ਦ੍ਰਿਸ਼ਟੀਕੋਣ (23)-ਜਤਿੰਦਰ ਪਨੂੰ

ਪੰਜਾਬ ਤੇ ਭਾਰਤ ਦੀ ਗਲੀ-ਗਲੀ ਸੋਮਾਲੀਆ ਬਣਨ ਦੀ ਚਿੰਤਾ ਕੌਣ ਤੇ ਕਦੋਂ ਕਰੇਗਾ?
ਸਮੁੰਦਰਾਂ ਦੇ ਵਿਸ਼ਾਲ ਖੇਤਰ ਬਾਰੇ ਸਿਰਫ ਓਹੋ ਜਾਣ ਸਕਦੇ ਹਨ, ਜਿਹੜੇ ਉਨ੍ਹਾਂ ਪਾਣੀਆਂ ਵਿੱਚ ਲਗਾਤਾਰ ਮਹੀਨਿਆਂ ਬੱਧੀ ਰਹਿੰਦੇ ਹਨ। ਮਾਲ ਲੈ ਕੇ ਜਾਣ ਵਾਲੇ ਸਮੁੰਦਰੀ ਜਹਾਜ਼ ਕਈ ਵਾਰੀ ਮਹੀਨਾ-ਮਹੀਨਾ ਪਾਣੀ ਵਿੱਚ ਹੀ ਤੁਰੇ ਜਾਂਦੇ ਹਨ, ਦੂਰ ਤੱਕ ਨੀਲਾ ਸਮੁੰਦਰ ਨਜ਼ਰ ਆਉਂਦਾ ਹੈ, ਧਰਤੀ ਦਾ ਬੰਨਾ ਦਿਖਾਈ ਨਹੀਂ ਦੇਂਦਾ। ਏਦਾਂ ਦੇ ਲਾਂਘਿਆਂ ਉੱਤੇ ਜਹਾਜ਼ਾਂ ਨੂੰ ਲੁੱਟੇ ਜਾਣ ਦਾ ਸਿਲਸਿਲਾ ਬੜਾ ਪੁਰਾਣਾ ਹੈ, ਪਰ ਸਾਡੇ ਸਮਿਆਂ ਵਿੱਚ ਇਸ ਦੀ ਚਰਚਾ ਬਹੁਤੀ ਇਸ ਕਰ ਕੇ ਹੁੰਦੀ ਹੈ ਕਿ ਸੋਮਾਲੀਆ ਦੇ ਲੁਟੇਰਿਆਂ ਦੇ ਗਰੋਹ ਹੁਣ ਕਿਸੇ ਫੌਜ ਵਾਂਗ ਧਾਵੇ ਕਰਨ ਲੱਗ ਪਏ ਹਨ। ਉਹ ਸਿਰਫ ਮਾਲ ਨਹੀਂ ਲੁੱਟਦੇ, ਜਹਾਜ਼ਾਂ ਦੇ ਅਮਲੇ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੇ ਬਦਲੇ ਪੈਸੇ ਮੰਗਦੇ ਅਤੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦੇਂਦੇ ਹਨ। ਪਿਛਲੇ ਸਮੇਂ ਵਿੱਚ ਭਾਰਤ ਦੇ ਕਈ ਸਮੁੰਦਰੀ ਜਹਾਜ਼ ਵੀ ਉਨ੍ਹਾਂ ਦੇ ਕਬਜ਼ੇ ਵਿੱਚ ਆਏ ਅਤੇ ਬੰਦਿਆਂ ਦੇ ਬਦਲੇ ਉਹ ਫਿਰੌਤੀ ਲੈ ਗਏ ਜਾਂ ਸਾਡੀ ਸਮੁੰਦਰੀ ਫੌਜ ਨੇ ਲੁਟੇਰੇ ਜਾ ਨੱਪੇ ਤੇ ਜੇਲ੍ਹ ਵਿੱਚ ਤਾੜ ਦਿੱਤੇ। ਉਸ ਪਿੱਛੋਂ ਰੁਕਣ ਵੀ ਦੀ ਥਾਂ ਉਨ੍ਹਾਂ ਕਿਸੇ ਹੋਰ ਭਾਰਤੀ ਜਹਾਜ਼ ਨੂੰ ਕਾਬੂ ਕੀਤਾ ਆਪਣੇ ਬੰਦੇ ਛੱਡਣ ਤੇ ਨਾਲ ਫਿਰੌਤੀ ਦੇਣ ਦੀ ਮੰਗ ਚੁੱਕ ਕੇ ਭਾਰਤ ਸਰਕਾਰ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਸੀ। ਫਿਰ ਵੀ ਭਾਰਤੀ ਨੇਵੀ ਅਤੇ ਕੋਸਟ ਗਾਰਡਜ਼ ਨੂੰ ਇਸ ਗੱਲ ਲਈ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਸੋਮਾਲੀਆਈ ਲੁਟੇਰਿਆਂ ਨੂੰ ਭਾਜੜ ਪਾਉਣ ਵਾਲੀ ਹਿੰਮਤ ਉਨ੍ਹਾਂ ਕਰ ਵਿਖਾਈ ਹੈ।
ਅਸੀਂ ਖੁਸ਼ ਹਾਂ ਕਿ ਭਾਰਤ ਸਰਕਾਰ ਇਸ ਮਾਮਲੇ ਵਿੱਚ ਚੰਗੀ ਕਾਰਗੁਜ਼ਾਰੀ ਵਿਖਾ ਰਹੀ ਹੈ, ਪਰ ਇਹ ਤਾਂ ਦੇਸ਼ ਤੋਂ ਬਾਹਰ ਸਮੁੰਦਰੀ ਪਾਣੀਆਂ ਵਿੱਚ ਹੋ ਰਿਹਾ ਹੈ, ਆਪਣੇ ਦੇਸ਼ ਦੇ ਅੰਦਰ ਜੋ ਹਾਲਤ ਬਣੀ ਪਈ ਹੈ, ਉਸ ਤੋਂ ਇਹ ਖਤਰਾ ਪੈਦਾ ਹੋਈ ਜਾ ਰਿਹਾ ਹੈ ਕਿ ਸਾਡੇ ਆਪਣੇ ਘਰ ਵਿੱਚ ਸੋਮਾਲੀਆ ਬਣ ਜਾਣਾ ਹੈ। ਸੋਮਾਲੀਆ ਦੇਸ਼ ਦੀ ਹਾਲਤ ਇਹ ਹੈ ਕਿ ਓਥੇ ਸਰਕਾਰ ਹੁੰਦੀ ਹੋਈ ਵੀ ਅਣਹੋਈ ਹੋ ਕੇ ਰਹਿ ਗਈ ਹੈ। ਪਹਿਲਾਂ ਦੋ ਧਿਰਾਂ ਦੇ ਟਕਰਾਓ ਦੀ ਗੱਲ ਸੀ, ਫਿਰ ਹਰ ਪਾਸੇ ਆਪੋ ਆਪਣਾ ਗਰੋਹ ਅਤੇ ਆਪੋ ਆਪਣੇ ਨਿਸ਼ਾਨੇ ਫੁੰਡਣ ਦਾ ਇਹੋ ਜਿਹਾ ਕੰਮ ਸ਼ੁਰੂ ਹੋਇਆ ਕਿ ਹੁਣ ਤੱਕ ਰੁਕਦਾ ਨਜ਼ਰ ਨਹੀਂ ਆਉਂਦਾ। ਕਾਰਨ ਇਸ ਦਾ ਦੇਸ਼ ਵਿੱਚ ਕਾਨੂੰਨ ਦਾ ਰਾਜ ਨਾ ਹੋਣਾ ਹੈ।
ਸਾਡੇ ਦੇਸ਼ ਵਿੱਚ ਹਾਲਾਤ ਕਿੱਧਰ ਨੂੰ ਜਾ ਰਹੇ ਹਨ, ਇਸ ਬਾਰੇ ਸੋਚਣ ਦੀ ਨਾ ਕਿਸੇ ਕੋਲ ਵਿਹਲ ਹੈ ਤੇ ਨਾ ਹੀ ਕਿਸੇ ਨੂੰ ਇਸ ਦੀ ਲੋੜ ਜਾਪਦੀ ਹੈ। ਜਿਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੀ ਕਮਾਨ ਹੈ, ਜਾਂ ਫਿਰ ਇੱਕ ਜਾਂ ਦੂਜੇ ਰਾਜ ਦੀ ਕਮਾਨ ਹੈ, ਉਹ ਆਪਣੇ ਟੱਬਰ ਦੇ ਜੀਆਂ ਤੋਂ ਅੱਗੇ ਸੋਚਦੇ ਹੀ ਨਹੀਂ। ਕੁਝ ਸਾਲ ਪਹਿਲਾਂ ਪੰਜਾਬ ਦੀ ਪੁਲਸ ਦੇ ਇਕ ਮੁਖੀ ਨਾਲ ਸਾਡੀ ਏਸੇ ਵਿਸ਼ੇ ਉੱਤੇ ਗੱਲ ਹੋਈ। ਉਨ੍ਹਾਂ ਦਾ ਦਾਮਾਦ ਵੀ ਪੁਲਸ ਦਾ ਵੱਡਾ ਅਫਸਰ ਹੈ। ਗੱਲਬਾਤ ਜਦੋਂ ਏਥੇ ਪਹੁੰਚੀ ਕਿ ਏਥੇ ਬਦ-ਅਮਨੀ ਦੇ ਹਾਲਾਤ ਬਣਦੇ ਜਾ ਰਹੇ ਹਨ ਤਾਂ ਉਸ ਨੇ ਇਹ ਮੰਨਣ ਵਿੱਚ ਇੱਕ ਪਲ ਵੀ ਨਾ ਲਾਇਆ, ਪਰ ਜ਼ਿਮੇਵਾਰੀ ਸਾਰੀ ਰਾਜਸੀ ਲੋਕਾਂ ਦੇ ਸਿਰ ਮੜ੍ਹ ਦਿੱਤੀ ਸੀ। ਅਸੀਂ ਇਹ ਕਿਹਾ ਕਿ ਰਾਜਸੀ ਲੋਕ ਤਾਂ ਆਪਣੀ ਕੁਰਸੀ ਖਾਤਰ ਹਰ ਗੰਦੇ ਬੰਦੇ ਨਾਲ ਸਾਂਝ ਪਾe ਲੈਂਦੇ ਹਨ, ਤੁਹਾਨੂੰ-ਸਾਨੂੰ ਇਹ ਭੁਗਤਣਾ ਪੈਣਾ ਹੈ, ਤੁਸੀਂ ਕੋਈ ਚਿੰਤਾ ਕਿਉਂ ਨਹੀਂ ਕਰਦੇ? ਹੈਰਾਨੀ ਵਾਲਾ ਸੀ ਉਸ ਪੁਲਸ ਅਫਸਰ ਦਾ ਜਵਾਬ ਕਿ ਸਾਨੂੰ ਭੁਗਤਣ ਦੀ ਨੌਬਤ ਹੀ ਨਹੀਂ ਆਉਣੀ, ਆਪੇ ਲੋਕ ਭੁਗਤਦੇ ਫਿਰਨਗੇ। ਮੈਂ ਉਸ ਨੂੰ ਕਿਹਾ ਸੀ ਕਿ ਗੱਲ ਭਾਵੇਂ ਤੁਹਾਨੂੰ ਕੌੜੀ ਲੱਗੇ, ਪਰ ਇਹ ਸੱਚ ਹੈ ਕਿ ਤੁਸੀਂ ਆਪ ਜ਼ਰੂਰ ਪੁਲਸ ਦੇ ਅਫਸਰ ਹੋ, ਆਪਣੇ ਲਈ ਜਵਾਈ ਵੀ ਪੁਲਸ ਦਾ ਅਫਸਰ ਲੱਭ ਸਕਦੇ ਹੋ, ਪਰ ਇਹ ਯਕੀਨੀ ਨਹੀਂ ਬਣਾ ਸਕਦੇ ਕਿ ਤੁਹਾਡਾ ਪੁੱਤਰ ਵੀ ਪੁਲਸ ਦਾ ਅਫਸਰ ਹੀ ਬਣ ਜਾਵੇਗਾ। ਜਦੋਂ ਪੁੱਤਰ ਪੁਲਸ ਦਾ ਅਫਸਰ ਨਾ ਬਣ ਸਕਿਆ, ਉਹ ਜਦੋਂ ਬਾਜ਼ਾਰ ਵਿੱਚ ਗਿਆ ਜਾਂ ਕਿਸੇ ਹੋਰ ਥਾਂ ਗੁੰਡਾਗਰਦੀ ਦੇ ਖੇਤਰ ਵਿੱਚ ਫਸ ਗਿਆ, ਉਸ ਨਾਲ ਵੀ ਕੱਲ੍ਹ-ਕਲੋਤਰ ਨੂੰ ਓਹੋ ਹੋਵੇਗੀ, ਜਿਹੜੀ ਅੱਜ ਲੋਕ ਭੁਗਤਦੇ ਹਨ ਤੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਪੁੱਤਰ ਨੂੰ ਸਿਰਫ ਪੈਸੇ ਅਤੇ ਜਾਇਦਾਦਾਂ ਨਹੀਂ, ਉਹ ਹਾਲਾਤ ਵੀ ਚਾਹੀਦੇ ਹਨ, ਜਿੱਥੇ ਉਹ ਘਰੋਂ ਬਾਹਰ ਜਾਵੇ ਤਾਂ ਪਿੱਛੋਂ ਪਰਵਾਰ ਦੇ ਜੀਆਂ ਦਾ ਸਾਹ ਨਾ ਸੁੱਕਾ ਰਹੇ ਕਿ ਵਾਪਸ ਆ ਜਾਵੇਗਾ ਜਾਂ ਰਾਹ ਵਿੱਚੋਂ ਚੁੱਕ ਕੇ ਲਿਆਉਣਾ ਪਵੇਗਾ?
ਅੱਜ ਦੇ ਹਾਲਾਤ ਕੀ ਹਨ? ਪੰਜਾਬ ਵਿੱਚ ਹਰ ਪਾਸੇ ਬਦ-ਅਮਨੀ ਹੈ। ਪੁਲਸ ਦੇ ਅਫਸਰ ਹੁਣ ਪੁਲਸ ਦੇ ਨਹੀਂ, ਕੁਝ ਅਕਾਲੀਆਂ ਦੇ ਕਾਰਿੰਦੇ ਹਨ, ਕੁਝ ਕਾਂਗਰਸ ਵਾਲਿਆਂ ਦੇ ਤੇ ਜਿਹੜੇ ਪੱਕਾ ਠੱਪਾ ਨਹੀਂ ਲਵਾਈ ਫਿਰਦੇ, ਉਹ ਖੂੰਜੇ ਲੱਗੇ ਰਹਿੰਦੇ ਹਨ। ਕਈ ਪੁਲਸ ਅਫਸਰ ਤਾਂ ਕਮਾਈ ਕਰਨ ਵਾਲੇ ਗਰੋਹਾਂ ਦੇ ਸਰਪ੍ਰਸਤ ਮੰਨੇ ਜਾਂਦੇ ਹਨ। ਇਹੋ ਜਿਹਾ ਕੰਮ ਕਰਨ ਵਾਲੇ ਅਫਸਰ ਦੋ-ਚਾਰ ਕਾਂਗਰਸੀ ਆਗੂਆਂ ਅਤੇ ਦੋ-ਚਾਰ ਅਕਾਲੀ ਲੀਡਰਾਂ ਨਾਲ ਕੁੰਡੀ ਪਾ ਕੇ ਰੱਖਦੇ ਹਨ ਤੇ ਦੋਵਾਂ ਦੇ ਰਾਜ ਵਿੱਚ ਆਪਣਾ ਧੰਦਾ ਭੁਗਤਾਈ ਜਾਂਦੇ ਹਨ। ਫਰਕ ਏਨਾ ਕੁ ਪੈਂਦਾ ਹੈ ਕਿ ਉਨ੍ਹਾਂ ਨੂੰ ਸਰਕਾਰ ਬਦਲਣ ਦੇ ਨਾਲ ਜ਼ਿਲਾ ਬਦਲਣਾ ਪੈ ਜਾਂਦਾ ਹੈ। ਪੰਜਾਬ ਦੀ ਹਾਲਤ ਆਪਣੇ ਮੂੰਹੋਂ ਬੋਲੀ ਜਾਂਦੀ ਹੈ।
ਸਾਡੇ ਸਾਹਮਣੇ 19 ਮਾਰਚ ਦਾ ਅਖਬਾਰ ਪਿਆ ਹੈ। ਇਸ ਵਿੱਚ ਖਬਰ ਹੈ ਕਿ ਜਲੰਧਰ ਵਿੱਚ ਇੱਕ ਰਾਹ ਜਾਂਦੇ ਮੁੰਡੇ ਨੂੰ ਲੁਟੇਰਿਆਂ ਨੇ ਘੇਰ ਕੇ ਮੋਬਾਈਲ ਖੋਹ ਲਿਆ। ਉਸ ਨੇ ਇਸ ਦਾ ਜ਼ਰਾ ਕੁ ਵਿਰੋਧ ਕੀਤਾ। ਲੁਟੇਰੇ ਉਸ ਨੂੰ ਚਾਕੂ ਮਾਰ ਕੇ ਚਲੇ ਗਏ। ਮੁੰਡਾ ਹੁਣ ਹਸਪਤਾਲ ਪਿਆ ਹੋਇਆ ਹੈ। ਇਹ ਖਬਰ ਬਹੁਤੇ ਪਾਠਕਾਂ ਵਾਸਤੇ ਖਬਰ ਹੀ ਨਹੀਂ ਹੋਣੀ, ਕਿਉਂਕਿ ਏਦਾਂ ਆਮ ਹੀ ਹੁੰਦਾ ਰਹਿੰਦਾ ਹੈ।
ਹਾਲੇ ਦੋ ਦਿਨ ਪਹਿਲਾਂ ਇੱਕ ਐਨ ਆਰ ਆਈ ਪਰਵਾਰ ਕਿਸੇ ਥਾਂ ਪੈਟਰੋਲ ਪੰਪ ਉੱਤੇ ਗੱਡੀ ਵਿੱਚ ਤੇਲ ਭਰਾਉਣ ਲਈ ਰੁਕਿਆ ਸੀ। ਲੁਟੇਰੇ ਆਏ ਤੇ ਓਥੇ ਖੜਿਆਂ ਨੂੰ ਲੁੱਟ ਕੇ ਲੈ ਗਏ। ਜਾਣ ਲੱਗੇ ਐਨ ਆਰ ਆਈ ਨੂੰ ਗੋਲੀ ਮਾਰ ਕੇ ਜ਼ਖਮੀ ਵੀ ਕਰ ਗਏ। ਪੁਲਸ ਆਈ ਤੇ ਕਾਰਵਾਈ ਕਰ ਕੇ ਚਲੀ ਗਈ, ਪਰ ਉਹ ਐਨ ਆਰ ਆਈ ਵਾਪਸ ਆਪਣੇ ਦੇਸ਼ ਜਾ ਕੇ ਬਾਕੀਆਂ ਨੂੰ ਵੀ ਕਹੇਗਾ ਕਿ ਭਾਰਤ ਨੂੰ ਨਾ ਜਾਇਓ, ਜਾਂ ਜਾਣ ਵੇਲੇ ਸੰਭਲ ਕੇ ਜਾਇਓ।
ਇੱਕ ਥਾਂ ਇੱਕ ਬੀਬੀ ਆਪਣੇ ਪਤੀ ਨਾਲ ਧਰਮ ਅਸਥਾਨ ਵਿੱਚ ਮੱਥਾ ਟੇਕਣ ਗਈ। ਪਤੀ ਬਾਹਰ ਆ ਕੇ ਦੂਰ ਖੜੀ ਕੀਤੀ ਗੱਡੀ ਲੈਣ ਚਲਾ ਗਿਆ। ਜਦੋਂ ਤੱਕ ਉਹ ਆਇਆ, ਧਰਮ ਅਸਥਾਨ ਦੇ ਗੇਟ ਅੱਗੇ ਖੜੀ ਬੀਬੀ ਦੇ ਕੰਨਾਂ ਦੀ ਵਾਲੀਆਂ ਲੁਹਾ ਕੇ ਲੁਟੇਰੇ ਜਾ ਚੁੱਕੇ ਸਨ। ਪੁਲਸ ਵਾਲਿਆਂ ਕੋਲ ਪਹੁੰਚ ਕਰਨੀ ਚਾਹੀ ਤਾਂ ਪੂਰਾ ਦਿਨ ਇਹ ਗੱਲ ਸਮਝਾਉਣ ਲਈ ਲੱਗ ਗਿਆ ਕਿ ਵਾਰਦਾਤ ਤੁਹਾਡੇ ਇਲਾਕੇ ਦੀ ਹੀ ਹੈ।
ਪਿਛਲੇ ਹਫਤੇ ਦੀ ਇੱਕ ਸ਼ਾਮ ਜਲੰਧਰ ਦੀ ਮਾਡਲ ਟਾਊਨ ਨਾਲ ਲੱਗਦੀ ਮਾਰਕੀਟ ਤੋਂ ਇੱਕ ਬੰਦਾ ਕੰਮ ਤੋਂ ਵਿਹਲਾ ਹੋ ਕੇ ਨਿਕਲਿਆ। ਉਸ ਨੂੰ ਥੋੜ੍ਹੀ ਦੂਰ ਕਾਰ ਸਵਾਰ ਚਾਰ ਜਣੇ ਘੇਰ ਖੜੋਤੇ। ਪਿਸਤੌਲ ਦੀ ਨੋਕ ਉੱਤੇ ਉਸ ਦਾ ਪਰਸ ਕੱਢਵਾਇਆ, ਜਿਸ ਵਿੱਚ ਸਿਰਫ ਦਸ ਰੁਪੈ ਸਨ, ਉਹ ਵੀ ਖੋਹ ਕੇ ਲੈ ਗਏ। ਇਹ ਪੰਜਾਬ ਦਾ ਹਾਲ ਹੈ ਕਿ ਕਾਰ ਉੱਤੇ ਆਏ ਬੰਦੇ ਸਾਈਕਲ ਵਾਲੇ ਤੋਂ ਦਸ ਰੁਪੈ ਲੁੱਟ ਕੇ ਲਿਜਾਣ ਲੱਗ ਪਏ ਹਨ।
ਸ਼ਹਿਰ ਵਿੱਚ ਕੋਈ ਬਾਜ਼ਾਰ ਸ਼ਾਇਦ ਹੀ ਇਹੋ ਜਿਹਾ ਹੋਵੇ, ਜਿੱਥੇ ਹਫਤਾ ਵਸੂਲਣ ਵਾਲੇ ਗੈਂਗ ਨਾ ਫਿਰਦੇ ਹੋਣ। ਇੱਕ-ਦੋ ਥਾਂਈਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਕੁਟਾਪਾ ਚਾੜ੍ਹ ਦਿੱਤਾ ਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤੇ। ਅਗਲੇ ਦਿਨ ਉਹ ਜ਼ਮਾਨਤਾਂ ਕਰਵਾ ਕੇ ਬਾਹਰ ਆ ਗਏ ਤੇ ਉਨ੍ਹਾਂ ਹੀ ਦੁਕਾਨਦਾਰਾਂ ਨੂੰ ਮੁੱਛਾਂ ਨੂੰ ਤਾਅ ਦੇ ਕੇ ਕਿਹਾ ਕਿ ਹੁਣ ਆਪਣਾ ਪ੍ਰਬੰਧ ਕਰ ਲਓ। ਦੁਕਾਨਦਾਰ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਇਹ ਫਲਾਣੇ ਮੰਤਰੀ ਦੇ ਬੰਦੇ ਹਨ। ਫਿਰ ਉਨ੍ਹਾਂ ਨੇ ਲੁਟੇਰਿਆਂ ਦਾ ਰਾਹ ਰੋਕਣ ਤੋਂ ਤੌਬਾ ਕਰ ਲਈ ਤੇ ਵਿਚੋਲੇ ਪਾ ਕੇ ਮਹੀਨਾ ਭਰਨ ਲੱਗ ਪਏ। ਪੰਜਾਬ ਦਾ ਤਕਰੀਬਨ ਹਰ ਸ਼ਹਿਰ ਇਹੋ ਜਿਹੇ ਗੈਂਗਾਂ ਦੇ ਦਬਾਅ ਹੇਠ ਦਿਨ ਕੱਟ ਰਿਹਾ ਹੈ।
ਅਸੀਂ ਹਰ ਦੋ-ਤਿੰਨ ਮਹੀਨੇ ਪਿੱਛੋਂ ਇਹ ਸੁਣ ਲੈਂਦੇ ਹਾਂ ਕਿ ਫਲਾਣੇ ਥਾਂ ਗਾਂਵਾਂ ਲੈ ਕੇ ਜਾਂਦੇ ਬੁੱਚੜਾਂ ਨੂੰ ਘੇਰ ਲਿਆ ਅਤੇ ਕੁਝ ਸਮਾਜ-ਸੇਵੀਆਂ ਨੇ ਗਾਂਵਾਂ ਛੁਡਾਉਣ ਮਗਰੋਂ ਪੁਲਸ ਦੇ ਹਵਾਲੇ ਕਰ ਦਿੱਤੇ ਹਨ। ਉਹ ਬੁੱਚੜ ਦੂਜੇ ਦਿਨ ਜ਼ਮਾਨਤਾਂ ਕਰਵਾ ਜਾਂਦੇ ਹਨ। ਜ਼ਮਾਨਤਾਂ ਕਰਵਾਉਣ ਦੀ ਗੱਲ ਹੀ ਨਹੀਂ, ਧੰਦਾ ਚੱਲਦਾ ਰੱਖਣ ਲਈ ਅੱਗੇ ਦੀ ਸੌਦੇਬਾਜ਼ੀ ਵੀ ਹੋ ਜਾਂਦੀ ਹੈ। ਪੰਜਾਬ ਦੇ ਤਕਰੀਬਨ ਹਰ ਵੱਡੇ ਸ਼ਹਿਰ ਤੋਂ ਜਾਨਵਰਾਂ ਦੀ ਗੱਡੀਆਂ ਭਰ ਕੇ ਆਏ ਦਿਨ ਜਾਂਦੀਆਂ ਹਨ, ਕਦੇ ਕੋਈ ਰੋਕਦਾ ਨਹੀਂ ਤੇ ਰੋਕੀਆਂ ਓਦੋਂ ਜਾਂਦੀਆਂ ਹਨ, ਜਦੋਂ ਦੋ ਗਰੋਹਾਂ ਦਾ ਆਪਸੀ ਝਗੜਾ ਹੋਵੇ ਜਾਂ ਫਿਰ ਉਸ ਇਲਾਕੇ ਦੇ ਗੈਂਗ ਨੂੰ ਵੇਲੇ ਸਿਰ ਮਹੀਨਾ ਨਾ ਪੁਚਾਇਆ ਜਾਵੇ। ਓਦੋਂ ਉਹ ਗੈਂਗ ਆਪ ਪਿੱਛੇ ਰਹਿ ਕੇ ਕਿਸੇ ਸਮਾਜ-ਸੇਵੀ ਸੰਸਥਾਂ ਵਾਲਿਆਂ ਨੂੰ ਅੱਗੇ ਲਾ ਕੇ ਵਿਰੋਧ ਸ਼ੁਰੂ ਕਰਵਾਉਂਦੇ ਹਨ ਤੇ ਫਿਰ ਵਪਾਰੀਆਂ ਨੂੰ ਕੁਟਾਪਾ ਚਾੜ੍ਹਨ ਲਈ ਆਪਣੇ ਬੰਦੇ ਭੇਜ ਦੇਂਦੇ ਹਨ। ਭਾਰਤੀ ਜਨਤਾ ਪਾਰਟੀ ਗਊ ਹੱਤਿਆ ਦੇ ਵਿਰੋਧ ਵਿੱਚ ਸਭ ਤੋਂ ਅੱਗੇ ਹੋਣ ਦਾ ਦਾਅਵਾ ਕਰਦੀ ਹੈ, ਪਰ ਕੁਝ ਸਾਲ ਪਹਿਲਾਂ ਲੁਧਿਆਣੇ ਦੇ ਲੋਕ ਹੈਰਾਨ ਰਹਿ ਗਏ, ਜਦੋਂ ਰੇਲਵੇ ਸਟੇਸ਼ਨ ਤੋਂ ਜਿਹੜੇ ਗਾਂਵਾਂ ਲਿਜਾਣ ਵਾਲੇ ਬੰਦਿਆਂ ਨੂੰ ਇੱਕ ਗੈਂਗ ਨੇ ਘੇਰਿਆ ਸੀ, ਉਨ੍ਹਾਂ ਵਪਾਰੀਆਂ ਕੋਲ ਭਾਜਪਾ ਦੇ ਇੱਕ ਸੀਨੀਅਰ ਐਮ ਐਲ ਏ ਦੇ ਸਰਕਾਰੀ ਲੈਟਰ ਹੈੱਡ ਉੱਤੇ ਲਿਖੇ ਸਿਫਾਰਸ਼ੀ ਪੱਤਰ ਮਿਲੇ ਸਨ। ਅਸਲ ਵਿੱਚ ਭਾਜਪਾ ਆਗੂ ਦਾ ਗੁੱਗਾ ਪੂਜਣ ਮਗਰੋਂ ਸਿਫਾਰਸ਼ੀ ਚਿੱਠੀ ਲੈ ਕੇ ਉਹ ਵਪਾਰੀ ਬਾਕੀਆਂ ਦੀ ਪ੍ਰਵਾਹ ਕਰਨੋਂ ਹਟ ਗਏ ਤੇ ਗੁੱਸੇ ਵਿੱਚ ਆਏ ਦੂਜੇ ਗੈਂਗ ਵਾਲਿਆਂ ਨੇ ਕਾਂਗਰਸੀ ਧਾੜ ਦੀ ਆੜ ਲੈ ਕੇ ਧਾਵਾ ਜਾ ਕੀਤਾ ਸੀ। ਜਦੋਂ ਵਪਾਰੀਆਂ ਨੇ ਦੋਵਾਂ ਨੂੰ ਮਹੀਨਾ ਦੇਣਾ ਮੰਨ ਲਿਆ, ਓਦੋਂ ਪਿੱਛੋਂ ਕਿਸੇ ਧਿਰ ਨੇ ਕਦੇ ਅੜਿੱਕਾ ਹੀ ਨਹੀਂ ਪਾਇਆ।
ਅਜਿਹਾ ਨਹੀਂ ਕਿ ਇਹ ਹਾਲਤ ਸਿਰਫ ਪੰਜਾਬ ਅੰਦਰ ਹੋਵੇ, ਕੁਝ ਦੂਜੇ ਰਾਜਾਂ ਵਿੱਚ ਹਾਲਤ ਸਾਡੇ ਤੋਂ ਵੀ ਵਾਹਵਾ ਮਾੜੀ ਹੈ। ਮਹਾਰਾਸ਼ਟਰ ਵਿੱਚ ਇੱਕ ਜ਼ਿਲੇ ਦਾ ਐਡੀਸ਼ਨਲ ਡਿਪਟੀ ਕਮਿਸ਼ਨਰ ਜਿਊਂਦਾ ਸਾੜ ਦਿੱਤਾ ਗਿਆ ਹੈ। ਉਸ ਦਾ ਕਸੂਰ ਇਹ ਸੀ ਕਿ ਉਹ ਟੈਂਕਰਾਂ ਵਿੱਚੋਂ ਪੈਟਰੋਲ ਕੱਢ ਕੇ ਉਸ ਦੀ ਥਾਂ ਮਿੱਟੀ ਦਾ ਤੇਲ ਪਾਉਣ ਦਾ ਕੰਮ ਕਰਦੇ ਗਰੋਹਾਂ ਦਾ ਵਿਰੋਧ ਕਰਦਾ ਸੀ। ਸੰਬੰਧਤ ਮਹਿਕਮਾ ਇਸ ਵਿੱਚ ਅਫਸਰ ਦਾ ਸਾਥ ਨਹੀਂ ਸੀ ਦੇਂਦਾ। ਇੱਕ ਦਿਨ ਉਸ ਅਫਸਰ ਨੇ ਜਾ ਕੇ ਮੌਕੇ ਉੱਤੇ ਟੈਂਕਰਾਂ ਵਿੱਚੋਂ ਪੈਟਰੋਲ ਕੱਢਿਆ ਜਾਂਦਾ ਫੜ ਲਿਆ ਤੇ ਸੰਬੰਧਤ ਮਹਿਕਮੇ ਦੇ ਅਫਸਰਾਂ ਨੂੰ ਫੋਨ ਕਰ ਕੇ ਓਥੇ ਆਉਣ ਨੂੰ ਕਿਹਾ। ਉਹ ਤਾਂ ਨਹੀਂ ਆਏ, ਪਰ ਹੇਰਾਫੇਰੀ ਕਰਨ ਵਾਲਿਆਂ ਦੇ ਬੰਦੇ ਆ ਗਏ ਤੇ ਉਸ ਈਮਾਨਦਾਰ ਅਫਸਰ ਨੂੰ ਖੜੇ ਪੈਰ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਪਿੱਛੋਂ ਪਤਾ ਲੱਗਾ ਕਿ ਉਹ ਬਦਮਾਸ਼ ਓਥੋਂ ਦੇ ਇੱਕ ਮੰਤਰੀ ਦੇ ਬੰਦੇ ਹਨ ਤੇ ਵਿਰੋਧੀ ਧਿਰ ਦੇ ਕੁਝ ਆਗੂਆਂ ਨਾਲ ਵੀ ਉਨ੍ਹਾਂ ਦੀ ਸਾਂਝ ਹੈ।
ਕੁਝ ਸਾਲ ਹੋਏ, ਬਿਹਾਰ ਵਿੱਚ ਇੱਕ ਥਾਂ ਡਿਊਟੀ ਕਰਨ ਜਾਂਦੇ ਹੋਏ ਇੱਕ ਡਿਪਟੀ ਕਮਿਸ਼ਨਰ ਨੂੰ ਵੀ ਕੁਝ ਲੋਕਾਂ ਨੇ ਏਦਾਂ ਹੀ ਮਾਰ ਦਿੱਤਾ ਸੀ। ਉਸ ਪਿੱਛੇ ਵੀ ਇਹੋ ਕਹਾਣੀ ਸਾਹਮਣੇ ਆਈ ਸੀ।
ਜਿਹੜੀ ਗੱਲ ਸਰਕਾਰਾਂ ਚਲਾਉਣ ਵਾਲੇ ਅੱਖੋਂ ਪਰੋਖੀ ਕਰੀ ਜਾਂਦੇ ਹਨ, ਉਹ ਇਹ ਹੈ ਕਿ ਲੋਕ ਸਦਾ ਇਹੋ ਹਾਲਤ ਭੁਗਤਣ ਲਈ ਤਿਆਰ ਨਹੀਂ ਹੁੰਦੇ, ਕਦੀ ਰੋਹ ਵਿੱਚ ਆ ਕੇ ਉਹ ਕੁਝ ਵੀ ਕਰ ਜਾਂਦੇ ਹਨ, ਜਿਸ ਨੂੰ ਜਾਇਜ਼ ਭਾਵੇਂ ਨਾ ਕਿਹਾ ਜਾਵੇ, ਅੱਖਾਂ ਖੋਲ੍ਹਣ ਵਾਲਾ ਜ਼ਰੂਰ ਹੁੰਦਾ ਹੈ। ਰਾਜਸਥਾਨ ਵਿੱਚੋਂ ਇਸ ਹਫਤੇ ਜਿਹੜੀ ਖਾਸ ਖਬਰ ਨੇ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੈ, ਉਹ ਇੱਕ ਥਾਣਾ ਮੁਖੀ ਨੂੰ ਜਿਊਂਦੇ ਸਾੜ ਦੇਣ ਦੀ ਹੈ। ਇਹ ਕੰਮ ਕਰਨ ਵਾਲੇ ਕਿਸੇ ਗਰੋਹ ਦੇ ਬੰਦੇ ਨਹੀਂ, ਸਗੋਂ ਉਹ ਆਮ ਲੋਕ ਹਨ, ਜਿਹੜੇ ਰਾਜ ਦੀ ਪੁਲਸ ਵੱਲੋਂ ਇੱਕ ਕਤਲ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਤੋਂ ਅੱਕੇ ਪਏ ਸਨ। ਕਤਲ ਇੱਕ ਔਰਤ ਦਾ ਹੋਇਆ ਸੀ ਅਤੇ ਪੁਲਸ ਕਾਤਲਾਂ ਨੂੰ ਨਹੀਂ ਸੀ ਫੜਦੀ। ਲੋਕ ਰੋਸ ਕਰਨ ਲਈ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ ਤੇ ਪੁਲਸ ਇਸ ਨੂੰ ਮਜਮੇਬਾਜ਼ੀ ਸਮਝ ਕੇ ਹੱਸਦੀ ਰਹੀ, ਪਰ ਵਧ ਗਏ ਰੋਸ ਵਿੱਚ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਕੇ ਟੈਂਕੀ ਤੋਂ ਛਾਲ ਮਾਰ ਦਿੱਤੀ। ਉਸ ਦੀ ਮੌਤ ਹੁੰਦੇ ਸਾਰ ਲੋਕਾਂ ਦਾ ਰੋਹ ਵਧ ਗਿਆ ਤੇ ਪੁਲਸ ਦੇ ਮਗਰ ਪੈ ਗਏ। ਸਥਾਨਕ ਪੁਲਸ ਤਾਂ ਦੌੜ ਗਈ ਤੇ ਉਸ ਪਾਸੇ ਤੋਂ ਲੰਘਦਾ ਦੂਜੇ ਥਾਣੇ ਦਾ ਮੁਖੀ ਕਾਬੂ ਆ ਗਿਆ। ਲੋਕਾਂ ਨੇ ਓਸੇ ਨੂੰ ਜੀਪ ਵਿੱਚ ਪਾ ਕੇ ਅੱਗ ਲਾ ਦਿਤੀ। ਉਹ ਤਾਂ ਸਾੜ ਕੇ ਮਾਰਿਆ ਤੇ ਨਾਲ ਦੇ ਸਿਪਾਹੀ ਵੀ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੇ। ਕੀਤਾ ਲੋਕਾਂ ਨੇ ਠੀਕ ਨਹੀਂ ਸੀ, ਪਰ ਜਦੋਂ ਬਦ-ਅਮਨੀ ਫੈਲ ਜਾਵੇ, ਓਦੋਂ ਲੋਕ ਰੋਸ ਪ੍ਰਗਟ ਕਰਨ ਵਾਸਤੇ ਠੀਕ-ਗਲਤ ਕਦੋਂ ਵੇਖਦੇ ਹਨ?
ਪੰਜਾਬ ਵਿੱਚ ਬਦ-ਅਮਨੀ ਦੇ ਨਾਲ-ਨਾਲ ਪੁਲਸ ਉੱਤੇ ਬੇਵਿਸ਼ਵਾਸੀ ਵੀ ਵਧੀ ਜਾ ਰਹੀ ਹੈ। ਪਿਛਲੇ ਇੱਕ ਹਫਤੇ ਵਿੱਚ ਹੀ ਚਾਰ-ਪੰਜ ਘਟਨਾਵਾਂ ਏਦਾਂ ਦੀਆਂ ਹੋਈਆਂ ਹਨ, ਜਿਹੜੀਆਂ ਦੱਸਦੀਆਂ ਹਨ ਕਿ ਇਸ ਫੋਰਸ ਵਿੱਚ ਗੰਦੇ ਲੋਕਾਂ ਦੀ ਕਿੰਨੀ ਭਰਮਾਰ ਹੋ ਚੁੱਕੀ ਹੈ? ਇੱਕ ਥਾਂ ਇੱਕ ਥਾਣੇ ਦੇ ਮੁਖੀ ਨੂੰ ਤਾਂ ਓਸੇ ਥਾਣੇ ਵਿੱਚ ਬੰਦ ਕਰਨਾ ਪਿਆ, ਜਿੱਥੇ ਉਹ ਲੱਗਾ ਹੋਇਆ ਸੀ, ਕਿਉਂਕਿ ਉਸ ਨੇ ਇੱਕ ਕੇਸ ਦੀ ਤਫਤੀਸ਼ ਕੀਤੀ ਤੇ ਉਸ ਦਾ ਬਰਾਮਦ ਕੀਤਾ ਸਮਾਨ ਚੁੱਕ ਕੇ ਆਪਣੇ ਘਰ ਲੈ ਗਿਆ ਸੀ। ਦੂਜੀ ਥਾਂ ਇੱਕ ਡੀ ਐਸ ਪੀ ਨੂੰ ਰਿਸ਼ਵਤ ਦੇ ਕੇਸ ਵਿੱਚ ਉਸ ਦੇ ਅਧਿਕਾਰ ਖੇਤਰ ਹੇਠਲੇ ਉਸ ਥਾਣੇ ਦੀ ਹਵਾਲਾਤ ਵਿੱਚ ਜਾਣਾ ਪਿਆ, ਜਿਸ ਥਾਣੇ ਦੀ ਚੈਕਿੰਗ ਲਈ ਜਾਣ ਉੱਤੇ ਓਥੇ ਖੜਾ ਸੰਤਰੀ ਉਸ ਨੂੰ ਅੱਡੀਆਂ ਜੋੜ ਕੇ ਸਲੂਟ ਮਾਰਦਾ ਹੁੰਦਾ ਸੀ। ਤੀਜੀ ਥਾਂ ਇੱਕ ਚੋਰੀ ਹੋਈ ਕਾਰ ਨੂੰ ਕਾਰ ਦੇ ਮਾਲਕ ਨੇ ਪਛਾਣ ਲਿਆ। ਉਸ ਨੇ ਜਾਅਲੀ ਨੰਬਰ ਲਾ ਕੇ ਬਾਜ਼ਾਰ ਵਿੱਚ ਖੜੀ ਕੀਤੀ ਕਾਰ ਦੀ ਵੀਡੀਓ ਬਣਾਈ ਤੇ ਫਿਰ ਉਸ ਦੇ ਪਿੱਛੇ ਲੱਗ ਤੁਰਿਆ। ਜਿਸ ਘਰ ਕਾਰ ਗਈ, ਥੋੜ੍ਹੀ ਦੇਰ ਪਿੱਛੋਂ ਉਹ ਪੁਲਸ ਲੈ ਕੇ ਓਸੇ ਘਰ ਪਹੁੰਚ ਗਿਆ। ਘਰ ਇੱਕ ਪੁਲਸ ਇੰਸਪੈਕਟਰ ਦਾ ਨਿਕਲਿਆ ਅਤੇ ਕਾਰ ਨੂੰ ਪੁਲਸ ਇੰਸਪੈਕਟਰ ਅਤੇ ਉਸ ਦਾ ਪੁੱਤਰ ਲਈ ਫਿਰਦੇ ਸਨ। ਜ਼ਿਲੇ ਦੇ ਪੁਲਸ ਮੁਖੀ ਦਾ ਬਿਆਨ ਸਿਰਫ ਏਨਾ ਆਇਆ ਹੈ ਕਿ ਇੰਪੈਕਟਰ ਸਸਪੈਂਡ ਕੀਤਾ ਹੋਇਆ ਹੈ, ਪਰ ਏਨੇ ਬਿਆਨ ਨਾਲ ਲੋਕਾਂ ਦੀ ਤਸੱਲੀ ਕਿਵੇਂ ਹੋ ਸਕਦੀ ਹੈ?
ਲੋਕ ਇਹ ਸਮਝਦੇ ਹਨ ਕਿ ਜਦੋਂ ਇਹੋ ਜਿਹੇ ਹਾਲਾਤ ਹੋਣ, ਓਦੋਂ ਪੁਲਸ ਦੀ ਵਾਗ ਖਿੱਚ ਕੇ ਰੱਖਣਾ ਰਾਜ ਦੀ ਰਾਜਸੀ ਲੀਡਰਸ਼ਿਪ ਦੀ ਜ਼ਿਮੇਵਾਰੀ ਹੈ। ਰਾਜ ਦੀ ਰਾਜਸੀ ਲੀਡਰਸ਼ਿਪ ਦੀ ਜ਼ਿਮੇਵਾਰੀ ਦਾ ਪੱਧਰ ਬਠਿੰਡੇ ਸ਼ਹਿਰ ਵਿੱਚ ਪਤਾ ਲੱਗ ਗਿਆ ਹੈ। ਓਥੇ ਰਾਜ ਦੇ ਮੁੱਖ ਮੰਤਰੀ ਦੀ ਨੂੰਹ ਅਤੇ ਡਿਪਟੀ ਮੁੱਖ ਮੰਤਰੀ ਦੀ ਪਾਰਲੀਮੈਂਟ ਮੈਂਬਰ ਪਤਨੀ ਨੇ ਦੌਰਾ ਕਰਨ ਆਉਣਾ ਸੀ, ਬੇਰੁਜ਼ਗਾਰ ਕੁੜੀਆਂ-ਮੁੰਡੇ ਇੱਕ ਮੰਗ-ਪੱਤਰ ਦੇਣ ਪੁੱਜ ਗਏ। ਪੁਲਸ ਨੇ ਜਦੋਂ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ ਤਾਂ ਉਹ ਰੋਸ ਵਿੱਚ ਪੁਲਸ ਨਾਲ ਧੱਕਾ-ਮੁੱਕੀ ਹੁੰਦੇ ਉਸ ਤੱਕ ਜਾ ਪਹੁੰਚੇ। ਅੱਗੋਂ ਉਸ ਨੇ ਵੀ ਗੱਲ ਨਾ ਸੁਣੀ ਤਾਂ ਮੁੰਡੇ-ਕੁੜੀਆਂ ਨਾਹਰੇ ਮਾਰਨ ਲੱਗ ਪਏ। ਪਾਰਲੀਮੈਂਟ ਮੈਂਬਰ ਬੀਬੀ ਦੀ ਹਾਜ਼ਰੀ ਵਿੱਚ ਹੀ ਜਦੋਂ ਉਨ੍ਹਾਂ ਨੂੰ ਪੁਲਸ ਨੇ ਡਾਂਗਾਂ ਮਾਰੀਆਂ ਤਾਂ ਲੋਕਾਂ ਸਮਝਿਆ ਕਿ ਪੁਲਸ ਅਮਨ-ਕਾਨੂੰਨ ਦੀ ਜ਼ਿਮੇਵਾਰੀ ਨਿਭਾ ਰਹੀ ਹੈ। ਫਿਰ ਅਕਾਲੀ ਜਥੇਦਾਰਾਂ ਨੇ ਬਾਂਹਾਂ ਟੰਗ ਲਈਆਂ ਤੇ ਟੁੱਟ ਕੇ ਪੈ ਗਏ। ਲੋਕੀਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਨੀਲੀਆਂ ਪੱਗਾਂ ਅਤੇ ਬੀਬੀਆਂ ਦਾੜ੍ਹੀਆਂ ਵਾਲੇ ਅਕਾਲੀ ਜਥੇਦਾਰਾਂ ਨੇ ਬੇਗਾਨੀਆਂ ਧੀਆਂ ਨੂੰ ਗੁੱਤਾਂ ਤੋਂ ਫੜ-ਫੜ ਕੇ ਕੁੱਟਿਆ ਅਤੇ ਸੜਕ ਉੱਤੇ ਧੂਹਿਆ। ਪੁਲਸ ਜ਼ਿਆਦਤੀ ਦਾ ਹੱਕ ਹਰ ਰਾਜ ਵਿੱਚ ਆਪਣਾ ਸਮਝਦੀ ਹੈ, ਅਕਾਲੀ ਲੀਡਰਾਂ ਨੂੰ ਇਹ ਹੱਕ ਸਿਰਫ ਉਨ੍ਹਾਂ ਦੀ ਸਰਕਾਰ ਦੇ ਸਕਦੀ ਹੈ, ਜਾਂ ਸ਼ਾਇਦ ਉਹ ਆਪ ਹੀ ਰਾਜ ਦੇ ਮੁਖੀ ਕੋਲ ਆਪਣੀਆਂ ਫਰਮਾਬਰਦਾਰੀ ਸਾਬਤ ਕਰਨ ਲਈ ਇੰਜ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਤੁਰ ਪਏ ਹੋਣਗੇ।
ਅਕਾਲੀ ਸਟੇਜਾਂ ਉੱਤੇ ਅਸੀਂ ਕਈ ਮੋਰਚਿਆਂ ਵੇਲੇ 'ਜਬੈ ਬਣ ਲਾਗਯੋ, ਤਬੈ ਰੋਸ ਜਾਗਯੋ' ਦਾ ਹਵਾਲਾ ਦਿੱਤਾ ਜਾਂਦਾ ਸੁਣਦੇ ਰਹੇ ਹਾਂ। ਜਿਨ੍ਹਾਂ ਲੋਕਾਂ ਦੀਆਂ ਧੀਆਂ ਨਾਲ ਅਕਾਲੀ ਲੀਡਰਾਂ ਨੇ ਇਹ ਬੇਹੂਦਗੀ ਕੀਤੀ ਹੈ, ਕੀ ਉਨ੍ਹਾਂ ਦੇ ਮਨਾਂ ਵਿੱਚ 'ਰੋਸ ਜਾਗਯੋ' ਦੀ ਭਾਵਨਾ ਨਹੀਂ ਉਪਜੇਗੀ? ਇਹ ਭਾਵਨਾਂ ਉਨ੍ਹਾਂ ਨੂੰ ਚੋਣਾਂ ਮੌਕੇ ਅਕਾਲੀਆਂ ਨੂੰ ਸਬਕ ਸਿਖਾਉਣ ਦੇ ਰਾਹੇ ਵੀ ਪਾ ਸਕਦੀ ਹੈ ਤੇ ਕਿਸੇ ਦੇ ਮਨ ਵਿੱਚ ਧੀ-ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਵਾਲਾ ਚੰਦਰਾ ਖਿਆਲ ਵੀ ਆ ਸਕਦਾ ਹੈ। ਹਾਲਾਤ ਤਾਂ ਪੰਜਾਬ ਵਿੱਚ ਪਹਿਲਾਂ ਹੀ ਬਦ-ਅਮਨੀ ਵਾਲੇ ਹਨ, ਅਕਾਲੀ ਆਗੂ ਆਪਣੇ ਹੋਛੇਪਣ ਨਾਲ ਬਲਦੀ ਉੱਤੇ ਤੇਲ ਪਾ ਰਹੇ ਹਨ।
ਇਨ੍ਹਾਂ ਸਾਰੀਆਂ ਕਹਾਣੀਆਂ ਨਾਲ ਜੋੜ ਕੇ ਦਰਜਨਾਂ ਨਹੀਂ, ਸੈਂਕੜੇ ਹੋਰ ਕਹਾਣੀਆਂ ਕਹੀਆਂ ਜਾ ਸਕਦੀਆਂ ਹਨ। ਸਾਰੀਆਂ ਦਾ ਤੱਤ ਨਿਚੋੜ ਇਹ ਹੈ ਕਿ ਨਾ ਅੱਜ ਕੱਲ੍ਹ ਕਿਸੇ ਪਾਸੇ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਦਿਖਾਈ ਦੇਂਦੀ ਹੈ ਤੇ ਨਾ ਹੁਣ ਰਾਜ ਹੀ ਆਪਣੇ ਸਹੀ ਅਰਥਾਂ ਵਿੱਚ ਰਾਜ ਰਹਿ ਗਿਆ ਜਾਪਦਾ ਹੈ। ਇਸ ਦੌਰ-ਦੌਰੇ ਵਿੱਚ ਲੋਕਾਂ ਅੰਦਰ ਦੀ ਬੇਚੈਨੀ ਹਰ ਆਏ ਦਿਨ ਦੂਣੀ-ਚੌਗੁਣੀ ਹੋਈ ਜਾਂਦੀ ਹੈ। ਸਾਡੇ ਪੰਜਾਬ ਨੂੰ ਇਹੋ ਬੇਚੈਨੀ ਕਿਸੇ ਸੋਮਾਲੀਆ ਵਰਗੀ ਅੰਨ੍ਹੀ ਗਲੀ ਵਿੱਚ ਵੀ ਵਾੜ ਸਕਦੀ ਹੈ। ਸਮੁੰਦਰਾਂ ਵਿੱਚ ਸੋਮਾਲੀਆਈ ਲੁਟੇਰਿਆਂ ਨੂੰ ਤਾਂ ਨੇਵੀ ਵਾਲੇ ਜਾ ਫੜਨਗੇ, ਜੇ ਗਲੀ-ਗਲੀ ਵਿੱਚ ਸੋਮਾਲੀਆ ਬਣ ਗਿਆ, ਫਿਰ ਕੀ ਬਣੇਗਾ ਪੰਜਾਬ ਦਾ ਤੇ ਕੀ ਬਣੇਗਾ ਭਾਰਤ ਵਰਗੇ ਦੇਸ਼ ਦਾ, ਇਹ ਗੱਲ ਸੋਚਣ ਦੀ ਨਾ ਕਿਸੇ ਕੋਲ ਵਿਹਲ ਹੈ ਤੇ ਨਾ ਕਿਸੇ ਦੀ ਫਿਕਰਮੰਦੀ।

No comments:

Post a Comment