਦੇ।ਭਾਵੇਂ ਬਲੱਡ ਸੈਂਪਲ ਲਈ ਸਿਰਫ ੫-੬ ਤੁਪਕੇ ਖੁਨ ਲੋੜੀਦਾ ਹੁੰਦਾ ਸੀ,ਪਰ ਸੈਂਪਲ ਲੈਂਣ ਲਈ ਕਿੰਨਾਂ ਕਿੰਨਾਂ ਚਿਰ ਕਿਸਾਨਾਂ ਨਾਲ ਮੱਥਾ ਡਾਹੁਣਾਂ ਪੈਂਦਾ ਸੀ ਤਾਂ ਕਿਤੇ ਜਾ ਕੇ ਕਿਸਾਨ ਬਲੱਡ ਸੈਂਪਲ ਦੇਣ ਲਈ ਰਾਜੀ ਹੁੰਦੇ।ਇੰਝ ਇਹਨਾਂ ਪਿੰਡਾਂ ਵਿੱਚ ਘੁੰਮਦਿਆਂ ਮੇਰਾ ਮਿੱਤਰ ਸਿਰਫ ਬਲੱਡ ਸੈਂਪਲ ਇਕੱਠੇ ਕਰ ਰਿਹਾ ਸੀ ਪਰ ਮੈਂ ਇਹਨਾਂ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਰਾਹੀਂ ਖੇਤੀ ਰਸਾਇਣਕ ਪਦਾਰਥਾਂ ਦੇ ਕਾਰਨ ਅਤੇ ਕਰਜੇ ਦੇ ਡਰੋਂ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਉਹਨਾਂ ਦੀ ਆਰਥਿਕ ਸਥਿਤੀ ਬਾਰੇ ਵਿਸਥਾਰ ਨਾਲ ਪੁੱਛ ਪੜਤਾਲ ਕਰ ਕੇ ਜਾਣਕਾਰੀ ਇਕੱਠੀ ਕਰ ਕੇ ਆਪਣੀਂ ਡਾਇਰੀ ਵਿੱਚ ਨੋਟ ਕਰ ਰਿਹਾ ਸੀ।ਦੋ ਕੁ ਹਫਤਿਆਂ ਵਿੱਚ ਅਸੀਂ ੨੫੦(ਢਾਈ ਸੌ) ਕਿਸਾਨਾਂ ਦੇ ਬਲੱਡ ਸੈਂਪਲ ਇਕੱਠੇ ਕਰ ਲਏ ਸਨ।ਇਹਨਾਂ ਬਲੱਡ ਸੈਂਪਲਾਂ ਨੂੰ ਕਈ ਤਰਾਂ ਦੇ ਟੈਸਟਾਂ ਲਈ ਪਹਿਲਾਂ ਬੰਗਲੌਰ ਇੱਕ ਲੈਬਾਰਟਰੀ ਵਿੱਚ ਭੇਜਿਆ ਜਾਣਾਂ ਸੀ ਫਿਰ ਕਿਤੇ ਛੇ-ਸੱਤ ਮਹੀਨਿਆਂ ਬਾਅਦ ਹੀ ਇਹਨਾਂ ਦੇ ਸਿੱਟੇ ਦੇ ਆਧਾਰ 'ਤੇ ਕਿਸਾਨਾਂ ਦੇ ਖੂਨ ਵਿੱਚ ਜਹਿਰੀਲੇ ਰਸਾਇਣਾਂ ਦੀ ਮਾਤਰਾ ਦਾ ਪਤਾ ਲੱਗ ਸਕਦਾ ਸੀ।ਆਪਣੇਂ ਤੌਰ 'ਤੇ ਇਕੱਠੇ ਕੀਤੇ ਇਹਨਾਂ ਅੰਕੜਿਆਂ ਦੇ ਆਧਾਰ 'ਤੇ ਮੈਂ ਜਿਹੜਾ ਸਿੱਟਾ ਕੱਢਿਆ ਸੀ ਉਹ ਇਹ ਸੀ ਕਿ ਇਹਨਾਂ ੧੦-੧੨ ਪਿੰਡਾਂ ਵਿੱਚੋਂ ਲੱਗਭੱਗ ੬੦% ਲੋਕ ਕਰਜੇ ਥੱਲੇ ਆਏ ਹੋਏ ਹਨ।ਸਿਰ ਚੜ੍ਹੇ ਕਰਜੇ ਕਾਰਨ ਹੀ ਹਰ ਸਾਲ ਸਿਰਫ ਇੱਕ ਪਿੰਡ ਵਿੱਚੋਂ ਹੀ ੫-੭ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਇਸ ਇਲਾਕੇ ਦੇ ਧਰਤੀ ਹੇਠਲੇ ਜਹਿਰੀਲੇ ਰਸਾਇਣਾਂ ਨਾਲ ਦੂਸ਼ਿਤ ਪਾਣੀਂ ਪੀਂਣ ਨਾਲ ਹਰ ਚੌਥੇ ਘਰ ਵਿੱਚ ਕੋਈ ਨਾਂ ਕੋਈ ਮੈਂਬਰ ਕਿਸੇ ਨਾ-ਮੁਰਾਦ ਬਿਮਾਰੀ ਤੋਂ ਪੀੜਤ ਹੈ।ਇਹਨਾਂ ਪਿੰਡਾਂ ਦੇ ਵਾਸੀਆਂ ਦੇ ਦੁਖ ਦਰਦ ਨੂੰ ਸਾਰੇ ਪੰਜਾਬ ਵਾਸੀਆਂ ਅਤੇ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਲਈ ਤਿਆਰ ਕੀਤੀ ਇਹ ਰਿਪੋਰਟ ਮੈਂ ਆਪਣੇਂ ਇੱਕ ਪੱਤਰਕਾਰ ਮਿੱਤਰ ਨੂੰ ਦਿੱਤੀ ਅਤੇ ਉਸਨੇਂ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਦੇ ਪਹਿਲੇ ਪੰਨੇਂ ਇਹ ਪੂਰੀ ਰਿਪੋਰਟ ਮੇਰੇ ਹਵਾਲੇ ਨਾਲ ਛਪਵਾਈ।ਰਿਪੋਰਟ ਛਪਣ ਦੀ ਦੇਰ ਸੀ ਕਿ ਪੰਜਾਬ ਤਾਂ ਕੀ ਦਿੱਲੀ ਮੁੰਬਈ ਤੱਕ ਤੋਂ ਖਬਰ ਦੀ ਪੁਸ਼ਟੀ ਕਰਨ ਲਈ ਮੀਡੀਏ ਅਤੇ ਹੋਰ ਕਈ ਸੰਸਥਾਵਾਂ ਨੇਂ ਉਸ ਪੱਤਰਕਾਰ ਮਿੱਤਰ ਦੇ ਜਰੀਏ ਮੇਰੇ ਨਾਲ ਸੰਪਰਕ ਕੀਤਾ ਅਤੇ ਹੋਰ ਵਧੇਰੇ ਅੰਕੜੇ ਸਬੂਤਾਂ ਸਮੇਤ ਇਕੱਠੇ ਕਰਨ ਲਈ ਸਹਾਇਤਾ ਦੀ ਮੰਗ ਕੀਤੀ।ਇਹਨਾਂ ਸਭ ਤੋਂ ਪਹਿਲਾਂ ਦਿੱਲੀ ਵਿੱਖੇ ਬੀ.ਬੀ.ਸੀ ਨਿਊਜ ਦਾ ਰਿਪੋਰਟਰ ਮੁਹੰਮਦ ਅਲੀ ਬਠਿੰਡੇ ਆਂਣ ਢੁੱਕਿਆ ਅਤੇ ਮੇਰੇ ਨਾਲ ਸੰਪਰਕ ਕਰ ਕੇ ਇਹਨਾਂ ਪਿੰਡਾਂ ਵਿੱਚ ਮੈਂਨੂੰ ਆਪਣੇਂ ਨਾਲ ਲੈ ਜਾਣ ਲਈ ਕਹਿਣ ਲੱਗਾ।ਮੁਹੰਮਦ ਅਲੀ ਇੱਕ ਡਾਕੂਮੈਂਟਰੀ ਬਣਾ ਰਿਹਾ ਸੀ।ਉਸੇ ਦਿਨ ਹੀ ਸ਼ਾਂਮ ਨੂੰ ਦਿੱਲੀ ਤੋਂ ਹੀ ਸੀ.ਐੱਸ.ਈ.(ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ)ਦੀ ਪੰਜ ਮੈਂਬਰੀ ਟੀਮ ਵੀ ਬਠਿੰਡੇ ਆਂਣ ਪੁੱਜੀ।ਉਹਨਾਂ ਨੇਂ ਵੀ ਇਹਨਾਂ ਪਿੰਡਾਂ ਵਿੱਚੋਂ ਕਈ ਪ੍ਰਕਾਰ ਦੇ ਸੈਂਪਲ ਇਕੱਠੇ ਕਰਨ ਲਈ ਮੱਦਦ ਮੰਗ ਲਈ।ਮੈਂ ਆਪਣੇਂ ਪਟਿਆਲੇ ਵਾਲੇ ਮਿੱਤਰ ਨੂੰ ਬਠਿੰਡੇ ਬੁਲਾ ਲਿਆ ਤਾਂ ਕਿ ਦਿੱਲੀਓ ਪੁੱਜੀਆਂ ਟੀਮਾਂ ਨੂੰ ਵਧੇਰੇ ਵਿਸਥਾਰ ਸਹਿਤ ਇਹਨਾਂ ਪਿੰਡਾ ਦੀ ਮੌਜੂਦਾ ਸਥਿਤੀ ਤੋਂ ਜਾਣੂੰ ਕਰਵਾਇਆ ਜਾ ਸਕੇ।ਦੂਜੇ ਦਿਨ ਸੁਵੱਖਤੇ ਹੀ ਅਸੀ ਸਾਰੇ ਤਿੰਨ ਗੱਡੀਆਂ ਦੇ ਕਾਫਲੇ ਸਮੇਤ ਇਹਨਾਂ ਪਿੰਡਾਂ ਵੱਲ ਨੂੰ ਰਵਾਨਾਂ ਹੋ ਗਏ।ਮੈਂ ਪਹਿਲਾਂ ਹੀ ਇਹਨਾਂ ਪਿੰਡਾਂ ਦੇ ਸਰਪੰਚਾਂ ਅਤੇ ਮੈਂਬਰ ਸਹਿਬਾਨਾਂ ਨੂੰ ਫੋਨ ਕਰਕੇ ਇਸ ਸਰਵੇਖਣ ਬਾਰੇ ਦੱਸ ਦਿੱਤਾ ਸੀ ਜਿਸਦਾ ਫਾਇਦਾ ਇਹ ਹੋਇਆ ਕਿ ਜਿੱਥੇ ਉਹਨਾਂ ਪਿੰਡ ਵਾਸੀਆਂ ਨੇਂ ਹਰ ਸੰਭਵ ਮੱਦਦ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਾਡੀ ਖੁੱਲ ਕੇ ਮੱਦਦ ਕੀਤੀ।ਸੀ.ਐੱਸ.ਈ. ਦੀ ਟੀਮ ਨੇਂ ਹਰ ਪਿੰਡ ਵਿੱਚਲੇ ੧੦ ਕੁ ਘਰਾਂ ਤੋਂ ਪਾਣੀਂ,ਮੱਝਾਂ ਗਊਆਂ ਦੇ ਦੁੱਧ,ਮਨੱਖਾਂ ਦੇ ਪਿਸ਼ਾਬ ਅਤੇ ਖੂਨ ਦੇ ਸੈਂਪਲ ਲੈਣੇਂ ਸਨ ਜਦੋਂ ਕਿ ਬੀ.ਬੀ.ਸੀ. ਦੇ ਰਿਪੋਰਟਰ ਮੁਹੰਮਦ ਅਲੀ ਨੇਂ ਇਹਨਾਂ ਪਿੰਡਾਂ ਦੇ ਵੱਖ ਵੱਖ ਲੋਕਾਂ ਨਾਲ ਗੱਲਬਾਤ ਦੇ ਆਧਾਰ ਇੱਕ ਡਾਕੂਮੈਂਟਰੀ ਬਣਾਉਣੀਂ ਸੀ।ਮੁਹੰਮਦ ਅਲੀ ਨੂੰ ਇਹਨਾਂ ਕਿਸਾਨਾਂ ਦੀ ਪੰਜਾਬੀ ਸਮਝ ਨਹੀਂ ਆਉਂਦੀ ਸੀ ਸੋ ਅੰਗਰੇਜੀ ਜੁਬਾਨ ਵਿੱਚ ਤਰਜਮਾਂ ਕਰਨ ਲਈ ਉਸਨੇਂ ਮੈਨੂੰ ਆਪਣੇਂ ਨਾਲ ਗੁੱਤ ਦੇ ਪਰਾਂਦੇ ਵਾਂਗ ਬੰਨ ਰੱਖਿਆ ਸੀ।ਪਹਿਲੇ ਦਿਨ ਅਸੀਂ ਛੇ ਪਿੰਡਾਂ ਦਾ ਸਰਵੇ ਕੀਤਾ।ਕੈਮਰੇ ਦੇ ਸਾਹਮਣੇਂ ਆ ਆ ਕੇ ਲੋਕ ਕਈ ਵਾਰੀ ਤਾਂ ਆਪਣੀ ਦਾਸਤਾਂਨ ਸੁਣਾਉਂਦੇ ਸੁਣਾਉਂਦੇ ਰੋਣ ਵੀ ਲੱਗ ਜਾਂਦੇ ਸਨ।ਇਹਨਾਂ ਪਿੰਡਾਂ ਵਿੱਚ ਫੈਲੀਆਂ ਕੈਂਸਰ ਵਰਗੀਆਂ ਬਿਮਾਰੀਆਂ ਬੇਸ਼ੱਕ ਇਹਨਾਂ ਨੇਂ ਆਪ ਤਾਂ ਨਹੀਂ ਸਹੇੜੀਆਂ ਸਨ ਪਰ ਇਹਨਾਂ ਲੋਕਾਂ ਨੂੰ ਖੇਤੀ ਰਸਾਇਣਾਂ ਨੂੰ ਵਰਤਣ ਬਾਰੇ ਵੀ ਪੂਰੀ ਜਾਂਣਕਾਰੀ ਨਹੀਂ ਸੀ। ਸ਼ਾਇਦ ਇਸੇ ਦਾ ਨਤੀਜਾ ਹੀ ਸੀ ਕਈ ਘਰਾਂ ਵਿੱਚ ਅਸੀਂ ਖੁਦ ਦੇਖਿਆ ਕਿ ਜਹਿਰੀਲੇ ਰਸਾਇਣਾਂ ਨੂੰ ਵਰਤਣ ਤੋਂ ਬਾਦ ਰਸਾਇਣਾਂ ਵਾਲੇ ਲੋਹੇ ਦੇ ਡੱਬਿਆਂ ਨੂੰ ਇਹ ਲੋਕ ਨਸ਼ਟ ਕਰਨ ਦੀ ਬਜਾਏ ਇਹਨਾਂ ਨੂੰ ਘਰੇਲੂ ਵਰਤੋਂ ਵਿੱਚ ਲਿਆ ਰਹੇ ਸਨ।ਇੱਕ ਪਿੰਡ ਦੀ ਸੱਥ ਵਿੱਚ ਬੈਠੇ ਇੱਕ ਬਜੁਰਗ ਨੇਂ ਭਰੇ ਮਨ ਨਾਲ ਦੱਸਿਆ ਕਿ ਕਈਆਂ ਨੂੰ ਤਾਂ ਇਹਨਾਂ ਜਹਿਰੀਲੇ ਰਸਾਇਣਾਂ ਨੇਂ ਰੋਗੀ ਬਣਾ ਦਿੱਤਾ ਅਤੇ ਕਈ ਕਰਜੇ ਨਾ ਮੋੜ ਸਕਣ ਕਾਰਨ ਖੁਦ ਇਹ ਜਹਿਰੀਲੇ ਰਸਾਇਣ ਪੀ ਪੀ ਕੇ ਮੌਤ ਦੇ ਮੂੰਹ ਵਿੱਚ ਜਾ ਪਏ।ਸਾਡੇ ਨਾਲ ਸਹਿਯੋਗ ਦੇ ਰਹੇ ਉਸ ਪਿੰਡ ਦੇ ਸਰਪੰਚ ਸਹਿਬ ਨੇਂ ਦੱਸਿਆ ਕਿ ਇਸ ਬਜੁਰਗ ਦਾ ਇੱਕ ਬੇਟਾ ਕਰਜੇ ਦੀ ਮਾਰ ਹੇਠ ਆਇਆ ਜਲਾਲਤ ਦੇ ਡਰੋਂ ਜਹਿਰੀਲੀ ਕੀਟਨਾਸ਼ਕ ਦਵਾਈ ਪੀ ਕੇ ਆਤਮ ਹੱਤਿਆ ਕਰ ਚੁੱਕਿਆ ਸੀ।ਇੱਕ ਹੋਰ ਬੰਦੇ ਨੇਂ ਜਰਾ ਮਜਾਕੀਆ ਲਹਿਜੇ ਵਿੱਚ ਦੱਸਿਆ ਕਿ ਬਾਈ ਜੀ ਜਿਸ ਦਿਨ ਅਸੀਂ ਫਸਲਾਂ ਉੱਪਰ ਸਪਰੇ ਕਰ ਕੇ ਆਉਂਦੇ ਹਾਂ,ਉਸ ਦਿਨ ਤਾਂ ਥਕਾਵਟ ਲਾਹੁਣ ਲਈ ਪੈੱਗ ਲਾਉਣ ਦੀ ਜਰੂਰਤ ਨਹੀਂ ਪੈਂਦੀ,ਸਪਰੇ ਕਾਰਨ ਹੀ ਸ਼ਰਾਬ ਦੇ ਇੱਕ ਅਧੀਏ ਜਿਨਾਂ ਨਸ਼ਾ ਚੜ੍ਹਿਆ ਹੁੰਦਾ ਹੈ।ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕਾ ਦਾ ਛਿੜਕਾਅ ਕਰਨਾਂ ਇਹਨਾਂ ਲੋਕਾਂ ਦੀ ਮਜਬੂਰੀ ਹੈ।ਨਹੀਂ ਤਾਂ ਫਸਲ ਉੱਪਰ ਹੋਇਆਂ ਖਰਚਾ ਵੀ ਪੂਰਾ ਨਹੀਂ ਹੁੰਦਾ।ਪਰ ਕਦੇ ਵੀ ਖੇਤੀਬਾੜੀ ਮਹਿਕਮੇਂ ਨੇਂ ਜਾਂ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਨੇ ਇਹਨਾਂ ਕੀਟਨਾਸ਼ਕਾਂ ਦੇ ਮਨੁੱਖੀ ਜਾਤੀ ਉੱਪਰ ਹੁੰਦੇ ਅਸਰ ਨੂੰ ਘੱਟ ਕਰਨ ਲਈ ਕਦੇ ਕੋਈ ਕੈਂਪ ਵਗੈਰਾ ਲਗਾ ਕੇ ਕੋਈ ਜਾਂਣਕਾਰੀ ਨਹੀਂ ਦਿੱਤੀ।ਫਿਰ ਅਸੀਂ ਉਸ ਪਿੰਡ ਵਿੱਚ ਪਹੁੰਚੇ ਜਿਹੜਾ ਅਜਿਹੇ ਕੀਟਨਾਸ਼ਕਾਂ ਦੇ ਮਾੜੇ ਅਸਰਾਂ ਤੋਂ ਬੁਰੀ ਤਰਾਂ ਪ੍ਰਭਾਵਿਤ ਹੋਇਆ ਸੀ।ਇਸ ਪਿੰਡ ਵਿੱਚ ਕੈਂਸਰ ਨਾਲ ਹੋਈਆਂ ਮੌਤਾਂ ਦੀ ਗਿਣਤੀ ਤਾਂ ਹੁਣ ਪਿੰਡ ਵਾਲਿਆਂ ਨੂੰ ਵੀ ਯਾਦ ਨਹੀਂ ਰਹੀ ਸੀ।ਜਦ ਅਸੀਂ ਪਿੰਡ ਦੀ ਸੱਥ ਵਿੱਚ ਬੈਠੇ ਕਾਫੀ ਸਾਰੇ ਬੰਦਿਆਂ ਨਾਲ ਗੱਲਬਾਤ ਕਰਨੀਂ ਚਾਹੀ ਤਾਂ ਉਹ ਵਿੱਚੋਂ ਬਹੁਤੇ ਆਦਮੀਂ ਬਿਨਾਂ ਕੋਈ ਗੱਲ ਕੀਤਿਆਂ ਆਪਣੇਂ ਆਪਣੇਂ ਘਰਾਂ ਨੂੰ ਚੱਲ ਪਏ।ਇਸ ਪਿੰਡ ਦੇ ਜਿੰਨਾਂ੍ਹ ਲੋਕਾਂ ਨੇਂ ਵੀ ਸਾਡੇ ਨਾਲ ਗੱਲ ਕੀਤੀ,ਉਹਨਾਂ ਦਾ ਰਵੱਈਆਂ ਵੀ ਸਾਡੇ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਸੀ।ਇੱਕ ਬਜੁਰਗ ਨੇ ਖੁਦ ਹੀ ਕੈਮਰੇ ਸਾਹਮਣੇਂ ਆ ਕੇ ਬੋਲਣਾਂ ਸ਼ੁਰੂ ਕਰ ਦਿੱਤਾ।"ਓ ਤੁਸੀਂ ਰੋਜ ਹੀ ਆ ਜਾਂਦੇ ਹੋ ਸਾਡੀਆਂ ਮੂਰਤਾਂ ਲੈਂਣ,'ਤੇ ਮੁੜ ਜਾਂਦੇ ਹੋ।ਕਿਸੇ ਨੇਂ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ।ਅਸੀਂ ਕਂੈਸਰ ਨਾਲ ਮਰਦੇ ਹਾਂ ਤਾਂ ਤੁਹਾਨੂੰ ਕੀ?ਜਦੋਂ ਸਰਕਾਰ ਨੇਂ ਸਾਡੇ ਲਈ ਕੁੱਝ ਨਹੀਂ ਕੀਤਾ,ਭਲਾਂ ਤੁਸੀਂ ਕੀ ਕਰੋਂਗੇ?"ਜਦ ਉਸ ਪਿੰਡ ਦੇ ਸਰਪੰਚ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇਂ ਆਪਣੀਂ ਬੇਵਸੀ ਜਾਹਿਰ ਕਰਦਿਆਂ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ ਅਤੇ ਲੋਕਾਂ ਨੂੰ ਨਾਲ ਲਿਜਾ ਕੇ ਕਈ ਵਾਰ ਹਲਕੇ ਦੇ ਵਿਧਾਇਕ ਅਤੇ ਜਿਲਾ੍ਹ ਪ੍ਰਸ਼ਾਸ਼ਨ ਨੂੰ ਮਿਲ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।ਅਸੀਂ ਇਸ ਪਿੰਡ ਦੇ ਲੱਗਭੱਗ ਚਾਲੀ ਦੇ ਕਰੀਬ ਮਰੀਜਾਂ ਨੂੰ ਮਿਲੇ ਜਿੰਨਾਂ੍ਹ ਵਿੱਚ ਵੀਹ ਦੇ ਕਰੀਬ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਰਾਜਸਥਾਨ ਦੇ ਬੀਕਾਨੇਰ ਸ਼ਹਿਰ ਤੋਂ ਆਪਣਾਂ ਇਲਾਜ ਕਰਵਾ ਰਹੇ ਸਨ।ਇਹਨਾਂ ਪਿੰਡਾਂ ਦੇ ਲੋਕਾਂ ਨੇ ਹੁਣ ਮੰਨ ਲਿਆ ਹੈ ਕਿ ਜਹਿਰੀਲੇ ਰਸਾਇਣਾਂ ਕਾਰਨ ਧਰਤੀ ਹੇਠਲੇ ਦੂਸ਼ਿਤ ਪਾਣੀ ਪੀਣ ਅਤੇ ਜਹਿਰੀਲੇ ਰਸਾਇਣਾਂ ਵਾਲੀਆਂ ਕਣਕ,ਮੱਕੀ ਦਾਲਾਂ ਖਾ ਖਾ ਕੇ ਹੀ ਉਹ ਨਾ-ਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋਏ ਹਨ।ਇਸ ਪਿੰਡ ਦੇ ਲੋਕਾਂ ਵਲੋਂ ਸਾਡੀ ਟੀਮ ਨਾਲ ਕੀਤੇ ਮਾੜੇ ਵਿਵਹਾਰ ਬਾਰੇ ਜਦ ਸਰਪੰਚ ਸਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇਂ ਦੱਸਿਆ ਕਿ ਮੀਡੀਏ ਨੇਂ ਸਾਡੇ ਪਿੰਡ ਦੀ ਸਥਿਤੀ ਤੋਂ ਪੂਰੇ ਪੰਜਾਬ ਨੂੰ ਜਾਣੂੰ ਕਰਵਾਇਆ ਹੈ ਜਿਸਦਾ ਇੱਕ ਮਾੜਾ ਪੱਖ ਇਹ ਹੈ ਕਿ ਸਾਡੇ ਪਿੰਡ ਅਤੇ ਇਸ ਇਲਾਕੇ ਵਿੱਚ ਸਾਡੇ ਮੁੰਡੇ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ।ਲੋਕ ਸਮਝਦੇ ਹਨ ਕਿ ਇਹਨਾਂ ਪਿੰਡਾਂ ਵਿੱਚ ਧੀਆਂ ਪੁੱਤਾਂ ਨੂੰ ਵਿਆਂਹੁਣਾਂ ਭਾਵ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣਾਂ ਹੈ।ਇਸ ਲਈ ਹੁਣ ਪਿੰਡ ਵਿੱਚ ਲੋਕ ਕਿਸੇ ਵੀ ਮੀਡੀਏ ਦੇ ਆਉਣ ਨੂੰ ਚੰਗਾ ਨਹੀ ਸਮਝਦੇ।
ਇਹਨਾਂ ਪਿੰਡਾਂ ਵਿੱਚੋਂ ਸੈਂਪਲ ਇਕੱਠੇ ਕਰਨ ਦੇ ਨਾਲ ਹੀ ਸੀ.ਐੱਸ.ਈ.ਟੀਮ ਦਾ ਕੰਮ ਤਾਂ ਸਮਾਪਤ ਹੋ ਗਿਆ ਸੀ ਪਰ ਬੀ.ਬੀ.ਸੀ ਵਾਲਾ ਮੁਹੰਮਦ ਅਲੀ ਉਹਨਾਂ ਪਿੰਡਾਂ ਵਿੱਚ ਵੀ ਜਾਣਾਂ ਚਾਹੁੰਦਾ ਸੀ ਜਿੱਥੇ ਲੋਕ ਕਰਜੇ ਦੀ ਮਾਰ ਹੇਠ ਆਏ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਸਨ।ਸੋ ਮੈਂ ਅਤੇ ਮੁਹੰਮਦ ਅਲੀ ਨੇ ਬਠਿੰਡੇ ਜਿਲ੍ਹੇ ਦੇ ਇੱਕ ਪਿੰਡ ਰਾਮਨਿਵਾਸ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ।ਜਿਕਰਯੋਗ ਹੈ ਇਸ ਪਿੰਡ ਵਿੱਚ ਕਰਜਾ ਨਾਂ ਮੋੜ ਸਕਣ ਕਾਰਨ ਬਹੁਤ ਸਾਰੇ ਕਿਸਾਨਾਂ ਨੇਂ ਖੁਦਕੁਸ਼ੀਆਂ ਕਰ ਲਈਆਂ ਸਨ ਅਤੇ ਪਿੰਡ ਦੇ ਲੋਕਾਂ ਨੇਂ ਮਤਾ ਪਾ ਕੇ ਆਪਣਾਂ ਸਾਰਾ ਪਿੰਡ ਹੀ ਵਿਕਾਊ ਕਰਨ ਦਾ ਐਲਾਨ ਕੀਤਾ ਹੋਇਆ ਸੀ।ਇਸ ਪਿੰਡ ਵਿੱਚ ਕਿਸੇ ਮਾਂ ਨੇਂ ਆਪਣੇਂ ਪੁੱਤ ਦੀ,ਕਿਸੇ ਦੀ ਪਤਨੀਂ ਨੇਂ ਆਪਣੇਂ ਪਤੀ ਦੀ,ਕਿਸੇ ਦੀ ਭੈਂਣ ਨੇਂ ਆਪਣੇਂ ਭਰਾ ਦੀ ਅਣਆਈ ਮੌਤ ਦੀ ਗੱਲ ਜਦ ਕੈਮਰੇ ਸਾਹਮਣੇਂ ਖੜਕੇ ਬਿਆਨ ਕੀਤੀ ਤਾਂ ਉਹਨਾਂ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।ਅਜਿਹੇ ਮਹੌਲ ਵਿੱਚ ਸਭ ਦਾ ਗੱਚ ਭਰ ਆਇਆ।ਇਹਨਾਂ ਪਿੰਡਾਂ ਦੇ ਲੋਕਾਂ ਨੇਂ ਕਰਜਾ ਲੈ ਕਿ ਆਪਣਾਂ ਵਰਤਮਾਨ ਤਾਂ ਸਵਾਰ ਲਿਆ ਸੀ ਪਰੰਤੂ ਆਪਣਾਂ ਭਵਿੱਖ ਉਜਾੜ ਬੈਠੇ।ਕਰਜਾ ਨਾਂ ਮੋੜ ਸਕਣ ਦੀ ਸੂਰਤ ਵਿੱਚ ਬੈਂਕਾਂ ਵਾਲੇ ਜਾਂ ਸ਼ਾਹੂਕਾਰ ਕਿਸਾਨਾਂ ਦੀਆਂ ਜਮੀਨਾਂ ਦੀ ਕੁਰਕੀ ਤੱਕ ਕਰਵਾ ਦਿੰਦੇ ਹਨ।ਦਰਅਸਲ ਬਠਿੰਡੇ ਜਿਲੇ ਦਾ ਇਹ ਇਲਾਕਾ ਨਰਮਾਂ ਪੱਟੀ ਵਜੋਂ ਜਾਣਿਆਂ ਜਾਂਦਾ ਹੈ।ਪਰ ਪਿਛਲੇ ੫-੬ ਸਾਲਾਂ ਤੋਂ ਨਰਮੇਂ ਕਪਾਹ ਨੂੰ ਲਗਾਤਾਰ ਲੱਗਦੀ ਆ ਰਹੀ ਬਿਮਾਰੀ ਨੇਂ ਫਸਲਾਂ ਦਾ ਝਾੜ ਘਟਾ ਦਿੱਤਾ।ਨਤੀਜੇ ਵਜੋਂ ਕਿਸਾਨਾਂ ਦਾ ਫਸਲ ਉੱਤੇ ਹੋਇਆਂ ਖਰਚਾ ਵੀ ਪੂਰਾ ਨਾਂ ਹੋਇਆਂ।ਪਰ ਜਿੰਦਗੀ ਦੀ ਗੱਡੀ ਰੋੜਨ ਲਈ ਅਤੇ ਆਪਣਾਂ ਪੇਟ ਪਾਲਣ ਲਈ ਇਹਨਾਂ ਨੂੰ ਮਜਬੂਰੀ ਵੱਸ ਬੈਂਕਾਂ ਤੋਂ ਜਾਂ ਸ਼ਾਹੂਕਾਰਾਂ ਤੋਂ ਕਰਜਾ ਚੁੱਕਣਾਂ ਪਿਆ।ਸਮੇਂ ਸਿਰ ਕਰਜਾ ਨਾਂ ਮੋੜਨ ਦੀ ਸੂਰਤ ਵਿੱਚ ਕਰਜੇ ਦੀ ਰਕਮ ਦਿਨੋਂ ਦਿਨ ਵਧਦੀ ਗਈ ਅਤੇ ਕਈ ਕਿਸਾਨਾਂ ਨੂੰ ਆਪਣੀਆਂ ਗਹਿਣੇਂ ਧਰੀਆਂ ਜਮੀਂਨਾਂ ਹਮੇਸ਼ਾਂ ਹਮੇਸ਼ਾਂ ਲਈ ਵੇਚਣੀਆਂ ਪਈਆਂ।ਇਸੇ ਜਲਾਲਤ ਦੇ ਡਰੋਂ ਅਤੇ ਗੈਰਤ ਦੀ ਰਾਖੀ ਲਈ ਇਹਨਾਂ ਨੇਂ ਖੁਦਕੁਸ਼ੀਆਂ ਦਾ ਰਾਹ ਚੁਣਿਆਂ।ਇਹਨਾਂ ਲੋਕਾਂ ਦੀਆਂ ਦਰਦ ਭਰੀਆਂ ਕਹਾਣੀਆਂ ਨੂੰ ਕੈਮਰੇ ਵਿੱਚ ਕੈਦ ਕਰ ਕੇ ਅਸੀਂ ਜਦ ਵਾਪਸ ਪਰਤ ਰਹੇ ਸੀ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਉਹਨਾਂ ਲੋਕਾਂ ਦਾ ਦਰਦ ਅਜੇ ਵੀ ਸਾਡਾ ਪਿੱਛਾ ਕਰ ਰਿਹਾ ਹੋਵੇ।
ਕੋਈ ਛੇ ਕੁ ਮਹੀਨਿਆਂ ਦੇ ਵਕਫੇ ਪਿਛੋਂ ਸੀ.ਐੱਸ.ਈ.ਦੀ ਡਾਇਰੈਕਟਰ ਸੁਨੀਤਾ ਨਰਾਇਣ ਨੇਂ ਇਸ ਸਰਵੇ ਦੀ ਰਿਪੋਰਟ ਨੂੰ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਲੋਕਾਂ ਸਾਹਮਣੇਂ ਪੇਸ਼ ਕੀਤਾ।ਚਾਲੀ ਸਫਿਆਂ ਦੀ ਰਿਪੋਰਟ ਦਾ ਸਾਰ ਅੰਸ਼ ਇਹ ਕਹਿੰਦਾ ਸੀ ਇਹਨਾਂ ਪਿੰਡਾਂ ਦੇ ਲੋਕਾਂ ਦੇ ਖੁਨ ਵਿੱਚ ਬੇਹਿਸਾਬੀ ਮਾਤਰਾ ਵਿੱਚ ਜਹਿਰੀਲੇ ਰਸਾਇਣਾਂ ਦੇ ਅੰਸ਼ ਮੌਜੂਦ ਹਨ ਜਿੰਨਾਂ੍ਹ ਕਰਕੇ ਇਹ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਇੱਥੇ ਹੀ ਬੱਸ ਨਹੀਂ,ਇਸ ਇਲਾਕੇ ਵਿੱਚ ਪੈਦਾ ਹੋ ਰਹੇ ਬੱਚੇ ਮਾਂ ਦੇ ਪੇਟ ਵਿੱਚੋ ਹੀ ਅਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜਨਮ ਲੈ ਰਹੇ ਹਨ।ਇਹਨਾਂ ਰਸਾਇਣਾਂ ਦੇ ਪੀੜੀ੍ਹ ਦਰ ਪੀੜੀ੍ਹ ਹੁੰਦੇ ਅਸਰਾਂ ਕਾਰਨ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਅਲੋਪ ਹੋ ਜਾਂਣ ਦਾ ਵੀ ਖਤਰਾ ਹੈ ਜੋ ਕਿ ਇੱਕ ਬਹੁਤ ਹੀ ਗੰਭੀਰ ਅਤੇ ਸੋਚ ਵਿਚਾਰ ਦਾ ਵਿਸ਼ਾ ਹੈ।
ਬੇਸ਼ੱਕ ਇਹਨਾਂ ਪਿੰਡਾਂ ਵਿੱਚ ਸਰਕਾਰ ਨੇਂ ਹੁਣ ਪਾਣੀਂ ਨੂੰ ਸ਼ੁੱਧ ਕਰਨ ਵਾਲੇ ਆਰ.ਓ.ਸਿਸਟਮ ਲਗਵਾਏ ਹਨ,ਪਰ ਅਜੇ ਵੀ ਇਹਨਾਂ ਲੋਕਾਂ ਨੂੰ ਅਜਿਹੇ ਜਰਿਰੀਲੇ ਰਸਾਇਣਾਂ ਕਾਰਨ ਦੂਸ਼ਿਤ ਹੋਈ ਆਬੋ ਹਵਾ ਵਿੱਚ ਹੀ ਸਾਹ ਲੈਣਾਂ ਪੈ ਰਿਹਾ ਹੈ।

e-mail-harmander.kang@gmail.com

No comments:

Post a Comment