ਇੱਕ ਕੁੜੀ ਦਾ ਸੁਪਨਾ ਬਨਾਮ ਸਮਾਜ ਦੀ ਲਾਰਾਂ ਟਪਕਾਉਂਦੀ ਜੀਭ.....।

ਸੰਦੀਪ ਕੌਰ ਖੁਰਮੀ ਹਿੰਮਤਪੁਰਾ
ਵਿਆਹ ਦਾ ਸੁਪਨਾ ਹਰ ਕੁੜੀ ਦੇ ਮਨ ਵਿੱਚ ਹੁੰਦਾ ਹੈ ਪਰ ਜੇਕਰ ਕੁੜੀ ਨੂੰ ਵਧੀਆ ਘਰ ਤੇ ਪਰਿਵਾਰ ਮਿਲ ਜਾਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ| ਕੁੜੀ ਨੂੰ ਵਧੀਆ ਘਰ ਤੇ ਪਰਿਵਾਰ ਤਾਂ ਹੀ ਮਿਲੇਗਾ ਜੇਕਰ ਤੁਸੀ ਆਪਣੀ ਕੁੜੀ ਨੂੰ ਆਪਣੀ ਹੈਸੀਅਤ ਤੋਂ ਵੀ ਵੱਧ ਦਾਜ ਦੇਵੋਗੇ| ਜੀ ਹਾਂ ਇਹ ਸੋਚਣੀ ਹੈ ਆਪਣੇ ਅੱਜ ਦੇ ਸਮਾਜ ਦੀ|
ਕੀ ਤਹਾਨੂੰ ਪਤਾ ਹੈ ਕਿ ਦਾਜ ਕੀ ਹੁੰਦਾ ਹੈ? ਲੜਕੀ ਨੂੰ ਸਾਦੀ ਦੇ ਮੌਕੇ 'ਤੇ ਮਾਪਿਆਂ ਵੱਲੋਂ ਪਿਆਰ, ਮਮਤਾ ਨਾਲ ਦਿੱਤਾ ਸਮਾਨ ਦਾਜ ਹੈ| ਪੁਰਾਣੇ ਜ਼ਮਾਨੇ ਵਿੱਚ ਲੜਕੀ ਦੇ ਵਿਆਹ 'ਤੇ ਮਾਪਿਆਂ ਵੱਲੋਂ ਆਪਣੀ ਹੈਸੀਅਤ ਦੇ ਅਨੁਸਾਰ ਚੀਜਾਂ, ਤੋਹਫੇ ਜਾਂ ਭੇਟਾ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਸਨ ਤੇ ਦੂਸਰੀ ਧਿਰ ਵੱਲੋਂ ਵੀ ਇਹ ਖੁਸ਼ੀ-ਖੁਸ਼ੀ ਪਰਵਾਨ ਕਰ ਲਈਆਂ ਜਾਂਦੀਆਂ ਸਨ| ਇਹਨਾਂ ਚੀਜ਼ਾਂ ਜਾਂ ਤੋਹਫਿਆਂ ਨੂੰ ਦਾਜ ਦਾ ਨਾਮ ਮਿਲਿਆ। ਪਰ ਅਜੋਕੇ ਸਮੇਂ ਵਿਚ ਦਾਜ ਪ੍ਰਥਾ ਨੇ ਬਹੁਤ ਹੀ ਭਿਅੰਕਰ ਰੂਪ ਧਾਰਨ ਕਰ ਲਿਆ ਹੈ| ਜਦੋਂ ਮੁੰਡੇ ਦੇ ਰਿਸਤੇ ਦੀ ਗੱਲ ਚਲਦੀ ਹੈ ਤਾਂ ਇਹ ਨਹੀ ਦੇਖਿਆ ਜਾਂਦਾ ਕਿ ਕੁੜੀ ਕਿਸ ਖਾਨਦਾਨ ਵਿਚੋਂ ਹੈ? ਕੀ ਪੜੀ ਲਿਖੀ ਹੈ? ਕਿੰਨੀ ਕੁ ਸੰਸਕਾਰੀ ਹੈ? ਦੇਖਿਆ ਜਾਂਦਾ ਹੈ ਤਾਂ ਸਿਰਫ ਇਹੀ ਕਿ ਕੁੜੀ ਦੇ ਮਾਪਿਆਂ ਕੋਲ ਕਿੰਨਾ ਕੁ ਪੈਸਾ ਹੈ ਤੇ ਉਹ ਦਾਜ ਵਿਚ ਕੀ ਕੀ ਦੇਣਗੇ| ਇੱਥੇ ਨਾਂ ਤਾਂ ਸੋਹਣੀ ਸੁਨੱਖੀ ਕੁੜੀ ਦੇਖੀ ਜਾਂਦੀ ਹੈ ਅਤੇ ਨਾਂ ਹੀ ਉਸਦੀ ਪੜ੍ਹਾਈ ਲਿਖਾਈ| ਇਸੇ ਤਰ੍ਹਾਂ ਕੁੜੀ ਦੇ ਮਾਪੇ ਵੀ ਜਦੋਂ ਕੁੜੀ ਦਾ ਰਿਸਤਾ ਕਰਦੇ ਹਨ ਤਾਂ ਵਿਚੋਲੇ ਨੂੰ ਪਹਿਲਾਂ ਇਹੀ ਗੱਲ ਪੁੱਛਦੇ ਹਨ ਕਿ ਮੁੰਡੇ ਵਾਲਿਆਂ ਦੀ ਮੰਗ ਕੀ ਹੈ? ਜੇਕਰ ਮੁੰਡੇ ਵਾਲੇ 15-20 ਲੱਖ ਮੰਗ ਵੀ ਲੈਂਦੇ ਹਨ ਤਾਂ ਕੁੜੀ ਦੇ ਮਾਪਿਆਂ ਕੋਲ ਸਿਰਫ ਦੋ ਰਸਤੇ ਹੀ ਰਹਿ ਜਾਂਦੇ ਹਨ ਕਿ ਜਾਂ ਤਾਂ ਉਹ ਇਸ ਰਿਸਤੇ ਤੋਂ ਇਨਕਾਰ ਕਰ ਦੇਣ ਜਾਂ ਫਿਰ ਪੈਲੀ 'ਤੇ ਅਗੂੰਠਾ ਲਗਾ ਦੇਣ|ਅੱਜ ਦੇ ਜਮਾਨੇ ਵਿਚ ਕਿਉਂ ਇਹੋ ਜਿਹੇ ਹਾਲਾਤ ਆ ਗਏ ਹਨ ਕਿ ਹਰ ਮਾਂ-ਬਾਪ ਆਪਣੀ ਕੁੜੀ ਨੂੰ ਵਿਆਹੁਣ ਤੋਂ ਡਰਦਾ ਹੈ? ਕਿਉਂ ਲੋਕ ਧੀਆਂ ਜੰਮਣ ਤੋਂ ਡਰਦੇ ਹਨ? ਕਿਉਂ ਕੁੜੀ ਨੂੰ ਜਨਮ ਸਮੇਂ ਹੀ ਬੋਝ ਸਮਝਿਆ ਜਾਂਦਾ ਹੈ? ਅਜਿਹਾ ਇਸ ਲਈ ਹੈ ਕਿਉਂ ਕਿ ਕੁੜੀ ਨੇ ਵਿਆਹ ਸਮੇਂ ਉਹੀ ਘਰ ਖਾਲੀ ਕਰਵਾ ਦੇਣਾ ਹੁੰਦਾ ਹੈ ਤੇ ਜੇਕਰ ਉਸਦੀ ਜਗ੍ਹਾ ਮੁੰਡਾ ਹੁੰਦਾ ਤਾਂ ਉਸ ਨੇ ਉਹੀ ਘਰ ਭਰਵਾ ਦੇਣਾ ਸੀ ਕਿਉਕਿ ਖਾਲੀ ਘਰ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ। ਹੁਣ ਗੱਲ ਕਰਦੀ ਹਾਂ ਕਿ ਦਾਜ ਵਿਚ ਕਿਹੜੀਆਂ-ਕਿਹੜੀਆਂ ਚੀਜਾਂ ਸਾਮਿਲ ਹੋ ਚੁੱਕੀਆਂ ਹਨ| ਪੁਰਾਣੇ ਸਮਿਆਂ ਵਿਚ ਆਮਦਨ ਘੱਟ ਹੁੰਦੀ ਸੀ ਤੇ ਮਨੁੱਖ ਦੀਆਂ ਜਰੂਰਤਾਂ ਵੀ ਘੱਟ ਹੁੰਦੀਆਂ ਸਨ ਤੇ ਨਾਲ ਹੀ ਦਾਜ ਵੀ ਘੱਟ ਹੁੰਦਾ ਸੀ| ਉਦੋਂ ਕੁੜੀ ਨੂੰ ਸਿਰਫ ਦੋ-ਚਾਰ ਭਾਂਡੇ ਤੇ ਕੱਪੜੇ ਹੀ ਦਿੱਤੇ ਜਾਂਦੇ ਸਨ ਪਰ ਅਜੋਕੇ ਸਮੇਂ ਵਿੱਚ ਜੇਕਰ ਕੋਈ ਅਮੀਰ ਆਪਣੀ ਲੜਕੀ ਨੂੰ 70-80 ਹਜਾਰ ਦਾ ਮੋਟਰ-ਸਾਈਕਲ ਵੀ ਦੇ ਦੇਵੇ ਤਾਂ ਲੋਕ ਕਹਿਣਗੇ "ਬੱਸ ਮੋਟਰ-ਸਾਈਕਲ ਹੀ ਦਿੱਤਾ ਐਨਾ ਅਮੀਰ ਸੀ ਗੱਡੀ ਦੇ ਦਿੰਦਾ"। ਲੋਕ ਇਹ ਨਹੀਂ ਸੋਚਦੇ ਕਿ ਜੇਕਰ ਅੱਜ ਅਮੀਰ ਗੱਡੀ ਦੇਵੇਗਾ ਤਾਂ ਕੱਲ ਨੂੰ ਗਰੀਬ ਨੂੰ ਵੀ ਦੇਣੀ ਪਵੇਗੀ ਚਾਹੇ ਉਸ ਗਰੀਬ ਨੂੰ ਰੋਟੀ, ਕੱਪੜਾ, ਮਕਾਨ ਜੋ ਕਿ ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ ਉਨ੍ਹਾਂ ਤੋਂ ਵੀ ਮੁਥਾਜ ਕਿਉਂ ਨਾ ਹੋਣਾ ਪਵੇ। ਪਰ ਇਸ ਸਾਰੇ ਵਰਤਾਰੇ ਵਿਚ ਨਿਰਾ ਮੁੰਡੇ ਵਾਲਿਆਂ ਦਾ ਕਸੂਰ ਹੀ ਨਹੀ ਸਗੋਂ ਇਸ ਵਿਚ ਸਭ ਤੋਂ ਵੱਧ ਕਸੂਰ ਕੁੜੀ ਵਾਲਿਆਂ ਦਾ ਹੈ। ਉਹ ਇਹ ਨਹੀ ਸੋਚਦੇ ਜੇਕਰ ਅਸੀ ਆਪਣੀਆਂ ਕੁੜੀਆਂ ਨੂੰ ਸਹੁਰਿਆਂ ਵੱਲੋਂ ਮੂੰਹੋਂ ਮੰਗਿਆ ਦਾਜ ਨਾਂ ਦੇਵਾਂਗੇ ਤਾਂ ਕਿਵੇ ਮੁੰਡੇ ਵਾਲੇ ਵਿਆਹ ਤੋਂ ਇਨਕਾਰ ਕਰਨਗੇ ਤਾਂ ਉਹ ਆਪਣੇ ਲਈ ਖੱਡਾ ਖੁਦ ਹੀ ਖੋਦਣਗੇ ਕਿਉਕਿ ਜੇਕਰ ਉਹਨਾ ਨੂੰ ਸਾਰਿਆਂ ਕੁੜੀਆਂ ਵਾਲਿਆਂ ਤੋਂ ਇਹੀ ਜਵਾਬ ਮਿਲਿਆ ਤਾਂ ਕੀ ਉਹ ਆਪਣੇ ਮੁੰਡੇ ਛੜੇ ਰੱਖ ਸਕਣਗੇ? ਕੀ ਉਹ ਆਪਣੇ ਵੰਸ ਨੂੰ ਅੱਗੇ ਜਾਰੀ ਰੱਖ ਸਕਣਗੇ? ਨਹੀ, ਇਸ ਤਰਾਂ ਕਰਨ ਨਾਲ ਉਹਨਾਂ ਦਾ ਦੁਨੀਆਂ ਤੋ ਨਾਮੋ-ਨਿਸਾਨ ਹੀ ਮਿਟ ਜਾਵੇਗਾ ਤੇ ਉਹ ਮਜਬੂਰੀ ਵੱਸ ਆਪਣੇ-ਆਪ ਹੀ ਬਿਨਾਂ ਦਹੇਜ ਦੇ ਰਿਸਤਾ ਕਰਨਗੇ।
ਦੁਨੀਆ ਸਿਰਫ ਅਮੀਰਾਂ ਦੀ ਹੀ ਨਹੀ ਸਗੋਂ ਇੱਥੇ ਉਹ ਗਰੀਬ ਦੁਨੀਆਂ ਵੀ ਹੈ ਜਿੰਨਾਂ ਨੂੰ ਦੋ ਵਕਤ ਦੀ ਰੋਟੀ ਦਾ ਵੀ ਫਿਕਰ ਰਹਿੰਦਾ ਹੈ। ਜੇਕਰ ਉਹ ਆਪਣੇ ਤੋਂ ਥੋੜਾ ਉੱਚਾ ਘਰ ਆਪਣੀ ਬੇਟੀ ਲਈ ਲੱਭਦੇ ਹਨ ਤਾਂ ਕੀ ਉਹ ਗੁਨਾਹ ਕਰਦੇ ਹਨ? ਕੀ ਉਹ ਨਹੀ ਚਾਹੁੰਦੇ ਕਿ ਉਹਨਾਂ ਦੀ ਧੀ ਉਹਨਾਂ ਨਾਲੋਂ ਸੁਖੀ ਹੋਵੇ ਪਰ ਉਹ ਇਹ ਸੁਪਨਾ ਮਨ ਵਿਚ ਲੈ ਕੇ ਹੀ ਇਸ ਦੁਨੀਆਂ ਤੋਂ ਸੁਰਖਰੂ ਹੋ ਜਾਂਦੇ ਹਨ ਕਿਉਕਿ ਉਹ ਉੱਚਾ ਘਰ ਲੱਭਣ ਦੀ ਆਸ ਹੀ ਛੱਡ ਦਿੰਦੇ ਹਨ। ਕਿਉਕਿ ਉੁਹਨਾਂ ਨੂੰ ਪਤਾ ਹੁੰਦਾ ਹੈ ਕਿ ਜਿੰਨਾ ਘਰ ਉੱਚਾ ਹੋਵੇਗਾ ਉੱਨੀਆਂ ਹੀ ਉਹਨਾਂ ਦੀਆਂ ਮੰਗਾ ਜਿਆਦਾ ਹੋਣਗੀਆਂ। ਇਹੀ ਸੋਚ ਕੇ ਉਹ ਆਪਣੀਆਂ ਧੀਆਂ ਨੂੰ ਜਾਂ ਤਾਂ ਕੁਆਰੀਆਂ ਹੀ ਰੱਖ ਲੈਂਦੇ ਹਨ ਜਾਂ ਫਿਰ ਕਿਸੇ ਲੋੜੀਦੇ ਥਾਂ ਉਹਨਾਂ ਦਾ ਵਿਆਂਹ ਕਰ ਦਿੰਦੇ ਹਨ ਕਿਉਂਕਿ ਉਹ ਆਪਣੀ ਧੀ ਨੂੰ ਗਰੀਬ ਘਰ ਤਾਂ ਵਿਆਹ ਸਕਦੇ ਹਨ ਪਰ ਉਸਦੀ ਲਾਸ ਨੂੰ ਮੋਢਾ ਨਹੀ ਦੇ ਸਕਦੇ, ਕਿਉਂਕਿ ਬਹੁਤ ਸਾਰੀਆਂ ਧੀਆਂ ਜੋ ਕਿ ਹਰ ਰੋਜ ਦਾਜ ਰੂਪ ਦੈਂਤ ਦੀ ਬਲੀ ਚੜਦੀਆਂ ਹਨ ਤੇ ਬਹੁਤ ਸਾਰੇ ਮਾਪਿਆਂ ਦੀ ਮਮਤਾ ਪਲ-ਪਲ ਮਰਦੀ ਹੈ। ਜੋ ਮਾਪੇ ਆਪਣੀ ਲੜਕੀ ਦੇ ਇਕ ਛਾਲਾ ਨਹੀ ਦੇਖ ਸਕਦੇ ਉਹ ਆਪਣੇ ਹੱਥੀਂ ਆਪਣੀ ਧੀ ਨੂੰ ਬਲਦੀ ਅੱਗ ਦੇ ਹਵਾਲੇ ਕਰ ਦਿੰਦੇ ਹਨ।
ਮੰਨਿਆ ਕਿ ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਹੈ ਪਰ ਗੁਰੂਆਂ ਨੇ ਇਹ ਨਹੀ ਕਿਹਾ ਸੀ ਕਿ ਹਰ ਮਾਸੂਮ ਲੜਕੀ ਨੂੰ ਜਿਉਂਦੀ ਨੂੰ ਹੀ ਸਤੀ ਕਰ ਦਿੱਤਾ ਜਾਵੇ ਉਹ ਵੀ ਕੁਝ ਪੈਸਿਆਂ ਤੇ ਸਮਾਨ ਦੀ ਖਾਤਿਰ। ਉਹ ਸਮਾਨ ਜਿਸ ਦੀ ਨਾ ਤਾਂ ਉਮਰ ਹੁੰਦੀ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਰਿਸਤੇਦਾਰੀ। ਗੁਰੂਆਂ ਨੇ ਤਾਂ ਹੱਥੀਂ ਕਿਰਤ ਕਰਨ ਦਾ ਉਪਦੇਸ ਦਿੱਤਾ ਸੀ ਨਾ ਕਿ ਕਿਸੇ ਤੋਂ ਖੋਹਣ ਦਾ। ਜੇ ਇਹੀ ਆਪਣਾ ਸਮਾਜ ਹੈ ਤਾਂ ਫਿੱਟੇ ਮੂੰਹ ਇਸ ਸਮਾਜ ਦੇ।
ਜੇਕਰ ਇਸ ਵਿਚ ਸਰਕਾਰ ਕੁੱਝ ਕਰਨ ਤੋਂ ਅਸਮਰੱਥ ਹੈ ਤਾਂ ਲੋਕੋ ਤੁਸੀ ਤਾਂ ਕੁੱਝ ਕਰ ਸਕਦੇ ਹੋ ਜੇਕਰ ਸਾਰੇ ਲੋਕ ਪ੍ਰਣ ਕਰਨ ਕਿ ਅਸੀ ਮੂੰਹੋਂ ਮੰਗਿਆ ਦਾਜ ਸਹੁਰਿਆਂ ਨੂੰ ਨਹੀ ਦੇਣਾ ਤਾਂ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਉਹ 'ਆਪਣੇ ਸਮਾਨ ਨਾਲ' ਕੁੜੀਆਂ ਨੂੰ ਵਿਆਹ ਕੇ ਲਿਆਉਣ ਲਈ ਮਜਬੂਰ ਹੋ ਜਾਣਗੇ। ਮੇਰੀ ਤਾਂ ਇਹ ਸੋਚ ਹੈ ਕਿ ਜੇਕਰ ਕੋਈ ਇੱਕ ਇਸ ਰਾਹ 'ਤੇ ਚੱਲੇ ਤਾਂ ਕਾਫਲੇ ਖੁਦ ਹੀ ਬਣ ਜਾਣਗੇ। ਕਿਉਕਿ ਦੁਨੀਆਂ ਵਿਚ ਰੀਸੋ-ਰੀਸ ਹੀ ਅੱਜ ਤੱਕ ਹੁੰਦੀ ਆਈ ਹੈ। ਮੁੰਡਿਆਂ ਵਾਲਿਉ ਜੇਕਰ ਤੁਸੀ ਆਪਣੇ ਘਰ ਨੂੰ ਭਰਨਾ ਹੀ ਚਾਹੁੰਦੇ ਹੋ ਤਾਂ ਆਪਣੀ ਕਮਾਈ ਨਾਲ ਭਰੋ ਜਿਆਦਾ ਖੁਸੀ ਹੋਵੇਗੀ। ਪਰਿਵਾਰ ਵਿਚ ਆਏ ਮੈਂਬਰ ਦਾ ਸੁਆਗਤ ਕਰੋ ਨਾਂ ਕਿ ਉਸ ਦੇ ਨਾਲ ਆਉਣ ਵਾਲੇ ਸਮਾਨ ਦਾ। ਇਸ ਤਰ੍ਹਾਂ ਦੇ ਜੀਵਨ 'ਚੋਂ ਜੋ ਸਕੂਨ ਮਿਲੇਗਾ ਓਹੀ ਤੁਹਾਡੇ ਲਈ ਸਭ ਤੋਂ ਵੱਡਾ ਦਾਜ਼ ਹੋਵੇਗਾ...।

No comments:

Post a Comment