ਇਹ ਬੋਸਨੀਆਂ ਦੀ ਰੂਹ ਹੈ...! ਸਿਵਚਰਨ ਜੱਗੀ ਕੁੱਸਾਜਦ ਬੋਸਨੀਆਂ ਦੀ ਜੰਗ ਸ਼ੁਰੂ ਹੋਈ ਤਾਂ ਬੋਸਨੀਆਂ ਦੇ ਉਜੜੇ-ਉਖੜੇ ਲੋਕ ਆਪਣੀ ਜਾਨ ਬਚਾ ਕੇ ਵਾਹੋ ਦਾਹੀ ਯੂਰਪ ਦੇ ਦੇਸ਼ਾਂ ਨੂੰ ਤੁਰ ਪਏ। ਬੁਰੇ ਹਾਲਾਤ ਦੇਖ ਕੇ ਯੂਰਪ ਦੇ ਹਰ ਦੇਸ਼ ਨੇ ਆਪਣੀ ਸਮਰੱਥਾ ਅਨੁਸਾਰ ਆਪਣੇ ਦੇਸ਼ਾਂ ਦੇ ਦਰਵਾਜੇ ਖੋਲ੍ਹ ਦਿੱਤੇ ਅਤੇ ਮਿਥੇ ਕੋਟੇ ਅਨੁਸਾਰ ਬੋਸਨੀਆਂ ਦੇ ਲੋਕਾਂ ਨੂੰ ਧੜਾ ਧੜ 'ਸ਼ਰਨ' ਦੇਣੀਂ ਸ਼ੁਰੂ ਕਰ ਦਿੱਤੀ। ਪਰ ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਕਈ ਹੋਰ ਦੇਸ਼ਾਂ ਦੇ 'ਗਿੱਦੜਮਾਰ' ਲੋਕ ਵੀ ਬੋਸਨੀਆਂ ਦੇ ਨਾਂ ਉਪਰ 'ਸਟੇਅ' ਅਪਲਾਈ ਕਰਨ ਲੱਗ ਪਏ। ਉਸ ਸਮੇਂ ਮੈਂ ਆਸਟਰੀਆ ਦੇ ਸ਼ਹਿਰ ਸਾਲਜ਼ਬਰਗ ਰਹਿ ਰਿਹਾ ਸੀ ਅਤੇ ਜਰਮਨ ਅਤੇ ਆਸਟਰੀਆ ਦੀ ਬਾਰਡਰ ਪੁਲੀਸ ਲਈ ਦੋਭਾਸ਼ੀਏ ਦਾ ਕੰਮ ਕਰ ਰਿਹਾ ਸੀ। ਜਰਮਨ ਗੌਰਮਿੰਟ ਨੂੰ ਜਦ ਬੋਸਨੀਆਂ ਦੇ 'ਅਖੌਤੀ' ਅਤੇ ਜਾਹਲੀ ਲੋਕਾਂ ਬਾਰੇ ਪਤਾ ਚੱਲਿਆ ਤਾਂ ਅਸੀਂ ਸਰਵੇ ਜਿਹਾ ਕਰਨ ਅਤੇ ਹਾਲਾਤਾਂ ਦਾ ਜਾਇਜਾ ਲੈਣ ਲਈ ਬੋਸਨੀਆਂ ਨੂੰ ਚਾਲੇ ਪਾ ਦਿੱਤੇ!
ਬੋਸਨੀਆਂ ਦੇ ਲੋਕਾਂ ਨੇ ਤਕਰੀਬਨ ਚਾਰ ਸਾਲ ਜੰਗ ਦਾ ਸੰਤਾਪ ਪਿੰਡੇ 'ਤੇ ਹੰਢਾਇਆ ਹੈ। ਪਰ ਅੱਜ ਵੀ ਲੋਕ ਕਰੋਪੀ ਦੇ ਸਤਾਏ 'ਤਰਾਸੇ-ਤਰਾਸੇ' ਅਤੇ 'ਦੁਰਕਾਰੇ' ਜਿਹੇ ਤੱਕ ਰਹੇ ਹਨ। ਬੰਬਾਂ ਨਾਲ ਤਬਾਹ ਹੋਈਆਂ ਬਿਲਡਿੰਗਾਂ ਅਤੇ ਮਕਾਨ ਤਾਂ ਉਸਾਰੇ ਜਾ ਰਹੇ ਹਨ। ਪਰ ਮਾਨੁੱਖੀ ਰੂਹਾਂ ਸਹਿਮ ਅਤੇ ਨਫ਼ਰਤ ਨਾਲ ਭਰੀਆਂ, ਘੁਣ ਵਾਂਗ ਖਾਧੀਆਂ ਪਈਆਂ ਹਨ। ਲੋਕ ਆਸ ਭਰੀਆਂ ਨਜ਼ਰਾਂ ਨਾਲ ਲੜਾਈ ਤੋਂ ਪਹਿਲਾਂ ਵਾਲਾ ਖੁਸ਼ਹਾਲ ਜੀਵਨ ਜਿਉਣਾ ਚਾਹੁੰਦੇ ਹਨ।
-"ਛੇ ਮਈ ਨੂੰ ਸਰਬੀਆ ਵਿਚ ਕੋਈ ਕੌਮੀਂ ਤਿਉਹਾਰ ਸੀ-ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਸਾਡੇ ਹੀ ਗੁਆਂਢੀ, ਜਿੰਨ੍ਹਾ ਨਾਲ ਅਸੀਂ ਸਦੀਆਂ ਤੋਂ ਵਰਤਦੇ ਆ ਰਹੇ ਸਾਂ-ਦੁਖ-ਸੁਖ ਦੇ ਭਾਈਵਾਲ-ਸਾਡੇ 'ਤੇ ਹੀ ਵਾਰ ਕਰਨਗੇ-ਰਿਵਾਜ਼ ਅਨੁਸਾਰ ਤਿਉਹਾਰ ਕਾਰਨ ਸਾਰੇ ਲੋਕ ਇਕ ਪਹਾੜੀ 'ਤੇ ਇਕੱਠੇ ਹੋ ਰਹੇ ਸਨ-ਪਰ ਰਾਤ ਨੂੰ 9 ਵੱਜ ਕੇ 50 ਮਿੰਟ ਉਹਨਾਂ ਨੇ ਸਾਡੇ ਅਤੇ ਸਾਡੇ ਘਰਾਂ ਉਪਰ ਗੋਲਾਬਾਰੀ ਸੁ਼ਰੂ ਕਰ ਦਿੱਤੀ! ਗੁਆਂਢੀ ਹੀ ਗੁਆਂਢੀਆਂ ਉਪਰ ਗੋਲੀਆਂ ਚਲਾ ਰਹੇ ਸਨ!! ਇਹ ਸਾਡੇ ਲਈ ਘਿਨਾਉਣੀ ਅਤੇ ਮਨਹੂਸ ਜੰਗ ਦੀ ਸ਼ੁਰੂਆਤ ਸੀ।" ਦਰੀਸੀਨਾਂ ਅੱਜ ਤੱਕ ਲੜਾਈ ਦਾ ਮਕਸਦ ਨਹੀਂ ਸਮਝ ਸਕੀ, "ਸਾਡੇ ਲਈ ਇਹ ਸਦਮਾਂ ਨਹੀਂ ਕਿ ਸਾਡਾ ਕੋਈ ਘਰ ਤਬਾਹ ਹੋ ਗਿਆ-ਸਾਡੇ ਲਈ ਅਸਹਿ ਸਦਮਾਂ ਉਦੋਂ ਹੁੰਦਾ ਹੈ ਜਦੋਂ ਕਿਸੇ ਪ੍ਰੀਵਾਰ ਦੇ ਮੈਂਬਰ ਦੀ ਜਾਨ ਜਾਂਦੀ ਹੈ!"
ਜੰਗ ਦੇ ਦਿਨਾਂ ਵਿਚ ਬੋਸਨੀਆਂ ਦੇ ਉਤਰੀ ਇਲਾਕੇ ਦੇ ਸ਼ਹਿਰ ਸੇਨੀਸਾ ਤੋਂ ਸੌ ਕਿਲੋਮੀਟਰ ਦੂਰ ਬਲੇਯਾ ਪਲੋਕਾ ਦਾ ਏਰੀਆ ਸਭ ਤੋਂ ਜਿ਼ਆਦਾ ਕਰੋਪੀ ਦਾ ਸਿ਼ਕਾਰ ਰਿਹਾ। ਲੜਾਈ ਤੋਂ ਪਹਿਲਾਂ ਇਸ ਸਥਾਨ 'ਤੇ 320 ਘਰ ਸਨ। 1200 ਨਿਵਾਸੀਆਂ ਵਿਚੋਂ 400 ਸਿਰਬਿਸ਼ ਸਨ। ਸਰਕਾਰੀ ਅੰਕੜਿਆਂ ਅਨੁਸਾਰ ਸਿਰਫ਼ 36 ਮੌਤਾਂ ਦੀ ਪੁਸ਼ਟੀ ਕੀਤੀ ਗਈ, ਜਦ ਕਿ ਗਿਣਤੀ ਇਸ ਤੋਂ ਕਿਤੇ ਵੱਧ ਸੀ। ਹੁਣ ਬਲੇਯਾ ਪਲੋਕਾ ਵਿਚ ਕਿਤਨੀ ਜਨ-ਸੰਖਿਆ ਹੈ? ਕਿਸੇ ਨੂੰ ਨਹੀਂ ਪਤਾ! ਕਈ ਪ੍ਰੀਵਾਰ ਤਾਂ ਇਤਨੇ ਸੰਕਟ ਵਿਚ ਰਹਿ ਰਹੇ ਹਨ ਕਿ ਉਹਨਾਂ ਨੂੰ ਬਿਲਕੁਲ ਤਬਾਹ ਹੋਏ ਘਰਾਂ ਵਿਚ, ਬਗੈਰ ਛੱਤ ਤੋਂ ਰਹਿਣਾ ਪੈ ਰਿਹਾ ਹੈ!
ਵੱਖ-ਵੱਖ ਦੇਸ਼ਾਂ ਵੱਲੋਂ ਇਕ 'ਵਰਲਡ-ਵੀਯਨ' ਜੱਥੇਬੰਦੀ ਤਿਆਰ ਕੀਤੀ ਗਈ ਹੈ, ਜਿਸ ਨੇ ਤਬਾਹ ਹੋਏ ਮਕਾਨਾਂ ਅਤੇ ਬਿਲਡਿੰਗਾਂ ਨੂੰ ਮੁੜ ਉਸਾਰਨ ਦਾ ਕੰਮ ਆਪਣੇ ਹੱਥ ਲਿਆ ਹੈ। ਜਰਮਨੀ ਵੱਲੋਂ ਇਸ ਸੰਸਥਾ ਨੂੰ ਪੂਰਾ ਪੂਰਾ ਸਹਿਯੋਗ ਹਾਸਲ ਹੈ। ਇਕ ਬੁਲਾਰੇ ਅਨੁਸਾਰ, "ਐਂਮਰਜੈਂਸੀ ਵਿਚ ਅਸੀਂ ਛੱਤਾਂ ਦੀ ਮੁਰੰਮਤ, ਇਕ ਇਕ ਡਰਾਇੰਗ ਰੂਮ, ਇਕ ਇਕ ਬੈੱਡ ਰੂਮ, ਕਿਚਨ ਅਤੇ ਬਾਥਰੂਮ ਉਸਾਰਨ ਦਾ ਪ੍ਰੋਗਰਾਮ ਉਲੀਕਿਆ ਹੈ-ਪਾੜ ਪਈਆਂ ਕੰਧਾਂ ਸੀਮਿੰਟ ਅਤੇ ਬੱਜਰੀ ਨਾਲ ਭਰੀਆਂ ਜਾਣਗੀਆਂ ਅਤੇ ਬਿਜਲੀ-ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ-ਸਰਦੀ ਦਾ ਮੌਸਮ ਨੇੜੇ ਆਉਂਦਾ ਕਰਕੇ ਲੋਕਾਂ ਨੂੰ ਸਿਰ ਢਕਣ ਜੋਕਰੀ ਥਾਂ ਬਣਾਉਣ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ-ਰੰਗ ਰੋਗਨ ਅਤੇ ਬੇਸਮੈਂਟਾਂ ਦਾ ਕੰਮ ਅਸੀਂ ਗਰਮੀਆਂ 'ਤੇ ਛੱਡ ਦਿੱਤਾ ਹੈ-ਫਿਲਹਾਲ ਪ੍ਰੀਵਾਰਾਂ ਦਾ ਵਸੇਬਾ ਕਰਨ ਲਈ ਹੀ ਉਪਰਾਲੇ ਕਰ ਰਹੇ ਹਾਂ।"
ਇਸ 'ਤੇਜ਼-ਉਸਾਰੀ' ਲਈ ਹੈਲਪ-ਆਰਗੇਨਾਈਜ਼ੇਸ਼ਨ ਵੱਲੋਂ ਇਕ ਮਕਾਨ ਮਗਰ ਕਰੀਬ ਡੇਢ ਲੱਖ ਰੁਪਏ ਮਨਜੂਰ ਕੀਤੇ ਹਨ। ਪਰ ਇਹ ਸਿਰਫ਼ ਉਹਨਾਂ ਪ੍ਰੀਵਾਰਾਂ ਲਈ ਹੀ ਹੈ, ਜੋ ਆਪਣੇ ਉਹਨਾਂ ਹੀ ਘਰਾਂ ਵਿਚ ਵਸਣ ਦੇ ਇਛੁਕ ਹਨ। ਇੱਥੇ ਗੱਲ ਵਰਨਣਯੋਗ ਹੈ ਕਿ ਕਈ ਪ੍ਰੀਵਾਰ ਆਪਣੇ ਪੁਰਾਣੇ ਮਕਾਨਾਂ ਵਿਚ ਵਾਪਿਸ ਜਾਣ ਨੂੰ ਤਿਆਰ ਨਹੀ, ਕਿਉਂਕਿ ਆਪਣੇ ਪ੍ਰੀਵਾਰਾਂ ਦਾ ਹੱਦੋਂ ਵੱਧ ਹੋਇਆ, ਜਾਨੀ ਨੁਕਸਾਨ ਉਹਨਾਂ ਘਰਾਂ ਵਿਚ ਵਿੱਛੜਿਆਂ ਦੀ ਦਰਦੀਲੀ ਯਾਦ ਦਿਵਾਉਂਦਾ ਅਤੇ ਹਿਰਦੇ ਵਲੂੰਧਰਦਾ ਰਹੇਗਾ। ਜਿਸ ਜਗਾਹ 'ਤੇ ਉਹ ਬਿਲਕੁਲ ਕੰਗਾਲ ਹੋ ਗਏ ਅਤੇ ਆਪਣੇ ਭੈਣਾਂ, ਭਰਾਵਾਂ, ਪੁੱਤਰਾਂ ਦੀਆਂ ਕੀਮਤੀ ਜਾਨਾਂ ਗੁਆ ਬੈਠੇ, ਉਥੇ ਉਹ ਕਦਾਚਿੱਤ ਵੀ, ਕਿਸੇ ਵੀ ਕੀਮਤ 'ਤੇ ਜਾਣ ਲਈ ਤਿਆਰ ਨਹੀਂ!
ਮੀਆਂ-ਬੀਵੀ ਮੀਯੋ ਅਤੇ ਏਨੀਸਾ ਦਰੀਸੀਨਾ ਜਿਹੜੇ, ਇਸ ਲੜਾਈ ਪਿੱਛੇ ਮਕਸਦ ਕੀ ਸੀ? ਹੁਣ ਤੱਕ ਨਹੀ ਸਮਝ ਸਕੇ, ਉਹਨਾਂ ਨੂੰ ਆਪਣੇ ਮਕਾਨ ਦੀ ਆਪ ਮੁਰੰਮਤ ਕਰਨੀ ਪੈ ਰਹੀ ਹੈ। ਕਿਉਂਕਿ ਉਹਨਾਂ ਦੇ ਮਕਾਨ ਦੀ ਸਿਰਫ਼ ਉਪਰਲੀ ਛੱਤ ਨੂੰ ਹੀ ਨੁਕਸਾਨ ਪੁੱਜਾ ਹੈ। ਏਨੀਸਾ ਹੋਟਲ ਵਿਚ ਕੰਮ ਕਰਦੀ ਹੈ ਅਤੇ ਮੀਯੋ ਇਕ ਲੋਹੇ ਦੀ ਫੈਕਟਰੀ ਵੱਲੋ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ। ਜੰਗ ਦੇ ਸੁਰੂ ਹੋਣ ਤੋਂ ਪਹਿਲਾਂ ਇਸ ਫੈਕਟਰੀ ਵਿਚ 20 ਹਜ਼ਾਰ ਮਜ਼ਦੂਰ ਕੰਮ ਕਰਦੇ ਸਨ ਅਤੇ ਹੁਣ ਗਿਣਤੀ ਸਿਰਫ਼ 7 ਹਜ਼ਾਰ ਤੱਕ ਹੀ ਰਹਿ ਗਈ ਹੈ। ਇਸ ਫੈਕਟਰੀ ਵਿਚ ਇਕ ਮਜ਼ਦੂਰ ਦੀ ਤਨਖਾਹ ਕਰੀਬ 2000 ਰੁਪਏ ਮਾਸਿਕ ਹੈ। ਜੋ ਕਿ ਬਹੁਤ ਹੀ ਘੱਟ ਹੈ। ਪਹਿਲਾਂ ਇਸ ਫੈਕਟਰੀ ਵਿਚ ਸਿ਼ੱਪਾਂ ਅਤੇ ਕਰੇਨਾਂ ਦੇ ਪੁਰਜ਼ੇ ਤਿਆਰ ਕਰਕੇ ਸੰਸਾਰ ਭਰ ਵਿਚ ਭੇਜੇ ਜਾਂਦੇ ਸਨ। ਹੁਣ ਸਿਰਫ ਛੋਟੇ ਮੋਟੇ ਪੁਰਜ਼ੇ ਤਿਆਰ ਕਰਕੇ ਸਿਰਫ ਜਰਮਨੀ ਨੂੰ ਹੀ ਭੇਜੇ ਜਾਂਦੇ ਹਨ। ਹੌਲੀ-ਹੌਲੀ ਮੀਆਂ-ਬੀਵੀ ਆਪਣੇ ਮਕਾਨ ਦੀ ਲੋੜੀਂਦੀ ਮੁਰੰਮਤ ਕਰ ਰਹੇ ਹਨ। ਪੈਸੇ ਦੀ ਸਖਤ ਕਮੀਂ ਹੈ। ਹੁਣ ਉਹ ਆਪਣੇ ਮਕਾਨ ਦੇ ਪਿਛਲੇ ਗਾਰਡਨ ਵਿਚ ਗੁਜ਼ਾਰੇ ਜੋਗੀ ਸਬਜ਼ੀ ਉਗਾ ਲੈਂਦੇ ਹਨ ਅਤੇ ਦਿਨ ਕਟੀ ਕਰ ਲੈਂਦੇ ਹਨ। ਮਿੱਧੇ ਕੁਚਲੇ ਬੂਟਿਆਂ 'ਚੋਂ ਹੁਣ ਗੁਲਾਬ ਦੇ ਫੁੱਲ ਵੀ ਮਾੜੇ ਮੋਟੇ ਹੱਸਣ ਲੱਗ ਪਏ ਹਨ।
ਟੀ. ਵੀ. ਬਦਲੇ ਇਕ ਡਬਲਰੋਟੀ !!
ਸਿਆਣੇ ਆਖਦੇ ਹਨ ਕਿ ਜਦੋਂ ਰੱਬ ਦਿੰਦੈ ਛੱਪਰ ਪਾੜ ਕੇ ਦਿੰਦੈ, ਤੇ ਜਦੋਂ ਉਹ ਕਰੋਧੀ ਹੋ ਜਾਵੇ ਤਾਂ ਮਹਾਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦੈ! ਇਕ ਬਜੁਰਗ ਬਲੇਯਾ ਪਲੋਕਾ ਵਿਚ, ਇਕ ਬੱਕਰੀਆਂ ਦੇ ਵਾੜੇ ਵਿਚ ਦਿਨ ਤੋੜ ਰਿਹਾ ਹੈ। ਉਸ ਦੇ ਮਕਾਨ ਦੀ ਮਰੰਮਤ ਵੀ ਨਹੀ ਕੀਤੀ ਜਾ ਰਹੀ। ਜਦ ਕਿ ਉਸ ਦਾ ਘਰ ਬਿਲਕੁਲ ਤਬਾਹ ਹੋ ਗਿਆ ਸੀ। ਉਸ ਦੀ ਬਦਕਿਸਮਤੀ ਸਿਰਫ ਇਹ ਹੈ ਕਿ ਉਸ ਕੋਲ ਕੁਝ ਬੱਕਰੀਆਂ ਦੀ ਮਲਕੀਅਤ ਹੈ। ਬੱਕਰੀਆਂ ਦੀ ਮਲਕੀਅਤ ਹੀ ਉਸ ਦਾ ਕਸੂਰ ਹੈ। ਆਮ ਲੋਕ ਕਹਿੰਦੇ ਹਨ ਕਿ, "ਜੋ ਕੁਝ ਵੀ ਸਾਡੇ ਵੱਸ ਹੈ-ਅਸੀਂ ਸਬਜ਼ੀਆਂ ਉਗਾਉਣ ਦੀ ਕੋਸਿ਼ਸ਼ ਕਰ ਰਹੇ ਹਾਂ-ਜਿਵੇਂ ਆਲੂ, ਬੈਂਗਣ, ਮਿਰਚਾਂ, ਖੀਰੇ ਅਤੇ ਖਰਬੂਜੇ ਆਦਿ-ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇਸ਼ਾਂ ਦੇ ਜਿਹਨਾਂ ਨੇ ਬਿਪਤਾ ਸਮੇਂ ਸਾਡੀ ਮੱਦਦ ਕੀਤੀ-ਖਾਸ ਤੌਰ 'ਤੇ ਅਸੀਂ ਉਹਨਾਂ ਮੁਲਕਾਂ ਦੇ ਹਾਰਦਿਕ ਧੰਨਵਾਦੀ ਹਾਂ-ਜਿਹਨਾਂ ਨੇ ਬੋਸਨੀਆਂ ਵਿਚ ਸ਼ਾਂਤੀ ਲਿਆਉਣ ਲਈ ਉਪਰਾਲੇ ਕੀਤੇ-ਅਸੀਂ ਯੂਰਪੀਅਨ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਨੂੰ ਕੱਪੜੇ ਲੱਤੇ ਜਾਂ ਖਾਣੇ ਦੇ ਪੈਕਟ ਬਗੈਰਾ ਨਾਂ ਭੇਜਣ-ਸਗੋਂ ਸਾਡੇ ਕੋਲ ਖੁਦ ਆਉਣ-ਸਾਡੇ ਨਾਲ ਦੁਖ-ਸੁਖ ਕਰਨ-ਦੇਖਣ ਅਤੇ ਵਾਚਣ ਕਿ ਸਾਡਾ ਕੀ ਬੁਰਾ ਹਾਲ ਹੈ! ਸਾਨੂੰ ਹਮਦਰਦ ਚਾਹੀਦੇ ਹਨ-ਜੋ ਗੱਲਾਂ ਬਾਤਾਂ ਰਾਹੀਂ ਸਾਡੇ ਦਿਲਾਂ ਦਾ ਬੋਝ ਹਲਕਾ ਕਰਨ-ਮੁਸ਼ਕਿਲਾਂ ਅਤੇ ਲਹੂ ਲੁਹਾਣ ਹਿਰਦਿਆਂ ਦੀ ਹੂਕ ਸੁਣਨ-ਅਸੀਂ ਢਿੱਡੋਂ ਘੱਟ ਪਰ ਮਾਨਸਿਕ ਪੱਖੋਂ ਜਿ਼ਆਦਾ ਹਾਬੜੇ ਹੋਏ ਹਾਂ!"
ਵਰਲਡ-ਵੀਯਨ ਦੀ ਮੱਦਦ ਨਾਲ ਹੁਣ ਤੱਕ 52 ਮਕਾਨਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਪਿਛਲੇ ਸਰਦੀਆਂ ਦੇ ਮੌਸਮ ਵਿਚ ਪੀੜਤਾਂ ਨੂੰ ਖਾਣ ਪੀਣ ਦੀਆਂ ਵਸਤਾਂ ਸਪਲਾਈ ਕੀਤੀਆਂ ਗਈਆਂ ਸਨ। ਪਰ ਅੱਜ ਉਹਨਾਂ ਨੂੰ ਆਪਣੇ ਗਾਰਡਨਾਂ ਵਿਚ ਉਗਾਈਆਂ ਸਬਜ਼ੀਆਂ 'ਤੇ ਹੀ ਗੁਜ਼ਾਰਾ ਕਰਨਾਂ ਪੈ ਰਿਹਾ ਹੈ ਅਤੇ ਉਹ ਆਪਣੀਆਂ ਸਬਜ਼ੀਆਂ ਉਪਰ ਹੀ ਨਿਰਭਰ ਹਨ। ਤੇਲ, ਗੈਸ ਜਾਂ ਬਿਜਲੀ, ਹੀਟ ਲਈ ਕਦੇ ਹੀ ਨਸੀਬ ਹੂੰਦੀ ਹੈ। ਨਤੀਜੇ ਵਜੋਂ ਆਉਣ ਵਾਲੇ ਬਾਰਿਸ਼ਾਂ ਦੇ ਮੌਸਮ ਲਈ ਜੰਗਲ ਕੱਟੇ ਜਾ ਰਹੇ ਹਨ। ਸ਼ਹਿਰਾਂ ਵਿਚ ਲੱਕੜੀਆਂ ਕੱਟ ਕੇ ਬਾਲਕੋਨੀਆਂ ਵਿਚ ਚਿਣੀਆਂ ਜਾ ਰਹੀਆਂ ਹਨ। ਜੋ ਫਲੈਟ ਗੌਰਮਿੰਟ ਵੱਲੋਂ ਤਿਆਰ ਕਰਕੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ, ਉਹਨਾਂ ਦਾ ਮਹੀਨੇ ਦਾ ਕਿਰਾਇਆ ਤਕਰੀਬਨ 250 ਰੁਪਏ ਹੈ। ਜਿਹੜਾ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ। ਇਕ ਪੁਰਾਣੀ ਕਾਰ ਦੀ ਕੀਮਤ ਤਕਰੀਬਨ 21000 ਰੁਪਏ ਹੈ। ਜਦ ਕਿ ਨਵੀਂ ਕਾਰ ਦੀ ਕੀਮਤ ਦੋ ਲੱਖ ਸੱਤਰ ਹਜ਼ਾਰ ਰੁਪਏ ਹੈ। ਇਕ ਆਮ ਸਾਈਕਲ ਦੀ ਕੀਮਤ 4200 ਰੁਪਏ ਹੈ। ਯੋਗੂ ਨੇਜ਼ਾਦ ਦੱਸਦਾ ਹੈ, "ਲੜਾਈ ਤੋਂ ਪਹਿਲਾਂ ਅਸੀਂ ਬੜੇ ਖੁਸ਼ਹਾਲ-ਘੁੱਗ ਵਸਦੇ ਸੀ-ਲੜਾਈ ਮੌਕੇ ਕਈ ਮਜ਼ਬੂਰ ਅਤੇ ਭੁੱਖੇ ਲੋਕਾਂ ਨੇ ਆਪਣੇ ਟੀ ਵੀ ਸੈੱਟ ਡਬਲਰੋਟੀ ਬਦਲੇ ਵਟਾਏ!" ਇਤਨਾ ਵੱਡਾ ਘੱਲੂਘਾਰਾ ਵਾਪਰਨ ਦੇ ਬਾਵਜੂਦ ਵੀ ਲੋਕ ਬੜੇ ਮਿਲਾਪੜੇ ਅਤੇ ਹਾਸਾ ਠੱਠਾ ਕਰਦੇ ਹਨ। ਆਪਣੇ ਮੁਰੰਮਤ ਕੀਤੇ ਮਕਾਨ ਦਿਖਾਉਂਦੇ ਹਨ ਅਤੇ ਹੌਂਸਲੇ ਦੀ ਬੁਲੰਦੀ ਦਾ ਪ੍ਰਗਟਾਵਾ ਕਰਦੇ ਹਨ।
ਅਸੀਂ ਇਕ ਬਹੁਤ ਹੀ ਵਿਸ਼ਾਲ, ਪਰ ਤਬਾਹ ਹੋਈ ਬਿਲਡਿੰਗ ਵੱਲ ਹੱਥ ਕਰਕੇ ਇਕ ਨੌਜਵਾਨ ਨੂੰ ਪੁੱਛਿਆ ਤਾਂ ਉਸ ਨੇ ਸਾਨੂੰ ਜਰਮਨ ਭਾਸ਼ਾ ਵਿਚ ਉੱਤਰ ਦਿੱਤਾ, "Das ist die bosnische Seele..!" ਅਰਥਾਤ, "ਇਹ ਬੋਸਨੀਆਂ ਦੀ ਰੂਹ ਹੈ..!" ਸ਼ਾਇਦ ਉਸ ਦਾ ਭਾਵ 'ਉਜੜ ਜਾਣ' ਤੋਂ ਸੀ!!
No comments:
Post a Comment