ਮੇਰੀ ਧੀ ਦੀ ਲੋਹੜੀ

ਨਵੀ ਬਡਰੁੱਖਾਂ

ਐਵੇ ਕਾਹਤੋ ਜਾਵੀ ਮੁੱਖ ਮੋੜੀ ਵੇ,

ਗਾਉਦੀ ਆਵੇ ਨਾਨਕਾ ਜੋੜੀ ਵੇ,

ਤੇਰੀ ਧੀ ਦੀ ਮਨਾਉਣੀ ਲੋਹੜੀ ਵੇ,

ਵੇ ਚੰਨ ਮਾਹੀਆ...



ਧੀਆਂ ਬਾਜੋ ਕਾਹਦੀਆਂ ਮਾਵਾਂ ਵੇ,

ਸਾਰੀ ਉਮਰ ਦੇਣ ਦੁਆਵਾਂ ਵੇ,

ਮੈਂ ਕੁੱਟ ਕੁੱਟ ਚੂਰੀਆਂ ਖਵਾਵਾਂ ਵੇ,

ਅੱਜ ਧੀ ਆਪਣੀ ਚੜਾਉਣੀ ਘੋੜੀ ਵੇ,

ਤੇਰੀ ਧੀ ਦੀ ਮਨਾਉਣੀ ਲੋਹੜੀ ਵੇ,

ਵੇ ਚੰਨ ਮਾਹੀਆ...



ਵੇਖ ਬਾਬੁਲ ਵੱਲ ਮੁਸਕਾਏ ਵੇ,

ਵਾਅਦਾ ਕਰੇ ਨਾ ਦਿਲ ਦੁਖਾਏ ਵੇ,

ਧੀ ਜਖਮਾਂ ਤੇ ਮਲਮਾਂ ਲਾਏ ਵੇ,

ਆ ਘਰ ਘਰ ਵੰਡਿਆ ਰਿਉੜੀ ਵੇ,

ਤੇਰੀ ਧੀ ਦੀ ਮਨਾਉਣੀ ਲੋਹੜੀ ਵੇ,

ਵੇ ਚੰਨ ਮਾਹੀਆ...



ਲੱਗੇ ਵਾਗਣ ਜਿਵੇ ਇਹ ਪੁੱਤਾਂ ਦੇ,

ਬਾਲ ਗੁੰਦੂ ਮੇਰਿਆਂ ਗੁੱਤਾਂ ਦੇ,

ਨਾਲੇ ਗੀਤ ਵੀ ਗਾਉਣੇ ਰੁੱਤਾਂ ਦੇ,

ਧੀਆਂ ਨੂੰ ਮਾਰ ਵਾਲੇ ਕੋਹੜੀ ਵੇ,

ਤੇਰੀ ਧੀ ਦੀ ਮਨਾਉਣੀ ਲੋਹੜੀ ਵੇ,

ਵੇ ਚੰਨ ਮਾਹੀਆ...



ਸਾਡੇ ਖਾਅਬਾਂ ਦਾ ਕਰੀ ਖਿਆਲ ਵੇ,

ਲੈ ਫ਼ੜ ਗੱਲਾਂ ਕਰ ਧੀ ਦੇ ਨਾਲ ਵੇ,

ਨੱਠ ਜਾਣਿਆ ਕਲੇਜਿਓ ਸਿਆਲ ਵੇ,

'ਨਵੀ ਮੱਥਿਓ ਕੱਢਲਾ ਤਿਉੜੀ ਵੇ,

ਤੇਰੀ ਧੀ ਦੀ ਮਨਾਉਣੀ ਲੋਹੜੀ ਵੇ,

ਵੇ ਚੰਨ ਮਾਹੀਆ...

No comments:

Post a Comment