ਅਮਰੀਕ ਕੰਡਾ
ਦੋਂ ਰੱਬ ਜੀ ਦੁਨੀਆ ਵਸਾਉਣ ਲੱਗੇ ਤਾਂ ਰੱਬ ਜੀ ਨੇ ਸਾਰੇ ਕੀੜੇ ਮਕੌੜੇ, ਪੰਛੀ, ਜਾਨਵਰ ਤੇ ਔਰਤ ਮਰਦ ਦਾ ਇਕ ਇਕ ਮਿੱਟੀ ਦਾ ਪੀਸ ਤਿਆਰ ਕਰ ਲਿਆ। ਫੇਰ ਉਸ ਵਿਚ ਜਾਨਾਂ ਪਾਅ ਦਿੱਤੀਆਂ। ਹੁਣ ਸਭ ਨੂੰ ਉਮਰਾਂ ਵੰਡਨੀਆਂ ਸਨ ਤੇ ਨਾਲੇ ਥੱਲੇ ਕੀ ਕਰਮ ਕਰਨੇ ਨੇ ਉਹ ਦੱਸਣੇ ਸੀ। ਸਭ ਦੀ ਉਮਰ ਤਕਰੀਬਨ ਤਕਰੀਬਨ ਚਾਲੀ ਸਾਲ ਤੱਕ ਸੀ। ਸਭ ਤੋਂ ਪਹਿਲਾਂ ਬੰਦੇ ਨੂੰ ਰੱਬ ਨੇ ਕਿਹਾ
“ਲੈ ਬਈ ਆਪਣੀ ਚਾਲੀ ਸਾਲ ਦੀ ਉਮਰ, ਤੂੰ ਧਰਤੀ ਤੇ ਸਭ ਤੋਂ ਬੁੱਧੀਮਾਨ ਹੋਵੇਂਗਾ ਤੇ ਹਰ ਦੀ ਤਨੋ ਮਨੋ ਸੇਵਾ ਸਹਾਇਤਾ ਕਰੇਂਗਾ, ਪ੍ਰੇਮ ਪਿਆਰ ਨਾਲ ਰਹੇਂਗਾ, ਲਾਲਚ ਨਹੀਂ ਕਰੇਂਗਾ, ਕਿਸੇ ਦੀ ਆਤਮਾ ਨਹੀਂ ਦੁਖਾਏਂਗਾ ਇਹੀ ਤੇਰਾ ਧਰਮ ਹੈ।”
“ਬੱਸ ਜੀ ਚਾਲੀ ਸਾਲ...? ਥੋੜੀ ਉਮਰ ਤਾਂ ਹੋਰ ਦੇ ਦਿਉ?” ਬੰਦੇ ਚ ਲਾਲਚ ਵੀ ਭਰਿਆ ਸੀ।
“ਭਾਈ ਮੇਰੇ ਕੋਲ ਚਾਲੀ ਸਾਲ ਤੋਂ ਵੱਧ ਕੋਟਾ ਨਹੀਂ ਹੈ, ਜੇ ਕੋਈ ਜਾਨਵਰ ਜਾਂ ਪੰਛੀ ਕੀੜਾ ਮਕੌੜਾ ਤੈਨੂੰ ਆਪਣੀ ਉਮਰ ਖੁਸ਼ੀ ਨਾਲ ਦਿੰਦਾ ਤਾਂ ਲੈ ਲਈਂ, ਉਥੇ ਪਾਸੇ ਹੋ ਕੇ ਬਹਿਜਾ।” ਰੱਬ ਨੇ ਕਿਹਾ
ਰੱਬ ਜੀ ਜਾਨਵਰ ਤੇ ਪੰਛੀਆਂ ਨੂੰ ਉਮਰਾਂ ਵੰਡੀ ਜਾ ਰਹੇ ਸਨ ਤੇ ਜਾਨਵਰ ਪੰਛੀ ਆਪਣੀਆਂ ਆਪਣੀਆਂ ਉਮਰਾਂ ਲੈ ਕੇ ਜਾ ਰਹੇ ਸਨ। ਤੇ ਫੇਰ ਗਧੇ ਦੀ ਵਾਰੀ ਆਈ ਤੇ ਰੱਬ ਜੀ ਨੇ ਕਿਹਾ
“ਭਾਈ ਆਹ ਚੁੱਕ ਤੇਰੀ ਉਮਰ ਚਾਲੀ ਸਾਲ ਆ, ਤੂੰ ਆਪਣੀ ਏਸ ਜੂਨੀ ਚ ਭਾਰ ਢਾਉਣਾ ਹੈ ਤੇ ਬੰਦੇ ਦੀ ਗੱਲ ਮੰਨਣੀ ਹੈ।”
“ਰੱਬ ਜੀ ਮੇਰੀ ਇਕ ਬੇਨਤੀ ਹੈ ਮੈਂ ਚਾਲੀ ਸਾਲ ਭਾਰ ਢੋਈ ਜਾਊਂਗਾ, ਮੈਂ ਕਿਹੜਾ ਥੱਲੇ ਅਫਸਰ ਲੱਗਣਾ, ਤੁਸੀਂ ਮੇਰੀ ਉਮਰ ਘੱਟ ਕਰ ਦਿਉ।”
“ਭਾਈ ਮੇਰੇ ਜਿਹੜਾ ਕੋਟਾ ਉਸ ਚ ਮੈਂ ਘੱਟ ਵੱਧ ਨਹੀਂ ਕਰ ਸਕਦਾ। ਹਾਂ ਜੇ ਤੂੰ ਆਪਣੀ ਉਮਰ ਕਿਸੇ ਨੂੰ ਆਪਣੀ ਮਰਜੀ ਨਾਲ ਦੇਣੀ ਹੈ ਤਾਂ ਦੇ ਸਕਦੈਂ ਉਹ ਬੰਦਾ ਬੈਠਾ ਉਹਦੇ ਨਾਲ ਗੱਲ ਕਰਕੇ ਵੇਖ ਲੈ।” ਰੱਬ ਨੇ ਕਿਹਾ।
ਗਧਾ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਚਲਿਆ ਗਿਆ ਪਰ ਲਾਲਚੀ ਬੰਦਾ ਬੈਠਾ ਰਿਹਾ। ਉਸ ਤੋਂ ਬਾਅਦ ਕੁੱਤੇ ਦੀ ਵਾਰੀ ਆਈ। ਰੱਬ ਜੀ ਨੇ ਉਸਨੂੰ ਵੀ ਚਾਲੀ ਸਾਲ ਦੀ ਉਮਰ ਦੇ ਦਿੱਤੀ ਤੇ ਕਿਹਾ “ਭਾਈ ਤੇਰੀ ਉਮਰ ਚਾਲੀ ਸਾਲ ਹੈ। ਤੂੰ ਆਪਣੇ ਮਾਲਿਕ ਪ੍ਰਤੀ ਵਫਾਦਾਰ ਰਹਿਣਾ।”
“ਰੱਬ ਜੀ ਮੈਂ ਚਾਲੀ ਸਾਲ ਦੀ ਉਮਰ ਲੈ ਕੇ ਕੀ ਕਰਨੀ ਆ? ਮੈਂ ਕਿਹੜਾ ਨੇਤਾ ਬਨਣਾ, ਮੈਨੂੰ ਤੁਸੀਂ ਭੌਂਕਣ ਦੀ ਡਿਊਟੀ ਦਿੱਤੀ ਆ, ਮੈਂ ਤਾਂ ਭੌਂਕ ਭੌਂਕ ਕੇ ਹੀ ਮਰ ਜਾਊਂਗਾ, ਮੇਰੀ ਉਮਰ ਘੱਟ ਕਰ ਦਿਉ।” ਕੁੱਤੇ ਨੇ ਬੇਨਤੀ ਕੀਤੀ
“ਭਾਈ ਇਸ ਚ ਮੈਂ ਕੁਝ ਨਹੀਂ ਕਰ ਸਕਦਾ ਤੂੰ ਬੰਦੇ ਨਾਲ ਗੱਲ ਕਰ ਲੈ ।”
ਕੁੱਤਾ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਚਲਿਆ ਗਿਆ। ਪਰ ਰੱਬ ਨੇ ਬੰਦਾ ਸ਼ੈਅ ਹੀ ਅਜਿਹੀ ਬਣਾਈ ਸੀ। ਉਹ ਬੈਠੇ ਦਾ ਬੈਠਾ। ਰੱਬ ਨੇ ਤਕਰੀਬਨ ਤਕਰੀਬਨ ਸਾਰਿਆਂ ਨੂੰ ਉਮਰਾਂ ਵੰਡ ਦਿੱਤੀਆਂ। ਉਲੂ ਨੂੰ ਕਿਤੇ ਨੀਂਦ ਆ ਗਈ। ਉਹ ਸੁੱਤਾ ਰਿਹਾ ਤਾਂ ਕਿਸੇ ਨੇ ਉਸਨੂੰ ਜਗਾਇਆ ਤਾਂ ਉਹ ਛੇਤੀ ਛੇਤੀ ਰੱਬ ਜੀ ਕੋਲ ਪਹੁੰਚਿਆ। ਰੱਬ ਜੀ ਨੇ ਉਲੂ ਨੂੰ ਗੁੱਸੇ ਹੁੰਦੇ ਹੋਏ ਕਿਹਾ
“ਆਹ ਚੁੱਕ ਆਪਣੀ ਚਾਲੀ ਸਾਲ ਦੀ ਉਮਰ ਤੇ ਤੈਨੂੰ ਰਾਤ ਨੂੰ ਵਿਖਾਈ ਦੇਵੇਗਾ ਤੇ ਦਿਨੇ ਤੂੰ ਆਰਾਮ ਨਾਲ ਸੋਂ ਜਾਇਆ ਕਰੀਂ।”
“ਜੀ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਕੀ ਕਰੂੰਗਾ ਜੀ ਚਾਲੀ ਸਾਲ ਦੀ ਉਮਰ ਨੂੰ ਮੈਨੂੰ ਦਿਨ ਦੀ ਬਜਾਏ ਰਾਤ ਨੂੰ ਦਿਸੂਗਾ, ਮੇਰੀ ਅੱਧੀ ਉਮਰ ਹੋਰ ਕਿਸੇ ਨੂੰ ਦੇ ਦਿਉ।”
“ਭਾਈ ਮੈਂ ਉਮਰ ਚਾਲੀ ਤੋਂ ਵਧਾ ਘਟਾ ਨਹੀਂ ਸਕਦਾ, ਜੇ ਤੂੰ ਆਪਣੀ ਮਰਜੀ ਨਾਲ ਆਪਣੀ ਉਮਰ ਦੇਣੀ ਹੈ ਤਾਂ ਬੰਦੇ ਨੂੰ ਦੇ ਦੇ।” ਰੱਬ ਨੇ ਕਿਹਾ
ਉੱਲੂ ਆਪਣੇ ਵੀਹ ਸਾਲ ਬੰਦੇ ਨੂੰ ਦੇ ਕੇ ਉਡ ਗਿਆ। ਪਰ ਬੰਦਾ ਉੱਥੇ ਬੈਠੇ ਦਾ ਬੈਠਾ। ਜਦੋਂ ਕਿ ਸਾਰਿਆਂ ਨੂੰ ਉਮਰਾਂ ਵੰਡੀਆਂ ਜਾ ਚੁੱਕੀਆਂ ਸਨ। ਰੱਬ ਨੇ ਬੰਦੇ ਨੂੰ ਕਿਹਾ
“ਭਾਈ ਹੁਣ ਤੂੰ ਜਾਹ, ਮੈਂ ਸਾਰਿਆਂ ਨੂੰ ਉਮਰਾਂ ਵੰਡ ਦਿਤੀਆਂ ਨੇ, ਹਾਂ ਮੇਰੀ ਇਕ ਗੱਲ ਸੁਣਦਾ ਜਾਈਂ ਤੂੰ ਇਹਨਾਂ ਜਾਨਵਰਾਂ ਦੀਆਂ ਉਮਰਾਂ ਲਈਆਂ ਤੂੰ ਪਰੇਸ਼ਾਨ ਬਹੁਤ ਹੋਵੇਂਗਾ। ਇਹ ਉਮਰਾਂ ਤੈਨੂੰ ਮਹਿੰਗੀਆਂ ਪੈਣਗੀਆਂ।”
ਹੁਣ ਬੰਦੇ ਦੀ ਉਮਰ ਚਾਲੀ ਸਾਲ ਹੈ। ਉਸ ਤੋਂ ਬਾਅਦ ਗਧੇ ਵਾਂਗ ਆਪਣੇ ਬੱਚਿਆਂ ਲਈ ਕੰਮ ਕਰਦਾ ਹੈ। ਮੈਂ ਆਹ ਕੰਮ ਕਰ ਲਵਾਂ ਉਹ ਕੰਮ ਕਰ ਲਵਾਂ। ਉਹ ਭਾਰ ਢੋਈ ਜਾਂਦਾ ਹੈ। ਜਦੋਂ ਉਹ ਸੱਠ ਸਾਲ ਦਾ ਹੋ ਜਾਂਦਾ ਹੈ ਤਾਂ ਸਰੀਰ ਜਵਾਬ ਦੇਣਾ ਸੁਰੂ ਕਰ ਦਿੰਦਾ ਹੈ। ਤਾਂ ਕੁੱਤੇ ਦੀ ਜੂਨੀ ਸ਼ੁਰੂ ਹੁੰਦੀ ਹੈ। ਉਹ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਉਹ ਆਪਣੇ ਬੱਚਿਆਂ ਨੂੰ ਚੰਗੀ ਸਲਾਹ ਦਿੰਦਾ ਹੈ। ਬੱਚੇ ਕਹਿੰਦੇ ਕੁੱਤੇ ਵਾਂਗੂੰ ਨਾ ਭੌਂਕ। ਜਦੋਂ ਉਹ ਭੌਂਕ ਭੌਂਕ ਕੇ ਥੱਕ ਹਾਰ ਜਾਂਦਾ ਹੈ। ਅੱਸੀ ਸਾਲ ਤੋਂ ਬਾਅਦ ਉਹ ਮੰਜੇ ਤੇ ਬੈਠ ਜਾਂਦਾ ਹੈ। ਗੋਡੇ ਗਿੱਟੇ ਵੀ ਜਵਾਬ ਦੇ ਦਿੰਦੇ ਤੇ ਨਾ ਹੀ ਸਰੀਰ ਚ ਜਾਨ ਹੁੰਦੀ ਹੈ। ਆਪਣੇ ਨੂੰਹਾਂ ਪੁੱਤਰਾਂ ਪੋਤਿਆਂ ਨੂੰ ਲੜਦੇ ਝਗੜਦੇ ਵੇਖਦਾ ਹੈ। ਉਹ ਬੋਲ ਨਹੀਂ ਸਕਦਾ ਉੱਠ ਕੇ ਛੁਡਾ ਨਹੀਂ ਸਕਦਾ। ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਬਸ ਉੱਲੂ ਵਾਂਗ ਵੇਖਦਾ ਹੀ ਰਹਿੰਦਾ ਹੈ ਬਸ ਵੇਖਦਾ ਹੀ ਰਹਿੰਦਾ ਇਕ ਦਿਨ ਵੇਖਣਾ ਵੀ ਬੰਦ ਹੋ ਜਾਂਦਾ ਹੈ।
No comments:
Post a Comment