ਜਦੋਂ ਅਸੀਂ ਵੀ ਬੈਰੀਕੇਡ ਮੂਧਾ ਮਾਰਿਆ ਸੀ…।

ਮਨਦੀਪ ਖੁਰਮੀ ਹਿੰਮਤਪੁਰਾ
ਪੱਗ ਚਾਹੇ ਚਿੱਟੀ ਵਾਲੇ ਹੋਣ ਜਾਂ ਨੀਲੀ ਵਾਲੇ…. ਬੇਰੁਜ਼ਗਾਰਾਂ ਨੂੰ ਛੁਲਕਣ ‘ਚ ਕੋਈ ਘੱਟ ਨਹੀਂ… ਬੀਤੇ ਦਿਨ ਅਕਾਲੀਆਂ ਵੱਲੋਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਮੂਹਰੇ ਹੋ ਹੋ ਕੇ ਮੇਰਾ ਮਤਲਬ ਕਿ ਜਿਆਦਾ ਵਫਾਦਾਰ ਪੂਛ ਹਿਲਾਊ ਦਿਖਾਉਣ ਲਈ ਸਾਡੀਆਂ ਆਪਣੀਆਂ ਹੀ ਧੀਆਂ ਭੈਣਾਂ ਜਾਂ ਸਾਡੇ ਹੀ ਬੇਰੁਜ਼ਗਾਰ ਪੁੱਤਾਂ ਦੀ ਜੋ ਕੁੱਟਮਾਰ ਕੀਤੀ ਹੈ, ਉਸਨੇ ਓਹ ਦਿਨ ਯਾਦ ਕਰਵਾ ਦਿੱਤੇ ਜਦੋਂ ਸੰਨ 2004 ‘ਚ ਬੀ. ਐੱਡ. ਕਰਨ ਤੋਂ ਬਾਦ ਤਾਜ਼ਾ ਬੇਰੁਜ਼ਗਾਰ ਬਣੇ ਸੀ। ਪੜ੍ਹਾਈ ਦੇ ਖਰਚਿਆਂ ਦਾ ਹਿਸਾਬ ਕਿਤਾਬ ਯਾਦ ਆਉਂਦਾ ਤਾਂ ਮੱਲੋ-ਮੱਲੀ ਨਿਗ੍ਹਾ ਪਿਤਾ ਜੀ ਦੇ ਚਿਹਰੇ ਵੱਲ ਚਲੀ ਜਾਦੀ। ਫਿਰ ਮਨ ਨੂੰ ਕਾਹਲ ਜਿਹੀ ਪੈ ਜਾਂਦੀ ਕਿ ਓਹ ਵੇਲਾ ਕਦ ਆਵੇ ਜਦ ਆਪਣੀ ਪਹਿਲੀ ਤਨਖਾਹ ਓਸ ਕਰਮਸ਼ੀਲ ਮਨੁੱਖ ਦੇ ਹੱਥ ‘ਤੇ ਧਰਾਂ। ਕਿਸੇ ਪਾਸਿਉਂ ਵੀ ਸਰਕਾਰੀ ਨੌਕਰੀ ਦੀ ਕੋਈ ਝਾਕ ਨਹੀਂ ਸੀ। ‘ਦੜ ਵੱਟ ਜ਼ਮਾਨਾ ਕੱਟ’ ਦਿ ਕਹਾਵਤ ‘ਤੇ ਪਹਿਰਾ ਦਿੰਦਿਆਂ ਪਿੰਡ ਦੇ ਹੀ ਸਰਕਾਰੀ ਸਕੂਲ ‘ਚ “ਪ੍ਰਾਈਵੇਟ ਮਾਸਟਰੀ” ਸ਼ੁਰੂ ਕਰ ਦਿੱਤੀ। ਜਦੋਂ ਉਂਗਲਾਂ ‘ਤੇ ਦਿਨ ਗਿਨਣ ਤੋਂ ਬਾਦ ਹਰ ਮਹੀਨੇ ਬਾਰਾਂ ਸੌ ਰੁਪਏ ਮਿਲਦੇ ਤਾਂ ਧਾਹ ਨਿੱਕਲ ਜਾਦੀ। ਦੱਸ ਦੇਵਾਂ ਕਿ ਅਸੀਂ ਪਿੰਡ ਤਿੰਨ ਦੋਸਤ ਸਾਂ। ਮੈਂ, ਜਸਵਿੰਦਰ ਜੱਸੀ ਤੇ ਹਰਦੀਪ ਹੈਪੀ। ਅਸੀਂ ਤਿੰਨੇ ਇਕੱਠੇ ਓਸੇ ਸਕੂਲ ‘ਚੋਂ ਪੜ੍ਹੇ ਅਤੇ ਇਕੱਠਿਆਂ ਨੇ ਹੀ ਓਸੇ ਸਕੂਲ ‘ਚ ਪੜਾਇਆ। ਬਾਰਾਂ ਸੌ ਨਾਲ ਬਾਪੂ ਦੇ ਚਿਹਰੇ ਦੀ ਖੁਸ਼ੀ ਕਿੱਥੋਂ ਖਰੀਦ ਲਿਆਉਂਦੇ। ਉਹਨੀਂ ਦਿਨੀਂ ਸਾਡੇ ਜਿਲ੍ਹੇ ਦੇ ਹੀ ਦੋਸਤਾਂ ਨੇ ਬੀ.ਐੱਡ. ਬੇਰੁਜ਼ਗਾਰ ਅਧਿਆਪਕ ਫਰੰਟ ਬਣਾ ਲਿਆ। ਸਾਨੂੰ ਵੀ ਸੱਦਾ ਆ ਗਿਆ ਕਿ ਰਾਮਪੁਰਾ ਫੂਲ ਵਿਖੇ ਓਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਹੈ…. ਸੋ ਪਿਆਰਿਓ ਪਹੁੰਚੋ ਰਾਮਪੁਰੇ। ਜੱਸੀ ਦੀ ਜ਼ਿੱਦ ਅੱਗੇ ਗੋਡੇ ਟੇਕ ਕੇ ਅਸੀਂ ਵੀ ਕਾਗਰਸੀਆਂ ਵਾਂਗੂੰ ਚਿੱਟੇ ਕੁੜਤੇ ਪਜਾਮੇ ਪਾ ਕੇ ਰਾਮਪੁਰੇ ਨੂੰ ਚਾਲੇ ਪਾ ਦਿੱਤੇ। ਪੈਰੀਂ ਚੱਪਲਾਂ ਇਸ ਕਰਕੇ ਪਾ ਕੇ ਗਏ ਕਿ ਕਿੱਧਰੇ ਕਾਗਰਸ ਦੇ ਯੂਥ ਆਗੂ ਪਛਾਣ ਕੇ ਪਹਿਲਾਂ ਹੀ ਵੱਖੀਆਂ ਅੰਦਰ ਨਾ ਵਾੜ ਦੇਣ। ਇੱਥੇ ਇਹ ਗੱਲ ਸਪਸ਼ਟ ਕਰ ਦੇਵਾਂ ਕਿ ਸਾਨੂੰ ਓਥੇ ਪਹੁੰਚਣ, ਕੈਪਟਨ ਦਾ ਭਾਸ਼ਣ ਸੁਰੂ ਹੁੰਦਿਆਂ ਹੀ ਨਾਅਰੇ ਮਾਰਨ ਬਾਰੇ ਕਿਹਾ ਸੀ। ਮੈਂ ਨਾਲੋ ਨਾਲ ਉਹਨੀਂ ਦਿਨੀਂ “ਅਜੀਤ” ਦੀ ਪੱਤਰਕਾਰੀ ਵੀ ਕਰ ਰਿਹਾ ਸੀ। ਜੱਸੀ ਦੀ ਜ਼ਿੱਦ ਅੱਗੇ ਫਿਰ ਬਾਂਹਾਂ ਟੰਗ ਲਈਆਂ। ਕੈਪਟਨ ਸਾਬ੍ਹ ਦਾ ਭਾਸ਼ਣ ਸ਼ੁਰੂ ਹੋਣ ਹੀ ਲੱਗਾ ਸੀ ਕਿ ਰੈਲੀ ਵਿੱਚ ਖਿੱਲਰੇ ਬੈਠੇ ਸਾਡੇ ਸਾਥੀਆਂ ਨੇ “ਸਾਡੇ ਹੱਕ ਐਥੇ ਰੱਖ” ਦੇ ਨਾਅਰੇ ਬੁਲੰਦ ਕਰ ਦਿੱਤੇ। ਫਿਰ ਕੀ ਸੀ ਕਾਂਗਰਸੀਆਂ ਨੇ ਵੀ ਅਕਾਲੀਆਂ ਵਾਂਗ ‘ਸੇਵਾ’ ਕਰਨੀ ਸ਼ੁਰੂ ਕਰ ਦਿੱਤੀ। ਜਿੰਨੇ ਕੁ ਧੱਕੇ ਚੜ੍ਹੇ, ਕਾਂਗਰਸੀਆਂ ਨੇ ਮਲੂਕਾ ਸਾਬ੍ਹ ਵਾਂਗ ਵਫਾਦਾਰ ਹੋਣ ਦਾ ਸਬੂਤ ਦਿੰਦਿਆਂ ਖੁਦ ਫੜ੍ਹ ਫੜ੍ਹ ਕੇ ਪੁਲਿਸ ਦਿਆਂ ਕੈਂਟਰਾਂ ‘ਚ ਚੜ੍ਹਾ ਦਿੱਤੇ। ਮੈਂ ਓਸ ਦਿਨ ਸਬਕ ਲਿਆ ਕਿ ਗੈਰ-ਜੱਥੇਬੰਦਕ ਸੰਘਰਸ਼ ਹਮੇਸ਼ਾ ਹੀ ਛਿੱਤਰਾਂ ਦਾ ਖੌਅ ਬਣਦੇ ਹਨ। ਉਸ ਤੋਂ ਬਾਦ ਵਾਰੀ ਸੀ ਚੰਡੀਗੜ੍ਹ ਮਟਕਾ ਚੌਂਕ ‘ਚ ਧਰਨੇ ਦੀ…. ਮੈਂ ਤੇ ਜੱਸੀ ਨੇ ਫੇਰ ਚਾਲੇ ਪਾ ਦਿੱਤੇ। ਓਥੇ ਜਾ ਕੇ ਵੀ ਇਹੀ ਦੇਖਿਆ ਕਿ ਮੂਹਰਲੀ ਆਗੂ ਟੀਮ ਦਾ ਤਾਲਮੇਲ ਹੀ ਨਹੀਂ ਸੀ ਬੈਠ ਰਿਹਾ ਕਿਉਂਕਿ ਕੁਝ ਵੀਰ ਇਸ ਗੱਲ ‘ਤੇ ਅੜੇ ਹੋਏ ਸਨ ਕਿ ਧਰਨਾ ਸ਼ਾਤਮਈ ਹੋਵੇ ਪਰ ਕੁਝ ਕੁ ਗਰਮ ਵੀਰ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਮੁੱਠੀਆਂ ‘ਚ ਥੁੱਕੀ ਫਿਰਦੇ ਸਨ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਵਿਧਾਨ ਸਭਾ ਦਾ ਘੇਰਾਓ ਕਰ ਕੇ ਕੀ ਕਰਾਂਗੇ…. ਓਥੇ ਪਹਿਰੇ ਵਾਲਿਆਂ ਤੋਂ ਬਿਨਾਂ ਤਾਂ ਕੋਈ ਹੋਣਾ ਨਹੀਂ। ਪਰ ਗਰਮ ਵੀਰਾਂ ਦੇ ਨਾਲ ਚੱਲ ਪਏ। ਅੱਗੇ ਪੁਲਸ ਵਾਲੇ ਵੀ ਅੱਥਰੂ ਗੈਸ ਵਾਲੇ “ਘਰਲੇ” ਜਿਹੇ ‘ਤੇ ਪਾਣੀ ਵਾਲੀਆਂ ਤੋਪਾਂ ਸਿੱਧੀਆਂ ਕਰੀ ਖੜ੍ਹੇ ਸਨ। ਮਟਕਾ ਚੌਂਕ ਦੇ ਨਾਲ ਲਗਦੀ ਸੜਕ ‘ਤੇ ਰੋਜ਼ ਗਾਰਡਨ ਵਾਲੇ ਪਾਸੇ ਹੱਕ ਮੰਗਣ ਵਾਲਿਆਂ ਨੇ ਪੱਕੇ ਹੀ ਤੰਬੂ ਗੱਡ ਕੇ ਧਰਨੇ ਦਿੱਤੇ ਹੋਏ ਸਨ। ਅੱਗੇ ਗਿਆਂ ਨੂੰ ਓਹ ਵੀ ਟਿੱਚਰਾਂ ਕਰਨ ਕਿ “ਆਜੋ ਆਜੋ ਪੁਲਸ ਵਾਲਿਆਂ ਨੇ ਵੀ ਬਾਹਵਾ ਦਿਨਾਂ ਤੋਂ ਕਿਸੇ ਨੂੰ ਕੁੱਟਿਆ ਨਹੀਂ।” ਜੱਸੀ ਤੇ ਮੈਂ ਲਾਚੜਪੁਣੇ ‘ਚ ਹੀ ਵਿਚਾਰ ਬਣਾ ਲਈ ਕਿ ਕੋਈ ਮਾਰੇ ਭਾਵੇਂ ਨਾ…ਪਰ ਆਪਾਂ ਬੈਰੀਕੇਡ ਮੂਧਾ ਜਰੂਰ ਮਾਰਨੈ। ਪੁਲਸ ਵਾਲਿਆਂ ਦੀਆਂ ਅੱਖਾਂ ‘ਚ ਅੱਖਾਂ ਪਈਆਂ… ਨਾਅਰੇਬਾਜ਼ੀ ਸ਼ੁਰੂ ਹੋਈ। ਦੂਜੇ ਸਾਥੀ ਤਾਂ ਅਜੇ ਪੈਂਤਰੇ ਹੀ ਕੱਢ ਰਹੇ ਸਨ ਤੇ ਮੈਂ ਤੇ ਜੱਸੀ ਨੇ ਦੋ ਹੱਥਾਂ ਦੀ ਕਲਿੰਗੜੀ ਪਾ ਕੇ ਬੈਰੀਕੇਡ ਦੀ “ਜੈ” ਬੁਲਾ ਦਿੱਤੀ। ਫਿਰ ਕੀ ਸੀ ਹੋ ਗਿਆ ਡਾਂਗਾਂ ਦਾ ਪ੍ਰਸ਼ਾਦ ਵਰਤਣਾ ਸ਼ੁਰੂ। ਜਿਹੜੇ ਬਾਹਲੇ ਗਰਮ ਸੀ, ਵਰ੍ਹਦੀ ਡਾਂਗ ‘ਚ ਭੱਜਣ ‘ਚ ਵੀ ਸਭ ਤੋਂ ਮੂਹਰੇ ਸੀ। “ਭੱਜਲਾ ਓਏ, ਸਪਾਹੀ ਵਾਟਾਂ ਵੱਢਦਾ ਆਉਂਦੈ।” ਜੱਸੀ ਨੇ ਵੀ ਇੰਨਾ ਹੀ ਕਿਹਾ ਸੀ। ਬੈਂਤ ਦੀ ਡਾਂਗ ਤੇ ਕਚੀਚੀ ਵੱਟੀ ਆਉਂਦਾ ਸਿਪਾਹੀ ਦੇਖ ਕੇ ਅੱਡੀਆਂ ਨੂੰ ਮੱਲੋ-ਮੱਲੀ ਥੁੱਕ ਲੱਗ ਗਿਆ। ਬਰਾਬਰ ਭੱਜੇ ਜਾਦਿਆਂ ਤੋਂ ਜੱਸੀ ਨੇ ਹੀ ਦਿਖਾਇਆ ਸੀ ਕਿ “ਔਹ ਦੇਖ ਗਰਮ ਭਾਜੀ ਕਿਵੇਂ ਮਿਲਖਾ ਸਿਉਂ ਤੋਂ ਵੀ ਤੇਜ ਭੱਜਦੈ।” ਭੱਜੇ ਜਾਦਿਆਂ ਨੇ ਸਿਪਾਹੀ ਤੋਂ ਬਾਹਵਾ ਫਰਕ ਪਾ ਲਿਆ। ਸਾਡੇ ਮੂਹਰੇ ਭੱਜੀ ਜਾਦੀ ਕੁੜੀ ਅੜਕ ਕੇ ਡਿੱਗ ਪਈ ਤੇ ਗਰਮ ਵੀਰ ਜੀ ਛੁੱਕਣ ਲਈ ਵੀ ਨਾ ਰੁਕੇ। ਮੈਂ ਤੇ ਜੱਸੀ ਨੇੜੇ ਹੋਏ… ਓਹਨੂੰ ਭਜਾ ਕੇ ਫੇਰ ਭੱਜ ਤੁਰੇ। ਬੈਰੀਕੇਡ ਕਾਫੀ ਪਿੱਛੇ ਸਨ। ਪੁਲਸ ਵਾਲੇ ਪਾਣੀ ਦੀਆਂ ਬੁਛਾੜਾਂ ਜਾਂ ਅੱਥਰੂ ਗੈਸ ਦੇ ਚੱਕਰ ‘ਚ ਫਸਿਆਂ ਨੂੰ ਕੁੱਟ ਰਹੇ ਸਨ ਪਰ ਪੱਕੇ ਧਰਨੇ ਵਾਲਿਆਂ ਨੇ ਆਪ ਦਰਖਤਾਂ ਦੇ ਤੋੜ ਕੇ ਰੱਖੇ ਟਾਹਣੇ ਸਾਡੇ ਸਪੁਰਦ ਕਰ ਦਿੱਤੇ। ਬੇਰੁਜ਼ਗਾਰ ਅਧਿਆਪਕ ਤੇ ਪੁਲਸ ਆਹਮੋ-ਸਾਹਮਣੇ ਹੋ ਗਏ। ਜਿੰਨੇ ਕੁ ਅਗਾਂਹ ਨੂੰ ਆਏ ਸਨ ਹੁਣ ਪੁਲਸ ਵਾਲੇ ਪਿੱਛੇ ਨੂੰ ਹਟਣ ਲੱਗੇ। ਪੁਲਸ ਦੀ ਗੰਦੀ ਨੀਤੀ ਇਹ ਦੇਖੀ ਕਿ ਪੁਲਿਸ ਵਾਲੇ ਪਾਸਿਉਂ ਰੋੜੇ ਚੱਲਣ ਲੱਗੇ। ਇੱਕ ਮੁੰਡੇ ਦਾ ਸਿਰ ਪਾਟ ਗਿਆ… ਮੈਂ ਤੇ ਜੱਸੀ ਨੇ ਕੂਕਾਂ ਮਾਰ ਮਾਰ ਕੇ ਟਰੱਕ ‘ਚ ਲੁਕੇ ਖੜ੍ਹੇ ਟੀ.ਵੀ. ਚੈਨਲ ਵਾਲੇ ਦਾ ਧਿਆਨ ਉਸ ਵੱਲ ਦਿਵਾਇਆ ਜਿਸ ਨੂੰ ਪੁਲਿਸ ਵਾਲੇ ਚੁੱਕੀ ਲਿਜਾ ਰਹੇ ਸਨ। ਦੁਬਾਰਾ ਫੇਰ ਪੁਲਿਸ ਵੱਲ ਨੂੰ ਹੱਲਾ ਬੋਲਿਆ ਗਿਆ। ਪਾਣੀ ਦੀਆਂ ਬੁਛਾੜਾਂ ਕਾਰਨ ਪਾਣੀ ਬੂਟਾਂ ‘ਚ ਪੈ ਗਿਆ ਸੀ। ਗਪਲ ਗਪਲ ਕਰਦੇ ਬੂਟਾਂ ਨਾਲ ਫਿਰ ਅੱਗੇ ਵਧੇ ਤਾਂ ਪੁਲਿਸ ਨੇ ਬਹੁਤ ਹੀ ਜਿਆਦਾ ਜ਼ੋਰ ਨਾਲ ਡਾਗ ਵਰਤਾਉਣੀ ਸ਼ੁਰੂ ਕੀਤੀ ਤਾਂ ਹੁਣ ਮੈਦਾਨ ਛੱਡਣ ਤੋਂ ਬਿਨਾਂ ਚਾਰਾ ਨਹੀਂ ਸੀ। ਜਿਆਦਾ ਗਰਮ ਗਰਮ ਵੀਰ ਸ਼ਾਇਦ ਪਿੰਡਾਂ ਵੱਲ ਜਾਣ ਵਾਲੀਆਂ ਬੱਸਾਂ ਲੱਭ ਰਹੇ ਹੋਣ ਪਰ ਸਾਡੇ ਵਰਗੇ ਬਦਮਗਜ਼ ਅਜੇ ਵੀ ਮਟਕਾ ਚੌਂਕ ਵਾਲੀ ਸੜਕ ‘ਤੇ ਸਿਰਾਂ ‘ਤੇ ਬੈਨਰ ਪਰਨਿਆਂ ਵਾਂਗ ਬੰਨ੍ਹੀ ਫਿਰਦੇ ਸਨ ਤਾਂ ਕਿ ਪੁਲਸ ਦਾ ਰੋੜਾ ਸਿਰ ਨਾ ਪਾੜ ਜਾਵੇ। ਗਿਣਵੇਂ ਚੁਣਵੇਂ ਜਿਹੇ ਰਹਿ ਗਏ ਜੁਝਾਰੂਆਂ ਨੂੰ ਭਜਾਉਣ ਲਈ ਪੁਲਿਸ ਦੀ ਬਾਹਵਾ ਨਫਰੀ ਆ ਗਈ ਸੀ। ਮੇਰੇ ਤੇ ਜੱਸੀ ਦੇ ਪਿੱਛੇ ਵੀ ਤਿੰਨ ਜਣੇ ‘ਖਾਜੂੰ ਖਾਜੂੰ’ ਕਰਦੇ ਆ ਰਹੇ ਸੀ। ਡਾਂਗਾਂ ਵਾਲੇ ਸਿਰ ‘ਤੇ ਆ ਗਏ ਹੋਣ ਕਰਕੇ ਜੱਸੀ ਨੇ ਲਲਕਾਰਾ ਮਾਰਿਆ “ਬਿੱਲਿਆ ਟੱਪਜਾ ਜੇ ਰੋਜ਼ ਗਾਰਡਨ ਦੀ ਵਾੜ ਟੱਪੀਦੀ ਆ ਤਾਂ।” ਫੇਰ ਕੀ ਸੀ ਵਾੜ ਤਾਂ ਟੱਪ ਲਈ ਪਰ ਅਸਮਾਨ ‘ਤੋਂ ਡਿੱਗੇ ਤੇ ਖਜੂਰ ‘ਚ ਅਟਕੇ ਵਾਲੀ ਕਹਾਣੀ ਬੀਤ ਗਈ। ਜਿਉਂ ਹੀ ਛਾਲ ਮਾਰੀ ਤਾਂ ਸਿੱਧੇ ਗੁਲਾਬ ਦੇ ਫੁੱਲਾਂ ਦੀ ਕਿਆਰੀ ‘ਚ ਜਾ ਡਿੱਗੇ। ਵਿਧਾਨ ਸਭਾ ‘ਤੇ ਕਬਜ਼ਾ ਕਰਨ ਦੇ ਚੱਕਰ ‘ਚ ਸ਼ਾਮ ਹੋ ਗਈ। ਫਿਰ ਯਾਦ ਆਏ ਦੋਸਤ ਅਮਨ ਸ਼ਰਮਾ ਹਿੰਮਤਪੁਰਾ, ਲਾਲੀ ਘੋਲੀਆ, ਦਵਿੰਦਰ ਕਾਲੇ ਕੇ ਵਰਗੇ ਮਿੱਤਰ। ਜਿਉਂ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ‘ਚ ਪਹੁੰਚੇ ਤਾਂ ਓਹਨਾਂ ਦੀਆਂ ਟਿੱਚਰਾਂ ਵੀ ਮੁਫਤ ‘ਚ ਮਿਲੀਆਂ। ਚੰਡੀਗੜ ਰੈਲੀ ਕਈ ਦਿਨ ਬਾਦ ‘ਚ ਵੀ ਯਾਦ ਆਉਂਦੀ ਰਹੀ ਕਿਉਂਕਿ ਲੱਤਾਂ ‘ਚ ਖੁੱਭੇ ਗੁਲਾਬ ਦੇ ਕੰਡੇ ਵੀ ਪੱਕ ਪੱਕ ਨਿੱਕਲ ਰਹੇ ਸੀ। ਫੇਰ ਆਈਆਂ ਚੋਣਾਂ ਤੇ ਅਕਾਲੀਆਂ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਨੌਕਰੀਆਂ ਦੇਵਾਂਗੇ ਸਾਡਾ ਸਾਥ ਦਿਉ। ਫਿਰ ਕੀ ਸੀ ਬੇਰੁਜ਼ਗਾਰ ਮਾਸਟਰ ਅਨਪੜ੍ਹ ਅਕਾਲੀ ਉਮੀਦਵਾਰਾਂ ਨਾਲ ਵੀ ਫੋਟੋਆਂ ਖਿਚਵਾਉਣ ਜਾਣ ਲੱਗੇ ਸਮਰਥਨ ਦੇਣ ਦੀਆਂ। ਅਕਾਲੀਆਂ ਵੱਲੋਂ ਬੈਨਰ ਬਣਵਾ ਕੇ ਦਿੱਤੇ ਗਏ ਸੀ ਜਿਹਨਾਂ ਵਿੱਚ ਕਾਗਰਸ ਵੱਲੋਂ ਕੁੱਟੇ ਅਧਿਆਪਕਾਂ ਦੀਆਂ ਫੋਟੋਆਂ ਹੁੰਦੀਆਂ ਸਨ….. ਆਉਣ ਵਾਲੀਆਂ ਚੋਣਾਂ ‘ਚ ਅਕਾਲੀਆਂ ਦੀ ਇਸ ਕਰਤੂਤ ਨੂੰ ਕਾਂਗਰਸ ਵੀ ਬੈਨਰਾਂ ਦੇ ਰੂਪ ‘ਚ ਜਰੂਰ ਵਰਤੇਗੀ ਤੇ ਇਹਨਾਂ ਹੀ ਪੀ.ਟੀ.ਆਈ. ਅਧਿਆਪਕਾਂ ਨੂੰ ਹੁਣ ਕਾਂਗਰਸ ਵਾਲੇ ਲੌਲੀਪੌਪ ਦੇਣਗੇ ਕਿ ਅਸੀਂ ਰੁਜ਼ਗਾਰ ਦੇਵਾਂਗੇ। ਪਰ ਮਿਲਣੇ ਫੇਰ ਓਹੀ ਪਾਰਟੀ ਵਰਕਰਾਂ ਦੇ ਥੱਪੜ ਹਨ ਜਿਵੇਂ ਹੁਣ ਮਲੂਕਾ ਸਾਬ੍ਹ ਵਰਗਿਆਂ ਨੇ ਮੁਫਤ ਥੱਪੜ ਵਰਤਾਏ ਹਨ। ਦੋਸਤੋ ਤੁਹਾਡੇ ਅੱਗੇ ਇੱਕ ਸਵਾਲ ਛੱਡ ਕੇ ਜਾਣ ਲੱਗਾ ਹਾਂ ਕਿ ਇਸ ਗੁੰਡਾਗਰਦੀ ਨੂੰ ਠੱਲ੍ਹ ਕਿਵੇਂ ਪਵੇਗੀ? ਆਪਣੀਆਂ ਹੀ ਧੀਆਂ ਜਾਂ ਪੁੱਤਾਂ ਦੀ ਚੌਧਰ ਦੇ ਨਸ਼ੇ ‘ਚ ਬੇਪਤੀ ਕਰਨ ਵਾਲਿਆਂ ਨੂੰ ਸ਼ਰਮ ਕਦੋਂ ਆਉਣ ਲੱਗੇਗੀ? ਬੇਰੁਜ਼ਗਾਰਾਂ ਨੂੰ ਕਦੋਂ ਅਕਲ ਆਵੇਗੀ ਕਿ ਸੰਘਰਸ਼ ਕਿਸ ਢੰਗ ਨਾਲ ਜਿੱਤੇ ਜਾਣਗੇ?

No comments:

Post a Comment