ਬਾਦਲ ਸਾਹਿਬ ਸਮਝ ਲੈਣ ਕਿ ਜੇ ਚੰਦ ਚੜ੍ਹੇ ਗੁੱਝੇ ਨਹੀਂ ਰਹਿੰਦੇ ਤਾਂ ਚੰਦ ਚਾੜ੍ਹੇ ਵੀ ਗੁੱਝੇ ਨਹੀਂ ਰਹਿੰਦੇ ਹੁੰਦੇ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਦੇ ਦੌਰ ਵਿੱਚ ਸਭ ਤੋਂ ਵੱਧ ਹੰਢੇ-ਵਰਤੇ ਰਾਜਸੀ ਆਗੂਆਂ ਵਿੱਚ ਗਿਣਿਆ ਜਾਂਦਾ ਹੈ। ਉਹ ਆਜ਼ਾਦੀ ਮਿਲਣ ਤੋਂ ਦਸ ਸਾਲ ਬਾਅਦ ਹੀ ਵਿਧਾਨ ਸਭਾ ਦੇ ਮੈਂਬਰ ਬਣ ਗਏ ਸਨ ਤੇ ਉਸ ਤੋਂ ਬਾਅਦ ਦੇ ਚਰਵੰਜਾ ਸਾਲਾਂ ਵਿੱਚ ਦੋ ਵਾਰੀਆਂ ਨੂੰ ਛੱਡ ਕੇ, ਜਿਨ੍ਹਾਂ ਵਿੱਚ ਇੱਕ ਵਾਰੀ ਉਹ ਹਾਰ ਗਏ ਤੇ ਇੱਕ ਵਾਰੀ ਚੋਣ ਦਾ ਬਾਈਕਾਟ ਕਰ ਬੈਠੇ ਸਨ, ਲਗਾਤਾਰ ਚੋਣਾਂ ਜਿੱਤਦੇ ਰਹੇ ਹਨ। ਇੱਕ ਵਾਰ ਤਾਂ ਉਹ ਦੋ ਹਲਕਿਆਂ, ਲੰਬੀ ਅਤੇ ਕਿਲ੍ਹਾ ਰਾਏਪੁਰ, ਤੋਂ ਇੱਕੋ ਵਕਤ ਵੀ ਚੁਣੇ ਗਏ ਸਨ, ਉਂਜ ਦੋ ਥਾਂਵਾਂ ਤੋਂ ਚੋਣ ਲੜਨ ਪਿੱਛੇ ਉਨ੍ਹਾਂ ਦੇ ਮਨ ਦਾ ਇਹ ਡਰ ਸੀ ਕਿ ਲੰਬੀ ਹਲਕੇ ਵਿੱਚ ਕਿਧਰੇ ਹਾਰ ਨਾ ਹੋ ਜਾਂਦੀ ਹੋਵੇ। ਕਿਹਾ ਜਾਂਦਾ ਹੈ ਕਿ ਇਹੋ ਖਤਰਾ ਹੁਣ ਵੀ ਭਾਸ ਰਿਹਾ ਹੈ ਤੇ ਲੰਬੀ ਦੇ ਨਾਲ-ਨਾਲ ਦੂਜੇ ਹਲਕੇ ਵਜੋਂ ਚਮਕੌਰ ਸਾਹਿਬ ਨੂੰ ਤਿਆਰ ਕਰਨ ਲਈ ਓਥੇ ਮੁੜ-ਮੁੜ 'ਸੰਗਤ ਦਰਸ਼ਨ' ਏਸੇ ਲਈ ਕੀਤੇ ਜਾ ਰਹੇ ਹਨ। ਪਾਰਲੀਮੈਂਟ ਦੇ ਮੈਂਬਰ ਵੀ ਉਹ ਇੱਕ ਵਾਰ ਚੁਣੇ ਗਏ ਅਤੇ ਤਿੰਨ ਕੁ ਮਹੀਨੇ ਮੁਰਾਰਜੀ ਡਿਸਾਈ ਸਰਕਾਰ ਵਿੱਚ ਵਜ਼ੀਰ ਵੀ ਰਹੇ ਸਨ। ਇਸ ਪੱਧਰ ਦੇ ਨੇਤਾ ਦਾ ਗੱਲ ਕਰਨ ਦਾ ਵੀ ਪੱਧਰ ਹੁੰਦਾ ਹੈ, ਪਰ ਬਾਦਲ ਸਾਹਿਬ ਬਿਆਨਬਾਜ਼ੀ ਕਰਨ ਸਮੇਂ ਇਸ ਪੱਧਰ ਦਾ ਚੇਤਾ ਨਹੀਂ ਰੱਖਦੇ ਜਾਪਦੇ। ਕਈ ਵਾਰ ਉਹ ਬਹੁਤ ਹਲਕੀ ਗੱਲ ਕਰ ਜਾਂਦੇ ਹਨ, ਜਿਵੇਂ ਇੱਕ ਵਾਰੀ ਲੋਕਾਂ ਤੋਂ ਤਾੜੀਆਂ ਮਰਵਾਉਣ ਖਾਤਰ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ 'ਗਾਂ ਵਾਂਗ ਭੂਤਰੀ ਫਿਰਦੀ' ਆਖ ਦਿੱਤਾ ਸੀ। ਹੁਣ ਇੱਕੋ ਮਹੀਨੇ ਅੰਦਰ ਦੋ ਵਾਰ ਆਪਣੇ ਭਤੀਜੇ ਬਾਰੇ ਇਸੇ ਤਰ੍ਹਾਂ ਦੀ ਗੈਰ-ਮਿਆਰੀ ਗੱਲ ਆਖ ਕੇ ਵੀ ਉਨ੍ਹਾ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਭਤੀਜਾ, ਜਿਸ ਨੂੰ ਉਹ ਕਦੇ 'ਪੁੱਤਰ ਨਾਲੋਂ ਵੀ ਪਿਆਰਾ' ਆਖਦੇ ਹੁੰਦੇ ਸਨ, ਉਨ੍ਹਾ ਦੀ ਪਾਰਟੀ ਛੱਡ ਕੇ ਨਹੀਂ ਗਿਆ, ਉਸ ਨੂੰ ਕੱਢਿਆ ਗਿਆ ਹੈ। ਵੱਖਰੀ ਪਾਰਟੀ ਉਸ ਨੇ ਹਾਲੇ ਬੰਨ੍ਹੀ ਨਹੀਂ, ਫਿਰ ਵੀ ਉਸ ਦੀ ਮੁਹਿੰਮ ਦਾ ਅਸਰ ਪੰਜਾਬ ਦੀ ਰਾਜਨੀਤੀ ਵਿੱਚ ਸਾਫ ਵੇਖਿਆ ਜਾ ਰਿਹਾ ਹੈ। ਅਸੀਂ ਉਸ ਦੇ ਹਮਾਇਤੀ ਵੀ ਨਹੀਂ ਤੇ ਉਸ ਨਾਲ ਵਿਰੋਧ ਦਾ ਚਲਿੱਤਰ ਵੀ ਨਹੀਂ ਕਰਾਂਗੇ, ਪਰ ਇਹ ਮੰਨਣ ਵਿੱਚ ਹਰਜ਼ ਨਹੀਂ ਕਿ ਇਸ ਵੇਲੇ ਦੇ ਰਾਜਸੀ ਖਾਤੇ ਵਿੱਚ ਗਿਣੀ ਜਾਣ ਜੋਗੀ ਇੱਕ ਮੱਦ ਉਹ ਬਣ ਚੁੱਕਾ ਹੈ। ਇਹ ਅਜੇ ਪਤਾ ਨਹੀਂ ਲੱਗਦਾ ਕਿ ਚੋਣਾਂ ਵੇਲੇ ਉਹ ਅਕਾਲੀ ਦਲ ਨੂੰ ਵੱਧ ਢਾਹ ਲਾਵੇਗਾ ਕਿ ਕਾਂਗਰਸ ਪਾਰਟੀ ਨੂੰ, ਤੇ ਏਸੇ ਲਈ ਕਾਂਗਰਸੀ ਆਗੂ ਵੀ ਹੁਣੇ ਤੋਂ ਉਸ ਨੂੰ ਨਿਸ਼ਾਨੇ ਉੱਤੇ ਰੱਖ ਕੇ ਚਾਂਦਮਾਰੀ ਕਰਨ ਲੱਗ ਪਏ ਹਨ। ਆਮ ਤੌਰ'ਤੇ ਚੋਣਾਂ ਵਿੱਚ ਰਾਜ ਕਰਦੀ ਧਿਰ ਨਾਲ ਨਾਰਾਜ਼ ਹੋਏ ਵੋਟਰਾਂ ਦੀ ਚਾਰ ਫੀਸਦੀ ਵੀ ਟੁੱਟ ਕੇ ਜੇ ਵਿਰੋਧੀ ਖੇਮੇ ਵੱਲ ਚਲੀ ਜਾਵੇ ਤਾਂ ਏਧਰੋਂ ਚਾਰ ਘਟ ਕੇ ਓਧਰ ਚਾਰ ਵਧਣ ਨਾਲ ਅਸਲ ਵਿੱਚ ਅੱਠ ਫੀਸਦੀ ਦਾ ਨੁਕਸਾਨ ਹੁੰਦਾ ਹੈ। ਕਾਂਗਰਸ ਨੂੰ ਇਸ ਵਕਤ ਇਹ ਫਿਕਰ ਹੈ ਕਿ ਜਿਹੜੀ ਚਾਰ-ਪੰਜ ਫੀਸਦੀ ਵੋਟ ਰਾਜ ਕਰਦੇ ਗੱਠਜੋੜ ਨਾਲ ਨਾਰਾਜ਼ ਹੋ ਕੇ ਟੁੱਟਣੀ ਸੀ, ਜੇ ਉਹ ਇਸ ਵਾਰ ਉਸ ਦੇ ਖਾਤੇ ਨਾ ਪੈ ਕੇ ਕਿਸੇ 'ਤੀਜੀ ਧਿਰ' ਦੇ ਛਾਬੇ ਵਿੱਚ ਪੈ ਗਈ ਤਾਂ ਉਸ ਦੀਆਂ ਸੀਟਾਂ ਅਕਾਲੀ-ਭਾਜਪਾ ਗੱਠਜੋੜ ਤੋਂ ਭਾਵੇਂ ਵੱਧ ਵੀ ਹੋ ਜਾਣ, ਰਾਜ ਪ੍ਰਾਪਤੀ ਲਈ ਜਿੱਤ ਦੀ ਉਨਾਹਠ ਸੀਟਾਂ ਵਾਲੀ ਹੱਦ ਟੱਪਣੀ ਔਖੀ ਹੋ ਸਕਦੀ ਹੈ।
ਜਦੋਂ ਜ਼ਮੀਨੀ ਹਾਲਾਤ ਇਹ ਹਨ, ਓਦੋਂ ਚੌਥੀ ਵਾਰੀ ਮੁੱਖ ਮੰਤਰੀ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਹਾਸੋਹੀਣੀ ਟਿਪਣੀ ਕਰ ਦਿੱਤੀ ਹੈ ਕਿ ਟੱਕਰ ਤਾਂ ਚੋਣ ਵੇਲੇ ਅਕਾਲੀ-ਭਾਜਪਾ ਗੱਠਜੋੜ ਜਾਂ ਕਾਂਗਰਸ ਵਾਲੀਆਂ ਦੋ ਧਿਰਾਂ ਵਿਚਾਲੇ ਰਹਿਣੀ ਹੈ ਤੇ ਮਨਪ੍ਰੀਤ ਬਾਦਲ ਨੂੰ ਕਿਸੇ ਨੇ ਗੌਲਣਾ ਨਹੀਂ। ਨਾਲ ਉਨ੍ਹਾ ਇਹ ਵੀ ਕਹਿ ਦਿੱਤਾ ਹੈ ਕਿ ਮਨਪ੍ਰੀਤ ਬਾਦਲ ਆਪਣੀ ਪਾਰਟੀ ਛੱਡ ਕੇ ਗਿਆ ਹੈ, ਜਿਹੜਾ ਬੰਦਾ ਪਾਰਟੀ ਛੱਡ ਕੇ ਜਾਵੇ, ਲੋਕ ਉਸ ਨੂੰ ਮੂੰਹ ਨਹੀਂ ਲਾਉਂਦੇ ਹੁੰਦੇ। ਐਨ ਇਹੋ ਗੱਲਾਂ ਕਿਸੇ ਸਮੇਂ ਆਪਣੇ ਨਾਲੋਂ ਟੁੱਟ ਕੇ ਗਏ ਵੀ ਪੀ ਸਿੰਘ ਬਾਰੇ ਰਾਜੀਵ ਗਾਂਧੀ ਨੇ ਵੀ ਕਹੀਆਂ ਸਨ, ਪਰ ਸਵਾ ਸਾਲ ਪਿੱਛੋਂ ਵੀ ਪੀ ਸਿੰਘ ਨੇ ਰਾਜੀਵ ਗਾਂਧੀ ਵਾਲੀ ਕੁਰਸੀ ਮੱਲੀ ਹੋਈ ਸੀ ਤੇ ਰਾਜੀਵ ਗਾਂਧੀ ਨੂੰ ਮੁੜ ਕੇ ਉਸ ਕੁਰਸੀ ਉੱਤੇ ਬਹਿਣ ਦਾ ਮੌਕਾ ਹੀ ਕੁਦਰਤ ਨੇ ਨਹੀਂ ਸੀ ਦਿੱਤਾ। ਬਾਬੇ ਕਹਿੰਦੇ ਹੁੰਦੇ ਸੀ ਕਿ 'ਕੱਲ੍ਹ ਨਾਮ ਕਾਲ਼ ਦਾ' ਹੁੰਦਾ ਹੈ, ਕੱਲ੍ਹ ਕਿਸੇ ਨੂੰ ਡੋਬ ਵੀ ਸਕਦਾ ਹੈ ਤੇ ਕਿਸੇ ਦਾ ਪਾਰ-ਉਤਾਰਾ ਵੀ ਕਰ ਸਕਦਾ ਹੈ। ਕਿਸੇ ਵਕਤ ਧੜੱਲੇਦਾਰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਚੜ੍ਹੀ ਹੋਈ ਗੁੱਡੀ ਉਸ ਦੇ ਇੱਕ ਫਰਜ਼ੰਦ ਦੇ ਕਾਰਿਆਂ ਨੇ ਕੱਟਵਾ ਦਿੱਤੀ ਸੀ ਤੇ ਫਿਰ ਇੱਕ ਹੋਰ ਧੜੱਲੇਦਾਰ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਾਰੀ ਖੱਟੀ ਹੋਈ ਭੱਲ ਨੂੰ ਉਸ ਦੇ ਪੋਤਰੇ ਦੀ ਇੱਕੋ ਰੰਗੀਨ ਸ਼ਾਮ ਨੇ ਧੁਆਂਖ ਕੇ ਰੱਖ ਦਿੱਤਾ ਸੀ। ਬਾਦਲ ਸਾਹਿਬ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਰਾਜ-ਮਹਿਲ ਅੰਦਰ ਕਿੱਦਾਂ ਦੇ 'ਦਰਬਾਰੀ' ਫਿਰਦੇ ਹਨ ਤੇ ਉਹ ਪਤਾ ਨਹੀਂ ਕਦੋਂ ਕੀ ਚੰਦ ਚਾੜ੍ਹ ਦੇਣਗੇ।
ਰਹੀ ਗੱਲ ਮਨਪ੍ਰੀਤ ਬਾਦਲ ਦੀ, ਜਦੋਂ ਉਸ ਨੇ ਆਪਣੇ ਸਿਆਸੀ 'ਪਿੰਡ' ਦੀ ਹਾਲੇ ਮੋੜ੍ਹੀ ਵੀ ਨਹੀਂ ਗੱਡੀ, ਉਸ ਦੇ ਭਵਿੱਖ ਬਾਰੇ ਹੁਣੇ ਕਿਆਫੇ ਲਾਉਣੇ ਵੇਲੇ ਤੋਂ ਪਹਿਲਾਂ ਦੀ ਗੱਲ ਹੈ। ਉਸ ਦੇ ਨਾਲ ਸੰਤ ਅਜੀਤ ਸਿੰਘ ਗਿਆ ਸੀ, ਜਿਹੜਾ ਖਾਲਸੇ ਦੇ ਜਨਮ ਅਸਥਾਨ ਤੋਂ ਸਹੁੰ ਚੁੱਕ ਕੇ ਤੁਰਨ ਦਾ ਦਾਅਵਾ ਕਰਦਾ ਸੀ, ਪਰ ਪਰਿਵਾਰ ਵਿਛੋੜਾ ਸਾਹਿਬ ਪਹੁੰਚ ਕੇ ਮਨਪ੍ਰੀਤ ਨਾਲੋਂ ਵਿਛੋੜੇ ਦਾ ਐਲਾਨ ਏਨੀ ਗੱਲ ਪਿੱਛੇ ਕਰ ਗਿਆ ਕਿ ਬਾਦਲ ਸਾਹਿਬ ਨੇ ਡੀ ਸੀ ਅਤੇ ਐਸ ਐਸ ਪੀ ਨੂੰ ਸੰਤ ਦਾ ਹੁਣ ਖਾਸ ਖਿਆਲ ਰੱਖਣ ਨੂੰ ਕਹਿ ਦਿੱਤਾ ਹੈ। ਇੱਕ ਹੋਰ ਆਜ਼ਾਦ ਵਿਧਾਇਕ ਵੀ ਮਨਪ੍ਰੀਤ ਬਾਦਲ ਦੇ ਨਾਲ ਗਿਆ ਸੀ, ਪਰ ਦਿਨ ਦਸ ਨਾ ਲੰਘੇ ਤੇ ਉਹ ਆਪਣੀ ਆਜ਼ਾਦੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਕਿੱਲੇ ਨਾਲ ਜਾ ਬੱਝਾ ਸੀ। ਏਦਾਂ ਦੇ ਕੁਝ ਸੱਜਣ ਹੋਰ ਵੀ ਹਨ, ਜਿਹੜੇ ਕਈ ਪੱਤਣਾਂ ਦੇ ਤਾਰੂ ਰਹਿ ਚੁੱਕੇ ਹਨ ਤੇ ਜਦੋਂ ਮਨਪ੍ਰੀਤ ਬਾਦਲ ਦਾ ਸਾਥ ਛੱਡਣਾ ਹੋਇਆ, ਅਗਲਾ ਅੱਡਾ ਆਉਂਦਾ ਵੀ ਨਹੀਂ ਉਡੀਕਣ ਲੱਗੇ। ਏਦਾਂ ਦੇ ਪੱਖਾਂ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਰਹਿੰਦਿਆਂ ਇਹ ਕਹਿਣਾ ਅੱਜ ਦੀ ਘੜੀ ਮੁਸ਼ਕਲ ਹੈ ਕਿ ਮਨਪ੍ਰੀਤ ਦਾ ਕੱਲ੍ਹ ਨੂੰ ਕੀ ਬਣੇਗਾ।
ਜਿਹੜੀ ਗੱਲ ਮੁੱਖ ਮੰਤਰੀ ਬਾਦਲ ਸਾਹਿਬ ਦੇ ਸੋਚਣ ਵਾਲੀ ਹੈ, ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਦੇ ਸੋਚਣ ਵਾਲੀ ਬਿਲਕੁਲ ਨਹੀਂ, ਉਹ ਇਹ ਕਿ ਮਨਪ੍ਰੀਤ ਬਾਦਲ ਦੀ ਮੁਹਿੰਮ ਆਪਣਾ ਅਸਰ ਵਿਖਾ ਰਹੀ ਹੈ। ਅੱਜ ਦੇ ਦਿਨ ਵੇਖੀਏ ਤਾਂ ਉਸ ਦਾ ਪ੍ਰਭਾਵ ਕਿਸੇ ਨਾਲਾਇਕ ਬੰਦੇ ਵੱਲੋਂ ਖਾਦ ਦਾ ਛੱਟਾ ਦੇਣ ਨਾਲ ਕਿਸੇ ਥਾਂ ਕਾਲੀ ਹੋਈ ਤੇ ਕਿਤੇ ਪੀਲੀ ਰਹਿ ਗਈ ਫਸਲ ਵਰਗਾ ਬਣਦਾ ਹੈ। ਜੇ ਕਿਸੇ ਥਾਂ ਮਨਪ੍ਰੀਤ ਬਾਦਲ ਦੇ ਨਾਲ ਆਪ-ਮੁਹਾਰਾ ਮੁਹਾਣ ਨਜ਼ਰ ਆਉਂਦਾ ਹੈ ਤਾਂ ਬਹੁਤ ਸਾਰੇ ਹਲਕੇ ਹੋਰ ਹਨ, ਜਿੱਥੇ ਉਸ ਦਾ ਹਾਲੇ ਤੱਕ ਝੰਡਾ ਵੀ ਕਿਸੇ ਨੇ ਨਹੀਂ ਲਾਇਆ, ਪਰ ਮਾਲਵੇ ਦੀ ਜਿਸ ਪੱਟੀ ਨੂੰ ਅੱਗੇ 'ਬਾਦਲ ਪਰਿਵਾਰ ਦਾ ਖੇਤਰ' ਗਿਣਿਆ ਜਾਂਦਾ ਸੀ, ਓਥੇ ਉਹ ਪਰਵਾਰ ਦਾ 'ਆਧੀ' ਬਣ ਰਿਹਾ ਜਾਪਦਾ ਹੈ। ਮਾਘੀ ਦੇ ਮੇਲੇ ਮੌਕੇ ਉਸ ਦੀ ਕਾਨਫਰੰਸ ਵਿੱਚ ਸਰਕਾਰੀ ਰੋਕਾਂ ਦੇ ਬਾਵਜੂਦ ਉਸ ਨੂੰ ਸੁਣਨ ਵਾਲਿਆਂ ਦੀ ਹਾਜ਼ਰੀ ਜਿੰਨੀ ਹੋ ਗਈ, ਉਸ ਤੋਂ ਸਾਰੇ ਹੈਰਾਨ ਸਨ। ਇੱਕ ਪਾਸੇ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਪਾਰਟੀ ਤਿੰਨ ਤਾਕਤਾਂ ਦਾ ਜ਼ੋਰ ਲੱਗਾ ਪਿਆ ਸੀ ਤੇ ਦੂਜੇ ਪਾਸੇ 'ਸਵਾ ਲੱਖ ਫੌਜ' ਉਨ੍ਹਾਂ ਦੇ ਬਰਾਬਰ ਜੇ ਨਾ ਮੰਨੀ ਜਾਵੇ ਤਾਂ ਨੇੜੇ-ਤੇੜੇ ਹੋਣ ਦਾ ਪ੍ਰਭਾਵ ਜ਼ਰੂਰ ਹਰ ਕਿਸੇ ਉੱਤੇ ਪੈਂਦਾ ਸੀ।
ਹੰਢੇ ਹੋਏ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਤੋਂ ਸੋਚਣ ਦੀ ਲੋੜ ਹੈ ਕਿ 'ਕੱਲ੍ਹ ਦੇ ਜੰਮੇ ਜਵਾਕ' (ਕੁਝ ਅਕਾਲੀ ਲੀਡਰ ਉਸ ਬਾਰੇ ਇਹੋ ਸ਼ਬਦ ਵਰਤਦੇ ਹਨ) ਪਿੱਛੇ ਏਨੇ ਲੋਕ ਕਿਉਂ ਆ ਗਏ? ਜਿਹੜੇ ਲੋਕ ਆਏ ਜਾਂ ਆ ਰਹੇ ਹਨ, ਉਨ੍ਹਾਂ ਵਿੱਚੋਂ ਕਈ ਉਸ ਦੇ ਕਿਰਦਾਰ ਦੇ ਪ੍ਰਸੰਸਕ ਹੋਣਗੇ, ਪਰ ਕਈ ਉਹ ਵੀ ਹਨ, ਜਿਹੜੇ ਬਾਦਲ ਅਕਾਲੀ ਦਲ ਦੇ ਅੰਦਰ ਨਵੀਂ ਪੀੜ੍ਹੀ ਦੇ ਵਿਹਾਰ ਤੋਂ ਤੰਗ ਆਏ ਪਏ ਸਨ। ਇਹ ਗੱਲ ਬਾਦਲ ਸਾਹਿਬ ਨੂੰ ਵੀ ਪਤਾ ਹੋਊਗੀ ਕਿ ਸੰਗਰੂਰ ਦੀ ਪਾਰਲੀਮੈਂਟ ਸੀਟ ਕਾਂਗਰਸ ਨੇ ਨਹੀਂ ਸੀ ਜਿੱਤੀ, ਅਕਾਲੀ ਦਲ ਨੇ ਹਾਰੀ ਸੀ। ਕਿਉਂ ਅਤੇ ਕਿੱਦਾਂ ਹਾਰੀ ਸੀ, ਜੇ ਇਹ ਗੱਲ ਸੰਗਰੂਰ ਦੇ ਬੱਚੇ-ਬੱਚੇ ਦੀ ਜ਼ਬਾਨ ਉੱਤੇ ਹੈ ਤਾਂ ਅਕਾਲੀ ਸਫਾਂ ਅੰਦਰ ਚਾਲੀ-ਚਾਲੀ ਸਾਲ ਲਾ ਚੁੱਕੇ ਜਥੇਦਾਰਾਂ ਨੂੰ ਵੀ ਪਤਾ ਹੋਊਗੀ। ਜਿਹੜੇ ਜਥੇਦਾਰ ਇਹ ਗੱਲ ਜਾਣਦੇ ਹੋਏ ਵੀ ਚੁੱਪ ਹਨ, ਪਾਰਟੀ ਦੀ ਵਫਾਦਾਰੀ ਕਰ ਕੇ ਚੁੱਪ ਨਹੀਂ ਬੈਠੇ ਹੋਏ, ਉਹ ਮੌਕੇ ਦੀ ਉਡੀਕ ਕਰਦੇ ਹੋ ਸਕਦੇ ਹਨ ਅਤੇ ਇਹ ਮੌਕਾ ਉਨ੍ਹਾਂ ਨੂੰ ਪਾਰਟੀ ਅੰਦਰਲਾ ਕੁਰਸੀਆਂ ਲਈ ਕਾਹਲਾ ਟੋਲਾ ਖੁਦ ਦੇਈ ਜਾ ਰਿਹਾ ਹੈ। ਸਾਲ ਤਾਂ ਹੁਣ ਸਿਰਫ ਇੱਕ ਰਹਿ ਗਿਆ ਹੈ, ਜੇ ਅਜੇ ਵੀ ਬਾਦਲ ਸਾਹਿਬ ਮੁੱਛਾਂ ਨੂੰ ਤਾਅ ਦੇਣ ਵਾਲੇ ਇਸ ਟੋਲੇ ਨੂੰ ਨਹੀਂ ਸੰਭਾਲਦੇ ਤਾਂ ਇਹ ਟੋਲਾ ਪਾਰਟੀ ਨੂੰ ਸੌਖੀ ਸੰਭਾਲਣ ਜੋਗੀ ਬਣਾ ਦੇਵੇਗਾ।
ਪਿਛਲੇ ਦਿਨੀਂ ਸਾਬਕਾ ਪਾਰਲੀਮੈਂਟ ਮੈਂਬਰ ਵਰਿੰਦਰ ਸਿੰਘ ਬਾਜਵਾ ਪਾਰਟੀ ਛੱਡ ਕੇ ਮਨਪ੍ਰੀਤ ਬਾਦਲ ਦੇ ਨਾਲ ਜਾ ਰਲਿਆ। ਹਾਲੇ ਦੋ ਦਿਨ ਪਹਿਲਾਂ ਤੱਕ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਬੈਠਾ ਦਿੱਸਦਾ ਸੀ। ਦੋ ਦਿਨਾਂ ਵਿੱਚ ਕੀ ਹੋ ਗਿਆ ਕਿ ਉਸ ਨੂੰ ਪਾਰਟੀ ਛੱਡਣੀ ਪੈ ਗਈ? ਚਰਚਾ ਹੈ ਕਿ ਜਿੱਦਾਂ ਦਾ ਵਿਹਾਰ ਧਾਰਨ ਕੀਤਾ ਜਾ ਰਿਹਾ ਸੀ, ਉਸ ਨੂੰ ਸਾਊ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਉਸ ਦੇ ਪਿੱਛੋਂ ਹੁਸ਼ਿਆਰਪੁਰ ਜ਼ਿਲੇ ਵਿੱਚ ਭੜਥੂ ਪਿਆ ਹੋਇਆ ਹੈ ਕਿ ਫਲਾਣਾ ਵੀ ਜਾਣ ਵਾਲਾ ਹੈ ਤੇ ਫਲਾਣਾ ਵੀ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਕਿ ਖੋਰਾ ਉਸ ਜ਼ਿਲੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਲੱਗਣ ਵਾਲਾ ਸੁਣੀਂਦਾ ਹੈ। ਕੱਲ੍ਹ ਤੱਕ ਭਾਜਪਾ ਦੇ ਆਗੂ ਇਸ ਗੱਲੋਂ ਖੁਸ਼ ਸਨ ਕਿ ਜੇ ਚਾਰ ਅਕਾਲੀ ਹੋਰ ਛੱਡ ਜਾਣ ਅਤੇ ਬਾਦਲ ਅਕਾਲੀ ਦਲ ਕੁਝ ਕਮਜ਼ੋਰ ਹੋ ਜਾਵੇ ਤਾਂ ਪਿਛਲੀਆਂ ਤੇਈ ਸੀਟਾਂ ਦੀ ਥਾਂ ਇਸ ਵਾਰੀ ਤੇਤੀ ਮੰਗਾਂਗੇ, ਪਰ ਹੁਣ ਆਪਣਾ ਕੁੱਲਾ ਝੁਲਸਦਾ ਵੇਖ ਕੇ ਸੋਚੀਂ ਪਏ ਫਿਰਦੇ ਹਨ। ਸਮੱਸਿਆ ਉਨ੍ਹਾਂ ਦੀ ਵੀ ਇਹੋ ਹੈ ਕਿ ਪਾਰਟੀ ਵਰਕਰਾਂ ਦੇ ਕੰਮ ਵੀ ਪਾਰਟੀ ਦੇ ਮੰਤਰੀ ਆਪਣੇ ਦਲਾਲਾਂ ਰਾਹੀ ਸ਼ਗਨ ਪੁਆਏ ਬਿਨਾਂ ਨਹੀਂ ਕਰਦੇ। ਫਿਰ ਪਾਰਟੀ ਕਿਵੇਂ ਬਚੇਗੀ ਤੇ ਗੱਠਜੋੜ ਕਿਵੇਂ ਬਚੇਗਾ?
ਓਧਰ ਮਾਲਵੇ ਵਿੱਚ ਹੁਣ ਉਹ ਲੋਕ ਵੀ ਪਾਰਟੀ ਅੰਦਰ ਅਪਮਾਨ ਦਾ ਰੋਣਾ ਰੋਣ ਲੱਗ ਪਏ ਹਨ, ਜਿਨ੍ਹਾਂ ਦਾ ਵੱਡੇ ਬਾਦਲ ਨਾਲ ਮੁੱਛ ਫੁੱਟਣ ਦੇ ਦਿਨਾਂ ਤੋਂ ਨੇੜ ਸੀ। ਕੌਣ ਨਹੀਂ ਜਾਣਦਾ ਕਿ ਗੁਰਦੇਵ ਸਿੰਘ ਬਾਦਲ ਮੁੱਢ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪ੍ਰਛਾਵੇਂ ਵਾਂਗ ਰਿਹਾ ਸੀ ਤੇ ਜਦੋਂ ਮਨਪ੍ਰੀਤ ਬਾਦਲ ਦੇ ਸਵਾਲ ਉੱਤੇ ਅਕਾਲੀ ਦਲ ਦੀ ਡਿਸਿਪਲਿਨ ਕਮੇਟੀ ਨੇ ਸਖਤ ਫੈਸਲਾ ਲੈਣਾ ਸੀ, ਸਭ ਤੋਂ ਪਹਿਲਾ ਕੌੜਾ ਬਿਆਨ ਉਸ ਦੇ ਖਿਲਾਫ ਗੁਰਦੇਵ ਸਿੰਘ ਬਾਦਲ ਨੇ ਹੀ ਦਿੱਤਾ ਸੀ। ਗੁਰਦੇਵ ਸਿੰਘ ਬਾਦਲ ਦਾ ਇੱਕ ਪੁੱਤਰ ਸ਼੍ਰੋਮਣੀ ਕਮੇਟੀ ਦਾ ਕਈ ਸਾਲਾਂ ਤੋਂ ਜੂਨੀਅਰ ਮੀਤ ਪ੍ਰਧਾਨ ਹੈ, ਭਰੇ ਅਜਲਾਸ ਵਿੱਚ ਉਸ ਦੀ ਦਾੜ੍ਹੀ ਰੰਗੀ ਹੋਣ ਦਾ ਮੁੱਦਾ ਉੱਠਣ ਦੇ ਬਾਵਜੂਦ ਉਸ ਨੂੰ ਪਾਸੇ ਨਹੀਂ ਸੀ ਕੀਤਾ ਗਿਆ, ਤੇ ਦੂਜੇ ਪੁੱਤਰ ਦੇ ਛੱਤੀ ਐਬ ਭੁਲਾ ਕੇ ਉਸ ਦੀ ਕੇਸ ਵਿੱਚ ਮਦਦ ਕੀਤੀ ਅਤੇ ਨੌਕਰੀ ਵਿੱਚ ਗੈਰ ਹਾਜ਼ਰੀ ਨੂੰ ਮਾਫ ਕਰਨ ਦਾ ਰਾਹ ਵੀ ਕੱਢਿਆ ਗਿਆ ਸੀ। ਹੁਣ ਓਸੇ ਗੁਰਦੇਵ ਸਿੰਘ ਬਾਦਲ ਦਾ ਦਾਮਾਦ, ਧਰਮਕੋਟ ਹਲਕੇ ਦਾ ਵਿਧਾਇਕ ਅਤੇ ਪੰਜਾਬ ਦਾ ਚੀਫ ਪਾਰਲੀਮਾਨੀ ਸੈਕਟਰੀ ਸੀਤਲ ਸਿੰਘ ਕਹਿ ਰਿਹਾ ਹੈ ਕਿ ਜੇ ਧਰਮਕੋਟ ਹਲਕੇ ਵਿੱਚ 'ਬਾਹਰੀ ਬੰਦਾ' ਪਾਰਟੀ ਨੇ ਲਿਆਂਦਾ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਦਾ ਰਿਜ਼ਰਵ ਹਲਕਾ ਜਨਰਲ ਹੋ ਜਾਣ ਮਗਰੋਂ ਓਥੇ 'ਬਾਹਰੀ ਬੰਦਾ' ਲਿਆਉਣ ਦਾ ਦੋਸ਼ ਡਿਪਟੀ ਮੁੱਖ ਮੰਤਰੀ ਦੇ ਜੋੜੀਦਾਰਾਂ ਉੱਤੇ ਲੱਗ ਰਿਹਾ ਹੈ ਤੇ ਮੁੱਖ ਮੰਤਰੀ ਬਾਦਲ ਸਾਹਿਬ ਸਦਾ ਵਾਂਗ ਇਸ ਵਾਰੀ ਵੀ ਚੁੱਪ ਹਨ।
ਲੁਧਿਆਣੇ ਵਿੱਚ ਇੱਕ ਸਾਬਕਾ ਵਿਧਾਇਕ ਅਤੇ ਇੱਕ ਮੌਜੂਦਾ ਮੰਤਰੀ ਨਾਲ ਜਿਹੜਾ ਵਿਹਾਰ ਆਏ ਦਿਨ ਜਨਤਕ ਸਮਾਗਮਾਂ ਵਿੱਚ ਕੀਤਾ ਜਾ ਰਿਹਾ ਹੈ, ਉਸ ਦੀ ਚਰਚਾ ਪਿਛਲੇ ਛੇ ਮਹੀਨੇ ਤੋਂ ਅਖਬਾਰਾਂ ਵਿੱਚ ਹੋ ਰਹੀ ਹੈ, ਪਰ ਮੁੱਖ ਮੰਤਰੀ ਸਾਹਿਬ ਨੇ ਕਦੇ ਇਸ ਵਿੱਚ ਦਖਲ ਦੇਣ ਦੀ ਲੋੜ ਨਹੀਂ ਸਮਝੀ। ਕਾਰਨ ਇਹ ਕਿ ਇੰਜ ਕਰਨ ਵਾਲੇ ਲੋਕ ਨਵੀਂ ਪੀੜ੍ਹੀ ਦੇ ਉਹ ਝੰਡਾ-ਬਰਦਾਰ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਇੱਕ ਮੈਜਿਸਟਰੇਟ ਨੂੰ ਕਚਹਿਰੀ ਵਿੱਚੋਂ ਚੁੱਕ ਕੇ ਮਿੰਨੀ ਸੈਕਟਰੀਏਟ ਦੀ ਪਾਰਕਿੰਗ ਵਿੱਚ ਲਿਆ ਕੇ ਕੁੱਟਣ ਤੋਂ ਵੀ ਝਿਜਕ ਨਹੀਂ ਸੀ ਵਿਖਾਈ। ਇਸ ਮਾਮਲੇ ਵਿੱਚ ਬਾਦਲ ਸਾਹਿਬ ਦੀ ਚੁੱਪ ਦੇ ਦੋ ਅਰਥ ਰਾਜਸੀ ਹਲਕਿਆਂ ਵਿੱਚ ਲਾਏ ਜਾ ਰਹੇ ਹਨ। ਪਹਿਲਾ ਇਹ ਕਿ ਬਾਦਲ ਸਾਹਿਬ ਹੁਣ ਦਖਲ ਦੇਣ ਦੀ ਸਥਿਤੀ ਵਿੱਚ ਰਹਿ ਨਹੀਂ ਗਏ ਤੇ ਕਮਾਨ ਅਗਲੀ ਪੀੜ੍ਹੀ ਅਮਲੀ ਤੌਰ'ਤੇ ਸਾਂਭ ਚੁੱਕੀ ਹੈ, ਤੇ ਦੂਜਾ ਇਹ ਕਿ ਉਹ ਵੀ ਸਮਝਦੇ ਹਨ ਕਿ ਅੱਜ ਦੀ ਰਾਜਨੀਤੀ ਵਿੱਚ ਇੰਜ ਹੀ ਕਰਨ ਦੀ ਲੋੜ ਹੈ। ਚਾਰ ਸਾਲ ਪਹਿਲਾਂ ਜਦੋਂ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਤਾਂ ਕਾਂਗਰਸ ਪਾਰਟੀ ਮੈਦਾਨ ਖਾਲੀ ਕਰ ਗਈ ਸੀ। ਓਦੋਂ ਅਕਾਲੀਆਂ ਅੱਗੇ ਸਿਰਫ ਭਾਜਪਾ ਅੜੀ ਸੀ ਤੇ ਉਸ ਦੇ ਆਗੂਆਂ ਨੂੰ ਕੁਟਾਪਾ ਚਾੜ੍ਹ ਕੇ ਜਿਵੇਂ ਹੂੰਝਾ ਫੇਰਵੀਂ ਅਕਾਲੀ ਜਿੱਤ ਦਾ ਪ੍ਰਭਾਵ ਬਣਾਉਣ ਦਾ ਯਤਨ ਕੀਤਾ ਗਿਆ ਸੀ, ਉਹ ਕਿਸੇ ਨੂੰ ਭੁੱਲ ਨਹੀਂ ਗਿਆ। ਸ਼ਾਇਦ ਬਾਦਲ ਅਕਾਲੀ ਦਲ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਉਵੇਂ ਹੀ ਲੜਨ ਦਾ ਮਨ ਬਣਾ ਰਿਹਾ ਹੋਵੇਗਾ।
ਕਾਰਨ ਕੋਈ ਵੀ ਹੋਵੇ, ਮੁੱਖ ਮੰਤਰੀ ਬਾਦਲ ਸਾਹਿਬ ਨੂੰ ਇਸ ਖੁਸ਼ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਹਾਲੇ ਤੱਕ ਕਿਲ੍ਹਾ ਕਾਇਮ ਹੈ। ਜਿਹੜੀ ਜ਼ਮੀਨ ਖਿਸਕਦੀ ਲੋਕ ਮਹਿਸੂਸ ਕਰਦੇ ਹਨ, ਉਹ ਉਨ੍ਹਾਂ ਨੂੰ ਵੀ ਹੋਣੀ ਚਾਹੀਦੀ ਹੈ। ਮਨਪ੍ਰੀਤ ਦਾ ਕੱਲ੍ਹ ਨੂੰ ਕੀ ਬਣੇਗਾ, ਇਹ ਤਾਂ ਸਮਾਂ ਦੱਸੇਗਾ, ਪਰ ਬਾਦਲ ਅਕਾਲੀ ਦਲ ਜਿਹੜੇ ਰਾਹ ਪੈ ਗਿਆ ਹੈ, ਉਸ ਨੂੰ ਜਾਣਨ ਲਈ ਸਮੇਂ ਦੀ ਉਡੀਕ ਕਰਨ ਦੀ ਲੋੜ ਨਹੀਂ। ਪੰਜਾਬੀ ਦਾ ਮੁਹਾਵਰਾ ਹੈ ਕਿ 'ਚੰਦ ਚੜ੍ਹੇ ਤੇ ਲਾਲ ਜੰਮੇ ਕਦੇ ਗੁੱਝੇ ਨਹੀਂ ਰਹਿੰਦੇ ਹੁੰਦੇ', ਪਰ ਸਿਰਫ ਚੰਦ ਚੜ੍ਹੇ ਹੀ ਨਹੀਂ, ਚੰਦ ਚਾੜ੍ਹੇ ਹੋਏ ਵੀ ਗੁੱਝੇ ਨਹੀਂ ਰਹਿੰਦੇ ਹੁੰਦੇ। ਵੇਲੇ ਸਿਰ ਬੰਦਾ ਸਮਝ ਜਾਵੇ ਤਾਂ ਠੀਕ, ਵਰਨਾ ਵੇਲਾ ਬੰਦੇ ਨੂੰ ਸਮਝਾ ਦੇਂਦਾ ਹੈ।
No comments:
Post a Comment