ਸ਼ਿਵਚਰਨ ਜੱਗੀ ਕੁੱਸਾ
ਤੇਰੇ ਨਾਲ਼ ਜ਼ਿੰਦਗੀ ਦੇ ਹਰ ਪਲ ਦਾ, ਖੁੱਲ੍ਹ ਕੇ ਖ਼ੁਲਾਸਾ ਕੀਤਾ।
ਹੁਣ ਹਰ ਝਿਜਕ, ਸ਼ਰਮ ਰਾਹ ਛੱਡ ਕੇ ਪਰ੍ਹੇ ਹੋ ਗਈ।
ਤੇਰੇ ਹਮਦਰਦ ਮੋਢੇ ਨੇ ਮੈਨੂੰ ਖੰਭ ਪ੍ਰਦਾਨ ਕੀਤੇ,
ਹੁਣ ਹਨ੍ਹੇਰੀਆਂ ਰਾਤਾਂ ਅਤੇ ਤੂਫ਼ਾਨੀ ਮੌਸਮ ਵਿਚ ਵੀ,
ਪ੍ਰਵਾਜ਼ ਭਰਦੇ ਨੂੰ ਵੀ ਕੋਈ ਡਰ ਜਾਂ ਸਹਿਮ ਨਹੀਂ ਸਤਾਉਂਦਾ!
ਧੰਨ ਹੈਂ ਤੂੰ ਅਤੇ ਮੁਬਾਰਕ ਹੈ ਤੇਰੀ ਦਿੱਤੀ ਸ਼ਕਤੀ!
ਰੱਬ ਤੋਂ ਬਾਅਦ ਇਸ ਨਿਥਾਵੇਂ ਲਈ, ਤੂੰ ਥਾਂ ਬਣੀਂ,
ਅਤੇ ਨਿਆਸਰੇ ਦਾ ਆਸਰਾ..!
ਤੇਰੇ ਕੀਤੇ ਗੁਣਾਂ ਦਾ ਮੋੜ ਮੈਂ ਨਿਰਬਲ ਕਿਵੇਂ ਮੋੜਾਂ..?
ਮੇਰੇ ਵੱਲ ਮੂੰਹ ਕਰੀ ਤੇਰੀ ਮੂਰਤ,
ਮੈਥੋਂ ਕਦੇ-ਕਦੇ 'ਕੋਈ' ਜਵਾਬ ਮੰਗਦੀ ਹੈ।
ਪਰ, ਮੈਂ ਉਲਝਿਆ ਹੋਇਆ ਉਲਟਾ,
ਤੈਨੂੰ ਸੁਆਲ ਕਰਦਾ ਹਾਂ,
ਕਿ ਕੀ ਮੈਂ ਤੇਰੇ ਕਾਬਲ ਹਾਂ ਵੀ...?
ਤੂੰ ਹਨੂੰਮਾਨ ਜੀ ਦਾ ਉਠਾਇਆ ਹੋਇਆ,
ਸੰਜੀਵਨੀ ਬੂਟੀਆਂ ਵਾਲ਼ਾ ਪਰਬਤ, ਅਤੇ ਮੈਂ...?
...ਮੈਂ ਇਕ ਡੰਡਾ-ਥੋਰ੍ਹ...!
ਮੈਂ ਥਾਂ-ਥਾਂ ਤੋਂ ਕਲੰਕਿਤ ਹੋਇਆ ਰੁੱਖ,
ਤੇ ਤੂੰ, ਸਤੀ-ਸਵਿੱਤਰੀ ਪਾਕ ਮੂਰਤ...!
ਤੂੰ ਲਾਜਵੰਤੀ ਅਤੇ ਤੁਲਸੀ ਵਾਂਗ ਪਵਿੱਤਰ,
ਅਤੇ ਮੈਂ ਤਾਂ ਸੈਂਕੜੇ ਅੱਕ ਚੱਬੇ ਹੋਏ ਨੇ,
ਕਿਤੇ ਇਹ ਭਵਿੱਖ ਦਾ 'ਮਿਹਣਾਂ' ਤਾਂ ਨਹੀਂ ਬਣ ਜਾਵੇਗਾ...?
ਅਜਿਹੀਆਂ ਸੋਚਾਂ ਮੈਨੂੰ ਨਾਗਵਲ਼ ਪਾਈ ਰੱਖਦੀਆਂ ਨੇ,
ਅਤੇ ਮੈਂ ਤੇਰੀ ਮੂਰਤ ਮੂਹਰੇ,
ਹੀਣ-ਭਾਵਨਾ ਵੱਸ ਪਿਆ, ਕਪੜਛਾਣ ਹੁੰਦਾ ਰਹਿੰਦਾ ਹਾਂ!
ਪਰ ਮੇਰੀ ਇਕ ਦਿਲੀ ਦੁਆ ਹੈ,
ਕਿ ਤੂੰ ਜਿੱਥੇ ਵੀ ਮਰਜ਼ੀ ਐ ਵਸੇਂ, ਜਿੱਥੇ ਵੀ ਜਾਵੇਂ,
ਬੱਸ਼..! ਜਿਉਂਦੀ-ਵਸਦੀ ਅਤੇ ਹੱਸਦੀ-ਖੇਡਦੀ ਰਹੇਂ!
ਪਰ ਮੇਰਾ ਇਕ ਤਰਲਾ, ਚਾਹੇ ਰੂਹ ਦਾ ਵਿਰਲਾਪ ਮੰਨ ਲੈ,
ਕਿ ਮੇਰਾ ਜ਼ਿੰਦਗੀ ਵਿਚ ਕਦੇ ਹੱਥ ਨਾ ਛੱਡੀਂ,
ਮੈਂ ਦਿਸ਼ਾ-ਹੀਣ ਹੋ ਕੇ, ਭਟਕ ਜਾਵਾਂਗਾ!
ਤੇਰੇ ਬਾਝੋਂ ਹੁਣ ਮੈਨੂੰ ਚਾਰੇ ਕੂਟਾਂ,
ਸੁੰਨੀਆਂ ਹੀ ਸੁੰਨੀਆਂ ਨਜ਼ਰ ਆਉਂਦੀਆਂ ਨੇ...!
ਤੇਰੇ ਨਾਲ਼ ਹਮ-ਰੂਹ ਹੋਇਆ ਮੈਂ,
ਤਮਾਮ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ
ਭੁੱਲ ਤੁਰਦਾ ਹਾਂ..!
ਤੇਰੀ ਮੁਬਾਰਕ ਵੀਣੀਂ ਮੇਰੇ ਕੰਧੇ 'ਤੇ ਹੋਵੇ,
ਤਾਂ ਮੈਂ ਸੂਰਜ ਨੂੰ ਹੱਥ ਫੜਨ
ਅਤੇ ਅਸਮਾਨੋਂ ਤਾਰੇ ਤੋੜਨ ਦੀ ਸਮਰੱਥਾ ਰੱਖਦਾ ਹਾਂ!
ਇਹ ਮੇਰੀ ਬੜ੍ਹਕ ਨਹੀਂ, ਤੇਰਾ ਦਾਨ ਦਿੱਤਾ,
ਸਵੈ-ਵਿਸ਼ਵਾਸ ਬੋਲਦਾ ਹੈ...!
ਮੇਰੇ ਦਿਲ ਦੀ ਰਬਾਬ 'ਚੋਂ
ਕਦੇ ਸੰਗੀਤ ਅਤੇ ਕਦੇ ਖ਼ੂਨ ਝਰਦੈ
ਬ੍ਰਿਹਾ ਦਾ ਬੂਟਾ ਸੁਪਨੇ ਵਿਚ ਕਦੇ,
ਮਾਰੂਥਲ ਅਤੇ ਕਦੇ ਸਮੁੰਦਰ ਦਾ ਸਫ਼ਰ ਸਰ ਕਰਦੈ!
ਪਰ ਤੇਰਾ ਅਸੀਸ ਵਰਗਾ ਮੁੱਖ
ਮੇਰਾ ਹਰ ਗ਼ਮ ਢਕ ਲੈਂਦੈ,
ਕਿਉਂਕਿ ਬੇਵੱਸੀ ਦਾ ਸਿਰ,
ਸਦਾ ਸਬਰ ਹੀ ਢੱਕਦਾ ਆਇਐ...!
No comments:
Post a Comment